You’re viewing a text-only version of this website that uses less data. View the main version of the website including all images and videos.
ਵਿਦੇਸ਼ੀ ਮੁਦਰਾ ਭੰਡਾਰ ਕੀ ਹੁੰਦਾ ਹੈ ਅਤੇ ਇਸ ਵਿੱਚ ਗਿਰਾਵਟ ਤੁਹਾਡੀ ਜੇਬ੍ਹ 'ਤੇ ਕਿਵੇਂ ਅਸਰ ਪਾ ਸਕਦੀ ਹੈ
- ਲੇਖਕ, ਡਿੰਕਲ ਪੋਪਲੀ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 8 ਮਿੰਟ
10 ਮਈ ਨੂੰ ਹੈਦਰਾਬਾਦ ਵਿੱਚ ਇੱਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਵਿਸ਼ਵਵਿਆਪੀ ਚੁਣੌਤੀਆਂ ਅਤੇ ਸੰਕਟਾਂ ਦਾ ਸਾਹਮਣਾ ਕਰਨ ਲਈ ਲੋਕਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਪੈਟਰੋਲੀਅਮ ਪਦਾਰਥਾਂ ਦੀ ਖਪਤ ਘਟਾਉਣ ਅਤੇ ਵਿਦੇਸ਼ੀ ਮੁਦਰਾ ਭੰਡਾਰ (ਫੌਰੈਸਕ ਰਿਜ਼ਰਵ) ਦੀ ਬੱਚਤ ਕਰਨ ਲਈ ਜ਼ਰੂਰੀ ਕਦਮ ਚੁੱਕਣ 'ਤੇ ਵੀ ਜ਼ੋਰ ਦਿੱਤਾ।
ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਵਿਦੇਸ਼ੀ ਮੁਦਰਾ ਭੰਡਾਰਾਂ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ, “ਪੈਟਰੋਲੀਅਮ, ਸੋਨਾ ਅਤੇ ਖਾਣ ਵਾਲੇ ਤੇਲ ਦੀ ਖਰੀਦ ਸਾਡੇ ਵਿਦੇਸ਼ੀ ਭੰਡਾਰਾਂ 'ਤੇ ਵਾਧੂ ਬੋਝ ਪਾਉਂਦੀ ਹੈ।”
ਉਨ੍ਹਾਂ ਅਪੀਲ ਕੀਤੀ ਕਿ ਲੋਕਾਂ ਨੂੰ ਇਨ੍ਹਾਂ ਦੀ ਬੇਲੋੜੀ ਖਰੀਦ ਤੋਂ ਬਚਣਾ ਚਾਹੀਦਾ ਹੈ ਅਤੇ ਪੈਟਰੋਲ ਤੇ ਖਾਣ ਵਾਲੇ ਤੇਲ ਦੀ ਵਰਤੋਂ ਬਹੁਤ ਸੰਜਮ ਨਾਲ ਕਰਨੀ ਚਾਹੀਦੀ ਹੈ।
ਪਰ ਕੀ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਆਈ ਕਮੀ ਤੁਹਾਡੀ ਜੇਬ੍ਹ ਨੂੰ ਪ੍ਰਭਾਵਿਤ ਕਰ ਸਕਦੀ ਹੈ? ਇਸ ਬਾਰੇ ਇਸ ਰਿਪੋਰਟ ਰਾਹੀਂ ਸਮਝੋ।
ਦਰਅਸਲ, ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਦੀ ਸਥਿਤੀ ਕਈ ਪੱਖਾਂ ਤੋਂ ਦੇਸ਼ ਦੇ ਆਰਥਿਕ ਭਵਿੱਖ ਨੂੰ ਤੈਅ ਕਰਦੀ ਹੈ ਅਤੇ ਇਹ ਸਾਡੇ ਘਰਾਂ ਦੇ ਬਜਟ ਨੂੰ ਬਣਾਉਣ ਜਾਂ ਵਿਗਾੜਨ ਦੀ ਤਾਕਤ ਰੱਖਦੀ ਹੈ।
ਇਸ ਪ੍ਰਭਾਵ ਨੂੰ ਬਾਰੀਕੀ ਨਾਲ ਸਮਝਣ ਲਈ ਅਸੀਂ ਮਾਹਰਾਂ ਨਾਲ ਗੱਲਬਾਤ ਕੀਤੀ ਤਾਂ ਜੋ ਇਹ ਜਾਣਿਆ ਜਾ ਸਕੇ ਕਿ ਵਿਦੇਸ਼ੀ ਭੰਡਾਰ ਕੀ ਹਨ ਅਤੇ ਇਹ ਇੰਨੇ ਜ਼ਰੂਰੀ ਕਿਉਂ ਹੁੰਦੇ ਹਨ।
ਵਿਦੇਸ਼ੀ ਮੁਦਰਾ ਭੰਡਾਰ ਜਾਂ 'ਫੋਰੈਕਸ ਰਿਜ਼ਰਵ' ਕੀ ਹੈ?
