ਦਿੱਲੀ ਬੱਸ ਗੈਂਗਰੇਪ ਮਾਮਲਾ: 'ਮੈਂ ਸੈਕਸ ਵਰਕਰ ਹਾਂ, ਕੀ ਇਸ ਦਾ ਮਤਲਬ ਇਹ ਹੈ ਕਿ ਉਹ ਮੇਰਾ ਗੈਂਗਰੇਪ ਕਰਨਗੇ'

ਦਿੱਲੀ ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਪੁਲਿਸ ਨੇ ਕਿਹਾ ਹੈ ਕਿ ਉਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ (ਸੰਕੇਤਕ ਤਸਵੀਰ)
    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

(ਚੇਤਾਵਨੀ: ਇਸ ਰਿਪੋਰਟ ਦੇ ਕੁਝ ਅੰਸ਼ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।)

"ਮੈਂ ਸੈਕਸ ਵਰਕਰ ਹਾਂ। ਕੀ ਇਸ ਦਾ ਮਤਲਬ ਇਹ ਹੈ ਕਿ ਉਹ ਮੇਰਾ ਗੈਂਗਰੇਪ ਕਰਨਗੇ?"

ਇੱਕ ਔਰਤ ਨੇ ਦਿੱਲੀ ਵਿੱਚ ਇੱਕ ਸਲੀਪਰ ਬੱਸ ਵਿੱਚ ਕੁਝ ਲੋਕਾਂ 'ਤੇ ਸਮੂਹਿਕ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਘਟਨਾ ਬਾਰੇ ਦੱਸਦਿਆਂ ਸਭ ਤੋਂ ਪਹਿਲਾਂ ਇਹ ਔਰਤ ਇਹੀ ਸਵਾਲ ਕਰਦੀ ਹੈ।

ਦਿੱਲੀ ਪੁਲਿਸ ਮੁਤਾਬਕ, "11-12 ਮਈ ਦੀ ਰਾਤ 12 ਵੱਜ ਕੇ 15 ਮਿੰਟ ਅਤੇ 2 ਵੱਜ ਕੇ 30 ਮਿੰਟ ਵਿਚਕਾਰ ਹੋਈ ਇਸ ਘਟਨਾ ਦੇ ਸਬੰਧ ਵਿੱਚ ਸਮੂਹਿਕ ਬਲਾਤਕਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।"

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਹ ਦਿੱਲੀ ਅਤੇ ਬਿਹਾਰ ਵਿਚਕਾਰ ਚੱਲਣ ਵਾਲੀ ਸਲੀਪਰ ਬੱਸ ਦੇ ਡਰਾਈਵਰ ਅਤੇ ਕਲੀਨਰ ਹਨ।

ਜਿਸ ਤਰ੍ਹਾਂ ਮੀਡੀਆ ਵਿੱਚ ਘਟਨਾ ਦੀ ਕਵਰੇਜ ਹੋਈ, ਪਰੇਸ਼ਾਨ ਹੋ ਕੇ ਇਸ ਔਰਤ ਨੇ ਆਪਣਾ ਘਰ ਬਦਲ ਲਿਆ ਹੈ।

ਡੀਸੀਪੀ (ਬਾਹਰੀ ਦਿੱਲੀ) ਵਿਕਰਮ ਸਿੰਘ

ਤਸਵੀਰ ਸਰੋਤ, @dcpouter

ਤਸਵੀਰ ਕੈਪਸ਼ਨ, ਡੀਸੀਪੀ (ਬਾਹਰੀ ਦਿੱਲੀ) ਵਿਕਰਮ ਸਿੰਘ ਨੇ ਇੱਕ ਬਿਆਨ ਵਿੱਚ ਘਟਨਾ ਬਾਰੇ ਵੇਰਵੇ ਦਿੱਤੇ ਹਨ

'ਮੈਨੂੰ ਸੈਕਸ ਬਦਲੇ ਪੈਸੇ ਦੇਣ ਦੀ ਗੱਲ ਕਹੀ'

