You’re viewing a text-only version of this website that uses less data. View the main version of the website including all images and videos.
ਅਜਨਾਲਾ ਥਾਣੇ 'ਤੇ 'ਹਮਲੇ' ਦੇ ਮਾਮਲੇ 'ਚ ਅਮ੍ਰਿਤਪਾਲ ਸਿੰਘ 'ਤੇ ਕੀ ਇਲਜ਼ਾਮ ਆਇਦ ਹੋਏ, ਜੱਜ ਨੇ ਅਮ੍ਰਿਤਪਾਲ ਦੇ ਰੋਲ ਬਾਰੇ ਕੀ ਕਿਹਾ
ਫਰਵਰੀ 2023 ਵਿੱਚ ਅਜਨਾਲਾ ਥਾਣੇ ਉੱਤੇ ਕਥਿਤ ਤੌਰ 'ਤੇ ਹਮਲਾ ਕੀਤੇ ਜਾਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਅਮ੍ਰਿਤਪਾਲ ਸਿੰਘ ਉੱਤੇ ਇਲਜ਼ਾਮ ਆਇਦ ਕੀਤੇ ਗਏ ਹਨ।
ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਉੱਤੇ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਐੱਨਐੱਸਏ ਹਾਲ ਹੀ ਵਿੱਚ ਖ਼ਤਮ ਹੋਇਆ ਹੈ ਅਤੇ ਉਹ ਹੁਣ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹਨ।
ਪਰ ਉਨ੍ਹਾਂ ਨੂੰ ਹਾਲੇ ਵੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰੱਖਿਆ ਗਿਆ ਹੈ ਜਿੱਥੇ ਉਹ ਪਿਛਲੇ ਤਿੰਨ ਸਾਲਾਂ ਤੋਂ ਬੰਦ ਹਨ। ਉਹ ਇਸ ਸੁਣਵਾਈ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ।
ਅਮ੍ਰਿਤਪਾਲ ਸਿੰਘ ਦੇ ਵਕੀਲ ਵੱਲੋਂ ਅਮ੍ਰਿਤਪਾਲ ਸਿੰਘ ਨੂੰ ਅਜਨਾਲਾ ਥਾਣੇ ਨਾਲ ਜੁੜੇ ਕੇਸ ਵਿੱਚੋਂ ਡਿਸਚਾਰਜ ਕੀਤੇ ਜਾਣ ਲਈ ਅਰਜ਼ੀ ਪਾਈ ਗਈ ਸੀ।
ਐਡਿਸ਼ਨਲ ਸੈਸ਼ਨ ਜੱਜ ਅੰਮ੍ਰਿਤਸਰ ਵੱਲੋਂ ਇਸ ਨੂੰ ਡਿਸਪੋਜ਼ ਕਰ ਦਿੱਤਾ ਗਿਆ ਹੈ ਅਤੇ ਕਤਲ ਦੀ ਕੋਸ਼ਿਸ਼(ਆਈਪੀਸੀ 307), ਸਰਕਾਰੀ ਨੌਕਰਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨਾ(ਆਈਪੀਸੀ 333), ਸਰਕਾਰੀ ਨੌਕਰਾਂ ਦੀ ਡਿਊਟੀ ਡਿਊਟੀ ਵਿੱਚ ਵਿਘਨ ਪਾਉਣਾ(ਸੈਕਸ਼ਨ 186) ਸਣੇ ਸੈਕਸ਼ਨ 332, 353, 506,120-ੲ, 427, 148, 149 ਤਹਿਤ ਇਲਜ਼ਾਮ ਆਇਦ ਕੀਤੇ ਗਏ ਹਨ।
