ਇੱਕੋ ਜਿਹੇ ਟੈਟੂ ਤੇ ਇੱਕੋ ਥਾਂ ਕੰਮ ਕਰਨ ਵਾਲੀਆਂ ਕੁੜੀਆਂ ਦੀ ਕਹਾਣੀ, ਜੋ ਬਾਅਦ ’ਚ ਸਕੀਆਂ ਭੈਣਾਂ ਨਿਕਲੀਆਂ

ਹਵਾਈ ਅੱਡੇ 'ਤੇ ਕੈਸੈਂਡਰਾ ਮੈਡੀਸਨ (ਖੱਬੇ) ਅਤੇ ਜੂਲੀਆ ਟਿਨੇਟੀ (ਸੱਜੇ)। ਦੋਵਾਂ ਔਰਤਾਂ ਨੇ ਹਰੇ ਰੰਗ ਦੇ ਸਵੈਟਰ ਪਾਏ ਹੋਏ ਹਨ। ਕੈਸੈਂਡਰਾ ਦੇ ਲੰਬੇ ਭੂਰੇ ਵਾਲਾਂ ਦੀਆਂ ਮੀਢੀਆਂ ਕੀਤੀਆਂ ਹੋਈਆਂ ਹਨ, ਜਦਕਿ ਜੂਲੀਆ ਦੇ ਵਾਲ ਛੋਟੇ ਅਤੇ ਗੂੜ੍ਹੇ ਭੂਰੇ ਰੰਗ ਦੇ ਹਨ।

ਤਸਵੀਰ ਸਰੋਤ, Julia Tinetti

ਤਸਵੀਰ ਕੈਪਸ਼ਨ, ਜਦੋਂ ਕੈਸੈਂਡਰਾ ਮੈਡੀਸਨ ਅਤੇ ਜੂਲੀਆ ਟਿਨੇਟੀ ਪਹਿਲੀ ਵਾਰ ਮਿਲੀਆਂ ਸਨ, ਤਾਂ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਹ ਸਕੀਆਂ ਭੈਣਾਂ ਹਨ
ਪੜ੍ਹਨ ਦਾ ਸਮਾਂ: 6 ਮਿੰਟ

ਜੂਲੀਆ ਟਿਨੇਟੀ ਅਤੇ ਕੈਸੈਂਡਰਾ ਮੈਡੀਸਨ ਵਿੱਚ ਬਹੁਤ ਕੁਝ ਸਾਂਝਾ ਸੀ। ਇੱਕੋ ਬਾਰ ਵਿੱਚ ਕੰਮ ਕਰਦਿਆਂ ਜਦੋਂ ਉਹ ਪਹਿਲੀ ਵਾਰ ਮਿਲੀਆਂ, ਤਾਂ ਜਲਦੀ ਹੀ ਪੱਕੀਆਂ ਸਹੇਲੀਆਂ ਬਣ ਗਈਆਂ। ਪਰ ਉਸ ਵੇਲੇ ਉਨ੍ਹਾਂ ਦੋਵਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦਾ ਰਿਸ਼ਤਾ ਦੋਸਤੀ ਤੋਂ ਕਿਤੇ ਵੱਧ ਡੂੰਘਾ ਹੈ।

ਟਿਨੇਟੀ ਅਤੇ ਮੈਡੀਸਨ ਦੋਵੇਂ ਅਮਰੀਕਾ ਦੇ ਕਨੈਕਟੀਕਟ ਵਿੱਚ 1990 ਦੇ ਦਹਾਕੇ ਦੌਰਾਨ ਪਲੀਆਂ ਸਨ। ਭਾਵੇਂ ਉਹ ਬਚਪਨ ਵਿੱਚ ਇੱਕ-ਦੂਜੇ ਨੂੰ ਨਹੀਂ ਸਨ ਜਾਣਦੀਆਂ, ਪਰ ਉਹ ਇੱਕ-ਦੂਜੇ ਤੋਂ ਮਹਿਜ਼ 15 ਮਿੰਟ ਦੀ ਦੂਰੀ 'ਤੇ ਰਹਿੰਦੀਆਂ ਸਨ।

