'ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰਾ ਪਾਰਟਨਰ ਸੌਣ ਦੌਰਾਨ ਮੇਰਾ ਬਲਾਤਕਾਰ ਕਰਦਾ ਸੀ'

ਐਡਲ ਓਵਰਟਨ (46 ਸਾਲ) ਅਤੇ ਸਟੀਵਨ ਯੂਡਨ (44 ਸਾਲ) 13 ਸਾਲ ਤੋਂ ਵੱਧ ਸਮੇਂ ਤੱਕ ਇਕੱਠੇ ਰਹੇ

ਤਸਵੀਰ ਸਰੋਤ, Adelle Overton

ਤਸਵੀਰ ਕੈਪਸ਼ਨ, ਐਡਲ ਓਵਰਟਨ (46 ਸਾਲ) ਅਤੇ ਸਟੀਵਨ ਯੂਡਨ (44 ਸਾਲ) 13 ਸਾਲ ਤੋਂ ਵੱਧ ਸਮੇਂ ਤੱਕ ਇਕੱਠੇ ਰਹੇ
    • ਲੇਖਕ, ਕੈਰੋਲੀਨ ਲੋਬਰਿਜ
    • ਰੋਲ, ਈਸਟ ਮਿਡਲੈਂਡਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

"ਜਿਸ ਦਿਨ ਉਸ ਨੇ ਆਪਣੀ ਕਰਤੂਤ ਕਬੂਲ ਕੀਤੀ, ਉਸ ਤੋਂ ਇੱਕ ਦਿਨ ਪਹਿਲਾਂ ਤੱਕ, ਮੇਰੀ ਨਜ਼ਰ ਵਿੱਚ ਇਹ ਮੇਰਾ ਹੁਣ ਤੱਕ ਦਾ ਸਭ ਤੋਂ ਵਧੀਆ ਰਿਸ਼ਤਾ ਸੀ।"

ਐਡਲ ਓਵਰਟਨ ਨੂੰ 13 ਸਾਲ ਤੱਕ ਆਪਣੇ ਬੁਆਏਫ੍ਰੈਂਡ ਰਹੇ ਸਟੀਵਨ ਯੂਡਨ ਇੱਕ ਬਿਹਤਰੀਨ ਪਾਰਟਨਰ ਲੱਗਦੇ ਸਨ।

ਉਹ ਇੱਕ ਜ਼ੌਂਬੀ ਫ਼ਿਲਮ ਦੇ ਸੈੱਟ 'ਤੇ ਮਿਲੇ ਸਨ ਅਤੇ ਉਨ੍ਹਾਂ ਦੀਆਂ ਕਈ ਪਸੰਦਾਂ ਇੱਕੋ ਜਿਹੀਆਂ ਸਨ।

ਉਹ ਕਹਿੰਦੇ ਹਨ ਕਿ ਯੂਡਨ ਨਰਮ ਸੁਭਾਅ ਦੇ ਅਤੇ ਪਿਆਰ ਕਰਨ ਵਾਲੇ ਇਨਸਾਨ ਸੀ। ਜਦੋਂ ਓਵਰਟਨ ਅਪਾਹਜ ਹੋ ਗਏ, ਤਾਂ ਯੂਡਨ ਨੇ ਉਨ੍ਹਾਂ ਦੀ ਦੇਖਭਾਲ ਲਈ ਆਪਣੀ ਨੌਕਰੀ ਤੱਕ ਛੱਡ ਦਿੱਤੀ ਸੀ।

ਡਰਬੀ ਵਿੱਚ ਆਪਣੇ ਘਰ 'ਚ ਸੋਫ਼ੇ 'ਤੇ ਬੈਠੇ ਓਵਰਟਨ ਕਹਿੰਦੇ ਹਨ, "ਉਹ ਬਹੁਤ ਚੰਗਾ ਇਨਸਾਨ ਸੀ। ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਮੈਨੂੰ ਲੱਗਦਾ ਹੈ ਕਿ ਹੁਣ ਵੀ ਥੋੜ੍ਹਾ-ਬਹੁਤ ਕਰਦੀ ਹਾਂ।"

ਓਵਰਟਨ ਨੂੰ ਯੂਡਨ 'ਤੇ ਭਰੋਸਾ ਸੀ, ਪਰ ਇਹ ਭਰੋਸਾ ਉਦੋਂ ਟੁੱਟ ਗਿਆ ਜਦੋਂ ਉਸ ਨੇ ਕਬੂਲ ਕੀਤਾ ਕਿ ਉਹ ਸੁੱਤੇ ਹੋਏ ਓਵਰਟਨ ਦਾ ਬਲਾਤਕਾਰ ਕਰਦਾ ਰਿਹਾ ਸੀ।

ਓਵਰਟਨ ਕਹਿੰਦੇ ਹਨ, "ਮੈਨੂੰ ਲੱਗਿਆ ਕਿ ਮੇਰੇ ਨਾਲ ਧੋਖਾ ਹੋਇਆ ਹੈ। ਉਸ ਤੋਂ ਪਹਿਲਾਂ ਮੈਂ ਕਿਸੇ ਰਿਸ਼ਤੇ ਵਿੱਚ ਕਦੇ ਇੰਨਾ ਸੁਰੱਖਿਅਤ ਮਹਿਸੂਸ ਨਹੀਂ ਕੀਤਾ ਸੀ।"

ਯੂਡਨ ਅਤੇ ਓਵਰਟਨ ਡੇਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਦੋਸਤ ਸਨ
ਤਸਵੀਰ ਕੈਪਸ਼ਨ, ਯੂਡਨ ਅਤੇ ਓਵਰਟਨ ਡੇਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਦੋਸਤ ਸਨ

ਬ੍ਰੈਸਟ ਕੈਂਸਰ ਦੇ ਇਲਾਜ ਦੌਰਾਨ ਯੂਡਨ ਨੇ ਓਵਰਟਨ ਦੀ ਦੇਖਭਾਲ ਕੀਤੀ ਸੀ, ਪਰ ਬਾਅਦ ਵਿੱਚ ਉਸ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਓਵਰਟਨ ਦਵਾਈ ਦੇ ਨਸ਼ੇ 'ਚ ਹੁੰਦੇ ਸਨ, ਤਾਂ ਉਹ ਉਨ੍ਹਾਂ ਦਾ ਬਲਾਤਕਾਰ ਕਰਦਾ ਸੀ।