ਹਾਲਾਂਕਿ ਅਦਾਲਤ ਵੱਲੋਂ ਅਮ੍ਰਿਤਪਾਲ ਸਿੰਘ ਉੱਤੇ ਇਸ ਮਾਮਲੇ ਵਿੱਚ ਲੱਗਾ ਆਰਮਜ਼ ਐਕਟ ਅਤੇ ਸੈਕਸ਼ਨ 201(ਸਬੂਤਾਂ ਨੂੰ ਗਾਇਬ ਕਰਨ ਬਾਰੇ) ਹਟਾਇਆ ਗਿਆ ਹੈ।
ਅਮ੍ਰਿਤਪਾਲ ਸਿੰਘ ਦੇ ਵਕੀਲ ਰਿਤੂਰਾਜ ਸਿੰਘ ਨੇ ਕਿਹਾ ਕਿ ਉਹ ਹੁਣ ਹਾਈਕੋਰਟ ਵੱਲ੍ਹ ਰੁਖ਼ ਕਰਨਗੇ। ਵਕੀਲ ਮੁਤਾਬਕ ਇਸ ਕੇਸ ਦੀ ਅਗਲੀ ਸੁਣਵਾਈ ਕੇਸ ਦੇ ਸਬੂਤਾਂ ਉੱਤੇ ਹੋਵੇਗੀ ਜੋ ਕਿ 16 ਮਈ ਨੂੰ ਹੈ।
ਅਦਾਲਤੀ ਕਾਰਵਾਈ ਦੌਰਾਨ ਅਮ੍ਰਿਤਪਾਲ ਸਿੰਘ ਦੇ ਵਕੀਲ ਅਤੇ ਸਰਕਾਰੀ ਵਕੀਲ ਵੱਲੋਂ ਇਲਜ਼ਾਮਾਂ ਦੇ ਵਿਰੋਧ ਅਤੇ ਹੱਕ ਵਿੱਚ ਦਲੀਲਾਂ ਦਿੱਤੀਆਂ ਗਈਆਂ।
ਅਮ੍ਰਿਤਪਾਲ ਸਿੰਘ ਦੇ ਵਕੀਲ ਨੇ ਕੀ ਪੱਖ ਰੱਖਿਆ?
ਕੋਰਟ ਦੇ ਆਰਡਰ ਮੁਤਾਬਕ ਅਮ੍ਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ, "ਮੁਲਜ਼ਮ ਨੇ ਥਾਣੇ ਉੱਤੇ ਨਾ ਤਾਂ ਹਮਲਾ ਕੀਤਾ ਅਤੇ ਨਾ ਹੀ ਧੱਕੇ ਨਾਲ ਥਾਣੇ ਵਿੱਚ ਪਈ ਕਿਸੇ ਚੀਜ਼ ਨੂੰ ਕਬਜ਼ੇ ਵਿੱਚ ਲਿਆ। ਮੁਲਜ਼ਮ ਨੇ ਪੁਲਿਸ ਦੇ ਮਨਮਾਨੇ ਕਾਰਿਆਂ ਵਿਰੁੱਧ ਸ਼ਾਂਤਮਈ ਮੁਜ਼ਾਹਰਾ ਕੀਤਾ ਅਤੇ ਆਪਣੀ ਗ੍ਰਿਫ਼ਤਾਰੀ ਦੀ ਪੇਸ਼ਕਸ਼ ਕੀਤੀ।"
ਵਕੀਲ ਨੇ ਇਹ ਵੀ ਕਿਹਾ, "ਜਿਨ੍ਹਾਂ ਲੋਕਾਂ ਨੇ ਸਥਾਨਕ ਸਰਕਾਰ ਅਤੇ ਹੋਰ ਸਿਆਸੀ ਪਾਰਟੀਆਂ ਦੇ ਕਹਿਣ ਉੱਤੇ ਇਸ ਸ਼ਾਂਤਮਈ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ, ਨੇ ਆਪਣੇ ਕਾਰਿਆਂ ਲਈ ਹਿੰਸਾ ਦੀ ਵਰਤੋਂ ਕੀਤੀ, ਮੁਲਜ਼ਮ ਇਸ ਲਈ ਜ਼ਿੰਮੇਵਾਰ ਨਹੀਂ ਹੈ ਅਤੇ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ ਵੀ ਝੂਠ ਹਨ। "
