ਲਾਹੌਰ ਦੇ ਕਾਰੋਬਾਰੀ ਨੇ ਭਾਰਤੀ ਦੋਸਤ ਨੂੰ ਸਮਰਪਿਤ ਕੀਤਾ ਕਲਾਸਰੂਮ, "ਜ਼ੁਬਾਨ ਇੱਕ, ਖਾਣਾ ਸਾਂਝਾ ਹੈ, ਤੁਸੀਂ ਦਰਵਾਜ਼ੇ ਖੋਲ੍ਹੋ, ਦੂਜੇ ਹੀ ਦਿਨ ਸਾਰੇ ਆਪਸ 'ਚ ਮਿਲ ਜਾਣਗੇ"

    • ਲੇਖਕ, ਸ਼ੁਮਾਇਲਾ ਖਾਨ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

''ਮਜਬੂਰੀ ਹੈ ਕਿ ਸਾਡਾ ਆਉਣਾ-ਜਾਣਾ ਬੰਦ ਹੋ ਗਿਆ ਹੈ। ਜ਼ੁਬਾਨ ਇੱਕ ਹੈ, ਖਾਣਾ ਸਾਂਝਾ ਹੈ, ਇੰਨਾਂ ਕੁਝ ਸਾਂਝਾ ਹੈ ਪਰ ਜੋ ਆਪਸ 'ਚ ਮੇਲ-ਜੋਲ ਹੈ, ਉਸ 'ਤੇ ਬੰਦਿਸ਼ ਹੋਣ ਕਾਰਨ ਅਸੀਂ ਇੱਕ-ਦੂਜੇ ਤੋਂ ਦੂਰ ਹੋ ਰਹੇ ਹਾਂ।''

''ਤੁਸੀਂ ਦਰਵਾਜ਼ੇ ਖੋਲ੍ਹੋ, ਦੂਜੇ ਹੀ ਦਿਨ ਸਾਰੇ ਆਪਸ 'ਚ ਮਿਲ ਜਾਣਗੇ।''

ਇਹ ਕਹਿਣਾ ਹੈ ਪਾਕਿਸਤਾਨ ਦੇ ਜਾਣੇ-ਪਛਾਣੇ ਕਾਰੋਬਾਰੀ ਸਈਦ ਬਾਬਰ ਅਲੀ ਦਾ, ਜਿਨ੍ਹਾਂ ਨੇ ਆਪਣੇ ਮਰਹੂਮ ਦੋਸਤ ਅਤੇ ਭਾਰਤੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਨਾਮ ਲਾਹੌਰ ਦੇ ਏਚਿਸਨ ਕਾਲਜ ਵਿੱਚ ਇੱਕ ਕਮਰਾ ਸਮਰਪਿਤ ਕੀਤਾ ਹੈ।

ਮੁਕਤਸਰ ਵਿੱਚ ਪੈਂਦੇ ਪਿੰਡ ਸਰਾਏ ਨਾਗਾ ਦੇ ਹਰਚਰਨ ਸਿੰਘ ਬਰਾੜ ਅਗਸਤ 1995 ਤੋਂ ਨਵੰਬਰ 1996 ਤੱਕ ਭਾਰਤ ਵਿਚਲੇ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ਇਸ ਤੋਂ ਇਲਾਵਾ ਉਹ ਹਰਿਆਣਾ ਅਤੇ ਓਡੀਸ਼ਾ ਦੇ ਗਵਰਨਰ ਵੀ ਰਹੇ।

ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ, ਹਰਚਰਨ ਸਿੰਘ ਬਰਾੜ ਨੇ ਪਾਕਿਸਤਾਨ ਦੇ ਲਾਹੌਰ 'ਚ ਏਚਿਸਨ ਕਾਲਜ ਵਿੱਚ ਪੜ੍ਹਾਈ ਕੀਤੀ ਸੀ, ਅਤੇ ਇੱਥੇ ਹੀ ਹਰਚਰਨ ਅਤੇ ਬਾਬਰ ਦੀ ਮੁਲਾਕਾਤ ਹੋਈ ਸੀ।

