ਨਗਰਾਸੂ ਗੁਰਦੁਆਰਾ ਵਿਵਾਦ: ਨਿਹੰਗ ਸਿੱਖਾਂ ਵੱਲੋਂ ਗੁਰਦੁਆਰੇ 'ਤੇ ਕਥਿਤ ਕਬਜ਼ਾ ਕਰਨ ਦਾ ਕੀ ਹੈ ਮਾਮਲਾ, 24 ਘੰਟਿਆਂ ਬਾਅਦ ਕੀ ਹਨ ਹਾਲਾਤ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਇੱਕ ਗੁਰਦੁਆਰੇ 'ਚ ਨਿਹੰਗ ਸਿੱਖਾਂ ਵੱਲੋਂ ਛੱਤ ਉੱਤੇ ਕਥਿਤ ਕਬਜ਼ਾ ਕਰਨ ਅਤੇ ਬਾਹਰ ਆਉਣ ਤੋਂ ਮਨ੍ਹਾ ਕਰਨ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ।

ਗੁਰਦੁਆਰਾ ਲੰਗਰ ਦਮਦਮਾ ਸਾਹਿਬ ਬਦਰੀਨਾਥ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਨਗਰਾਸੂ ਵਿੱਚ ਹੈ, ਜਿੱਥੇ ਬੀਤੇ ਸ਼ਨੀਵਾਰ ਗੁਰਦੁਆਰਾ ਪ੍ਰਬੰਧਨ ਅਤੇ ਨਿਹੰਗ ਸਿੱਖਾਂ ਵਿਚਕਾਰ ਇਹ ਵਿਵਾਦ ਸ਼ੁਰੂ ਹੋਇਆ ਸੀ। ਹਾਲੇ ਵੀ ਵਿਵਾਦ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਿਆ ਹੈ।

ਸ਼ਨੀਵਾਰ ਨੂੰ ਦੁਪਹਿਰ ਕਰੀਬ 3:40 ਵਜੇ ਸ਼ੁਰੂ ਹੋਏ ਘਟਨਾਕ੍ਰਮ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਲਗਾਤਾਰ ਮੌਕੇ 'ਤੇ ਡਟੇ ਹੋਏ ਹਨ ਅਤੇ ਹੱਲ ਕੱਢਣ ਦੇ ਯਤਨ ਜਾਰੀ ਹਨ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਵੀ ਗੱਲ ਕੀਤੀ ਹੈ ਅਤੇ ਕਿਹਾ ਹੈ ਕਿ ਦੋਵਾਂ ਪੱਖਾਂ ਦੀ ਗੱਲ ਸੁਣ ਕੇ ਹੀ ਫੈਸਲਾ ਕੀਤਾ ਜਾਵੇ, ਤਾਂ ਜੋ ਮਾਮਲੇ ਦਾ ਸ਼ਾਂਤੀਪੂਰਨ ਹੱਲ ਹੋ ਸਕੇ।

ਕੀ ਹੈ ਮਾਮਲਾ

ਬੀਬੀਸੀ ਸਹਿਯੋਗੀ ਆਸਿਫ਼ ਅਲੀ ਮੁਤਾਬਕ, ਪੁਲਿਸ ਨੇ ਦੱਸਿਆ ਕਿ ਗੁਰਦੁਆਰੇ ਦੇ ਸੇਵਾਦਾਰਾਂ ਅਤੇ ਉੱਥੇ ਪਹੁੰਚੇ ਕੁਝ ਨਿਹੰਗ ਸਿੱਖ ਯਾਤਰੀਆਂ ਵਿਚਕਾਰ ਕਿਸੇ ਮੁੱਦੇ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਕੁਝ ਨਿਹੰਗ ਸਿੱਖ ਗੁਰਦੁਆਰੇ ਦੀ ਛੱਤ 'ਤੇ ਚਲੇ ਗਏ ਅਤੇ ਛੱਤ ਤੱਕ ਪਹੁੰਚਣ ਵਾਲਾ ਰਸਤਾ ਬੰਦ ਕਰ ਦਿੱਤਾ।

ਉਸੇ ਸਮੇਂ ਤੋਂ ਪ੍ਰਸ਼ਾਸਨ, ਪੁਲਿਸ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਗੱਲਬਾਤ ਕਰ ਰਹੇ ਹਨ।

