ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ, ਭਗਵੰਤ ਮਾਨ ਨੇ ਭਾਜਪਾ ’ਤੇ ਲਾਏ ਨਿਸ਼ਾਨੇ, ਭਾਜਪਾ ਨੇ ਕੀ ਜਵਾਬ ਦਿੱਤਾ

ਤਸਵੀਰ ਸਰੋਤ, Getty Images
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕਰ ਲਿਆ ਹੈ। ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਗਈ ਹੈ।
ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਬੀਜੇਪੀ ਨੂੰ ਘੇਰਿਆ। ਚੀਮਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ, "ਬੰਗਾਲ ਦੀਆਂ ਚੋਣਾਂ ਖਤਮ ਹੁੰਦਿਆਂ ਹੀ ਈਡੀ ਪੰਜਾਬ ਵਿੱਚ ਆਈ। ਪਹਿਲਾਂ ਅਸ਼ੋਕ ਮਿੱਤਲ ਨੂੰ ਡਰਾ ਕੇ ਉਨ੍ਹਾਂ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਕਰਵਾਇਆ ਫਿਰ ਸੰਜੀਵ ਅਰੋੜਾ 'ਤੇ ਰੇਡ ਕੀਤੀ। ਜਦੋਂ ਸੰਜੀਵ ਅਰੋੜਾ ਨੇ ਬੀਜੇਪੀ 'ਚ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ ਤਾਂ ਮੁੜ ਅੱਜ ਸਵੇਰੇ ਤੋਂ ਸ਼ਾਮ ਤੱਕ ਈਡੀ ਨੇ ਰੇਡ ਕੀਤੀ ਅਤੇ ਫਿਰ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕਰਕੇ ਆਪਣੀ ਨਾਲ ਲੈ ਗਈ ਹੈ।"
ਉਨ੍ਹਾਂ ਅੱਗੇ ਕਿਹਾ, "ਜਿਹੜਾ ਡਰ ਜਾਂਦਾ ਹੈ ਉਹ ਬੀਜੇਪੀ ਦਾ ਹੋ ਜਾਂਦਾ ਅਤੇ ਜਿਹੜਾ ਨਹੀਂ ਡਰਦਾ, ਉਹ ਜੇਲ੍ਹ ਅੰਦਰ ਚਲਾ ਜਾਂਦਾ ਹੈ। ਇਹ ਭਾਰਤੀ ਜਨਤਾ ਪਾਰਟੀ ਦਾ ਡਿਜ਼ਾਈਨ ਹੈ ਕਿ ਦਹਿਸ਼ਤ ਪੈਦਾ ਕਰੋ ਅਤੇ ਲੋਕਾਂ ਦੇ ਲੀਡਰਾਂ ਨੂੰ ਡਰਾਓ-ਧਮਕਾਓ ਅਤੇ ਉਨ੍ਹਾਂ ਨੂੰ ਜਾਂ ਤਾਂ ਆਪਣਾ ਸ਼ਿਕਾਰ ਬਣਾ ਲਓ ਜਾਂ ਜੇਲ੍ਹ ਦਾ ਸ਼ਿਕਾਰ ਬਣਾ ਦਿਓ।"
