ਭਗਵੰਤ ਮਾਨ ਨੇ ਵਿਵਾਦਿਤ ਵਾਇਰਲ ਵੀਡੀਓ ਮਾਮਲੇ 'ਚ ਹੋਈ ਪੁਲਿਸ ਕਾਰਵਾਈ 'ਤੇ ਕੀ ਕਿਹਾ ਅਤੇ ਵੱਖ-ਵੱਖ ਸਿਆਸੀ ਧਿਰਾਂ ਕੀ ਬੋਲ ਰਹੀਆਂ ਹਨ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 10 ਮਿੰਟ

ਸੋਸ਼ਲ ਮੀਡੀਆ 'ਤੇ ਵਾਇਰਲ ਵਿਵਾਦਤ ਵੀਡੀਓ ਦੇ ਮਾਮਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਭਖੀ ਹੋਈ ਹੈ।

ਹੁਣ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਜਦੋਂ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਉਕਤ ਵੀਡੀਓ ਸਬੰਧੀ ਫੇਕ ਫੌਰੈਂਸਿਕ ਰਿਪੋਰਟ ਤਿਆਰ ਕਰਵਾਏ ਜਾਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਹੋਈ ਅਤੇ ਦੋ ਜਣਿਆਂ ਨੂੰ ਫੜਿਆ ਗਿਆ ਹੈ।

ਇਲਜ਼ਾਮ ਹੈ ਕਿ ਭਗਵੰਤ ਮਾਨ ਦਾ ਬਚਾਅ ਕਰਨ ਲਈ ਇਸ ਵੀਡੀਓ ਨੂੰ ਝੂਠਾ ਸਾਬਿਤ ਕਰਨ ਵਾਲੀ ਜਾਅਲੀ ਰਿਪੋਰਟ ਤਿਆਰ ਕਰਵਾਈ ਗਈ ਹੈ।

ਭਗਵੰਤ ਮਾਨ ਨੇ ਕੀ ਕਿਹਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਤੇ ਟਿੱਪਣੀ ਕਰਦਿਆਂ ਇਸ ਨੂੰ ਪੂਰੀ ਤਰ੍ਹਾਂ ਨਕਲੀ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।

ਬੁੱਧਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਜਦੋਂ ਵਿਰੋਧੀ ਧਿਰਾਂ ਦਾ ਕਿਸੇ ਹੋਰ ਪਾਸੇ ਵੱਸ ਨਹੀਂ ਚੱਲਦਾ, ਤਾਂ ਉਹ ਉਨ੍ਹਾਂ ਨੂੰ ਧਾਰਮਿਕ ਪਾਸਿਓਂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ,"ਵੀਡੀਓ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ, ਨਾ ਮੇਰਾ ਕੱਦ-ਕਾਠ ਮਿਲਦਾ ਹੈ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜ੍ਹਨ ਦਾ ਅੰਦਾਜ਼ ਮਿਲਦਾ ਹੈ."

ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਦੁਨੀਆ ਭਰ ਤੋਂ ਲੋਕਾਂ ਨੇ ਉਨ੍ਹਾਂ ਨੂੰ ਫ਼ੋਨ ਅਤੇ ਮੈਸੇਜ ਕਰਕੇ ਇਸ ਵੀਡੀਓ ਦੇ ਨਕਲੀ ਹੋਣ ਦੀ ਗੱਲ ਕਹੀ ਹੈ।

ਮਾਨ ਮੁਤਾਬਕ, ਵਿਰੋਧੀ ਧਿਰਾਂ ਕੋਲ ਹੁਣ ਕੋਈ ਜ਼ਮੀਨੀ ਮੁੱਦਾ ਨਹੀਂ ਬਚਿਆ ਅਤੇ ਉਹ ਸਿਰਫ਼ ਏਆਈ ਤਕਨੀਕ ਦੇ ਸਹਾਰੇ ਫਰਜ਼ੀ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ।

ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿੱਚ ਦਰਜ ਹੋਈ FIR ਅਤੇ ਫੌਰੈਂਸਿਕ ਰਿਪੋਰਟ ਦੇ ਵਿਵਾਦ 'ਤੇ ਬੋਲਦਿਆਂ ਵਿਰੋਧੀ ਪਾਰਟੀਆਂ 'ਤੇ ਲੈਬ ਪ੍ਰਬੰਧਕਾਂ ਨੂੰ ਡਰਾਉਣ-ਧਮਕਾਉਣ ਦੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਵੱਲੋਂ ਕਰਵਾਈ ਗਈ ਫੌਰੈਂਸਿਕ ਜਾਂਚ ਵਿੱਚ ਵੀਡੀਓ ਨਕਲੀ ਸਾਬਿਤ ਹੋਣ ਲੱਗੀ, ਤਾਂ ਅਕਾਲੀ ਦਲ, ਬੀਜੇਪੀ ਅਤੇ ਕਾਂਗਰਸ ਨੇ ਮਿਲ ਕੇ ਲੈਬ ਦੇ ਮਾਲਕਾਂ ਨੂੰ ਘੇਰ ਲਿਆ।

