ਕੀ ਭਾਰਤ ਦੀਆਂ ਦਿੱਗਜ ਖੇਤਰੀ ਪਾਰਟੀਆਂ ਦਾ 'ਸੂਰਜ ਡੁੱਬ ਰਿਹਾ' ਹੈ? ਭਾਜਪਾ ਕਿਵੇਂ ਬਦਲ ਰਹੀ ਹੈ ਦੇਸ਼ ਦੀ ਸਿਆਸੀ ਤਸਵੀਰ

    • ਲੇਖਕ, ਜੁਗਲ ਪੁਰੋਹਿਤ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

4 ਮਈ ਦੇ ਚੋਣ ਨਤੀਜਿਆਂ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਭਾਜਪਾ ਵਿਰੋਧੀ ਖੇਤਰੀ ਪਾਰਟੀਆਂ, ਜਿਨ੍ਹਾਂ ਨੂੰ ਵਿਸ਼ਲੇਸ਼ਕ ਲੰਬੇ ਸਮੇਂ ਤੋਂ ਭਾਜਪਾ ਦੇ ਦਬਦਬੇ ਦਾ ਜਵਾਬ ਮੰਨਦੇ ਆ ਰਹੇ ਸਨ, ਹੁਣ ਹੋਰ ਸਮੇਂ ਲਈ ਚੁਣੌਤੀ ਬਣੀਆਂ ਰਹਿ ਸਕਦੀਆਂ ਹਨ?

ਜ਼ਰਾ ਇਸ ਪਹਿਲੂ 'ਤੇ ਗੌਰ ਕਰੋ, ਪੱਛਮੀ ਅਤੇ ਮੱਧ ਭਾਰਤ ਵਿੱਚ, ਰਾਂਚੀ ਦੀ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਨੂੰ ਛੱਡ ਕੇ, ਬਾਕੀ ਸਾਰੇ ਸੂਬਿਆਂ ਵਿੱਚ ਭਾਜਪਾ ਦਾ ਰਾਜ ਹੈ। ਉੱਤਰ-ਪੂਰਬੀ ਭਾਰਤ ਵਿੱਚ ਵੀ, ਮਿਜ਼ੋਰਮ ਨੂੰ ਛੱਡ ਕੇ, ਬਾਕੀ ਸਾਰੇ ਸੂਬੇ ਮਜ਼ਬੂਤੀ ਨਾਲ ਭਾਜਪਾ ਜਾਂ ਉਸ ਦੇ ਸਹਿਯੋਗੀਆਂ ਦੇ ਕਬਜ਼ੇ ਵਿੱਚ ਹਨ।

ਭਾਜਪਾ ਦੀ ਇਹ ਲਹਿਰ ਦੱਖਣੀ ਭਾਰਤ ਵਿੱਚ ਜਾ ਕੇ ਟੁੱਟਦੀ ਹੈ, ਜਿੱਥੇ ਭਾਜਪਾ ਦੀ ਅਗਵਾਈ ਵਾਲਾ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨਡੀਏ) ਸਿਰਫ਼ ਆਂਧਰਾ ਪ੍ਰਦੇਸ਼ ਵਿੱਚ ਰਾਜ ਕਰ ਰਿਹਾ ਹੈ। ਉੱਤਰੀ ਭਾਰਤ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਹੀ ਅਜਿਹੇ ਸੂਬੇ ਹਨ ਜੋ ਵਿਰੋਧੀ ਧਿਰ ਦੇ ਗੜ੍ਹ ਬਣੇ ਹੋਏ ਹਨ, ਜਦੋਂ ਕਿ ਬਾਕੀ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ।

ਮਮਤਾ ਬੈਨਰਜੀ ਅਤੇ ਐੱਮਕੇ ਸਟਾਲਿਨ ਤੋਂ ਇਲਾਵਾ, ਕਦੇ ਬੇਹੱਦ ਤਾਕਤਵਰ ਰਹੇ ਕਈ ਖੇਤਰੀ ਆਗੂ ਜਿਵੇਂ ਕਿ ਨਵੀਨ ਪਟਨਾਇਕ, ਅਰਵਿੰਦ ਕੇਜਰੀਵਾਲ, ਕੇ. ਚੰਦਰਸ਼ੇਖਰ ਰਾਓ (ਕੇਸੀਆਰ ), ਤੇਜਸਵੀ ਯਾਦਵ, ਉਧਵ ਠਾਕਰੇ, ਅਖਿਲੇਸ਼ ਯਾਦਵ ਅਤੇ ਮਾਇਆਵਤੀ ਅੱਜ ਇਕੱਠੇ ਵਿਰੋਧੀ ਬੈਂਚਾਂ 'ਤੇ ਬੈਠੇ ਨਜ਼ਰ ਆ ਰਹੇ ਹਨ।

