You’re viewing a text-only version of this website that uses less data. View the main version of the website including all images and videos.
ਸੀਐੱਮ ਮਾਨ ਦੀ ਕਥਿਤ ਵੀਡੀਓ ਦਾ ਮਾਮਲਾ: ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਦੇ ਇਲਜ਼ਾਮ ਹੇਠ ਗੁਰੂਗ੍ਰਾਮ ਪੁਲਿਸ ਨੇ ਦੋ ਸ਼ਖ਼ਸ ਹਿਰਾਸਤ 'ਚ ਲਏ
ਭਗਵੰਤ ਮਾਨ ਦੀ ਕਥਿਤ ਵਿਵਾਦਿਤ ਵੀਡੀਓ ਦੀ ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਅਤੇ ਡਿਜ਼ੀਟਲ ਸਬੂਤਾਂ ਨਾਲ ਛੇੜਛਾੜ ਕਰਨ ਦੇ ਇਲਜ਼ਾਮਾਂ ਹੇਠ ਦੋ ਲੋਕਾਂ ਨੂੰ ਗੁਰੂਗ੍ਰਾਮ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਸ ਮਾਮਲੇ ਨੂੰ ਲੈਕੇ ਗੁਰੂਗ੍ਰਾਮ ਦੇ ਸੈਕਟਰ 29 ਦੇ ਡੀਐੱਲਐੱਫ ਥਾਣੇ ਵਿੱਚ ਇੱਕ ਐਫਆਈਆਰ ਦਰਜ ਹੋਈ ਹੈ।
ਇਹ ਐਫਆਈਆਰ ਜਸਪ੍ਰੀਤ ਉਰਫ਼ ਜੱਸੀ ਨਾਂਅ ਦੇ ਸ਼ਖਸ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤੀ ਗਈ ਹੈ, ਜਿਸ ਦਾ ਇਲਜ਼ਾਮ ਹੈ ਕਿ ਉਸ 'ਤੇ ਵਿਵਾਦਿਤ ਵੀਡੀਓ ਦੀ ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ ਦਬਾਅ ਪਾਇਆ ਗਿਆ। ਅਰੁਣ ਮਹੇਂਦਰੂ ਅਤੇ ਅੰਕਿਤ ਖ਼ਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ, ਜਿਨ੍ਹਾਂ ਨੂੰ ਪੁਲਿਸ ਨੇ ਫੜ ਲਿਆ ਹੈ।
ਐੱਫਆਈਆਰ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 111 (2) (a), 318 (2), 319, 336(2), 336 (3), 340 ਤੋਂ ਇਲਾਵਾ ਆਈਟੀ ਐਕਟ 2000 ਦੀ ਧਾਰਾ 65 ਅਤੇ 66 (D) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦਰਅਸਲ 15 ਜੂਨ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਹੋਈ ਇਕੱਤਰਤਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ 'ਗੁਰੂ ਦੋਖੀ' ਅਤੇ 'ਪੰਥ ਵਿਰੋਧੀ' ਕਰਾਰ ਦਿੱਤਾ ਸੀ। ਇਹ ਫ਼ੈਸਲਾ ਸੀਐੱਮ ਮਾਨ ਦੀ ਇੱਕ ਕਥਿਤ ਵਿਵਾਦਿਤ ਵੀਡੀਓ ਦੇ ਸਬੰਧ ਵਿੱਚ ਆਇਆ ਸੀ।
ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਖੁਦ ਭਗਵੰਤ ਮਾਨ ਨੇ ਇਸ ਵੀਡੀਓ ਨੂੰ ਨਕਾਰਿਆ ਸੀ।
ਜਿਸ ਮਗਰੋਂ 18 ਜੂਨ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਾਇਰਲ ਵੀਡੀਓ ਦੇ ਸਬੰਧ ਵਿੱਚ ਦੋ ਵੱਖ-ਵੱਖ ਫੋਰੈਂਸਿਕ ਰਿਪੋਰਟਾਂ ਦੇ ਹਵਾਲੇ ਨਾਲ ਸਫ਼ਾਈ ਦਿੱਤੀ ਸੀ। ਮੰਤਰੀ ਨੇ ਦਾਅਵਾ ਕੀਤਾ ਹੈ ਸੀ ਕਿ ਲੈਬਾਰਟਰੀਆਂ ਵੱਲੋਂ ਤਕਨੀਕੀ ਜਾਂਚ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਸਾਫ਼ ਹੋਇਆ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੈ।
ਸ਼ਿਕਾਇਤਕਰਤਾ ਜਸਪ੍ਰੀਤ ਨੇ ਕੀ ਇਲਜ਼ਾਮ ਲਗਾਏ ?