ਉਨ੍ਹਾਂ ਇਲਜ਼ਾਮ ਲਗਾਇਆ, "ਵਿਰੋਧੀਆਂਨੇ ਉਹਨਾਂ ਲੈਬਾਂ ਦੇ ਮਾਲਕਾਂ ਨੂੰ FIR ਦਾ ਡਰ ਦੇ ਕੇ, ਟੋਰਚਰ ਕਰਕੇ ਜਾਂ ਡਰਾਵਾ ਦੇ ਕੇ ਇਹ ਕਹਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਕਹਿ ਦਿਓ ਕਿ ਅਸੀਂ ਇੰਨੇ ਪੈਸੇ ਲਏ ਸੀ, ਅਸੀਂ ਤਾਂ ਰਿਪੋਰਟ ਫਰਜ਼ੀ ਬਣਾ ਦਿੱਤੀ."

ਉਨ੍ਹਾਂ ਵਿਰੋਧੀ ਧਿਰਾਂ ਦੇ ਰੁਖ਼ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਕਿਹੋ ਜਿਹਾ ਤਰਕ ਹੈ ਕਿ ਜਿਹੜੀ ਲੈਬ ਤੋਂ ਸਰਕਾਰ ਜਾਂਚ ਕਰਵਾਏ ਉਹ ਫਰਜ਼ੀ ਹੈ ਅਤੇ ਜਿਸ ਤੋਂ ਵਿਰੋਧੀ ਧਿਰਾਂ ਕਰਵਾਉਣ ਉਹ ਅਸਲੀ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਏ ਫ਼ੈਸਲੇ ਅਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਬਾਈਕਾਟ ਦੇ ਸਵਾਲ 'ਤੇ ਭਗਵੰਤ ਮਾਨ ਨੇ ਕਿਹਾ ਕਿ ਉਹ ਸੰਗਤ ਨੂੰ ਸਰਵਉੱਚ ਮੰਨਦੇ ਹਨ, ਪਰ ਵਿਰੋਧੀ ਧਿਰਾਂ ਇਸ ਮਾਮਲੇ 'ਤੇ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਲਏ ਬਿਨਾਂ ਪਿਛਲੇ ਬੇਅਦਬੀ ਦੇ ਮਾਮਲਿਆਂ ਦਾ ਹਵਾਲਾ ਦਿੱਤਾ।

"ਜਦੋਂ ਅਕਾਲ ਤਖ਼ਤ ਸਾਹਿਬ 'ਤੇ 2 ਦਸੰਬਰ ਨੂੰ ਉਹ ਮੰਨੇ ਸੀ ਕਿ ਹਾਂ ਅਸੀਂ ਬੇਅਦਬੀਆਂ ਦੇ ਦੋਸ਼ੀ ਹਾਂ... ਉਦੋਂ ਫਿਰ ਗੁਰਦੁਆਰਾ ਸਾਹਿਬ ਦੇ ਅੱਗੇ ਕਿਸੇ ਦਾ ਬੋਰਡ ਲੱਗਿਆ ਸੀ ਕਿ ਇਨ੍ਹਾਂ ਦਾ ਬਾਈਕਾਟ ਕਰੋ?"

ਉਨ੍ਹਾਂ ਕਿਹਾ ਕਿ ਤਿੰਨੇ ਪਾਰਟੀਆਂ ਮਿਲ ਕੇ ਉਨ੍ਹਾਂ ਨੂੰ ਧਾਰਮਿਕ ਤੌਰ 'ਤੇ ਕਮਜ਼ੋਰ ਕਰਨਾ ਚਾਹੁੰਦੀਆਂ ਹਨ, ਕਿਉਂਕਿ ਉਹ ਸਮਾਜਿਕ ਅਤੇ ਸਿਆਸੀ ਤੌਰ 'ਤੇ ਪੰਜਾਬ ਵਿੱਚ ਮੂੰਹ ਦਿਖਾਉਣ ਜੋਗੀਆਂ ਨਹੀਂ ਰਹੀਆਂ।