ਵਿਦੇਸ਼ੀ ਮੁਦਰਾ ਦੇ ਅਰਥ ਸਮਝਾਉਂਦਿਆਂ 'ਇੰਡੀਅਨ ਇੰਸਟੀਚਿਊਟ ਆਫ ਫੌਰਨ ਟ੍ਰੇਡ' (ਆਈਆਈਐੱਫਟੀ) ਦੇ ਪ੍ਰੋਫੈਸਰ, ਡਾਕਟਰ ਦੀਪਾਂਕਰ ਸਿਨਹਾ ਨੇ ਕਿਹਾ, "ਵਿਦੇਸ਼ੀ ਮੁਦਰਾ ਭੰਡਾਰ ਅਸਲ ਵਿੱਚ ਭਾਰਤੀ ਰਿਜ਼ਰਵ ਬੈਂਕ ਭਾਵ ਆਰਬੀਆਈ ਕੋਲ ਮੌਜੂਦ ਉਹ ਵਿਦੇਸ਼ੀ ਸੰਪਤੀਆਂ ਹਨ, ਜਿਨ੍ਹਾਂ ਦੀ ਵਰਤੋਂ ਦੇਸ਼ ਦੀ ਆਰਥਿਕਤਾ ਵਿੱਚ ਸਥਿਰਤਾ ਬਣਾਈ ਰੱਖਣ ਲਈ ਕੀਤੀ ਜਾਂਦੀ ਹੈ।"
ਡਾਕਟਰ ਸਿਨਹਾ ਮੁਤਾਬਕ ਇਨ੍ਹਾਂ ਭੰਡਾਰਾਂ ਵਿੱਚ ਮੁੱਖ ਤੌਰ 'ਤੇ ਹੇਠ ਲਿਖੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ-
ਵਿਦੇਸ਼ੀ ਮੁਦਰਾਵਾਂ: ਇਹ ਭਾਰਤ ਦੇ ਫੋਰੈਕਸ ਭੰਡਾਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਇਸ ਵਿੱਚ ਅਮਰੀਕੀ ਡਾਲਰ, ਯੂਰੋ ਅਤੇ ਬ੍ਰਿਟਿਸ਼ ਪਾਊਂਡ ਵਰਗੀਆਂ ਪ੍ਰਮੁੱਖ ਮੁਦਰਾਵਾਂ ਸ਼ਾਮਲ ਹੁੰਦੀਆਂ ਹਨ, ਜੋ ਅੰਤਰਰਾਸ਼ਟਰੀ ਵਪਾਰਕ ਲੈਣ-ਦੇਣ ਨੂੰ ਸੁਖਾਲਾ ਬਣਾਉਂਦੀਆਂ ਹਨ।
ਸੋਨਾ: ਸੋਨੇ ਦਾ ਭੰਡਾਰ ਮਹਿੰਗਾਈ ਵਿਰੁੱਧ ਇੱਕ ਢਾਲ ਵਜੋਂ ਕੰਮ ਕਰਦਾ ਹੈ ਅਤੇ ਆਰਥਿਕ ਅਨਿਸ਼ਚਿਤਤਾ ਦੇ ਸਮੇਂ ਸਥਿਰਤਾ ਦਿੰਦਾ ਹੈ। ਭੰਡਾਰ ਵਿੱਚ ਸੋਨੇ ਨੂੰ ਸ਼ਾਮਲ ਕਰਨਾ ਇਸ ਦੇ ਮੁੱਲ ਅਤੇ ਸੁਰੱਖਿਆ ਨੂੰ ਵਧਾਉਂਦਾ ਹੈ, ਜੋ ਭਾਰਤੀ ਆਰਥਿਕਤਾ ਵਿੱਚ ਇਸ ਦੀ ਰਵਾਇਤੀ ਮਹੱਤਤਾ ਨੂੰ ਦਰਸਾਉਂਦਾ ਹੈ।
ਸਪੈਸ਼ਲ ਡਰਾਇੰਗ ਰਾਈਟਸ: ਇਹ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦੁਆਰਾ ਬਣਾਈ ਗਈ ਇੱਕ ਅੰਤਰਰਾਸ਼ਟਰੀ ਰਿਜ਼ਰਵ ਸੰਪਤੀ ਹੈ, ਜੋ ਮੈਂਬਰ ਦੇਸ਼ਾਂ ਦੇ ਵਿਦੇਸ਼ੀ ਮੁਦਰਾ ਭੰਡਾਰ ਦੀ ਪੂਰਤੀ ਕਰਦੀ ਹੈ। ਇਹ ਅੰਤਰਰਾਸ਼ਟਰੀ ਤਰਲਤਾ ਨੂੰ ਵਧਾਉਂਦੇ ਹਨ ਅਤੇ ਵਿਸ਼ਵ ਮੁਦਰਾ ਪ੍ਰਣਾਲੀ ਨੂੰ ਸਥਿਰ ਕਰਨ ਵਿੱਚ ਯੋਗਦਾਨ ਪਾਉਂਦੇ ਹਨ।