ਸ਼ਿਕਾਇਤਕਰਤਾ ਜਸਪ੍ਰੀਤ ਉਰਫ਼ ਜੱਸੀ ਦਾ ਇਲਜ਼ਾਮ ਹੈ ਉਸ 'ਤੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨਾਲ ਜੁੜੀ ਕਥਿਤ ਵੀਡੀਓ ਦੀ ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਦਾ ਦਬਾਅ ਬਣਾਇਆ ਗਿਆ।
ਸ਼ਿਕਾਇਤਕਰਤਾ ਮੁਤਾਬਕ,"ਇਸ ਵਾਸਤੇ ਉਸਨੂੰ 10 ਲੱਖ ਦੀ ਰਿਸ਼ਵਤ ਵੀ ਦਿੱਤੀ ਗਈ ਅਤੇ ਜਦੋਂ ਉਸਨੇ ਇਤਰਾਜ਼ ਜਤਾਇਆ ਤਾਂ ਉਸਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ।"
ਗੁਰੂਗ੍ਰਾਮ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਸਪ੍ਰੀਤ ਨੇ ਇਲਜ਼ਾਮ ਲਗਾਇਆ ਕਿ ਇੱਕ ਸ਼ਖਸ ਨੇ ਖੁਦ ਨੂੰ ਪੰਜਾਬ ਸਰਕਾਰ ਦਾ ਸੀਨੀਅਰ ਅਧਿਕਾਰੀ ਦੱਸਦੇ ਹੋਏ ਉਸ ਨਾਲ ਸੰਪਰਕ ਸਾਧਿਆ ਅਤੇ ਗੁਰੂਗ੍ਰਾਮ ਦੇ ਇੱਕ ਹੋਟਲ ਵਿੱਚ ਮੁਲਾਕਾਤ ਲਈ ਸੱਦਿਆ ਅਤੇ ਸੀਐੱਮ ਨਾਲ ਜੁੜੀ ਵੀਡੀਓ ਦੀ ਉਨ੍ਹਾਂ ਮੁਤਾਬਕ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ।
ਜਸਪ੍ਰੀਤ ਮੁਤਾਬਕ ਦਬਾਅ ਹੇਠ ਦੋ ਲੈਬਸ ਤੋਂ ਰਿਪੋਰਟ ਤਿਆਰ ਕਰਵਾਈ ਗਈ ਜਿਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ।
ਜਸਪ੍ਰੀਤ ਦਾ ਇਲਜ਼ਾਮ ਹੈ ਕਿ ਰਿਪੋਰਟ ਤਿਆਰ ਹੋਣ ਦੌਰਾਨ ਵੀ ਉਕਤ ਅਧਿਕਾਰੀ ਲਗਾਤਾਰ ਉਸ ਨਾਲ ਸੰਪਰਕ ਵਿੱਚ ਸਨ ਅਤੇ ਆਪਣੇ ਮੁਤਾਬਕ ਰਿਪੋਰਟ ਤਿਆਰ ਕਰਵਾਉਣ ਲਈ ਲਗਾਤਾਰ ਦਬਾਅ ਬਣਾ ਰਹੇ ਸਨ।
ਗੁਰੂਗ੍ਰਾਮ ਪੁਲਿਸ ਨੇ ਦੋ ਸ਼ਖ਼ਸ ਹਿਰਾਸਤ ਵਿੱਚ ਲਏ ਹਨ
ਗੁਰੂਗ੍ਰਾਮ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਦੀ ਪਛਾਣ ਅਰੁਣ ਮਹੇਂਦਰੂ ਅਤੇ ਅੰਕਿਤ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਹੋਰਨਾਂ ਮੁਲਜ਼ਮਾਂ ਦੀ ਸ਼ਮੂਲੀਅਤ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ।
ਗੁਰੂਗ੍ਰਾਮ ਦੇ ਏਸੀਪੀ ਕ੍ਰਾਈਮ ਨਵੀਨ ਸ਼ਰਮਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