ਇਸ ਦੌਰਾਨ ਗੁਰਦੁਆਰਾ ਪ੍ਰਬੰਧਨ ਨੇ ਇਲਜ਼ਾਮ ਲਗਾਇਆ ਹੈ ਕਿ ਛੱਤ 'ਤੇ ਮੌਜੂਦ ਲੋਕ ਮਾਨਤਾ ਪ੍ਰਾਪਤ ਨਿਹੰਗ ਸੰਗਠਨਾਂ ਨਾਲ ਜੁੜੇ ਹੋਏ ਨਹੀਂ ਹਨ।

ਵੱਖ-ਵੱਖ ਰਿਪੋਰਟਾਂ ਵਿੱਚ ਦਾਅਵੇ ਕੀਤੇ ਜਾ ਰਹੇ ਹਨ ਕਿ ਨਿਹੰਗ ਸਿੱਖਾਂ ਦੀ ਮੰਗ ਹੈ ਕਿ ਪਹਿਲਾਂ ਕਰਣਪ੍ਰਯਾਗ ਵਿੱਚ ਹੋਏ ਵਿਵਾਦ ਦੇ ਮਾਮਲੇ 'ਚ ਜਿਨ੍ਹਾਂ 4 ਨਿਹੰਗ ਸਿੱਖਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।

ਇਸ ਬਾਰੇ ਖਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਦੇ ਪ੍ਰਬੰਧਕ ਬਾਬਾ ਬੇਅੰਤ ਸਿੰਘ ਨੇ ਮੰਗਾਂ ਵਾਲੀ ਗੱਲ ਬਾਰੇ ਕਿਹਾ ਕਿ ''ਪਤਾ ਨਹੀਂ, ਐਸਪੀ ਸਾਬ੍ਹ ਨਾਲ ਗੱਲ ਹੋਈ ਹੈ, ਉਨ੍ਹਾਂ ਨੇ ਦੋਵਾਂ ਨੂੰ ਭਰੋਸਾ ਦਿੱਤਾ ਹੈ ਕਿ ਜੋ ਬੰਦੇ ਫੜੇ ਹੋਏ ਹਨ, ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ।''

ਦੂਜੇ ਪਾਸੇ, ਰੁਦਰਪ੍ਰਯਾਗ ਦੇ ਪੁਲਿਸ ਸੁਪਰਡੈਂਟ (ਐਸਪੀ) ਨਿਹਾਰਿਕਾ ਤੋਮਰ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਗੁਰਦੁਆਰੇ 'ਤੇ ਕਿਸੇ ਵੀ ਤਰ੍ਹਾਂ ਦਾ ਕਬਜ਼ਾ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਵਿਅਕਤੀ ਨੂੰ ਬੰਧਕ ਬਣਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਗੱਲਬਾਤ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ ਅਤੇ ਇੱਕ ਨਿਹੰਗ ਸਿੱਖ ਛੱਤ ਤੋਂ ਹੇਠਾਂ ਉਤਰ ਕੇ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਿਹਾ ਹੈ, ਜਦਕਿ ਹੋਰ ਲੋਕਾਂ ਨਾਲ ਵੀ ਗੱਲਬਾਤ ਜਾਰੀ ਹੈ।

ਗੁਰਦੁਆਰਾ ਸਾਹਿਬ ਦੇ ਬਾਬਾ ਬੇਅੰਤ ਸਿੰਘ ਨੇ ਕੀ ਦੱਸਿਆ

ਗੁਰਦੁਆਰਾ ਨਗਰਾਸੂ ਦੇ ਬਾਬਾ ਬੇਅੰਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੁਝ ਵਿਅਕਤੀ ਪਰਸੋਂ ਗੁਰਦੁਆਰਾ ਸਾਹਿਬ ਪਹੁੰਚੇ ਸਨ। ਉਨ੍ਹਾਂ ਦੇ ਮੁਤਾਬਕ, ਆਉਣ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਅਤੇ ਸੇਵਾਦਾਰਾਂ ਵਿਚਕਾਰ ਤਣਾਅਪੂਰਨ ਸਥਿਤੀ ਬਣ ਗਈ।

ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਰਾਤ ਰਹਿਣ ਦੀ ਇਜਾਜ਼ਤ ਦਿੱਤੀ ਗਈ ਅਤੇ ਲੰਗਰ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ।

