ਕੀ ਫਰਿੱਜ ਦਾ ਪਾਣੀ ਅਤੇ ਏਸੀ, ਪੱਖੇ ਦੀ ਹਵਾ ਗਲਾ ਖ਼ਰਾਬ ਕਰਦੀ ਹੈ, ਜਾਂ ਇਹ ਸਿਰਫ਼ ਵਹਿਮ ਹੈ, ਜਾਣੋ ਮਾਹਰ ਕੀ ਕਹਿੰਦੇ ਹਨ

    • ਲੇਖਕ, ਓਂਕਾਰ ਕਰੰਬੇਲਕਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਰਾਤ ਨੂੰ ਮੈਂ ਪੱਖੇ ਹੇਠਾਂ ਸੁੱਤਾ ਅਤੇ ਸਵੇਰੇ ਗਲੇ 'ਚ ਦਰਦ ਹੋਣ ਲੱਗਾ। ਮੈਂ ਬਹੁਤ ਠੰਡਾ ਪਾਣੀ ਪੀਤਾ ਅਤੇ ਅਗਲੇ ਹੀ ਦਿਨ ਗਲੇ 'ਚ ਦਰਦ ਹੋਣ ਲੱਗਾ। ਕੀ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੈ ?

ਗਰਮੀਆਂ 'ਚ ਤੁਸੀਂ ਸ਼ਾਇਦ ਇਹ ਸਲਾਹ ਸੁਣੀ ਹੋਵੇਗੀ: ਫਰਿੱਜ ਦਾ ਪਾਣੀ ਨਾ ਪੀਓ, ਪੱਖੇ ਦੇ ਬਹੁਤ ਨੇੜੇ ਨਾ ਬੈਠੋ ਅਤੇ ਏਸੀ ਨੂੰ ਘੱਟ ਤੋਂ ਘੱਟ ਤਾਪਮਾਨ 'ਤੇ ਨਾ ਚਲਾਓ।

ਇਹ ਸੁਝਾਅ ਸਿਰਫ ਇਸ ਗਰਮੀ 'ਚ ਹੀ ਨਹੀਂ ਦਿੱਤੇ ਜਾ ਰਹੇ ਸਗੋਂ ਇਹ ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਮਾਨਤਾਵਾਂ ਹਨ। ਆਓ ਜਾਣਦੇ ਹਾਂ ਕਿ ਇਹ ਗੱਲਾਂ ਗਲੇ ਦੀ ਖਰਾਸ਼ ਦਾ ਕਾਰਨ ਹਨ ਜਾਂ ਨਹੀਂ।

ਮੈਡੀਕਲ ਭਾਸ਼ਾ 'ਚ 'ਗਲੇ 'ਚ ਖਰਾਸ਼' ਦਾ ਅਰਥ ਹੈ ਗਲੇ ਦੀ ਪਰਤ 'ਚ ਸੋਜ਼ਿਸ਼। ਇਹ ਸੋਜ਼ਿਸ਼ ਅਕਸਰ ਵਾਇਰਲ ਸੰਕ੍ਰਮਣ ਕਾਰਨ ਹੁੰਦੀ ਹੈ। ਜਿਵੇਂ ਸਰਦੀ, ਫਲੂ ਜਾਂ ਕੋਵਿਡ ਵਰਗੀਆਂ ਬਿਮਾਰੀਆਂ 'ਚ ਹੁੰਦੀ ਹੈ, ਉਵੇਂ ਹੀ ਹੁੰਦੀ ਹੈ।

ਕਦੇ-ਕਦੇ ਜੀਵਾਣੂ ਸੰਕ੍ਰਮਣ ਇਸ ਦਾ ਕਾਰਨ ਹੁੰਦਾ ਹੈ। ਐਲਰਜੀ, ਧੂੜ ਪ੍ਰਦੂਸ਼ਣ, ਸਿਗਰਟ ਦਾ ਧੂੰਆਂ ਜਾਂ ਖੁਸ਼ਕ ਹਵਾ ਵੀ ਗਲੇ 'ਚ ਜਲਨ ਪੈਦਾ ਕਰ ਸਕਦੀ ਹੈ।

ਤਾਂ ਆਖਿਰ ਇਸ 'ਚ ਠੰਡ ਅਤੇ ਹਵਾ ਦੀ ਭੂਮਿਕਾ ਕੀ ਹੈ ? ਕੀ ਪੱਖਾ ਜਾਂ ਏਸੀ ਸਿੱਧੇ ਤੌਰ 'ਤੇ ਕੀਟਾਣੂਆਂ ਦਾ ਕਾਰਨ ਬਣਦਾ ਹੈ ? ਠੰਡਾ ਪਾਣੀ ਪੀਣ ਤੋਂ ਬਾਅਦ ਸਾਨੂੰ ਤੁਰੰਤ ਦਰਦ ਕਿਉਂ ਮਹਿਸੂਸ ਹੁੰਦਾ ਹੈ ? ਅਤੇ ਕੁਝ ਲੋਕਾਂ ਨੂੰ ਠੰਡ ਤੋਂ ਜ਼ਿਆਦਾ ਪਰੇਸ਼ਾਨੀ ਕਿਉਂ ਹੁੰਦੀ ਹੈ ?

ਇਸ ਲੇਖ 'ਚ ਅਸੀਂ ਵਿਗਿਆਨ ਦੇ ਆਧਾਰ 'ਤੇ ਗਲੇ 'ਚ ਖਰਾਸ਼ ਦੇ ਪਿੱਛੇ ਦੀ ਅਸਲੀਅਤ ਨੂੰ ਸਮਝਾਂਗੇ।

ਪੱਖਾ, ਏਸੀ ਅਤੇ ਠੰਡਾ ਪਾਣੀ ਕਿੰਨੇ ਜਿੰਮੇਵਾਰ?