ਓਵਰਟਨ ਕਹਿੰਦੇ ਹਨ, "ਧੋਖੇ ਦਾ ਉਹ ਅਹਿਸਾਸ... ਮੈਨੂੰ ਲੱਗਦਾ ਸੀ ਕਿ ਮੈਂ ਉਸ ਨੂੰ ਜਾਣਦੀ ਹਾਂ, ਪਰ ਅਸਲ ਵਿੱਚ ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਕੌਣ ਸੀ।"

"ਅਤੇ ਇਹ ਸੋਚ ਕੇ ਕਿ ਉਹ 13 ਸਾਲ ਤੋਂ ਮੇਰੇ ਨਾਲ ਰਹਿ ਰਿਹਾ ਸੀ, ਉਸ ਨੇ ਮੇਰੇ ਬੱਚਿਆਂ ਨੂੰ ਵੱਡਾ ਕਰਨ ਵਿੱਚ ਮਦਦ ਕੀਤੀ ਸੀ। ਮੈਨੂੰ ਲੱਗਦਾ ਸੀ ਕਿ ਉਹ ਮੇਰਾ ਲਈ ਸੁਰੱਖਿਅਤ ਹੈ, ਜਦਕਿ ਅਸਲ ਵਿੱਚ ਅਜਿਹਾ ਨਹੀਂ ਸੀ।"

ਯੂਡਨ ਹੁਣ ਜੇਲ੍ਹ ਵਿੱਚ ਹੈ, ਅਤੇ ਓਵਰਟਨ ਨੇ ਜੋ ਹੋਇਆ ਉਸ ਬਾਰੇ ਗੱਲ ਕਰਨ ਦਾ ਫ਼ੈਸਲਾ ਕੀਤਾ ਹੈ, ਇਸ ਉਮੀਦ ਨਾਲ ਕਿ ਇਸ ਨਾਲ ਦੂਜਿਆਂ ਨੂੰ ਮਦਦ ਮਿਲੇਗੀ।

ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਹੋਈ ਸੀ ਦੋਸਤੀ

ਇਹ ਦੋਵੇਂ ਇੱਕ ਇਵੈਂਟਸ ਕੰਪਨੀ ਲਈ ਜ਼ੌਂਬੀ ਬਣਨ ਦਾ ਕੰਮ ਕਰਦੇ ਸਨ (ਕਿਰਦਾਰ ਵਜੋਂ)

ਤਸਵੀਰ ਸਰੋਤ, Adelle Overton

ਤਸਵੀਰ ਕੈਪਸ਼ਨ, ਇਹ ਦੋਵੇਂ ਇੱਕ ਇਵੈਂਟਸ ਕੰਪਨੀ ਲਈ ਜ਼ੌਂਬੀ ਬਣਨ ਦਾ ਕੰਮ ਕਰਦੇ ਸਨ (ਕਿਰਦਾਰ ਵਜੋਂ)

ਓਵਰਟਨ ਅਤੇ ਯੂਡਨ ਸਾਲ 2009 ਵਿੱਚ ਨੌਟਿੰਘਮ ਵਿੱਚ ਇੱਕ ਜ਼ੌਂਬੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਮਿਲੇ ਸਨ, ਜਦੋਂ ਉਹ 29 ਸਾਲ ਦੀ ਸੀ ਅਤੇ ਉਹ 27 ਸਾਲ ਦਾ ਸੀ।

ਯੂਡਨ ਮੇਕਅੱਪ ਅਤੇ ਐਕਟਿੰਗ ਦਾ ਕੰਮ ਕਰ ਰਿਹਾ ਸੀ, ਅਤੇ ਓਵਰਟਨ ਵੀ ਅਦਾਕਾਰਾਂ ਵਿੱਚੋਂ ਇੱਕ ਸਨ। ਉਹ ਦੋਵੇਂ ਹੋਰ ਲੋਕਾਂ ਨਾਲ ਰਿਸ਼ਤਿਆਂ ਵਿੱਚ ਸਨ, ਪਰ ਦੋਸਤਾਂ ਵਜੋਂ ਇੱਕ-ਦੂਜੇ ਦੇ ਸੰਪਰਕ ਵਿੱਚ ਰਹੇ।

ਆਖ਼ਿਰਕਾਰ 13 ਜਨਵਰੀ 2012 ਨੂੰ ਉਹ ਇੱਕ-ਦੂਜੇ ਨਾਲ ਜੋੜੇ ਵਜੋਂ ਰਹਿਣ ਲੱਗੇ - ਓਵਰਟਨ ਨੂੰ ਇਹ ਤਾਰੀਖ਼ ਯਾਦ ਹੈ ਕਿਉਂਕਿ ਉਨ੍ਹਾਂ ਨੇ 'ਫ੍ਰਾਈਡੇ ਦਿ 13ਥ' ਫ਼ਿਲਮ ਮੈਰਾਥਨ ਕੀਤੀ ਸੀ।

ਓਵਰਟਨ ਨੇ ਕਿਹਾ ਕਿ ਯੂਡਨ ਨਾਲ ਰਹਿਣਾ ਉਨ੍ਹਾਂ ਦੇ ਪਿਛਲੇ ਰਿਸ਼ਤਿਆਂ ਤੋਂ ਵੱਖਰਾ ਸੀ।

ਉਹ ਕਹਿੰਦੇ ਹਨ, "ਉਹ ਮਜ਼ਾਕੀਆ ਅਤੇ ਦੇਖਭਾਲ ਕਰਨ ਵਾਲਾ ਸੀ ਅਤੇ ਮੈਨੂੰ ਉਸ ਕੋਲੋਂ ਪਿਆਰ ਮਹਿਸੂਸ ਹੁੰਦਾ ਸੀ।"