ਬਾਬਾ ਬੇਅੰਤ ਸਿੰਘ ਨੇ ਦੱਸਿਆ ਕਿ ਕੁੱਲ ਚਾਰ ਵਿਅਕਤੀ ਪਰਸੋਂ ਸ਼ਾਮ ਨੂੰ ਆਏ ਸਨ, ਜਦਕਿ ਤਿੰਨ ਹੋਰ ਪਹਿਲਾਂ ਹੀ ਉੱਥੇ ਮੌਜੂਦ ਸਨ। ਉਨ੍ਹਾਂ ਦੇ ਅਨੁਸਾਰ, ਇਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਨੇ ਗੁਰਦੁਆਰੇ ਵਿੱਚ ਰਹਿਣ ਦੀ ਗੱਲ ਕਹੀ ਅਤੇ ਦਾਅਵਾ ਕੀਤਾ ਕਿ ਉਹ ਕਾਫ਼ੀ ਸਮੇਂ ਤੋਂ ਇਸ ਥਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਉੱਥੋਂ ਜਾਣ ਦੀ ਅਪੀਲ ਕੀਤੀ ਗਈ, ਜਿਸ ਤੋਂ ਬਾਅਦ ਉਹ ਗੁਰਦੁਆਰੇ ਦੇ ਬਾਹਰ ਚਲੇ ਗਏ।

ਬਾਬਾ ਬੇਅੰਤ ਸਿੰਘ ਦੇ ਮੁਤਾਬਕ, ਬਾਹਰ ਪੁਲਿਸ ਦੀ ਮੌਜੂਦਗੀ ਦੇਖ ਕੇ ਇਹ ਵਿਅਕਤੀ ਇਮਾਰਤ ਦੀ ਉੱਪਰੀ ਮੰਜ਼ਿਲ 'ਤੇ ਚਲੇ ਗਏ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਉੱਥੋਂ ਹੇਠਾਂ ਖੜ੍ਹੇ ਲੋਕਾਂ ਅਤੇ ਪੁਲਿਸ ਵੱਲ ਪੱਥਰ ਸੁੱਟੇ ਗਏ।

ਉਨ੍ਹਾਂ ਕਿਹਾ ਕਿ ਪੂਰੀ ਘਟਨਾ ਦੀ ਡਰੋਨ ਰਾਹੀਂ ਵੀਡੀਓ ਰਿਕਾਰਡਿੰਗ ਕੀਤੀ ਗਈ ਹੈ। ਬਾਬਾ ਬੇਅੰਤ ਸਿੰਘ ਦੇ ਅਨੁਸਾਰ, ਉੱਪਰ ਮੌਜੂਦ ਵਿਅਕਤੀ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦਿੱਤਾ ਜਾ ਰਿਹਾ ਖਾਣਾ ਨਹੀਂ ਲੈ ਰਹੇ ਅਤੇ ਉਨ੍ਹਾਂ ਨੂੰ ਇਸ ਸਬੰਧੀ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਣੀ ਦੀ ਸਪਲਾਈ ਕੱਟੀ ਗਈ ਅਤੇ ਇਮਾਰਤ ਦੇ ਕੁਝ ਸੋਲਰ ਪੈਨਲਾਂ ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ ਕਾਫ਼ੀ ਆਰਥਿਕ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਛੱਤ 'ਤੇ ਮੌਜੂਦ ਵਿਅਕਤੀ ਹੇਠਾਂ ਆ ਜਾਣ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਭਰੋਸਾ ਵੀ ਦਿੱਤਾ ਗਿਆ ਹੈ ਕਿ ਉਨ੍ਹਾਂ ਨਾਲ ਕੋਈ ਸਖ਼ਤੀ ਨਹੀਂ ਕੀਤੀ ਜਾਵੇਗੀ।