ਸ਼ਨੀਵਾਰ ਨੂੰ ਈਡੀ ਨੇ ਚੰਡੀਗੜ੍ਹ ਅਤੇ ਦਿੱਲੀ ਵਿੱਚ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਰੇਡ ਕੀਤੀ ਸੀ। ਚੰਡੀਗੜ੍ਹ ਦੇ ਸੈਕਟਰ 2 ਸਥਿਤ ਸੰਜੀਵ ਅਰੋੜਾ ਦੀ ਰਿਹਾਇਸ਼ 'ਤੇ ਸਵੇਰੇ-ਸਵੇਰੇ ਈਡੀ ਦੀਆਂ ਟੀਮਾਂ ਪਹੁੰਚੀਆਂ ਸਨ।
ਜਾਣਕਾਰੀ ਮੁਤਾਬਕ ਰੇਡ ਦੌਰਾਨ ਮੰਤਰੀ ਸੰਜੀਵ ਅਰੋੜਾ ਰਿਹਾਇਸ਼ 'ਤੇ ਹੀ ਮੌਜੂਦ ਸਨ। ਕਈ ਘੰਟਿਆਂ ਤੱਕ ਚੱਲੀ ਰੇਡ ਤੋਂ ਬਾਅਦ ਈਡੀ ਦੀ ਟੀਮ ਸੰਜੀਵ ਅਰੋੜਾ ਨੂੰ ਆਪਣੇ ਨਾਲ ਲੈ ਗਈ।
ਇਹ ਤੀਜੀ ਵਾਰ ਹੈ ਜਦੋਂ ਈਡੀ ਸੰਜੀਵ ਅਰੋੜਾ ਦੇ ਘਰ ਪਹੁੰਚੀ ਸੀ। ਇਸ ਤੋਂ ਪਹਿਲਾਂ ਲੰਘੀ 17 ਅਪ੍ਰੈਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪੇਮਾਰੀ ਸ਼ੁਰੂ ਕੀਤੀ ਸੀ, ਜੋ 18 ਅਪ੍ਰੈਲ ਨੂੰ ਖ਼ਤਮ ਹੋ ਗਈ ਸੀ।
ਇਸ ਤੋਂ ਪਹਿਲਾਂ ਸਾਲ 2024 ਵਿੱਚ ਵੀ ਸੰਜੀਵ ਅਰੋੜਾ ਦੇ ਟਿਕਾਣਿਆਂ ਉੱਤੇ ਈਡੀ ਦੀ ਰੇਡ ਹੋਈ ਸੀ।
ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ 'ਤੇ ਕੀ ਬੋਲੇ ਸੀਐੱਮ ਮਾਨ
ਸੰਜੀਵ ਅਰੋੜਾ ਖਿਲਾਫ ਈਡੀ ਦੀ ਕਾਰਵਾਈ 'ਤੇ ਸ੍ਰੀ ਫਤਿਹਗੜ੍ਹ ਸਾਹਿਬ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐੱਮ ਮਾਨ ਨੇ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ।
ਉਨ੍ਹਾਂ ਕਿਹਾ, "ਇਹ ਬੀਜੇਪੀ ਦੀ ਕੰਮ ਕਰਨ ਦੀ ਸ਼ੈਲੀ ਹੈ, ਜਿੱਥੇ ਵੀ ਜਾਂਦੇ ਹਨ ਪਹਿਲਾਂ ਅੱਗ ਲਗਾਉਂਦੇ ਹਨ ਪਰ ਅਸੀਂ ਪੰਜਾਬ 'ਚ ਨਫ਼ਰਤ ਦਾ ਬੀਜ ਪੈਦਾ ਨਹੀਂ ਹੋਣ ਦਿਆਂਗੇ। ਬੀਜੇਪੀ ਦਾ ਵਿਜੇ ਰੱਥ ਪੰਜਾਬੀ ਹੀ ਰੋਕਣਗੇ। ਜੇ ਇਹ ਇੰਝ ਹੀ ਕਰਦੇ ਰਹੇ ਤਾਂ ਇਹ ਗਲਤ ਗੱਲ ਹੈ।"

ਤਸਵੀਰ ਸਰੋਤ, Bhagwant Mann/yt
ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਸੀਐੱਮ ਵੱਲੋਂ ਭਾਜਪਾ 'ਤੇ ਗੰਭੀਰ ਇਲਜ਼ਾਮ ਲਗਾਏ ਗਏ। ਸੀਐੱਮ ਮਾਨ ਨੇ ਕਿਹਾ, ''ਈਡੀ, ਸੀਬੀਆਈ, ਇਨਕਮ ਟੈਕਸ, ਇਲੈਕਸ਼ਨ ਕਮਿਸ਼ਨ.. ਭਾਜਪਾ ਕੋਲ ਇਹੀ ਚਾਰ-ਪੰਜ ਹਥਿਆਰ ਹਨ, ਜਿਨ੍ਹਾਂ ਦਾ ਰਾਜਨੀਤੀਕਰਨ ਹੋ ਗਿਆ। ਇਹ ਆਪਣੀ ਰਾਜਨੀਤੀ ਲਈ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਵਰਤਦੇ ਆਏ ਹਨ।''
''ਈਡੀ ਦੀਆਂ ਰੇਡਾਂ ਕਰਵਾ ਕੇ ਉਨ੍ਹਾਂ ਦਾ ਮਕਸਦ ਕੋਈ ਕਾਲਾ ਧਨ ਆਦਿ ਲੱਭਣਾ ਨਹੀਂ ਹੁੰਦਾ, ਉਨ੍ਹਾਂ ਦਾ ਮਕਸਦ ਇਹ ਹੁੰਦਾ ਹੈ ਭਾਜਪਾ ਜੁਆਇਨ ਕਰ ਲਵੋ, ਸਭ ਕੁਝ ਮਾਫ ਹੈ।''
ਭਗਵੰਤ ਮਾਨ ਨੇ ਅਸ਼ੋਕ ਮਿੱਤਲ ਨਾਲ ਸਬੰਧਿਤ ਟਿਕਾਣਿਆਂ 'ਤੇ ਹੋਈਆਂ ਰੇਡਾਂ ਦਾ ਜ਼ਿਕਰ ਕਰਦਿਆਂ ਕਿਹਾ, ''ਕੁਝ ਦਿਨ ਪਹਿਲਾਂ 'ਆਪ' ਦੇ ਰਾਜ ਸਭਾ ਦੇ ਐਮਪੀ ਅਸ਼ੋਕ ਮਿੱਤਲ ਦੇ ਘਰ, ਯੂਨੀਵਰਸਿਟੀ, ਦਫਤਰਾਂ 'ਤੇ ਰੇਡ ਹੋਈ। ਦੋ ਦਿਨ ਰੇਡ ਹੋਈ, ਤੀਜੇ ਦਿਨ ਉਨ੍ਹਾਂ ਨੇ ਬੀਜੇਪੀ ਜੁਆਇਨ ਕਰ ਲਈ, ਰੇਡ ਖਤਮ, ਫਿਰ ਉਨ੍ਹਾਂ ਨੂੰ ਵਾਈ ਸਿਕਿਓਰਿਟੀ ਦੇ ਦਿੱਤੀ।''
ਭਗਵੰਤ ਮਾਨ ਨੇ ਕਿਹਾ ਕਿ ''ਮੋਦੀ ਜੀ ਨੂੰ ਹੁਣ ਤੱਕ ਇੱਕੋ ਵਾਰ ਝੁਕਣਾ ਪਿਆ, ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਵੇਲੇ, ਉਦੋਂ ਵੀ ਪੰਜਾਬੀਆਂ ਨੇ ਝੁਕਾਇਆ ਸੀ, ਸ਼ਾਇਦ ਉਸਦਾ ਹੀ ਦਰਦ ਦਿਲ ਵਿੱਚ ਰੱਖੀ ਬੈਠੇ ਹਨ ਜਿਹੜਾ ਪੰਜਾਬ ਨਾਲ ਇੰਨਾ ਧੱਕਾ ਕਰ ਰਹੇ ਹਨ।''
ਉਨ੍ਹਾਂ ਕਿਹਾ, ''ਮੈਂ ਭਾਜਪਾ ਨੂੰ, ਮੋਦੀ ਸਾਬ੍ਹ ਨੂੰ, ਅਮਿਤ ਸ਼ਾਹ ਜੀ ਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਪੰਜਾਬ ਹੈ, ਇਹ ਡਰਨ ਵਾਲਾ ਨਹੀਂ।''