ਖੇਤਰੀ ਪਾਰਟੀਆਂ ਨੇ ਖ਼ਾਸ ਕਰਕੇ 1989 ਤੋਂ ਸ਼ੁਰੂ ਹੋਏ ਗਠਜੋੜ ਦੇ ਦੌਰ ਵਿੱਚ ਭਾਰਤ ਦੀ ਕੌਮੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ ਅਤੇ ਦਿੱਲੀ ਦੀ ਸੱਤਾ ਦੀ ਚਾਬੀ ਅਕਸਰ ਇਨ੍ਹਾਂ ਦੇ ਹੱਥ ਹੁੰਦੀ ਸੀ। ਇੱਥੋਂ ਤੱਕ ਕਿ ਵਾਜਪਾਈ ਦੇ ਦੌਰ ਵਿੱਚ ਭਾਜਪਾ ਖ਼ੁਦ ਮਜ਼ਬੂਤ ਖੇਤਰੀ ਤਾਕਤਾਂ ਨਾਲ ਗਠਜੋੜ ਕਰਕੇ ਹੀ ਉੱਭਰੀ ਸੀ।

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਵੀ ਭਾਰਤੀ ਰਾਜਨੀਤੀ ਦੇ ਸਭ ਤੋਂ ਪੁਰਾਣੇ ਅਤੇ ਮਜ਼ਬੂਤ ਗਠਜੋੜਾਂ ਵਿੱਚੋਂ ਇੱਕ ਰਿਹਾ ਹੈ।

ਇਹ ਗਠਜੋੜ ਪਹਿਲੀ ਵਾਰ 1997 ਵਿੱਚ ਪੰਜਾਬ ਦੀ ਸੱਤਾ ਵਿੱਚ ਆਇਆ ਅਤੇ ਬਾਅਦ ਵਿੱਚ 2007 ਤੋਂ 2017 ਤੱਕ ਲਗਾਤਾਰ 10 ਸਾਲ ਸੱਤਾ 'ਚ ਰਿਹਾ। ਕੇਂਦਰ ਵਿੱਚ ਵੀ ਅਕਾਲੀ ਦਲ ਹਮੇਸ਼ਾ ਐੱਨਡੀਏ ਦਾ ਹਿੱਸਾ ਰਿਹਾ।

ਹਾਲਾਂਕਿ, ਸਤੰਬਰ 2020 ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨੀ ਅੰਦੋਲਨ ਕਾਰਨ ਅਕਾਲੀ ਦਲ ਨੇ ਭਾਜਪਾ ਨਾਲੋਂ ਆਪਣਾ 24 ਸਾਲ ਪੁਰਾਣਾ ਨਾਤਾ ਤੋੜ ਲਿਆ ਅਤੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ।

ਪਰ ਹੁਣ ਉਨ੍ਹਾਂ ਦੀ ਵਧ ਰਹੀ ਕਮਜ਼ੋਰੀ ਸਵਾਲ ਖੜ੍ਹੇ ਕਰਦੀ ਹੈ: ਕੀ ਇਹ ਭਾਜਪਾ ਦੀ 'ਡਬਲ ਇੰਜਣ ਸਰਕਾਰ' ਦੇ ਪੱਖ ਵਿੱਚ ਖੇਤਰੀ ਤਾਕਤਾਂ ਦਾ ਅੰਤ ਹੈ? ਜਾਂ ਕੀ ਇਹ ਕੇਂਦਰੀ ਪਾਰਟੀ ਦੇ ਦਬਦਬੇ ਦਾ ਸਿਖਰ ਹੈ ਜਿੱਥੋਂ ਖੇਤਰੀ ਰਾਜਨੀਤੀ ਮੁੜ ਵਾਪਸੀ ਕਰੇਗੀ?