ਔਰਤ ਨੇ ਰੋਂਦੇ ਹੋਏ ਬੀਬੀਸੀ ਨੂੰ ਦੱਸਿਆ, "ਮੀਡੀਆ ਦੇ ਕੈਮਰੇ ਮੇਰੇ ਘਰ ਤੱਕ ਪਹੁੰਚ ਗਏ। ਪੂਰੀ ਝੁੱਗੀ ਨੂੰ ਪਤਾ ਲੱਗ ਗਿਆ ਕਿ ਮੇਰੇ ਨਾਲ ਕੀ ਹੋਇਆ ਹੈ। ਮੈਂ ਪਰਿਵਾਰ ਨਾਲ ਰਹਿੰਦੀ ਹਾਂ। ਬਹੁਤ ਮਜਬੂਰੀ ਵਿੱਚ ਕੁਝ ਦਿਨ ਪਹਿਲਾਂ ਹੀ ਸੈਕਸ ਵਰਕ ਸ਼ੁਰੂ ਕੀਤਾ ਸੀ।"

"ਮੇਰੇ ਘਰ ਵਾਲਿਆਂ ਨੂੰ ਪਤਾ ਨਹੀਂ ਸੀ। ਹੁਣ ਲੋਕ ਮੇਰੇ ਨਾਲ ਕੀ ਹੋਇਆ, ਇਸ ਬਾਰੇ ਗੱਲ ਨਹੀਂ ਕਰ ਰਹੇ ਹਨ। ਮੈਂ ਆਪਣਾ ਪਰਿਵਾਰ ਚਲਾਉਣ ਲਈ ਕੀ ਕਰ ਰਹੀ ਸੀ, ਇਸ ਨੂੰ ਲੈ ਕੇ ਮੇਰਾ ਚਰਿੱਤਰ ਹਨਣ ਕਰ ਰਹੇ ਹਨ।"

ਇਹ ਔਰਤ ਕਹਿੰਦੀ ਹੈ ਕਿ ਭਾਵੇਂ ਹੀ ਪਿਛਲੇ ਕੁਝ ਦਿਨਾਂ ਤੋਂ ਉਹ ਆਪਣਾ ਘਰ ਚਲਾਉਣ ਲਈ 'ਸੈਕਸ ਵਰਕ' ਕਰ ਰਹੀ ਸੀ ਪਰ ਉਸ ਰਾਤ ਉਹ ਇਸ ਕੰਮ ਲਈ ਘਰੋਂ ਨਹੀਂ ਨਿਕਲੀ ਸੀ।

ਉਹ ਦੱਸਦੀ ਹੈ, "ਮੈਂ ਆਪਣੇ ਭਰਾ ਦਾ ਕਮਰਾ ਬਦਲਵਾਇਆ ਸੀ। ਉਸ ਤੋਂ ਬਾਅਦ ਘਰ ਪਰਤ ਰਹੀ ਸੀ। ਬੱਸ ਸਟੈਂਡ 'ਤੇ ਇਹ ਬੱਸ ਰੁਕੀ ਅਤੇ ਕੰਡਕਟਰ ਨੇ ਮੈਨੂੰ ਬੁਲਾਇਆ। ਮੈਂ ਦਰਵਾਜ਼ੇ ਕੋਲ ਖੜ੍ਹੀ ਹੋ ਕੇ ਗੱਲ ਕਰ ਰਹੀ ਸੀ। ਮੈਂ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਬਾਵਜੂਦ ਇਸ ਦੇ, ਉਨ੍ਹਾਂ ਨੇ ਮੈਨੂੰ ਬੱਸ ਦੇ ਅੰਦਰ ਖਿੱਚ ਲਿਆ।"