ਵਿਰੋਧੀ ਧਿਰਾਂ ਵੱਲੋਂ ਲਗਾਤਾਰ ਮੰਗੇ ਜਾ ਰਹੇ ਅਸਤੀਫ਼ੇ 'ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਉਨ੍ਹਾਂ ਦੇ ਪ੍ਰੋਗਰਾਮਾਂ ਦੌਰਾਨ ਇਕੱਠੇ ਹੁੰਦੇ ਭਾਰੀ ਹਜ਼ੂਮ ਨੂੰ ਵਿਰੋਧੀ ਪਾਰਟੀਆਂ ਬਰਦਾਸ਼ਤ ਨਹੀਂ ਕਰ ਪਾ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਚੱਲਣ ਵਾਲਾ 'ਵਾਰੀਆਂ ਦਾ ਸਿਆਸੀ ਸਿਸਟਮ' ਹੁਣ ਖ਼ਤਮ ਹੋ ਚੁੱਕਾ ਹੈ ਅਤੇ ਸਾਲ 2027 ਦੀਆਂ ਚੋਣਾਂ ਵਿੱਚ ਆਪਣੀ ਹਾਰ ਦੇ ਡਰ ਕਾਰਨ ਵਿਰੋਧੀ ਘਬਰਾਏ ਹੋਏ ਹਨ।

ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੋ ਲੈਬੋਰਟਰੀਆਂ ਤੋਂ ਆਈ ਰਿਪੋਰਟ ਦੇ ਅਧਾਰ 'ਤੇ ਵੀਡੀਓ ਨੂੰ ਸਹੀ ਮੰਨਦਿਆਂ ਭਗਵੰਤ ਮਾਨ ਨੂੰ 'ਗੁਰੂ ਦੋਖੀ' ਅਤੇ 'ਪੰਥ ਵਿਰੋਧੀ' ਕਰਾਰ ਦਿੱਤਾ ਸੀ। ਜਦਕਿ ਬਾਅਦ ਵਿੱਚ ਪੰਜਾਬ ਸਰਕਾਰ ਨੇ ਵੱਖਰੀ ਫੌਰੈਂਸਿਕ ਰਿਪੋਰਟ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਵੀਡੀਓ ਵਿੱਚ ਭਗਵੰਤ ਮਾਨ ਨਹੀਂ ਹਨ।

ਪੰਜਾਬ ਸਰਕਾਰ ਵੱਲੋਂ ਪੇਸ਼ ਇਸੇ ਰਿਪੋਰਟ ਦੇ ਜਾਅਲੀ ਹੋਣ ਦੇ ਇਲਜ਼ਾਮਾਂ ਬਾਰੇ ਐਫਆਈਆਰ ਦਰਜ ਹੋਈ ਹੈ ਅਤੇ ਵਿਰੋਧੀ ਪਾਰਟੀਆਂ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ।

ਇਸ ਸਾਰੇ ਮਾਮਲੇ ਨੂੰ ਵਿਸਥਾਰ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਕਦੋਂ ਸ਼ੁਰੂ ਹੋਇਆ ਇਹ 'ਵੀਡੀਓ ਵਿਵਾਦ' ?

ਮੁੱਖ ਮੰਤਰੀ ਭਗਵੰਤ ਮਾਨ ਨਾਲ ਇਹ ਵਿਵਾਦ ਉਦੋਂ ਜੁੜ ਗਿਆ ਜਦੋਂ ਕੈਨੇਡਾ ਰਹਿੰਦੇ ਇੱਕ ਪ੍ਰਵਾਸੀ ਪੰਜਾਬੀ ਜਗਮਨ ਸਮਰਾ ਨੇ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਸਾਂਝੀ ਕੀਤੀ। ਇਹ ਵੀਡੀਓ ਅਕਤੂਬਰ 2025 ਵਿੱਚ ਵਾਇਰਲ ਹੋਈ ਸੀ।

ਹਾਲਾਂਕਿ ਸਮਰਾ ਖ਼ਿਲਾਫ਼ ਫ਼ਰਜ਼ੀ ਵੀਡੀਓ ਬਣਾਉਣ ਦੇ ਇਲਜ਼ਾਮ ਤਹਿਤ ਮੁਹਾਲੀ ਦੇ ਸਾਈਬਰ ਕਰਾਈਮ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਵੀਡੀਓ ਨੂੰ ਉਸ ਦੇ ਫੇਸਬੁੱਕ ਖਾਤੇ ਤੋਂ ਹਟਵਾਇਆ ਗਿਆ ਸੀ।

ਉਕਤ ਵੀਡੀਓ ਬਾਰੇ ਕੀ ਇਤਰਾਜ਼ਯੋਗ ਹੈ ?

