ਵੈਨੇਜ਼ੁਏਲਾ ਵਿੱਚ ਭਿਆਨਕ ਭੂਚਾਲ, ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਾਸ ਵਿੱਚ ਕੁਝ ਹੀ ਸੈਕਿੰਡਾਂ ਦੇ ਅੰਤਰਾਲ 'ਤੇ ਦੋ ਵੱਡੇ ਭੂਚਾਲ ਆਏ ਹਨ। ਪਹਿਲਾ ਭੂਚਾਲ 7.2 ਤੀਬਰਤਾ ਦਾ ਸੀ, ਜਦਕਿ ਦੂਜਾ 7.5 ਤੀਬਰਤਾ ਦਾ ਸੀ।

ਇਸ ਭੂਚਾਲ ਵਿੱਚ ਇਮਾਰਤਾਂ ਢਹਿ ਗਈਆਂ ਹਨ ਅਤੇ ਲੋਕ ਆਪਣੇ ਘਰਾਂ ਤੋਂ ਨਿੱਕਲ ਕੇ ਸੜਕਾਂ 'ਤੇ ਆ ਗਏ ਹਨ। ਗ੍ਰਹਿ ਮੰਤਰੀ ਨੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੀ ਅਪੀਲ ਕੀਤੀ ਹੈ।

ਇਸ ਭੂਚਾਲ ਕਾਰਨ ਭਾਰੀ ਜਾਨੀ ਨੁਕਸਾਨ ਅਤੇ ਵੱਡੇ ਮਾਲੀ ਨੁਕਸਾਨ ਦੀ ਖਦਸ਼ਾ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਮ੍ਰਿਤਕਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਹੋਣ ਦੀ ਖਦਸ਼ਾ ਹੈ।

ਵੈਨੇਜ਼ੁਏਲਾ ਦੇ ਗ੍ਰਹਿ ਮੰਤਰੀ ਡੀਓਸਦਾਦੋ ਕਾਬੇਯੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿ ਉਹ ਆਪਣੇ ਘਰਾਂ ਤੋਂ ਬਾਹਰ ਰਹਿਣ।

ਕਾਬੇਯੋ ਨੇ ਕਿਹਾ ਹੈ ਕਿ ਸਾਵਧਾਨੀ ਵਜੋਂ ਕਈ ਇਮਾਰਤਾਂ ਨੂੰ ਪੈਟਰੋਲ ਸਪਲਾਈ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ, "ਕੁਝ ਇਮਾਰਤਾਂ ਨੁਕਸਾਨੀਆਂ ਹੋਈਆਂ ਹਨ ਅਤੇ ਅਸੀਂ ਨਹੀਂ ਚਾਹੁੰਦੇ ਕਿ ਗੈਸ ਨਾਲ ਜੁੜਿਆ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਵਾਪਰੇ।"

ਭੂਚਾਲ ਆਉਣ ਦੇ ਸਮੇਂ ਵੈਨੇਜ਼ੁਏਲਾ ਵਿੱਚ ਕੌਮੀ ਛੁੱਟੀ ਮਨਾਈ ਜਾ ਰਹੀ ਸੀ, ਇਸ ਲਈ ਕਈ ਲੋਕ ਆਪਣੇ ਘਰਾਂ ਵਿੱਚ ਮੌਜੂਦ ਰਹੇ ਹੋਣਗੇ। ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ 6:04 ਵਜੇ ਆਇਆ।

ਭੂਚਾਲ ਦਾ ਕੇਂਦਰ ਕਰਾਕਾਸ ਦੇ ਪੱਛਮ ਵਿੱਚ ਸਥਿਤ ਮੋਂਟਾਲਬਾਨ ਖੇਤਰ ਵਿੱਚ ਸੀ ਅਤੇ ਇਸ ਦੇ ਝਟਕੇ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੱਕ ਮਹਿਸੂਸ ਕੀਤੇ ਗਏ।

ਵੈਨੇਜ਼ੁਏਲਾ ਦੇ ਕਈ ਹੋਰ ਸੂਬਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਵੈਨੇਜ਼ੁਏਲਾ ਦੇ ਗ੍ਰਹਿ ਮੰਤਰੀ ਨੇ ਸਰਕਾਰੀ ਟੈਲੀਵਿਜ਼ਨ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੇਸ਼ ਦੇ ਕਈ ਸੂਬੇ ਭੂਚਾਲ ਨਾਲ ਪ੍ਰਭਾਵਿਤ ਹੋਏ ਹਨ।