ਵਕੀਲ ਨੇ ਇਹ ਵੀ ਕਿਹਾ ਕਿ ਮੁਲਜ਼ਮ ਦੀ ਪੁਲਿਸ ਖ਼ਿਲਾਫ਼ ਅਪਰਾਧਕ ਬਲ ਵਰਤਣ ਦੀ ਨਾ ਹੀ ਕੋਈ ਮਨਸ਼ਾ ਸੀ ਅਤੇ ਨਾ ਹੀ ਉਸ ਨੇ ਆਪਣੇ ਸਮਰਥਕਾਂ ਨੂੰ ਇਸ ਬਾਰੇ ਉਕਸਾਇਆ।
ਵਕੀਲ ਨੇ ਕਿਹਾ ਕਿ ਪੁਲਿਸ ਦੀ ਪੜਤਾਲ ਹਾਲੇ ਵੀ ਪੂਰੀ ਨਹੀਂ ਹੋਈ ਹੈ ਅਤੇ ਮੁਲਜ਼ਮ ਖ਼ਿਲਾਫ਼ ਇਲਜ਼ਾਮ ਆਇਦ ਨਹੀਂ ਹੋ ਸਕਦੇ। ਇਸ ਦੇ ਨਾਲ ਹੀ ਵਕੀਲ ਨੇ ਕਿਹਾ ਕਿ ਪੁਲਿਸ ਨੇ ਗਲਤ ਤਰੀਕੇ ਨਾਲ ਭਾਰਤੀ ਦੰਡਾਵਲੀ ਦੇ ਸੈਕਸ਼ਨ 333(ਕਿਸੇ ਸਰਕਾਰੀ ਮੁਲਾਜ਼ਮ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਬਾਰੇ) ਨੂੰ ਜੋੜਿਆ ਹੈ ਹਾਲਾਂਕਿ ਕਿਸੇ ਵੀ ਪੁਲਿਸ ਵਾਲੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ।
ਵਕੀਲ ਵੱਲੋਂ ਅਮ੍ਰਿਤਪਾਲ ਸਿੰਘ ਉੱਤੇ ਕਤਲ ਦੀ ਕੋਸ਼ਿਸ਼(ਸੈਕਸ਼ਨ 307) ਦੇ ਇਲਜ਼ਾਮਾਂ ਦੇ ਖ਼ਿਲਾਫ਼ ਵੀ ਦਲੀਲ ਦਿੱਤੀ ਗਈ।
ਸਰਕਾਰੀ ਵਕੀਲ ਨੇ ਕੀ ਕਿਹਾ
ਸਰਕਾਰੀ ਵਕੀਲ ਵੱਲੋਂ ਡਿਸਚਾਰਜ ਦੀ ਅਰਜ਼ੀ ਦੇ ਖ਼ਿਲਾਫ਼ ਦਲੀਲਾਂ ਦਿੱਤੀਆਂ ਗਈਆਂ।
ਸਰਕਾਰੀ ਵਕੀਲ ਨੇ ਕਿਹਾ, "23 ਫਰਵਰੀ 2023 ਨੂੰ 2 ਵਜੇ ਮੁਲਜ਼ਮ, ਹੋਰ ਵੱਡੀ ਗਿਣਤੀ ਵਿੱਚ ਲੋਕਾਂ ਨਾਲ ਜੋ ਕਿ ਬੰਦੂਕਾਂ, ਡੰਡਿਆਂ, ਕਿਰਪਾਨਾਂ ਅਤੇ ਹੋਰ ਚੀਜ਼ਾਂ ਨਾਲ ਲੈਸ ਸਨ, ਨੇ ਪੁਲਿਸ ਥਾਣੇ ਵੱਲ ਵੱਧਣਾ ਸ਼ੁਰੂ ਕੀਤਾ। ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਉੱਤੇ ਤੈਨਾਤ ਸਨ ਤਾਂ ਜੋ ਕਿਸੇ ਮਾੜੀ ਘਟਨਾ ਨੂੰ ਰੋਕਿਆ ਜਾ ਸਕੇ, ਰਿਕਾਰਡ ਵਿੱਚ ਲਿਆਂਦੀ ਇੱਕ ਵੀਡੀਓ ਵਿੱਚ ਮੁਲਜ਼ਮ ਨੂੰ ਇੱਕ ਸਹਿ-ਮੁਲਜ਼ਮ ਨੂੰ ਨਿਰਦੇਸ਼ ਦਿੰਦਿਆਂ ਵੇਖਿਆ ਜਾ ਸਕਦਾ ਹੈ ਅਤੇ ਇਸ ਤੋਂ ਬਾਅਦ ਹੀ ਉਸਦੇ ਸਮਰਥਕਾਂ ਨੇ ਹਿੰਸਾ ਕੀਤੀ।"