ਆਸਾਨ ਸ਼ਬਦਾਂ 'ਚ ਕਹੀਏ ਤਾਂ ਪੱਖੇ ਦੀ ਹਵਾ, ਏਸੀ ਜਾਂ ਠੰਡਾ ਪਾਣੀ ਆਪਣੇ ਆਪ 'ਚ ਗਲੇ 'ਚ ਸੰਕ੍ਰਮਣ ਪੈਦਾ ਨਹੀਂ ਕਰਦੇ ਹਨ।

ਗਲੇ 'ਚ ਖਰਾਸ਼ ਹੋਣ ਲਈ, ਪਹਿਲਾਂ ਸਰੀਰ 'ਚ ਵਾਇਰਸ ਜਾਂ ਬੈਕਟੀਰੀਆ ਦਾ ਦਾਖਲ ਹੋਣਾ ਜ਼ਰੂਰੀ ਹੈ। ਹਾਲਾਂਕਿ ਕੁਝ ਵਿਗਿਆਨਕ ਕਾਰਨ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਇਨ੍ਹਾਂ ਚੀਜ਼ਾਂ ਤੋਂ ਬਾਅਦ ਵੀ ਲੋਕਾਂ ਨੂੰ ਔਖ ਮਹਿਸੂਸ ਹੁੰਦੀ ਹੈ।

ਜਦੋਂ ਪੱਖਾ ਜਾਂ ਏਸੀ ਚੱਲਦਾ ਹੈ ਤਾਂ ਹਵਾ ਖੁਸ਼ਕ ਹੋ ਜਾਂਦੀ ਹੈ। ਇਹ ਖੁਸ਼ਕ ਹਵਾ ਗਲੇ ਦੀ ਨਮ ਪਰਤ 'ਚ ਨਮੀ ਨੂੰ ਘੱਟ ਕਰ ਦਿੰਦੀ ਹੈ। ਇਸ ਨਾਲ ਗਲਾ ਖੁਸ਼ਕ ਹੋ ਜਾਂਦਾ ਹੈ ਅਤੇ ਇਸ 'ਚ ਦਰਦ ਮਹਿਸੂਸ ਹੋਣ ਲੱਗਦਾ ਹੈ ਅਤੇ ਪਹਿਲਾਂ ਤੋਂ ਮੌਜੂਦ ਸੋਜ਼ਿਸ਼ ਹੋਰ ਵੀ ਵੱਧ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਲੱਛਣ ਵੱਧ ਜਾਂਦੇ ਹਨ, ਜਿਸ ਨਾਲ ਬਿਮਾਰੀ ਹੌਲੀ-ਹੌਲੀ ਵੱਧਦੀ ਹੈ।

ਠੰਡਾ ਪਾਣੀ ਪੀਣ 'ਤੇ ਵੀ ਇਹੀ ਹੁੰਦਾ ਹੈ। ਜੇਕਰ ਗਲੇ 'ਚ ਪਹਿਲਾਂ ਤੋਂ ਹਲਕੀ ਸੋਜ਼ਿਸ਼ ਜਾਂ ਸੰਕ੍ਰਮਣ ਹੋਵੇ ਤਾਂ ਠੰਡਾ ਪਾਣੀ ਪੀਣ ਨਾਲ ਸੰਵੇਦਨਸ਼ੀਲ ਨਸਾਂ ਹੋਰ ਸੰਵੇਦਨਸ਼ੀਲ ਹੋ ਜਾਂਦੀਆਂ ਹਨ ਅਤੇ ਦਰਦ ਅਚਾਨਕ ਮਹਿਸੂਸ ਹੋਣ ਲੱਗਦਾ ਹੈ। ਅਜਿਹਾ ਹੋਣ ਕਰਕੇ ਇਹ ਗਲਤ ਧਾਰਨਾ ਹੋਰ ਪੁਖ਼ਤਾ ਹੋ ਜਾਂਦੀ ਹੈ ਕਿ 'ਠੰਡਾ ਪਾਣੀ ਹੀ ਦਰਦ ਦਾ ਕਾਰਨ ਹੈ।'

ਗਲੇ 'ਚ ਖਰਾਸ਼ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਇਸ ਦਾ ਇਨਕਿਊਬੇਸ਼ਨ ਪੀਰੀਅਡ ਯਾਨੀ ਉਤਪਨ ਕਰਨ ਦਾ ਸਮਾਂ ਹੈ। ਸੰਕ੍ਰਮਣ ਤੋਂ ਬਾਅਦ ਲੱਛਣ ਦਿਸਣ 'ਚ 1-3 ਦਿਨ ਲੱਗ ਸਕਦੇ ਹਨ। ਇਸ ਦੌਰਾਨ, ਪੱਖੇ ਜਾਂ ਏਸੀ ਦੇ ਹੇਠਾਂ ਸੌਣਾ ਜਾਂ ਠੰਡਾ ਪਾਣੀ ਪੀਤਾ ਤਾਂ ਇਸੇ ਨੂੰ ਸੰਕ੍ਰਮਣ ਹੋਣ ਦੀ ਵਜ੍ਹਾ ਮੰਨ ਲਿਆ ਜਾਂਦਾ ਹੈ।

ਸੰਖੇਪ 'ਚ ਕਹੀਏ ਤਾਂ ਠੰਡੀ ਹਵਾ ਅਤੇ ਠੰਡਾ ਪਾਣੀ ਇਸ ਬਿਮਾਰੀ ਦਾ ਕਾਰਨ ਨਹੀਂ ਹਨ ਬਲਕਿ ਇਸ ਬਿਮਾਰੀ ਨੂੰ ਹੋਰ ਬਦਤਰ ਬਣਾਉਣ 'ਚ ਯੋਗਦਾਨ ਦਿੰਦੇ ਹਨ।

ਨੱਕ ਅਤੇ ਗਲਾ ਸੰਕ੍ਰਮਣ ਨਾਲ ਕਿਵੇਂ ਲੜਦੇ ਹਨ ?

