'ਚੀਨ ਤੋਂ ਸਿੱਖ ਸਕਦੇ ਕਿ ਸਿਰ ਨੀਵਾਂ ਕਰ ਕੰਮ ਕਿਵੇਂ ਕਰੀਦਾ, ਬੜ੍ਹਕਾਂ ਨਾਲ ਕੋਈ ਕੌਮ ਵੱਡੀ ਨਹੀਂ ਬਣਦੀ', ਭਾਰਤ-ਪਾਕ ਤਣਾਅ 'ਤੇ ਚੀਨ ਦੇ ਬਿਆਨ 'ਤੇ ਹਨੀਫ਼ ਦੀ ਟਿੱਪਣੀ

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਪਿਛਲੇ ਸਾਲ ਇਸੇ ਮਹੀਨੇ ਇੰਡੀਆ-ਪਾਕਿਸਤਾਨ ਵਿੱਚ ਜੰਗ ਦਾ ਮਾਹੌਲ ਬਣਿਆ। ਚਾਰ ਕੁ ਦਿਨ ਝੜਪਾਂ ਹੋਈਆਂ ਅਤੇ ਫਿਰ ਜੰਗਬੰਦੀ ਹੋ ਗਈ। ਦੋਵਾਂ ਨੇ ਕਿਹਾ ਕਿ ਅਸੀਂ ਜੰਗ ਜਿੱਤੇ ਗਏ ਹਾਂ। ਆਪਣਾ-ਆਪਣਾ ਜਸ਼ਨ-ਏ-ਫਤਹਿ ਵੀ ਮਨਾ ਲਿਆ।

ਇੰਡੀਆ ਦਾ ਉਦੋਂ ਦਾ ਇੱਕ ਲਾਂਬਾ ਸੀ ਕਿ ਅਸੀਂ ਲੜਨ ਤਾਂ ਪਾਕਿਸਤਾਨ ਨਾਲ ਗਏ ਸੀ ਪਰ ਅੱਗੇ ਚੀਨ ਬੈਠਾ ਸੀ। ਹੁਣ ਪਾਕਿਸਤਾਨ ਆਪਣਾ ਜ਼ਿਆਦਾਤਰ ਅਸਲਾ, ਬਰੂਦ, ਜਹਾਜ਼ ਚੀਨ ਕੋਲੋਂ ਹੀ ਖਰੀਦਦਾ ਹੈ ਪਰ ਚੀਨ ਨੇ ਕੋਈ ਜ਼ਿਆਦਾ ਰੌਲ਼ਾ ਨਹੀਂ ਪਾਇਆ।

ਹੁਣ ਸਾਲ ਬਾਅਦ ਚੀਨ ਦੇ ਫਾਈਟਰ ਜੈੱਟ ਬਣਾਉਣ ਵਾਲੀ ਕੰਪਨੀ ਦੇ ਇੱਕ ਇੰਜੀਨੀਅਰ ਨੇ ਸਰਕਾਰੀ ਟੀਵੀ 'ਤੇ ਆ ਕੇ ਕਿਹਾ ਹੈ ਕਿ ਇਨ੍ਹਾਂ ਝੜਪਾਂ ਦੇ ਵਿੱਚ ਅਸੀਂ ਪਾਕਿਸਤਾਨ ਦੀ ਟੈਕਨੀਕਲ ਸੋਪਰਟ ਕੀਤੀ ਸੀ।

ਇੰਜੀਨੀਅਰ ਦਾ ਬਿਆਨ

ਫਰਮਾਇਆ ਹੈ ਕਿ ਆਪਣੇ ਫਾਈਟਰ ਜੈੱਟ ਅਸੀਂ ਇੱਕ ਬੱਚੇ ਵਾਂਗ ਪਾਲ਼ਿਆ ਹੈ, ਵੱਡਾ ਕੀਤਾ ਅਤੇ ਫਿਰ ਪਾਕਿਸਤਾਨ ਦੇ ਹਵਾਲੇ ਕੀਤਾ ਅਤੇ ਸਾਡੇ ਬਾਲਕੇ ਨੇ ਉਹੀ ਕਰ ਕੇ ਵਿਖਾਇਆ ਜਿਸ ਲਈ ਅਸੀਂ ਇਸ ਨੂੰ ਤਿਆਰ ਕੀਤਾ ਸੀ।