ਉਹ ਕਹਿੰਦੀ ਹੈ, "ਉਨ੍ਹਾਂ ਨੇ ਮੈਨੂੰ ਸੈਕਸ ਬਦਲੇ ਪੈਸੇ ਦੇਣ ਲਈ ਕਿਹਾ ਸੀ ਪਰ ਮੈਂ ਮਨ੍ਹਾ ਕਰ ਦਿੱਤਾ ਸੀ। ਬੱਸ ਵਿੱਚ ਕੁੱਲ ਪੰਜ ਲੋਕ ਸੀ। ਇੱਕ ਆਦਮੀ ਸੌਂ ਰਿਹਾ ਸੀ। ਉਹ ਪੂਰੀ ਰਾਤ ਮੈਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਸੀ। ਮੈਂ ਵਾਰ-ਵਾਰ ਇਨਕਾਰ ਕੀਤਾ, ਬਾਵਜੂਦ ਇਸ ਦੇ ਉਨ੍ਹਾਂ ਵਿੱਚੋਂ ਦੋ ਲੋਕਾਂ ਨੇ ਮੇਰਾ ਰੇਪ ਕੀਤਾ।"

ਦਿੱਲੀ ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਭਾਰਤੀ ਨਿਆਂ ਸੰਹਿਤਾ ਦੀਆਂ ਰੇਪ, ਗੈਂਗਰੇਪ ਅਤੇ ਕੌਮਨ ਇਨਟੈਂਸ਼ਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਡੀਐੱਸਪੀ (ਬਾਹਰੀ ਦਿੱਲੀ) ਵਿਕਰਮ ਸਿੰਘ ਨੇ ਇੱਕ ਬਿਆਨ ਵਿੱਚ ਘਟਨਾ ਬਾਰੇ ਦੱਸਦਿਆਂ ਕਿਹਾ, "ਪੁਲਿਸ ਨੂੰ ਸੂਚਨਾ ਮਿਲੀ ਸੀ ਜਿਸ ਵਿੱਚ ਫੋਨ ਕਰਨ ਵਾਲੇ ਨੇ ਦੱਸਿਆ ਸੀ ਕਿ ਉਸ ਨਾਲ ਦੋ ਜਣਿਆਂ ਨੇ ਗ਼ਲਤ ਕੰਮ ਕੀਤਾ ਹੈ।"

"ਜਿਵੇਂ ਹੀ ਮਾਮਲਾ ਪੁਲਿਸ ਦੀ ਜਾਣਕਾਰੀ ਵਿੱਚ ਆਇਆ, ਪੁਲਿਸ ਨੇ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੀੜਤਾ ਦੀ ਮਦਦ ਕੀਤੀ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰ ਰਹੀ ਹੈ।"

ਪੁਲਿਸ ਦੀ ਟੀਮ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਔਰਤ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਮਾਮਲਾ ਦਰਜ ਕਰ ਲਿਆ ਹੈ (ਸੰਕੇਤਕ ਤਸਵੀਰ)

'ਪੁਲਿਸ ਨੇ ਕੀਤੀ ਮਦਦ'

ਔਰਤ ਮੁਤਾਬਕ, ਬੱਸ ਵਿੱਚੋਂ ਉਤਰਦਿਆਂ ਹੀ ਉਸ ਨੇ ਪੁਲਿਸ ਦੇ ਹੈਲਪਲਾਈਨ ਨੰਬਰ 'ਤੇ ਫੋਨ ਕੀਤਾ ਸੀ ਅਤੇ ਪੰਜ ਮਿੰਟ ਦੇ ਅੰਦਰ ਪੁਲਿਸ ਮੌਕੇ 'ਤੇ ਪਹੁੰਚ ਗਈ ਸੀ।

ਉਹ ਦੱਸਦੀ ਹੈ, "ਮੌਕੇ 'ਤੇ ਪਹੁੰਚੀ ਪੁਲਿਸ ਨੇ ਤੁਰੰਤ ਮੇਰੀ ਗੱਲ ਸੁਣੀ। ਮੈਨੂੰ ਥਾਣੇ ਲੈ ਕੇ ਗਏ ਅਤੇ ਸ਼ਿਕਾਇਤ ਦੇ ਅਧਾਰ 'ਤੇ ਤੁਰੰਤ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਨੇ ਮੇਰੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਮੇਰਾ ਮੈਡੀਕਲ ਕਰਵਾਇਆ ਗਿਆ ਅਤੇ ਮੈਨੂੰ ਖਾਣਾ ਵੀ ਪੁੱਛਿਆ।"

