ਕੀ ਭਵਿੱਖ ਦੀਆਂ ਜੰਗਾਂ ਵਿੱਚ ਰੋਬੋਟ ਬਨਾਮ ਰੋਬੋਟ ਵੇਖਣ ਨੂੰ ਮਿਲੇਗਾ, ਕਿਵੇਂ ਜੰਗਾਂ ਦਾ ਸਰੂਪ ਤੇਜ਼ੀ ਨਾਲ ਬਦਲ ਰਿਹਾ ਹੈ

ਇੱਕ ਛੋਟਾ ਟੈਂਕ ਵਰਗਾ ਰੋਬੋਟ ਵਾਹਨ ਜਿਸਦੇ ਉੱਪਰ ਇੱਕ ਵੱਡੀ ਬੰਦੂਕ ਹੈ

ਤਸਵੀਰ ਸਰੋਤ, United24

ਤਸਵੀਰ ਕੈਪਸ਼ਨ, ਯੂਫੋਰਸ ਦੇ ਕੁਝ ਲੈਂਡ ਡਰੋਨਾਂ ਵਿੱਚ ਵਿਸ਼ੇਸ਼ਤਾ ਹੈ ਕਿ ਉਹ ਕੰਪਿਊਟਰ ਦੀ ਸਹਾਇਤਾ ਨਾਲ ਨਿਸ਼ਾਨਾ ਲਗਾ ਸਕਦੇ ਹਨ
ਪੜ੍ਹਨ ਦਾ ਸਮਾਂ: 6 ਮਿੰਟ

ਯੂਕੇ ਅਤੇ ਯੂਕਰੇਨ ਦੀ ਹਥਿਆਰ ਬਣਾਉਣ ਵਾਲੀ ਇੱਕ ਕੰਪਨੀ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਯੂਕਰੇਨ ਦੇ ਜੰਗੀ ਮੈਦਾਨ ਵਿੱਚ ਇੱਕ ਦਿਨ ਰੋਬੋਟਾਂ ਦੀ ਗਿਣਤੀ ਮਨੁੱਖੀ ਫੌਜੀਆਂ ਤੋਂ ਵੱਧ ਹੋ ਸਕਦੀ ਹੈ।

ਇਹ ਗੱਲ ਅਜਿਹੇ ਸਮੇਂ ਸਾਹਮਣੇ ਆਈ ਜਦੋਂ ਪਿਛਲੇ ਮਹੀਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਸੀ ਕਿ ਪਹਿਲੀ ਵਾਰ ਸਿਰਫ਼ ਰੋਬੋਟ ਅਤੇ ਡਰੋਨ ਦੀ ਵਰਤੋਂ ਕਰਕੇ ਰੂਸੀ ਫੌਜ ਤੋਂ ਇਲਾਕਾ ਵਾਪਸ ਹਾਸਲ ਕੀਤਾ ਗਿਆ ਹੈ।

ਇਸ ਪੂਰੀ ਜੰਗ ਦੌਰਾਨ ਦੋਵੇਂ ਪੱਖਾਂ ਨੇ ਮਾਨਵ ਰਹਿਤ ਪਲੇਟਫਾਰਮ- ਹਵਾਈ ਅਤੇ ਜ਼ਮੀਨੀ ਸਿਸਟਮਾਂ ਦਾ ਵੱਡੇ ਪੱਧਰ 'ਤੇ ਇਸਤੇਮਾਲ ਕੀਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਜੰਗ ਨੇ ਫੌਜੀ ਤਕਨੀਕ ਦੇ ਵਿਕਾਸ ਦੀ ਰਫ਼ਤਾਰ ਨੂੰ ਕਾਫ਼ੀ ਤੇਜ਼ ਕਰ ਦਿੱਤਾ ਹੈ।

ਪਰ ਇਸ ਗੱਲ ਨੇ ਇੱਕ ਹੋਰ ਚੀਜ਼ ਬਾਰੇ ਚਰਚਾ ਤੇਜ਼ ਕਰ ਦਿੱਤੀ ਹੈ, ਉਹ ਹੈ - ਜੰਗ ਦਾ ਭਵਿੱਖ ਅਤੇ ਫੌਜੀਆਂ 'ਤੇ ਇਸ ਦਾ ਅਸਰ।