ਉਨ੍ਹਾਂ ਨੇ ਵੀਟੀਵੀ ਨਾਲ ਫ਼ੋਨ 'ਤੇ ਗੱਲ ਕਰਦਿਆਂ ਕਿਹਾ, "ਸਾਰੇ ਸੰਕੇਤ ਦੱਸਦੇ ਹਨ ਕਿ ਇਸ ਦੀ ਤੀਬਰਤਾ ਸੱਤ ਤੋਂ ਕਾਫ਼ੀ ਵੱਧ ਸੀ।"

ਉਨ੍ਹਾਂ ਕਿਹਾ, "ਇਸ ਦੇ ਝਟਕੇ ਤਰੂਜਿਲੋ, ਯਾਰਾਕੁਈ, ਕਾਰਾਬੋਬੋ, ਅਰਾਗੁਆ, ਮਿਰਾਂਡਾ, ਕਰਾਕਾਸ ਅਤੇ ਲਾ ਗੁਆਇਰਾ ਵਿੱਚ ਤੀਬਰਤਾ ਨਾਲ ਮਹਿਸੂਸ ਕੀਤੇ ਗਏ।"

ਉਨ੍ਹਾਂ ਅੱਗੇ ਦੱਸਿਆ ਕਿ ਰਾਜਧਾਨੀ ਕਰਾਕਾਸ ਵਿੱਚ ਪਾਲੋਸ ਗ੍ਰਾਂਦੇਸ ਅਤੇ ਅਲਤਾਮੀਰਾ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਵੱਡੇ ਪੱਧਰ 'ਤੇ ਜਾਨ-ਮਾਲ ਦੇ ਨੁਕਸਾਨ ਅਤੇ ਆਫ਼ਟਰਸ਼ਾਕਸ ਦੀ ਸੰਭਾਵਨਾ - ਯੂਐਸਜੀਐਸ

ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਦਾ ਕਹਿਣਾ ਹੈ ਕਿ ਬੁੱਧਵਾਰ ਸ਼ਾਮ ਵੈਨੇਜ਼ੁਏਲਾ ਦੀ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਆਏ ਭੂਚਾਲਾਂ ਤੋਂ ਬਾਅਦ ਵੱਡੇ ਪੱਧਰ 'ਤੇ ਜਾਨ-ਮਾਲ ਦੇ ਨੁਕਸਾਨ ਦਾ ਖਦਸ਼ਾ ਹੈ।

ਯੂਐਸਜੀਐਸ ਦਾ ਕਹਿਣਾ ਹੈ ਕਿ "ਆਫ਼ਤ ਦਾ ਪ੍ਰਭਾਵ ਵੱਡੇ ਖੇਤਰ 'ਚ ਹੋ ਸਕਦਾ ਹੈ" ਅਤੇ ਇਸ ਤੋਂ ਬਾਅਦ ਤੇਜ਼ ਝਟਕਿਆਂ ਵਾਲੇ ਆਫ਼ਟਰਸ਼ਾਕਸ ਵੀ ਆ ਸਕਦੇ ਹਨ।

ਏਜੰਸੀ ਦੇ ਮੁਤਾਬਕ, 10,000 ਤੋਂ ਵੱਧ ਲੋਕਾਂ ਦੀ ਮੌਤ ਦੀ ਸੰਭਾਵਨਾ 44% ਹੈ ਅਤੇ 1,00,000 ਤੋਂ ਵੱਧ ਲੋਕਾਂ ਦੀ ਮੌਤ ਦੀ ਸੰਭਾਵਨਾ 30% ਹੈ। ਇਸ ਦੇ ਨਾਲ ਹੀ, ਜ਼ਮੀਨ ਧੱਸਣ (ਲੈਂਡਸਲਾਈਡ) ਅਤੇ ਲਿਕਵਿਫੈਕਸ਼ਨ ਦਾ ਵੀ ਕਾਫ਼ੀ ਖ਼ਤਰਾ ਹੈ।

ਲਿਕਵਿਫੈਕਸ਼ਨ ਉਹ ਸਥਿਤੀ ਹੈ ਜਦੋਂ ਭੂਚਾਲ ਦੇ ਝਟਕਿਆਂ ਕਾਰਨ ਢਿੱਲੀ ਜਾਂ ਰੇਤਲੀ ਮਿੱਟੀ ਆਪਣੀ ਮਜ਼ਬੂਤੀ ਗੁਆ ਕੇ ਤਰਲ ਵਾਂਗ ਵਿਵਹਾਰ ਕਰਨ ਲੱਗਦੀ ਹੈ, ਜਿਸ ਨਾਲ ਜ਼ਮੀਨ ਖਿਸਕ ਸਕਦੀ ਹੈ।