ਬਾਬਾ ਬੇਅੰਤ ਸਿੰਘ ਦੇ ਅਨੁਸਾਰ, ਛੱਤ 'ਤੇ ਮੌਜੂਦ ਲੋਕ ਹੇਠਾਂ ਆਉਣ ਲਈ ਤਿਆਰ ਨਹੀਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉੱਥੋਂ ਨਹੀਂ ਜਾਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਕਰਣਪ੍ਰਯਾਗ ਮਾਮਲੇ ਨਾਲ ਜੁੜੇ ਕਾਨੂੰਨੀ ਮਸਲਿਆਂ ਬਾਰੇ ਭਰੋਸਾ ਦਿੱਤਾ ਗਿਆ ਹੈ ਅਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਦੋਵੇਂ ਪੱਖਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕਾਰਵਾਈ ਹੋਈ ਹੈ। ਹਾਲਾਂਕਿ, ਉਨ੍ਹਾਂ ਦੇ ਮੁਤਾਬਕ, ਛੱਤ 'ਤੇ ਮੌਜੂਦ ਵਿਅਕਤੀ ਇਸ ਗੱਲ ਨਾਲ ਸਹਿਮਤ ਨਹੀਂ ਹਨ।

ਜ਼ਿਲ੍ਹਾ ਅਧਿਕਾਰੀ ਬੋਲੇ- 'ਬੰਧਕ ਵਾਲੀਆਂ ਗੱਲਾਂ ਅਫਵਾਹ'

ਰੁਦਰਪ੍ਰਯਾਗ ਦੇ ਜਿਲ੍ਹਾ ਅਧਿਕਾਰੀ ਵਿਸ਼ਾਲ ਮਿਸ਼ਰਾ ਨੇ ਖਬਰ ਏਜੰਸੀ ਏਐਨਆਈ ਨੂੰ ਕਿਹਾ, "ਨਗਰਾਸੂ ਦੇ ਇੱਕ ਗੁਰਦੁਆਰੇ ਵਿੱਚ ਨਿਹੰਗ ਸਿੱਖਾਂ, ਗੁਰਦੁਆਰਾ ਪ੍ਰਬੰਧਨ ਅਤੇ ਉੱਥੇ ਰਹਿਣ ਵਾਲੇ ਸਿੱਖ ਸੇਵਾਦਾਰਾਂ ਵਿਚਕਾਰ ਇੱਕ ਵਿਵਾਦ ਪੈਦਾ ਹੋ ਗਿਆ ਸੀ। ਗੁਰਦੁਆਰੇ ਵਿੱਚ ਅਰਦਾਸ, ਲੰਗਰ ਅਤੇ ਧਾਰਮਿਕ ਸੇਵਾਵਾਂ ਸਾਰੀਆਂ ਸੁਚੱਜੇ ਅਤੇ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀਆਂ ਹਨ।''

ਉਨ੍ਹਾਂ ਦੱਸਿਆ ਕਿ ''ਗੁਰਦੁਆਰੇ 'ਚ ਲੋਕਾਂ ਦੀ ਆਵਾਜਾਈ ਵੀ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਹੈ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਰਹੀ।''

ਨਿੰਹਗ ਸਿੱਖਾਂ ਦੁਆਰਾ ਕਿਸੇ ਨੂੰ ਬੰਧਕ ਬਣਾਏ ਜਾਣ ਦੀਆਂ ਗੱਲਾਂ ਨੂੰ ਉਨ੍ਹਾਂ ਨੇ ਅਫਵਾਹ ਕਰਾਰ ਦਿੱਤਾ ਅਤੇ ਕਿਹਾ, ''ਇਹਨਾਂ ਅਫ਼ਵਾਹਾਂ ਵੱਲ ਧਿਆਨ ਨਾ ਦਿਓ ਕਿ ਗੁਰਦੁਆਰੇ 'ਤੇ ਕਬਜ਼ਾ ਕਰ ਲਿਆ ਗਿਆ ਹੈ, ਕਿਸੇ ਨੂੰ ਬੰਧਕ ਬਣਾਇਆ ਗਿਆ ਹੈ ਜਾਂ ਕੋਈ ਹਿੰਸਾ ਹੋਈ ਹੈ।''

''ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਮਾਹੌਲ ਵਿੱਚ ਆਪਣਾ ਕੰਮ ਕਰ ਰਹੀ ਹੈ। ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ।"