ਇੱਕ ਹੋਰ ਖ਼ਾਸ ਗੱਲ ਇਹ ਸੀ ਕਿ ਉਹ ਦੋਵੇਂ ਹੀ ਗੋਦ ਲਈਆਂ ਗਈਆਂ ਸਨ।

ਮੈਡੀਸਨ ਬਚਪਨ ਤੋਂ ਹੀ ਆਪਣੀ ਜਨਮ ਦੇਣ ਵਾਲੀ ਮਾਂ ਬਾਰੇ ਸੋਚਦੀ ਰਹਿੰਦੀ ਸੀ। ਉਸ ਦੇ ਮਨ ਵਿੱਚ ਹਮੇਸ਼ਾ ਇਹ ਖ਼ਾਹਿਸ਼ ਰਹਿੰਦੀ ਸੀ ਕਿ ਉਹ ਆਪਣੀ ਅਸਲੀ ਮਾਂ ਨੂੰ ਮਿਲੇ। ਉਹ ਅਕਸਰ ਸੋਚਦੀ ਸੀ ਕਿ ਕੀ ਉਸ ਦੀ ਮੁਸਕਰਾਹਟ ਜਾਂ ਉਸ ਦੀਆਂ ਅੱਖਾਂ ਉਸ ਦੀ ਮਾਂ ਵਰਗੀਆਂ ਹਨ? ਉਸ ਨੂੰ ਬਸ ਇੰਨਾ ਪਤਾ ਸੀ ਕਿ ਉਸ ਦਾ ਅਸਲੀ ਪਰਿਵਾਰ ਕੈਰੇਬੀਅਨ ਟਾਪੂਆਂ ਦੇ ਦੇਸ਼ 'ਡੋਮਿਨਿਕਨ ਰੀਪਬਲਿਕ' ਨਾਲ ਸਬੰਧ ਰੱਖਦਾ ਹੈ।

ਮੈਡੀਸਨ ਨੇ ਦੱਸਿਆ "ਮੇਰੇ ਸੱਕੇ ਮਾਪਿਆਂ ਨੇ ਮੈਨੂੰ ਗੋਦ ਦੇਣ ਦਾ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਉਹ ਬਹੁਤ ਜ਼ਿਆਦਾ ਗਰੀਬ ਸਨ ਅਤੇ ਮੇਰਾ ਪਾਲਣ-ਪੋਸ਼ਣ ਕਰਨ ਦੇ ਸਮਰੱਥ ਨਹੀਂ ਸਨ।"

ਜਦੋਂ ਉਹ ਜਵਾਨ ਹੋਈ, ਤਾਂ ਉਸ ਨੇ ਆਪਣੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਸ਼ੁਰੂ ਕੀਤੀ, ਪਰ ਉਸ ਕੋਲ ਜਨਮ ਸਰਟੀਫਿਕੇਟ ਨਾ ਹੋਣ ਕਾਰਨ ਕੋਈ ਸਫਲਤਾ ਨਾ ਮਿਲੀ।

ਟੈਟੂ ਅਤੇ ਇੱਕ ਇਤਫ਼ਾਕ

ਕੈਸੈਂਡਰਾ ਮੈਡੀਸਨ ਅਤੇ ਜੂਲੀਆ ਟਿਨੇਟੀ ਬਚਪਨ ਵਿੱਚ। ਕੈਸੈਂਡਰਾ ਨੇ ਪੀਲੇ ਅਤੇ ਜੂਲੀਆ ਨੇ ਗੁਲਾਬੀ ਰੰਗ ਦੇ ਕੱਪੜੇ ਪਾਏ ਹੋਏ ਹਨ। ਦੋਵਾਂ ਦੀਆਂ ਅੱਖਾਂ ਇੱਕੋ ਜਿਹੀਆਂ ਗੂੜ੍ਹੀਆਂ ਭੂਰੀਆਂ ਹਨ।