ਉਹ ਇੱਕ ਅਨੋਖੇ ਤਰੀਕੇ ਨਾਲ ਮਿਲੇ ਸਨ ਅਤੇ ਇਕੱਠਿਆਂ ਉਨ੍ਹਾਂ ਦੀ ਜ਼ਿੰਦਗੀ ਵੀ ਅਨੋਖੀ ਸੀ। ਉਹ ਇੱਕ ਅਜਿਹੀ ਕੰਪਨੀ ਲਈ ਪ੍ਰੋਫੈਸ਼ਨਲ ਜ਼ੌਂਬੀ ਵਜੋਂ ਕੰਮ ਕਰਦੇ ਸਨ, ਜੋ ਲੋਕਾਂ ਲਈ ਜ਼ੌਂਬੀ ਹਮਲੇ ਜਾਂ ਜ਼ੌਂਬੀ ਤੋਂ ਬਚਣ ਵਾਲੇ ਡਰਾਉਣੇ ਤਜਰਬਿਆਂ ਵਾਲੇ ਪ੍ਰੋਗਰਾਮ ਕਰਵਾਉਂਦੀ ਸੀ।

ਜ਼ੌਂਬੀ ਦਾ ਕਿਰਦਾਰ ਨਿਭਾਉਣ ਲਈ ਓਵਰਟਨ ਨੂੰ ਸਰੀਰਕ ਤੌਰ 'ਤੇ ਸਰਗਰਮ (ਫਿਜ਼ੀਕਲੀ ਐਕਟਿਵ) ਰਹਿਣਾ ਪੈਂਦਾ ਸੀ, ਪਰ 2017 ਵਿੱਚ ਏਹਲਰਸ-ਡੈਨਲੋਸ ਸਿੰਡਰੋਮ ਦੀ ਪਛਾਣ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਹ ਕੰਮ ਛੱਡਣਾ ਪਿਆ।

'ਯੂਡਨ ਕੰਟਰੋਲ ਕਰਨ ਵਾਲਾ ਬਣਨ ਲੱਗ ਪਿਆ ਸੀ'

ਓਵਰਟਨ ਅਤੇ ਯੂਡਨ

ਤਸਵੀਰ ਸਰੋਤ, Adelle Overton

ਤਸਵੀਰ ਕੈਪਸ਼ਨ, ਓਵਰਟਨ ਕਹਿੰਦੇ ਹਨ ਕਿ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਨੂੰ ਯੂਡਨ ਇੱਕ ਆਦਰਸ਼ ਪਾਰਟਨਰ ਲੱਗਦਾ ਸੀ

ਫਿਰ 2018 ਦੀ ਸ਼ੁਰੂਆਤ ਵਿੱਚ ਯੂਡਨ ਨੇ ਉਨ੍ਹਾਂ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ।

ਉਹ ਕਹਿੰਦੇ ਹਨ, "ਉਸ ਨੇ ਮੇਰੇ ਲਈ ਲਗਭਗ ਸਭ ਕੁਝ ਕੀਤਾ।"

ਪਿੱਛੇ ਮੁੜ ਕੇ ਦੇਖਣ 'ਤੇ, ਓਵਰਟਨ - ਜਿਨ੍ਹਾਂ ਨੂੰ ਡੇਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ - ਨੂੰ ਲੱਗਦਾ ਹੈ ਕਿ ਯੂਡਨ ਕੰਟਰੋਲ ਕਰਨ ਵਾਲਾ ਬਣਨ ਲੱਗ ਪਿਆ ਸੀ।

ਉਹ ਕਹਿੰਦੇ ਹਨ, "ਉਸ ਨੂੰ ਦੂਜਿਆਂ ਨੂੰ ਇਹ ਦੱਸਣ ਵਿੱਚ ਮਜ਼ਾ ਆਉਂਦਾ ਸੀ ਕਿ ਮੈਂ ਕੀ ਕਰ ਸਕਦੀ ਹਾਂ ਜਾਂ ਕੀ ਨਹੀਂ।"

"ਜੇ ਕੋਈ ਕੁਝ ਕਰਨ ਦਾ ਸੁਝਾਅ ਦਿੰਦਾ, ਤਾਂ ਉਸ ਨੂੰ ਇਹ ਕਹਿਣ ਵਿੱਚ ਮਜ਼ਾ ਆਉਂਦਾ, 'ਮੈਨੂੰ ਨਹੀਂ ਲੱਗਦਾ ਕਿ ਡੇਲ ਇਹ ਸੰਭਾਲ ਸਕੇਗੀ, ਚਲੋ ਕੁਝ ਹੋਰ ਸੋਚਦੇ ਹਾਂ।'"

ਪਰ ਓਵਰਟਨ ਹੁਣ ਜਾਣਦੇ ਹਨ ਕਿ ਯੂਡਨ ਦਾ ਵਿਵਹਾਰ ਉਸ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਸੀ, ਜਿੰਨਾ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ।

'ਜਦੋਂ ਉਹ ਅਜਿਹਾ ਕਰ ਰਿਹਾ ਸੀ ਤਾਂ ਮੇਰੀ ਅੱਖ ਖੁੱਲ੍ਹ ਗਈ'

ਓਵਰਟਨ
ਤਸਵੀਰ ਕੈਪਸ਼ਨ, ਓਵਰਟਨ ਪਹਿਲਾਂ ਤੋਂ ਹੀ ਆਪਣੇ ਨਾਲ ਹੋਏ ਪੁਰਾਣੇ ਜਿਨਸੀ ਸ਼ੋਸ਼ਣ ਦੇ ਕਾਰਨ ਗਰੁੱਪ ਥੈਰੇਪੀ ਲੈ ਰਹੇ ਸਨ ਅਤੇ ਉਨ੍ਹਾਂ ਨੇ ਆਪਣੇ ਅਗਲੇ ਸੈਸ਼ਨ ਵਿੱਚ ਇਸ ਬਾਰੇ ਦੱਸਿਆ

ਬ੍ਰੈਸਟ ਕੈਂਸਰ ਲਈ ਕੀਮੋਥੈਰੇਪੀ ਦੌਰਾਨ 2020 ਵਿੱਚ ਉਸ ਨੂੰ ਸ਼ੱਕ ਹੋਇਆ ਸੀ।

ਉਹ ਕਹਿੰਦੇ ਹਨ, "ਮੈਨੂੰ ਨਹੀਂ ਪਤਾ ਕਿ ਮੇਰੇ ਸਰੀਰ ਵਿੱਚ ਹੋ ਰਹੀ ਬੇਚੈਨੀ ਜਾਂ ਅਸਹਿਜਤਾ ਉਸ ਵੇਲੇ ਜ਼ਿਆਦਾ ਵਧ ਗਈ ਸੀ ਜਾਂ ਨਹੀਂ, ਪਰ ਜਦੋਂ ਉਹ ਅਜਿਹਾ ਕਰ ਰਿਹਾ ਸੀ ਤਾਂ ਮੇਰੀ ਅੱਖ ਖੁੱਲ੍ਹ ਗਈ।"