ਸਰਕਾਰੀ ਵਕੀਲ ਨੇ ਆਪਣੀ ਦਲੀਲ ਵਿੱਚ ਅੱਗੇ ਕਿਹਾ, "ਐੱਸਆਈ ਜੁਗਰਾਜ ਸਿੰਘ ਅਤੇ ਕੌਂਸਟੇਬਲ ਅਮਨਦੀਪ ਸਿੰਘ ਨੂੰ ਜਾਨਲੇਵਾ ਸੱਟਾਂ ਲੱਗੀਆਂ। ਐੱਸਪੀ ਜੁਗਰਾਜ ਸਿੰਘ ਦੀ ਖੋਪੜੀ ਵਿੱਚ ਫਰੈਕਟਰ ਹੋਇਆ ਅਤੇ ਉਹ ਸਰਜਰੀ ਤੋਂ ਬਾਅਦ ਵੀ ਜ਼ੇਰੇ ਇਲਾਜ ਰਹੇ।"
ਅਦਾਲਤ ਨੇ ਆਰਡਰ ਵਿੱਚ ਕੀ ਕਿਹਾ
ਐਡਿਸ਼ਨਲ ਸੈਸ਼ਨ ਜੱਜ ਅੰਮ੍ਰਿਤਸਰ ਪਰਿੰਦਰ ਸਿੰਘ ਨੇ ਆਪਣੇ ਆਰਡਰ ਵਿੱਚ ਕਿਹਾ, "ਅਦਾਲਤ ਦੀਆਂ ਪੁਰਾਣੀਆਂ ਆਬਜ਼ਰਵੇਸ਼ਨਜ਼ ਅਤੇ ਰਿਕਾਰਡ ਉੱਤੇ ਲਿਆਂਦੇ ਗਏ ਮਟੀਰੀਅਲ ਅਤੇ ਮੌਜੂਦਾ ਸਪਲੀਮੈਂਟਰੀ ਰਿਪੋਰਟ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਦਾ ਇਹ ਨਜ਼ਰੀਆ ਹੈ ਕਿ ਅਰਜ਼ੀਕਾਰ ਦੇ ਡਿਸਚਾਰਜ ਦਾ ਕੋਈ ਅਧਾਰ ਨਹੀਂ ਬਣਦਾ ਹੈ ਜਿਸ ਦੇ ਖਿਲਾਫ਼ ਜਨਤਕ ਸ਼ਾਂਤੀ, ਸਰਕਾਰੀ ਮੁਲਾਜ਼ਮਾਂ ਦੇ ਕਤਲ ਦੀ ਕੋਸ਼ਿਸ਼, ਅਪਰਾਧਕ ਧਮਕੀ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਗੰਭੀਰ ਇਲਜ਼ਾਮ ਹਨ।"
ਕੋਰਟ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਦੇ ਵਕੀਲ ਦਾ ਇਹ ਪੱਖ ਕਿ ਉਨ੍ਹਾਂ ਨੇ ਇੱਕ ਸ਼ਾਂਤਮਈ ਮੁਜ਼ਾਹਰੇ ਦੀ ਯੋਜਨਾ ਬਣਾਈ ਅਤੇ ਪ੍ਰਬੰਧ ਕੀਤਾ ਸੀ ਪਰ ਕੁਝ ਸ਼ਰਾਰਤੀ ਲੋਕਾਂ ਨੇ ਸਿਆਸੀ ਪਾਰਟੀਆਂ ਦੇ ਕਹਿਣ ਉੱਤੇ ਇਸ ਵਿੱਚ ਹਿੱਸਾ ਲਿਆ, ਇਸ ਉੱਤੇ ਇਸ ਸਟੇਜ ਉੱਤੇ ਧਿਆਨ ਨਹੀਂ ਦਿੱਤਾ ਜਾ ਸਕਦਾ।