ਜ਼ੇਲੈਂਸਕੀ ਨੇ ਜਦੋਂ ਵੀਡੀਓ ਵਿੱਚ ਦਿਖਾਏ ਰੋਬੋਟਿਕ ਹਥਿਆਰ

ਰਾਸ਼ਟਰਪਤੀ ਜ਼ੇਲੈਂਸਕੀ ਦੇ ਵੀਡੀਓ ਵਿੱਚ ਯੂਕਰੇਨ ਵਿੱਚ ਬਣੇ ਡਰੋਨ ਅਤੇ ਹਥਿਆਰ ਪ੍ਰਦਰਸ਼ਿਤ ਕੀਤੇ ਗਏ ਸਨ

ਤਸਵੀਰ ਸਰੋਤ, United24

ਤਸਵੀਰ ਕੈਪਸ਼ਨ, ਰਾਸ਼ਟਰਪਤੀ ਜ਼ੇਲੈਂਸਕੀ ਦੇ ਵੀਡੀਓ ਵਿੱਚ ਯੂਕਰੇਨ ਵਿੱਚ ਬਣੇ ਡਰੋਨ ਅਤੇ ਹਥਿਆਰ ਪ੍ਰਦਰਸ਼ਿਤ ਕੀਤੇ ਗਏ ਸਨ

ਅਪ੍ਰੈਲ ਮਹੀਨੇ ਵਿੱਚ ਜਾਰੀ ਇੱਕ ਵੀਡੀਓ, ਜਿਸ ਵਿੱਚ ਯੂਕਰੇਨ ਦੇ ਨਵੇਂ ਵਿਕਸਿਤ ਰੋਬੋਟਿਕ ਹਥਿਆਰਾਂ ਨੂੰ ਦਿਖਾਇਆ ਗਿਆ ਸੀ, ਵਿੱਚ ਜ਼ੇਲੈਂਸਕੀ ਨੇ ਕਿਹਾ ਸੀ ਕਿ ਦੁਸ਼ਮਣ ਦੇ ਇੱਕ ਟਿਕਾਣੇ 'ਤੇ "ਪੂਰੀ ਤਰ੍ਹਾਂ ਮਾਨਵ ਰਹਿਤ ਪਲੇਟਫਾਰਮ - ਜ਼ਮੀਨੀ ਰੋਬੋਟ ਅਤੇ ਡਰੋਨ" ਦੀ ਮਦਦ ਨਾਲ ਕਬਜ਼ਾ ਕੀਤਾ ਗਿਆ ਸੀ।

ਯੂਕਰੇਨ ਦੀ ਫੌਜ ਨੇ ਇਸ ਆਪ੍ਰੇਸ਼ਨ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਹਾਲਾਂਕਿ, ਇਹ ਦਾਅਵਾ ਫ਼ਰਵਰੀ ਵਿੱਚ ਕੀਤੇ ਗਏ ਇੱਕ ਪਹਿਲਾਂ ਦੇ ਦਾਅਵੇ ਤੋਂ ਬਾਅਦ ਆਇਆ, ਜਿਸ ਵਿੱਚ ਕਿਹਾ ਗਿਆ ਸੀ ਕਿ ਰੂਸੀ ਫੌਜ ਨੂੰ ਅੱਗੇ ਵਧਣ ਤੋਂ 45 ਦਿਨਾਂ ਤੱਕ ਰੋਕਣ ਲਈ ਸਿਰਫ਼ ਇੱਕ ਜ਼ਮੀਨੀ ਰੋਬੋਟ ਦੀ ਵਰਤੋਂ ਕੀਤੀ ਗਈ ਸੀ।

