You’re viewing a text-only version of this website that uses less data. View the main version of the website including all images and videos.
ਮਸ਼ਹੂਰ ਕਾਰੋਬਾਰੀ ਦੀ ਰਹੱਸਮਈ ਮੌਤ ਮਾਮਲੇ 'ਚ ਪੁੱਤਰ ਗ੍ਰਿਫ਼ਤਾਰ, ਘਟਨਾ ਸਮੇਂ ਦੋਵੇਂ ਪਹਾੜ 'ਤੇ ਮੌਜੂਦ ਸਨ ਅਤੇ 'ਪਿਤਾ ਖੱਡ 'ਚ ਡਿੱਗ ਗਏ'
- ਲੇਖਕ, ਪੌਲਾ ਰੋਸਸ
- ਰੋਲ, ਬੀਬੀਸੀ ਨਿਊਜ਼ ਮੁੰਡੋ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਇਹ ਮਾਮਲਾ ਕਿਸੇ ਫ਼ਿਲਮੀ ਸਕ੍ਰਿਪਟ ਵਰਗਾ ਲੱਗਦਾ ਹੈ - ਇੱਕ ਅੰਤਰਰਾਸ਼ਟਰੀ ਫੈਸ਼ਨ ਐਮਪਾਇਰ, ਆਪਣੇ ਦਮ 'ਤੇ ਕਾਮਯਾਬ ਬਣਿਆ ਇੱਕ ਸੰਸਥਾਪਕ, ਉਸ ਦਾ ਪੁੱਤਰ ਨਾਲ ਉਲਝਣ ਭਰਿਆ ਰਿਸ਼ਤਾ, ਅਤੇ ਪਹਾੜਾਂ ਵਿੱਚ ਹੋਈ ਇੱਕ ਦੁਖਦਾਈ ਘਟਨਾ।
ਅੰਤਰਰਾਸ਼ਟਰੀ ਫੈਸ਼ਨ ਚੇਨ ਮੈਂਗੋ ਦੇ ਸੰਸਥਾਪਕ ਇਸਾਕ ਐਂਡਿਕ ਦੀ ਮੌਤ ਦਸੰਬਰ 2024 ਵਿੱਚ ਬਾਰਸਿਲੋਨਾ ਵਿੱਚ ਪਹਾੜ ਤੋਂ ਡਿੱਗਣ ਕਾਰਨ ਹੋਈ ਸੀ। ਇਹ ਮਾਮਲਾ ਸ਼ੁਰੂ ਤੋਂ ਹੀ ਰਹੱਸਮਈ ਬਣਿਆ ਰਿਹਾ।
ਹੁਣ, ਲੰਘੇ ਮੰਗਲਵਾਰ ਨੂੰ ਜਦੋਂ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਜੌਨਾਥਨ ਐਂਡਿਕ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਮਾਮਲੇ ਨੇ ਇੱਕ ਨਵਾਂ ਮੌੜ ਲੈ ਲਿਆ। ਜੌਨਾਥਨ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਹੀ ਆਪਣੇ ਪਿਤਾ ਦਾ ਕਤਲ ਕੀਤਾ ਹੈ।