ਤਸਵੀਰ ਸਰੋਤ, Julia Tinetti

ਤਸਵੀਰ ਕੈਪਸ਼ਨ, ਮੈਡੀਸਨ (ਖੱਬੇ) ਅਤੇ ਟਿਨੇਟੀ (ਸੱਜੇ) ਦੋਵਾਂ ਨੂੰ ਬਚਪਨ ਵਿੱਚ ਡੋਮਿਨਿਕਨ ਰੀਪਬਲਿਕ ਤੋਂ ਗੋਦ ਲਿਆ ਗਿਆ ਸੀ

ਜਦੋਂ ਮੈਡੀਸਨ 19 ਸਾਲ ਦੀ ਸੀ, ਤਾਂ ਉਸ ਨੇ ਆਪਣੀ ਵਿਰਾਸਤ ਦੀ ਯਾਦ ਵਿੱਚ ਆਪਣੀ ਬਾਂਹ 'ਤੇ ਡੋਮਿਨਿਕਨ ਰੀਪਬਲਿਕ ਦੇ ਝੰਡੇ ਦਾ ਟੈਟੂ ਬਣਵਾਇਆ। ਉਹ ਕਹਿੰਦੀ ਹੈ, "ਡੋਮਿਨਿਕਨ ਹੋਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।"

ਪੰਜ ਸਾਲ ਬਾਅਦ, ਉਸ ਨੇ ਇੱਕ ਬਾਰ ਵਿੱਚ ਵੇਟਰੈਸ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉੱਥੇ ਉਸ ਦੀ ਮੁਲਾਕਾਤ ਟਿਨੇਟੀ ਨਾਲ ਹੋਈ। ਟਿਨੇਟੀ ਦੀ ਨਜ਼ਰ ਜਦੋਂ ਮੈਡੀਸਨ ਦੀ ਬਾਂਹ 'ਤੇ ਬਣੇ ਟੈਟੂ 'ਤੇ ਪਈ, ਤਾਂ ਉਹ ਹੈਰਾਨ ਰਹਿ ਗਈ। ਦਿਲਚਸਪ ਗੱਲ ਇਹ ਸੀ ਕਿ ਟਿਨੇਟੀ ਨੇ ਵੀ ਉਹੀ ਟੈਟੂ ਬਣਵਾਇਆ ਹੋਇਆ ਸੀ, ਪਰ ਉਸ ਦੀ ਪਿੱਠ 'ਤੇ। ਟਿਨੇਟੀ /ਨੇ ਵੀ ਇਹ ਟੈਟੂ 22 ਸਾਲ ਦੀ ਉਮਰ ਵਿੱਚ ਆਪਣੇ ਜਨਮ ਸਥਾਨ ਦੀ ਯਾਦ ਵਜੋਂ ਬਣਵਾਇਆ ਸੀ।

ਜਲਦੀ ਹੀ ਦੋਵਾਂ ਨੂੰ ਪਤਾ ਲੱਗ ਗਿਆ ਕਿ ਉਹ ਦੋਵੇਂ ਹੀ ਗੋਦ ਲਈਆਂ ਗਈਆਂ ਹਨ। ਟਿਨੇਟੀ ਯਾਦ ਕਰਦਿਆਂ ਦੱਸਿਆ "ਮੈਂ ਮਜ਼ਾਕ ਵਿੱਚ ਕਿਹਾ ਕਿ ਮੈਂ ਵੀ ਉੱਥੋਂ ਹੀ ਗੋਦ ਲਈ ਗਈ ਹਾਂ, ਤਾਂ ਉਸ (ਮੈਡੀਸਨ) ਨੇ ਕਿਹਾ ਕਿ ਮੈਂ ਵੀ ਉੱਥੋਂ ਹੀ ਹਾਂ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ।"