ਆਈਐੱਮਐੱਫ ਕੋਲ ਰਿਜ਼ਰਵ ਹਿੱਸਾ: ਇਹ ਆਈਐੱਮਐੱਫ ਵਿੱਚ ਭਾਰਤ ਦੇ ਤੈਅ ਹਿੱਸੇ ਅਤੇ ਵੋਟਿੰਗ ਅਧਿਕਾਰਾਂ ਨੂੰ ਦਰਸਾਉਂਦਾ ਹੈ, ਜੋ ਇੱਕ ਵਿਸ਼ਵ ਵਿੱਤੀ ਸੰਸਥਾ ਵਜੋਂ ਭਾਰਤ ਦੀ ਭੂਮਿਕਾ ਅਤੇ ਪ੍ਰਭਾਵ ਦਾ ਪ੍ਰਤੀਕ ਹੈ।
ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਦੀ ਮੌਜੂਦਾ ਸਥਿਤੀ
ਭਾਰਤੀ ਰਿਜ਼ਰਵ ਬੈਂਕ ਮੁਤਾਬਕ 1 ਮਈ ਨੂੰ ਖਤਮ ਹੋਏ ਹਫ਼ਤੇ ਦੌਰਾਨ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 7.7 ਬਿਲੀਅਨ ਅਮਰੀਕੀ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 690 ਬਿਲੀਅਨ ਡਾਲਰ 'ਤੇ ਆ ਗਿਆ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ, ਸੋਨੇ ਦੇ ਭੰਡਾਰ ਵਿੱਚ ਵੀ 5 ਬਿਲੀਅਨ ਡਾਲਰ ਦੀ ਕਮੀ ਆਈ ਹੈ ਅਤੇ ਇਹ ਹੁਣ 115 ਬਿਲੀਅਨ ਡਾਲਰ ਰਹਿ ਗਿਆ ਹੈ।
ਵਿਦੇਸ਼ੀ ਮੁਦਰਾ ਸੰਪਤੀਆਂ, ਜੋ ਕਿ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਹਨ, ਵਿੱਚ ਵੀ ਹਫ਼ਤੇ ਦੌਰਾਨ 2.7 ਬਿਲੀਅਨ ਡਾਲਰ ਦੀ ਗਿਰਾਵਟ ਆਈ ਅਤੇ ਇਹ 551 ਬਿਲੀਅਨ ਡਾਲਰ ਰਹਿ ਗਈਆਂ। ਇਸ ਦੌਰਾਨ, ਸਪੈਸ਼ਲ ਡਰਾਇੰਗ ਰਾਈਟਸ (ਐੱਸਡੀਆਰਐੱਸ) 15 ਮਿਲੀਅਨ ਡਾਲਰ ਵਧ ਕੇ 18.78 ਬਿਲੀਅਨ ਡਾਲਰ ਹੋ ਗਏ ਹਨ। ਅੰਤਰਰਾਸ਼ਟਰੀ ਮੁਦਰਾ ਕੋਸ਼ ਕੋਲ ਭਾਰਤ ਦੀ ਰਿਜ਼ਰਵ ਸਥਿਤੀ ਵੀ 8 ਮਿਲੀਅਨ ਡਾਲਰ ਵਧ ਕੇ 4.86 ਬਿਲੀਅਨ ਡਾਲਰ ਹੋ ਗਈ ਹੈ।
ਵਿਦੇਸ਼ੀ ਮੁਦਰਾ ਦੀ ਵਰਤੋਂ ਕੀ ਹੈ?