ਕੀ ਹੁਣ ਖੇਤਰੀ ਪਛਾਣ ਕਾਫ਼ੀ ਨਹੀਂ ਰਹੀ?

ਪਿਛਲੇ ਤਿੰਨ ਦਹਾਕਿਆਂ ਤੋਂ ਰਾਜਨੀਤਿਕ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਦੇਸ਼ ਦੀ ਚੋਣ ਰਾਜਨੀਤੀ ਵਿੱਚ ਆਈ ਪੀੜ੍ਹੀਗਤ ਤਬਦੀਲੀ ਵੱਲ ਇਸ਼ਾਰਾ ਕਰਦੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਨ੍ਹਾਂ ਚੋਣਾਂ (4 ਮਈ) ਨੇ ਦਿਖਾਇਆ ਹੈ ਕਿ ਸਿਰਫ਼ ਸਮਾਜ ਭਲਾਈ ਅਤੇ ਖੇਤਰੀ ਪਛਾਣ ਚੋਣਾਂ ਜਿੱਤਣ ਲਈ ਕਾਫ਼ੀ ਨਹੀਂ ਹੈ। ਮੇਰਾ ਮੰਨਣਾ ਹੈ ਕਿ ਨੌਜਵਾਨ ਵੋਟਰ, ਜੋ ਬਹੁਤ ਅਭਿਲਾਸ਼ੀ ਹਨ, ਉਹ ਰਾਜਨੀਤਿਕ ਸਮੀਕਰਨਾਂ ਨੂੰ ਪੁਰਾਣੀ ਪੀੜ੍ਹੀ ਵਾਂਗ ਨਹੀਂ ਦੇਖਦੇ। ਉਹ ਨਵੇਂ ਪ੍ਰਯੋਗਾਂ ਲਈ ਤਿਆਰ ਹਨ, ਜੇਕਰ ਉਨ੍ਹਾਂ ਨੂੰ ਤਰੱਕੀ ਦਾ ਰਾਹ ਦਿਖਾਈ ਦੇਵੇ। ਇਹੀ ਕਾਰਨ ਹੈ ਕਿ ਤਾਮਿਲਨਾਡੂ ਵਿੱਚ ਵਿਜੇ ਜਾਂ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਹੁੰਗਾਰਾ ਮਿਲ ਰਿਹਾ ਹੈ।"

ਸਾਬਕਾ ਆਈਏਐਸ ਅਧਿਕਾਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸਾਬਕਾ ਰਾਜ ਸਭਾ ਮੈਂਬਰ ਜਵਾਹਰ ਸਿਰਕਾਰ ਇੱਕ ਹੋਰ ਪਹਿਲੂ ਰੱਖਦੇ ਹਨ।

ਉਹ ਕਹਿੰਦੇ ਹਨ, "ਖੇਤਰੀ ਪਾਰਟੀਆਂ ਦਾ ਮੁਕਾਬਲਾ ਕਿਸੇ ਸਿਆਸੀ ਪਾਰਟੀ ਨਾਲ ਨਹੀਂ, ਸਗੋਂ ਇੱਕ ਅਜਿਹੀ ਕਾਰਪੋਰੇਟ ਸੰਸਥਾ ਨਾਲ ਹੈ ਜਿਸ ਕੋਲ ਆਧੁਨਿਕ ਤਕਨੀਕੀ ਸਾਧਨ ਹਨ। ਉਹ ਪੈਸੇ ਦੀ ਤਾਕਤ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈI) ਦੇ ਸੁਮੇਲ ਨਾਲ ਲੜ ਰਹੇ ਹਨ। ਖੇਤਰੀ ਪਾਰਟੀਆਂ ਨੂੰ ਸਮਝਣਾ ਹੋਵੇਗਾ ਕਿ ਉਨ੍ਹਾਂ ਦਾ ਦੁਸ਼ਮਣ ਸਾਂਝਾ ਹੈ, ਪਰ ਭਾਜਪਾ ਸਾਰਿਆਂ ਨਾਲ ਇੱਕੋ ਵਾਰ ਨਹੀਂ ਲੜੇਗੀ, ਉਹ ਇੱਕ-ਇੱਕ ਕਰਕੇ ਸਭ ਦਾ ਸਫਾਇਆ ਕਰੇਗੀ।"