ਉਨ੍ਹਾਂ ਦੋਵਾਂ ਨੇ ਲੋਕਾਂ ਨੂੰ ਪੁੱਛਣਾ ਸ਼ੁਰੂ ਕੀਤਾ, "ਕੀ ਅਸੀਂ ਇੱਕੋ ਜਿਹੀਆਂ ਦਿਖਦੀਆਂ ਹਾਂ?" ਲੋਕਾਂ ਦਾ ਜਵਾਬ ਹੁੰਦਾ ਸੀ, "ਹਾਂ, ਤੁਸੀਂ ਬਿਲਕੁਲ ਇੱਕ-ਦੂਜੇ ਵਰਗੀਆਂ ਹੋ।" ਹੌਲੀ-ਹੌਲੀ ਉਹ ਮਜ਼ਾਕ ਵਿੱਚ ਲੋਕਾਂ ਨੂੰ ਕਹਿਣ ਲੱਗੀਆਂ ਕਿ ਉਹ ਭੈਣਾਂ ਹਨ।

ਕਾਗਜ਼ਾਂ ਤੋਂ ਪਰੇ ਦੀ ਸੱਚਾਈ

ਜੂਲੀਆ ਟਿਨੇਟੀ ਆਪਣੇ ਪਿਤਾ ਨੂੰ ਪਹਿਲੀ ਵਾਰ ਮਿਲਣ ਵੇਲੇ ਗਲੇ ਲਗਾ ਰਹੀ ਹੈ। ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਜੀਨਸ ਪਾਈ ਹੋਈ ਹੈ। ਉਸ ਦੇ ਪਿਤਾ ਨੇ ਚਿੱਟੇ ਰੰਗ ਦੀ ਕਮੀਜ਼ ਪਾਈ ਹੈ ਅਤੇ ਉਸ ਨੂੰ ਘੁੱਟ ਕੇ ਜੱਫੀ ਪਾਈ ਹੋਈ ਹੈ।

ਤਸਵੀਰ ਸਰੋਤ, Cassandra Madison and Julia Tinetti

ਤਸਵੀਰ ਕੈਪਸ਼ਨ, ਹਵਾਈ ਅੱਡੇ 'ਤੇ ਮਿਲਾਪ ਬਹੁਤ ਹੀ ਭਾਵੁਕ ਸੀ, ਜਿੱਥੇ ਪੂਰਾ ਪਰਿਵਾਰ ਭੈਣਾਂ ਨੂੰ ਮਿਲਣ ਲਈ ਮੌਜੂਦ ਸੀ

ਭਾਵੇਂ ਉਹ ਮਜ਼ਾਕ ਕਰਦੀਆਂ ਸਨ, ਪਰ ਇੱਕ ਮੋੜ 'ਤੇ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਉਹ ਸੱਚਮੁੱਚ ਰਿਸ਼ਤੇਦਾਰ ਹੋ ਸਕਦੀਆਂ ਹਨ। ਉਨ੍ਹਾਂ ਨੇ ਆਪਣੇ ਗੋਦ ਲੈਣ ਵਾਲੇ ਕਾਗਜ਼ਾਂ ਦੀ ਨੂੰ ਮਿਲਾਇਆ, ਪਰ ਉੱਥੇ ਅਜਿਹਾ ਕੁਝ ਨਹੀਂ ਮਿਲਿਆ ਜਿਸ ਤੋਂ ਪਤਾ ਲੱਗੇ ਕਿ ਉਹ ਭੈਣਾਂ ਹਨ। ਕਾਗਜ਼ਾਂ ਮੁਤਾਬਕ ਉਨ੍ਹਾਂ ਦੇ ਜਨਮ ਦਾ ਸਥਾਨ ਅਤੇ ਉਨ੍ਹਾਂ ਦੀਆਂ ਮਾਵਾਂ ਦੇ ਨਾਮ ਵੱਖੋ-ਵੱਖਰੇ ਸਨ।

ਸਮਾਂ ਬੀਤਦਾ ਗਿਆ, ਦੋਵਾਂ ਦੀਆਂ ਨੌਕਰੀਆਂ ਬਦਲ ਗਈਆਂ। ਟਿਨੇਟੀ ਕਨੈਕਟੀਕਟ ਵਿੱਚ ਰਹੀ, ਜਦਕਿ ਮੈਡੀਸਨ ਵਰਜੀਨੀਆ ਚਲੀ ਗਈ। ਉਹ ਸੰਪਰਕ ਵਿੱਚ ਤਾਂ ਸਨ, ਪਰ ਦੂਰੀ ਕਾਰਨ ਪਹਿਲਾਂ ਵਾਂਗ ਨੇੜੇ ਨਹੀਂ ਰਹੀਆਂ।