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਤੇ ਉੱਘੇ ਅਰਥ ਸ਼ਾਸਤਰੀ ਅਰੁਣ ਕੁਮਾਰ ਇਸ ਦੀ ਅਹਿਮੀਅਤ ਦੱਸਦਿਆਂ ਕਹਿੰਦੇ ਹਨ, "ਜਦੋਂ ਤੁਸੀਂ ਦੂਜੇ ਦੇਸ਼ਾਂ ਤੋਂ ਸਮਾਨ ਖਰੀਦਦੇ ਹੋ, ਤਾਂ ਤੁਹਾਨੂੰ ਭੁਗਤਾਨ ਵਿਦੇਸ਼ੀ ਮੁਦਰਾ ਵਿੱਚ ਕਰਨਾ ਪੈਂਦਾ ਹੈ। ਉਦਾਹਰਨ ਵਜੋਂ, ਜੇਕਰ ਭਾਰਤ ਕੱਚਾ ਤੇਲ, ਸੋਨਾ ਜਾਂ ਪੈਟਰੋਲੀਅਮ ਖਰੀਦਦਾ ਹੈ, ਤਾਂ ਉਸ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚੋਂ ਡਾਲਰਾਂ ਵਿੱਚ ਭੁਗਤਾਨ ਕਰਨਾ ਪੈਂਦਾ ਹੈ।"
ਉਨ੍ਹਾਂ ਅੱਗੇ ਕਿਹਾ, "ਜਦੋਂ ਅਸੀਂ ਆਪਣਾ ਸਮਾਨ ਵੇਚਣ (ਆਮਦ) ਨਾਲੋਂ ਜ਼ਿਆਦਾ ਦੂਜੇ ਦੇਸ਼ਾਂ ਤੋਂ ਚੀਜ਼ਾਂ ਖਰੀਦਣ (ਦਰਾਮਦ) 'ਤੇ ਵਿਦੇਸ਼ੀ ਮੁਦਰਾ ਖਰਚ ਕਰਦੇ ਹਾਂ, ਤਾਂ ਸਾਡੀ ਮੁਦਰਾ ਦੀ ਕੀਮਤ ਡਿੱਗ ਜਾਂਦੀ ਹੈ। ਭਾਰਤ ਦਰਾਮਦ 'ਤੇ ਬਹੁਤ ਜ਼ਿਆਦਾ ਨਿਰਭਰ ਦੇਸ਼ ਹੈ।"
"ਸਾਡੀ ਦਰਾਮਦਗੀ ਵਧ ਰਹੀ ਹੈ ਅਤੇ ਬਰਆਮਦ ਘਟ ਰਹੀ ਹੈ, ਜਿਸ ਕਾਰਨ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋ ਰਿਹਾ ਹੈ। ਪੈਸਾ ਬਾਹਰ ਜ਼ਿਆਦਾ ਜਾ ਰਿਹਾ ਹੈ ਅਤੇ ਅਸੀਂ ਕਮਾ ਘੱਟ ਰਹੇ ਹਾਂ।"
ਸਾਡੀ ਬਰਆਮਦਗੀ ਘੱਟ ਕਿਉਂ ਹੈ?
ਪ੍ਰੋਫੈਸਰ ਅਰੁਣ ਕੁਮਾਰ ਮੁਤਾਬਕ ਘੱਟ ਗੁਣਵੱਤਾ ਕਾਰਨ ਭਾਰਤ ਦੀ ਬਰਾਮਦਗੀ, ਦਰਾਮਦਗੀ ਦੇ ਮੁਕਾਬਲੇ ਕਾਫ਼ੀ ਘੱਟ ਹੈ।
ਉਨ੍ਹਾਂ ਦੱਸਿਆ, "ਦੂਜਾ ਕਾਰਨ ਇਹ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਉਤਪਾਦਨ ਲਾਗਤ ਮਹਿੰਗੀ ਹੋ ਗਈ ਹੈ। ਸਾਡੀਆਂ ਵਸਤੂਆਂ ਮੁਕਾਬਲੇ ਦੀ ਸਮਰੱਥਾ ਗੁਆ ਰਹੀਆਂ ਹਨ।"
"ਇਸ ਤੋਂ ਇਲਾਵਾ ਲੌਜਿਸਟਿਕਸ (ਸਮੁੰਦਰੀ ਜਾਂ ਹਵਾਈ ਜਹਾਜ਼ਾਂ ਦਾ ਭਾੜਾ) ਦਾ ਖਰਚਾ ਵੀ ਵਧ ਰਿਹਾ ਹੈ। ਇਸ ਕਾਰਨ ਅਸੀਂ ਚੀਨ ਵਰਗੇ ਮੁਲਕਾਂ ਦਾ ਸਾਹਮਣਾ ਨਹੀਂ ਕਰ ਪਾ ਰਹੇ, ਜੋ ਘੱਟ ਉਤਪਾਦਨ ਲਾਗਤ ਅਤੇ ਉੱਤਮ ਗੁਣਵੱਤਾ ਕਾਰਨ ਵਪਾਰ ਵਿੱਚ ਬਹੁਤ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।"
ਉਹ ਅੱਗੇ ਦੱਸਦੇ ਹਨ, "ਸਾਡਾ 80 ਫੀਸਦੀ ਤੋਂ ਵੱਧ ਕੱਚਾ ਤੇਲ ਅਤੇ 65 ਫੀਸਦੀ ਗੈਸ ਦਰਾਮਦ ਕੀਤੀ ਜਾਂਦੀ ਹੈ, ਜਿਸ 'ਤੇ ਵੱਡੀ ਰਕਮ ਖਰਚ ਹੁੰਦੀ ਹੈ। ਇਸ ਤੋਂ ਇਲਾਵਾ, ਲੋਕ ਦੇਸ਼ ਵਿੱਚ ਜ਼ਿਆਦਾ ਨਿਵੇਸ਼ ਨਹੀਂ ਕਰ ਰਹੇ, ਜਿਸ ਕਾਰਨ ਭੰਡਾਰ ਲਗਾਤਾਰ ਘਟ ਰਹੇ ਹਨ ਅਤੇ ਇਸੇ ਕਰਕੇ ਰੁਪਏ ਦੀ ਕੀਮਤ ਡਿੱਗ ਰਹੀ ਹੈ।"
ਚੀਨ ਦੇ ਮੁਕਾਬਲੇ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਘੱਟ ਕਿਉਂ ਹੈ?