"ਉਸ ਨੇ ਬਹੁਤ ਸਾਰੇ ਬਹਾਨੇ ਬਣਾਏ, ਜਿਵੇਂ, 'ਮੈਨੂੰ ਲੱਗਿਆ ਕਿ ਤੂੰ ਜਾਗ ਰਹੀ ਸੀ ਅਤੇ ਤੂੰ ਉਸੇ ਤਰ੍ਹਾਂ ਆਵਾਜ਼ਾਂ ਵੀ ਕੱਢ ਰਹੀ ਸੀ।'"

"ਮੈਂ ਉਸ ਤਣਾਅ ਬਾਰੇ ਸੋਚ ਰਹੀ ਸੀ, ਜਿਸ ਵਿੱਚੋਂ ਅਸੀਂ ਲੰਘ ਰਹੇ ਸੀ ਅਤੇ ਉਹ ਕਹਿ ਰਿਹਾ ਸੀ ਕਿ ਇਹ ਸਭ ਗਲਤੀ ਨਾਲ ਹੋਇਆ।"

ਇਸ ਲਈ, ਓਵਰਟਨ ਨੇ ਆਪਣੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਸੱਚ ਕੀ ਹੋ ਸਕਦਾ ਸੀ, ਇਹ ਸਮਝਣ ਦੀ ਬਜਾਏ ਝੂਠ 'ਤੇ ਵਿਸ਼ਵਾਸ ਕਰਨਾ ਆਸਾਨ ਸੀ।"

ਪਰ ਓਵਰਟਨ ਨੂੰ ਨੀਂਦ ਆਉਣ ਵਿੱਚ ਦਿੱਕਤ ਹੋਣ ਲੱਗੀ।

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੇਰੇ ਦਿਮਾਗ ਨੂੰ ਸੁੱਤੇ ਹੋਏ ਸੁਰੱਖਿਅਤ ਮਹਿਸੂਸ ਨਹੀਂ ਹੋ ਰਿਹਾ ਸੀ।"

ਓਵਰਟਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਯੂਡਨ ਨਾਲ ਨੇੜਤਾ ਬਣਾਉਣ ਵਿੱਚ ਵੀ ਮੁਸ਼ਕਿਲ ਹੋਈ, ਅਤੇ ਉਨ੍ਹਾਂ ਨੂੰ ਆਪਣੇ ਅਤੀਤ ਵਿੱਚ ਹੋਏ ਜਿਨਸੀ ਸ਼ੋਸ਼ਣ ਦੇ ਤਜਰਬੇ ਨਾਲ ਜੁੜੇ ਡਰਾਉਣੇ ਸੁਪਨੇ ਆਉਣ ਲੱਗੇ।

ਉਹ ਕਹਿੰਦੇ ਹਨ, "ਉਸ ਸਮੇਂ ਮੈਨੂੰ ਲੱਗਾ ਕਿ ਮੈਂ ਇਸ ਨੂੰ ਆਪਣੇ ਟ੍ਰੌਮਾ ਨਾਲ ਜੋੜ ਰਹੀ ਸੀ ਅਤੇ ਆਪਣੇ ਟ੍ਰੌਮਾ ਕਰਕੇ ਮੈਂ ਉਸ ਨੂੰ ਅਤੇ ਉਸਨੇ ਜੋ ਕੀਤਾ, ਉਸਨੂੰ ਵੀ ਜ਼ਿਆਦਾ ਸਖ਼ਤੀ ਨਾਲ ਦੇਖ ਰਹੀ ਸੀ।"

''ਮੈਨੂੰ ਦੋਸ਼ੀ ਮਹਿਸੂਸ ਹੋਣ ਲੱਗਾ ਅਤੇ ਮੈਂ ਇਨ੍ਹਾਂ ਸਭ ਲਈ ਮਨ ਹੀ ਮਨ ਆਪਣੇ ਆਪ ਨੂੰ ਕੋਸਣ ਲੱਗੀ।"

ਯੂਡਨ ਦਾ ਕਬੂਲਨਾਮਾ

ਡਰਬੀਸ਼ਾਇਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਲਈ ਗਈ ਸਟੀਵਨ ਯੂਡਨ ਦੀ ਤਸਵੀਰ

ਤਸਵੀਰ ਸਰੋਤ, Derbyshire Police

ਤਸਵੀਰ ਕੈਪਸ਼ਨ, ਓਵਰਟਨ ਸਾਹਮਣੇ ਆਪਣਾ ਜੁਰਮ ਕਬੂਲ ਕਰਨ ਤੋਂ ਬਾਅਦ ਯੂਡਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ

ਯੂਡਨ ਨੇ ਪੰਜ ਸਾਲ ਬਾਅਦ, 2025 ਵਿੱਚ ਸਾਰਾ ਕੁਝ ਕਬੂਲ ਕਰ ਲਿਆ। ਉਸ ਵੇਲੇ ਉਹ ਖੁਦ ਆਂਤਾਂ ਦੇ ਕੈਂਸਰ ਦਾ ਇਲਾਜ ਕਰਵਾ ਰਿਹਾ ਸੀ।

ਓਵਰਟਨ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਉਸ ਦੇ ਦਿਮਾਗ ਵਿੱਚ ਕੁਝ ਚੱਲ ਰਿਹਾ ਹੋਵੇਗਾ, ਕਿਉਂਕਿ ਹੁਣ ਉਹ ਦੂਜੇ ਪਾਸੇ ਤੋਂ ਦੇਖ ਰਿਹਾ ਸੀ ਕਿ ਮੈਂ ਕਿਹੜੇ ਹਾਲਾਤ ਵਿੱਚੋਂ ਲੰਘ ਰਹੀ ਸੀ।"