ਤਸਵੀਰ ਸਰੋਤ, @ArvindKejriwal
ਉਧਰ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਲਜ਼ਾਮ ਲਗਾਇਆ ਕਿ ਬੀਜੇਪੀ ਸਰਕਾਰ ਈਡੀ ਵਰਗੀਆਂ ਏਜੰਸੀਆਂ ਦਾ ਦੁਰਉਪਯੋਗ ਕਰ ਰਹੀ ਹੈ।
ਕੇਜਰੀਵਾਲ ਨੇ ਕਿਹਾ ਕਿ, "ਇਨ੍ਹਾਂ ਦਾ ਮਕਸਦ ਕਾਲਾ ਧਨ ਲੱਭਣਾ ਨਹੀਂ ਹੈ, ਇਨ੍ਹਾਂ ਦਾ ਮਕਸਦ ਸਿਰਫ਼ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਡਰਾ-ਧਮਕਾ ਕੇ ਬੀਜੇਪੀ 'ਚ ਸ਼ਾਮਿਲ ਕਰਵਾਉਣਾ ਹੈ।"
ਸੀਐੱਮ ਮਾਨ ਦੇ ਇਲਜ਼ਾਮਾਂ 'ਤੇ ਕੀ ਬੋਲੇ ਬੀਜੇਪੀ ਲੀਡਰ

ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ 'ਤੇ ਬੀਜੇਪੀ ਲੀਡਰਾਂ ਨੇ ਵੀ ਪਲਟਵਾਰ ਕੀਤਾ ਹੈ।
ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਸੀਐੱਮ ਮਾਨ 'ਤੇ ਨਿਸ਼ਾਨਾ ਸਾਧਿਆ ਅਤੇ ਇਲਜ਼ਾਮ ਲਾਇਆ ਕਿ ਭ੍ਰਿਸ਼ਟਾਚਾਰ ਖਤਮ ਕਰਨ ਦੀ ਥਾਂ ਉਹ ਭ੍ਰਿਸ਼ਟਾਚਾਰੀਆਂ ਦੀ ਪੁਸ਼ਤ-ਪਨਾਹੀ ਕਰ ਰਹੇ ਹਨ।
ਉਨ੍ਹਾਂ ਕਿਹਾ, "ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਭ ਕਾ ਹਿਸਾਬ ਵੀ ਹੋਵੇਗਾ। ਟਾਈਮ ਆ ਗਿਆ ਨੇੜੇ, ਸਿਰਫ਼ ਤੁਹਾਡੇ ਮੰਤਰੀਆਂ-ਵਿਧਾਇਕਾਂ ਅਤੇ ਲੀਡਰਾਂ ਦਾ ਹੀ ਨਹੀਂ ਸਗੋਂ ਦਿੱਲੀ ਤੋਂ ਪੰਜਾਬ ਲੁੱਟਣ ਆਏ, ਇਨ੍ਹਾਂ ਸਾਰਿਆਂ ਦਾ ਵੀ।"
ਉਧਰ ਬੀਜੇਪੀ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਈਡੀ ਨੂੰ "ਬੀਜੇਪੀ ਦੀ ਈਡੀ" ਕਹਿਣ ਨਾਲ ਸੱਚ ਨਹੀਂ ਬਦਲਦਾ। ਜੇ ਸਭ ਕੁਝ ਸਾਫ਼ ਹੈ ਤਾਂ ਫਿਰ ਹਰ ਵਾਰ ਜਾਂਚ ਦੌਰਾਨ ਇੰਨੀ ਬੇਚੈਨੀ 'ਤੇ ਰੋਣਾ ਕਿਉਂ?"
