ਮਾਂ ਦੇ ਠੱਗ ਪ੍ਰੇਮੀ ਨੂੰ ਲੱਭਣ ਲਈ ਸੱਤ ਸਮੁੰਦਰ ਪਾਰ ਗਿਆ ਨੌਜਵਾਨ, ਪਰ ਜੋ ਪਤਾ ਲੱਗਿਆ ਉਹ ਹੈਰਾਨ ਕਰਨ ਵਾਲਾ ਸੀ

ਤਸਵੀਰ ਸਰੋਤ, Carlos Barragán
"ਉਹ ਮੈਨੂੰ ਨਾ ਤਾਂ ਇੰਨੇ ਪੇਸ਼ੇਵਰ ਲੱਗੇ, ਨਾ ਹੀ ਇੰਨੇ ਜ਼ਿਆਦਾ ਚਲਾਕ... ਅਤੇ ਇਹੀ ਗੱਲ ਮੇਰੇ ਲਈ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਸੀ।"
ਜਦੋਂ ਕਾਰਲੋਸ ਬਰਾਗਾਨ ਆਪਣੀ ਮਾਂ ਨੂੰ ਪਿਆਰ ਦੇ ਨਾਂ 'ਤੇ ਠੱਗਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਨਾਈਜੀਰੀਆ ਪਹੁੰਚੇ, ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਸਾਹਮਣਾ ਕਿਸੇ ਬੇਹੱਦ ਮਾਹਿਰ ਠੱਗ ਨਾਲ ਹੋਵੇਗਾ।
ਇੱਕ ਆਈਪੀ ਐਡਰੈੱਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਮਾਂ ਨੂੰ ਧੋਖਾ ਦੇਣ ਵਾਲੀਆਂ ਈਮੇਲਾਂ ਅਮਰੀਕਾ ਦੇ ਕਿਸੇ ਫੌਜੀ ਨੇ ਸੀਰੀਆ ਤੋਂ ਨਹੀਂ ਭੇਜੀਆਂ ਸਨ, ਸਗੋਂ ਉਹ ਈਮੇਲਾਂ ਤਾਂ ਨਾਈਜੀਰੀਆ ਤੋਂ ਭੇਜੀਆਂ ਗਈਆਂ ਸਨ। ਈਮੇਲਾਂ ਭੇਜਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਉਹ ਸੀਰੀਆ ਵਿੱਚ ਹੈ।
ਕਾਰਲੋਸ ਚਾਹੁੰਦੇ ਸਨ ਕਿ ਉਹ ਉਸ ਮਾਹਿਰ ਅਪਰਾਧੀ ਦਾ ਪਰਦਾਫ਼ਾਸ਼ ਕਰਨ, ਜਿਸ ਨੇ ਉਨ੍ਹਾਂ ਦੀ ਮਾਂ ਨੂੰ ਧੋਖਾ ਦਿੱਤਾ ਸੀ, ਪਰ ਇਸ ਪ੍ਰਕਿਰਿਆ ਵਿੱਚ ਉਹ ਚਾਰ ਸਾਲ ਦੀ ਉਸ ਲੰਬੀ ਯਾਤਰਾ 'ਤੇ ਨਿਕਲ ਪਏ, ਜਿਸ ਨੇ ਉਨ੍ਹਾਂ ਨੂੰ ਨਾਈਜੀਰੀਆ ਦੇ 'ਯਾਹੂ ਬੁਆਏਜ਼' ਦੀ ਦੁਨੀਆ ਨੂੰ ਸਮਝਣ ਦਾ ਮੌਕਾ ਦਿੱਤਾ।
ਇਹ ਅਜਿਹੇ ਨੌਜਵਾਨ ਠੱਗ ਹਨ, ਜਿਨ੍ਹਾਂ ਨੂੰ ਨਾ ਤਾਂ ਠੀਕ ਤਰ੍ਹਾਂ ਪੜ੍ਹਾਈ-ਲਿਖਾਈ ਕਰਨ ਦਾ ਮੌਕਾ ਮਿਲਿਆ, ਨਾ ਹੀ ਉਨ੍ਹਾਂ ਕੋਲ ਪੈਸਾ ਹੈ ਅਤੇ ਨਾ ਹੀ ਅੱਗੇ ਵਧਣ ਦੇ ਮੌਕੇ।