ਜ਼ਿਲ੍ਹਾ ਅਧਿਕਾਰੀ ਵਿਸ਼ਾਲ ਮਿਸ਼ਰਾ ਨੇ ਕਿਹਾ ਕਿ ਹੇਮਕੁੰਟ ਸਾਹਿਬ ਯਾਤਰਾ ਅਤੇ ਗੁਰਦੁਆਰੇ ਦੀਆਂ ਨਿਯਮਿਤ ਗਤੀਵਿਧੀਆਂ ਸ਼ਾਂਤੀਪੂਰਵਕ ਚੱਲ ਰਹੀਆਂ ਹਨ ਅਤੇ ਖੇਤਰ ਵਿੱਚ ਕਾਨੂੰਨ-ਵਿਵਸਥਾ ਬਣੀ ਹੋਈ ਹੈ।

16 ਜੂਨ ਨੂੰ ਕਰਣਪ੍ਰਯਾਗ ਵਿੱਚ ਹੋਏ ਵਿਵਾਦ ਤੋਂ ਬਾਅਦ ਸਾਹਮਣੇ ਆਏ ਇਸ ਨਵੇਂ ਘਟਨਾਕ੍ਰਮ 'ਤੇ ਪ੍ਰਸ਼ਾਸਨ ਨੇ ਲਗਾਤਾਰ ਨਜ਼ਰ ਬਣਾਈ ਹੋਈ ਹੈ।

ਖ਼ਬਰ ਲਿਖੇ ਜਾਣ ਤੱਕ ਗੱਲਬਾਤ ਜਾਰੀ ਸੀ ਅਤੇ ਕਿਸੇ ਅੰਤਿਮ ਸਮਝੌਤੇ ਦੀ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਸੀ।

ਸਿਆਸੀ ਪ੍ਰਤੀਕ੍ਰਿਆ

ਦਰਅਸਲ ਉੱਤਰਾਖੰਡ ਵਿੱਚ ਇਸ ਵੇਲੇ ਚਾਰ ਧਾਮ ਅਤੇ ਹੇਮਕੁੰਟ ਸਾਹਿਬ ਯਾਤਰਾ ਜਾਰੀ ਹੈ। ਇਸ ਸਮੇਂ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਥਾਵਾਂ ਉੱਤੇ ਜਾਂਦੇ ਹਨ ਜਿਨ੍ਹਾਂ ਵਿੱਚ ਪੰਜਾਬ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਹੁੰਦੇ ਹਨ।

ਕਰਣਪ੍ਰਯਾਗ ਵਿੱਚ ਹੋਏ ਵਿਵਾਦ ਮਗਰੋਂ ਮੁਹਾਲੀ ਨਾਲ ਜੁੜੇ ਚਾਰ ਜਣਿਆਂ ਦੀ ਗਿਰਫ਼ਤਾਰੀ ਹੋਈ ਸੀ। ਇਸ ਮਗਰੋਂ ਪੰਜਾਬ ਦੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਵੀ ਇਸ ਘਟਨਾ ਨੂੰ ਲੈ ਕੇ ਬਿਆਨ ਦਿੱਤੇ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਐਕਸ ਉੱਤੇ ਪੋਸਟ ਕਰਕੇ ਲਿਖਿਆ, "ਉਤਰਾਖੰਡ ਵਿੱਚ ਗੁਰਸਿੱਖ ਨੌਜਵਾਨਾਂ ਦੀ ਹੋਈ ਕੁੱਟਮਾਰ ਦੀ ਸਖ਼ਤ ਨਿੰਦਾ ਕਰਦਾ ਹਾਂ। ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਉਤਰਾਖੰਡ ਸਰਕਾਰ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਤੇ ਇਸ ਘਟਨਾ 'ਚ ਸ਼ਾਮਿਲ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ । ਸਰਕਾਰ ਦੀ ਇੱਕਪਾਸੜ ਕਾਰਵਾਈ ਨਾਲ ਸਿੱਖ ਮਨਾਂ ਨੂੰ ਡੂੰਘੀ ਸੱਟ ਵੱਜੀ ਹੈ, ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਬਣਦੀ ਹੈ ।"

ਐਤਵਾਰ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਵੀ ਉੱਤਰਾਖੰਡ ਦੇ ਡੀਜੀਪੀ ਨੂੰ ਮਿਲੇ ਅਤੇ ਸਹੀ ਕਾਰਵਾਈ ਦੀ ਮੰਗ ਕੀਤੀ, ਪੁਲਿਸ ਵੱਲੋਂ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)