ਇੱਕ ਸਾਲ ਤੋਂ ਵੱਧ ਚੱਲੀ ਜਾਂਚ ਤੋਂ ਬਾਅਦ, ਮੋਸੋਸ ਡੀ ਐਸਕੁਆਰਡਾ (ਕੈਟਲਨ ਪੁਲਿਸ) ਨੇ ਇਸਾਕ ਐਂਡਿਕ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ। ਜੌਨਾਥਨ ਇੱਕਲੇ ਵਿਅਕਤੀ ਸਨ, ਜੋ ਉਸ ਸਵੇਰ ਆਪਣੇ ਪਿਤਾ ਇਸਾਕ ਐਂਡਿਕ ਦੇ ਨਾਲ ਸਨ, ਜਦੋਂ ਉਹ ਮੋਂਟਸੇਰਾਟ ਪਹਾੜ ਤੋਂ 100 ਮੀਟਰ ਤੋਂ ਵੱਧ ਡੂੰਘੀ ਖੱਡ ਵਿੱਚ ਡਿੱਗ ਗਏ ਸਨ।
ਮਾਮਲੇ ਦੀ ਜਾਂਚ ਕਰ ਰਹੇ ਜੱਜ ਨੇ ਐਂਡਿਕ ਨੂੰ ਮੁਕੱਦਮੇ ਤੋਂ ਪਹਿਲਾਂ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ, ਜਿਸ ਤੋਂ 1.16 ਮਿਲੀਅਨ ਅਮਰੀਕੀ ਡਾਲਰ ਦੀ ਜ਼ਮਾਨਤ ਰਕਮ ਜਮ੍ਹਾ ਕਰਵਾ ਕੇ ਬਚਿਆ ਜਾ ਸਕਦਾ ਸੀ।
ਉਹ ਰਕਮ ਜਮ੍ਹਾ ਕਰਨ ਤੋਂ ਬਾਅਦ ਕਾਰੋਬਾਰੀ ਦੇ ਪੁੱਤਰ ਨੂੰ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਸਪੇਨ ਛੱਡਣ ਤੋਂ ਰੋਕ ਦਿੱਤਾ ਗਿਆ। ਨਾਲ ਹੀ ਉਨ੍ਹਾਂ ਨੂੰ ਹਰ ਹਫ਼ਤੇ ਅਦਾਲਤ ਵਿੱਚ ਪੇਸ਼ ਹੋਣ ਲਈ ਵੀ ਕਿਹਾ ਗਿਆ।
ਪਰਿਵਾਰ ਨੇ ਕਿਹਾ ਹੈ ਕਿ ਜੌਨਾਥਨ ਐਂਡਿਕ ਜਾਂਚ ਵਿੱਚ "ਪੂਰੀ ਤਰ੍ਹਾਂ ਸਹਿਯੋਗ ਕਰ ਰਹੇ ਹਨ ਅਤੇ ਅੱਗੇ ਵੀ ਕਰਨਗੇ" ਅਤੇ ਉਨ੍ਹਾਂ ਨੂੰ ਜੌਨਾਥਨ ਦੀ ਬੇਗੁਨਾਹੀ 'ਤੇ ਪੂਰਾ ਭਰੋਸਾ ਹੈ। ਮਾਮਲੇ ਦੀ ਕਾਰਵਾਈ ਅਜੇ ਵੀ ਗੁਪਤ ਰੱਖੀ ਗਈ ਹੈ।
ਪਿਤਾ-ਪੁੱਤਰ ਦੇ ਰਿਸ਼ਤਿਆਂ 'ਚ ਤਣਾਅ
