You’re viewing a text-only version of this website that uses less data. View the main version of the website including all images and videos.
ਅਮਰੀਕਾ ਦੀ ਇੱਕ ਵੱਡੀ ਮਸਜਿਦ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ, ਹੁਣ ਤੱਕ ਕੀ-ਕੀ ਪਤਾ ਹੈ
ਅਮਰੀਕਾ ਦੇ ਸੈਨ ਡਿਏਗੋ ਦੀ ਇੱਕ ਮਸਜਿਦ ਵਿੱਚ ਸੋਮਵਾਰ ਨੂੰ ਹੋਈ ਫਾਇਰਿੰਗ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਪੁਲਿਸ ਨੇ ਦੱਸਿਆ ਕਿ ਮਸਜਿਦ ਦੇ ਬਾਹਰ ਹੀ ਅੱਲ੍ਹੜ ਉਮਰ ਦੇ ਦੋ ਮੁੰਡੇ ਵੀ ਇੱਕ ਕਾਰ ਵਿੱਚ ਮ੍ਰਿਤ ਅਵਸਥਾ ਵਿੱਚ ਮਿਲੇ।
ਕੋਲੀਫੋਰਨੀਆ ਦੇ ਕਲੇਅਰਮੌਂਟ ਇਲਾਕੇ ਵਿੱਚ ਬਣਿਆ ਇਹ ਇਸਲਾਮਿਕ ਸੈਂਟਰ, ਸੈਂਟ ਡਿਏਗੋ ਦੀ ਸਭ ਤੋਂ ਵੱਡੀ ਮਸਜਿਦ ਹੈ।
ਇਸ ਮਾਮਲੇ ਦੀ ਜਾਂਚ ਹੇਟ ਕਰਾਈਮ ਦੇ ਐਂਗਲ ਤੋਂ ਵੀ ਕੀਤੀ ਜਾ ਰਹੀ ਹੈ। ਪੁਲਿਸ ਮੁਖੀ ਸਕੌਟ ਵਾਲ ਨੇ ਕਿਹਾ ਕਿ ਸੈਨ ਡਿਏਗੋ ਸੈਂਟਰ ਵਿੱਚ ਹੋਈ ਗੋਲੀਬਾਰੀ ਨੂੰ ਨਫ਼ਰਤ ਨਾਲ ਜੁੜਿਆ ਅਪਰਾਧ ਮੰਨਿਆ ਜਾ ਰਿਹਾ ਹੈ ਅਤੇ ਇਸ ਵਿੱਚ "ਨਫਰਤ ਭਰੀਆਂ ਗੱਲਾਂ ਸਾਫ਼ ਤੌਰ 'ਤੇ ਸ਼ਾਮਲ ਸਨ।"
ਉਨ੍ਹਾਂ ਨੇ ਦੱਸਿਆ ਕਿ ਦੋ ਸ਼ੱਕੀ ਜਿਨ੍ਹਾਂ ਦੀ ਉਮਰ 17 ਅਤੇ 19 ਸਾਲ ਦੱਸੀ ਜਾ ਰਹੀ ਹੈ, ਉਹ ਨੇੜੇ ਹੀ ਇੱਕ ਗੱਡੀ ਵਿੱਚ ਮ੍ਰਿਤ ਮਿਲੇ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਮਸਜਿਦ ਵਿੱਚ ਫਾਇਰਿੰਗ ਕਰਨ ਬਾਅਦ ਆਪਣੇ ਆਪ ਨੂੰ ਗੋਲੀ ਮਾਰੀ।
ਇੱਕ ਪ੍ਰਤੱਖਦਰਸ਼ੀ ਨੇ ਬੀਬੀਸੀ ਦੇ ਅਮਰੀਕੀ ਪਾਰਟਨਰ ਸੀਬੀਐਸ ਨਿਊਜ਼ ਨੂੰ ਦੱਸਿਆ, "ਮੈਂ ਕਰੀਬ ਤੀਹ ਗੋਲੀਆਂ ਚੱਲਣ ਦੀ ਅਵਾਜ਼ ਸੁਣੀ। ਗੋਲੀਆਂ ਦੀ ਅਵਾਜ਼ ਤੋਂ ਲੱਗਿਆ ਜਿਵੇਂ ਸੈਮੀ-ਆਟੋਮੈਟਿਕ ਹਥਿਆਰ ਨਾਲ ਫਾਇਰਿੰਗ ਹੋਈ ਹੈ। ਗਣੀਮਤ ਰਹੀ ਕਿ ਘਟਨਾ ਸ਼ੁੱਕਰਵਾਰ ਨੂੰ ਨਹੀਂ ਵਾਪਰੀ, ਕਿਉਂਕਿ ਉਸ ਦਿਨ ਗਲੀਆਂ ਲੋਕਾਂ ਨਾਲ ਭਰੀਆਂ ਹੁੰਦੀਆਂ"