ਇਨ੍ਹਾਂ ਵਿੱਚੋਂ ਕੁਝ ਹਥਿਆਰ ਇੱਕ ਯੂਕਰੇਨੀ-ਬ੍ਰਿਟਿਸ਼ ਫੌਜੀ ਸਟਾਰਟ-ਅਪ ਕੰਪਨੀ ਯੂਫੋਰਸ (UFORCE) ਨੇ ਬਣਾਏ ਸਨ।

ਇਸ ਕੰਪਨੀ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ ਅਤੇ ਹਾਲ ਹੀ ਵਿੱਚ ਇਸ ਨੂੰ "ਯੂਨੀਕੌਰਨ" ਦਾ ਦਰਜਾ ਮਿਲਿਆ ਹੈ - ਕੰਪਨੀ ਦੀ ਕੀਮਤ 1 ਬਿਲੀਅਨ ਡਾਲਰ ਤੋਂ ਵੱਧ ਹੋ ਗਈ ਹੈ।

ਬੀਬੀਸੀ ਨੇ ਲੰਡਨ ਵਿੱਚ ਯੂਫੋਰਸ ਦੇ ਦਫ਼ਤਰ ਦਾ ਦੌਰਾ ਕੀਤਾ। ਇਹ ਦਫ਼ਤਰ ਬਿਨਾਂ ਕਿਸੇ ਬ੍ਰਾਂਡਿੰਗ ਦੇ ਅਤੇ ਕਾਫ਼ੀ ਗੁਪਤ ਥਾਂ 'ਤੇ ਬਣਾਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਅਜਿਹਾ ਉਸ ਨੇ ਰੂਸੀ ਫੌਜ ਵੱਲੋਂ ਸੰਭਾਵਿਤ ਨੁਕਸਾਨ ਤੋਂ ਬਚਣ ਲਈ ਕੀਤਾ ਹੈ।

ਰੋਬੋਟ ਬਨਾਮ ਰੋਬੋਟ ਦੀ ਲੜਾਈ ਭਵਿੱਖ 'ਚ ਵਧੇਰੇ ਆਮ ਹੋ ਸਕਦੀ ਹੈ

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਰੋਬੋਟਾਂ ਅਤੇ ਡਰੋਨਾਂ ਦੇ ਨਾਲ

ਤਸਵੀਰ ਸਰੋਤ, United24

ਤਸਵੀਰ ਕੈਪਸ਼ਨ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਰੋਬੋਟਾਂ ਅਤੇ ਡਰੋਨਾਂ ਦੇ ਨਾਲ

ਕੰਪਨੀ ਦੇ ਇੱਕ ਪ੍ਰਤੀਨਿਧੀ ਨੇ ਜ਼ੇਲੈਂਸਕੀ ਦੇ ਵੀਡੀਓ ਵਿੱਚ ਦਿਖਾਈ ਗਈ ਰੋਬੋਟਿਕ ਜੰਗ ਬਾਰੇ ਕੋਈ ਟਿੱਪਣੀ ਨਹੀਂ ਕੀਤੀ, ਪਰ ਉਨ੍ਹਾਂ ਨੇ ਇਹ ਜ਼ਰੂਰ ਦੱਸਿਆ ਕਿ ਯੂਫੋਰਸ ਦੇ ਹਵਾਈ, ਜ਼ਮੀਨੀ ਅਤੇ ਸਮੁੰਦਰੀ ਡਰੋਨ ਅਜੇ ਵੀ ਜੰਗੀ ਆਪ੍ਰੇਸ਼ਨਾਂ ਵਿੱਚ ਵਰਤੇ ਜਾ ਰਹੇ ਹਨ।

ਕੰਪਨੀ ਦੀ ਯੂਕੇ ਵਿੱਚ ਰਣਨੀਤਿਕ ਭਾਈਵਾਲੀ ਦੀ ਨਿਰਦੇਸ਼ ਰਿਆਨਨ ਪੈਡਲੀ ਨੇ ਕਿਹਾ, "ਮੈਂ ਇਸ ਆਪ੍ਰੇਸ਼ਨ ਜਾਂ ਇਸ ਵਿੱਚ ਯੂਫੋਰਸ ਦੀ ਭੂਮਿਕਾ ਬਾਰੇ ਹੋਰ ਜਾਣਕਾਰੀ ਨਹੀਂ ਦੇ ਸਕਦੀ, ਪਰ ਸਾਲ 2022 ਵਿੱਚ ਰੂਸ ਦੇ ਵੱਡੇ ਪੱਧਰ 'ਤੇ ਹਮਲੇ ਤੋਂ ਬਾਅਦ ਅਸੀਂ 150,000 ਤੋਂ ਵੱਧ ਸਫ਼ਲ ਜੰਗੀ ਮਿਸ਼ਨ ਪੂਰੇ ਕੀਤੇ ਹਨ।"