1981 ਵਿੱਚ ਜਨਮੇ ਜੌਨਾਥਨ ਐਂਡਿਕ, ਆਪਣੇ ਕਾਰੋਬਾਰੀ ਪਿਤਾ ਦੇ ਤਿੰਨ ਬੱਚਿਆਂ ਵਿੱਚ ਸਭ ਤੋਂ ਵੱਡੇ ਹਨ। ਉਨ੍ਹਾਂ ਨੇ 2014 ਤੋਂ 2018 ਤੱਕ ਇਸ ਇੰਟਰਨੈਸ਼ਨਲ ਕੰਪਨੀ ਦੀ ਅਗਵਾਈ ਕੀਤੀ, ਜਦੋਂ ਤੱਕ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਹਟਾ ਕੇ ਖੁਦ ਕਮਾਨ ਨਹੀਂ ਸੰਭਾਲ ਲਈ। ਇਹ ਉਸ ਵੇਲੇ ਹੋਇਆ ਜਦੋਂ ਕੰਪਨੀ ਨੂੰ ਲੱਖਾਂ ਦਾ ਨੁਕਸਾਨ ਹੋਇਆ ਸੀ।
ਉਸ ਤੋਂ ਬਾਅਦ, ਉਨ੍ਹਾਂ ਨੇ ਕੰਪਨੀ ਦੇ ਉਪ ਪ੍ਰਧਾਨ ਵਜੋਂ ਕੰਮ ਕੀਤਾ ਅਤੇ ਕੰਪਨੀ ਦੀ ਪੁਰਸ਼ਾਂ ਦੀ ਫੈਸ਼ਨ ਲਾਈਨ, ਮੈਂਗੋ ਮੈਨ ਦੇ ਪ੍ਰਧਾਨ ਰਹੇ।
ਐਲ ਪਾਇਸ ਵਰਗੇ ਸਪੇਨ ਦੇ ਮੀਡੀਆ ਆਉਟਲੈਟਸ ਦੇ ਕਰੀਬੀ ਸਰੋਤਾਂ ਦੇ ਅਨੁਸਾਰ, ਕੰਪਨੀ ਦੇ ਸਿਖਰਲੇ ਪ੍ਰਬੰਧਨ ਤੋਂ ਸਭ ਤੋਂ ਵੱਡੇ ਪੁੱਤਰ ਨੂੰ ਹਟਾਏ ਜਾਣ ਕਾਰਨ, ਕਥਿਤ ਤੌਰ 'ਤੇ ਉਨ੍ਹਾਂ ਦੇ ਮਨ ਵਿੱਚ ਆਪਣੇ ਪਿਤਾ ਪ੍ਰਤੀ ਕੁਝ ਨਾਰਾਜ਼ਗੀ ਪੈਦਾ ਹੋ ਗਈ ਸੀ।
ਇਸਾਕ ਐਂਡਿਕ ਦੀ ਮੌਤ ਤੋਂ ਬਾਅਦ, ਪਿਤਾ ਅਤੇ ਪੁੱਤਰ ਦੇ ਵਿਚਕਾਰ ਕਥਿਤ ਖਰਾਬ ਰਿਸ਼ਤਿਆਂ ਨੂੰ ਲੈਕੇ ਮੀਡੀਆ ਵਿੱਚ ਕਾਫ਼ੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ, ਹਾਲਾਂਕਿ ਪਰਿਵਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਦੇ ਵਿਚਕਾਰ ਕੋਈ ਝਗੜਾ ਸੀ।
ਪਰ ਜੌਨਾਥਨ ਐਂਡਿਕ ਨੇ ਗਵਾਹ ਵਜੋਂ ਜੋ ਦੋ ਬਿਆਨ ਦਿੱਤੇ ਸਨ, ਉਨ੍ਹਾਂ ਵਿੱਚ ਕੁਝ ਵਿਰੋਧਾਭਾਸ ਸਨ। ਉਦਾਹਰਨ ਲਈ, ਜਦੋਂ ਉਨ੍ਹਾਂ ਦੇ ਪਿਤਾ ਦੀ ਡਿੱਗ ਕੇ ਮੌਤ ਹੋਈ ਸੀ, ਉਸ ਵੇਲੇ ਉਹ ਕਿੱਥੇ ਸਨ? ਉਨ੍ਹਾਂ ਨੇ ਆਪਣੀ ਗੱਡੀ ਕਿੱਥੇ ਪਾਰਕ ਕੀਤੀ ਸੀ? ਜਾਂ ਫਿਰ ਉਨ੍ਹਾਂ ਨੇ ਉਸ ਸੈਰ ਦੌਰਾਨ ਤਸਵੀਰਾਂ ਖਿੱਚੀਆਂ ਸਨ ਜਾਂ ਨਹੀਂ?