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੈਨ ਡਿਏਗੋ ਇਸਲਾਮਿਕ ਸੈਂਟਰ ਵਿੱਚ ਹੋਈ ਗੋਲੀਬਾਰੀ ਨੂੰ 'ਬਹੁਤ ਹੀ ਭਿਆਨਕ' ਦੱਸਿਆ। ਉਨ੍ਹਾਂ ਨੇ ਕਿਹਾ, " ਮੈਨੂੰ ਸ਼ੁਰੂਆਤੀ ਜਾਣਕਾਰੀ ਦਿੱਤੀ ਗਈ ਹੈ ਪਰ ਅਸੀਂ ਇਸ ਨੂੰ ਗੰਭੀਰਤਾ ਨਾਲ ਦੇਖ ਰਹੇ ਹਾਂ।"
ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਇੱਕ ਸਕਿਉਰਟੀ ਗਾਰਡ ਵੀ ਸ਼ਾਮਲ ਸੀ ਜੋ ਸੈਂਟਰ ਵਿੱਚ ਕੰਮ ਕਰਦਾ ਸੀ ਅਤੇ ਜਿਸ ਨੇ ਇਸ ਹਮਲੇ ਨੂੰ ਹੋਰ ਬਦਤਰ ਹੋਣੋਂ ਰੋਕਣ ਵਿੱਚ ਭੂਮਿਕਾ ਅਦਾ ਕੀਤੀ।
ਸੈਨ ਡਿਏਗੋ ਪੁਲਿਸ ਮੁਖੀ ਸਕੌਟ ਵਾਲ ਨੇ ਕਿਹਾ, "ਇਹ ਕਹਿਣਾ ਸਹੀ ਹੋਏਗਾ ਕਿ ਉਸ ਦੇ ਐਕਸ਼ਨ ਨਾਇਕਾਂ ਵਾਲੇ ਸਨ। ਬੇਸ਼ੱਕ ਉਸ ਨੇ ਅੱਜ ਜਾਨਾਂ ਬਚਾਈਆਂ।"
ਮ੍ਰਿਤ ਮਿਲੇ ਸ਼ੱਕੀ ਦੀ ਮਾਂ ਨੇ ਹਮਲੇ ਤੋਂ ਪਹਿਲਾਂ ਪੁਲਿਸ ਨੂੰ ਕੀ ਰਿਪੋਰਟ ਕੀਤਾ ਸੀ?
ਹਮਲੇ ਤੋਂ ਦੋ ਘੰਟੇ ਪਹਿਲਾਂ ਸ਼ੱਕੀ ਦੀ ਮਾਂ ਨੇ ਪੁਲਿਸ ਨੂੰ ਰਿਪੋਰਟ ਕੀਤਾ ਸੀ ਕਿ ਉਸ ਦਾ ਬੇਟਾ ਉਸ ਦੀ ਕਾਰ ਅਤੇ ਕਈ ਬੰਦੂਕਾਂ ਲੈ ਕੇ ਘਰੋਂ ਚਲਾ ਗਿਆ ਹੈ।
ਮਹਿਲਾ ਨੇ ਦੱਸਿਆ ਸੀ ਕਿ ਉਹ ਆਪਣੇ ਇੱਕ ਸਾਥੀ ਨਾਲ ਗਿਆ ਹੈ ਅਤੇ ਦੋਹਾਂ ਨੇ ਕੋਮੋਫਲੌਜ ਪਹਿਨੇ ਹਨ।
ਪੁਲਿਸ ਮੁਖੀ ਵਾਲ ਨੇ ਕਿਹਾ ਕਿ ਪੁਲਿਸ ਨੂੰ ਸ਼ੱਕੀ ਦਾ ਵਤੀਰਾ ਅਜਿਹੇ ਵਿਅਕਤੀ ਜਿਹਾ ਨਹੀਂ ਲੱਗਿਆ ਜਿਸ ਨੂੰ ਆਤਘਾਤੀ ਮੰਨਿਆ ਜਾਂਦਾ ਹੈ।
ਉਨ੍ਹਾਂ ਕਿਹਾ, "ਨੌਜਵਾਨ ਵੱਲੋਂ ਛੱਡੇ ਗਏ ਨੋਟ ਵਿੱਚ ਆਮ ਨਫ਼ਰਤ ਭਰਿਆ ਭਾਸ਼ਣ ਅਤੇ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਵੀ ਸ਼ਾਮਲ ਸਨ।"