ਦਿੱਲੀ ਪੁਲਿਸ ਮੁਤਾਬਕ, ਘਟਨਾ ਦੀ ਰਿਪੋਰਟ ਹੋਣ ਤੋਂ ਕੁਝ ਘੰਟੇ ਅੰਦਰ ਹੀ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਔਰਤ ਦੱਸਦੀ ਹੈ, "ਮੇਰੇ ਪਤੀ ਪਿਛਲੇ ਕਈ ਸਾਲ ਤੋਂ ਗੰਭੀਰ ਬਿਮਾਰ ਹਨ। ਮੇਰੀਆਂ ਤਿੰਨ ਛੋਟੀਆਂ ਬੇਟੀਆਂ ਹਨ। ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ। ਮੈਂ ਕੁਝ ਹੋਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਕੋਈ ਕੰਮ ਨਹੀਂ ਮਿਲਿਆ ਜਿਸ ਨਾਲ ਮੈਂ ਪਰਿਵਾਰ ਦਾ ਖਰਚ ਚਲਾਉਣ ਜੋਗਾ ਕਮਾ ਸਕਾਂ। ਕੁਝ ਦਿਨ ਪਹਿਲਾਂ ਮੈਂ ਇਹ ਕੰਮ ਸ਼ੁਰੂ ਕੀਤਾ।"

ਉਹ ਰੋਂਦੇ ਹੋਏ ਕਹਿੰਦੀ ਹੈ, "ਤਿੰਨ ਬੱਚੀਆਂ ਦੀ ਮਾਂ ਜੇਕਰ ਘਰੋਂ ਨਿਕਲ ਕੇ ਸੈਕਸ ਵਰਕ ਕਰ ਰਹੀ ਹੈ ਤਾਂ ਉਹ ਬਹੁਤ ਮਜਬੂਰ ਹੀ ਹੋਏਗੀ। ਕੋਈ ਉਸ ਦੀ ਮਜਬੂਰੀ ਦਾ ਫ਼ਾਇਦਾ ਨਹੀਂ ਚੁੱਕ ਸਕਦਾ।"

ਇੱਕ ਸਵਾਲ ਦੇ ਜਵਾਬ ਵਿੱਚ ਉਹ ਇਹ ਵੀ ਕਹਿੰਦੀ ਹੈ ਕਿ ਮੁਲਜ਼ਮਾਂ ਨਾਲ ਉਸ ਦੀ ਕੋਈ ਪੁਰਾਣੀ ਜਾਣ-ਪਛਾਣ ਨਹੀਂ ਹੈ।

ਕੈਮਰਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਔਰਤ ਦੇ ਪਤੀ ਨੇ ਮੀਡੀਆ ਕਵਰੇਜ ਬਾਰੇ ਸਵਾਲ ਖੜ੍ਹੇ ਕੀਤੇ ਹਨ (ਫਾਈਲ ਫੋਟੋ)

ਮੀਡੀਆ ਕਵਰੇਜ 'ਤੇ ਸਵਾਲ

ਔਰਤ ਦੇ ਪਤੀ ਬੀਬੀਸੀ ਨਿਊਜ਼ ਹਿੰਦੀ ਨੂੰ ਕਹਿੰਦੀ ਹਨ, "ਮੇਰੇ ਘਰ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਕਿ ਮੇਰੀ ਪਤਨੀ ਘਰ ਚਲਾਉਣ ਲਈ ਕੀ ਕਰ ਰਹੀ ਹੈ। ਉਸ ਨੇ ਮੈਨੂੰ ਵੀ ਨਹੀਂ ਦੱਸਿਆ ਸੀ। ਇਹ ਸਭ ਉਸ ਨੇ ਘਰ ਚਲਾਉਣ ਲਈ ਕੀਤਾ।"