"ਕੋਈ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇਨ੍ਹਾਂ ਨੇ ਕੁਝ ਫਰਜ਼ੀ ਤੌਰ ਉੱਤੇ ਬਣਾਇਆ ਹੈ। ਇਨ੍ਹਾਂ ਕੋਲ ਕੋਈ ਸਰਕਾਰ ਤੋਂ ਮਾਨਤਾ ਪ੍ਰਾਪਤ ਲੈਬ ਨਹੀਂ ਸੀ, ਇਹ ਡਿਜ਼ੀਟਲ ਮਾਹਰ ਹਨ।"
ਉਹ ਅਗਾਂਹ ਕਹਿੰਦੇ ਹਨ,"ਜੋ ਸਾਡੇ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਜੀ ਦੀ ਵੀਡੀਓ ਸੀ, ਉਸ ਵਿੱਚ ਉਨ੍ਹਾਂ ਨੇ ਕੁਝ ਫਰਜ਼ੀ ਤੌਰ ਬਣਾਇਆ ਹੈ। ਉਸ ਮਾਮਲੇ ਵਿੱਚ ਅੰਕਿਤ ਅਤੇ ਅਰੁਣ ਨਾਮ ਦੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।"
"ਅਜਿਹੀ ਗੱਲ ਸਾਹਮਣੇ ਆਈ ਹੈ ਕਿ ਗੁਆਂਢੀ ਸੂਬੇ ਦੇ ਕੁਝ ਅਧਿਕਾਰੀਆਂ ਨੇ 10 ਲੱਖ ਰੁਪਏ ਦਿੱਤੇ ਸਨ, ਹਾਲਾਂਕਿ ਅਜੇ ਇਹ ਜਾਂਚ ਦਾ ਵਿਸ਼ਾ ਹੈ।"
"ਜਾਂਚ ਕੀਤੀ ਜਾ ਰਹੀ ਹੈ ਜੇਕਰ ਕੋਈ ਹੋਰ ਵੀ ਸ਼ਾਮਿਲ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ।"
ਵਿਰੋਧੀ ਧਿਰਾਂ ਕੀ ਕਹਿ ਰਹੀਆਂ ?
ਗੁਰੂਗ੍ਰਾਮ ਪੁਲਿਸ ਵੱਲੋਂ ਕੀਤੀ ਕਾਰਵਾਈ ਨੂੰ ਲੈਕੇ ਵਿਰੋਧੀ ਧਿਰਾਂ ਹਮਲਾਵਰ ਹੋ ਗਈਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਲਿਖਿਆ, "ਜੋ ਝੂਠੀਆਂ ਲੈਬ ਰਿਪੋਰਟਾਂ ਬਣਵਾਈਆਂ ਗਈਆਂ ਉਹਨਾਂ ਦੇ ਪਿੱਛੇ ਦੀ ਸੱਚਾਈ ਇਨ੍ਹਾਂ ਵੀਡੀਓ ਰਾਹੀਂ ਸਾਫ਼ ਹੋ ਗਈ ਹੈ।"
ਉਨ੍ਹਾਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਸੀਐੱਮ ਮਾਨ ਤੋਂ ਅਸਤੀਫੇ ਅਤੇ ਸਬੰਧਤ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਪ੍ਰਤੀਕਰਮ ਦਿੰਦਿਆਂ ਸੀਐੱਮ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਆਪਣੇ ਬਿਆਨ ਵਿੱਚ ਵੜਿੰਗ ਨੇ ਕਿਹਾ, "ਭਗਵੰਤ ਮਾਨ ਨੇ ਨਾ ਸਿਰਫ਼ ਅਕਾਲ ਤਖ਼ਤ ਦੇ ਅਧਿਕਾਰ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ, ਸਗੋਂ ਇਸ ਨੂੰ ਗਲਤ ਸਾਬਤ ਕਰਨ ਲਈ ਮਨਘੜ੍ਹਤ ਰਿਪੋਰਟਾਂ ਦਾ ਵੀ ਸਹਾਰਾ ਲਿਆ।"