ਇਸ ਤਜਰਬੇ ਨੇ ਨਾ ਸਿਰਫ਼ ਕਾਰਲੋਸ ਨੂੰ ਉਸ ਵਿਅਕਤੀ ਬਾਰੇ ਬਣੀ ਆਪਣੀ ਧਾਰਨਾ ਨੂੰ ਚੁਣੌਤੀ ਦੇਣ ਲਈ ਮਜਬੂਰ ਕੀਤਾ, ਸਗੋਂ ਇੱਕ ਆਧੁਨਿਕ ਦੁਨੀਆ ਵਿੱਚ ਇੱਕਲਾਪੇ ਦੀ ਗੰਭੀਰਤਾ ਬਾਰੇ ਵੀ ਸੋਚਣ ਲਈ ਮਜਬੂਰ ਕੀਤਾ।
ਬ੍ਰਾਇਨ ਨਾਲ ਮੁਲਾਕਾਤ

ਤਸਵੀਰ ਸਰੋਤ, Carlos Barragán
ਕਾਰਲੋਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਂ ਆਤਮਨਿਰਭਰ ਅਤੇ ਮਜ਼ਬੂਤ ਹਨ। ਉਹ ਪੜ੍ਹੇ-ਲਿਖੇ ਹਨ ਅਤੇ ਆਪਣਾ ਡੈਂਟਲ ਕਲੀਨਿਕ ਚਲਾਉਂਦੇ ਸਨ। ਇਸ ਲਈ ਉਨ੍ਹਾਂ ਦੇ ਕਿਸੇ ਠੱਗੀ ਦਾ ਸ਼ਿਕਾਰ ਬਣਨ ਦੀ ਸੰਭਾਵਨਾ ਬੇਹੱਦ ਘੱਟ ਲੱਗਦੀ ਸੀ।
ਇਹੀ ਕਾਰਨ ਸੀ ਕਿ ਜਦੋਂ ਕਾਰਲੋਸ ਅਤੇ ਉਨ੍ਹਾਂ ਦੇ ਭਰਾਵਾਂ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੀ ਮਾਂ ਕਿਸੇ ਠੱਗ ਦੇ ਝਾਂਸੇ ਵਿੱਚ ਆ ਗਈ ਹੈ, ਤਾਂ ਉਹ ਪਰੇਸ਼ਾਨ ਹੋ ਗਏ। ਪਰ ਉਨ੍ਹਾਂ ਦੀ ਮਾਂ ਨੇ ਆਪਣੇ 'ਪ੍ਰੇਮੀ' 'ਬ੍ਰਾਇਨ' ਨੂੰ ਜੋ ਇੱਕ ਈਮੇਲ ਕੀਤੀ ਸੀ, ਉਸ ਤੋਂ ਇਹ ਸੰਕੇਤ ਮਿਲਿਆ ਕਿ ਉਨ੍ਹਾਂ ਦੀ ਮਾਂ ਭਾਵਨਾਤਮਕ ਤੌਰ 'ਤੇ ਕਿੰਨੀ ਕਮਜ਼ੋਰ ਪੈ ਗਈ ਸੀ।
ਉਨ੍ਹਾਂ ਨੇ ਉਸ ਈਮੇਲ ਵਿੱਚ ਲਿਖਿਆ ਸੀ, "ਪਹਿਲਾਂ ਮੈਂ ਆਪਣੀ ਮਾਂ ਦੀ ਦੇਖਭਾਲ ਕੀਤੀ, ਫਿਰ ਆਪਣੀ ਛੋਟੀ ਭੈਣ ਦੀ। ਉਸ ਤੋਂ ਬਾਅਦ ਆਪਣੇ ਪਤੀ ਅਤੇ ਬੱਚਿਆਂ ਦਾ ਖ਼ਿਆਲ ਰੱਖਿਆ। ਪੂਰੀ ਜ਼ਿੰਦਗੀ ਮੈਂ ਦੂਜਿਆਂ ਦੀ ਦੇਖਭਾਲ ਕੀਤੀ ਹੈ, ਪਰ ਹੁਣ ਮੈਂ ਚਾਹੁੰਦੀ ਹਾਂ ਕਿ ਕੋਈ ਮੇਰਾ ਵੀ ਖ਼ਿਆਲ ਰੱਖੇ।"
ਉਨ੍ਹਾਂ ਦੀ ਮਾਂ ਦਾ ਤਲਾਕ ਹੋ ਚੁੱਕਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਕਾਰਲੋਸ ਨੇ ਮਹਿਸੂਸ ਕੀਤਾ ਸੀ ਕਿ ਉਨ੍ਹਾਂ ਦੀ ਮਾਂ ਇਕੱਲਾਪਣ ਮਹਿਸੂਸ ਕਰ ਰਹੀ ਹੈ। ਇਸੇ ਕਾਰਨ ਕਾਰਲੋਸ ਨੇ ਉਨ੍ਹਾਂ ਨੂੰ ਟਿੰਡਰ ਨਾਲ ਜੁੜਨ ਦੀ ਸਲਾਹ ਦਿੱਤੀ।