ਦੇਸ਼ ਦੀ ਵੰਡ ਹੋ ਗਈ ਪਰ ਦਿਲਾਂ ਦੀ ਨਹੀਂ, ਦੋਵੇਂ ਇੱਕ-ਦੂਜੇ ਦੇ ਪੱਕੇ ਮਿੱਤਰ ਰਹੇ, ''ਬਿਲਕੁਲ ਭਰਾਵਾਂ ਵਾਂਗ''।

ਬੀਬੀਸੀ ਪੱਤਰਕਾਰ ਸ਼ੁਮਾਇਲਾ ਖਾਨ ਨੇ ਸਈਦ ਬਾਬਰ ਅਲੀ ਨਾਲ ਇਸ ਬਾਰੇ ਖਾਸ ਗੱਲਬਾਤ ਕੀਤੀ। ਇਸ ਦੌਰਾਨ ਹਰਚਰਨ ਸਿੰਘ ਬਰਾੜ ਦੀ ਧੀ ਬਬਲੀ ਬਰਾੜ ਵੀ ਮੌਜੂਦ ਰਹੇ। ਪੇਸ਼ ਹਨ ਇਸ ਗੱਲਬਾਤ ਦੇ ਕੁਝ ਖਾਸ ਅੰਸ਼...

ਕਾਲਜ ਦੀ ਦੋਸਤੀ ਕਿਵੇਂ ਭਰਾਵਾਂ ਵਰਗੇ ਪਿਆਰ 'ਚ ਬਦਲੀ

ਸਈਦ ਬਾਬਰ ਅਲੀ ਅਤੇ ਹਰਚਰਨ ਸਿੰਘ ਬਰਾੜ ਕਿਵੇਂ ਮਿਲੇ, ਇਸ ਬਾਰੇ ਗੱਲ ਕਰਦਿਆਂ ਬਾਬਰ ਅਲੀ ਨੇ ਦੱਸਿਆ ਕਿ ''ਤੀਜੀ ਜਮਾਤ ਵਿੱਚ ਮੇਰੀ ਪ੍ਰਮੋਸ਼ਨ ਹੋਈ, ਉੱਥੇ ਸਰਦਾਰ ਹਰਚਰਨ ਸਿੰਘ, ਜੋ ਕਿ ਉਮਰ 'ਚ ਮੇਰੇ ਤੋਂ ਜ਼ਿਆਦਾ ਸਨ। ਉਹ ਪਿੰਡ ਤੋਂ ਆਏ ਸਨ ਅਤੇ ਉਨ੍ਹਾਂ ਨੂੰ ਪ੍ਰਮੋਸ਼ਨ ਨਹੀਂ ਮਿਲੀ ਸੀ, ਤਾਂ ਉਹ ਮੇਰੇ ਜਮਾਤੀ ਹੋ ਗਏ।''

''ਕੁਝ ਹੀ ਦਿਨਾਂ 'ਚ ਸਾਡਾ ਭਾਈਚਾਰਾ ਅਜਿਹਾ ਹੋ ਗਿਆ ਕਿ ਮੈਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਬੜਾ ਨੇਕ ਹੈ, ਸੁਥਰਾ ਹੈ ਅਤੇ ਖੁੱਲ੍ਹਾ ਹੈ। ਉਨ੍ਹਾਂ ਨਾਲ ਦੋਸਤੀ ਹੋ ਗਈ ਅਤੇ ਉਹ ਦੋਸਤੀ ਸਾਡੀ 1938 ਤੋਂ ਲੈਕੇ 1944 ਤੱਕ ਰਹੀ, ਜਦੋਂ ਤੱਕ ਅਸੀਂ ਏਚਿਸਨ ਕਾਲਜ ਤੋਂ ਪੜ੍ਹ ਕੇ ਨਿੱਕਲੇ ਫਿਰ ਸਰਕਰੀ ਕਾਲਜ ਗਏ।''