ਉਹਨਾਂ ਅੱਗੇ ਲਿਖਿਆ, "ਸਰਦਾਰ ਭਗਤ ਸਿੰਘ ਜੀ ਨੇ ਭ੍ਰਿਸ਼ਟਾਚਾਰ, ਝੂਠ ਅਤੇ ਸੱਤਾ ਦੇ ਦੁਰਉਪਯੋਗ ਖ਼ਿਲਾਫ਼ ਲੜਾਈ ਲੜੀ ਸੀ, ਨਾ ਕਿ ਆਪਣੇ ਕਰੀਬੀਆਂ ਨੂੰ ਬਚਾਉਣ ਲਈ ਸ਼ਹੀਦਾਂ ਦੇ ਨਾਮ ਦੀ ਰਾਜਨੀਤੀ ਕੀਤੀ ਸੀ। ਪੰਜਾਬੀਆਂ ਨੇ ਮੁਗਲਾਂ ਅਤੇ ਅੰਗਰੇਜ਼ਾਂ ਅੱਗੇ ਵੀ ਸਿਰ ਨਹੀਂ ਝੁਕਾਇਆ, ਪਰ ਪੰਜਾਬੀਆਂ ਨੇ ਕਦੇ ਭ੍ਰਿਸ਼ਟਾਚਾਰੀਆਂ ਅਤੇ ਝੂਠੇ "ਕੱਟੜ ਇਮਾਨਦਾਰਾਂ" ਨੂੰ ਵੀ ਮਾਫ਼ ਨਹੀਂ ਕੀਤਾ।"
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ 'ਆਪ' ਵੱਲੋਂ ਸਿਆਸੀ ਬਦਲਾਖੋਰੀ ਦੇ ਲਾਏ ਜਾ ਰਹੇ ਇਲਜਾਮਾਂ ਨੂੰ ਨਕਾਰਿਆ। ਬਿੱਟੂ ਨੇ ਕਿਹਾ ਕਿ ਜਿਹੜੇ ਰਾਜ ਸਭਾ ਮੈਂਬਰ 'ਆਪ' ਛੱਡ ਕੇ ਬੀਜੇਪੀ 'ਚ ਆਏ ਹਨ, ਉਹ ਈਡੀ ਦੇ ਡਰੋਂ ਨਹੀਂ ਆਏ ਬਲਕਿ ਇਸ ਕਰਕੇ ਆਏ ਕਿਉਂਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਉਨ੍ਹਾਂ ਨਾਲ ਸਿਰਫ਼ ਟਰਾਂਜ਼ੈਕਸ਼ਨ ਅਤੇ ਏਟੀਐਮ ਵਾਲਾ ਰਿਸ਼ਤਾ ਰੱਖਿਆ।
ਬਿੱਟੂ ਨੇ ਕਿਹਾ, "94 ਵਿਧਾਇਕ ਹੋਣ ਦੇ ਬਾਵਜੂਦ ਤੁਹਾਨੂੰ ਫਲੋਰ ਟੈਸਟ ਕਰਵਾਉਣ ਦੀ ਲੋੜ ਕਿਉਂ ਪਈ। ਅਜਿਹਾ ਇਸ ਕਰਕੇ ਕਿਉਂਕਿ ਤੁਹਾਨੂੰ ਆਪਣੇ ਵਿਧਾਇਕਾਂ 'ਤੇ ਭਰੋਸਾ ਨਹੀਂ।"
ਸ਼੍ਰੋਮਣੀ ਅਕਾਲੀ ਦਲ ਦਾ 'ਆਪ' 'ਤੇ ਨਿਸ਼ਾਨਾ
ਈਡੀ ਦੀਆਂ ਰੇਡਾਂ ਨੂੰ ਲੈਕੇ 'ਆਪ' ਵੱਲੋਂ ਚੁੱਕੇ ਜਾ ਰਹੇ ਸਵਾਲਾਂ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਤੰਜ ਕੱਸਿਆ। ਪਾਰਟੀ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ, "ਜਿਸ ਤਰ੍ਹਾਂ ਖਰੜ ਦੇ ਫਲੈਟ ਤੋਂ ਨੋਟਾਂ ਦਾ ਮੀਂਹ ਵਰ੍ਹਾਇਆ ਗਿਆ, ਕੀ ਇਹ ਆਮ ਆਦਮੀ ਪਾਰਟੀ ਦੀ ਕੱਟੜ ਇਮਾਨਦਾਰੀ ਹੈ। ਈਡੀ ਨੇ ਆਪਣੇ ਪ੍ਰੈਸ ਨੋਟ ਵਿੱਚ 'ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੱਕ ਦਾ ਨਾਂਅ ਲੈ ਲਿਆ।"