ਕੋਰਟ ਨੇ ਅੱਗੇ ਕਿਹਾ, "ਅਰਜ਼ੀਕਾਰ ਦੀ ਅਰਜ਼ੀ ਦਾ ਬਚਾਅ ਪੱਖ ਹੈ ਜੋ ਕਿ ਸਬੂਤਾਂ ਦਾ ਵਿਸ਼ਾ ਹੋਵੇਗਾ ਅਤੇ ਇਸ ਉੱਤੇ ਮੁਕੱਦਮਾ ਪੂਰਾ ਹੋਣ ਉੱਤੇ ਹੀ ਟਿੱਪਣੀ ਕੀਤੀ ਜਾ ਸਕਦੀ ਹੈ। ਕਾਨੂੰਨ ਦੇ ਸਥਾਪਿਤ ਸਿਧਾਂਤ ਦੇ ਮੱਦੇਨਜ਼ਰ, ਇਹ ਅਦਾਲਤ ਉਸ ਸਮੱਗਰੀ/ਵੀਡੀਓ ਕਲਿੱਪਾਂ ਦੀ ਜਾਂਚ ਇਸ ਸ਼ੁਰੂਆਤੀ ਪੜਾਅ ਵਿੱਚ ਨਹੀਂ ਕਰ ਸਕਦੀ, ਜਿਨ੍ਹਾਂ ਨੂੰ ਅਰਜ਼ੀਕਾਰ/ਮੁਲਜ਼ਮ ਰਿਕਾਰਡ ਵਿੱਚ ਲਿਆਉਣਾ ਚਾਹੁੰਦਾ ਹੈ।"
ਕੋਰਟ ਨੇ ਆਪਣੇ ਆਰਡਰ ਵਿੱਚ ਅੱਗੇ ਕਿਹਾ, "ਜਿਵੇਂ ਕਿ ਐੱਸਪੀ ਜੁਗਰਾਜ ਸਿੰਘ, ਜੋ ਘਟਨਾ ਸਥਾਨ ਉੱਤੇ ਮੌਜੂਦ ਸਨ ਅਤੇ ਜਨਤਕ ਕਾਰਜ ਨਿਭਾ ਰਹੇ ਸਨ, ਦੀ ਖੋਪੜੀ ਦੀ ਹੱਡੀ ਟੁੱਟ ਗਈ ਸੀ, ਇਸ ਲਈ ਪੁਲਿਸ ਰਿਪੋਰਟ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 333 ਅਧੀਨ ਸਜ਼ਾਯੋਗ ਅਪਰਾਧ ਦੀ ਵਾਧੂ ਧਾਰਾ ਲਗਾਉਣਾ ਨਜਾਇਜ਼ ਨਹੀਂ ਕਿਹਾ ਜਾ ਸਕਦਾ।
ਅਰਜ਼ੀਕਰਤਾ ਦੇ ਵਕੀਲ ਵੱਲੋਂ ਇਹ ਦਲੀਲ ਸਹੀ ਦਿੱਤੀ ਗਈ ਹੈ ਕਿ ਅਰਜ਼ੀਕਰਤਾ/ਮੁਲਜ਼ਮ ਉੱਤੇ ਪੁਲਿਸ ਥਾਣੇ ਉੱਤੇ ਜ਼ਬਰਦਸਤੀ ਕਬਜ਼ਾ ਕਰਨ ਜਾਂ ਉੱਥੇ ਪਏ ਸਮਾਨ ਦੀ ਚੋਰੀ ਕਰਨ ਦਾ ਇਲਜ਼ਾਮ ਨਹੀਂ ਲਗਾਇਆ ਜਾ ਸਕਦਾ, ਪਰ ਇਹ ਦਲੀਲ ਪੂਰੀ ਤਰ੍ਹਾਂ ਅਪ੍ਰਸੰਗਿਕ ਲੱਗਦੀ ਹੈ ਕਿਉਂਕਿ ਪੁਲਿਸ ਰਿਪੋਰਟ ਵਿੱਚ ਅਜਿਹਾ ਕੋਈ ਇਲਜ਼ਾਮ ਨਹੀਂ ਹੈ ਅਤੇ ਨਾ ਹੀ ਧੱਕੇ ਨਾਲ ਦਾਖ਼ਲੇ, ਚੋਰੀ, ਡਕੈਤੀ ਜਾਂ ਲੁੱਟ ਦਾ ਕੋਈ ਅਜਿਹਾ ਜੁਰਮ ਪੁਲਿਸ ਰਿਪੋਰਟ ਵਿੱਚ ਜੋੜਿਆ ਗਿਆ ਹੈ।
ਅਰਜ਼ੀਕਾਰ ਦੀ ਰਸਮੀ ਗ੍ਰਿਫ਼ਤਾਰੀ ਵਿੱਚ ਤਿੰਨ ਸਾਲਾਂ ਦੀ ਦੇਰੀ ਨੂੰ ਵੀ ਇਸ ਪੜਾਅ ਉੱਤੇ ਕੋਈ ਅਜਿਹਾ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾ ਸਕਦਾ। ਇਸ ਤੋਂ ਇਲਾਵਾ, ਅਰਜ਼ੀਕਾਰ ਦੀ 'ਪ੍ਰਿਵੈਨਟਿਵ ਡਿਟੈਨਸ਼ਨ' ਨੂੰ ਕਿਸੇ ਸਮਰੱਥ ਅਧਿਕਾਰ ਖੇਤਰ ਵਾਲੀ ਅਦਾਲਤ ਵੱਲੋਂ ਗੈਰ-ਕਾਨੂੰਨੀ ਨਹੀਂ ਠਹਿਰਾਇਆ ਗਿਆ ਅਤੇ ਰਿਕਾਰਡ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਇਹ ਸੁਝਾਅ ਦੇਵੇ ਕਿ ਉਕਤ ਨਜ਼ਰਬੰਦੀ ਦੌਰਾਨ ਅਰਜ਼ੀਕਰਤਾ ਦੀ ਰਸਮੀ ਗ੍ਰਿਫ਼ਤਾਰੀ ਕੀਤੀ ਜਾ ਸਕਦੀ ਸੀ।