ਨੱਕ ਅਤੇ ਗਲਾ ਇੱਕ ਨਿਰੰਤਰ ਅਤੇ ਤਾਲਮੇਲ ਵਾਲੇ ਰੱਖਿਆ ਤੰਤਰ ਵੱਜੋਂ ਕੰਮ ਕਰਦੇ ਹਨ। ਸਾਹ ਲੈਂਦੇ ਸਮੇਂ ਨੱਕ ਸਾਡੀ ਪਹਿਲੀ ਜਾਂਚ ਚੌਂਕੀ ਹੁੰਦੀ ਹੈ। ਇਹ ਧੂੜ ਦੇ ਕਣਾਂ, ਰੋਗਾਣੂਆਂ ਅਤੇ ਪ੍ਰਦੂਸ਼ਕਾਂ ਨੂੰ ਛਾਣ ਕੇ ਬਾਹਰ ਕੱਢਦੀ ਹੈ।

ਇਸ ਲਈ ਜਦੋਂ ਤੱਕ ਇਹ ਹਵਾ ਗਲੇ ਤੱਕ ਪਹੁੰਚਦੀ ਹੈ ਉਦੋਂ ਤੱਕ ਇਸ ਦੇ ਹਾਨੀਕਾਰਕ ਤੱਤ ਕਾਫੀ ਹੱਦ ਤੱਕ ਘੱਟ ਹੋ ਚੁੱਕੇ ਹੁੰਦੇ ਹਨ।

ਗਲੇ ਵਿੱਚ ਇਮਿਊਨ ਟਿਸ਼ੂ ਹੁੰਦੇ ਹਨ ਜੋ ਦਾਖਲ ਹੋਣ ਵਾਲੇ ਕੀਟਾਣੂਆਂ ਨੂੰ ਪਛਾਣਦੇ ਹਨ ਅਤੇ ਸਰੀਰ ਦੀ ਪ੍ਰਤੀਕਿਰਿਆ ਸ਼ੁਰੂ ਕਰਦੇ ਹਨ।

ਇਹ ਬਹੁ-ਪੱਧਰੀ ਰੱਖਿਆ ਪ੍ਰਣਾਲੀ ਸਾਹ ਤੰਤਰ 'ਚ ਰੋਗਾਣੂਆਂ ਦੇ ਦਾਖ਼ਲੇ ਨੂੰ ਘੱਟ ਕਰਨ ਲਈ ਬੇਹੱਦ ਮਹੱਤਵਪੂਰਨ ਹੈ।

ਨੱਕ ਦੇ ਅੰਦਰ ਸਥਿਤ ਸਿਲਿਆ ਨਾਮਕ ਬਰੀਕ ਵਾਲ ਵਰਗੀਆਂ ਰਚਨਾਵਾਂ ਹੁੰਦੀਆਂ ਹਨ। ਇਹ ਬਲਗਮ 'ਚ ਫਸੇ ਕਣਾਂ ਨੂੰ ਬਾਹਰ ਧੱਕਦੀਆਂ ਹਨ। ਸਾਹ ਤੰਤਰ ਨੂੰ ਸਾਫ ਰੱਖਣ 'ਚ ਇਹ ਸੰਰਚਨਾ ਬਹੁਤ ਮਹੱਤਵਪੂਰਨ ਹੈ। ਖੁਸ਼ਕ ਵਾਤਾਵਰਨ 'ਚ ਇਨ੍ਹਾਂ ਦੀ ਗਤੀ ਹੌਲੀ ਹੋ ਸਕਦੀ ਹੈ, ਜਿਸ ਨਾਲ ਇਨ੍ਹਾਂ ਅਸਰ ਉਨਾ ਪ੍ਰਭਾਵੀ ਨਹੀਂ ਰਹਿ ਜਾਂਦਾ।

ਬਲਗਮ ਜਾਂ ਸਰਲ ਸ਼ਬਦਾਂ 'ਚ ਕਹੀਏ ਤਾਂ ਨੱਕ ਦਾ ਬਲਗਮ, ਸਿਰਫ਼ ਇੱਕ ਰਿਸਾਅ ਨਹੀਂ ਬਲਕਿ ਇੱਕ ਸੁਰੱਖਿਆਤਮਕ ਝਿੱਲੀ ਹੈ।

ਠਾਣੇ ਦੇ ਜੁਪਿਟਰ ਹਸਪਤਾਲ ਦੇ ਇੰਟਰਨਲ ਮੈਡੀਸਨ ਵਿਭਾਗ ਦੇ ਡਾਇਰੈਕਟਰ ਡਾ. ਅਮਿਤ ਸਰਾਫ ਨੇ ਕਿਹਾ, "ਕਿਉਂਕਿ ਬਲਗਮ ਚਿਪਚਿਪਾ ਹੁੰਦਾ, ਇਸ ਲਈ ਇਹ ਵਾਇਰਸ, ਬੈਕਟੀਰੀਆ ਅਤੇ ਸੂਖਮ ਕਣਾਂ ਨੂੰ ਫਸਾ ਲੈਂਦਾ ਹੈ। ਇਹ ਹੌਲੀ-ਹੌਲੀ ਨੱਕ ਦੇ ਰਸਤਿਓਂ ਬਾਹਰ ਨਿਕਲ ਜਾਂਦੇ ਹਨ ਜਾਂ ਨਿਗਲ ਲਏ ਜਾਂਦੇ ਹਨ ਜਾਂ ਢਿੱਡ ਦਾ ਐਸਿਡ ਇਸ ਨੂੰ ਬੇਅਸਰ ਕਰ ਦਿੰਦਾ ਹੈ। ਇਹ ਪ੍ਰਕਿਰਿਆ ਗਲੇ ਦੇ ਸੰਕ੍ਰਮਣ ਦੀ ਸੰਭਾਵਨਾ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੰਦੀ ਹੈ।"

ਨੱਕ ਅਤੇ ਗਲੇ ਦੀ ਸੰਰਚਨਾ ਦੇ ਮਹੱਤਵ ਨੂੰ ਸਮਝਾਉਂਦੇ ਹੋਏ ਡਾ. ਸਰਾਫ ਨੇ ਕਿਹਾ, "ਨੱਕ ਦੀ ਪਰਤ 'ਚ ਖੂਨ ਦੀਆਂ ਕੋਸ਼ਿਕਾਵਾਂ ਬਹੁਤ ਵੱਧ ਮਾਤਰਾ 'ਚ ਹੁੰਦੀਆਂ ਹਨ ਜੋ ਹਵਾ ਨੂੰ ਗਰਮ ਕਰਕੇ ਸਰੀਰ ਦੇ ਤਾਪਮਾਨ ਤੱਕ ਲਿਆਉਂਦੀਆਂ ਹਨ।"