ਜਿੱਥੇ ਉਨ੍ਹਾਂ ਦੀ ਮੁਲਾਕਾਤ ਬ੍ਰਾਇਨ ਨਾਲ ਹੋਈ, ਜੋ ਕਰੀਬ 50 ਸਾਲ ਦੀ ਉਮਰ ਦਾ ਆਕਰਸ਼ਕ ਅਮਰੀਕੀ ਵਿਅਕਤੀ ਸੀ। ਉਸ ਦਾ ਦਾਅਵਾ ਸੀ ਕਿ ਉਹ ਸੀਰੀਆ ਵਿੱਚ ਤਾਇਨਾਤ ਹੈ।
ਕਾਰਲੋਸ ਦੇ ਇੱਕ ਵੱਡੇ ਭਰਾ ਫ਼ੌਜ ਵਿੱਚ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਇਸ ਰਿਸ਼ਤੇ ਨੂੰ ਲੈ ਕੇ ਖਦਸ਼ਾ ਸੀ।
ਉਨ੍ਹਾਂ ਨੇ ਆਪਣੀ ਮਾਂ ਨੂੰ ਕਿਹਾ, "ਉਸ ਦੀਆਂ ਗੱਲਾਂ ਕੁਝ ਅਜੀਬ ਲੱਗਦੀਆਂ ਹਨ। ਸ਼ਾਇਦ ਇਹ ਕੋਈ ਠੱਗੀ ਹੈ ਮਾਂ।"
ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨਾਲ ਇਸ ਰਿਸ਼ਤੇ ਬਾਰੇ ਗੱਲ ਕਰਨੀ ਲਗਭਗ ਬੰਦ ਕਰ ਦਿੱਤੀ, ਹਾਲਾਂਕਿ ਉਹ ਕਦੇ-ਕਦੇ ਕਾਰਲੋਸ ਨੂੰ ਬ੍ਰਾਇਨ ਦੀਆਂ ਈਮੇਲਾਂ ਦਿਖਾ ਦਿੰਦੇ ਸਨ।
ਉਨ੍ਹਾਂ ਈਮੇਲਾਂ ਵਿੱਚ ਪਿਆਰ ਅਤੇ ਭਾਵਨਾਵਾਂ ਦੀ ਭਰਮਾਰ ਹੁੰਦੀ ਸੀ। ਬ੍ਰਾਇਨ ਨੇ ਜਲਦ ਹੀ ਸਪੇਨ ਆ ਕੇ ਇਕੱਠੇ ਰਹਿਣ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਖ਼ੁਦ ਕਾਰਲੋਸ ਦੇ ਮਾਂ ਵੀ ਹੈਰਾਨ ਸਨ।
ਕਾਰਲੋਸ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਉਦੋਂ ਉਨ੍ਹਾਂ ਨੂੰ ਵੀ ਥੋੜ੍ਹਾ-ਬਹੁਤ ਸ਼ੱਕ ਸੀ।"
ਪਰਿਵਾਰ 'ਚ ਉਸ ਸਮੇਂ ਬਹਿਸ ਛਿੜ ਗਈ, ਜਦੋਂ ਬ੍ਰਾਇਨ ਨੇ ਕਿਹਾ ਕਿ ਉਹ ਉਨ੍ਹਾਂ ਦੇ ਘਰ ਸੋਨੇ ਦੀਆਂ ਬਾਰਾਂ ਭੇਜਣ ਵਾਲਾ ਹੈ। ਫਿਰ ਜਦੋਂ ਉਨ੍ਹਾਂ ਦੇ ਮਾਂ ਦੋ ਅੰਗੂਠੀਆਂ ਘਰ ਲੈ ਆਏ ਅਤੇ ਦੱਸਿਆ ਕਿ ਉਹ ਜਲਦ ਹੀ ਇਕੱਠੇ ਰਹਿਣ ਵਾਲੇ ਹਨ ਤਾਂ ਕਾਰਲੋਸ ਨੇ ਇਸ ਸਬੰਧੀ ਕੁਝ ਕਰਨ ਦਾ ਫ਼ੈਸਲਾ ਕੀਤਾ।