ਇਨ੍ਹਾਂ ਸਾਰੀਆਂ ਗੱਲਾਂ ਨੇ ਪੁਲਿਸ ਦੇ ਮਨ ਵਿੱਚ ਸ਼ੱਕ ਪੈਦਾ ਕਰ ਦਿੱਤਾ ਅਤੇ ਉਹ ਪਿਤਾ-ਪੁੱਤਰ ਦੇ ਰਿਸ਼ਤਿਆਂ ਦੀ ਹੋਰ ਵੀ ਡੂੰਘਾਈ ਨਾਲ ਜਾਂਚ ਕਰਨਾ ਚਾਹੁੰਦੇ ਸਨ।
ਇਹ ਸ਼ੱਕ ਉਸ ਵੇਲੇ ਹੋਰ ਵੀ ਵਧ ਗਏ, ਜਦੋਂ ਇਸਾਕ ਐਂਡਿਕ ਦੇ ਜੀਵਨ ਦੇ ਆਖ਼ਰੀ ਛੇ ਸਾਲਾਂ ਦੀ ਉਨ੍ਹਾਂ ਦੀ ਸਾਥੀ, ਗੋਲਫਰ ਐਸਟੇਫਾਨੀਆ ਨੂਥ ਨੇ ਅਦਾਲਤ ਵਿੱਚ ਗਵਾਹੀ ਦਿੱਤੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਪਿਤਾ ਅਤੇ ਪੁੱਤਰ ਦੇ ਵਿਚਕਾਰ "ਗੰਭੀਰ ਝਗੜੇ" ਹੁੰਦੇ ਸਨ, ਖ਼ਾਸ ਕਰਕੇ ਉਸ ਵੇਲੇ ਤੋਂ ਜਦੋਂ 'ਮੈਂਗੋ' ਦੇ ਸੰਸਥਾਪਕ ਨੇ ਆਪਣੇ ਪੁੱਤਰ ਨੂੰ ਕੰਪਨੀ ਦੇ ਮੈਨੇਜਮੈਂਟ ਤੋਂ ਹਟਾ ਦਿੱਤਾ ਸੀ।
ਇਨ੍ਹਾਂ ਬਿਆਨਾਂ ਅਤੇ ਐਂਡਿਕ ਦੀ ਵਿਰਾਸਤ ਨੂੰ ਲੈਕੇ ਹੋਏ ਮਤਭੇਦਾਂ ਨੇ, ਜਿਸ ਨੂੰ ਬਿਜ਼ਨਸ ਮੈਗਜ਼ੀਨ 'ਫੋਰਬਸ' ਨੇ ਸਪੇਨ ਦੀ ਪੰਜਵੀਂ ਸਭ ਤੋਂ ਵੱਡੀ ਦੌਲਤ ਮੰਨਿਆ ਹੈ, ਇਸ ਜੋੜੇ ਨੂੰ ਜੌਨਾਥਨ ਅਤੇ ਉਨ੍ਹਾਂ ਦੀਆਂ ਭੈਣਾਂ - ਜੂਡਿਥ ਅਤੇ ਸਾਰਾ - ਦੇ ਖ਼ਿਲਾਫ਼ ਖੜ੍ਹਾ ਕਰ ਦਿੱਤਾ।
4.5 ਅਰਬ ਅਮਰੀਕੀ ਡਾਲਰ ਦੀ ਦੌਲਤ
ਇਸਾਕ ਐਂਡਿਕ ਕੈਟਾਲੋਨੀਆ ਦੇ ਸਭ ਤੋਂ ਅਮੀਰ ਆਦਮੀ ਸਨ। ਲਗਭਗ 4.5 ਅਰਬ ਅਮਰੀਕੀ ਡਾਲਰ ਦੀ ਅਨੁਮਾਨਿਤ ਨੈੱਟ ਵਰਥ ਦੇ ਨਾਲ, 'ਮੈਂਗੋ' ਦੇ ਸੰਸਥਾਪਕ ਦੀ ਕਹਾਣੀ ਇੱਕ ਕਾਮਯਾਬ ਅਤੇ ਆਪਣੀ ਮਿਹਨਤ ਨਾਲ ਅੱਗੇ ਵਧਣ ਵਾਲੇ ਉੱਦਮੀ ਦੀ ਜਿਉਂਦੀ-ਜਾਗਦੀ ਮਿਸਾਲ ਸਨ।