ਅਸੀਂ ਪਾਕਿਸਤਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਸੀ ਤਾਂ ਜੋ ਇਹ ਗ਼ਲਤਫਹਿਮੀ ਨਾ ਰਹਿ ਜਾਵੇ ਕਿ ਇਹ ਟੈਕਨੀਕਲ ਸਪੋਰਟ ਕੰਪਿਊਟਰ ਜਾਂ ਫੋਨ 'ਤੇ ਹੋਈ ਹੈ।

ਇੰਜੀਨੀਅਰ ਸਾਬ੍ਹ ਨੇ ਇਹ ਵੀ ਫਰਮਾਇਆ ਕਿ ਉਦੋਂ ਪਾਕਿਸਤਾਨ ਵਿੱਚ ਗਰਮੀ ਬਹੁਤ ਸੀ।

ਹੁਣ ਗੌਰ ਕਰੋ ਕਿ ਇਹ ਬਿਆਨ, ਚੀਨ ਦੇ ਕਿਸੇ ਵਜ਼ੀਰ ਜਾਂ ਜਨਰਲ ਨੇ ਨਹੀਂ ਦਿੱਤਾ, ਜਹਾਜ਼ ਬਣਾਉਣ ਵਾਲੀ ਇੱਕ ਫੈਕਟਰੀ ਦੇ ਇੰਜੀਨੀਅਰ ਨੇ ਦਿੱਤਾ ਹੈ ਅਤੇ ਸਰਕਾਰੀ ਟੀਵੀ 'ਤੇ ਦਿੱਤਾ ਹੈ, ਜ਼ਾਹਿਰ ਹੈ ਕਿ ਸਰਕਾਰ ਦੀ ਮਰਜ਼ੀ ਨਾਲ ਹੀ ਦਿੱਤਾ ਹੋਵੇਗਾ।

ਇੱਕ ਪਾਸੇ ਇੰਡੀਆ ਦੇ ਟੀਵੀ ਦੇ ਸਟੂਡੀਓ ਵਿੱਚ ਫਿਲਮਾਂ ਵਿੱਚ ਵੱਜਣ ਵਾਲੀਆਂ ਬੜਕਾਂ ਦੇਖ ਲਓ, ਪਾਕਿਸਤਾਨ ਦੇ ਕੌਮੀ ਤਰਾਨੇ ਸੁਣ ਲਓ, ਟਰੰਪ ਦਾ ਇਹ ਰੌਲ਼ਾ ਸੁਣ ਲਓ ਕਿ ਇਹ ਜੰਗ ਮੈਂ ਰੁਕਵਾਈ ਹੈ, ਨਹੀਂ ਤਾਂ ਪਤਾ ਨਹੀਂ ਇੱਥੇ ਕਿੰਨਾ ਮਿਲੀਅਨ ਬੰਦਾ ਮਰ ਜਾਣਾ ਸੀ।

'ਪਾਕ-ਚੀਨ ਦੋਸਤੀ ਸਮੁੰਦਰੋਂ ਗਹਿਰੀ ਅਤੇ ਹਿਮਾਲਿਆ ਤੋਂ ਬੁਲੰਦ ਹੈ'

ਹੁਣ ਦੂਜੇ ਪਾਸੇ ਤੁਸੀਂ ਚੀਨ ਨੂੰ ਦੇਖ ਲਓ, ਪੂਰਾ ਸਾਲ ਕੁਸਕਿਆ ਨਹੀਂ। ਬੋਲਿਆ ਵੀ ਤਾਂ ਇੱਕ ਇੰਜੀਨੀਅਰ ਦੇ ਰਾਹੀਂ, ਜਿਸ ਨੇ ਨਾ ਕੋਈ ਨਾਅਰਾ ਮਾਰਿਆ, ਨਾ ਇੰਡੀਆ ਨੂੰ ਭੈੜਾ ਕਿਹਾ, ਨਾ ਪਾਕਿਸਤਾਨ ਨੂੰ ਚੰਗਾ। ਬੱਸ ਆਪਣੇ ਜਹਾਜ਼ ਦੀ ਤਾਰੀਫ਼ ਕੀਤੀ ਹੈ ਅਤੇ ਇਹ ਕਿਹਾ ਹੈ ਕਿ ਵੇਖੋ ਕਿੱਡਾ ਸੋਹਣਾ ਲੜਾਕੂ ਬੱਚਾ ਤਿਆਰ ਕੀਤਾ ਹੈ।