ਜਦੋਂ ਕਾਰਲੋਸ ਨੇ ਆਪਣੀ ਮਾਂ ਨੂੰ ਸਬੂਤ ਦਿਖਾਏ ਕਿ ਈਮੇਲ ਅਸਲ ਵਿੱਚ ਲਾਗੋਸ (ਨਾਈਜੀਰੀਆ) ਤੋਂ ਭੇਜੇ ਜਾ ਰਹੇ ਹਨ, ਤਾਂ ਉਨ੍ਹਾਂ ਨੇ ਇਸ 'ਤੇ ਜ਼ਿਆਦਾ ਕੁਝ ਨਹੀਂ ਕਿਹਾ। ਕੁਝ ਦਿਨਾਂ ਬਾਅਦ ਉਨ੍ਹਾਂ ਦੇ ਮਾਂ ਨੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਈਮੇਲਾਂ ਡਿਲੀਟ ਕਰ ਦਿੱਤੀਆਂ, ਪਰ ਉਹ ਬੇਹੱਦ ਦੁਖੀ ਸਨ।
ਆਪਣੀ ਮਾਂ ਨੂੰ ਇਕੱਲੇਪਣ ਨਾਲ ਜੂਝਦੇ ਦੇਖ ਕਾਰਲੋਸ ਦੇ ਅੰਦਰ ਜਿਵੇਂ ਕੁਝ ਬਦਲ ਗਿਆ। ਉਨ੍ਹਾਂ ਨੇ ਨਾਈਜੀਰੀਆ ਜਾ ਕੇ ਉਸ ਰਹੱਸਮਈ ਠੱਗ ਨੂੰ ਲੱਭਣ ਦਾ ਫ਼ੈਸਲਾ ਕਰ ਲਿਆ।
ਬਿਗੀ, ਇਕੋਟੁਨ ਅਤੇ ਉਸ ਦੇ 'ਯਾਹੂ ਬੁਆਏਜ਼'

ਤਸਵੀਰ ਸਰੋਤ, Carlos Barragán
ਇੱਕ ਸਥਾਨਕ ਵਿਚੋਲੇ ਰਾਹੀਂ, ਕਾਰਲੋਸ ਨੇ ਬਿਗੀ ਨਾਂ ਦੇ ਇੱਕ ਠੱਗ ਦੀ ਮਦਦ ਲਈ, ਜੋ ਉਨ੍ਹਾਂ ਨੂੰ ਆਪਣੇ ਦੋਸਤਾਂ ਨਾਲ ਮਿਲਵਾਉਣ ਅਤੇ ਇਕੋਟੁਨ ਘੁੰਮਾਉਣ ਲਈ ਸਹਿਮਤ ਹੋ ਗਏ।
ਇਕੋਟੁਨ ਲਾਗੋਸ ਦਾ ਇੱਕ ਭੀੜ-ਭੜੱਕੇ ਵਾਲਾ ਉਪ-ਨਗਰ ਹੈ, ਜਿੱਥੇ "ਹਰ ਕੋਈ ਮਿਹਨਤ ਕਰ ਰਿਹਾ ਹੈ, ਹਰ ਕੋਈ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।"
ਬਿਗੀ ਦੀ ਉਮਰ ਕਰੀਬ 25-30 ਸਾਲ ਦੇ ਵਿਚਕਾਰ ਸੀ, ਮਤਲਬ ਉਹ ਲਗਭਗ ਕਾਰਲੋਸ ਦੀ ਹੀ ਉਮਰ ਦੇ ਹੀ ਸਨ। ਉਹ ਬੁੱਧੀਮਾਨ ਅਤੇ "ਬੇਹੱਦ ਮਜ਼ਾਕੀਆ" ਸਨ।
ਦੋਵੇਂ ਲਗਭਗ ਦਿਨ ਦਾ ਜ਼ਿਆਦਾਤਰ ਸਮਾਂ ਇਕੱਠੇ ਬਿਤਾਉਣ ਲੱਗੇ ਅਤੇ ਕਾਰਲੋਸ ਨੂੰ ਹੈਰਾਨੀ ਹੋਈ ਕਿ ਉਨ੍ਹਾਂ ਨੂੰ ਬਿਗੀ ਪਸੰਦ ਆਉਣ ਲੱਗਾ।
ਉਹ ਕਹਿੰਦੇ ਹਨ, ''ਮੈਂ ਸੋਚਦਾ ਰਿਹਾ... ਉਸ ਵਰਗਾ ਵਿਅਕਤੀ ਠੱਗ ਕਿਵੇਂ ਬਣ ਜਾਂਦਾ ਹੈ, ਜੋ ਆਪਣੀਆਂ ਰਾਤਾਂ ਇੰਟਰਨੈੱਟ 'ਤੇ ਇਕੱਲੇ ਲੋਕਾਂ ਨਾਲ ਗੱਲਾਂ ਕਰਨ ਵਿੱਚ ਬਿਤਾਉਂਦਾ ਹੈ?''
