You’re viewing a text-only version of this website that uses less data. View the main version of the website including all images and videos.
ਮਲੇਰਕੋਟਲਾ ਧਮਾਕੇ ਨੂੰ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ, ‘ਖੁਦ ਤੇ ਪਰਿਵਾਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਕੋਸ਼ਿਸ਼’ ਕਿਉਂ ਕਿਹਾ, ਪੁਲਿਸ ਨੇ ਕੀ ਕਿਹਾ
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਪੰਜਾਬ ਦੇ ਸਾਬਕਾ ਡੀਜੀਪੀ (ਮਨੁੱਖੀ ਅਧਿਕਾਰ) ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫ਼ਾ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੇ ਘਰ ਨੇੜੇ ਹੋਏ ਕਥਿਤ ਧਮਾਕੇ ਵਿੱਚ 'ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ'।
ਜਦੋਂ ਧਮਾਕਾ ਹੋਇਆ ਸੀ ਉਸ ਵੇਲੇ ਪੁਲਿਸ ਨੇ ਕਿਹਾ ਸੀ ਕਿ ਮੁੱਢਲੀ ਜਾਂਚ ਵਿੱਚ ਲੱਗ ਰਿਹਾ ਹੈ ਕਿ ਕਿਸੇ ਨੇ ਪੋਟਾਸ਼ ਦਾ ਕੋਈ ਪੈਕਟ ਸੁੱਟਿਆ ਹੋਣਾ ਤਾਂ ਉਸ ਕਾਰਨ ਧਮਾਕਾ ਹੋਇਆ ਹੈ। ਪਰ ਹੁਣ ਮੁਹੰਮਦ ਮੁਸਤਫ਼ਾ ਦੇ ਇਲਜ਼ਾਮਾਂ ਬਾਰੇ ਪੁੱਛਿਆ ਤਾਂ ਮਲੇਰਕੋਟਲਾ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੇਸ ਦਰਜ ਕੀਤਾ ਹੋਇਆ ਹੈ, ਮਾਮਲੇ ਦੀ ਜਾਂਚ ਹਰ ਐਂਗਲ ਤੋਂ ਕੀਤੀ ਜਾ ਰਹੀ ਹੈ।
ਮੁਹੰਮਦ ਮੁਸਤਫ਼ਾ ਦਾ ਕਹਿਣਾ ਹੈ, "ਜੋ ਧਮਾਕਾ ਮੇਰੇ ਦੇ ਘਰ ਨੇੜੇ ਹੋਇਆ ਹੈ, ਉਹ ਉੱਚ-ਤੀਬਰਤਾ ਵਾਲਾ ਧਮਾਕਾ ਸੀ, ਜਿਸ ਨੂੰ ਪੁਲਿਸ ਵੱਲੋਂ ਘੱਟ-ਤੀਬਰਤਾ ਵਾਲਾ ਦੱਸਿਆ ਗਿਆ ਹੈ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।"
ਦਰਅਸਲ, 15 ਮਈ ਨੂੰ ਮਲੇਰਕੋਟਲਾ ਸ਼ਹਿਰ ਵਿੱਚ ਹਥੋਆ ਰੋਡ 'ਤੇ ਮੁਸਤਫ਼ਾ ਦੀ ਕੋਠੀ, 'ਮਲੇਰਕੋਟਲਾ ਹਾਊਸ' ਨੇੜੇ ਇੱਕ ਧਮਾਕਾ ਹੋਇਆ ਸੀ। ਪੁਲਿਸ ਮੁਤਾਬਕ, ਇਹ ਧਮਾਕਾ ਇੱਕ ਕੂੜੇ ਦੇ ਢੇਰ ਵਿੱਚ ਹੋਇਆ ਸੀ। ਇਸ ਧਮਾਕੇ ਵਿੱਚ ਇੱਕ ਮੱਝ ਵੀ ਬੁਰੇ ਤਰੀਕੇ ਨਾਲ ਜ਼ਖਮੀ ਹੋਈ ਸੀ।