1 ਮਈ ਨੂੰ ਖਤਮ ਹੋਏ ਹਫ਼ਤੇ ਵਿੱਚ ਭਾਰਤ ਦਾ ਭੰਡਾਰ 690 ਬਿਲੀਅਨ ਡਾਲਰ ਹੈ, ਜਦਕਿ ਚੀਨ ਦਾ ਭੰਡਾਰ ਭਾਰਤ ਤੋਂ ਕਾਫੀ ਜ਼ਿਆਦਾ ਹੈ।
ਪ੍ਰੋਫੈਸਰ ਕੁਮਾਰ ਕਹਿੰਦੇ ਹਨ, "ਚੀਨ ਨੇ ਆਪਣੇ ਮੈਨੂਫੈਕਚਰਿੰਗ (ਨਿਰਮਾਣ) ਸੈਕਟਰ ਨੂੰ ਵੱਡੇ ਪੱਧਰ ਉੱਤੇ ਉਤਸ਼ਾਹਿਤ ਕਰਕੇ ਇਹ ਭੰਡਾਰ ਇਕੱਠਾ ਕੀਤਾ ਹੈ। ਉਨ੍ਹਾਂ ਨੇ ਪਿਛਲੇ 50 ਸਾਲਾਂ ਵਿੱਚ ਖੋਜ ਅਤੇ ਵਿਕਾਸ (ਆਰਐਂਡਡੀ) ਵਿੱਚ ਭਾਰੀ ਨਿਵੇਸ਼ ਕੀਤਾ ਹੈ, ਜਿਸ ਦਾ ਨਤੀਜਾ ਅੱਜ ਇਨ੍ਹਾਂ ਵੱਡੇ ਭੰਡਾਰਾਂ ਦੇ ਰੂਪ ਵਿੱਚ ਸਾਹਮਣੇ ਹੈ।"
"ਜਦਕਿ ਭਾਰਤ ਵਿੱਚ ਅਸੀਂ ਆਪਣੀ ਮੈਨੂਫੈਕਚਰਿੰਗ ਇੰਡਸਟਰੀ ਨੂੰ ਲੋੜੀਂਦਾ ਹੁਲਾਰਾ ਨਹੀਂ ਦਿੱਤਾ। ਅਸੀਂ ਤਕਨਾਲੋਜੀ ਵਿੱਚ ਵੀ ਪਿੱਛੇ ਹਾਂ, ਜਿਸ ਦਾ ਅਸਰ ਸਾਡੀ ਉਤਪਾਦਨ ਲਾਗਤ ਅਤੇ ਉਤਪਾਦ ਦੀ ਗੁਣਵੱਤਾ 'ਤੇ ਪੈਂਦਾ ਹੈ।"
ਉਨ੍ਹਾਂ ਮੁਤਾਬਕ, "ਕਿਉਂਕਿ ਸਾਡੇ ਭੰਡਾਰ ਸਥਿਰ ਨਹੀਂ ਰਹੇ ਹਨ, ਇਸ ਲਈ ਵਿਦੇਸ਼ੀ ਕੰਪਨੀਆਂ ਵੀ ਦੇਸ਼ ਵਿੱਚ ਨਿਵੇਸ਼ ਨਹੀਂ ਕਰਦੀਆਂ।"
ਉਹ ਇੱਕ ਅਹਿਮ ਉਦਾਹਰਨ ਦਿੰਦੇ ਹੋਏ ਕਹਿੰਦੇ ਹਨ, “ਸਾਲ 2003 ਵਿੱਚ ਭਾਰਤ ਦਵਾਈਆਂ ਦੇ ਕੱਚੇ ਮਾਲ (ਏਪੀਆਈ) ਦੇ ਉਤਪਾਦਨ ਵਿੱਚ ਕਾਫ਼ੀ ਹੱਦ ਤੱਕ ਆਤਮ-ਨਿਰਭਰ ਸੀ ਅਤੇ ਸਿਰਫ਼ 20 ਫੀਸਦੀ ਦਰਾਮਦ ਕਰਦਾ ਸੀ। ਪਰ ਹੁਣ 2026 ਵਿੱਚ ਅਸੀਂ 80 ਫੀਸਦੀ ਏਪੀਆਈ ਚੀਨ ਤੋਂ ਮੰਗਵਾ ਰਹੇ ਹਾਂ। ਇਸ ਤਰ੍ਹਾਂ ਵੱਖ-ਵੱਖ ਉਦਯੋਗਾਂ ਵਿੱਚ ਪਿਛਲੇ ਸਾਲਾਂ ਦੌਰਾਨ ਸਾਡੀ ਦਰਾਮਦਗੀ ਵਧੀ ਹੈ।”
ਵਿਦੇਸ਼ੀ ਮੁਦਰਾ ਕਿਵੇਂ ਇਕੱਠੀ ਹੁੰਦੀ ਹੈ ਅਤੇ ਇਹ ਕਿਉਂ ਜ਼ਰੂਰੀ ਹੈ?