"ਨਾਲ ਹੀ ਨੱਕ 'ਚ ਮੌਜੂਦ ਨਮੀ ਹਵਾ ਨੂੰ ਨਮ ਬਣਾਉਂਦੀ ਹੈ। ਇਹ ਜ਼ਰੂਰੀ ਹੈ ਕਿਉਂਕਿ ਗਲਾ ਅਤੇ ਸਾਹ ਤੰਤਰ ਦਾ ਹੇਠਲਾ ਹਿੱਸਾ ਗਰਮ, ਨਮ ਹਵਾ 'ਚ ਸਭ ਤੋਂ ਚੰਗੀ ਤਰ੍ਹਾਂ ਕੰਮ ਕਰਦਾ ਹੈ। ਖੁਸ਼ਕ ਜਾਂ ਠੰਡੀ ਹਵਾ ਇਸ ਪਰਤ 'ਚ ਜਲਨ ਪੈਦਾ ਕਰ ਸਕਦੀ ਹੈ, ਜਿਸ ਨਾਲ ਇਹ ਵੱਧ ਸੰਵੇਦਨਸ਼ੀਲ ਅਤੇ ਘੱਟ ਪ੍ਰਭਾਵੀ ਹੋ ਜਾਂਦੀ ਹੈ।"

ਲੰਬੇ ਸਮੇਂ ਤੱਕ ਪੱਖੇ ਜਾਂ ਏਸੀ ਦੀ ਹਵਾ 'ਚ ਰਹਿਣ ਦਾ ਕੀ ਅਸਰ ਹੁੰਦਾ ਹੈ?

ਖੁਸ਼ਕ ਹਵਾ ਦੇ ਲੰਬੇ ਸਮੇਂ ਤੱਕ ਸੰਪਰਕ 'ਚ ਰਹਿਣ ਨਾਲ ਨੱਕ ਅਤੇ ਗਲੇ 'ਚ ਮੌਜੂਦ ਕੁਦਰਤੀ ਨਮੀ ਘੱਟ ਹੋ ਜਾਂਦੀ ਹੈ।

ਇਸ ਨਾਲ ਗਲੇ ਦੀ ਸੁਰੱਖਿਆਤਮਕ ਪਰਤ ਲਈ ਰੋਗਾਣੂਆਂ ਨੂੰ ਫਸਾਉਣਾ ਅਤੇ ਬਾਹਰ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਥਿਤੀ 'ਚ ਖੁਸ਼ਕਪਨ, ਜਲਨ ਜਾਂ ਦਰਦ ਹੋ ਸਕਦਾ ਹੈ। ਹਾਲਾਂਕਿ ਇਸ ਨਾਲ ਸਿੱਧੇ ਤੌਰ 'ਤੇ ਸੰਕ੍ਰਮਣ ਨਹੀਂ ਹੁੰਦਾ ਪਰ ਇਹ ਗਲੇ ਨੂੰ ਵੱਧ ਸੰਵੇਦਨਸ਼ੀਲ ਬਣਾ ਦਿੰਦਾ ਹੈ ਅਤੇ ਮੌਜੂਦਾ ਲੱਛਣਾਂ ਨੂੰ ਹੋਰ ਵਧਾ ਸਕਦਾ ਹੈ।

ਇਸ ਤੋਂ ਇਲਾਵਾ, ਜਦੋਂ ਤੁਸੀਂ ਮੂੰਹ ਨਾਲ ਸਾਹ ਲੈਂਦੇ ਹੋ ਤਾਂ ਨੱਕ ਤੋਂ ਆਉਣ ਵਾਲੀ ਹਵਾ ਠੀਕ ਨਾਲ ਫਿਲਟਰ ਜਾਂ ਨਮ ਨਹੀਂ ਹੋ ਪਾਉਂਦੀ। ਇਸ ਲਈ ਸੁੱਕੀ ਹਵਾ ਸਿੱਧਾ ਤੁਹਾਡੇ ਗਲੇ 'ਚ ਜਾਂਦੀ ਹੈ। ਇਸ ਨਾਲ ਗਲੇ 'ਚ ਸੁੱਕਾਪਣ ਅਤੇ ਜਲਨ ਹੋ ਸਕਦੀ ਹੈ। ਸਮੇਂ ਦੇ ਨਾਲ ਇਹ ਸੰਕ੍ਰਮਣ ਨਾਲ ਲੜਨ ਦੀ ਤੁਹਾਡੇ ਗਲੇ ਦੀ ਸਮਰੱਥਾ ਨੂੰ ਘੱਟ ਕਰ ਸਕਦਾ ਹੈ।

ਡਾ. ਸਰਾਫ ਕਹਿੰਦੇ ਹਨ, "ਠੰਡੀ ਹਵਾ ਜਾਂ ਠੰਡੇ ਤਰਲ ਪਦਾਰਥ ਗਲੇ ਦੀਆਂ ਖੂਨ ਦੀਆਂ ਕੋਸ਼ਿਕਾਵਾਂ ਨੂੰ ਅਸਥਾਈ ਤੌਰ ਨਾਲ ਸੁੰਗੜਾ ਸਕਦੇ ਹਨ, ਜਿਸ ਨਾਲ ਗਲਾ ਵੱਧ ਸੰਵੇਦਨਸ਼ੀਲ ਮਹਿਸੂਸ ਹੁੰਦਾ ਹੈ। ਕਦੇ-ਕਦੇ ਇਸ ਨਾਲ ਗਲੇ 'ਚ ਖਰਾਸ਼ ਵਰਗਾ ਅਹਿਸਾਸ ਹੁੰਦਾ ਹੈ। ਹਾਲਾਂਕਿ ਇਹ ਬਦਲਾਅ ਅਸਥਾਈ ਹੁੰਦੇ ਹਨ ਅਤੇ ਸਿੱਧੇ ਤੌਰ 'ਤੇ ਸੰਕ੍ਰਮਣ ਦਾ ਕਾਰਨ ਨਹੀਂ ਬਣਦੇ ਹਨ।"