''ਅਸੀਂ ਬਿਲਕੁਲ ਭਰਾਵਾਂ ਵਾਂਗ ਰਹੇ। ਹਾਲਾਂਕਿ ਮੇਰੇ ਵਾਲਿਦਾ (ਮਾਤਾ) ਪਰਦਾ ਕਰਦੇ ਸਨ, ਪਰ ਹਰਚਰਨ ਕੋਲੋਂ ਕੋਈ ਪਰਦਾ ਨਹੀਂ ਸੀ। ਉਹ ਸਾਡੇ ਘਰ ਆਉਂਦਾ ਸੀ, ਮੇਰੀਆਂ ਭੈਣਾਂ ਨੂੰ ਮਿਲਦਾ ਸੀ, ਮੇਰੇ ਭਾਈਆਂ ਨੂੰ ਮਿਲਦਾ ਸੀ, ਮੇਰੇ ਵਾਲਿਦ ਸਾਬ੍ਹ ਨੂੰ ਮਿਲਦਾ ਸੀ। ਉਹ ਬਿਲਕੁਲ ਸਾਡੇ ਖਾਨਦਾਨ ਦਾ ਮੈਂਬਰ ਬਣ ਗਿਆ।''

''ਮੈਨੂੰ ਯਾਦ ਹੈ ਕਿ ਹਰਚਰਨ ਸਿੰਘ ਦੇ ਮਾਤਾ ਜੀ ਇੱਥੇ ਕਿਸੇ ਇਲਾਜ ਲਈ ਆਏ। ਮੈਂ ਉਨ੍ਹਾਂ ਨੂੰ ਮਿਲਣ ਗਿਆ, ਸਲਾਮ ਕਰਨ ਗਿਆ ਤੇ ਉਨ੍ਹਾਂ ਨੇ ਮੈਨੂੰ 100 ਰੁਪਇਆ ਦਿੱਤਾ, ਸਲਾਮੀ ਦਾ। ਬੜਾ ਪਿਆਰ ਸੀ।''

''ਉਸ ਤੋਂ ਬਾਅਦ ਮੈਂ ਅਮਰੀਕਾ ਚਲਾ ਗਿਆ, ਵੰਡ ਹੋਈ... ਉਹ ਹਿੰਦੂਸਤਾਨ ਚਲਾ ਗਿਆ।''

ਵੱਖੋ-ਵੱਖਰੇ ਸਿਆਸੀ ਵਿਚਾਰ ਪਰ ਕੋਈ ਮਤਭੇਦ ਨਹੀਂ

ਆਪਣੇ ਦੋਸਤ ਹਰਚਰਨ ਸਿੰਘ ਨੂੰ ਯਾਦ ਕਰਦਿਆਂ ਬਾਬਰ ਅਲੀ ਨੇ ਦੱਸਿਆ ਕਿ ''ਉਨ੍ਹਾਂ ਨੂੰ ਪਾਲੀਟਿਕਸ ਦਾ ਬੜਾ ਸ਼ੌਕ ਸੀ। ਏਚਿਸਨ ਕਾਲਜ ਸਾਡੇ ਦੋ ਅਖਬਾਰ ਆਇਆ ਕਰਦੇ ਸਨ, ਇੱਕ ਸਿਵਿਲ ਮਿਲਿਟਰੀ ਗਜ਼ਟ ਤੇ ਇੱਕ ਸਿਰਫ਼ ਟ੍ਰਿਬਿਊਨ ਸੀ, ਜੋ ਕਿ ਨੈਸ਼ਨਲ ਪੇਪਰ ਸੀ, ਜੋ ਹਰਚਰਨ ਸਿੰਘ ਮਗਾਉਂਦਾ ਸੀ।''

''ਉਨ੍ਹਾਂ ਦੀ ਕਾਂਗਰਸ ਵੱਲ ਬੜੀ ਰਗਬਤ (ਝੁਕਾਅ) ਸੀ। ਮੈਂ ਮੁਲਸਿਮ ਲੀਗ ਦਾ ਸਮਰਥਕ ਸੀ। ਸਾਡੀ ਪਾਲੀਟਿਕਸ 'ਤੇ ਆਪਸ 'ਚ ਬਹਿਸ ਹੁੰਦੀ ਸੀ ਪਰ ਉਸ 'ਚ ਕਦੇ ਕੋਈ ਗਲਤ ਗੱਲ ਨਹੀਂ ਹੁੰਦੀ ਸੀ।''