ਭਾਵੇਂ ਪੁਲਿਸ ਪੁਲਿਸ ਰਿਪੋਰਟ 'ਆਰਮਜ਼ ਐਕਟ' ਦੀਆਂ ਧਾਰਾਵਾਂ ਤਹਿਤ ਵੀ ਪੇਸ਼ ਕੀਤੀ ਗਈ ਹੈ, ਪਰ ਇਸ ਅਦਾਲਤ ਦੀ ਰਾਇ ਹੈ ਕਿ ਉਕਤ ਕਾਨੂੰਨ ਤਹਿਤ ਅਰਜ਼ੀਕਾਰ ਵਿਰੁੱਧ ਇਲਜ਼ਾਮ ਨਹੀਂ ਲਾਇਆ ਜਾ ਸਕਦਾ, ਕਿਉਂਕਿ ਅਜਿਹਾ ਕੋਈ ਇਲਜ਼ਾਮ ਨਹੀਂ ਹੈ ਕਿ ਉਹ ਕਿਸੇ ਬੰਦੂਕ ਨਾਲ ਲੈਸ ਸੀ, ਜਾਂ ਕਿਸੇ ਵੀ ਸਮੇਂ ਉਸਨੇ ਬੰਦੂਕ ਦੀ ਵਰਤੋਂ ਕੀਤੀ, ਜਾਂ ਜਾਂਚ ਦੌਰਾਨ ਉਸਦੇ ਕਬਜ਼ੇ ਵਿੱਚੋਂ ਕੋਈ ਬੰਦੂਕਨੁਮਾ ਹਥਿਆਰ ਬਰਾਮਦ ਹੋਇਆ।
ਅਜਨਾਲਾ ਥਾਣੇ ਬਾਹਰ ਹਿੰਸਾ ਦਾ ਮਾਮਲਾ ਕੀ ਹੈ
23 ਫਰਵਰੀ 2023 ਨੂੰ ਅਮ੍ਰਿਤਪਾਲ ਸਿੰਘ ਨੇ ਆਪਣੇ ਹਮਾਇਤੀਆਂ ਦੇ ਨਾਲ ਪਿੰਡ ਜੱਲੂਪੁਰ ਖੇੜਾ ਤੋਂ ਮਾਰਚ ਨੂੰ ਸ਼ੁਰੂ ਕੀਤਾ ਸੀ।
ਉਨ੍ਹਾਂ ਦੇ ਮਾਰਚ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਪੰਜ ਪਿਆਰੇ ਨਾਲ ਸਨ। ਉਨ੍ਹਾਂ ਦੇ ਪਿੱਛੇ ਅਮ੍ਰਿਤਪਾਲ ਸਨ। ਪੁਲਿਸ ਵੱਲੋਂ ਸਖ਼ਤ ਬੰਦੋਬਸਤ ਕੀਤੇ ਗਏ ਸਨ।
ਅਮ੍ਰਿਤਪਾਲ ਆਪਣੇ ਸਾਥੀ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਇਸ ਦੇ ਨਾਲ ਹੀ ਉਹ ਖੁਦ 'ਤੇ ਅਤੇ ਆਪਣੇ ਪੰਜ ਸਾਥੀਆਂ ਉੱਤੇ ਦਰਜ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਵੀ ਕਰ ਰਹੇ ਸੀ।
15 ਫ਼ਰਵਰੀ 2023 ਨੂੰ ਅੰਮ੍ਰਿਤਸਰ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਗਏ ਇੱਕ ਵਿਅਕਤੀ ਵਰਿੰਦਰ ਸਿੰਘ ਦੀ ਕਥਿਤ ਤੌਰ ਉੱਤੇ ਕੁੱਟਮਾਰ ਹੋਈ ਸੀ।