ਪ੍ਰੋਫੈਸਰ ਕੁਮਾਰ ਮੁਤਾਬਕ, “ਜਦੋਂ ਅਸੀਂ ਆਪਣੀਆਂ ਵਸਤੂਆਂ ਵਿਦੇਸ਼ਾਂ ਵਿੱਚ ਵੇਚਦੇ ਹਾਂ, ਤਾਂ ਉਹ ਸਾਨੂੰ ਵਿਦੇਸ਼ੀ ਮੁਦਰਾ ਵਿੱਚ ਭੁਗਤਾਨ ਕਰਦੇ ਹਨ, ਜੋ ਸਾਡਾ ਵਿਦੇਸ਼ੀ ਭੰਡਾਰ ਬਣਦਾ ਹੈ। ਇਸ ਤੋਂ ਇਲਾਵਾ, ਜਦੋਂ ਕੋਈ ਵਿਦੇਸ਼ੀ ਕੰਪਨੀ ਭਾਰਤ ਵਿੱਚ ਨਿਵੇਸ਼ ਕਰਦੀ ਹੈ ਜਾਂ ਵਿਦੇਸ਼ਾਂ ਵਿੱਚ ਕੰਮ ਕਰਦੇ ਭਾਰਤੀ ਦੇਸ਼ ਵਿੱਚ ਪੈਸਾ ਭੇਜਦੇ ਹਨ ਜਾਂ ਇੱਥੇ ਨਿਵੇਸ਼ ਕਰਦੇ ਹਨ, ਤਾਂ ਇਸ ਨਾਲ ਸਾਡਾ ਵਿਦੇਸ਼ੀ ਮੁਦਰਾ ਭੰਡਾਰ ਮਜ਼ਬੂਤ ਹੁੰਦਾ ਹੈ।”
“ਇਹ ਦੇਸ਼ ਦੀ ਸਾਖ ਦਾ ਸਵਾਲ ਹੁੰਦਾ ਹੈ। ਮਜ਼ਬੂਤ ਭੰਡਾਰ ਵਾਲੇ ਦੇਸ਼ ਵਧੇਰੇ ਨਿਵੇਸ਼ ਖਿੱਚਦੇ ਹਨ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਕਰਜ਼ਾ ਵੀ ਆਸਾਨੀ ਨਾਲ ਮਿਲ ਜਾਂਦਾ ਹੈ, ਕਿਉਂਕਿ ਉਨ੍ਹਾਂ ਦੀ ਕਰਜ਼ਾ ਮੋੜਨ ਦੀ ਸਮਰੱਥਾ 'ਤੇ ਭਰੋਸਾ ਹੁੰਦਾ ਹੈ।”
ਆਮ ਆਦਮੀ 'ਤੇ ਇਸ ਦਾ ਕੀ ਅਸਰ ਪੈਂਦਾ ਹੈ?
