You’re viewing a text-only version of this website that uses less data. View the main version of the website including all images and videos.
ਪੰਜਾਬ 'ਚ ਮਿਉਂਸੀਪਲ ਚੋਣਾਂ ਦੌਰਾਨ ਦਿਲਚਸਪ ਉਮੀਦਵਾਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ
ਪੰਜਾਬ ਵਿੱਚ ਮਿਉਂਸੀਪਲ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਸੂਬੇ ਦੀਆਂ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਾਂ ਪੈਣਗੀਆਂ, ਜਦਕਿ 29 ਮਈ ਨੂੰ ਨਤੀਜੇ ਐਲਾਨੇ ਜਾਣਗੇ।
ਚੋਣ ਪ੍ਰਕਿਰਿਆ ਦੇ ਐਲਾਨ ਨਾਲ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਕਈ ਥਾਵਾਂ 'ਤੇ ਦਿਲਚਸਪ ਮੁਕਾਬਲੇ ਬਣਦੇ ਨਜ਼ਰ ਆ ਰਹੇ ਹਨ।
ਇਸ ਵਾਰ ਅਬੋਹਰ, ਬਰਨਾਲਾ, ਬਟਾਲਾ, ਬਠਿੰਡਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ ਐੱਸਏਐੱਸ ਨਗਰ ਦੀਆਂ 8 ਨਗਰ ਨਿਗਮਾਂ ਦੇ 400 ਵਾਰਡਾਂ ਲਈ ਚੋਣ ਹੋਣੀ ਹੈ। ਇਸ ਤੋਂ ਇਲਾਵਾ 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੇ ਕੁੱਲ 1619 ਵਾਰਡਾਂ ਲਈ ਵੀ ਵੋਟਿੰਗ ਹੋਵੇਗੀ।
ਆਓ ਜਾਣਦੇ ਹਨ ਚੋਣ ਮੈਦਾਨ ਵਿੱਚ ਨਿਤਰੇ ਦਿਲਚਸਪ ਚਿਹਰਿਆਂ ਬਾਰੇ...
ਸੁਨਾਮ ਦੇ ਮਾਹੀ ਮਹੰਤ ਕਿਉਂ ਨੇ ਚਰਚਾ 'ਚ
ਇਨ੍ਹਾਂ ਚੋਣਾਂ ਵਿਚਕਾਰ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਦੇ ਇੱਕ ਵਾਰਡ ਦੀ ਚੋਣ ਖ਼ਾਸ ਚਰਚਾ ਦਾ ਕੇਂਦਰ ਬਣੀ ਹੋਈ ਹੈ। ਸੁਨਾਮ ਨਗਰ ਕੌਂਸਲ ਦੇ ਵਾਰਡ ਨੰਬਰ 20 ਤੋਂ ਆਮ ਆਦਮੀ ਪਾਰਟੀ ਵੱਲੋਂ ਕਿੰਨਰ ਸਮਾਜ ਨਾਲ ਸਬੰਧਤ ਮਾਹੀ ਮਹੰਤ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਬੀਬੀਸੀ ਸਹਿਯੋਗੀ ਕੁਲਵੀਰ ਨਮੋਲ ਦੀ ਰਿਪੋਰਟ ਮੁਤਾਬਕ, ਮਾਹੀ ਮਹੰਤ ਦਾ ਚੋਣ ਪ੍ਰਚਾਰ ਇਲਾਕੇ ਵਿੱਚ ਲੋਕਾਂ ਦੀ ਦਿਲਚਸਪੀ ਦਾ ਵਿਸ਼ਾ ਬਣਿਆ ਹੋਇਆ ਹੈ। ਚੋਣ ਪ੍ਰਚਾਰ ਦੌਰਾਨ ਜਿੱਥੇ ਵੀ ਮਾਹੀ ਮਹੰਤ ਲੋਕਾਂ ਵਿਚਕਾਰ ਪਹੁੰਚਦੇ ਹਨ, ਉੱਥੇ ਲੋਕ ਉਨ੍ਹਾਂ ਦਾ ਸਵਾਗਤ ਵੀ ਕਰਦੇ ਹਨ।