ਫਿਰ ਸਾਲਾਂ ਬਾਅਦ, ਮੈਡੀਸਨ ਨੂੰ ਕ੍ਰਿਸਮਸ ਦੇ ਤੋਹਫ਼ੇ ਵਜੋਂ ਇੱਕ 'ਜੈਨੇਟਿਕ ਟੈਸਟਿੰਗ ਕਿੱਟ' ਮਿਲੀ। ਇਸ ਰਾਹੀਂ ਉਸ ਨੂੰ ਆਪਣੇ ਇੱਕ ਚਚੇਰੇ ਭਰਾ ਦਾ ਪਤਾ ਲੱਗਿਆ, ਜਿਸ ਨੇ ਦੱਸਿਆ ਕਿ ਉਸ ਦੀ ਜਨਮ ਦੇਣ ਵਾਲੀ ਮਾਂ ਦੀ ਮੌਤ 2015 ਵਿੱਚ ਹੋ ਚੁੱਕੀ ਹੈ। ਇਹ ਖ਼ਬਰ ਦੁਖਦਾਈ ਸੀ, ਪਰ ਇਸ ਦੇ ਨਾਲ ਹੀ ਉਸ ਨੂੰ ਆਪਣੇ ਅਸਲੀ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਬਾਰੇ ਜਾਣਕਾਰੀ ਮਿਲੀ।

ਮੈਡੀਸਨ ਨੇ ਆਪਣੇ ਪਿਤਾ ਐਡਰਿਯਾਨੋ ਲੂਨਾ ਕੋਲਾਡੋ ਨਾਲ ਫ਼ੋਨ 'ਤੇ ਗੱਲ ਕੀਤੀ। ਪਿਤਾ ਨੇ ਦੱਸਿਆ ਕਿ ਉਸ ਵੇਲੇ ਪਰਿਵਾਰ ਇੰਨਾ ਗਰੀਬ ਸੀ ਕਿ ਉਹ ਕੱਚੇ ਫ਼ਰਸ਼ 'ਤੇ ਸੌਂਦੇ ਸਨ ਅਤੇ ਮੈਡੀਸਨ ਦੇ ਵੱਡੇ ਭਰਾ ਦੀ ਬਿਮਾਰੀ ਕਾਰਨ ਮਜਬੂਰੀ ਵੱਸ ਉਸ ਨੂੰ ਗੋਦ ਦੇਣਾ ਪਿਆ ਸੀ।

ਜਲਦੀ ਹੀ ਮੈਡੀਸਨ ਡੋਮਿਨਿਕਨ ਰੀਪਬਲਿਕ ਪਹੁੰਚੀ, ਜਿੱਥੇ ਉਸ ਦੇ ਪੂਰੇ ਪਰਿਵਾਰ ਨੇ ਹਵਾਈ ਅੱਡੇ 'ਤੇ ਉਸ ਦਾ ਭਰਵਾਂ ਸਵਾਗਤ ਕੀਤਾ।

ਅਸਲ ਖੁਲਾਸਾ ਅਤੇ ਡੀਐਨਏ ਟੈਸਟ

ਮੈਡੀਸਨ ਅਤੇ ਟਿਨੇਟੀ ਆਪਣੇ ਪਿਤਾ ਅਤੇ ਮੈਡੀਸਨ ਦੀ ਛੋਟੀ ਬੇਟੀ ਨਾਲ ਬੈਠੀਆਂ ਹਨ। ਉਹ ਹਰਿਆਲੀ ਦੇ ਸਾਹਮਣੇ ਇੱਕ ਕਤਾਰ ਵਿੱਚ ਬੈਠੇ ਕੈਮਰੇ ਵੱਲ ਦੇਖ ਕੇ ਮੁਸਕਰਾ ਰਹੇ ਹਨ।