23 ਜੂਨ ਨੂੰ ਸ਼ਾਮ ਵੇਲੇ ਇੱਕ ਪ੍ਰੈਸ ਕਾਨਫਰੈਂਸ ਕਰਕੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਮਾਮਲੇ ਵਿੱਚ ਸਵਾਲ ਖੜੇ ਕੀਤੇ ਸਨ।
ਉਨ੍ਹਾਂ ਨੇ ਕਿਹਾ ਸੀ,"ਫੋਰੈਂਸਿਕ ਦੀਆਂ ਸੀਐੱਫਐੱਸਐੱਲ ਦੀਆਂ ਲੈਬਜ਼ ਚੰਡੀਗੜ੍ਹ ਅਤੇ ਦਿੱਲੀ ਵਿੱਚ ਵੀ ਹੈ, ਇਨ੍ਹਾਂ ਨੂੰ ਉੱਥੋਂ ਜਾਂਚ ਕਰਵਾਉਣੀ ਚਾਹੀਦੀ ਸੀ ਪਰ ਉੱਥੇ ਵੀਡੀਓ ਨਹੀਂ ਦਿੱਤੀ।"
ਸਰਕਾਰ ਨੇ ਕੀ ਕਿਹਾ?
ਉਧਰ ਇਸ ਮਾਮਲੇ ਤੋਂ ਬਾਅਦ ਪੰਜਾਬ ਦੇ ਲੋਕ ਸੰਪਰਕ ਵਿਭਾਗ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ। ਜਿਸ ਵਿੱਚ ਮੁੱਖ ਮੰਤਰੀ ਵੱਲੋਂ ਕਿਹਾ ਗਿਆ,"ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਨਿਵਾਇਆ ਕਿਉਂਕਿ ਇਹ ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ, ਪਰ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ।"
ਇਸ ਮਾਮਲੇ ਵਿੱਚ ਬੀਬੀਸੀ ਪੰਜਾਬੀ ਵੱਲੋਂ ਆਮ ਆਦਮੀ ਪਾਰਟੀ ਦਾ ਪੱਖ ਜਾਨਣ ਲਈ ਸੰਪਰਕ ਕੀਤਾ ਗਿਆ ਪਰ ਅਜੇ ਤੱਕ ਇਸ ਉੱਤੇ ਕੋਈ ਪ੍ਰਤੀਕਿਰਿਆ ਹਾਸਿਲ ਨਹੀਂ ਹੋ ਸਕੀ ਹੈ। ਜਵਾਬ ਹਾਸਿਲ ਹੋਣ ਉੱਤੇ ਖ਼ਬਰ ਵਿੱਚ ਸ਼ਾਮਿਲ ਕਰ ਦਿੱਤਾ ਜਾਵੇਗਾ।
ਅਕਾਲ ਤਖ਼ਤ ਸਾਹਿਬ ਤੋਂ ਕੀ ਪ੍ਰਤੀਕਿਰਿਆ ਆਈ?
ਗੁਰੂਗ੍ਰਾਮ ਪੁਲਿਸ ਵੱਲੋਂ ਕੀਤੀ ਕਾਰਵਾਈ 'ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਪ੍ਰਤੀਕਰਮ ਆਇਆ ਹੈ।
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, "ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਗਤ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਹੀ ਨੀਵੇਂ ਪੱਧਰ ਦੀ ਸਿਆਸਤ ਹੈ, ਜਿਸ ਤੋਂ ਹਰ ਸਿੱਖ, ਗੁਰੂ ਨਾਨਕ ਨਾਮ ਲੇਵਾ ਅਤੇ ਪੰਜਾਬੀ ਨੂੰ ਸੁਚੇਤ ਹੋਣਾ ਅਤਿ ਜ਼ਰੂਰੀ ਹੈ।"