ਇਸ ਵੀਡੀਓ ਵਿੱਚ ਇੱਕ ਆਦਮੀ ਦਿਖਾਈ ਦੇ ਰਿਹਾ ਹੈ ਜਿਸ ਨੇ ਕਾਲੀ ਟੀ-ਸ਼ਰਟ ਅਤੇ ਸ਼ੌਰਟਸ ਪਹਿਨੀ ਹੋਈ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਭਗਵੰਤ ਮਾਨ ਹਨ।

ਵੀਡੀਓ ਵਿੱਚ ਮੌਜੂਦ ਉਹ ਸ਼ਖਸ ਇੱਕ ਕਮਰੇ ਅੰਦਰ ਘੁੰਮ ਰਿਹਾ ਹੈ ਅਤੇ ਕਥਿਤ ਤੌਰ 'ਤੇ ਦੀਵਾਰ 'ਤੇ ਟੰਗੀਆਂ ਸਿੱਖ ਗੁਰੂਆਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਤਸਵੀਰਾਂ ਨਾਲ ਅਣ-ਉਚਿਤ ਵਿਹਾਰ ਕਰ ਰਿਹਾ ਹੈ।

ਇਸ ਵੀਡੀਓ ਨੂੰ ਗੁਰੂ ਸਾਹਿਬਾਨ ਦੀ ਬੇਅਦਬੀ ਵਜੋਂ ਦੇਖਿਆ ਜਾ ਰਿਹਾ ਹੈ।

ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਅਤੇ ਹੁਕਮਨਾਮਾ?

ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 5 ਜਨਵਰੀ 2026 ਨੂੰ ਸਿੱਖ ਰਹਿਤ ਮਰਿਆਦਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਗੁਰੂ ਕੀ ਗੋਲਕ ਸਬੰਧੀ ਕਥਿਤ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਇਤਰਾਜ਼ਯੋਗ ਵੀਡੀਓਜ਼ ਦੇ ਇਲਜ਼ਾਮਾਂ ਤਹਿਤ ਸੰਮਨ ਕੀਤਾ ਅਤੇ 15 ਜਨਵਰੀ 2026 ਨੂੰ ਮੁੱਖ ਮੰਤਰੀ ਪੇਸ਼ ਹੋਏ, ਜਿਸ ਦੀ ਵੀਡੀਓ ਹਾਲ ਹੀ ਵਿੱਚ ਰਿਲੀਜ਼ ਕੀਤੀ ਗਈ ਹੈ।

ਉਸ ਮੀਟਿੰਗ ਵਿੱਚ ਦੋਹੇਂ ਧਿਰਾਂ ਉਕਤ ਵੀਡੀਓ ਦੀ ਫੌਰੈਂਸਿਕ ਜਾਂਚ ਕਰਵਾਉਣ ਲਈ ਸਹਿਮਤ ਹੋਈਆਂ।

ਫੋਰੈਂਸਿਕ ਰਿਪੋਰਟ ਆਉਣ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ 15 ਜੂਨ 2026 ਨੂੰ ਇਸ ਬਾਰੇ ਫ਼ੈਸਲਾ ਸੁਣਾਇਆ। ਜਿਸ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਦੋ ਲੈਬੋਰਟਰੀਆਂ ਦੀ ਰਿਪੋਰਟ ਮੁਤਾਬਕ ਵੀਡੀਓ ਸਹੀ ਪਾਈ ਗਈ। ਜਿਸ ਤੋਂ ਬਾਅਦ ਭਗਵੰਤ ਮਾਨ ਨੂੰ 'ਗੁਰੂ ਦੋਖੀ' ਅਤੇ 'ਪੰਥ ਵਿਰੋਧੀ' ਕਰਾਰਦਿਆਂ ਦੁਨੀਆਂ ਭਰ ਵਿੱਚ ਰਹਿੰਦੇ ਸਿੱਖਾਂ ਨੂੰ ਮਾਨ ਨਾਲ ਹਰ ਤਰ੍ਹਾਂ ਦੇ ਸਬੰਧ ਤੋੜਨ ਅਤੇ ਸਹਿਯੋਗ ਨਾ ਦੇਣ ਲਈ ਕਿਹਾ ਗਿਆ।

ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੁਖ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਤੋਂ ਬਾਅਦ 16 ਜੂਨ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਜਾਰੀ ਕਰਦਿਆਂ ਇਸ ਹੁਕਮਨਾਮੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।

ਉਨ੍ਹਾਂ ਕਿਹਾ ਸੀ, "ਮੈਂ ਹੈਰਾਨ ਹਾਂ ਕਿ ਧਰਮ ਦੇ ਇੰਨੇ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਕਿਵੇਂ ਆਪਣੇ ਸਿਆਸੀ ਆਕਾਵਾਂ ਦੀ ਸ਼ਹਿ 'ਤੇ ਇਸ ਤਰ੍ਹਾਂ ਦਾ ਝੂਠਾ ਪ੍ਰੋਪੇਗੰਡਾ ਕਰ ਰਹੇ ਹਨ।"

ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਦੀ ਸਫ਼ਾਈ ਵਿੱਚ ਨਵੀਂ ਫੋਰੈਂਸਿਕ ਰਿਪੋਰਟ ਪੇਸ਼

ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੋਂ ਤੋਂ ਬਾਅਦ 18 ਜੂਨ ਨੂੰ ਸੂਬੇ ਦੀ ਆਪ ਸਰਕਾਰ ਨੇ ਵੀ ਮੁੱਖ ਮੰਤਰੀ ਦਾ ਬਚਾਅ ਕਰਦਿਆਂ ਵੱਖਰੀ ਫੌਰੈਂਸਿਕ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਵੀਡੀਓ ਵਿੱਚ ਮੌਜੂਦ ਸ਼ਖਸ ਭਗਵੰਤ ਮਾਨ ਨਹੀਂ ਹਨ।

ਮੰਤਰੀ ਹਰਪਾਲ ਚੀਮਾ ਨੇ ਵੀ ਇਹ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਦੋ ਰਿਪੋਰਟਾਂ ਜਿਨ੍ਹਾਂ ਵਿੱਚ ਭਗਵੰਤ ਮਾਨ ਦੇ ਚਿਹਰੇ, ਕੱਦ ਅਤੇ ਸਰੀਰ ਦੇ ਪੋਸਚਰ ਬਾਰੇ ਐਂਗਲ ਬਣਾ ਕੇ ਫ਼ਰਜ਼ੀ ਵੀਡੀਓ ਨਾਵ ਤੁਲਨਾ ਕਰਕੇ ਦੱਸਿਆ ਹੈ ਕਿ ਇਹ ਵੀਡੀਓ ਭਗਵੰਤ ਮਾਨ ਨਾਲ ਮੇਲ ਨਹੀਂ ਖਾਂਦੀ। ਉਨ੍ਹਾਂ ਕਿਹਾ, "ਐਕਟਰ ਖੜ੍ਹਾ ਕਰਕੇ ਇਹ ਵੀਡੀਓ ਬਣਾਈ ਗਈ ਹੈ ਤਾਂ ਕਿ ਭਗਵੰਤ ਮਾਨ ਨੂੰ ਬਦਨਾਮ ਕੀਤਾ ਜਾ ਸਕੇ।"

ਸਰਕਾਰ ਦੇ ਬੁਲਾਰੇ ਬਲਤੇਜ ਸਿੰਘ ਪੰਨੂ ਨੇ ਕਈ ਤਕਨੀਕੀ ਹਵਾਲੇ ਦੇ ਕੇ ਮਾਨ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕਿਹਾ ਸੀ ਕਿ ਸਰੀਰਕ ਪੱਖੋਂ ਵੀਡੀਓ ਵਿਚਲਾ ਸ਼ਖਸ ਭਗਵੰਤ ਮਾਨ ਨਾਲ ਮੇਲ ਨਹੀਂ ਖਾਂਦਾ।

ਭਗਵੰਤ ਮਾਨ ਨੇ ਵੀ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਤੋਂ ਬਾਹਰ ਦੀਆਂ ਦੋ ਲੈਬਾਂ ਤੋਂ ਉਨ੍ਹਾਂ ਨੇ ਜਾਂਚ ਕਰਵਾਈ ਹੈ। ਵੀਡੀਓ ਦੇ ਸਾਰੇ 1191 ਫਰੇਮ ਚੈੱਕ ਕੀਤੇ ਗਏ, ਇੱਕ ਵੀ ਫਰੇਮ ਉਨ੍ਹਾਂ ਦੇ ਚਿਹਰੇ, ਸਰੀਰਕ ਬਣਤਰ ਜਾਂ ਕਿਸੇ ਵੀ ਤਰ੍ਹਾਂ ਉਨ੍ਹਾਂ ਨਾਲ ਮਿਲਦਾ ਨਹੀਂ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਾਨ ਦੀ ਕਿਹੜੀ ਪੇਸ਼ੀ ਦਾ ਵੀਡੀਓ ਜਾਰੀ ਕੀਤਾ ਗਿਆ?

ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਗਵੰਤ ਮਾਨ ਨਾਲ ਗੱਲਬਾਤ ਦਾ ਵੀਡੀਓ ਜਾਰੀ ਕੀਤਾ, ਜੋ ਕਿ 15 ਜੂਨ 2026 ਨੂੰ ਮਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ੀ ਦਾ ਹੈ।