ਉਹ ਅੱਗੇ ਕਹਿੰਦੇ ਹਨ, "ਨੀਂਦ ਦੌਰਾਨ ਖਾਸ ਕਰ ਏਸੀ ਜਾਂ ਪੱਖੇ ਦੇ ਇਸਤੇਮਾਲ ਨਾਲ, ਹਵਾ ਖੁਸ਼ਕ ਹੋ ਜਾਂਦੀ ਹੈ। ਨਾਲ ਹੀ ਨਿਕਲਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ, ਜਿਸ ਨਾਲ ਗਲੇ ਨੂੰ ਉਸਦੀ ਕੁਦਰਤੀ ਨਮੀ ਨਹੀਂ ਮਿਲ ਪਾਉਂਦੀ। ਇਨ੍ਹਾਂ ਦੋਵੇਂ ਕਾਰਨਾਂ ਨਾਲ ਸਵੇਰੇ ਉੱਠਣ 'ਤੇ ਗਲਾ ਸੁੱਕਾ ਅਤੇ ਖਰਾਬ ਮਹਿਸੂਸ ਹੋ ਸਕਦਾ ਹੈ।"

ਗਲੇ 'ਚ ਖਰਾਸ਼ ਦੇ ਸਭ ਤੋਂ ਆਮ ਮੈਡੀਕਲ ਕਾਰਨ ਕੀ ਹੈ ?

ਗਲੇ 'ਚ ਖਰਾਸ਼ ਆਪਣੇ ਆਪ 'ਚ ਕੋਈ ਬਿਮਾਰੀ ਨਹੀਂ ਹੈ ਬਲਕਿ ਇੱਕ ਲੱਛਣ ਹੈ। ਡਾ. ਮਾਲਾ ਕਨੇਰੀਆ ਨੇ ਇਸ ਦੇ ਸਧਾਰਨ ਕਾਰਨਾਂ ਬਾਰੇ ਵੱਧ ਜਾਣਕਾਰੀ ਦਿੱਤੀ।

ਡਾ. ਕਨੇਰੀਆ ਜਸਲੋਕ ਹਸਪਤਾਲ ਅਤੇ ਖੋਜ ਕੇਂਦਰ 'ਚ ਸੰਕ੍ਰਾਮਕ ਰੋਗਾਂ ਦੇ ਸਲਾਹਕਾਰ ਹਨ। ਉਨ੍ਹਾਂ ਨੇ ਗਲੇ 'ਚ ਖਰਾਸ਼ ਦੇ ਸਧਾਰਨ ਕਾਰਨਾਂ ਨੂੰ ਸੂਚੀਬੱਧ ਕੀਤਾ:

1. ਵਾਇਰਲ ਸੰਕ੍ਰਮਣ (ਸਭ ਤੋਂ ਆਮ ਕਾਰਨ)

ਗਲੇ 'ਚ ਖਰਾਸ਼ ਦੇ ਵਧੇਰੇ ਮਾਮਲੇ ਵਾਇਰਲ ਸੰਕ੍ਰਮਣ ਕਾਰਨ ਹੁੰਦੇ ਹਨ। ਉਦਾਹਰਨ ਦੇ ਤੌਰ 'ਤੇ ਸਧਾਰਨ ਸਰਦੀ, ਇਨਫਲੂਐਂਜਾ (ਫਲੂ), ਕੋਵਿਡ 19, ਅਡੇਨੋਵਾਇਰਸ, ਸੰਕ੍ਰਾਮਕ ਮੋਨੋਨਿਊਕਲਓਸਿਸ (ਈਬੀਵੀ)। ਲੱਛਣਾਂ 'ਚ ਨੱਕ ਵੱਗਣਾ, ਖੰਘ, ਬੁਖਾਰ, ਸਰੀਰ 'ਚ ਦਰਦ ਅਤੇ ਆਵਾਜ਼ 'ਚ ਭਾਰੀਪਨ ਸ਼ਾਮਿਲ ਹਨ।

ਵਾਇਰਸ ਗਲੇ ਦੀ ਪਰਤ 'ਚ ਸੋਜ਼ਿਸ਼ ਪੈਦਾ ਕਰਦੇ ਹਨ ਅਤੇ ਪ੍ਰਤੀਰੱਖਿਆ ਪ੍ਰਣਾਲੀ ਸਰਗਰਮ ਹੋ ਜਾਂਦੀ ਹੈ, ਜਿਸ ਨਾਲ ਦਰਦ ਅਤੇ ਜਲਨ ਹੁੰਦੀ ਹੈ।

2. ਜੀਵਾਣੂ ਸੰਕ੍ਰਮਣ

ਸਭ ਤੋਂ ਆਮ ਵਜ੍ਹਾ ਸਟ੍ਰੈਪ ਥਰੋਟ ਹੈ, ਜਿਸ ਦੀ ਵਿਸ਼ੇਸ਼ਤਾ ਗਲੇ 'ਚ ਅਚਾਨਕ ਅਤੇ ਗੰਭੀਰ ਖਰਾਸ਼, ਬੁਖਾਰ, ਸੁੱਜੇ ਹੋਏ ਟੌਂਸਿਲ ਅਤੇ ਕਦੇ-ਕਦੇ ਸਫੇਦ ਧੱਬੇ ਜਾਂ ਮਵਾਦ, ਗਲੇ ਦੀਆਂ ਗ੍ਰੰਥੀਆਂ 'ਚ ਸੋਜ਼ਿਸ਼ ਹੈ।