"ਉਹ ਯਕੀਨੀ ਤੌਰ 'ਤੇ ਇਸ ਗੱਲ ਬਾਰੇ ਸੋਚ ਰਿਹਾ ਸੀ ਕਿ ਜਦੋਂ ਮੇਰਾ ਇਲਾਜ ਚੱਲ ਰਿਹਾ ਸੀ, ਤਾਂ ਉਸ ਨੇ ਮੇਰੀ ਠੀਕ ਤਰ੍ਹਾਂ ਦੇਖਭਾਲ ਨਹੀਂ ਕੀਤੀ ਸੀ।"

ਓਵਰਟਨ ਨੂੰ ਪੰਜ ਸਾਲ ਪਹਿਲਾਂ ਦੀ ਉਹ ਗੱਲ ਯਾਦ ਆ ਗਈ, ਜਦੋਂ ਉਹ ਜਾਗੇ ਸਨ ਅਤੇ ਯੂਡਨ ਨੂੰ ਆਪਣੇ ਨਾਲ ਸੈਕਸ ਕਰਦੇ ਹੋਏ ਦੇਖਿਆ ਸੀ।

ਉਹ ਕਹਿੰਦੇ ਹਨ, "ਮੈਂ ਉਸ ਨੂੰ ਧੱਕਾ ਦਿੱਤਾ। 'ਤੇਰਾ ਕੀ ਮਤਲਬ ਹੈ? ਤੇਰਾ ਕੀ ਮਤਲਬ ਹੈ ਕਿ ਤੂੰ ਮੇਰੀ ਦੇਖਭਾਲ ਨਹੀਂ ਕੀਤੀ? ਕਿਸ ਤਰ੍ਹਾਂ?'"

ਓਵਰਟਨ ਦੇ ਮੁਤਾਬਕ, ਇਹ ਗੱਲਬਾਤ ਦੋ ਦਿਨਾਂ ਤੱਕ ਚੱਲੀ। ਇਸੇ ਦੌਰਾਨ, ਯੂਡਨ ਨੇ ਇੱਕ ਦੋਸਤ ਨੂੰ ਫ਼ੋਨ ਕਰਕੇ ਆਪਣੀ ਹਰਕਤ ਕਬੂਲ ਕੀਤੀ ਅਤੇ ਫਿਰ ਘਰ ਵਾਪਸ ਆਕੇ ਓਵਰਟਨ ਨੂੰ ਵੀ ਸੱਚ ਦੱਸ ਦਿੱਤਾ।

ਉਨ੍ਹਾਂ ਨੂੰ ਲੱਗਿਆ ਕਿ ਉਸ ਨਾਲ ਧੋਖਾ ਹੋਇਆ ਹੈ ਅਤੇ ਬਹੁਤ ਬੁਰਾ ਲੱਗਾ, ਪਰ ਉਨ੍ਹਾਂ ਨੇ ਤੁਰੰਤ ਰਿਸ਼ਤਾ ਖ਼ਤਮ ਨਹੀਂ ਕੀਤਾ। ਉਨ੍ਹਾਂ ਨੂੰ ਲੱਗਾ ਕਿ ਉਹ ਯੂਡਨ 'ਤੇ ਨਿਰਭਰ ਸਨ ਅਤੇ ਉਸ ਨਾਲ ਪਿਆਰ ਵੀ ਕਰਦੇ ਸਨ।

'ਮੈਂ ਕੀ ਕਰਾਂ? ਮੈਂ ਉਸ ਨੂੰ ਅਜਿਹਾ ਕਰਨ ਤੋਂ ਕਿਵੇਂ ਰੋਕਾਂ?'

ਓਵਰਟਨ ਪਹਿਲਾਂ ਤੋਂ ਹੀ ਆਪਣੇ ਨਾਲ ਹੋਏ ਪੁਰਾਣੇ ਜਿਨਸੀ ਸ਼ੋਸ਼ਣ ਦੇ ਕਾਰਨ ਗਰੁੱਪ ਥੈਰੇਪੀ ਲੈ ਰਹੇ ਸਨ ਅਤੇ ਉਨ੍ਹਾਂ ਨੇ ਆਪਣੇ ਅਗਲੇ ਸੈਸ਼ਨ ਵਿੱਚ ਇਸ ਬਾਰੇ ਦੱਸਿਆ।

ਉਹ ਕਹਿੰਦੇ ਹਨ, "ਇੱਕ ਕਾਊਂਸਲਰ, ਇੱਕ ਥੈਰੇਪਿਸਟ ਨੇ ਮੈਨੂੰ ਇਸ ਸਥਿਤੀ ਵਿੱਚੋਂ ਬਾਹਰ ਕੱਢਿਆ, ਕਿਉਂਕਿ ਮੈਂ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ ਅਤੇ ਰੋਂਦਿਆਂ ਕਹਿ ਰਹੀ ਸੀ, 'ਮੈਂ ਕੀ ਕਰਾਂ? ਮੈਂ ਉਸ ਨੂੰ ਅਜਿਹਾ ਕਰਨ ਤੋਂ ਕਿਵੇਂ ਰੋਕਾਂ?'

"ਅਤੇ ਉਸ ਕਾਊਂਸਲਰ ਨੇ ਕਿਹਾ, 'ਤੁਸੀਂ ਉਸ ਨੂੰ ਘਰੋਂ ਬਾਹਰ ਕੱਢ ਦਿਓ ਅਤੇ ਪੁਲਿਸ ਨੂੰ ਫ਼ੋਨ ਕਰੋ'।"

ਅਤੇ ਉਸੇ ਦਿਨ ਬਾਅਦ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ 'ਸੇਫਗਾਰਡਿੰਗ ਮੀਟਿੰਗ' (ਸੁਰੱਖਿਆ ਨਾਲ ਜੁੜੀ ਬੈਠਕ) ਹੋਈ ਸੀ ਅਤੇ ਉਹ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇਣ ਵਾਲੇ ਸਨ। ਉਸ ਸਮੇਂ ਮੈਨੂੰ ਸਮਝ ਆ ਗਿਆ ਕਿ ਹੁਣ ਇਹ ਮਾਮਲਾ ਮੇਰੇ ਹੱਥੋਂ ਨਿਕਲ ਚੁੱਕਾ ਸੀ।"