ਉਨ੍ਹਾਂ ਨੇ ਕਿਹਾ ਤਾਂ ਨਹੀਂ ਲੇਕਿਨ ਮਤਲਬ ਇਹ ਹੀ ਸੀ ਵੀ ਸਾਡੀ ਫੈਕਟਰੀ ਅਜੇ ਵੀ ਚੱਲਦੀ ਹੈ ਤੇ ਸਸਤਾ,ਵਧੀਆ ਤੇ ਬੈਟਰ ਟੈਸਟਡ ਮਾਲ ਸਾਡੇ ਕੋਲ ਮੌਜੂਦ ਹੈ। ਜਿਸ ਨੇ ਆਰਡਰ ਦੇਣਾ ਹੈ ਦੇ ਦਿਓ।

ਪਾਕਿਸਤਾਨ ਹਮੇਸ਼ਾ ਕਹਿੰਦਾ ਹੈ ਵੀ ਪਾਕ-ਚੀਨ ਦੋਸਤੀ ਸਮੁੰਦਰੋਂ ਗਹਿਰੀ ਅਤੇ ਹਿਮਾਲਿਆ ਤੋਂ ਬੁਲੰਦ ਹੈ ਅਤੇ ਹੈ ਵੀ।

ਲੇਕਿਨ ਪਾਕਿਸਤਾਨ ਨੇ ਆਪਣੇ ਇਸ ਵੱਡੇ ਭਰਾ ਕੋਲੋਂ ਕੁਝ ਜ਼ਿਆਦਾ ਮੱਤ ਨਹੀਂ ਸਿੱਖੀ।

ਇਹ ਮਾਰਡਨ ਚੀਨ ਪਾਕਿਸਤਾਨ ਤੋਂ ਉਮਰ 'ਚ ਦੋ ਸਾਲ ਛੋਟਾ ਹੈ ਲੇਕਿਨ ਤਰੱਕੀ ਹੁਣ ਇੰਨੀ ਕੁ ਕਰ ਲਈ ਹੈ ਕਿ ਦੁਨੀਆਂ ਦੇ ਕਿਸੇ ਵੀ ਮੁਲਕ ਦੇ ਵੱਡੇ ਬਾਜ਼ਾਰ 'ਚ ਵੀ ਚਲੇ ਜਾਓ ਤਾਂ ਉੱਥੇ ਤੁਹਾਨੂੰ ਸੂਈ ਤੋਂ ਲੈ ਕੇ ਏਆਈ ਦੇ ਸਾਫਟਵੇਅਰ ਤੱਕ ਹਰ ਸ਼ੈਅ ਮੇਡ ਇਨ ਚਾਇਨਾ ਮਿਲੇਗੀ।

ਚੀਨ ਦੀ ਫੌਜ ਵੀ ਤਕੜੀ ਹੈ ਲੇਕਿਨ ਕਦੀ ਕਿਸੇ ਵਜ਼ੀਰ ਨੂੰ, ਜਨਰਲ ਨੂੰ ਬੜ੍ਹਕਾਂ ਮਾਰਦੇ ਨਹੀਂ ਵੇਖਿਆ, ਨਾ ਕਿਸੇ ਨੂੰ ਧਮਕੀ ਦਿੰਦਾ ਹੈ।

ਚੁੱਪ-ਚੁਪੀਤੇ ਸਾਰੀ ਦੁਨੀਆਂ ਨੂੰ ਆਪਣਾ ਮਾਲ ਵੇਚੀ ਜਾਂਦਾ ਹੈ। ਇਸ ਲਈ ਸੱਜਣ ਦੁਸ਼ਮਣ ਦਾ ਵੀ ਕੋਈ ਫਰਕ ਨਹੀਂ ਕਰਦਾ।

ਜਿਹੜੀ ਕੋਈ ਮਾੜੀ-ਮੋਟੀ ਵਿਚਾਰਧਾਰਾ ਬਚੀ ਸੀ, ਉਹ ਵੀ ਘਰ ਹੀ ਵਰਤਦਾ ਹੈ, ਦੁਨੀਆਂ 'ਚ ਵੰਡਣ ਨਹੀਂ ਤੁਰਦਾ।

ਚੀਨ ਦੇ ਇਨਕਲਾਬ ਤੋਂ ਥੋੜ੍ਹੇ ਅਰਸੇ ਬਾਅਦ ਉਨ੍ਹਾਂ ਦੇ ਲੀਡਰ ਨੂੰ ਕਿਸੇ ਨੇ ਪੁੱਛਿਆ ਸੀ ਵੀ ਤੁਹਾਡੇ ਖ਼ਿਆਲ ਵਿੱਚ ਤੁਹਾਡਾ ਇਨਕਲਾਬ ਕਾਮਯਾਬ ਹੋ ਗਿਆ ਹੈ?