ਜਵਾਨੀ ਦੇ ਦਿਨਾਂ ਦੇ ਕਿੱਸੇ

ਆਪਣੇ ਜਵਾਨੀ ਦੇ ਦਿਨਾਂ ਨੂੰ ਯਾਦ ਕਰਦਿਆਂ ਸਈਦ ਬਾਬਰ ਅਲੀ ਨੇ ਦੱਸਿਆ, ''ਅਸੀਂ ਜਦੋਂ ਗਵਰਨਮੈਂਟ ਕਾਲਜ ਵਿੱਚ ਸਾਂ, ਇੱਕ ਦਿਨ ਹਰਚਰਨ ਮੇਰੇ ਕੋਲ ਅਖ਼ਬਾਰ ਲੈਕੇ ਆਇਆ ਤੇ ਕਹਿਣ ਲੱਗਿਆ ਕਿ 'ਇਹ ਇੱਕ ਕੁੜੀ ਹੈ ਜੋ ਬੜੀ ਚੰਗੀ ਐਥਲੀਟ ਹੈ ਅਤੇ ਮੈਂ ਇਸਨੂੰ ਮਿਲਣਾ ਚਾਹੁੰਦਾ ਹਾਂ'।''

''ਅਸੀਂ ਪਤਾ ਕੀਤਾ ਕਿ ਉਹ ਜੱਟਾਂ ਦੀ ਕੁੜੀ ਸੀ, ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਭਤੀਜੀ। ਖੈਰ, ਪਤਾ ਲੱਗਿਆ ਕਿ ਉਸਦੇ ਤਾਇਆ ਜੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੇ ਕੁੜੀ ਦੇ ਪਿਤਾ ਦੋਵੇਂ ਜੇਲ੍ਹ ਵਿੱਚ ਸਨ ਕਿਉਂਕਿ ਉਹ ਕਾਂਗਰਸ ਦੇ ਹਿਮਾਇਤੀ ਸਨ।''

''ਫਿਰ ਅਸੀਂ ਇੱਕ ਬੰਦਾ ਲੱਭਿਆ ਜੋ ਜੇਲ੍ਹ ਜਾਕੇ ਉਨ੍ਹਾਂ ਤੋਂ ਸਾਡੇ ਵੱਲੋਂ ਕੁੜੀ ਦਾ ਹੱਥ ਮੰਗੇ। ਉਨ੍ਹਾਂ ਕਿਹਾ ਕਿ ਅਜੇ ਅਸੀਂ ਜੇਲ੍ਹ 'ਚ ਹਾਂ, ਜਦੋਂ ਬਾਹਰ ਆਵਾਂਗੇ ਫਿਰ ਕੋਈ ਫੈਸਲਾ ਕਰਾਂਗੇ।''

''ਫਿਰ ਉਹ ਜੇਲ੍ਹੋਂ ਬਾਹਰ ਆਏ, ਫਿਰ ਵਿਆਹ ਹੋਇਆ। ਅਸੀਂ ਵਿਆਹ ਮਨਾਇਆ।''

ਜਦੋਂ ਬਾਰਡਰ 'ਤੇ ਮਿਲੇ ਦੋਵੇਂ ਦੋਸਤ ਪਰ...