1953 ਵਿੱਚ ਤੁਰਕੀ ਦੇ ਇਸਤਾਂਬੁਲ ਵਿੱਚ ਇੱਕ ਸੇਫਾਰਡਿਕ ਯਹੂਦੀ ਪਰਿਵਾਰ ਵਿੱਚ ਜਨਮੇ ਐਂਡਿਕ ਜਦੋਂ 14 ਸਾਲ ਦੇ ਸਨ, ਤਾਂ ਆਪਣੇ ਪਰਿਵਾਰ ਨਾਲ ਸਪੇਨ ਚਲੇ ਗਏ ਸਨ।
ਫੈਸ਼ਨ ਦੀ ਦੁਨੀਆ ਵਿੱਚ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਬਾਰਸਿਲੋਨਾ ਦੇ ਬਾਜ਼ਾਰਾਂ ਤੋਂ ਹੋਈ, ਜਿੱਥੇ ਉਹ ਤੁਰਕੀ ਤੋਂ ਲਿਆਂਦੀਆਂ ਕੜ੍ਹਾਈ ਵਾਲੀਆਂ ਕਮੀਜ਼ਾਂ ਵੇਚਦੇ ਸਨ। ਉਨ੍ਹਾਂ ਦੀ ਕਾਰੋਬਾਰੀ ਸਮਝ ਰੰਗ ਲੈ ਆਈ ਅਤੇ ਉੱਥੋਂ ਅੱਗੇ ਵਧਦੇ ਹੋਏ ਉਨ੍ਹਾਂ ਨੇ 1984 ਵਿੱਚ ਕੈਟਾਲੋਨੀਆ ਦੀ ਰਾਜਧਾਨੀ ਵਿੱਚ 'ਪਾਸੇਜ ਦ ਗ੍ਰਾਸੀਆ' 'ਤੇ ਆਪਣਾ ਪਹਿਲਾ 'ਮੈਂਗੋ' ਸਟੋਰ ਖੋਲ੍ਹਿਆ।
ਇਹ ਬ੍ਰਾਂਡ ਪੂਰੇ ਸਪੇਨ ਵਿੱਚ ਤੇਜ਼ੀ ਨਾਲ ਫੈਲਿਆ। ਸਿਰਫ਼ ਅੱਠ ਸਾਲਾਂ ਵਿੱਚ 100 ਸਟੋਰ ਖੁੱਲ੍ਹ ਗਏ ਅਤੇ ਫਿਰ ਇਸ ਨੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵੀ ਕਦਮ ਰੱਖਿਆ। ਕੰਪਨੀ ਦੀ ਵੈਬਸਾਈਟ ਦੇ ਅਨੁਸਾਰ, ਪਿਛਲੇ ਕੁਝ ਦਹਾਕਿਆਂ ਵਿੱਚ 'ਮੈਂਗੋ' ਅੱਜ ਫੈਸ਼ਨ ਦੀ ਦੁਨੀਆ ਦਾ ਇੱਕ ਵਿਸ਼ਾਲ ਬ੍ਰਾਂਡ ਬਣ ਚੁੱਕਾ ਹੈ, ਜਿਸ ਦੇ 120 ਦੇਸ਼ਾਂ ਵਿੱਚ 2,900 ਤੋਂ ਵੱਧ ਸਟੋਰ ਹਨ ਅਤੇ 16,400 ਮੁਲਾਜ਼ਮ ਹਨ।
ਆਪਣੀ ਮੌਤ ਦੇ ਸਮੇਂ, 71 ਸਾਲ ਦੀ ਉਮਰ ਵਿੱਚ ਇਸਾਕ ਐਂਡਿਕ ਕੰਪਨੀ ਦੇ ਨਾਨ-ਐਗਜ਼ਿਕਿਊਟਿਵ ਚੇਅਰਮੈਨ ਵਜੋਂ ਕੰਮ ਕਰ ਰਹੇ ਸਨ।