ਸਥਾਨਕ ਲੋਕਾਂ ਨਾਲ ਗੱਲ ਕਰਦਿਆਂ ਕਾਰਲੋਸ ਨੂੰ ਅਹਿਸਾਸ ਹੋਇਆ ਕਿ ਠੱਗਾਂ ਦਾ ਇੱਕ ਵਿਸ਼ਾਲ ਨੈੱਟਵਰਕ ਮੌਜੂਦ ਹੈ, ਜਿਸ ਵਿੱਚ ਸੈਂਕੜੇ ਨੌਜਵਾਨ ਪੁਰਸ਼ ਸ਼ਾਮਲ ਹਨ, ਜਿਨ੍ਹਾਂ ਨੂੰ 'ਯਾਹੂ ਬੁਆਏਜ਼' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਨਾਂ ਉਸ ਈਮੇਲ ਸੇਵਾ ਦੇ ਨਾਂ 'ਤੇ ਰੱਖਿਆ ਗਿਆ ਹੈ, ਜਿਸ ਦੀ ਵਰਤੋਂ ਉਹ ਇਸ ਧੰਦੇ ਦੇ ਸ਼ੁਰੂਆਤੀ ਦਿਨਾਂ ਵਿੱਚ ਕਰਦੇ ਸਨ।
ਹੌਲੀ-ਹੌਲੀ ਉਨ੍ਹਾਂ ਨੂੰ ਇਹ ਅਹਿਸਾਸ ਹੋਣ ਲੱਗਾ ਕਿ ਸਿਰਫ਼ ਇੱਕ ਉਪਨਾਮ ਅਤੇ ਇੱਕ ਜਾਅਲੀ ਈਮੇਲ ਪਤੇ ਦੇ ਸਹਾਰੇ, 24 ਕਰੋੜ ਤੋਂ ਵੱਧ ਲੋਕਾਂ ਦੇ ਦੇਸ਼ ਵਿੱਚ ਆਪਣੀ ਮਾਂ ਨਾਲ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਲੱਭਣਾ ਉਨ੍ਹਾਂ ਲਈ ਲਗਭਗ ਅਸੰਭਵ ਸੀ।
ਇਸ ਦੀ ਬਜਾਏ, ਉਨ੍ਹਾਂ ਨੇ ਖ਼ੁਦ ਨੂੰ 'ਯਾਹੂ ਬੁਆਏਜ਼' ਦੀ ਦੁਨੀਆ ਬਾਰੇ ਸਿੱਖਦੇ ਹੋਏ ਪਾਇਆ।
ਇੱਕ ਗੋਰੇ ਯੂਰਪੀ ਹੋਣ ਦੇ ਨਾਤੇ ਕਾਰਲੋਸ ਜਿੱਥੇ ਵੀ ਜਾਂਦੇ, ਸਭ ਤੋਂ ਵੱਖਰੇ ਨਜ਼ਰ ਆਉਂਦੇ ਸਨ।
ਉਹ ਕਹਿੰਦੇ ਹਨ ਕਿ ਲੋਕ ਜਾਂ ਤਾਂ ਉਨ੍ਹਾਂ ਨੂੰ ਐੱਫਬੀਆਈ ਏਜੰਟ ਸਮਝਦੇ ਸਨ ਜਾਂ ਫਿਰ ਕੋਈ ਚੀਨੀ ਵਪਾਰੀ। ਉਹ ਉਨ੍ਹਾਂ ਨੂੰ 'ਮਾਗਾ' ਕਹਿ ਕੇ ਬੁਲਾਉਂਦੇ ਸਨ - ਇਹ ਇੱਕ ਅਜਿਹੇ ਭੋਲੇ-ਭਾਲੇ ਵਿਅਕਤੀ ਲਈ ਵਰਤਿਆ ਜਾਣ ਵਾਲਾ ਬੋਲਚਾਲ ਦੀ ਭਾਸ਼ਾ ਦਾ ਸ਼ਬਦ ਹੈ, ਜਿਸ ਨੂੰ ਆਸਾਨੀ ਨਾਲ ਠੱਗਿਆ ਜਾ ਸਕਦਾ ਹੈ।
ਪਰ ਬਿਗੀ ਨਾਲ ਜਾਣ-ਪਛਾਣ ਹੋਣ ਕਾਰਨ ਉਹ 50 'ਯਾਹੂ ਬੁਆਏਜ਼' ਨਾਲ ਗੱਲ ਕਰ ਸਕੇ।
ਇਨ੍ਹਾਂ ਵਿੱਚੋਂ ਇੱਕ ਵਿਅਕਤੀ, ਖ਼ੁਦ ਨੂੰ ਅਮਰੀਕੀ ਪੇਸ਼ੇਵਰ ਪਹਿਲਵਾਨ ਕੋਡੀ ਰੋਡਸ ਦੱਸ ਕੇ ਇੱਕ ਮਹਿਲਾ ਨੂੰ 25 ਹਵਾਈ ਟਿਕਟਾਂ ਲਈ ਪੈਸੇ ਭੇਜਣ ਲਈ ਰਾਜ਼ੀ ਕਰ ਚੁੱਕਾ ਸੀ, ਜਦਕਿ ਉਨ੍ਹਾਂ ਟਿਕਟਾਂ ਦੀ ਕਦੇ ਵਰਤੋਂ ਹੋਣੀ ਹੀ ਨਹੀਂ ਸੀ। ਮਹਿਲਾ ਨੇ ਪਹਿਲੀ ਰਕਮ 300 ਯੂਰੋ ਭੇਜੀ ਸੀ, ਜੋ ਉਸ ਨੌਜਵਾਨ ਲਈ ਬਹੁਤ ਵੱਡੀ ਰਕਮ ਸੀ। ਉਸ ਨੇ ਫੈਕਟਰੀ ਵਿੱਚ 18 ਮਹੀਨਿਆਂ ਤੋਂ ਵੱਧ ਕੰਮ ਕਰਨ ਦੇ ਬਾਵਜੂਦ ਇੰਨੀ ਕਮਾਈ ਨਹੀਂ ਕੀਤੀ ਸੀ।