ਉਨ੍ਹਾਂ ਕਿਹਾ ਕਿ ਜਦੋਂ ਭਗਵੰਤ ਮਾਨ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਵਿਜੀਲੈਂਸ ਦਾ ਇਸਤੇਮਾਲ ਕਰਦੇ ਹਨ ਤਾਂ ਆਪਣੀ ਪਿੱਠ ਛਾਪੜਦੇ ਹਨ ਅਤੇ ਹੁਣ ਜਦੋਂ ਈਡੀ 'ਆਪ' ਲੀਡਰਾਂ ਖਿਲਾਫ ਕਾਰਵਾਈ ਕਰ ਰਹੀ ਤਾਂ ਇੰਨਾ ਹੋ-ਹੱਲਾ ਕਿਉਂ। ਅਰਸ਼ਦੀਪ ਕਲੇਰ ਨੇ ਅੱਗੇ ਕਿਹਾ ਕਿ 'ਆਪ' ਵੱਲੋਂ ਸਿਆਸੀ ਬਦਲਾਖੋਰੀ ਦੇ ਇਲਜ਼ਾਮ ਲਗਾਉਣਾ ਹਾਸੋਹੀਣਾ ਹੈ।
'ਆਪ'-ਬੀਜੇਪੀ ਵਿਚਾਲੇ ਛਿੜੀ ਜੰਗ 'ਤੇ ਕੀ ਬੋਲੀ ਕਾਂਗਰਸ

ਤਸਵੀਰ ਸਰੋਤ, Team Raja warring
ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਬੀਜੇਪੀ ਵਿਚਾਲੇ ਛਿੜੀ ਜੰਗ 'ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, "ਦੋਵੇਂ ਪਾਰਟੀਆਂ ਦਬਾਅ ਦੀ ਰਾਜਨੀਤੀ ਲਈ ਏਜੰਸੀਆਂ ਦੀ ਦੁਰਵਰਤੋਂ ਕਰ ਰਹੀਆਂ ਹਨ। 'ਆਪ' ਨੇ ਵਿਜੀਲੈਂਸ ਦਾ ਇਸਤੇਮਾਲ ਕੀਤਾ ਅਤੇ ਬੀਜੇਪੀ ਈਡੀ ਦਾ ਇਸਤੇਮਾਲ ਕਰ ਰਹੀ ਹੈ।"
ਵੜਿੰਗ ਨੇ ਅੱਗੇ ਕਿਹਾ, ਦੋਵੇਂ ਪਾਰਟੀਆਂ ਜੋ ਖੇਡ ਖੇਡ ਰਹੀਆਂ ਹਨ ਉਸਨੂੰ ਪੰਜਾਬ ਦੇ ਲੋਕ ਦੇਖ ਰਹੇ ਹਨ। ਇਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਬੀਜੇਪੀ ਵਿਚਾਲੇ ਮੁਕਾਬਲੇ ਦਾ ਨੈਰੇਟਿਵ ਸਿਰਜਣਾ ਚਾਹੁੰਦੇ ਹਨ ਪਰ ਕਾਂਗਰਸ ਕਿਸੇ ਤੋਂ ਦੱਬਦੀ ਨਹੀਂ। ਪੰਜਾਬ ਦੇ ਲੋਕ ਉਸ ਪਾਰਟੀ ਨੂੰ ਫਤਵਾ ਦੇਣਗੇ ਜੋ ਪੰਜਾਬ ਨੂੰ ਚਲਾ ਸਕਦੀ ਹੈ ਅਤੇ ਜਿਸਨੇ ਪੰਜਾਬ ਨੂੰ ਚਲਾ ਕੇ ਦਿਖਾਇਆ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਲਿਆਂਦਾ।"
ਕੌਣ ਹਨ ਸੰਜੀਵ ਅਰੋੜਾ