ਦੂਜੇ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਨੂੰ ਇੱਕ 'ਜ਼ਮੀਨੀ ਪਾਰਟੀ' ਕਹਿੰਦੇ ਹਨ, ਨਾ ਕਿ 'ਪਰਿਵਾਰਵਾਦੀ ਪਾਰਟੀ'।

ਉਨ੍ਹਾਂ ਮੁਤਾਬਕ ਪਾਰਟੀ ਦੀ ਸਵੀਕਾਰਯੋਗਤਾ ਉਸ ਦੇ ਵਿਕਾਸ ਦੇ ਏਜੰਡੇ ਅਤੇ ਵਿਜ਼ਨ ਕਰਕੇ ਵਧੀ ਹੈ।

ਵਿਸ਼ਲੇਸ਼ਕ ਅਤੇ ਸੀਨੀਅਰ ਪੱਤਰਕਾਰ ਨੀਲਾਂਜਨ ਮੁਖੋਪਾਧਿਆਏ ਅਨੁਸਾਰ, ਵੋਟਰ ਅਜੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਭਾਵਸ਼ਾਲੀ ਅਕਸ ਅਤੇ ਹਿੰਦੂਤਵ ਦੇ ਸੁਮੇਲ ਵੱਲ ਆਕਰਸ਼ਿਤ ਹਨ।

'ਬਲੈਕ ਵਿਡੋ' ਮਾਡਲ

ਰਾਜਨੀਤਿਕ ਮਾਹਰ ਖੇਤਰੀ ਪੱਧਰ 'ਤੇ ਭਾਜਪਾ ਦੀ ਵਧਦੀ ਤਾਕਤ ਪਿੱਛੇ ਉਸ ਦੀ ਗਠਜੋੜ ਦੀ ਰਣਨੀਤੀ ਨੂੰ ਵੀ ਇੱਕ ਵੱਡਾ ਕਾਰਨ ਮੰਨਦੇ ਹਨ।

ਸੀਨੀਅਰ ਪੱਤਰਕਾਰ ਨੀਲਾਂਜਨ ਮੁਖੋਪਾਧਿਆਏ 2012 ਦੀ ਇੱਕ ਘਟਨਾ ਦਾ ਜ਼ਿਕਰ ਕਰਦੇ ਹਨ ਜਦੋਂ ਉਹ ਨਰਿੰਦਰ ਮੋਦੀ 'ਤੇ ਕਿਤਾਬ ਲਿਖਣ ਲਈ ਖੋਜ ਕਰ ਰਹੇ ਸਨ।

ਉਨ੍ਹਾਂ ਦੱਸਿਆ, "ਜਦੋਂ ਮੈਂ ਮੋਦੀ ਜੀ ਨੂੰ ਪੁੱਛਿਆ ਕਿ ਭਾਜਪਾ ਨਵੇਂ ਸਹਿਯੋਗੀਆਂ ਨੂੰ ਕਿਵੇਂ ਜੋੜੇਗੀ, ਤਾਂ ਉਨ੍ਹਾਂ ਦਾ ਜਵਾਬ ਸੀ, 'ਵਿਨੇਬਿਲਟੀ' (ਜਿੱਤਣ ਦੀ ਸਮਰੱਥਾ)। ਉਨ੍ਹਾਂ ਦਾ ਮਤਲਬ ਸੀ ਕਿ ਜੇਕਰ ਭਾਜਪਾ ਜਿੱਤਦੀ ਹੋਈ ਦਿਖਾਈ ਦੇਵੇਗੀ, ਤਾਂ ਸਹਿਯੋਗੀ ਆਪਣੇ-ਆਪ ਆਉਣਗੇ।"