ਮਾਹਰਾਂ ਮੁਤਾਬਕ ਮੱਧ ਪੂਰਬ ਦੇ ਸੰਕਟ ਕਾਰਨ ਊਰਜਾ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਜਦੋਂ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਅਤੇ ਦੇਸ਼ ਨੂੰ ਤੇਲ ਖਰੀਦਣ ਲਈ ਭਾਰੀ ਵਿਦੇਸ਼ੀ ਮੁਦਰਾ ਖਰਚਣੀ ਪੈਂਦੀ ਹੈ, ਤਾਂ ਇਸ ਨਾਲ ਮਹਿੰਗਾਈ ਵਧਦੀ ਹੈ ਜੋ ਹਰ ਖੇਤਰ ਵਿੱਚ ਮਹਿਸੂਸ ਕੀਤੀ ਜਾਂਦੀ ਹੈ ਅਤੇ ਆਮ ਆਦਮੀ ਨੂੰ ਪ੍ਰਭਾਵਿਤ ਕਰਦੀ ਹੈ।
ਰਸੋਈ ਦੇ ਬਜਟ ਦਾ ਸੰਕਟ: ਭਾਰਤ ਵੱਡੀ ਮਾਤਰਾ ਵਿੱਚ ਖਾਣ ਵਾਲੇ ਤੇਲ ਅਤੇ ਦਾਲਾਂ ਦੀ ਦਰਾਮਦਗੀ ਕਰਦਾ ਹੈ। ਜਦੋਂ ਭੰਡਾਰ ਘੱਟ ਹੁੰਦੇ ਹਨ ਅਤੇ ਰੁਪਿਆ ਕਮਜ਼ੋਰ ਹੁੰਦਾ ਹੈ, ਤਾਂ ਇਨ੍ਹਾਂ ਚੀਜ਼ਾਂ ਨੂੰ ਮੰਗਵਾਉਣ ਦੀ ਲਾਗਤ ਵਧ ਜਾਂਦੀ ਹੈ। ਇਸ ਦਾ ਸਿੱਧਾ ਅਸਰ ਖਾਣ ਵਾਲੇ ਤੇਲ, ਦਾਲਾਂ ਅਤੇ ਪੈਕ ਕੀਤੇ ਖਾਣੇ ਦੀਆਂ ਕੀਮਤਾਂ 'ਤੇ ਪੈ ਸਕਦਾ ਹੈ।
ਮਹਿੰਗੀ ਆਵਾਜਾਈ: ਭਾਰਤ ਆਪਣੀ ਲੋੜ ਦਾ 85% ਤੋਂ ਵੱਧ ਕੱਚਾ ਤੇਲ ਦਰਾਮਦ (ਇੰਪੋਰਟ) ਕਰਦਾ ਹੈ। ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਧਣ ਕਾਰਨ, ਭਾਰਤੀ ਕੰਪਨੀਆਂ ਨੂੰ ਤੇਲ ਦਾ ਉਹੀ ਬੈਰਲ ਖਰੀਦਣ ਲਈ ਹੁਣ ਸਥਾਨਕ ਮੁਦਰਾ (ਰੁਪਏ) ਵਿੱਚ ਜ਼ਿਆਦਾ ਭੁਗਤਾਨ ਕਰਨਾ ਪੈ ਰਿਹਾ ਹੈ। ਇਸ ਕਾਰਨ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਧ ਸਕਦੀਆਂ ਹਨ, ਜਿਸ ਨਾਲ ਲੋਕਾਂ ਲਈ ਸਫ਼ਰ ਕਰਨਾ ਮਹਿੰਗਾ ਹੋ ਜਾਵੇਗਾ।
ਖੇਤੀ ਲਾਗਤ: ਕੁਦਰਤੀ ਗੈਸ (ਜੋ ਕਿ ਦਰਾਮਦ ਕੀਤੀ ਜਾਂਦੀ ਹੈ) ਦੇ ਉਪ-ਉਤਪਾਦ ਵਜੋਂ ਤਿਆਰ ਹੋਣ ਵਾਲੀਆਂ ਖਾਦਾਂ ਦੀ ਕੀਮਤ ਵੀ ਵਧ ਜਾਂਦੀ ਹੈ, ਜਿਸ ਨਾਲ ਕਿਸਾਨ ਪ੍ਰਭਾਵਿਤ ਹੁੰਦੇ ਹਨ। ਭਾਰਤ ਡੀਏਪੀ ਵਰਗੀਆਂ ਤਿਆਰ ਖਾਦਾਂ ਵੀ ਦਰਾਮਦ ਕਰਦਾ ਹੈ, ਇਸ ਲਈ ਵਿਸ਼ਵਵਿਆਪੀ ਕੀਮਤਾਂ ਬਹੁਤ ਮਹੱਤਵ ਰੱਖਦੀਆਂ ਹਨ।