ਉਨ੍ਹਾਂ ਅੱਗੇ ਕਿਹਾ ਕਿ ਰੋਬੋਟ ਬਨਾਮ ਰੋਬੋਟ ਦੀ ਲੜਾਈ ਦਾ ਰੁਝਾਨ ਭਵਿੱਖ ਵਿੱਚ ਹੋਰ ਵੀ ਆਮ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਮਾਨਵ ਰਹਿਤ ਸਿਸਟਮਾਂ ਦੀ ਗਿਣਤੀ ਮਨੁੱਖੀ ਫੌਜ ਤੋਂ ਵੀ ਵੱਧ ਹੋ ਜਾਵੇ।

ਰੂਸ ਵੀ ਅਜਿਹੇ ਰੋਬੋਟ ਤਾਇਨਾਤ ਕਰ ਰਿਹਾ ਹੈ ਜਿਨ੍ਹਾਂ ਨੂੰ ਯੂਕਰੇਨ ਦੇ ਟਿਕਾਣਿਆਂ ਤੱਕ ਵਿਸਫੋਟਕ ਪਹੁੰਚਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ।

ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤਕਨੀਕ ਵਿੱਚ ਹੋ ਰਹੀ ਤਰੱਕੀ ਨਾਲ ਭਵਿੱਖ ਵਿੱਚ ਜੰਗ ਲੜਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਸਕਦਾ ਹੈ।

ਬਰੂਕਿੰਗਜ਼ ਇੰਸਟੀਚਿਊਸ਼ਨ ਦੇ ਸੀਨੀਅਰ ਫੈਲੋ ਮੇਲਾਨੀ ਸਿਸਨ ਨੇ ਕਿਹਾ, "ਮੈਂ ਸੱਚਮੁੱਚ ਯੂਕਰੇਨ ਨੂੰ ਰਾਸ਼ਟਰੀ ਰੱਖਿਆ ਅਤੇ ਹਥਿਆਰਾਂ ਦੇ ਭਵਿੱਖ ਦਾ ਇੱਕ ਵੱਡਾ ਅਧਿਆਪਕ ਮੰਨਦੀ ਹਾਂ। ਇਹ ਇਸ ਗੱਲ ਦੀ ਸ਼ਾਨਦਾਰ ਉਦਾਹਰਨ ਹੈ ਕਿ ਲੋੜ ਹੀ ਕਾਢ ਦੀ ਮਾਂ ਹੁੰਦੀ ਹੈ।"

ਏਆਈ ਦੀ ਤੇਜ਼ੀ ਨਾਲ ਵਧਦੀ ਵਰਤੋਂ

ਜੰਗ ਦੇ ਮੈਦਾਨ ਵਿੱਚ ਰੋਬੋਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤਕਨੀਕ ਵਿੱਚ ਹੋ ਰਹੀ ਤਰੱਕੀ ਨਾਲ ਭਵਿੱਖ ਵਿੱਚ ਜੰਗ ਲੜਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਸਕਦਾ ਹੈ (ਸੰਕੇਤਕ ਤਸਵੀਰ)