ਤਸਵੀਰ ਸਰੋਤ, Julia Tinetti

ਤਸਵੀਰ ਕੈਪਸ਼ਨ, ਮੈਡੀਸਨ ਅਤੇ ਟਿਨੇਟੀ ਆਪਣੇ ਅਸਲੀ ਪਿਤਾ ਅਤੇ ਮੈਡੀਸਨ ਦੀ ਛੋਟੀ ਬੇਟੀ ਦੇ ਨਾਲ—ਉਨ੍ਹਾਂ ਨੂੰ ਇੱਕ ਅਜਿਹੇ ਪਰਿਵਾਰ ਦਾ ਪਤਾ ਲੱਗਿਆ ਜਿਸ ਬਾਰੇ ਉਹ ਪਹਿਲਾਂ ਕਦੇ ਨਹੀਂ ਸਨ ਜਾਣਦੀਆਂ

ਇਸ ਯਾਤਰਾ ਤੋਂ ਬਾਅਦ ਇੱਕ ਨਵਾਂ ਮੋੜ ਆਇਆ। ਮੌਲੀ ਨਾਮ ਦੀ ਇੱਕ ਔਰਤ, ਜੋ ਟਿਨੇਟੀ ਦੀ ਬਚਪਨ ਦੀ ਸਹੇਲੀ ਸੀ, ਨੇ ਮੈਡੀਸਨ ਨਾਲ ਸੰਪਰਕ ਕੀਤਾ।

ਮੌਲੀ ਨੂੰ ਲੱਗਦਾ ਸੀ ਕਿ ਉਹ ਮੈਡੀਸਨ ਦੀ ਭੈਣ ਹੈ, ਪਰ ਡੀਐਨਏ ਟੈਸਟ ਵਿੱਚ ਉਹ ਸਿਰਫ਼ ਦੂਰ ਦੇ ਰਿਸ਼ਤੇਦਾਰ ਨਿਕਲੇ।

ਹਾਲਾਂਕਿ, ਮੌਲੀ ਕੋਲ ਮੈਡੀਸਨ ਦੀ ਅਸਲੀ ਮਾਂ ਦੀ ਇੱਕ ਤਸਵੀਰ ਸੀ, ਜੋ ਦੇਖਣ ਵਿੱਚ ਬਿਲਕੁਲ ਟਿਨੇਟੀ ਵਰਗੀ ਸੀ। ਮੌਲੀ ਨੇ ਜ਼ੋਰ ਦੇ ਕੇ ਕਿਹਾ ਕਿ ਅਸਲ ਵਿੱਚ ਟਿਨੇਟੀ ਹੀ ਮੈਡੀਸਨ ਦੀ ਸਕੀ ਭੈਣ ਹੈ। ਮੈਡੀਸਨ ਨੇ ਆਪਣੇ ਪਿਤਾ ਨੂੰ ਵੀਡੀਓ ਕਾਲ ਕੀਤੀ ਅਤੇ ਪੁੱਛਿਆ ਕਿ, ਕੀ ਉਨ੍ਹਾਂ ਨੇ ਕਿਸੇ ਹੋਰ ਬੱਚੇ ਨੂੰ ਵੀ ਗੋਦ ਦਿੱਤਾ ਸੀ।

ਪਿਤਾ ਨੇ ਭਰੀਆਂ ਅੱਖਾਂ ਨਾਲ ਮੰਨਿਆ ਕਿ ਹਾਂ, ਉਨ੍ਹਾਂ ਨੇ ਇੱਕ ਹੋਰ ਧੀ ਨੂੰ ਵੀ ਗੋਦ ਦਿੱਤਾ ਸੀ। ਮੈਡੀਸਨ ਨੇ ਬਿਨਾਂ ਸਮਾਂ ਗਵਾਏ ਇੱਕ ਹੋਰ ਟੈਸਟ ਕਿੱਟ ਲਈ ਅਤੇ ਬਰਫ਼ੀਲੇ ਤੂਫ਼ਾਨ ਵਿੱਚ ਅੱਠ ਘੰਟੇ ਗੱਡੀ ਚਲਾ ਕੇ ਟਿਨੇਟੀ ਕੋਲ ਪਹੁੰਚੀ।