ਉਹ ਅੱਗੇ ਕਹਿੰਦੇ ਹਨ, "ਅੱਜ ਜੇਡੀਯੂ , ਹਰਿਆਣਾ ਦੀਆਂ ਛੋਟੀਆਂ ਪਾਰਟੀਆਂ ਜਾਂ ਸ਼ਿਵ ਸੈਨਾ ਨੂੰ ਦੇਖੋ—ਭਾਜਪਾ ਨੇ ਉਨ੍ਹਾਂ ਨੂੰ ਆਪਣੀ ਪਛਾਣ ਵਿੱਚ ਅਜਿਹਾ ਮਿਲਾ ਲਿਆ ਹੈ ਕਿ ਹੁਣ ਇਨ੍ਹਾਂ ਪਾਰਟੀਆਂ ਦੀ ਆਪਣੀ ਕੋਈ ਵੱਖਰੀ ਹੋਂਦ ਮਹਿਜ਼ ਨਾਮ-ਮਾਤਰ ਹੀ ਰਹਿ ਗਈ ਹੈ।"

ਜਵਾਹਰ ਸਿਰਕਾਰ ਇਸ ਦੀ ਤੁਲਨਾ 'ਬਲੈਕ ਵਿਡੋ' ਮਕੜੀ ਨਾਲ ਕਰਦੇ ਹੋਏ ਕਹਿੰਦੇ ਹਨ, "ਜਿਵੇਂ ਇਹ ਮਕੜੀ ਮੈਟਿੰਗ ਤੋਂ ਬਾਅਦ ਆਪਣੇ ਹੀ ਸਾਥੀ ਨੂੰ ਖਾ ਜਾਂਦੀ ਹੈ, ਉਸੇ ਤਰ੍ਹਾਂ ਭਾਜਪਾ ਨੇ ਜੇਡੀਯੂ, ਬੀਜੇਡੀ ਅਤੇ ਅਸਮ ਗਣ ਪ੍ਰੀਸ਼ਦ ਵਰਗੀਆਂ ਪਾਰਟੀਆਂ ਨਾਲ ਪਹਿਲਾਂ ਗਠਜੋੜ ਕੀਤਾ ਅਤੇ ਫਿਰ ਉਨ੍ਹਾਂ ਨੂੰ ਹੀ ਨਿਗਲ ਗਈ।"

ਕਾਂਗਰਸ ਫੈਕਟਰ

2009 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 206 ਸੀਟਾਂ ਜਿੱਤੀਆਂ ਸਨ, ਪਰ ਉਸ ਤੋਂ ਬਾਅਦ 2014, 2019 ਅਤੇ 2024 ਦੀਆਂ ਚੋਣਾਂ ਵਿੱਚ ਉਹ ਆਪਣੇ ਦਮ 'ਤੇ 100 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ।

ਸਿਰਕਾਰ ਮੁਤਾਬਕ, ਭਾਜਪਾ ਨੂੰ ਰੋਕਣ ਦੀ ਜ਼ਿੰਮੇਵਾਰੀ ਖੇਤਰੀ ਪਾਰਟੀਆਂ 'ਤੇ ਇਸ ਲਈ ਵੀ ਆਈ ਕਿਉਂਕਿ ਕਾਂਗਰਸ ਵਰਗੀਆਂ ਕੌਮੀ ਪਾਰਟੀਆਂ ਆਪਣੇ ਕਮਜ਼ੋਰ ਸੰਗਠਨਾਤਮਕ ਢਾਂਚੇ ਕਾਰਨ ਭਾਜਪਾ ਦਾ ਸਿੱਧਾ ਮੁਕਾਬਲਾ ਕਰਨ ਵਿੱਚ ਅਸਮਰੱਥ ਸਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੌਜੂਦਾ ਸਥਿਤੀ ਵਿੱਚ ਕਾਂਗਰਸ ਨੂੰ ਹੀ ਸਭ ਤੋਂ ਵੱਧ ਫ਼ਾਇਦਾ ਹੋ ਸਕਦਾ ਹੈ।

ਨੀਰਜਾ ਚੌਧਰੀ ਦਾ ਮੰਨਣਾ ਹੈ, "ਮਮਤਾ ਬੈਨਰਜੀ ਵੱਲੋਂ ਹਾਰ ਤੋਂ ਬਾਅਦ 'ਇੰਡੀਆ' ਗਠਜੋੜ ਲਈ ਕੰਮ ਕਰਨ ਦੀ ਗੱਲ ਕਹਿਣਾ ਦਰਸਾਉਂਦਾ ਹੈ ਕਿ ਉਹ ਜਾਣਦੇ ਹਨ ਕਿ ਹੁਣ ਇਹ ਉਨ੍ਹਾਂ ਦੀ ਹੋਂਦ ਦੀ ਲੜਾਈ ਹੈ।"