ਯੂਫੋਰਸ ਉਹਨਾਂ ਕਥਿਤ "ਨੀਓ-ਪ੍ਰਾਈਮ" ਰੱਖਿਆ ਕੰਪਨੀਆਂ ਦੇ ਵਧ ਰਹੇ ਸਮੂਹ ਦਾ ਹਿੱਸਾ ਹੈ, ਜੋ ਬੀਏਈ ਸਿਸਟਮਜ਼, ਬੋਇੰਗ ਅਤੇ ਲੌਕਹੈਡ ਮਾਰਟਿਨ (BAE Systems, Boeing, Lockheed Martin) ਵਰਗੀਆਂ ਪਹਿਲਾਂ ਤੋਂ ਸਥਾਪਿਤ ਕੰਪਨੀਆਂ ਨੂੰ ਚੁਣੌਤੀ ਦੇ ਰਹੀਆਂ ਹਨ।

ਇੱਕ ਹੋਰ ਕੰਪਨੀ ਐਂਡੂਰਿਲ (Anduril) ਹੈ, ਜੋ ਇੱਕ ਅਮਰੀਕੀ ਰੱਖਿਆ ਤਕਨੀਕੀ ਕੰਪਨੀ ਹੈ। ਇਸ ਕੰਪਨੀ ਨੇ ਫ਼ਰਵਰੀ ਵਿੱਚ ਬਿਨਾਂ ਪਾਇਲਟ ਵਾਲੇ ਲੜਾਕੂ ਜਹਾਜ਼ ਦੀ ਆਪਣੀ ਪਹਿਲੀ ਟੈਸਟ ਉਡਾਣ ਭਰੀ ਸੀ।

ਹਾਲਾਂਕਿ ਜ਼ਿਆਦਾਤਰ ਡਰੋਨ ਅਜੇ ਵੀ ਇਨਸਾਨਾਂ ਵੱਲੋਂ ਰਿਮੋਟ ਰਾਹੀਂ ਚਲਾਏ ਜਾਂਦੇ ਹਨ, ਪਰ ਐਂਡੂਰਿਲ ਵਰਗੀਆਂ ਕੰਪਨੀਆਂ ਹਥਿਆਰਾਂ ਦੇ ਸਿਸਟਮਾਂ ਵਿੱਚ ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਤੇਜ਼ੀ ਨਾਲ ਵਧਾ ਰਹੀਆਂ ਹਨ।

ਯੂਫੋਰਸ ਦੇ ਜ਼ਮੀਨ 'ਤੇ ਚਲਣ ਵਾਲੇ ਡਰੋਨ ਅਜਿਹੇ ਸਾਫਟਵੇਅਰ ਦੀ ਵਰਤੋਂ ਕਰਦੇ ਹਨ ਜੋ ਨਿਸ਼ਾਨਾ ਲਗਾਉਣ ਵਿੱਚ ਮਦਦ ਲਈ ਤਿਆਰ ਕੀਤਾ ਗਿਆ ਹੈ, ਜਦਕਿ ਐਂਡੂਰਿਲ ਦਾ ਕਹਿਣਾ ਹੈ ਕਿ ਉਸਦੇ ਕੁਝ ਸਿਸਟਮ ਅਜਿਹੇ ਹਨ ਜੋ ਕਿਸੇ ਹਮਲੇ ਦੇ ਆਖ਼ਰੀ ਪੜਾਅ ਨੂੰ ਆਪਣੇ ਆਪ ਹੀ ਪੂਰਾ ਕਰ ਸਕਦੇ ਹਨ।

ਅਮਰੀਕੀ ਸਰਕਾਰ ਨੇ ਜਨਤਕ ਤੌਰ 'ਤੇ ਆਪਣੀ ਫੌਜ ਨੂੰ ਅਪੀਲ ਕੀਤੀ ਹੈ ਕਿ ਉਹ ਆਰਟੀਫ਼ਿਸ਼ਲ ਇੰਟੈਲੀਜੈਂਸ ਨੂੰ ਪੂਰੀ ਸਕਾਰਾਤਮਕਤਾ ਨਾਲ ਅਪਣਾਏ।

ਜਨਵਰੀ ਵਿੱਚ, ਅਮਰੀਕੀ ਰੱਖਿਆ ਸਕੱਤਰ ਪੀਟ ਹੈਗਸੇਥ ਨੇ ਕਿਹਾ ਸੀ ਕਿ ਦੇਸ਼ ਨੂੰ ਇੱਕ "ਏਆਈ-ਫਰਸਟ ਜੰਗ ਲੜਨ ਵਾਲੀ ਤਾਕਤ" ਬਣਨ ਦੀ ਲੋੜ ਹੈ।