ਉਹ ਕਹਿੰਦੇ ਹਨ, "ਕਈ ਪੱਤਰਕਾਰ ਸਾਡੇ ਘਰ ਤੱਕ ਪਹੁੰਚ ਗਏ। ਵੱਡੇ-ਵੱਡੇ ਕੈਮਰੇ ਲੈ ਕੇ ਬਾਹਰ ਵੀਡੀਓ ਬਣਾਉਣ ਲੱਗੇ। ਉਹ ਮੇਰਾ ਅਤੇ ਮੇਰੀ ਪਤਨੀ ਦਾ ਨਾਮ ਪੁੱਛ ਰਹੇ ਸੀ। ਹੁਣ ਉੱਥੇ ਸਾਨੂੰ ਸਾਰੇ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਕੀ ਇਸ ਹਾਲਾਤ ਵਿੱਚ ਅਸੀਂ ਉੱਥੇ ਰਹਿ ਸਕਾਂਗੇ?"

ਇਹ ਔਰਤ ਜ਼ੋਰ ਦੇ ਕੇ ਕਹਿੰਦੀ ਹੈ ਕਿ ਉਹ ਆਪਣਾ ਮੁਕੱਦਮਾ ਉਦੋਂ ਤੱਕ ਲੜੇਗੀ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲ ਜਾਂਦਾ।

ਉਹ ਕਹਿੰਦੀ ਹੈ, "ਇਹ ਸਿਰਫ਼ ਮੇਰੀ ਸੁਰੱਖਿਆ ਦਾ ਮਾਮਲਾ ਨਹੀਂ ਹੈ। ਇਹ ਮੇਰੇ ਵਰਗੀਆਂ ਹਜ਼ਾਰਾਂ ਕੁੜੀਆਂ ਦੀ ਸੁਰੱਖਿਆ ਨਾਲ ਜੁੜਿਆ ਹੈ। ਸੜਕ 'ਤੇ ਖੜ੍ਹੀ ਕੁੜੀ ਨੂੰ ਵੀ ਸੁਰੱਖਿਆ ਦਾ ਓਨਾ ਹੀ ਅਧਿਕਾਰ ਹੈ ਜਿਨ੍ਹਾਂ ਕਿਸੇ ਹੋਰ ਕੁੜੀ ਨੂੰ।"

ਉਹ ਦੱਸਦੀ ਹੈ, "ਮੇਰੀਆਂ ਤਿੰਨ ਬੇਟੀਆਂ ਹਨ। ਮੈਂ ਉਨ੍ਹਾਂ ਨੂੰ ਚੰਗੀ ਸਿੱਖਿਆ ਦੇਣਾ ਚਾਹੁੰਦੀ ਹਾਂ। ਮੈਂ ਨਹੀਂ ਚਾਹੁੰਦੀ ਕਿ ਮੈਂ ਜਿਹੜੇ ਹਾਲਾਤ ਤੋਂ ਗੁਜ਼ਰੀ, ਮੇਰੀਆਂ ਬੇਟੀਆਂ ਨੂੰ ਵੀ ਕਦੇ ਉਨ੍ਹਾਂ ਤੋਂ ਗੁਜ਼ਰਨਾ ਪਵੇ। ਜਦੋਂ ਤੱਕ ਮੇਰੇ ਮਾਮਲੇ ਵਿੱਚ ਸਖ਼ਤ ਸਜ਼ਾ ਨਹੀਂ ਹੋ ਜਾਂਦੀ, ਮੈਂ ਪਿੱਛੇ ਨਹੀਂ ਹਟਾਂਗੀ। ਭਾਵੇਂ ਪੁਲਿਸ ਥਾਣੇ ਜਾਂ ਅਦਾਲਤ ਦੇ ਕਿੰਨੇ ਹੀ ਚੱਕਰ ਲਗਾਉਣੇ ਪੈਣ।"

ਸੁਪਰੀਮ ਕੋਰਟ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇੱਕ ਸੈਕਸ ਵਰਕਰ ਦੀ ਸ਼ਿਕਾਇਤ ਨੂੰ ਬਰਾਬਰ ਸੰਵੇਦਨਸ਼ੀਲਤਾ ਨਾਲ ਦਰਜ ਕੀਤਾ ਜਾਣਾ ਚਾਹੀਦਾ ਹੈ