ਇਹ ਕੇਸ ਡਰਬੀਸ਼ਾਇਰ ਪੁਲਿਸ ਦੀ ਡਿਟੈਕਟਿਵ ਸਾਰਜੈਂਟ ਐਲੇਨੋਰ ਕਿਰਟਨ ਨੂੰ ਸੌਂਪਿਆ ਗਿਆ।

ਉਹ ਕਹਿੰਦੇ ਹਨ, "ਸਭ ਤੋਂ ਪਹਿਲਾਂ ਮੈਂ ਐਡਲ ਨਾਲ ਸੰਪਰਕ ਕੀਤਾ।"

"ਜ਼ਾਹਿਰ ਹੈ, ਜੋ ਕੁਝ ਹੋਇਆ ਸੀ, ਉਸ ਨੂੰ ਲੈਕੇ ਉਹ ਬਹੁਤ ਪਰੇਸ਼ਾਨ ਸੀ।"

'ਉਸ ਨੇ ਸਾਫ਼-ਸਾਫ਼ ਮੰਨ ਲਿਆ'

ਕਿਰਟਨ ਦਾ ਕਹਿਣਾ ਹੈ ਕਿ ਓਵਰਟਨ ਦੀ ਇਸ ਹਿੰਮਤ ਨਾਲ ਦੂਜੀਆਂ ਮਹਿਲਾਵਾਂ ਨੂੰ ਬਚਾਉਣ ਵਿੱਚ ਮਦਦ ਮਿਲੀ ਹੈ
ਤਸਵੀਰ ਕੈਪਸ਼ਨ, ਕਿਰਟਨ ਦਾ ਕਹਿਣਾ ਹੈ ਕਿ ਓਵਰਟਨ ਦੀ ਇਸ ਹਿੰਮਤ ਨਾਲ ਦੂਜੀਆਂ ਮਹਿਲਾਵਾਂ ਨੂੰ ਬਚਾਉਣ ਵਿੱਚ ਮਦਦ ਮਿਲੀ ਹੈ

ਓਵਰਟਨ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੇ ਯੂਡਨ ਨੂੰ ਗ੍ਰਿਫ਼ਤਾਰ ਕਰ ਲਿਆ।

ਐਲੇਨੋਰ ਕਿਰਟਨ ਕਹਿੰਦੇ ਹਨ, "ਜਦੋਂ ਮੈਂ ਉਸ ਤੋਂ ਪੁੱਛਗਿੱਛ ਕੀਤੀ, ਤਾਂ ਉਸ ਨੇ ਤੁਰੰਤ ਆਪਣਾ ਜੁਰਮ ਕਬੂਲ ਕਰ ਲਿਆ।"

"ਉਸ ਨੇ ਸਾਫ਼-ਸਾਫ਼ ਮੰਨ ਲਿਆ ਕਿ ਉਸ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਸੀ। ਸਾਡੀ ਜਾਂਚ ਵਿੱਚ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਮਾਮਲਾ ਇੰਨੀ ਜਲਦੀ ਇਸ ਮੋੜ 'ਤੇ ਪਹੁੰਚ ਜਾਵੇ।"

ਯੂਡਨ 'ਤੇ ਬਲਾਤਕਾਰ ਦੇ ਦੋ ਇਲਜ਼ਾਮ ਲਗਾਏ ਗਏ। ਬਾਅਦ ਵਿੱਚ ਉਸ ਨੇ ਅਦਾਲਤ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਉਸ ਨੂੰ ਛੇ ਸਾਲ ਅੱਠ ਮਹੀਨੇ ਦੀ ਸਜ਼ਾ ਸੁਣਾਈ ਗਈ।

ਕਿਰਟਨ ਦਾ ਕਹਿਣਾ ਹੈ ਕਿ ਓਵਰਟਨ ਦੀ ਇਸ ਹਿੰਮਤ ਨਾਲ ਦੂਜੀਆਂ ਮਹਿਲਾਵਾਂ ਨੂੰ ਬਚਾਉਣ ਵਿੱਚ ਮਦਦ ਮਿਲੀ ਹੈ।

ਉਹ ਅੱਗੇ ਕਹਿੰਦੇ ਹਨ, "ਉਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਦੀ ਵਜ੍ਹਾ ਨਾਲ ਅਸੀਂ ਕਈ ਹੋਰ ਲੋਕਾਂ ਨੂੰ ਸੁਰੱਖਿਅਤ ਰੱਖ ਸਕੇ ਹਾਂ, ਜਿਨ੍ਹਾਂ ਨਾਲ ਇਹ ਵਿਅਕਤੀ ਅੱਗੇ ਵੀ ਅਜਿਹੇ ਅਪਰਾਧ ਕਰ ਸਕਦਾ ਸੀ।"

"ਜੇ ਕਿਸੇ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਵੀ ਅਜਿਹਾ ਹੋ ਰਿਹਾ ਹੈ, ਤਾਂ ਮੈਂ ਉਨ੍ਹਾਂ ਨੂੰ ਬੇਨਤੀ ਕਰਾਂਗੀ ਕਿ ਉਹ ਆਕੇ ਸਾਡੇ ਨਾਲ ਗੱਲ ਕਰਨ, ਕਿਉਂਕਿ ਅਸੀਂ ਕੁਝ ਕਰ ਸਕਦੇ ਹਾਂ ਅਤੇ ਇਹ ਮਾਮਲਾ ਇਸਦਾ ਸਬੂਤ ਹੈ।"

'ਉਸ ਨੂੰ ਸੁੱਤੀਆਂ ਹੋਈਆਂ ਮਹਿਲਾਵਾਂ ਵਿੱਚ ਦਿਲਚਸਪੀ ਸੀ'

ਓਵਰਟਰਨ ਕਹਿੰਦੇ ਹਨ, ਯੂਡਨ ਨੂੰ 'ਸੁੱਤੀਆਂ ਹੋਈਆਂ ਮਹਿਲਾਵਾਂ ਵਿੱਚ ਦਿਲਚਸਪੀ' ਸੀ

ਤਸਵੀਰ ਸਰੋਤ, Adelle Overton

ਤਸਵੀਰ ਕੈਪਸ਼ਨ, ਓਵਰਟਰਨ ਕਹਿੰਦੇ ਹਨ, ਯੂਡਨ ਨੂੰ 'ਸੁੱਤੀਆਂ ਹੋਈਆਂ ਮਹਿਲਾਵਾਂ ਵਿੱਚ ਦਿਲਚਸਪੀ' ਸੀ