ਵੀਡੀਓ ਵਿੱਚ ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਵੀਡੀਓ ਦੀ ਜਾਂਚ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਅੱਜਕੱਲ੍ਹ ਏਆਈ ਦਾ ਸਮਾਂ ਹੈ, ਉਨ੍ਹਾਂ ਤੋਂ ਇਲਾਵਾ ਹੋਰਾਂ ਦੀਆਂ ਵੀ ਏਆਈ ਵੀਡੀਓਜ਼ ਬਣੀਆਂ ਹਨ। ਮੁੱਖ ਮੰਤਰੀ ਨੇ ਆਖਿਆ ਕਿ ਉਹ ਆਪਣੀਆਂ ਨੰਗੀਆਂ ਅੱਖਾਂ ਨਾਲ ਫੌਰੈਂਸਿਕ ਤੋਂ ਬਿਨ੍ਹਾਂ ਵੀ ਵੀਡੀਓ ਦੇ ਤੱਥਾਂ ਬਾਰੇ ਦੱਸ ਸਕਦੇ ਹਨ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਨੂੰ ਆਖਿਆ ਕਿ "ਸਰਕਾਰ ਦੀਆਂ ਕੋਈ ਦੋ ਅਜਿਹੀਆਂ ਫੋਰੈਂਸਿਕ ਲੈਬੋਰਟਰੀਆਂ ਦੱਸ ਦੇਓ, ਜਿੱਥੋਂ ਵੀਡੀਓ ਦੀ ਜਾਂਚ ਹੋਏਗੀ।"

ਜਥੇਦਾਰ ਨੇ ਕਿਹਾ, "ਗੱਲ ਗੁਰੂ ਸਾਹਿਬਾਨ ਨਾਲ ਸਬੰਧਤ ਹੈ ਅਤੇ ਜੇਕਰ ਵੀਡੀਓ ਗਲਤ ਵੀ ਹੈ ਤਾਂ ਇਸ 'ਤੇ ਕਿਸੇ ਦੀ ਕਿਰਦਾਰਕੁਸ਼ੀ ਨਹੀਂ ਹੋਣੀ ਚਾਹੀਦੀ, ਪਰ ਵੀਡੀਓ ਸਹੀ ਜਾਂ ਗਲਤ ਦਾ ਨਿਚੋੜ ਫੌਰੈਂਸਿਕ ਜਾਂਚ ਰਾਹੀਂ ਹੀ ਨਿਕਲ ਸਕਦਾ ਹੈ।"

ਮੁੱਖ ਮੰਤਰੀ ਨੇ ਕਿਹਾ, "ਜਾਂਚ ਆਪ ਦੀ ਦੇਖ ਰੇਖ ਵਿੱਚ ਜਿਹੜੀ ਮਰਜ਼ੀ ਫੋਰੈਂਸਿਕ ਲੈਬ ਤੋਂ ਕਰਵਾ ਲਈ ਜਾਵੇ, ਅਸੀਂ ਕਰਵਾ ਦੇਵਾਂਗੇ।"

ਜਥੇਦਾਰ ਨੇ ਅੱਗੇ ਕਿਹਾ ਕਿ ਜੇ ਜਾਂਚ ਵਿੱਚ ਵੀਡੀਓ ਝੂਠੀ ਹੋਈ ਤਾਂ ਸਿੱਧ ਹੋ ਜਾਏਗਾ ਅਤੇ ਜੇ ਸੱਚੀ ਨਿਕਲੀ ਤਾਂ ਇਸ ਦਾ ਅਗਲਾ ਫ਼ੈਸਲਾ ਖ਼ਾਲਸਾ ਪੰਥ ਕਰੇਗਾ। ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਖਰੇ ਤੌਰ 'ਤੇ ਵੀ ਦੋ ਲੈਬਾਂ ਤੋਂ ਜਾਂਚ ਕਰਵਾਏਗਾ ਪਰ ਸਰਕਾਰ ਵੀ ਦੋ ਲੈਬਾਂ ਤੋਂ ਜਾਂਚ ਕਰਵਾ ਕੇ ਦੇਵੇ।

ਹੁਣ ਗੁਰੂਗ੍ਰਾਮ ਵਿੱਚ ਕਿਸ ਮਾਮਲੇ ਤਹਿਤ ਐਫਆਈਆਰ ਦਰਜ ?

23 ਜੂਨ ਨੂੰ ਉਸ ਫੋਰੈਂਸਿਕ ਰਿਪੋਰਟ ਨਾਲ ਵਿਵਾਦ ਜੁੜ ਗਿਆ ਜਿਸ ਦੇ ਅਧਾਰ 'ਤੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਮਾਨ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ।

ਇਸ ਰਿਪੋਰਟ ਦੇ ਜਾਅਲੀ ਹੋਣ ਬਾਰੇ ਇਲਜ਼ਾਮ ਲੱਗੇ ਅਤੇ ਇਸ ਮਾਮਲੇ ਵਿੱਚ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਡਿਜੀਟਲ ਫੌਰੈਂਸਿਕ ਮਾਹਿਰ ਜਸਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ ਗਈ। ਇਸ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਉਸ 'ਤੇ ਫ਼ਰਜ਼ੀ ਫੌਰੈਂਸਿਕ ਰਿਪੋਰਟ ਤਿਆਰ ਕਰਨ ਲਈ ਦਬਾਅ ਪਾਇਆ ਗਿਆ।