ਉਨ੍ਹਾਂ ਅਨੁਸਾਰ ਕਾਂਗਰਸ ਨੂੰ ਹੁਣ ਖੇਤਰੀ ਆਗੂਆਂ ਜਿਵੇਂ ਅਖਿਲੇਸ਼ ਯਾਦਵ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕੇਰਲ ਵਰਗੇ ਸੂਬਿਆਂ ਵਿੱਚ ਖੱਬੇ ਪੱਖੀ ਮੋਰਚੇ ਨੂੰ ਕਮਜ਼ੋਰ ਹੋਣ ਤੋਂ ਬਚਾਉਣਾ ਚਾਹੀਦਾ ਹੈ, ਤਾਂ ਜੋ ਭਾਜਪਾ ਨੂੰ ਫ਼ਾਇਦਾ ਨਾ ਮਿਲੇ।

ਅੱਗੇ ਦਾ ਰਾਹ

ਮਾਹਰ ਹਾਲੇ ਵੀ ਖੇਤਰੀ ਪਾਰਟੀਆਂ ਦੀ ਵਾਪਸੀ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦੇ। ਭਾਜਪਾ ਦੀ ਵੋਟ ਪ੍ਰਤੀਸ਼ਤਤਾ 2019 ਵਿੱਚ 37.7% ਸੀ ਜੋ 2024 ਵਿੱਚ ਘੱਟ ਕੇ 36.5% ਰਹਿ ਗਈ ਅਤੇ ਸੀਟਾਂ ਵੀ 240 'ਤੇ ਆ ਗਈਆਂ।

ਮੁਖੋਪਾਧਿਆਏ ਕਹਿੰਦੇ ਹਨ ਕਿ ਭਾਜਪਾ ਦਾ ਵੋਟ ਸ਼ੇਅਰ ਅਜੇ ਵੀ 50% ਤੋਂ ਘੱਟ ਹੈ, ਜਿਸਦਾ ਮਤਲਬ ਹੈ ਕਿ ਗ਼ੈਰ-ਹਿੰਦੂਤਵ ਰਾਜਨੀਤੀ ਲਈ ਹਾਲੇ ਵੀ ਕਾਫ਼ੀ ਜਗ੍ਹਾ ਮੌਜੂਦ ਹੈ।

ਸਵਾਲ ਇਹ ਹੈ ਕਿ ਕੀ ਅਖਿਲੇਸ਼ ਯਾਦਵ, ਤੇਜਸਵੀ ਯਾਦਵ ਜਾਂ ਉਮਰ ਅਬਦੁੱਲਾ ਵਰਗੇ ਆਗੂ ਇਸ ਜਗ੍ਹਾ ਨੂੰ ਭਰਨ ਲਈ ਆਪਣੇ ਆਪ ਨੂੰ ਨਵੇਂ ਸਿਰਿਓਂ ਤਿਆਰ ਕਰ ਸਕਦੇ ਹਨ?

ਸਿਰਕਾਰ ਅਨੁਸਾਰ, ਵਿਰੋਧੀ ਧਿਰ ਨੂੰ ਭਾਜਪਾ ਤੋਂ ਤਕਨੀਕੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਸਿੱਖਣ ਦੀ ਲੋੜ ਹੈ। ਇਸ ਦੇ ਨਾਲ ਹੀ ਮੁਖੋਪਾਧਿਆਏ ਰਵਾਇਤੀ 'ਅੰਦੋਲਨਕਾਰੀ ਰਾਜਨੀਤੀ' 'ਤੇ ਜ਼ੋਰ ਦਿੰਦੇ ਹਨ।

ਉਹ ਕਹਿੰਦੇ ਹਨ, "ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੇ ਦਿਖਾਇਆ ਸੀ ਕਿ ਲੋਕਾਂ ਨਾਲ ਜੁੜ ਕੇ ਭਾਜਪਾ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਇਹ ਰਾਹ ਔਖਾ ਜ਼ਰੂਰ ਹੈ, ਪਰ ਅਸੰਭਵ ਨਹੀਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)