ਉਨ੍ਹਾਂ ਨੇ ਕਿਹਾ ਵੀ ਕਾਹਲ਼ੀ ਕਾਹਦੀ ਹੈ, ਦੋ ਸੌ ਸਾਲ ਇੰਤਜ਼ਾਰ ਕਰੋ, ਫਿਰ ਹੀ ਪਤਾ ਲੱਗੇਗਾ ਵੀ ਇਹ ਇਨਕਲਾਬ ਕਾਮਯਾਬ ਹੋਇਆ ਜਾਂ ਨਹੀਂ।

ਸਾਡੇ ਇੱਥੇ ਨਾ ਇਨਕਲਾਬ ਦੀ ਲੋੜ ਹੈ, ਨਾ ਆਉਣਾ ਸੀ, ਨਾ ਆਇਆ ਹੈ। ਬੱਸ ਅਸੀਂ ਇੱਥੇ ਲਾਜ਼ਮ ਹੈ ਕਿ ਹਮ ਵੀ ਦੇਖੇਂਗੇ, ਗਾ ਛੱਡੀਦਾ।

ਸਾਡੀ ਚੀਨ ਨਾਲ ਯਾਰੀ ਜਿੱਡੀ ਮਰਜ਼ੀ ਉੱਚੀ ਅਤੇ ਡੂੰਘੀ ਹੋਵੇ ਲੇਕਿਨ ਸਾਡੇ ਮਾਹੌਲ ਦਾ, ਸੱਭਿਆਚਾਰ ਦਾ ਬੜਾ ਫਰਕ ਹੈ।

ਸੁਣਿਆ ਹੈ ਜ਼ਿਆਦਾਤਰ ਚੀਨੀ ਨਾ ਦੁੱਧ ਪੀਂਦੇ ਨੇ, ਨਾ ਮੱਖਣ ਖਾਂਦੇ ਨੇ। ਉਹ ਕਹਿੰਦੇ ਨੇ ਵੀ ਇਹ ਦੁੱਧ ਤਾਂ ਗਾਵਾਂ, ਮੱਝਾਂ ਆਪਣੇ ਬੱਚਿਆਂ ਨੂੰ ਹੀ ਦਿੰਦੀਆਂ ਹਨ। ਅਸੀਂ ਵੱਛੀਆਂ-ਵੱਛਿਆਂ ਦਾ ਹਿੱਸਾ ਕਿਉਂ ਖੋਈਏ?

ਇਹ ਗੱਲ ਹੁਣ ਪੰਜਾਬ ਦੇ ਕਿਸੇ ਬਜ਼ੁਰਗ ਨੂੰ ਦੱਸ ਕੇ ਵੇਖ ਲਓ ਤੇ ਫਿਰ ਵੇਖੋ ਅੱਗੋਂ ਕੀ ਜਵਾਬ ਮਿਲਦਾ ਹੈ।

ਅਸੀਂ ਖੋਏ ਆਲੀਆਂ ਲੱਸੀਆਂ ਪੀਣ ਵਾਲੇ ਲੋਕ ਹਾਂ। ਸਾਡੇ ਕੋਲੋਂ ਚੀਨੀ ਨਹੀਂ ਬਣਿਆ ਜਾਣਾ।

ਪਰ ਅਸੀਂ ਜੇਕਰ ਉਨ੍ਹਾਂ ਕੋਲੋਂ ਜਹਾਜ਼ ਲੈ ਸਕਦੇ ਹਾਂ, ਟੈਕਨੀਕਲ ਸੋਪਰਟ ਲੈ ਸਕਦੇ ਹਾਂ ਤਾਂ ਇੰਨਾ ਤਾਂ ਸਿੱਖ ਹੀ ਸਕਦੇ ਹਾਂ ਵੀ ਚੁੱਪ ਕਰਕੇ, ਸਿਰ ਨੀਵਾਂ ਕਰਕੇ ਆਪਣਾ ਆਪਣਾ ਕੰਮ ਕਰੀ ਜਾਓ।

ਸਵੇਰ ਸ਼ਾਮ ਬੜ੍ਹਕਾਂ ਮਾਰਨ ਨਾਲ ਕੋਈ ਕੌਮ ਵੱਡੀ ਨਹੀਂ ਬਣਦੀ।

ਰੱਬ ਰਾਖਾ!

ਇਹ ਲੇਖਕ ਦੇ ਨਿੱਜੀ ਵਿਚਾਰ ਹਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)