ਸ਼ਿਕਾਇਤ ਕਰਤਾ ਨੇ ਇਹ ਵੀ ਕਿਹਾ ਕਿ ਇਸ ਲਈ ਉਸ ਨੂੰ ਦਸ ਲੱਖ ਰੁਪਏ ਦੀ ਰਿਸ਼ਵਤ ਵੀ ਦਿੱਤੀ ਗਈ ਅਤੇ ਇਤਰਾਜ਼ ਜਤਾਉਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ।

ਗੁਰੂਗ੍ਰਾਮ ਪੁਲਿਸ ਨੇ ਫ਼ਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਅਤੇ ਡਿਜੀਟਲ ਸਬੂਤਾਂ ਨਾਲ ਛੇੜਛਾੜ ਕਰਨ ਦੇ ਇਲਜ਼ਾਮਾਂ ਹੇਠ ਅਰੁਣ ਮਹੇਂਦਰੂ ਅਤੇ ਅੰਕਿਤ ਨਾਮੀ ਦੋ ਜਣਿਆਂ ਨੂੰ ਫੜ ਲਿਆ ਹੈ।

ਵੱਖ-ਵੱਖ ਧਿਰਾਂ ਕੀ ਕਹਿ ਰਹੀਆਂ ਹਨ?

ਫੋਰੈਂਸਿਕ ਰਿਪੋਰਟ ਬਾਰੇ ਦਰਜ ਹੋਈ ਐਫਆਈਆਰ ਬਾਅਦ ਸਾਰੀਆਂ ਧਿਰਾਂ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੀਆਂ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਬਿਆਨ ਵਿਚ ਪ੍ਰਤੀਕਰਮ ਦਿੱਤਾ ਗਿਆ, "ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਗਤ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਬਹੁਤ ਹੀ ਨੀਵੇਂ ਪੱਧਰ ਦੀ ਸਿਆਸਤ ਹੈ ਜਿਸ ਤੋਂ ਹਰ ਸਿੱਖ, ਗੁਰੂ ਨਾਨਕ ਨਾਮ ਲੇਵਾ ਅਤੇ ਪੰਜਾਬੀ ਨੂੰ ਸੁਚੇਤ ਹੋਣਾ ਅਤਿ ਜ਼ਰੂਰੀ ਹੈ।"

ਪੰਜਾਬ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਵੱਲੋਂ ਕਿਹਾ ਗਿਆ, "ਮੈਂ ਸ੍ਰੀ ਅਕਾਲ ਤਖ਼ਤ ਅੱਗੇ ਸੀਸ ਨਿਵਾਇਆ ਕਿਉਂਕਿ ਇਹ ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ, ਪਰ ਕੁਝ ਲੋਕ ਆਪਣੇ ਨਿੱਜੀ ਹਿਤਾਂ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ।"

ਸੂਬੇ ਵਿੱਚ ਵਿਰੋਧੀ ਧਿਰਾਂ ਮੰਗ ਕਰ ਰਹੀਆਂ ਹਨ ਕਿ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ।

ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਐਕਸ 'ਤੇ ਲਿਖਿਆ, "ਸ੍ਰੀ ਅਕਾਲ ਸਾਹਿਬ ਵੱਲੋਂ 'ਗੁਰੂ ਦੋਖੀ' ਅਤੇ 'ਪੰਥ ਵਿਰੋਧੀ' ਐਲਾਨੇ ਜਾਣ ਬਾਅਦ ਵੀ ਭਗਵੰਤ ਮਾਨ ਕੁਰਸੀ ਨਾਲ ਚਿੰਬੜੇ ਹੋਏ ਹਨ। ਗੁਰੂਗ੍ਰਾਮ ਵਿੱਚ ਐਫਆਈਆਰ ਦਰਜ ਹੋਈ-ਸਰਕਾਰੀ ਅਧਿਕਾਰੀਆਂ ਨੇ 10 ਲੱਖ ਦੇ ਕੇ ਝੂਠੀ ਫੋਰੈਂਸਿਕ ਰਿਪੋਰਟ ਬਣਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਧੋਖਾ ਦੇਣ ਦੀ ਕੋਸ਼ਿਸ਼ ਹੋਈ।"

ਉਨ੍ਹਾਂ ਅੱਗੇ ਲਿਖਿਆ, "ਹਰ ਮੰਤਰੀ, ਹਰ ਵਿਧਾਇਕ, ਹਰ ਅਧਿਕਾਰੀ ਫ਼ੈਸਲਾ ਕਰੇ- ਪੰਦਾਬ ਦੀ ਇੱਜ਼ਤ ਜਾਂ 'ਗੁਰੂ ਦੋਖੀ' ਦੀ ਕੁਰਸੀ ?"