ਸੁਪਰੀਮ ਕੋਰਟ ਦੇ ਹੁਕਮ

ਭਾਰਤ ਦੇ ਸੁਪਰੀਮ ਕੋਰਟ ਨੇ ਸਾਲ 2022 ਵਿੱਚ ਇੱਕ ਮਹੱਤਵਪੂਰਨ ਆਦੇਸ਼ ਵਿੱਚ ਕਿਹਾ ਸੀ ਕਿ ਸੈਕਸ ਵਰਕ ਪੇਸ਼ਾ ਹੈ ਅਤੇ ਕੇਵਲ ਕਿਸੇ ਔਰਤ ਦੇ ਸੈਕਸ ਵਰਕਰ ਹੋਣ ਦੇ ਅਧਾਰ 'ਤੇ ਪੁਲਿਸ ਜਾਂ ਸਮਾਜ ਉਸ ਦੇ ਅਧਿਕਾਰਾਂ ਤੋਂ ਇਨਕਾਰ ਨਹੀਂ ਕਰ ਸਕਦਾ।

ਅਦਾਲਤ ਨੇ ਇਹ ਵੀ ਕਿਹਾ ਸੀ ਕਿ ਕਿਸੇ ਸੈਕਸ ਵਰਕਰ ਦੀ ਸ਼ਿਕਾਇਤ ਨੂੰ ਇੱਕੋ ਸੰਵੇਦਨਸ਼ੀਲ ਦੇ ਨਾਲ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਦੀ ਪਛਾਣ ਅਤੇ ਨਿੱਜਤਾ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ।

ਅਦਾਲਤ ਨੇ ਇਹ ਵੀ ਸਾਫ਼ ਕੀਤਾ ਸੀ ਕਿ "ਹਰ ਔਰਤ ਨੂੰ, ਭਾਵੇਂ ਉਸ ਦਾ ਪੇਸ਼ਾ ਕੁਝ ਵੀ ਹੋਵੇ ਜਿਨਸੀ ਹਿੰਸਾ ਅਤੇ ਸੋਸ਼ਣ ਤੋਂ ਸੁਰੱਖਿਅਤ ਹੋਣ ਦਾ ਅਧਿਕਾਰ ਹੈ।"

ਭਾਰਤੀ ਕਾਨੂੰਨ ਤਹਿਤ ਸਹਿਮਤੀ ਤੋਂ ਬਿਨ੍ਹਾਂ ਬਣਾਇਆ ਗਿਆ ਕੋਈ ਵੀ ਸਰੀਰਕ ਸਬੰਧ ਬਲਾਤਕਾਰ ਮੰਨਿਆ ਜਾਂਦਾ ਹੈ ਅਤੇ ਕਿਸੇ ਔਰਤ ਦਾ ਸੈਕਸ ਵਰਕਰ ਹੋਣਾ ਉਸ ਦੀ ਸਹਿਮਤੀ ਮੰਨ ਲੈਣ ਦਾ ਅਧਾਰ ਨਹੀਂ ਹੋ ਸਕਦਾ।

ਸੁਪਰੀਮ ਕੋਰਟ ਅਤੇ ਵੱਖ-ਵੱਖ ਹਾਈ ਕੋਰਟਾਂ ਨੇ ਆਪਣੇ ਫ਼ੈਸਲਿਆਂ ਵਿੱਚ ਇਹ ਵੀ ਕਿਹਾ ਹੈ ਕਿ ਬਲਾਤਕਾਰ ਦੇ ਮਾਮਲੇ ਵਿੱਚ ਕਿਸੇ ਔਰਤ ਦੇ ਚਰਿੱਤਰ 'ਤੇ ਸਵਾਲ ਚੁੱਕ ਕੇ ਉਸ ਦੇ ਪੇਸ਼ੇ ਨੂੰ ਅਧਾਰ ਬਣਾ ਕੇ ਅਪਰਾਧ ਨੂੰ ਘੱਟ ਨਹੀਂ ਆਂਕਿਆ ਜਾ ਸਕਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)