'ਐਲ ਕਾਨਫਿਡੈਂਸ਼ੀਅਲ' ਅਖ਼ਬਾਰ ਦੇ ਅਨੁਸਾਰ, ਉਹ ਕੰਪਨੀ - ਜਿਸ ਦੇ 95% ਸ਼ੇਅਰ ਉਨ੍ਹਾਂ ਕੋਲ ਸਨ - ਉਨ੍ਹਾਂ ਦੇ ਬੱਚਿਆਂ ਦੇ ਹੱਥਾਂ ਵਿੱਚ ਚਲੀ ਗਈ ਅਤੇ 2025 ਵਿੱਚ ਉਨ੍ਹਾਂ ਬੱਚਿਆਂ ਨੇ 239 ਮਿਲੀਅਨ ਅਮਰੀਕੀ ਡਾਲਰ ਦੀ ਰਕਮ ਆਪਸ ਵਿੱਚ ਵੰਡ ਲਈ।
ਕਿਵੇਂ ਪੈਦਾ ਹੋਇਆ ਸ਼ੱਕ
ਗਵਾਹ ਵਜੋਂ ਵੱਖ-ਵੱਖ ਪੁੱਛਗਿੱਛਾਂ ਦੌਰਾਨ ਜੌਨਾਥਨ ਐਂਡਿਕ ਦੇ ਵਿਰੋਧਾਭਾਸੀ ਬਿਆਨਾਂ, ਇਹ ਗੱਲ ਕਿ ਜਦੋਂ ਉਨ੍ਹਾਂ ਦੇ ਪਿਤਾ ਚੱਟਾਨ ਤੋਂ ਡਿੱਗੇ ਉਦੋਂ ਉਹ ਉਨ੍ਹਾਂ ਨਾਲ ਇਕੱਲੇ ਸਨ, ਅਤੇ ਐਸਟੇਫਾਨੀਆ ਨੂਥ ਦੇ ਬਿਆਨਾਂ ਤੋਂ ਪੁਲਿਸ ਨੂੰ ਜੋ ਸ਼ੱਕ ਹੋਇਆ, ਉਸ ਨੇ ਜਾਂਚ ਦਾ ਰੁਖ ਸਭ ਤੋਂ ਵੱਡੇ ਪੁੱਤਰ ਜੌਨਾਥਨ ਵੱਲ ਮੋੜ ਦਿੱਤਾ।
ਜਿਸ ਜੱਜ ਦੇ ਸਾਹਮਣੇ ਉਹ ਇਸ ਮੰਗਲਵਾਰ ਨੂੰ ਪੇਸ਼ ਹੋਏ ਸਨ, ਉਨ੍ਹਾਂ ਨੇ ਜਨਵਰੀ 2025 ਵਿੱਚ ਇਸਾਕ ਐਂਡਿਕ ਦੀ ਮੌਤ ਤੋਂ ਬਾਅਦ ਸ਼ੁਰੂ ਕੀਤੇ ਗਏ ਕੇਸ ਨੂੰ ਅਸਥਾਈ ਤੌਰ 'ਤੇ ਖਾਰਜ ਕਰ ਦਿੱਤਾ ਸੀ।
ਹਾਲਾਂਕਿ, ਈਐਫਈ ਖਬਰ ਏਜੰਸੀ ਦੇ ਅਨੁਸਾਰ, ਮਹੀਨਿਆਂ ਬਾਅਦ ਇਸ ਕੇਸ ਨੂੰ ਫਿਰ ਤੋਂ ਖੋਲ੍ਹਿਆ ਗਿਆ ਤਾਂ ਜੋ ਇਸ ਵਿੱਚ ਪੁਲਿਸ ਦੀਆਂ ਹੋਰ ਰਿਪੋਰਟਾਂ ਸ਼ਾਮਲ ਕੀਤੀਆਂ ਜਾ ਸਕਣ। ਇਨ੍ਹਾਂ ਵਿੱਚ ਪਰਿਵਾਰ ਦੇ ਮੈਂਬਰਾਂ ਅਤੇ ਪੀੜਤ ਦੇ ਕਰੀਬੀ ਲੋਕਾਂ ਦੇ ਬਿਆਨ, ਨਾਲ ਹੀ ਹੁਣ ਹਿਰਾਸਤ ਵਿੱਚ ਲਏ ਗਏ ਉਸ ਵਿਅਕਤੀ ਦੇ ਬਿਆਨ ਵੀ ਸ਼ਾਮਲ ਸਨ, ਜਿਨ੍ਹਾਂ ਤੋਂ ਜਾਂਚ ਕਰ ਰਹੇ ਜੱਜ ਨੇ ਗਵਾਹ ਵਜੋਂ ਪੁੱਛਗਿੱਛ ਕੀਤੀ ਸੀ।