ਇਸ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਪਹੁੰਚੇ ਮਲੇਰਕੋਟਲਾ ਦੇ ਐੱਸਐੱਸਪੀ ਗੁਰਮੀਤ ਸਿੰਘ ਨੇ ਉਸ ਵੇਲੇ ਕਿਹਾ ਸੀ ਕਿ 'ਇਹ ਸ਼ਾਇਦ ਕਿਸੇ ਪੋਟਾਸ਼ ਦਾ ਧਮਾਕਾ ਹੋਵੇ ਅਤੇ ਇਸ ਤਰ੍ਹਾਂ ਦਾ ਇੱਕ ਧਮਾਕਾ ਪਿਛਲੇ ਸਾਲ ਵੀ ਹੋਇਆ ਸੀ'। ਉਨ੍ਹਾਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਦੀ ਗੱਲ ਆਖੀ ਗਈ ਸੀ।
ਪਰ ਮੁਹੰਮਦ ਮੁਸਤਫ਼ਾ ਦਾ ਕਹਿਣਾ ਹੈ 18 ਮਈ ਨੂੰ ਇੱਕ ਕਥਿਤ ਖ਼ਾਲਿਸਤਾਨੀਆਂ ਦੀ ਧਮਕੀ ਭਰੀ ਈ-ਮੇਲ ਵਿੱਚ ਵੀ ਸਕੂਲਾਂ, ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਗਈ ਹੈ।
ਮੈਂ ਉਸ ਰਸਤੇ ਤੋਂ ਕਈ ਵਾਰ ਲੰਘਦਾ ਹਾਂ, ਜਿੱਥੇ ਧਮਾਕਾ ਹੋਇਆ: ਮੁਸਤਫ਼ਾ
ਮੁਹੰਮਦ ਮੁਸਤਫ਼ਾ 1985 ਬੈਚ ਦੇ ਆਈਪੀਐੱਸ ਅਧਿਕਾਰੀ ਹਨ ਅਤੇ ਉਨ੍ਹਾਂ ਨੇ ਪੰਜਾਬ ਪੁਲਿਸ ਵਿੱਚ ਐੱਸਐੱਸਪੀ, ਡੀਜੀਪੀ (ਮਨੁੱਖੀ ਅਧਿਕਾਰ) ਅਤੇ ਹੋਰ ਮਹੱਤਵਪੂਰਨ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ ਹਨ।
ਮੁਸਤਫ਼ਾ ਦੇ ਪਤਨੀ ਰਜ਼ੀਆ ਸੁਲਤਾਨਾ ਮਲੇਕਰੋਟਲਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਨ ਅਤੇ ਉਹ ਪੰਜਾਬ ਵਿੱਚ ਪਿਛਲੀ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ। ਰਜ਼ੀਆ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਹੰਮਦ ਜਮੀਲ ਉਰ ਰਹਿਮਾਨ ਤੋਂ ਹਾਰ ਗਏ ਸਨ।
ਮੁਸਤਫ਼ਾ ਨੇ ਬੀਬੀਸੀ ਪੰਜਾਬੀ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ, "ਜਿੱਥੇ ਇਹ ਧਮਾਕਾ ਹੋਇਆ, ਉੱਥੇ ਜ਼ਿਆਦਾ ਘਰ ਨਹੀਂ ਹਨ। ਇਹ ਮੇਰੇ ਘਰ ਦੇ ਨੇੜੇ ਹੈ। ਮੈਂ ਦਿਨ ਵਿੱਚ ਕਈ ਵਾਰ ਉੱਥੋਂ ਲੰਘਦਾ ਹੈ। ਇਹ ਮੈਨੂੰ ਨਿਸ਼ਾਨਾ ਬਣਾਉਣ ਲਈ ਸੀ। ਪੁਲਿਸ ਜਲਦਬਾਜ਼ੀ ਵਿੱਚ ਇਸ ਨੂੰ ਘੱਟ ਤੀਬਰਤਾ ਵਾਲਾ ਧਮਾਕਾ ਕਹਿ ਰਹੀ ਹੈ। ਜਿਸ ਮੱਝ ਨੇ ਉਸ ਉਪਰ ਪੈਰ ਰੱਖਿਆ, ਉਹ ਕਰੀਬ ਅੱਠ ਫੁੱਟ ਤੱਕ ਉੱਡ ਗਈ ਸੀ। ਇਹ ਘੱਟ ਤੀਬਰਤਾ ਵਾਲਾ ਨਹੀਂ ਸਗੋਂ ਉੱਚ ਤੀਬਰਤਾ ਵਾਲਾ ਧਮਾਕਾ ਸੀ।"