3. ਗੈਰ-ਸੰਕ੍ਰਾਮਕ ਕਾਰਨ

ਗਲੇ 'ਚ ਖਰਾਸ਼ ਸੰਕ੍ਰਮਣ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਵੀ ਹੋ ਸਕਦੀ ਹੈ ਪਰ ਅਕਸਰ ਇਨ੍ਹਾਂ ਕਾਰਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਇਨ੍ਹਾਂ 'ਚ ਐਲਰਜੀ, ਐਸਿਡ ਰਿਫਲਕਸ (ਜੀਈਆਰਡੀ), ਮੂੰਹ ਨਾਲ ਸਾਹ ਲੈਣਾ, ਸਿਗਰਟਨੋਸ਼ੀ ਜਾਂ ਵੇਪਿੰਗ, ਪ੍ਰਦੂਸ਼ਣ, ਖੁਸ਼ਕ ਹਵਾ, ਲੋੜ ਤੋਂ ਵੱਧ ਬੋਲਣਾ ਜਾਂ ਗਾਉਣਾ ਅਤੇ ਨੱਕ ਤੋਂ ਪਾਣੀ ਵਹਿਣਾ ਸ਼ਾਮਿਲ ਹਨ।

ਦਰਅਸਲ ਕਈ ਲੋਕਾਂ 'ਚ ਵਾਰ-ਵਾਰ ਹੋਣ ਵਾਲੇ 'ਗਲੇ ਦੇ ਸੰਕ੍ਰਮਣ' ਦਾ ਮੁੱਖ ਕਾਰਨ ਅਸਲ 'ਚ ਐਸਿਡ ਰਿਫਲਕਸ ਜਾਂ ਐਲਰਜੀ ਪ੍ਰਤੀਕਿਰਿਆਵਾਂ ਹਨ।

ਡਾ. ਕਨੇਰੀਆ ਅੱਗੇ ਕਹਿੰਦੇ ਹਨ, " ਸਿਰਫ ਠੰਡੀ ਹਵਾ ਨਾਲ ਕੋਈ ਸਿੱਧਾ ਸੰਕ੍ਰਮਣ ਨਹੀਂ ਹੁੰਦਾ। ਸੰਕ੍ਰਮਣ ਹੋਣ ਲਈ ਵਾਇਰਸ, ਬੈਕਟੀਰੀਆ ਜਾਂ ਹੋਰ ਰੋਗਾਣੂ ਦਾ ਹੋਣਾ ਜ਼ਰੂਰੀ ਹੈ। ਸਿਰਫ ਪੱਖਾ ਚੱਲਣ ਨਾਲ ਕਿਸੇ ਨੂੰ ਗਲੇ 'ਚ ਖਰਾਸ਼ ਜਾਂ ਵਾਇਰਲ ਸਰਦੀ ਨਹੀਂ ਹੋ ਸਕਦੀ। ਹਾਲਾਂਕਿ ਠੰਡੀ ਜਾਂ ਖੁਸ਼ਕ ਹਵਾ ਗਲੇ 'ਚ ਜਲਨ ਪੈਦਾ ਕਰ ਸਕਦੀ ਹੈ। ਇਹ ਗਲੇ ਦੀ ਲੇਸਦਾਰ ਪਰਤ ਨੂੰ ਸੁਕਾ ਦਿੰਦੀ ਹੈ, ਜਿਸ ਨਾਲ ਪਹਿਲਾਂ ਤੋਂ ਮੌਜੂਦ ਸੋਜ਼ਿਸ਼ ਵੱਧ ਸਕਦੀ ਹੈ ਅਤੇ ਲੱਛਣ ਹੋਰ ਵੀ ਗੰਭੀਰ ਹੋ ਸਕਦੇ ਹਨ।

ਕੁਝ ਲੋਕਾਂ ਨੂੰ ਠੰਡਾ ਪਾਣੀ ਪੀਣ ਤੋਂ ਤੁਰੰਤ ਬਾਅਦ ਗਲੇ 'ਚ ਖਰਾਸ਼ ਕਿਉਂ ਮਹਿਸੂਸ ਹੁੰਦੀ ?

ਕੁਝ ਲੋਕਾਂ ਨੂੰ ਲੱਗਦਾ ਹੈ ਕਿ ਠੰਡਾ ਪਾਣੀ ਪੀਣ ਨਾਲ ਇਹ ਸਮੱਸਿਆ ਹਮੇਸ਼ਾ ਵੱਧ ਜਾਂਦੀ ਹੈ ਪਰ ਇਸ ਦੇ ਕਈ ਕਾਰਨ ਹੋ ਸਕਦੇ ਹਨ। ਉਦਾਹਰਨ ਲਈ ਇਹ ਵੀ ਹੋ ਸਕਦਾ ਹੈ ਕਿ ਪਹਿਲਾਂ ਤੋਂ ਮੌਜੂਦ ਕੋਈ ਹਲਕਾ ਸੰਕ੍ਰਮਣ ਹੁਣ ਹੋਰ ਗੰਭੀਰ ਹੋ ਰਿਹਾ ਹੋਵੇ।

ਡਾ. ਕਨੇਰੀਆ ਕਹਿੰਦੇ ਹਨ,"ਮਹੱਤਵਪੂਰਨ ਗੱਲ ਇਹ ਹੈ ਕਿ ਕਈ ਵਾਇਰਲ ਸੰਕ੍ਰਮਣ ਬਿਨਾਂ ਕਿਸੇ ਲੱਛਣ ਦੇ 1 ਤੋਂ 3 ਦਿਨਾਂ (ਕਦੇ-ਕਦੇ ਇਸ ਤੋਂ ਵੀ ਵੱਧ) ਤੱਕ ਸਰੀਰ 'ਚ ਬਣੇ ਰਹਿ ਸਕਦੇ ਹਨ। ਅਜਿਹੇ 'ਚ ਹੋ ਸਕਦਾ ਹੈ ਕਿ ਵਿਅਕਤੀ ਪਹਿਲਾਂ ਤੋਂ ਹੀ ਸੰਕ੍ਰਮਿਤ ਹੋਵੇ ਅਤੇ ਲੱਛਣ ਦਿਸਣ ਤੋਂ ਠੀਕ ਪਹਿਲਾਂ ਠੰਡਾ ਪਾਣੀ ਪੀ ਲਵੇ। ਜਿਸ ਕਾਰਨ ਦਿਮਾਗ ਇਨ੍ਹਾਂ ਦੋਵੇਂ ਘਟਨਾਵਾਂ ਨੂੰ ਜੋੜ ਕੇ ਇਹ ਨਤੀਜਾ ਕੱਢਦਾ ਹੈ ਕਿ ਠੰਡੇ ਪਾਣੀ ਕਾਰਨ ਹੀ ਗਲੇ 'ਚ ਖਰਾਸ਼ ਹੋਈ ਹੈ। ਅਸਲ 'ਚ ਉਦੋਂ ਤੱਕ ਲੱਛਣ ਦਿਸਣੇ ਸ਼ੁਰੂ ਹੋ ਚੁੱਕੇ ਹੁੰਦੇ। ਸ਼ਾਇਦ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਇਹ ਗਲਤ ਧਾਰਨਾ ਬਣੀ ਰਹਿੰਦੀ ਹੈ।"