ਇਲੈਕਟ੍ਰਾਨਿਕ ਸਮਾਨ ਬਣੇਗਾ 'ਲਗਜ਼ਰੀ': ਤਕਰੀਬਨ ਹਰ ਸਮਾਰਟਫੋਨ, ਲੈਪਟਾਪ ਅਤੇ ਘਰੇਲੂ ਉਪਕਰਨ (ਜਿਵੇਂ AC ਜਾਂ TV) ਜਾਂ ਤਾਂ ਵਿਦੇਸ਼ਾਂ ਤੋਂ ਆਉਂਦੇ ਹਨ ਜਾਂ ਉਨ੍ਹਾਂ ਵਿੱਚ ਵਰਤੇ ਜਾਣ ਵਾਲੇ ਪੁਰਜ਼ੇ ਦੂਜੇ ਦੇਸ਼ਾਂ ਦੇ ਹੁੰਦੇ ਹਨ। ਰੁਪਿਆ ਡਿੱਗਣ ਨਾਲ ਕੰਪਨੀਆਂ ਆਪਣੀ ਲਾਗਤ ਪੂਰੀ ਕਰਨ ਲਈ ਕੀਮਤਾਂ ਵਧਾ ਦਿੰਦੀਆਂ ਹਨ। ਸੈਮੀਕੰਡਕਟਰ ਬਣਾਉਣ ਵਿੱਚ ਵਰਤੀ ਜਾਣ ਵਾਲੀ ਹੀਲੀਅਮ ਵੀ ਗੈਸ ਪ੍ਰੋਸੈਸਿੰਗ ਦਾ ਉਪ-ਉਤਪਾਦ ਹੈ, ਜੋ ਇਲੈਕਟ੍ਰਾਨਿਕ ਚੀਜ਼ਾਂ ਨੂੰ ਹੋਰ ਮਹਿੰਗਾ ਬਣਾਉਂਦੀ ਹੈ।
ਵਿਦੇਸ਼ੀ ਪੜ੍ਹਾਈ ਅਤੇ ਯਾਤਰਾ
ਜਿਨ੍ਹਾਂ ਪਰਿਵਾਰਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹ ਰਹੇ ਹਨ ਜਾਂ ਜਿਹੜੇ ਲੋਕ ਵਿਦੇਸ਼ੀ ਛੁੱਟੀਆਂ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ 'ਤੇ ਇਸ ਦਾ ਅਸਰ ਤੁਰੰਤ ਪੈਂਦਾ ਹੈ।
ਤੁਹਾਨੂੰ ਪੜ੍ਹਾਈ ਦੀ ਫੀਸ, ਹੋਟਲ ਬੁਕਿੰਗ ਅਤੇ ਯਾਤਰਾ ਲਈ ਡਾਲਰ ਖਰੀਦਣ ਵਾਸਤੇ ਹੁਣ ਜ਼ਿਆਦਾ ਰੁਪਏ ਖਰਚਣੇ ਪੈਣਗੇ। ਹਵਾਈ ਕਿਰਾਏ ਪਹਿਲਾਂ ਹੀ ਵਧ ਚੁੱਕੇ ਹਨ। ਅਮਰੀਕਾ ਵਿੱਚ 'ਸਪਿਰਿਟ' ਵਰਗੀਆਂ ਸਸਤੀਆਂ ਏਅਰਲਾਈਨਾਂ ਬੰਦ ਹੋ ਗਈਆਂ ਹਨ ਅਤੇ ਹੋਰਨਾਂ ਏਅਰਲਾਈਨਾਂ ਰਾਹੀਂ ਸਫ਼ਰ ਕਰਨਾ ਹੋਰ ਵੀ ਮਹਿੰਗਾ ਹੋ ਗਿਆ ਹੈ।
ਰੁਜ਼ਗਾਰ ਬਾਜ਼ਾਰ ਅਤੇ ਕਾਰੋਬਾਰੀ ਸੁਸਤੀ
ਬਹੁਤ ਸਾਰੇ ਭਾਰਤੀ ਕਾਰੋਬਾਰ ਆਪਣੀਆਂ ਫੈਕਟਰੀਆਂ ਚਲਾਉਣ ਲਈ ਕੱਚੇ ਮਾਲ ਅਤੇ ਮਸ਼ੀਨਰੀ ਦੀ ਦਰਾਮਦ 'ਤੇ ਨਿਰਭਰ ਕਰਦੇ ਹਨ। ਦਰਾਮਦਗੀ ਦੀ ਉੱਚੀ ਲਾਗਤ ਕੰਪਨੀਆਂ ਦੇ ਮੁਨਾਫੇ ਨੂੰ ਘਟਾਉਂਦੀ ਹੈ, ਕਿਉਂਕਿ ਵਧੀ ਹੋਈ ਲਾਗਤ ਦਾ ਪੂਰਾ ਬੋਝ ਗਾਹਕਾਂ 'ਤੇ ਨਹੀਂ ਪਾਇਆ ਜਾ ਸਕਦਾ।
ਜਿਵੇਂ-ਜਿਵੇਂ ਕੀਮਤਾਂ ਵਧਦੀਆਂ ਹਨ, ਮੰਗ ਘਟਦੀ ਹੈ ਅਤੇ ਉਤਪਾਦਨ ਵਿੱਚ ਕਟੌਤੀ ਕੀਤੀ ਜਾਂਦੀ ਹੈ, ਜਿਸਦਾ ਸਿੱਧਾ ਅਸਰ ਰੁਜ਼ਗਾਰ 'ਤੇ ਪੈਂਦਾ ਹੈ। ਕੰਮਕਾਜੀ ਪੂੰਜੀ (ਵਰਕਿੰਗ ਕੈਪੀਟਲ) ਦੀ ਘਾਟ ਕਾਰਨ ਛੋਟੇ ਕਾਰੋਬਾਰ ਬੰਦ ਹੋ ਜਾਂਦੇ ਹਨ, ਜੋ ਕਿ ਵੱਡੇ ਪੱਧਰ 'ਤੇ ਉਤਪਾਦਨ ਅਤੇ ਰੁਜ਼ਗਾਰ ਨੂੰ ਪ੍ਰਭਾਵਿਤ ਕਰਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