ਲੁਧਿਆਣਾ ਦੇ ਰਹਿਣ ਵਾਲੇ 62 ਸਾਲਾ ਸੰਜੀਵ ਅਰੋੜਾ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਵੱਡੇ ਉਦਯੋਗਪਤੀਆਂ ਵਜੋਂ ਗਿਣੇ ਜਾਂਦੇ ਸਨ ਅਤੇ ਮਾਨ ਸਰਕਾਰ ਵਿੱਚ ਮੰਤਰੀ ਵਜੋਂ ਤਿੰਨ ਮਹਿਕਮੇ ਸਾਂਭ ਰਹੇ ਹਨ।
ਉਨ੍ਹਾਂ ਕੋਲ ਇੰਡਸਟਰੀ ਅਤੇ ਕਮਰਸ, ਇਨਵੈਸਟਮੈਂਟ ਪ੍ਰਮੋਸ਼ਨ, ਸਥਾਨਕ ਸਰਕਾਰਾਂ ਬਾਰੇ ਮਹਿਕਮਾ ਅਤੇ ਇਸ ਤੋਂ ਇਲਾਵਾ ਬਿਜਲੀ ਮਹਿਕਮਾ ਵੀ ਹੈ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਰੀਅਲ ਐਸਟੇਟ ਕਾਰੋਬਾਰੀ ਸਨ।
ਸੰਜੀਵ ਅਰੋੜਾ ਦੇ ਪਿਤਾ ਪ੍ਰਾਣ ਨਾਥ ਅਰੋੜਾ ਵੀ ਕਾਰੋਬਾਰੀ ਸੀ। ਅਰੋੜਾ ਨੇ ਲੁਧਿਆਣਾ ਦੇ ਹੀ ਐੱਸਸੀਡੀ ਸਰਕਾਰੀ ਕਾਲਜ ਤੋਂ ਬੈਚਲਰ ਆਫ ਕਮਰਸ ਦੀ ਪੜ੍ਹਾਈ ਕੀਤੀ ਹੋਈ ਹੈ।
ਸੰਜੀਵ ਅਰੋੜਾ ਹੈਮਪਟਨ ਸਕਾਈ ਰੀਐਲਟੀ ਲਿਮਟਿਡ ਜਿਸ ਨੂੰ ਪਹਿਲਾਂ ਰੀਤੇਸ਼ ਪ੍ਰੋਪਰਟੀਜ਼ ਅਤੇ ਇੰਡਸਟਰੀਜ਼ ਲਿਮਿਟਡ ਕਹਿੰਦੇ ਸਨ, ਦੇ ਚੇਅਰਮੈਨ ਕਮ ਮੈਨਜਿੰਗ ਡਾਇਰੈਕਟਰ ਸਨ।

ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਕਰੀਬੀ ਮੰਨੇ ਜਾਂਦੇ ਸੰਜੀਵ ਅਰੋੜਾ ਨੇ ਰਾਜ ਸਭਾ ਮੈਂਬਰ ਵਜੋਂ ਸਿਆਸਤ ਵਿੱਚ ਕਦਮ ਰੱਖਿਆ ਸੀ।
ਆਮ ਆਦਮੀ ਪਾਰਟੀ ਨੇ ਸਾਲ 2022 ਵਿੱਚ ਸੱਤਾ ਸਾਂਭਣ ਤੋਂ ਬਾਅਦ ਮਾਰਚ 2022 ਵਿੱਚ ਜਿਨ੍ਹਾਂ ਲੀਡਰਾਂ ਦੇ ਨਾਮ ਰਾਜ ਸਭਾ ਲਈ ਚੁਣੇ ਸਨ ਉਨ੍ਹਾਂ ਵਿੱਚ ਸੰਜੀਵ ਅਰੋੜਾ ਦਾ ਨਾਮ ਵੀ ਸ਼ਾਮਿਲ ਸੀ।
ਸੰਜੀਵ ਅਰੋੜਾ ਨੇ ਜੂਨ 2025 ਵਿੱਚ ਲੁਧਿਆਣਾ ਵੈਸਟ ਤੋਂ ਜ਼ਿਮਨੀ ਚੋਣ ਜਿੱਤੀ ਸੀ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 10,637 ਦੇ ਫਰਕ ਨਾਲ ਇਹ ਚੋਣ ਹਰਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮਗਰੋਂ ਸੰਜੀਵ ਅਰੋੜਾ ਨੂੰ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