ਇਸ ਤੋਂ ਇਲਾਵਾ ਠੰਡੇ ਤਾਪਮਾਨ ਨਾਲ ਸੰਵੇਦਨਸ਼ੀਲ ਟਿਸ਼ੂਆਂ 'ਚ ਅਸਥਾਈ ਤੌਰ 'ਤੇ ਜਲਨ ਹੋ ਸਕਦੀ ਹੈ। ਠੰਡੇ ਪੇਅ ਪਦਾਰਥਾਂ ਨਾਲ ਗਲੇ ਦੀਆਂ ਮਾਸਪੇਸ਼ੀਆਂ ਸੁੰਗੜ ਸਕਦੀਆਂ ਹਨ, ਜਿਸ ਨਾਲ ਨਸਾਂ ਉੱਤੇਜਿਤ ਹੋ ਜਾਂਦੀਆਂ ਹਨ ਅਤੇ ਪਹਿਲਾਂ ਤੋਂ ਮੌਜੂਦ ਸੋਜ਼ਿਸ਼ ਹੋਰ ਸਪੱਸ਼ਟ ਹੋ ਜਾਂਦੀ ਹੈ।

ਐਲਰਜੀ, ਐਸਿਡ ਰਿਫਲਕਸ, ਪੋਸਟਨੇਜ਼ਲ ਡਰਿੱਪ ਨਾਲ ਪੀੜਤ ਲੋਕਾਂ ਲਈ ਇਹ ਪ੍ਰਭਾਵ ਹੋਰ ਗੰਭੀਰ ਹੁੰਦੇ ਹਨ।

ਇਸ ਤੋਂ ਇਲਾਵਾ, ਠੰਡੇ ਪੇਅ ਪਦਾਰਥ ਬਲਗਮ ਦੀ ਮੋਟਾਈ ਨੂੰ ਅਸਥਾਈ ਰੂਪ ਨਾਲ ਬਦਲ ਸਕਦੇ ਹਨ। ਇਸ ਨਾਲ ਵਾਰ-ਵਾਰ ਗਲੇ 'ਚ ਖਰਾਸ਼, ਦਰਦ ਜਾਂ ਬੇਚੈਨੀ ਹੋ ਸਕਦੀ ਹੈ। ਇਨ੍ਹਾਂ ਸਾਰੇ ਕਾਰਨਾਂ ਨਾਲ ਤੁਹਾਨੂੰ ਅਜਿਹਾ ਮਹਿਸੂਸ ਹੋ ਸਕਦਾ ਹੈ ਕਿ ਤੁਸੀਂ 'ਬੀਮਾਰ' ਹੋ, ਜਦੋਂਕਿ ਅਸਲ 'ਚ ਤੁਹਾਨੂੰ ਕੋਈ ਸੰਕ੍ਰਮਣ ਨਹੀਂ ਹੈ।

ਤਾਂ ਆਪਣੇ ਗਲੇ ਦੀ ਦੇਖਭਾਲ ਕਿਵੇਂ ਕਰੀਏ ?

ਗਲੇ 'ਚ ਖਰਾਸ਼ ਤੋਂ ਬਚਾਅ ਦਾ ਪਹਿਲਾ ਉਪਾਅ ਸੰਕ੍ਰਮਣ ਦੇ ਖ਼ਤਰੇ ਨੂੰ ਘੱਟ ਕਰਨਾ ਹੈ। ਇਸ 'ਚ ਹੱਥਾਂ ਦੀ ਸਾਫ-ਸਫਾਈ ਬਣਾਏ ਰੱਖਣਾ, ਬੀਮਾਰ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਚਣਾ, ਘਰ ਜਾਂ ਬੰਦ ਥਾਂਵਾਂ 'ਚ ਢੁੱਕਵੀਂ ਵੈਂਟੀਲੇਸ਼ਨ ਯਕੀਨੀ ਬਣਾਉਣਾ ਅਤੇ ਲੋੜ ਮੁਤਾਬਕ ਫਲੂ ਜਾਂ ਕੋਵਿਡ ਵਰਗੀਆਂ ਬਿਮਾਰੀਆਂ ਖਿਲਾਫ ਟੀਕਾਕਰਨ ਕਰਵਾਉਣਾ ਸ਼ਾਮਿਲ ਹੈ।

ਦੂਜਾ ਉਪਾਅ ਹੈ ਗਲੇ ਅਤੇ ਨੱਕ ਦੀ ਅੰਦਰੂਨੀ ਪਰਤ ਦੀ ਰੱਖਿਆ ਕਰਨਾ। ਇਸ 'ਚ ਉਚਿਤ ਮਾਤਰਾ 'ਚ ਪਾਣੀ ਪੀਣਾ, ਸਿਰਗਟਨੋਸ਼ੀ ਜਾਂ ਵੇਪਿੰਗ ਤੋਂ ਬਚਣਾ, ਹਵਾ 'ਚ ਨਮੀ ਬਣਾਈ ਰੱਖਣ ਲਈ ਹਿਊਮਿਡਿਫਾਇਰ ਦਾ ਉਪਯੋਗ ਕਰਨਾ, ਐਲਰਜੀ ਦਾ ਇਲਾਜ ਕਰਨਾ, ਐਸਿਡ ਰਿਫਲਕਸ ਨੂੰ ਕੰਟਰੋਲ ਕਰਨਾ ਅਤੇ ਆਵਾਜ਼ ਦਾ ਵੱਧ ਇਸਤੇਮਾਲ ਕਰਨ ਤੋਂ ਬਚਣਾ ਸ਼ਾਮਿਲ ਹੈ।