ਪਿਛਲੇ ਸਾਲ ਪ੍ਰਕਾਸ਼ਿਤ ਅਮਰੀਕੀ ਰੱਖਿਆ ਵਿਭਾਗ ਦੇ ਇੱਕ ਮੁਲਾਂਕਣ ਅਨੁਸਾਰ, ਚੀਨ ਵੀ ਏਆਈ-ਸਮਰੱਥ ਫੌਜੀ ਪ੍ਰਣਾਲੀਆਂ ਦੀ ਵਰਤੋਂ ਵਧਾ ਰਿਹਾ ਹੈ।

ਜੀਵਨ-ਮੌਤ ਦੇ ਫ਼ੈਸਲੇ ਮਸ਼ੀਨਾਂ ਦੇ ਹਵਾਲੇ ਕਰਨਾ ਇੱਕ ਵੱਡਾ ਖਤਰਾ

ਐਂਡੂਰਿਲ ਲੰਦਨ ਹੈੱਡਕੁਆਰਟਰ ਵਿੱਚ ਜੋਅ ਟਿਡੀ ਅਤੇ ਰਿਚਰਡ ਡਰੇਕ ਇੱਕ ਡਰੋਨ ਦੇ ਸਾਹਮਣੇ
ਤਸਵੀਰ ਕੈਪਸ਼ਨ, ਐਂਡੂਰਿਲ ਲੰਡਨ ਹੈੱਡਕੁਆਰਟਰ ਵਿੱਚ ਜੋਅ ਟਿਡੀ ਅਤੇ ਐਂਡੂਰਿਲ ਇੰਡਸਟਰੀਜ਼ ਦੇ ਯੂਕੇ ਦੇ ਜਨਰਲ ਮੈਨੇਜਰ, ਡਾਕਟਰ ਰਿਚਰਡ ਡਰੇਕ ਇੱਕ ਡਰੋਨ ਦੇ ਸਾਹਮਣੇ

ਜਾਣਕਾਰਾਂ ਦਾ ਕਹਿਣਾ ਹੈ ਕਿ ਅਜਿਹੇ ਭਵਿੱਖ ਨੂੰ ਟਾਲਿਆ ਜਾਣਾ ਸ਼ਾਇਦ ਮੁਸ਼ਕਿਲ ਹੈ, ਜਿੱਥੇ ਜੰਗ ਦੇ ਮੈਦਾਨ ਵਿੱਚ ਰੋਬੋਟਾਂ ਦਾ ਸਿੱਧੇ ਤੌਰ 'ਤੇ ਇੱਕ-ਦੂਜੇ ਨਾਲ ਮੁਕਾਬਲਾ ਹੋਵੇਗਾ।

ਆਰਏਐਨਡੀ ਯੂਰਪ (RAND Europe) ਇੱਕ ਥਿੰਕ ਟੈਂਕ ਹੈ ਅਤੇ ਇਸਦੇ ਨਾਲ ਜੁੜੇ ਜੈਕਬ ਪਰਾਕਿਲਾਸ ਨੇ ਕਿਹਾ, "ਯੂਕਰੇਨੀ ਅਤੇ ਰੂਸੀ ਡਰੋਨ ਪਹਿਲਾਂ ਹੀ ਇੱਕ-ਦੂਜੇ ਨਾਲ ਲੜ ਰਹੇ ਹਨ। ਇਹ ਦੇਖਣਾ ਕਿ ਇਹ ਜ਼ਮੀਨੀ ਅਤੇ ਸਮੁੰਦਰੀ ਜੰਗ ਤੱਕ ਵੀ ਫੈਲ ਜਾਵੇ, ਕਾਫ਼ੀ ਹੱਦ ਤੱਕ ਸੰਭਵ ਲੱਗਦਾ ਹੈ।"