ਪਰ ਇਸ ਤਰ੍ਹਾਂ ਦੀ ਸਫ਼ਲਤਾ ਆਸਾਨੀ ਨਾਲ ਨਹੀਂ ਮਿਲਦੀ ਸੀ।
ਕਾਰਲੋਸ ਕਹਿੰਦੇ ਹਨ, "ਉਹ ਇਸ ਨੂੰ 'ਬੌਮਬਿੰਗ' ਕਹਿੰਦੇ ਹਨ। ਇਸ ਦਾ ਮਤਲਬ ਹੈ ਕਿ ਤੁਸੀਂ ਸੈਂਕੜੇ, ਬਲਕਿ ਹਜ਼ਾਰਾਂ ਲੋਕਾਂ 'ਤੇ ਕੋਸ਼ਿਸ਼ ਕਰਦੇ ਰਹਿੰਦੇ ਹੋ।"
ਕਾਰਲੋਸ ਦੀ ਦੋਸਤੀ ਇੱਕ ਹੋਰ ਯਾਹੂ ਬੁਆਏਜ਼ ਦੇ ਅਜ਼ੀਜ਼ ਨਾਲ ਵੀ ਹੋ ਗਈ, ਜਿਸ ਨੇ 14 ਸਾਲ ਦੀ ਉਮਰ ਵਿੱਚ ਧੋਖਾਧੜੀ ਸ਼ੁਰੂ ਕਰ ਦਿੱਤੀ ਸੀ। ਉਹ ਆਪਣੇ ਪਿੰਡ ਤੋਂ ਲਾਗੋਸ ਆ ਗਿਆ ਸੀ ਅਤੇ ਆਪਣੀ ਮਾਂ ਅਤੇ ਛੋਟੀ ਭੈਣ ਨਾਲ ਇੱਕ ਤੰਗ ਅਪਾਰਟਮੈਂਟ ਵਿੱਚ ਰਹਿੰਦਾ ਸੀ।

ਤਸਵੀਰ ਸਰੋਤ, Carlos Barragán
ਅਜ਼ੀਜ਼ ਅਮਰੀਕੀ ਪੁਰਸ਼ਾਂ ਨਾਲ ਗੱਲਬਾਤ ਕਰਦੇ ਸਮੇਂ ਖ਼ੁਦ ਨੂੰ "ਵੈਨੈਸਾ" ਨਾਂ ਦੀ ਮਹਿਲਾ ਦੱਸਦਾ ਸੀ ਅਤੇ ਇਸਦੇ ਲਈ ਇੱਕ ਖੂਬਸੂਰਤ ਗੋਰੀ ਮਹਿਲਾ ਦੀ ਚੋਰੀ ਕੀਤੀ ਹੋਈ ਤਸਵੀਰ ਦੀ ਵਰਤੋਂ ਕਰਦਾ ਸੀ।
ਪਹਿਲਾਂ ਤਾਂ ਉਹ ਅਸਫ਼ਲ ਰਿਹਾ। ਉਸ ਦੀ ਅੰਗਰੇਜ਼ੀ ਕਮਜ਼ੋਰ ਸੀ ਅਤੇ ਨਾ ਹੀ ਉਸ ਦੀ ਕਦੇ ਕੋਈ ਗਰਲਫ੍ਰੈਂਡ ਰਹੀ ਸੀ ਅਤੇ ਨਾ ਹੀ ਕਦੇ ਉਹ ਅਮਰੀਕਾ ਗਿਆ ਸੀ।
ਕਾਰਲੋਸ ਦੱਸਦੇ ਹਨ, "ਅਸੀਂ ਉਨ੍ਹਾਂ ਛੋਟੇ ਮੁੰਡਿਆਂ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੂੰ ਪੱਛਮੀ ਦੁਨੀਆ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।"
ਆਖ਼ਿਰਕਾਰ ਅਜ਼ੀਜ਼ ਨੂੰ ਪਹਿਲੀ ਵੱਡੀ ਸਫ਼ਲਤਾ ਮਿਲੀ ਅਤੇ ਉਸ ਨੂੰ ਪੰਜ ਡਾਲਰ ਮਿਲੇ। ਉਸ ਨੇ ਉਨ੍ਹਾਂ ਪੈਸਿਆਂ ਨਾਲ ਇੱਕ ਰੈਸਟੋਰੈਂਟ 'ਚ ਜਾਕੇ ਚਿਕਨ ਖਾਧਾ। ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ, ਜਦੋਂ ਉਹ ਕਿਸੇ ਏਅਰ-ਕੰਡੀਸ਼ਨਡ ਇਮਾਰਤ ਦੇ ਅੰਦਰ ਗਿਆ ਸੀ।