ਪਰ ਓਵਰਟਨ ਹੁਣ ਵੀ ਇਹ ਸਮਝ ਨਹੀਂ ਪਾ ਰਹੇ ਕਿ 13 ਸਾਲ ਤੱਕ ਉਨ੍ਹਾਂ ਨਾਲ ਪਿਆਰ ਨਾਲ ਰਹਿਣ ਵਾਲੇ ਪਾਰਟਨਰ ਨੇ ਸੁੱਤੇ ਹੋਏ ਉਨ੍ਹਾਂ ਨਾਲ ਬਲਾਤਕਾਰ ਕਿਉਂ ਕੀਤਾ।

ਉਹ ਕਹਿੰਦੇ ਹਨ, "ਮੈਨੂੰ ਸਮਝ ਨਹੀਂ ਆਉਂਦਾ ਕਿ ਕੋਈ ਵਿਅਕਤੀ ਕਿਸੇ ਅਜਿਹੇ ਇਨਸਾਨ ਤੋਂ ਕਿਵੇਂ ਆਨੰਦ ਲੈ ਸਕਦਾ ਹੈ ਜੋ ਕੋਈ ਪ੍ਰਤੀਕਿਰਿਆ ਹੀ ਨਾ ਦੇ ਰਿਹਾ ਹੋਵੇ, ਅਤੇ ਇਹੀ ਗੱਲ ਮੈਨੂੰ ਸਮਝ ਨਹੀਂ ਆ ਰਹੀ ਸੀ।"

"ਪਤਾ ਨਹੀਂ ਇਸ ਨੂੰ ਕਿਵੇਂ ਕਹਾਂ, ਉਸ ਨੂੰ ਸੁੱਤੀਆਂ ਹੋਈਆਂ ਮਹਿਲਾਵਾਂ ਵਿੱਚ ਦਿਲਚਸਪੀ ਸੀ।''

"ਉਹ ਚਾਹੁੰਦਾ ਸੀ ਕਿ ਮੈਂ ਸੁੱਤੀ ਰਹਾਂ ਅਤੇ ਮੈਨੂੰ ਪਤਾ ਨਾ ਲੱਗੇ ਕਿ ਉਹ ਕੀ ਕਰ ਰਿਹਾ ਹੈ।"

ਓਵਰਟਨ ਨੂੰ ਸ਼ੱਕ ਹੈ ਕਿ ਯੂਡਨ ਉਨ੍ਹਾਂ ਨੂੰ ਉਨ੍ਹਾਂ ਦੀਆਂ ਹੀ ਦਵਾਈਆਂ ਦੇ ਕੇ ਬੇਹੋਸ਼ ਕਰ ਦਿੰਦਾ ਸੀ, ਕਿਉਂਕਿ ਉਨ੍ਹਾਂ ਦਵਾਈਆਂ 'ਤੇ ਉਸੇ ਦਾ ਪੂਰਾ ਕੰਟਰੋਲ ਸੀ।

ਉਹ ਕਹਿੰਦੇ ਹਨ, "ਮੇਰੇ ਕੋਲ ਛੋਟੀਆਂ-ਛੋਟੀਆਂ ਡੱਬੀਆਂ ਸਨ, ਜਿਨ੍ਹਾਂ ਵਿੱਚ ਦਵਾਈਆਂ ਰੱਖੀਆਂ ਹੁੰਦੀਆਂ ਸਨ ਅਤੇ ਉਹ ਮੇਰੇ ਲਈ ਸਾਰੀਆਂ ਦਵਾਈਆਂ ਕੱਢ ਕੇ ਦਿੰਦਾ ਸੀ।"

"ਹੁਣ ਮੇਰੇ ਕੋਲ ਦੂਜੀਆਂ ਦਵਾਈਆਂ ਦੇ ਮੁਕਾਬਲੇ ਨੀਂਦ ਲਿਆਉਣ ਵਾਲੀਆਂ ਦਵਾਈਆਂ (ਸੇਡੇਟਿਵ) ਬਹੁਤ ਘੱਟ ਬਚੀਆਂ ਹਨ, ਇਸ ਲਈ ਮੈਨੂੰ ਪੱਕਾ ਸ਼ੱਕ ਹੈ ਕਿ ਉਹ ਮੈਨੂੰ ਨੀਂਦ ਵਿੱਚ ਰੱਖਣ ਲਈ ਲੋੜ ਤੋਂ ਵੱਧ ਦਵਾਈ (ਓਵਰਡੋਜ਼) ਦਿੰਦਾ ਸੀ।"

ਕਿਰਟਨ ਦਾ ਕਹਿਣਾ ਹੈ ਕਿ ਇਹ ਇੱਕ "ਇਤਿਹਾਸਕ ਮਾਮਲਾ" ਸੀ, ਇਸ ਲਈ ਫੋਰੈਂਸਿਕ ਅਤੇ ਟੌਕਸੀਕੋਲੋਜੀ ਤੋਂ ਇਹ ਪੱਕਾ ਨਹੀਂ ਹੋ ਸਕਦਾ ਕਿ ਅਜਿਹਾ ਹੋਇਆ ਸੀ ਜਾਂ ਨਹੀਂ।

ਇਸ ਦੇ ਨਾਲ ਹੀ, ਅਦਾਲਤ ਵਿੱਚ ਇਸ ਬਾਰੇ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ।

ਪਰ ਯੂਡਨ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਓਵਰਟਨ ਨਾਲ ਇੱਕ ਵਾਰ ਉਦੋਂ ਬਲਾਤਕਾਰ ਕੀਤਾ ਸੀ, ਜਦੋਂ ਉਹ ਕੀਮੋਥੈਰੇਪੀ ਲੈ ਰਹੀ ਸੀ, ਜਿਸ ਨਾਲ ਲੋਕ ਜ਼ਿਆਦਾ ਥੱਕ ਜਾਂਦੇ ਹਨ।