ਮੁਸਤਫ਼ਾ ਨੇ ਕਿਹਾ, "ਮਲੇਰਕੋਟਲਾ ਇਲਾਕੇ ਵਿੱਚ ਕੋਈ ਅਧਿਕਾਰਿਤ ਪਟਾਕੇ ਬਣਾਉਣ ਦਾ ਕਾਰੋਬਾਰੀ ਨਹੀਂ ਹੈ। ਇਸ ਨੂੰ ਪੋਟਾਸ਼ ਕਹਿ ਕੇ ਛੱਡਿਆ ਨਹੀਂ ਜਾ ਸਕਦਾ। ਇਸ ਵਿੱਚ ਸਥਾਨਕ ਪੁਲਿਸ ਦਾ ਦੋਸ਼ ਨਹੀਂ ਸਗੋਂ ਪੰਜਾਬ ਦਾ ਈਕੋ ਸਿਸਟਮ ਖਰਾਬ ਹੋ ਰਿਹਾ ਹੈ। ਮੈਂ 40 ਸਾਲ ਪੁਲਿਸ ਵਿੱਚ ਸੇਵਾਵਾਂ ਨਿਭਾਈਆਂ ਹਨ, ਇਨ੍ਹਾਂ ਹਾਲਾਤਾਂ ਵਿੱਚ ਉੱਚ ਪੱਧਰ ਦੇ ਅਧਿਕਾਰੀਆਂ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ।"
ਉਨ੍ਹਾਂ ਕਿਹਾ, "ਮੈਂ ਇਸ ਮਾਮਲੇ ਨੂੰ ਸਿਆਸੀ ਰੰਗਤ ਨਹੀਂ ਦੇਣਾ ਚਾਹੁੰਦਾ ਪਰ ਜੇਕਰ ਕੋਈ ਠੋਸ ਕਰਵਾਈ ਨਾ ਹੋਈ ਤਾਂ ਮੈਂ ਹਾਈ ਕੋਰਟ ਜਾਵਾਂਗਾ ਅਤੇ ਸੀਬੀਆਈ ਜਾਂ ਐਨਆਈਏ ਦੀ ਜਾਂਚ ਦੀ ਮੰਗ ਕਰਾਂਗਾ।"
'ਬੁਰੇ ਤੱਤ ਮੇਰੇ ਖਿਲਾਫ਼ ਮੁਹਿੰਮ ਚਲਾ ਰਹੇ ਹਨ'
ਸਾਬਕਾ ਆਈਪੀਐੱਸ ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ਉਹ ਰਾਸ਼ਟਰਵਾਦੀ ਹਨ ਅਤੇ ਇਸੇ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਮੁਸਤਫ਼ਾ ਮੁਤਾਬਕ, "ਮੈਂ ਪਿਛਲੇ ਸਮੇਂ ਵਿੱਚ ਇੱਕ ਵਾਰ ਇੱਕ ਸੰਸਥਾ ਦੇ ਸਮਾਗਮ ਵਿੱਚ ਨੌਜਵਾਨ ਬੱਚਿਆਂ ਨੂੰ ਦੇਸ਼ ਭਗਤੀ ਬਾਰੇ ਭਾਸ਼ਣ ਦੇ ਰਿਹਾ ਸੀ, ਜਿਸ ਤੋਂ ਸੰਸਥਾ ਨਾਲ ਜੁੜੇ ਕੁਝ ਸਿੱਖ ਅਤੇ ਮੁਸਲਮਾਨ ਨਰਾਜ਼ ਹੋ ਗਏ। ਉਸ ਤੋਂ ਬਾਅਦ ਕੁਝ ਬੁਰੇ ਤੱਤ ਮੇਰੇ ਖਿਲਾਫ਼ ਆਨਲਾਈਨ ਮੁਹਿੰਮ ਵੀ ਚਲਾ ਰਹੇ ਹਨ। ਪਿਛਲੇ ਦਿਨੀਂ ਜੋ ਧੂਰੀ ਵਿੱਚ ਧਮਕੀ ਦੀ ਈ-ਮੇਲ ਆਈ, ਉਸ ਵਿੱਚ ਮੇਰਾ ਵੀ ਨਾਮ ਹੈ।"
ਉਨ੍ਹਾਂ ਕਿਹਾ, "ਮੈਂ ਪੰਜਾਬ ਵਿੱਚ ਅੱਤਵਾਦ ਦੇ ਸਮੇਂ ਵਿੱਚ ਕੰਮ ਕੀਤਾ ਹੈ। ਮੇਰੇ ਉਪਰ ਕਦੇ ਵੀ ਮੁਸਤਫ਼ਾ ਹੋਣ ਕਰਕੇ ਹਮਲਾ ਨਹੀਂ ਹੋਇਆ ਸੀ, ਸਗੋਂ ਐੱਸਐੱਸਪੀ ਹੋਣ ਕਰਕੇ ਹੀ ਹਮਲੇ ਹੁੰਦੇ ਸਨ। ਹੁਣ ਹਮਲੇ ਮੁੜ ਵਾਪਰ ਰਹੇ ਹਨ।"
ਪੁਲਿਸ ਦਾ ਕੀ ਕਹਿਣਾ ਹੈ?
ਅਮਰਗੜ੍ਹ ਦੇ ਡੀਐੱਸਪੀ ਸੰਜੀਵ ਕੁਮਾਰ ਮੁਤਾਬਕ, ਇਸ ਮਾਮਲੇ ਵਿੱਚ ਕੇਸ ਦਰਜ ਹੋ ਚੁੱਕਾ ਹੈ ਅਤੇ ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ।
ਡੀਐੱਸਪੀ ਸੰਜੀਵ ਕੁਮਾਰ ਨੇ ਕਿਹਾ, "ਪੁਲਿਸ ਨੇ ਕੇਸ ਦਰਜ ਕਰਕੇ ਆਪਣੀ ਜਾਂਚ ਸੁਰੂ ਕਰ ਦਿੱਤੀ ਹੈ। ਬਾਕੀ ਪੱਖ ਪੁਲਿਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਸਾਹਮਣੇ ਆਉਣਗੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