ਜਦੋਂ ਸ਼ੱਕ ਸਭ ਤੋਂ ਵੱਡੇ ਪੁੱਤਰ 'ਤੇ ਵਧ ਗਿਆ, ਤਾਂ ਸਤੰਬਰ 2025 ਵਿੱਚ ਪੁਲਿਸ ਨੇ ਜੌਨਾਥਨ ਐਂਡਿਕ ਦਾ ਮੋਬਾਈਲ ਫ਼ੋਨ ਜਾਂਚ ਲਈ ਮੰਗਿਆ ਅਤੇ ਉਨ੍ਹਾਂ ਨੇ ਉਹ ਸੌਂਪ ਵੀ ਦਿੱਤਾ।
ਉਸ ਤੋਂ ਬਾਅਦ ਪੁਲਿਸ ਜੌਨਾਥਨ ਦੀਆਂ ਕਾਲਾਂ ਅਤੇ ਮੈਸੇਜਾਂ ਦੀ ਜਾਂਚ ਕਰ ਰਹੀ ਹੈ ਅਤੇ ਨਾਲ ਹੀ ਫ਼ੋਨ ਤੋਂ ਪਹਿਲਾਂ ਡਿਲੀਟ ਕੀਤੇ ਗਏ ਡੇਟਾ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਕੋਈ ਸੁਰਾਗ ਮਿਲ ਸਕੇ। ਇਨ੍ਹਾਂ ਹੀ ਸੁਰਾਗਾਂ ਕਰਕੇ ਆਖ਼ਿਰਕਾਰ ਉਸ ਦੀ ਗ੍ਰਿਫ਼ਤਾਰੀ ਹੋਈ।
'ਲਾ ਵੈਨਗਾਰਡੀਆ' ਅਖ਼ਬਾਰ ਦੇ ਅਨੁਸਾਰ, ਜਾਂਚ ਵਿੱਚ ਜੌਨਾਥਨ ਐਂਡਿਕ ਵੱਲੋਂ ਦੱਸੀ ਗਈ ਕਹਾਣੀ ਅਤੇ ਜਾਂਚ ਕੀਤੇ ਗਏ ਫ਼ੋਨ ਦੀ ਲੋਕੇਸ਼ਨ ਤੋਂ ਮਿਲੀ ਜਾਣਕਾਰੀ ਦੇ ਵਿਚਕਾਰ ਕੁਝ ਅੰਤਰ ਪਾਏ ਗਏ।
ਇਸੇ ਮੀਡੀਆ ਆਉਟਲੈਟ ਨੇ ਇਹ ਵੀ ਦੱਸਿਆ ਹੈ ਕਿ ਇਸਾਕ ਐਂਡਿਕ ਦੀ ਲਾਸ਼ ਦੇ ਨੇੜੇ ਮਿਲੇ ਡਿਵਾਈਸ ਅਤੇ ਉਸ ਦੇ ਪੁੱਤਰ ਦੇ ਫ਼ੋਨ ਦੇ ਰਿਕਾਰਡ ਵਿੱਚ ਕੁਝ ਅਜਿਹੀਆਂ ਹਲਚਲਾਂ ਦਿਖਾਈ ਦਿੱਤੀਆਂ, ਜੋ ਉਨ੍ਹਾਂ ਦੇ ਬਿਆਨਾਂ ਵਿੱਚ ਦੱਸੇ ਗਏ ਰਸਤੇ ਨਾਲ ਮੇਲ ਨਹੀਂ ਖਾਂਦੀਆਂ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