ਤੀਜਾ ਅਤੇ ਸਭ ਤੋਂ ਮਹੱਤਵਪੂਰਨ ਬਿੰਦੂ ਇਹ ਹੈ ਕਿ ਆਪਣੀ ਰੋਗ ਪ੍ਰਤੀਰੋਧੀ ਸਮਰੱਥਾ ਨੂੰ ਮਜਬੂਤ ਕਰਨ ਲਈ ਤੁਹਾਨੂੰ ਪੂਰੀ ਨੀਂਦ ਅਤੇ ਸੰਤੁਲਿਤ ਭੋਜਣ ਲੈਣਾ, ਨਿਯਮਿਤ ਕਸਰਤ ਕਰਨਾ ਅਤੇ ਤਣਾਅ ਘੱਟ ਕਰਨ ਦੀ ਲੋੜ ਹੈ। ਇਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ 'ਚ ਸੁਧਾਰ ਹੁੰਦਾ ਹੈ।

ਤੁਹਾਨੂੰ ਡਾਕਟਰ ਕੋਲ ਕਦੋਂ ਜਾਣਾ ਚਾਹੀਦਾ ਹੈ ?

ਜੇਕਰ ਤੁਹਾਨੂੰ ਸਾਹ ਲੈਣ 'ਚ ਦਿੱਕਤ, ਲਾਰ ਟਪਕਣਾ ਜਾਂ ਨਿਗਲਣ 'ਚ ਸਮੱਸਿਆ, ਗਰਦਨ 'ਚ ਸੋਜ਼ਿਸ਼, ਅਸਪੱਸ਼ਟ ਆਵਾਜ਼ ਜਾਂ ਗੰਭੀਰ ਡੀ-ਹਾਈਡ੍ਰੇਸ਼ਨ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਹਾਨੂੰ ਤੁਰੰਤ ਡਾਕਟਰੀ ਮਦਦ ਲੈਣੀ ਚਾਹੀਦੀ ਹੈ।

ਡਾ. ਮਾਲਾ ਕਨੇਰੀਆ ਕਹਿੰਦੇ ਹਨ, "ਕੁਝ ਲੱਛਣ ਸਧਾਰਨ ਸਰਦੀ-ਜ਼ੁਕਾਮ ਦੇ ਨਹੀਂ ਬਲਕਿ ਜੀਵਾਣੂ ਸੰਕ੍ਰਮਣ (ਜਿਵੇਂ ਗਲੇ 'ਚ ਖਰਾਸ਼) ਦੇ ਹੋ ਸਕਦੇ ਹਨ। ਇਨ੍ਹਾਂ 'ਚ ਤੇਜ਼ ਬੁਖਾਰ, ਟੌਂਸਿਲ 'ਚ ਮਵਾਦ ਜਾਂ ਸਫੇਦ ਧੱਬੇ, ਗਲੇ ਦੇ ਇੱਕ ਪਾਸੇ ਗੰਭੀਰ ਖਰਾਸ਼, ਗਰਦਨ 'ਚ ਸੁੱਜੀਆਂ ਹੋਈਆਂ ਗ੍ਰੰਥੀਆਂ ਅਤੇ ਗਲੇ 'ਚ ਖਰਾਸ਼ ਹੋਣ ਦੇ ਬਾਵਜੂਦ ਖਾਂਸੀ ਨਾ ਹੋਣਾ ਸ਼ਾਮਿਲ ਹਨ।"

ਉਹ ਕਹਿੰਦੇ ਹਨ, "ਇਸ ਤੋਂ ਇਲਾਵਾ 1-2 ਹਫਤਿਆਂ ਤੋਂ ਵੱਧ ਸਮੇਂ ਤੱਕ ਰਹਿਣ ਵਾਲੇ ਲੱਛਣ, ਵਾਰ-ਵਾਰ ਗਲੇ 'ਚ ਗੰਭੀਰ ਖਰਾਸ਼ ਦਾ ਹੋਣਾ, ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਵਜ਼ਨ ਘੱਟਣਾ, ਲਾਰ 'ਚ ਖੂਨ ਆਉਣਾ ਜਾਂ ਲੰਬੇ ਸਮੇਂ ਤੱਕ ਆਵਾਜ਼ ਬੈਠ ਜਾਣਾ। ਜੇਕਰ ਅਜਿਹੇ ਲੱਛਣ ਦਿਖਾਈ ਦੇਣ ਤਾਂ ਘਰੇਲੂ ਇਲਾਜ ਜਾਂ ਖੁਦ ਦਵਾਈ ਲੈਣ ਦੀ ਥਾਂ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ।"

ਜੇਕਰ ਤੁਸੀਂ ਆਪਣੀ ਜੀਵਨਸ਼ੈਲੀ 'ਚ ਕੋਈ ਅਹਿਮ ਬਦਲਾਅ ਕਰਨਾ ਚਾਹੁੰਦੇ ਹੋ, ਆਪਣੇ ਭੋਜਣ 'ਚ ਬਦਲਾਅ ਲਿਆਉਣਾ ਚਾਹੁੰਦੇ ਹੋ ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਅਤੇ ਯੋਗ ਮਾਹਰ ਦੀ ਮਦਦ ਲੈਣਾ ਅਹਿਮ ਹੈ। ਬਿਹਤਰ ਇਹੀ ਹੋਵੇਗਾ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਠੀਕ ਢੰਗ ਨਾਲ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ 'ਤੇ ਹੀ ਜੀਵਨਸ਼ੈਲੀ 'ਚ ਬਦਲਾਅ ਕਰੋ। ਡਾਕਟਰ ਦੀ ਸਲਾਹ ਬਿਨਾਂ ਖੁਦ ਕੋਈ ਇਲਾਜ ਕਰਨਾ ਖਤਰਨਾਕ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)