ਅਮਰੀਕਾ ਤੋਂ ਵਾਪਿਸ ਆਉਣ ਬਾਅਦ ਦਾ ਇੱਕ ਕਿੱਸਾ ਸੁਣਾਉਂਦਿਆਂ ਸਈਦ ਬਾਬਰ ਅਲੀ ਦੱਸਦੇ ਹਨ ਕਿ ''ਮੈਂ ਵਾਪਿਸ ਆਇਆ ਤਾਂ ਇੱਥੇ ਪੁਲਿਸ ਦੇ ਇੰਸਪੈਕਟਰ ਜਨਰਲ ਕੁਰਬਾਨੀ ਖਾਨ ਮੇਰੇ ਚੰਗੇ ਮਿਹਰਬਾਨ ਸਨ। ਮੈਂ ਉਨ੍ਹਾਂ ਨੂੰ ਜਾਕੇ ਕਿਹਾ ਕਿ ਮੇਰੇ ਦੋਸਤ ਨੂੰ ਮੈਂ ਇੱਕ ਸਾਲ ਤੋਂ ਨਹੀਂ ਮਿਲਿਆ। ਕਹਿੰਦੇ ਕਿ 'ਤੂੰ ਮਿਲਣਾ ਚਾਹੁੰਦਾ ਹੈਂ?', ਮੈਂ ਕਿਹਾ ਜੀ ਉਹ ਆਏਗਾ। ਉਨ੍ਹਾਂ ਕਿਹਾ, ''ਅੱਛਾ ਤੂੰ ਮੇਰੀ ਜੀਪ ਲੈਕੇ ਬਾਰਡਰ 'ਤੇ ਚਲਾ ਜਾ ਤੇ ਉੱਥੇ ਜਾਕੇ ਮੁਲਾਕਾਤ ਕਰ ਲੈ।''

''ਮੈਂ ਗੰਢਾ ਸਿੰਘ ਵਾਲੇ ਗਿਆ, ਓਧਰੋਂ ਹਰਚਰਨ ਆਇਆ ਸੀ। ਉਹ ਮੇਰੇ ਲਈ ਕੇਲੇ ਲੈਕੇ ਆਇਆ ਸੀ, ਉਸ ਜ਼ਮਾਨੇ 'ਚ ਪਾਕਿਸਤਾਨ 'ਚ ਕੇਲੇ ਨਹੀਂ ਹੁੰਦੇ ਸਨ। ਮੈਂ ਉਸਦੇ ਲਈ ਟਾਈ ਲੈਕੇ ਗਿਆ ਸੀ। ਮੈਂ ਉਹਨੂੰ ਟਾਈ ਦੇ ਦਿੱਤੀ ਤੇ, ਉਸਨੇ ਮੈਨੂੰ ਕੇਲੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਾਲੇ ਕਹਿੰਦੇ 'ਇਸਦੀ ਇਜਾਜ਼ਤ ਨਹੀਂ ਹੈ'।''

ਨਾਯਾਬ ਦੋਸਤੀ

ਹਰਚਰਨ ਸਿੰਘ ਬਰਾੜ ਦਾ ਸਾਲ 2009 ਵਿੱਚ ਦੇਹਾਂਤ ਹੋ ਗਿਆ ਸੀ ਪਰ ਦੋਵੇਂ ਪਰਿਵਾਰਾਂ ਵਿੱਚ ਅਜੇ ਵੀ ਸਾਂਝ ਹੈ।

ਉਸ ਦਿਨ ਨੂੰ ਯਾਦ ਕਰਦਿਆਂ ਬਾਬਰ ਅਲੀ ਕਹਿੰਦੇ ਹਨ, ''ਬੜਾ ਦੁੱਖ ਹੋਇਆ। ਬਬਲੀ ਦਾ ਮੈਨੂੰ ਫੋਨ ਆਇਆ ਕਿ ਪਿਤਾ ਜੀ ਰੁਖਸਤ ਹੋ ਗਏ ਹਨ। ਫਿਰ ਇਸਨੇ ਕਿਹਾ ਕਿ ਤੁਸੀਂ ਭੋਗ 'ਤੇ ਆਓ। ਮੈਂ ਉੱਥੇ ਗਿਆ ਤੇ ਉੱਥੇ 18 ਹਜ਼ਾਰ ਬੰਦੇ ਆਏ ਹੋਏ ਸਨ। ਕੇਂਦਰ ਸਰਕਾਰ ਤੋਂ ਬੰਦੇ ਆਏ ਹੋਏ ਸਨ, ਪੰਜਾਬ ਦੇ ਮੁੱਖ ਮੰਤਰੀ ਮੌਜੂਦ ਸਨ, ਮਹਾਰਾਜਾ ਪਟਿਆਲਾ ਸਨ।''