ਕਈ ਲੋਕ ਉਨ੍ਹਾਂ ਦੇ ਪੈਰੀਂ ਹੱਥ ਲਗਾ ਕੇ ਅਸੀਸ ਲੈਂਦੇ ਨਜ਼ਰ ਆਉਂਦੇ ਹਨ,ਕਈ ਥਾਵਾਂ 'ਤੇ ਲੋਕਾਂ ਵੱਲੋਂ ਨੋਟਾਂ ਦੇ ਹਾਰ, ਗੁਲਦਸਤੇ ਅਤੇ ਟੋਪੀਆਂ ਪਹਿਨਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਮਾਹੀ ਮਹੰਤ ਦਾ ਕਹਿਣਾ ਹੈ, "ਸਾਲਾਂ ਤੋਂ ਲੋਕਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੁੰਦੇ ਆਏ ਹਨ ਅਤੇ ਹੁਣ ਵੀ ਲੋਕਾਂ ਕੋਲ ਪਿਆਰ ਅਤੇ ਅਸੀਸਾਂ ਲੈ ਕੇ ਜਾ ਰਹੇ ਹਾਂ। ਅਸੀਂ ਕਿਸੇ ਵਿਰੋਧੀ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਨਹੀਂ ਕਰਦੇ, ਸਗੋਂ ਹਰ ਕਿਸੇ ਦੀ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ।"
ਉਹ ਅਗਾਂਹ ਕਹਿੰਦੇ ਹਨ, "ਜੇ ਲੋਕ ਉਨ੍ਹਾਂ ਨੂੰ ਜਿਤਾਉਂਦੇ ਹਨ ਤਾਂ ਉਹ ਇਲਾਕੇ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਉਠਾਉਣਗੇ ਅਤੇ ਲੋਕਾਂ ਦੀ ਆਵਾਜ਼ ਨੂੰ ਹਰ ਪੱਧਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।"
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਨਾਲ ਭਾਵਨਾਤਮਕ ਤੌਰ 'ਤੇ ਜੁੜੇ ਹੋਏ ਹਨ।
ਕਈ ਲੋਕ ਇਸਨੂੰ ਕਿੰਨਰ ਸਮਾਜ ਪ੍ਰਤੀ ਬਦਲ ਰਹੀ ਸਮਾਜਕ ਸੋਚ ਵਜੋਂ ਵੀ ਦੇਖ ਰਹੇ ਹਨ। ਪੰਜਾਬ ਦੀ ਰਾਜਨੀਤੀ ਵਿੱਚ ਕਿੰਨਰ ਸਮਾਜ ਦੀ ਹਿਸੇਦਾਰੀ ਪਹਿਲਾਂ ਵੀ ਰਹੀ ਹੈ, ਪਰ ਛੋਟੇ ਸ਼ਹਿਰਾਂ ਅਤੇ ਨਗਰ ਕੌਂਸਲ ਪੱਧਰ 'ਤੇ ਇਸ ਤਰ੍ਹਾਂ ਦੀ ਭਾਗੀਦਾਰੀ ਘੱਟ ਹੀ ਵੇਖਣ ਨੂੰ ਮਿਲਦੀ ਹੈ।
ਇਸ ਕਰਕੇ ਸੁਨਾਮ ਦੀ ਇਹ ਚੋਣ ਹੁਣ ਸਿਰਫ਼ ਇੱਕ ਵਾਰਡ ਦੀ ਚੋਣ ਨਹੀਂ ਰਹੀ, ਸਗੋਂ ਸਮਾਜਕ ਸਵੀਕਾਰਤਾ ਅਤੇ ਬਦਲਾਅ ਦੀ ਇੱਕ ਨਵੀਂ ਤਸਵੀਰ ਵਜੋਂ ਵੀ ਵੇਖੀ ਜਾ ਰਹੀ ਹੈ।
ਮਾਹਰਾਂ ਮੁਤਾਬਕ ਭਾਵੇਂ ਇਹ ਸਥਾਨਕ ਚੋਣਾਂ ਹਨ, ਪਰ ਇਨ੍ਹਾਂ ਰਾਹੀਂ ਸ਼ਹਿਰੀ ਵੋਟਰਾਂ ਦਾ ਮੂਡ ਅਤੇ ਸਮਾਜ ਵਿੱਚ ਆ ਰਹੇ ਬਦਲਾਅ ਦੀ ਝਲਕ ਜ਼ਰੂਰ ਵੇਖੀ ਜਾ ਸਕਦੀ ਹੈ।
'ਚੋਣ ਜਿੱਤ ਕੇ ਵੀ ਅਖ਼ਬਾਰ ਵੰਡਣਾ ਨਹੀਂ ਛੱਡਾਂਗਾ'
ਮੁਹਾਲੀ ਦੇ ਫੇਜ਼-11 ਵਿੱਚ ਪਿਛਲੇ ਕਰੀਬ 20 ਸਾਲਾਂ ਤੋਂ ਹਰ ਸਵੇਰ ਸਾਈਕਲ 'ਤੇ ਘਰ-ਘਰ ਅਖ਼ਬਾਰ ਪਹੁੰਚਾਉਣ ਵਾਲੇ ਤਰੁਣਜੀਤ ਸਿੰਘ ਉਰਫ਼ 'ਪੱਪੂ' ਇਸ ਵਾਰ ਨਗਰ ਨਿਗਮ ਚੋਣਾਂ ਵਿੱਚ ਉਮੀਦਵਾਰ ਵਜੋਂ ਚਰਚਾ ਵਿੱਚ ਹਨ।
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਰਿਪੋਰਟ ਮੁਤਾਬਕ, ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਵਾਰਡ ਨੰਬਰ 20 ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਿਸ ਨਾਲ ਇਹ ਸੀਟ ਦਿਲਚਸਪ ਬਣ ਗਈ ਹੈ।