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਖਿਆ ਕਿ ਇਹ ਸਿਰਫ਼ ਵੀਡੀਓ ਦੀ ਗੱਲ ਨਹੀਂ ਹੈ। ਇਹ ਪੰਜਾਬ ਦੀ ਸਰਵਉੱਚ ਧਾਰਮਿਕ ਸੰਸਥਾ ਨੂੰ ਕਮਜ਼ੋਰ ਕਰਨ ਅਤੇ ਸਿਆਸੀ ਹੋਂਦ ਬਚਾਉਣ ਲਈ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਾਰੇ ਹੈ। ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਦਾ ਸਾਰਾ ਨੈਤਿਕ ਅਧਿਕਾਰ ਖੋਹ ਚੁੱਕੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ 'ਤੇ ਆਪਣੀ ਪੋਸਟ ਵਿੱਚ ਲਿਖਿਆ ਕਿ ਸਾਰੇ ਸਬੂਤ ਸਾਹਮਣੇ ਆਉਣ ਬਾਅਦ, ਇਸ ਗੁਰੂ ਸਖੀ ਅਤੇ ਖ਼ਾਲਸਾ ਪੰਥ ਵਿਰੋਧੀ ਭਗਵੰਤ ਮਾਨ ਦਾ ਮੁੱਖ ਮੰਤਰੀ ਅਹੁਦੇ ਤੋਂ ਤੁਰੰਤ ਅਸਤੀਫਾ ਅਤੇ ਨਾਲ ਹੀ ਸਬੰਧਤ ਪੁਲਿਸ ਅਧਿਕਾਰੀਆਂ ਦੀ ਨੌਕਰੀ ਤੋਂ ਬਰਖਾਸਤਗੀ ਦੀ ਵੀ ਮੈਂ ਮੰਗ ਕਰਦਾ ਹਾਂ।

ਨਾਲ ਹੀ ਉਨ੍ਹਾਂ ਨੇ ਲਿਖਿਆ, "ਅੱਜ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਅਪੀਲ ਵੀ ਕਰਦਾ ਹਾਂ ਕਿ ਇਸ ਗੁਰੂ ਦੋਖੀ ਅਤੇ ਪੰਥ ਵਿਰੋਧੀ ਦਾ ਸਾਥ ਛੱਡ ਕੇ ਆਪਣੇ ਅਹੁਦਿਆਂ ਦੇ ਲਾਲਚ ਨੂੰ ਤਿਆਗ ਕੇ ਅਸਤੀਫ਼ੇ ਦੇਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ।"

ਬੀਜੇਪੀ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਦੁਨੀਆਂ ਭਰ ਵਿੱਚ ਵਸੇ ਸਿੱਖਾਂ ਨੂੰ ਚੁਣੌਤੀ ਦਿੰਦਿਆਂ ਕਿ ਅਸੀਂ ਤਾਂ ਇਹ ਪਾਪ ਵੀ ਕਰਾਂਗੇ, ਪੈਸੇ ਦੇ ਦਮ 'ਤੇ ਨਕਲੀ ਰਿਪੋਰਟਾਂ ਬਣਾ ਕੇ ਸ੍ਰੀ ਅਕਾਲ ਤਖਤ ਨੂੰ ਚੈਲੰਜ ਕਰਨ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਲੋਕਾਂ ਤੋਂ ਵੀਡੀਓ ਪਵਾਈ ਗਈ ਅਕਾਲ ਤਖ਼ਤ ਦੇ ਖਿਲਾਫ਼।

ਉਹ ਕਹਿੰਦੇ ਹਨ, "ਅੱਜ ਸਭ ਤੋਂ ਵੱਡਾ ਸਵਾਲ ਹੈ ਕਿ ਜੋ ਬੇਅਦਬੀ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਵਿੱਚ ਪਾਸ ਹੋਏ, ਅੱਜ ਉਨ੍ਹਾਂ ਦਾ ਲਿਟਮਸ ਟੈਸਟ ਹੈ। ਕੀ ਉਨ੍ਹਾਂ ਹੀ ਬੇਅਦਬੀ ਕਾਨੂੰਨਾਂ ਦੇ ਉੱਪਰ ਪੰਜਾਬ ਪੁਲਿਸ ਕੀ ਭਗਵੰਤ ਮਾਨ 'ਤੇ ਮੁਕੱਦਮਾ ਦਰਜ ਕਰਕੇ ਕੀ ਉਸ ਨੂੰ ਗ੍ਰਿਫ਼ਤਾਰ ਕਰੇਗੀ? "

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)