ਕੋਲੰਬੀਆ ਤੱਕ ਮਹਿਸੂਸ ਕੀਤੇ ਗਏ ਝਟਕੇ

ਬੀਬੀਸੀ ਦੇ ਨੌਰਥ ਅਮਰੀਕਾ ਦੇ ਪੱਤਰਕਾਰ ਵਿਲ ਗ੍ਰਾਂਟ ਦੇ ਮੁਤਾਬਕ, ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ ਹਨ, ਕਈ ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਅਤੇ ਕੁਝ ਢਹਿ ਗਈਆਂ ਹਨ।

ਇਸੇ ਤਰ੍ਹਾਂ, ਆਫ਼ਟਰਸ਼ਾਕਸ (ਭੂਚਾਲ ਮਗਰੋਂ ਆਉਣ ਵਾਲੇ ਹੋਰ ਝਟਕੇ) ਦੇ ਡਰ ਕਾਰਨ ਹਜ਼ਾਰਾਂ ਲੋਕ ਅਜੇ ਤੱਕ ਆਪਣੇ ਅਪਾਰਟਮੈਂਟਾਂ/ਘਰਾਂ ਵਿੱਚ ਵਾਪਸ ਨਹੀਂ ਗਏ ਹਨ।

ਭੂਚਾਲ ਦੇ ਝਟਕੇ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੱਕ ਮਹਿਸੂਸ ਕੀਤੇ ਗਏ।

ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦਾ ਜਾਇਜਾ ਅਜੇ ਲਿਆ ਜਾ ਰਿਹਾ ਹੈ, ਇਸ ਲਈ ਅਸਲ ਵਿੱਚ ਕਿਸ ਹੱਦ ਤੱਕ ਨੁਕਸਾਨ ਹੋਇਆ ਹੈ ਇਹ ਅਜੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕਿਆ ਹੈ।

'ਮੈਨੂੰ ਪਹਿਲਾਂ ਕਦੇ ਅਜਿਹਾ ਮਹਿਸੂਸ ਨਹੀਂ ਹੋਇਆ'

ਇੱਕ ਵਿਅਕਤੀ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, "ਮੇਰੀ ਇਮਾਰਤ ਦੀਆਂ ਕਈ ਕੰਧਾਂ ਟੁੱਟ ਗਈਆਂ ਜਾਂ ਉਨ੍ਹਾਂ ਵਿੱਚ ਤਰੇੜਾਂ ਪੈ ਗਈਆਂ ਹਨ।"

ਪੂਰਬੀ ਕਰਾਕਾਸ ਵਿੱਚ ਰਹਿਣ ਵਾਲੇ ਇੱਕ ਹੋਰ ਵਿਅਕਤੀ, ਕੋਰੋ ਮਾਰਟੀਨੇਜ਼ ਨੇ ਕਿਹਾ ਕਿ "ਬਹੁਤ ਜ਼ੋਰਦਾਰ ਧਮਾਕੇ" ਹੋਏ।

56 ਸਾਲਾ ਮਾਰਟੀਨੇਜ਼ ਨੇ ਕਿਹਾ, "ਘਰ ਵਿੱਚ ਸਮਾਨ ਡਿੱਗ ਗਿਆ, ਇੱਥੋਂ ਤੱਕ ਕਿ ਫ੍ਰਿਜ਼ ਦੇ ਅੰਦਰ ਰੱਖੇ ਜੱਗ ਵੀ ਡਿੱਗ ਗਏ। ਮੈਂ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ।"

ਮਾਰੀਆ ਰੋਮੇਰੋ, ਜੋ ਫਿਲਹਾਲ ਪੈਨਸ਼ਨ 'ਤੇ ਹਨ, ਨੇ ਇਸ ਭੂਚਾਲ ਦੀ ਤੁਲਨਾ ਕਰਾਕਾਸ ਵਿੱਚ 1967 ਵਿੱਚ ਆਈ ਵਿਨਾਸ਼ਕਾਰੀ ਕੁਦਰਤੀ ਆਫ਼ਤ ਨਾਲ ਕਰਦਿਆਂ ਕਿਹਾ ਕਿ ਇਹ ਉਸ ਤੋਂ ਵੀ "ਕਿਤੇ ਜ਼ਿਆਦਾ ਭਿਆਨਕ" ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)