ਦੋ ਹਫ਼ਤਿਆਂ ਬਾਅਦ ਜਦੋਂ ਨਤੀਜਾ ਆਇਆ, ਤਾਂ ਦੋਵਾਂ ਹੈਰਾਨ ਰਹਿ ਗਈਆਂ। ਉਹ ਸੱਚਮੁੱਚ ਸਕੀਆਂ ਭੈਣਾਂ ਸਨ। ਟਿਨੇਟੀ ਕਹਿੰਦੀ ਹੈ, "ਇਹ ਸਭ ਹੈਰਾਨੀਜਨਕ ਹੈ। ਅਸੀਂ ਇੰਨੇ ਸਾਲਾਂ ਤੋਂ ਭੈਣਾਂ ਸੀ ਅਤੇ ਸਾਨੂੰ ਪਤਾ ਵੀ ਨਹੀਂ ਸੀ।"

ਪਰਿਵਾਰ ਦਾ ਪੁਨਰ ਮਿਲਣ

ਕੈਸੈਂਡਰਾ ਮੈਡੀਸਨ ਅਤੇ ਜੂਲੀਆ ਟਿਨੇਟੀ ਇੱਕੋ ਜਿਹੀਆਂ ਟੀ-ਸ਼ਰਟਾਂ, ਕਾਲੇ ਸ਼ਾਰਟਸ ਅਤੇ ਧੁੱਪ ਵਾਲੀਆਂ ਐਨਕਾਂ ਲਗਾ ਕੇ ਖੜ੍ਹੀਆਂ ਹਨ।

ਤਸਵੀਰ ਸਰੋਤ, Julia Tinetti

ਤਸਵੀਰ ਕੈਪਸ਼ਨ, ਪਰਿਵਾਰ ਨੇ ਮੈਡੀਸਨ ਅਤੇ ਟਿਨੇਟੀ ਦਾ ਸਵਾਗਤ 'ਆਪਣੇ ਪਰਿਵਾਰ ਵਿੱਚ ਤੁਹਾਡਾ ਸਵਾਗਤ ਹੈ' ਲਿਖੀਆਂ ਟੀ-ਸ਼ਰਟਾਂ ਪਹਿਨ ਕੇ ਕੀਤਾ

ਜਦੋਂ ਇਹ ਦੋਵੇਂ ਭੈਣਾਂ ਇਕੱਠੀਆਂ ਡੋਮਿਨਿਕਨ ਰੀਪਬਲਿਕ ਪਹੁੰਚੀਆਂ, ਤਾਂ ਉਨ੍ਹਾਂ ਦੇ ਪਿਤਾ ਨੇ ਟਿਨੇਟੀ ਨੂੰ ਗਲੇ ਲਗਾਇਆ ਅਤੇ ਕਿਹਾ, "ਮੀ ਹਿਜਾ" (Mi hija) – ਜਿਸ ਦਾ ਮਤਲਬ ਹੈ 'ਮੇਰੀ ਧੀ'।

ਪਿਤਾ ਕੋਲਾਡੋ ਲਈ ਇਹ ਰੱਬ ਦਾ ਸਭ ਤੋਂ ਵੱਡਾ ਤੋਹਫ਼ਾ ਸੀ।

ਉਨ੍ਹਾਂ ਕਿਹਾ "ਮੈਂ ਬਹੁਤ ਖੁਸ਼ ਹਾਂ। ਜਦੋਂ ਵੀ ਉਹ ਮੈਨੂੰ ਮਿਲਣ ਆਉਂਦੀਆਂ ਹਨ, ਮੇਰਾ ਦਿਲ ਖੁਸ਼ੀ ਨਾਲ ਭਰ ਜਾਂਦਾ ਹੈ। ਇਹ ਇੱਕ ਬਹੁਤ ਹੀ ਖੂਬਸੂਰਤ ਕਹਾਣੀ ਹੈ, ਅਜਿਹੀ ਕਿਸਮਤ ਹਰ ਕਿਸੇ ਦੀ ਨਹੀਂ ਹੁੰਦੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)