ਹਾਲਾਂਕਿ, ਮਨੁੱਖੀ ਅਧਿਕਾਰ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਹਥਿਆਰਾਂ ਦੇ ਸਿਸਟਮਾਂ ਵਿੱਚ ਵਧੇਰੇ ਸੁਤੰਤਰਤਾ ਨਾਲ ਜਵਾਬਦੇਹੀ ਨੂੰ ਲੈਕੇ ਗੰਭੀਰ ਚਿੰਤਾਵਾਂ ਪੈਦਾ ਹੁੰਦੀਆਂ ਹਨ।

ਐਮਨੈਸਟੀ ਇੰਟਰਨੈਸ਼ਨਲ ਦੇ ਪੈਟਰਿਕ ਵਿਲਕੇਨ ਨੇ ਕਿਹਾ, "ਫੌਜਾਂ ਨਿਸ਼ਾਨਾ ਪਛਾਨਣ ਵਰਗੀਆਂ ਪ੍ਰਕਿਰਿਆਵਾਂ ਨੂੰ ਤੇਜ਼ ਕਰਨ ਲਈ ਏਆਈ ਨੂੰ ਅਪਣਾਉਂਦੀਆਂ ਹਨ। ਪਰ ਜੀਵਨ-ਮੌਤ ਦੇ ਫ਼ੈਸਲੇ ਮਸ਼ੀਨਾਂ ਦੇ ਹਵਾਲੇ ਕਰਨਾ ਡੂੰਘੇ ਨੈਤਿਕ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਖ਼ਤਰੇ ਪੈਦਾ ਕਰਦਾ ਹੈ।"

ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਤਰਕ ਦਿੰਦਿਆਂ ਹਨ ਕਿ "ਇਨਸਾਨ ਨੂੰ ਲੂਪ ਵਿੱਚ ਰੱਖਣਾ" (ਅਰਥਾਤ ਇਨਸਾਨ ਦਾ ਕੰਟਰੋਲ ਬਣਾਈ ਰੱਖਣਾ) ਅਜਿਹੀਆਂ ਚਿੰਤਾਵਾਂ ਨੂੰ ਦੂਰ ਕਰਦਾ ਹੈ। ਉਹ ਇਸ ਗੱਲ 'ਤੇ ਜ਼ੋਰ ਦਿੰਦੀਆਂ ਹਨ ਕਿ ਬਲ ਦੀ ਵਰਤੋਂ ਕਰਨ ਦਾ ਫ਼ੈਸਲਾ ਫੌਜੀਆਂ ਦੇ ਹੱਥ ਵਿੱਚ ਹੀ ਰਹਿੰਦਾ ਹੈ।

ਐਂਡੂਰਿਲ ਇੰਡਸਟਰੀਜ਼ ਦੇ ਯੂਕੇ ਦੇ ਜਨਰਲ ਮੈਨੇਜਰ ਡਾਕਟਰ ਰਿਚਰਡ ਡਰੇਕ ਨੇ ਕਿਹਾ, "ਇਨਸਾਨਾਂ ਨੂੰ ਆਰਾਮ ਅਤੇ ਖਾਣੇ ਦੀ ਲੋੜ ਹੁੰਦੀ ਹੈ ਅਤੇ ਜੰਗ ਦੇ ਹਾਲਾਤਾਂ ਵਿੱਚ ਇਹ ਲੋੜਾਂ ਹਮੇਸ਼ਾ ਪੂਰੀਆਂ ਨਹੀਂ ਹੋ ਸਕਦੀਆਂ।"

"ਕੰਪਿਊਟਿੰਗ ਦੀ ਮਦਦ ਨਾਲ ਅਸੀਂ ਉਸ ਪੂਰੀ ਪ੍ਰਕਿਰਿਆ ਵਿੱਚ ਹੋਣ ਵਾਲੀਆਂ ਗਲਤੀਆਂ ਨੂੰ ਘਟਾ ਸਕਦੇ ਹਾਂ, ਜਿਸਨੂੰ ਅਸੀਂ 'ਕਿਲ ਚੇਨ' ਕਹਿੰਦੇ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)