ਤਰੁਣਜੀਤ ਸਿੰਘ 'ਪੱਪੂ' ਦਾ ਮੁਕਾਬਲਾ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਹੈ। ਹਾਲਾਂਕਿ ਉਹ ਕਾਫ਼ੀ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ, ਪਰ ਇਸ ਵਾਰ ਪਾਰਟੀ ਵੱਲੋਂ ਇੱਕ ਹਾਕਰ ਨੂੰ ਟਿਕਟ ਦੇਣ ਨਾਲ ਲੋਕਾਂ ਵਿੱਚ ਚਰਚਾ ਛਿੜ ਗਈ ਹੈ।
ਤਰੁਣਜੀਤ ਸਿੰਘ ਪੱਪੂ ਦਾ ਸਬੰਧ ਅਸਲ ਵਿੱਚ ਦਿੱਲੀ ਨਾਲ ਹੈ। 1984 ਦੇ ਦਿੱਲੀ ਕਤਲੇਆਮ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮੁਹਾਲੀ ਵਿੱਚ ਆ ਵੱਸਿਆ। ਇੱਥੇ ਹੀ ਉਨ੍ਹਾਂ ਨੇ ਦਸਵੀਂ ਤੱਕ ਪੜ੍ਹਾਈ ਕੀਤੀ ਅਤੇ ਫਿਰ ਅਖ਼ਬਾਰ ਵੰਡਣ ਦੇ ਕੰਮ ਨਾਲ ਜੁੜ ਗਏ। ਉਹ 2015 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਹਿਲੀ ਵਾਰ ਚੋਣ ਲੜ ਰਹੇ ਹਨ।
ਤਰੁਣਜੀਤ ਸਿੰਘ ਕਹਿੰਦੇ ਹਨ ਕਿ ਉਹ ਹਰ ਰੋਜ਼ ਤੜਕੇ ਤਿੰਨ ਵਜੇ ਉੱਠਦੇ ਹਨ ਅਤੇ ਸਵੇਰੇ ਪੰਜ ਤੋਂ ਸੱਤ ਵਜੇ ਤੱਕ ਕਰੀਬ 600 ਘਰਾਂ ਵਿੱਚ ਅਖ਼ਬਾਰ ਪਹੁੰਚਾਉਂਦੇ ਹਨ। ਉਨ੍ਹਾਂ ਮੁਤਾਬਕ ਇਸ ਕੰਮ ਕਰਕੇ ਉਹ ਇਲਾਕੇ ਦੇ ਹਰ ਘਰ ਅਤੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਜਾਣੂ ਹਨ।
ਤਰੁਣਜੀਤ ਸਿੰਘ ਕਹਿੰਦੇ ਹਨ, "ਜੇਕਰ ਮੈਂ ਚੋਣ ਜਿੱਤ ਗਿਆ ਤਾਂ ਵੀ ਮੈਂ ਅਖ਼ਬਾਰ ਵੰਡਣਾ ਨਹੀਂ ਛੱਡਾਂਗਾ, ਕਿਉਂਕਿ ਇਹ ਮੇਰੀ ਰੋਜ਼ੀ-ਰੋਟੀ ਹੈ ਅਤੇ ਰਾਜਨੀਤੀ ਸੇਵਾ।"
ਉਹ ਕਹਿੰਦੇ ਹਨ ਕਿ ਵਾਰਡ ਵਿੱਚ ਸੀਵਰੇਜ, ਸਟਰੀਟ ਲਾਈਟਾਂ, ਪਾਰਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਮੁੱਖ ਮੁੱਦੇ ਹਨ ਅਤੇ ਜੇ ਉਹ ਜਿੱਤਦੇ ਹਨ ਤਾਂ ਇਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।
ਵਾਰਡ ਨੰਬਰ 20 ਕਾਫ਼ੀ ਸਮੇਂ ਤੋਂ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਇਸ ਵਾਰ ਕਾਂਗਰਸ ਨੇ ਸਾਬਕਾ ਡਿਪਟੀ ਮੇਅਰ ਰਿਸ਼ਵ ਜੈਨ ਦੇ ਪੁੱਤਰ ਗੌਰਵ ਜੈਨ ਨੂੰ ਟਿਕਟ ਦਿੱਤੀ ਹੈ। ਇੱਕ ਪਾਸੇ ਵਿਰਾਸਤੀ ਸਿਆਸਤ ਹੈ ਅਤੇ ਦੂਜੇ ਪਾਸੇ ਇੱਕ ਅਜਿਹਾ ਉਮੀਦਵਾਰ, ਜੋ ਹਰ ਰੋਜ਼ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਰਿਹਾ ਹੈ। ਇਸ ਕਰਕੇ ਇਹ ਮੁਕਾਬਲਾ ਹੋਰ ਵੀ ਦਿਲਚਸਪ ਬਣ ਗਿਆ ਹੈ।
ਮੁਹਾਲੀ ਨਗਰ ਨਿਗਮ ਦੇ 50 ਵਾਰਡ ਹਨ ਅਤੇ ਲਈ ਕੁੱਲ 227 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