ਸਕੌਟ ਨੇ ਕਿਹਾ ਕਿ ਅੱਗੇ ਨੋਟ ਵਿੱਚ ਮਸਜਿਦ ਜਾਂ ਕਿਸੇ ਹੋਰ ਥਾਂ ਜਾਂ ਵਿਅਕਤੀ ਲਈ ਕੋਈ ਖਾਸ ਧਮਕੀ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ ਕਿ ਹਮਲੇ ਦਾ ਮਕਸਦ ਫ਼ਿਲਹਾਲ ਪਤਾ ਨਹੀਂ ਹੈ ਪਰ ਮਸਜਿਦ ਦੇ ਕਾਰਨ ਇਸ ਨੂੰ ਨਫ਼ਰਤ ਭਰਿਆ ਅਪਰਾਧ ਯਾਨੀ ਹੇਟ ਕਰਾਈਮ ਵਜੋਂ ਦੇਖਿਆ ਜਾ ਰਿਹਾ ਹੈ, ਜੋ ਕਿ ਸੈਨ ਡਿਏਗੋ ਵਿੱਚ ਸਭ ਤੋਂ ਵੱਡੀ ਹੈ।
ਜਿਸ ਵੇਲੇ ਗੋਲੀਆਂ ਚੱਲੀਆਂ, ਪੁਲਿਸ ਅਫਸਰ ਉਸ ਨੌਜਵਾਨ ਦੀ ਮਾਂ ਨਾਲ ਗੱਲ ਕਰ ਰਹੇ ਸਨ ਅਤੇ ਮਸਜਿਦ ਤੋਂ ਥੋੜ੍ਹੀ ਦੂਰ ਹੀ ਸਨ।
ਉਹ ਇਮਾਰਤ ਦੇ ਬਾਹਰ ਪੀੜਤਾਂ ਨੂੰ ਦੇਖਣ ਬਾਅਦ ਤੁਰੰਤ ਅੰਦਰ ਵੱਲ ਦੌੜੇ ਅਤੇ ਸਰਗਰਮ ਸ਼ੂਟਰ ਪ੍ਰੋਟੋਕੋਲ ਮੁਤਾਬਕ ਕੰਮ ਕੀਤਾ।
ਜਦੋਂ ਉਹ ਕਮਰਿਆਂ ਦੀ ਤਲਾਸ਼ੀ ਲੈ ਕੇ ਉਨ੍ਹਾਂ ਨੁੰ ਸੁਰੱਖਿਅਤ ਕਰ ਰਹੇ ਸਨ, ਤਾਂ ਨੇੜੇ ਹੀ ਇੱਕ ਹੋਰ ਫਾਇਰਿੰਗ ਹੋਣ ਦੀਆਂ ਰਿਪੋਰਟਾਂ ਆਈਆਂ।
ਸ਼ੱਕੀਆਂ ਨੇ ਕਥਿਤ ਤੌਰ 'ਤੇ ਇੱਕ ਮਾਲੀ 'ਤੇ ਗੋਲੀਆਂ ਚਲਾਈਆਂ, ਜੋ ਕਿ ਵਾਲ-ਵਾਲ ਬਚ ਗਿਆ।
ਜਦੋਂ ਪੁਲਿਸ ਮਸਜਿਦ ਤੋਂ ਕੁਝ ਬਲੌਕ ਦੂਰ ਦੂਜੇ ਘਟਨਾ ਥਾਂ 'ਤੇ ਪਹੁੰਚੀ ਤਾਂ ਦੋਹਾਂ ਸ਼ੱਕੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ।
ਉਧਰ ਸੈਨ ਡਿਏਗੋ ਦੇ ਇਸਲਾਮਿਕ ਸੈਂਟਰ ਦੇ ਡਾਇਰੈਕਟਰ ਇਮਾਮ ਤਾਹਾ ਹਸਨ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ, "ਪੂਜਾ ਦੀ ਥਾਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਹੀ ਘਿਨਾਉਣਾ ਹੈ।"
ਉਨ੍ਹਾਂ ਇਹ ਵੀ ਕਿਹਾ ਕਿ ਇਹ ਸੰਸਥਾ ਇੱਕ ਪੂਜਾ ਸਥਾਨ ਹੈ, ਕੋਈ ਜੰਗ ਦਾ ਮੈਦਾਨ ਨਹੀਂ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