''ਪਰ ਜਦੋਂ ਤਕਰੀਰ ਕਰਨ ਦਾ ਵੇਲਾ ਆਇਆ ਤਾਂ ਮੈਂਨੂੰ ਕਿਹਾ ਕਿ ਤੁਸੀਂ ਸਭ ਤੋਂ ਪਹਿਲਾਂ ਤਕਰੀਤ ਕਰੋ, ਤੁਸੀਂ ਸਾਰਿਆਂ ਵਿੱਚੋਂ ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਦੋਸਤ ਸੀ।''

''ਇਸ ਤਰ੍ਹਾਂ ਦੀ ਦੋਸਤੀ ਸੀ। ਅੱਜ-ਕੱਲ੍ਹ ਤਾਂ ਇਹ ਚੀਜ਼ ਨਾਯਾਬ ਹੈ।''

'ਸਾਡੇ ਵਾਸਤੇ ਜੇ ਉਹ ਮਾਂ-ਪਿਓ ਸਨ ਤਾਂ ਇਹ ਵੀ ਮਾਂ-ਪਿਓ ਨੇ'

ਬੀਬੀਸੀ ਨਾਲ ਗੱਲ ਕਰਦਿਆਂ ਹਰਚਰਨ ਸਿੰਘ ਬਰਾੜ ਦੀ ਧੀ ਬਬਲੀ ਬਰਾੜ ਨੇ ਕਿਹਾ ਕਿ ''ਇਨ੍ਹਾਂ (ਬਾਬਰ ਅਲੀ) ਨੇ ਇੱਕ ਵਾਰ ਨਹੀਂ ਸਨਮਾਨਿਤ ਕੀਤਾ, ਜਦੋਂ ਇਨ੍ਹਾਂ ਨੇ ਲਾਇਬ੍ਰੇਰੀ ਬਣਾਈ, ਉਸ ਵੇਲੇ ਸਰਦਾਰ ਸਾਬ੍ਹ ਪੰਜਾਬ ਦੇ ਮੁੱਖ ਮੰਤਰੀ ਸਨ। ਇਨ੍ਹਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ''ਤੂੰ ਉਦਘਾਟਨ ਕਰਨਾ ਹੈ''।''

''ਤੇ ਉਹ ਖਾਸ ਤੌਰ 'ਤੇ ਗਏ ਤੇ ਦੋਵਾਂ ਦੀ ਤਸਵੀਰ ਵੀ ਹੈ ਇਕੱਠਿਆਂ ਦੀ। ਬਿਲਕੁਲ ਭਰਾਵਾਂ ਵਾਂਗ ਸਨ ਦੋਵੇਂ। ਸਾਡੇ ਵਾਸਤੇ ਜੇ ਉਹ ਮਾਂ-ਪਿਓ ਸਨ ਤਾਂ ਇਹ ਵੀ ਮਾਂ-ਪਿਓ ਸਨ।''

''ਜਦੋਂ ਸਰਦਾਰ ਸਾਬ੍ਹ ਗੁਜ਼ਰੇ ਨੇ, ਇਨ੍ਹਾਂ ਦਾ ਹੱਥ ਸਾਡੇ ਸਿਰਾਂ 'ਤੇ ਸੀ, ਇਸ ਲਈ ਅਸੀਂ ਉਹ ਦੁੱਖ ਸਹਿ ਗਏ।''

ਆਪਣੇ ਪਿਤਾ ਨੂੰ ਸਮਰਪਿਤ ਕਲਾਸਰੂਮ ਬਾਰੇ ਬੋਲਦਿਆਂ ਬਬਲੀ ਬਰਾੜ ਭਾਵੁਕ ਹੁੰਦਿਆਂ ਕਹਿੰਦੇ ਹਨ, ''ਜਦੋਂ ਉਦਘਾਟਨ ਹੋਇਆ ਤਾਂ ਮੇਰੇ ਦਿਲ ਵਿੱਚ ਆਇਆ ਕੇ ਜੇ ਉਹ ਹੁੰਦੇ, ਜਿੱਥੇ ਵੀ ਹਨ, ਖੁਸ਼ੀ ਨਾਲ ਦੇਖ ਰਹੇ ਹੋਣੇ।''