ਵਰਿੰਦਰ ਦੀ ਸ਼ਿਕਾਇਤ 'ਤੇ ਅਜਨਾਲਾ ਪੁਲਿਸ ਨੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਕੁਝ ਸਾਥੀਆਂ ਖ਼ਿਲਾਫ਼ ਕੁੱਟਮਾਰ ਅਤੇ ਲੁੱਟਖੋਹ ਦਾ ਪਰਚਾ ਦਰਜ ਕੀਤਾ।
22 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਨੇ ਇੱਕ ਪ੍ਰੈਸ ਵਾਰਤਾ ਵਿੱਚ ਕਿਹਾ ਸੀ ਕਿ ਜੇ ਗ੍ਰਿਫ਼ਤਾਰ ਕੀਤੇ ਗਏ ਉਨ੍ਹਾਂ ਦੇ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ 23 ਫ਼ਰਵਰੀ ਨੂੰ ਆਪਣੇ ਸਾਥੀਆਂ ਸਮੇਤ ਅਜਨਾਲਾ ਥਾਣੇ ਪਹੁੰਚ ਕੇ ਗ੍ਰਿਫ਼ਤਾਰੀ ਦੇਣਗੇ।
ਅਮ੍ਰਿਤਪਾਲ ਸਿੰਘ ਉੱਤੇ ਕਿੰਨੇ ਮਾਮਲੇ ਦਰਜ ਹਨ
ਅਮ੍ਰਿਤਪਾਲ ਸਿੰਘ 'ਤੇ ਪੰਜਾਬ 'ਚ ਦਰਜ ਕਰੀਬ 12 ਕੇਸ ਹਨ। ਅਮ੍ਰਿਤਪਾਲ ਸਿੰਘ ਦੇ ਵਕੀਲ ਰਿਤੂਰਾਜ ਸਿੰਘ ਨੇ ਦੱਸਿਆ ਕਿ ਅਜਨਾਲਾ ਥਾਣੇ ਵਾਲੇ ਕੇਸ ਵਿੱਚ ਕੁੱਲ 41 ਮੁਲਜ਼ਮ ਹਨ।
ਅਮ੍ਰਿਤਪਾਲ ਸਿੰਘ ਉੱਤੇ ਐੱਨਐੱਸਏ 22 ਅਪ੍ਰੈਲ ਨੂੰ ਖ਼ਤਮ ਹੋਇਆ ਸੀ, ਇਸ ਮਗਰੋਂ ਪੰਜਾਬ ਪੁਲਿਸ ਦੀ ਟੀਮ ਅਸਾਮ ਗਈ, ਗ੍ਰਿਫ਼ਤਾਰੀ ਮਗਰੋਂ ਵੀ ਸੁਰੱਖਿਆ ਅਤੇ ਹੋਰ ਕਾਰਨਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰੱਖਿਆ ਗਿਆ ਹੈ।
ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
ਪੰਜਾਬ ਸਰਕਾਰ ਵੱਲੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਖਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਸਾਲ 2023 ਵਿੱਚ ਲਗਾਇਆ ਗਿਆ ਸੀ ਜਿਸ ਨੂੰ ਸਾਲ 2024 ਵਿੱਚ ਇੱਕ ਸਾਲ ਲਈ ਵਧਾ ਦਿੱਤਾ ਗਿਆ ਸੀ।
ਫਿਰ ਸਾਲ 2025 ਵਿੱਚ ਵੀ ਇਸ ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