ਪਰ ਅਜ਼ੀਜ਼ ਦੀ ਮਾਂ ਅਤੇ ਦਾਦੀ, ਦੋਵੇਂ ਅਨਪੜ੍ਹ ਅਤੇ ਸੜਕ ਕਿਨਾਰੇ ਖਾਣਾ ਵੇਚਣ ਵਾਲੀਆਂ ਮਹਿਲਾਵਾਂ ਸਨ, ਅਤੇ ਉਹ ਜਾਣਦੀਆਂ ਸਨ ਕਿ ਉਹ ਜੋ ਕਰ ਰਿਹਾ ਸੀ, ਉਹ ਗਲਤ ਹੈ। ਉਸ ਦੀ ਦਾਦੀ ਨੇ ਉਸ ਨੂੰ ਆਖ਼ਰੀ ਚੇਤਾਵਨੀ ਦਿੱਤੀ ਕਿ ਜਾਨ ਤਾਂ ਧੋਖਾਧੜੀ ਬੰਦ ਕਰ ਦੇਵੇ ਜਾਂ ਘਰੋਂ ਕੱਢ ਦਿੱਤਾ ਜਾਵੇਗਾ।
ਉਦੋਂ ਤੋਂ ਉਸ ਨੇ ਧੋਖਾਧੜੀ ਨਹੀਂ ਕੀਤੀ।
ਕਾਰਲੋਸ ਦਾ ਕਹਿਣਾ ਹੈ ਕਿ ਜਦੋਂ ਉਹ ਨਾਈਜੀਰੀਆ ਪਹੁੰਚੇ ਸਨ, ਤਾਂ ਉਨ੍ਹਾਂ ਨੂੰ ਇਹ ਵਿਸ਼ਵਾਸ ਸੀ ਕਿ ਠੱਗ ਕਿਸੇ ਸ਼ਾਤਿਰ ਅਪਰਾਧਿਕ ਗਿਰੋਹ ਦਾ ਹਿੱਸਾ ਹਨ। ਪਰ ਅਜ਼ੀਜ਼ ਨਾਲ ਉਨ੍ਹਾਂ ਦੇ ਰਿਸ਼ਤੇ ਨੇ ਉਨ੍ਹਾਂ ਨੂੰ ਆਪਣੀ ਇਸ ਧਾਰਨਾ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ।
ਉਹ ਕਹਿੰਦੇ ਹਨ, "ਇਹ ਮੰਨਣਾ ਸੌਖਾ ਹੈ ਕਿ ਪੱਛਮੀ ਅਫ਼ਰੀਕਾ ਵਿੱਚ ਇੱਕ ਤਾਕਤਵਰ ਅਪਰਾਧਿਕ ਨੈੱਟਵਰਕ ਸਾਨੂੰ ਨੁਕਸਾਨ ਪਹੁੰਚਾ ਰਿਹਾ ਹੈ, ਬਜਾਏ ਇਸ ਦੇ ਕਿ ਇਹ ਸਿਰਫ਼ ਇੱਕ ਵਿਅਕਤੀ ਹੈ ਜੋ ਆਪਣੇ ਫ਼ੋਨ ਤੋਂ ਅਜਿਹਾ ਕਰ ਰਿਹਾ ਹੈ।"

ਤਸਵੀਰ ਸਰੋਤ, Carlos Barragán
ਉਨ੍ਹਾਂ ਨੇ ਇਹ ਵੀ ਦੇਖਿਆ ਕਿ ਕਿਵੇਂ ਕਈ ਨੌਜਵਾਨ ਠੱਗ ਖ਼ੁਦ ਹੀ ਸ਼ਿਕਾਰ ਬਣ ਜਾਂਦੇ ਹਨ ਅਤੇ ਆਪਣੀ ਕਮਾਈ ਦਾ ਪ੍ਰਦਰਸ਼ਨ ਕਰਕੇ ਵਧੇਰੇ ਤਾਕਤਵਰ ਅਪਰਾਧੀਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।
ਪਰ ਇੱਕ ਸਵਾਲ ਬਣਿਆ ਰਿਹਾ - ਅਜਿਹੇ ਨੌਜਵਾਨ, ਜਿਨ੍ਹਾਂ ਵਿੱਚੋਂ ਕੁਝ ਨੇ ਤਾਂ ਸਕੂਲ ਦੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ ਸੀ, ਉਹ ਕਾਰਲੋਸ ਦੀ ਮਾਂ ਵਰਗੇ ਬਾਲਗਾਂ ਨੂੰ ਉਨ੍ਹਾਂ 'ਤੇ ਭਰੋਸਾ ਕਰਨ ਲਈ ਕਿਵੇਂ ਮਨਾ ਰਹੇ ਸਨ?
ਠੱਗਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਕੁਝ ਅਜਿਹਾ ਦੇ ਰਹੇ ਹਨ, ਜਿਸ ਦੀ ਬਹੁਤ ਸਾਰੇ ਲੋਕਾਂ ਨੂੰ ਕਮੀ ਹੁੰਦੀ ਹੈ - ਲਗਾਅ। ਉਹ ਮੈਨੂੰ ਕਹਿੰਦੇ ਸਨ, "ਤੁਹਾਨੂੰ ਸਿਰਫ਼ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਉਣਾ ਹੈ ਕਿ ਤੁਹਾਡਾ ਧਿਆਨ ਉਨ੍ਹਾਂ 'ਤੇ ਹੈ - ਜਿਵੇਂ ਗੁੱਡ ਮੌਰਨਿੰਗ, ਕਿਵੇਂ ਹੋ ਡੀਅਰ? ਲੰਚ ਵਿੱਚ ਕੀ ਖਾਧਾ।"
ਕਾਰਲੋਸ ਦਾ ਕਹਿਣਾ ਹੈ ਕਿ ਇਕੱਲੇਪਣ ਤੋਂ ਪੈਦਾ ਹੋਈ ਸਾਥ ਦੀ ਇਹੀ ਲੋੜ ਧੋਖਾਧੜੀ ਦੇ ਸ਼ਿਕਾਰ ਲੋਕਾਂ ਨਾਲ ਗੱਲਬਾਤ ਵਿੱਚ ਨਜ਼ਰ ਆਉਂਦੀ ਹੈ।
ਇੱਕ ਵਿਅਕਤੀ ਨੇ ਕਾਰਲੋਸ ਨੂੰ ਕਿਹਾ, "ਇਹ ਦੁਨੀਆ ਦਾ ਸਭ ਤੋਂ ਦੁਖਦਾਈ ਅਪਰਾਧ ਹੈ, ਕਿਉਂਕਿ ਉਹ ਸਿਰਫ਼ ਤੁਹਾਡਾ ਪੈਸਾ ਹੀ ਨਹੀਂ ਲੈਂਦੇ। ਉਹ ਤੁਹਾਨੂੰ ਭਾਵਨਾਤਮਕ ਤੌਰ 'ਤੇ ਵੀ ਤੋੜ ਦਿੰਦੇ ਹਨ।''
''ਜਦੋਂ ਉਹ ਵਿਅਕਤੀ ਅਚਾਨਕ ਗਾਇਬ ਹੋ ਜਾਂਦਾ ਹੈ ਤਾਂ ਤੁਹਾਡੇ ਅੰਦਰ ਇੱਕ ਖ਼ਾਲੀਪਣ ਜਿਹਾ ਆ ਜਾਂਦਾ ਹੈ। ਅਤੇ ਫਿਰ ਸਮਾਜ ਵੀ ਤੁਹਾਨੂੰ ਮੂਰਖ ਕਹਿੰਦਾ ਹੈ ਕਿ ਇਹ ਤੁਹਾਡੀ ਹੀ ਗਲਤੀ ਹੈ।"
ਕਾਰਲੋਸ ਨੇ ਆਪਣੇ ਤਜਰਬਿਆਂ ਬਾਰੇ 'ਦਿ ਯਾਹੂ ਬੁਆਏਜ਼' ਨਾਮਕ ਇੱਕ ਕਿਤਾਬ ਲਿਖੀ ਹੈ।
ਇਹ ਲੇਖ ਬੀਬੀਸੀ ਵਰਲਡ ਸਰਵਿਸ 'ਤੇ ਪ੍ਰਸਾਰਿਤ ਹੋਣ ਵਾਲੇ ਆਊਟਲੁੱਕ ਪ੍ਰੋਗਰਾਮ ਦੇ ਇੱਕ ਐਪੀਸੋਡ 'ਤੇ ਆਧਾਰਿਤ ਹੈ - ਇਹ ਟੈਕਸਟ ਬੇੱਕਾ ਜੌਨਸ ਅਤੇ ਗਲੋਬਲ ਜਰਨਲਿਜ਼ਮ ਵੱਲੋਂ ਲਿਖਿਆ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


