ਵੰਡ ਦੀ ਪੀੜ

ਸਈਦ ਬਾਬਰ ਅਲੀ ਕਹਿੰਦੇ ਹਨ ਕਿ ਦੋਵੇਂ ਮੁਲਕਾਂ ਦੇ ਲੋਕਾਂ ਦੀਆਂ ਸੱਭਿਆਚਾਰਕ ਸਾਂਝਾਂ ਹਨ, ਪਰ ਬੰਦਿਸ਼ਾਂ ਕਰਕੇ ਮੇਲਜੋਲ ਘੱਟ ਹੋਇਆ ਹੈ।

ਉਨ੍ਹਾਂ ਕਿਹਾ, ''1986 ਵਿੱਚ ਏਚਿਸਨ ਕਾਲਜ ਦੀ 100ਵੀਂ ਵਰ੍ਹੇਗੰਡ ਮਨਾਈ ਗਈ। ਉਸ 'ਚ ਹਿੰਦੂਸਤਾਨ ਤੋਂ ਜੋ ਮੁੰਡੇ ਇੱਥੇ ਪੜ੍ਹਦੇ ਸਨ ਉਹ ਆਏ, ਸਰਦਾਰ ਹਰਚਰਨ ਸਿੰਘ ਵੀ ਆਏ। ਇਨ੍ਹਾਂ ਸਾਰਿਆਂ ਨੂੰ ਜਨਰਲ ਜ਼ਿਆ-ਉਲ-ਹਕ ਨੇ ਇਸਲਾਮਾਬਾਦ ਬੁਲਾਇਆ।''

''ਜਨਰਲ ਸਾਬ੍ਹ ਨੇ ਸਰਦਾਰ ਸਾਬ੍ਹ ਨੂੰ ਪੁੱਛਿਆ ਕਿ 'ਤੁਹਾਡਾ ਕੀ ਖਿਆਲ ਹੈ?', ਕਹਿਣ ਲੱਗੇ ਕਿ ਜੀ ''ਜੇ ਮੈਨੂੰ ਇਸ ਚੀਜ਼ ਦਾ ਯਕੀਨ ਹੋਵੇ ਕਿ ਮਰ ਕੇ ਮੈਂ ਦੁਬਾਰਾ ਲਾਹੌਰ ਪੈਦਾ ਹੋਵਾਂਗਾ, ਤਾਂ ਮੈਂ ਅੱਜ ਮਰਨ ਨੂੰ ਤਿਆਰ ਹਾਂ।''

ਦੋਵੇਂ ਮੁਲਕਾਂ ਵਿੱਚ ਆਈਆਂ ਦੂਰੀਆਂ ਬਾਰੇ ਉਹ ਕਹਿੰਦੇ ਹਨ ਕਿ ''ਮਜਬੂਰੀ ਹੈ ਕਿ ਸਾਡਾ ਆਉਣਾ-ਜਾਣਾ ਬੰਦ ਹੋ ਗਿਆ ਹੈ। ਜ਼ੁਬਾਨ ਇੱਕ ਹੈ, ਖਾਣਾ ਸਾਂਝਾ ਹੈ, ਇੰਨਾਂ ਕੁਝ ਸਾਂਝਾ ਹੈ ਪਰ ਜੋ ਆਪਸ 'ਚ ਮੇਲ-ਜੋਲ ਹੈ ਉਸ 'ਤੇ ਬੰਦਿਸ਼ ਹੋਣ ਕਾਰਨ ਅਸੀਂ ਇੱਕ-ਦੂਜੇ ਤੋਂ ਦੂਰ ਹੋ ਰਹੇ ਹਾਂ।''

''ਤੁਸੀਂ ਦਰਵਾਜ਼ੇ ਖੋਲ੍ਹੋ, ਦੂਜੇ ਹੀ ਦਿਨ ਸਾਰੇ ਆਪਸ 'ਚ ਮਿਲ ਜਾਣਗੇ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)