ਕਿਰਟਨ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਉਸ ਨੇ ਉਸ ਸਮੇਂ ਇਹ ਗੱਲ ਦੱਸੀ ਸੀ ਕਿ ਉਹ ਕੀਮੋਥੈਰੇਪੀ ਲੈ ਰਹੀ ਸੀ, ਅਤੇ ਉਹ ਮੰਨਦਾ ਹੈ ਕਿ ਉਸ ਘਟਨਾ ਦੇ ਸਮੇਂ ਉਹ ਦਵਾਈ ਦੇ ਅਸਰ ਹੇਠ ਰਹੀ ਹੋਵੇਗੀ।"

ਹਾਲਾਂਕਿ ਯੂਡਨ 'ਤੇ ਓਵਰਟਨ ਨਾਲ ਦੋ ਵਾਰ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਸ ਨੇ ਅਜਿਹਾ ਕਈ ਵਾਰ ਕੀਤਾ ਹੈ।

ਓਵਰਟਨ ਕਹਿੰਦੇ ਹਨ, "ਉਸ ਨੇ ਮੈਨੂੰ ਦੱਸਿਆ ਸੀ ਕਿ ਉਸ ਨੇ ਮੇਰੇ ਨਾਲ ਸੱਤ ਜਾਂ ਅੱਠ ਵਾਰ ਅਜਿਹਾ ਕੀਤਾ ਹੈ।"

'ਮੈਨੂੰ ਆਪਣੀ ਮਾਂ 'ਤੇ ਮਾਣ ਹੈ'

Adelle's daughter Shari sitting inside Adelle's home
ਤਸਵੀਰ ਕੈਪਸ਼ਨ, ਓਵਰਟਨ ਦੀ ਧੀ, ਸ਼ਾਰੀ ਦਾ ਕਹਿਣਾ ਹੈ ਕਿ ''ਮੈਨੂੰ ਉਨ੍ਹਾਂ 'ਤੇ ਬਹੁਤ ਮਾਣ ਹੈ ਕਿ ਉਨ੍ਹਾਂ ਨੇ ਇਸ ਸਭ ਦਾ ਸਾਹਮਣਾ ਕੀਤਾ, ਪੁਲਿਸ ਅਤੇ ਅਦਾਲਤ ਨਾਲ ਗੱਲ ਕੀਤੀ ਅਤੇ ਆਪਣੇ ਹੱਕ ਲਈ ਆਵਾਜ਼ ਉਠਾਈ''

ਉਨ੍ਹਾਂ ਦੀ ਧੀ, ਸ਼ਾਰੀ ਓਵਰਟਨ ਦਾ ਕਹਿਣਾ ਹੈ ਕਿ ਯੂਡਨ ਦੇ ਅਪਰਾਧਾਂ ਦਾ ਉਨ੍ਹਾਂ ਦੀ ਮਾਂ 'ਤੇ ਜੋ ਅਸਰ ਪਿਆ ਹੈ, ਉਸ ਨੂੰ ਦੇਖਣਾ ਮੁਸ਼ਕਿਲ ਰਿਹਾ ਹੈ।

ਸ਼ਾਰੀ ਕਹਿੰਦੇ ਹਨ, "ਉਹ (ਮੇਰੀ ਮਾਂ) ਹੁਣ ਬਹੁਤ ਬਦਲ ਗਏ ਹਨ। ਮੈਂ ਦੇਖ ਸਕਦੀ ਹਾਂ ਕਿ ਉਨ੍ਹਾਂ ਦਾ ਆਤਮ-ਵਿਸ਼ਵਾਸ ਬਹੁਤ ਘੱਟ ਹੋ ਗਿਆ ਹੈ।"

"ਮੈਨੂੰ ਉਨ੍ਹਾਂ 'ਤੇ ਬਹੁਤ ਮਾਣ ਹੈ ਕਿ ਉਨ੍ਹਾਂ ਨੇ ਇਸ ਸਭ ਦਾ ਸਾਹਮਣਾ ਕੀਤਾ, ਪੁਲਿਸ ਅਤੇ ਅਦਾਲਤ ਨਾਲ ਗੱਲ ਕੀਤੀ ਅਤੇ ਆਪਣੇ ਹੱਕ ਲਈ ਆਵਾਜ਼ ਉਠਾਈ।"

ਓਵਰਟਨ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਕਹਾਣੀ ਦੂਜੇ ਕਮਜ਼ੋਰ ਲੋਕਾਂ ਨੂੰ ਦਿਖਾਏਗੀ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਕੋਲੋਂ ਦੁਰਵਿਵਹਾਰ ਸਹਿਣ ਕਰਨ ਦੀ ਲੋੜ ਨਹੀਂ, ਜੋ ਖੁਦ ਨੂੰ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕਹਾਉਂਦੇ ਹਨ।

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਮੈਨੂੰ ਆਵਾਜ਼ ਉਠਾਉਣੀ ਚਾਹੀਦੀ ਹੈ, ਕਿਉਂਕਿ ਇਸ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਹੋਰ ਕਿੰਨੇ ਅਪਾਹਜ ਲੋਕ ਅਜਿਹੀਆਂ ਸਥਿਤੀਆਂ ਵਿੱਚ ਹਨ, ਜਿੱਥੇ ਕਿਸੇ ਹੋਰ ਦਾ ਉਨ੍ਹਾਂ 'ਤੇ ਕੰਟਰੋਲ ਹੈ।"

"ਸਭ ਕੁਝ ਪਤਾ ਲੱਗਣ ਤੋਂ ਬਾਅਦ ਕੁਝ ਮਹੀਨਿਆਂ ਤੱਕ ਮੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਉਸ ਦੀ ਦੇਖਭਾਲ ਦੇ ਬਦਲੇ ਵਿੱਚ ਕੁਝ ਸੀ। ਸ਼ਾਇਦ ਮੈਂ ਉਸ ਨੇੜਤਾ ਲਈ ਉਸ ਦੀ ਕਰਜ਼ਦਾਰ ਸੀ। ਪਰ ਅਜਿਹਾ ਨਹੀਂ ਸੀ ਅਤੇ ਕਿਸੇ ਹੋਰ ਨੂੰ ਵੀ ਅਜਿਹਾ ਨਹੀਂ ਕਰਨਾ ਚਾਹੀਦਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)