ਸਰਵੀਕਲ ਕੈਂਸਰ ਨਾਲ ਜੂਝ ਰਹੀਆਂ ਕਿੰਨੀਆਂ ਔਰਤਾਂ ਦੀ ਐੱਚਪੀਵੀ ਵੈਕਸੀਨ ਨਾਲ ਬਚਾਈ ਗਈ ਜਾਨ, ਅਧਿਐਨ ਵਿੱਚ ਹੋਰ ਕੀ ਪਤਾ ਲੱਗਿਆ

ਐਚਪੀਵੀ ਵੈਕਸੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਵੀਕਲ ਕੈਂਸਰ ਅਜੇ ਵੀ ਯੂਕੇ ਵਿੱਚ ਮਹਿਲਾਵਾਂ ਵਿੱਚ 14ਵਾਂ ਸਭ ਤੋਂ ਆਮ ਕੈਂਸਰ ਹੈ ਅਤੇ ਹਰ ਸਾਲ ਇਸਦੇ 3,300 ਮਾਮਲਿਆਂ ਦੀ ਪਛਾਣ ਹੁੰਦੀ ਹੈ
    • ਲੇਖਕ, ਸੋਫੀ ਹਚਿੰਸਨ
    • ਰੋਲ, ਹੈਲਥ ਰਿਪੋਰਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

'ਦਿ ਲੈਂਸੇਟ' ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ, ਇੰਗਲੈਂਡ ਵਿੱਚ ਸਰਵੀਕਲ ਕੈਂਸਰ ਤੋਂ ਬਚਾਅ ਕਰਨ ਵਾਲੀ ਵੈਕਸੀਨ ਦੀ ਬਦੌਲਤ ਹੁਣ ਤੱਕ ਲਗਭਗ 200 ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।

ਆਪਣੇ ਕਿਸਮ ਦੇ ਇਸ ਪਹਿਲੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਸਾਲ 2008 ਵਿੱਚ ਜਦੋਂ ਸਕੂਲ ਜਾਣ ਵਾਲੀ ਉਮਰ ਦੀਆਂ ਕੁੜੀਆਂ ਨੂੰ ਹਿਊਮਨ ਪੈਪੀਲੋਮਾਵਾਇਰਸ (ਐਚਪੀਵੀ) ਦਾ ਟੀਕਾ ਲਗਾਇਆ ਜਾਣਾ ਸ਼ੁਰੂ ਹੋਇਆ ਸੀ, ਉਦੋਂ ਤੋਂ ਮੌਤਾਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ।

ਸਾਲ 2020 ਅਤੇ 2024 ਦੇ ਦਰਮਿਆਨ, 20 ਤੋਂ 24 ਸਾਲ ਦੀ ਉਮਰ ਦੀਆਂ ਮਹਿਲਾਵਾਂ ਵਿੱਚ ਸਰਵੀਕਲ ਕੈਂਸਰ ਕਾਰਨ ਮੌਤ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜ ਸਾਲਾਂ ਦੀ ਮਿਆਦ ਦੌਰਾਨ ਅਜਿਹਾ ਦੇਖਿਆ ਗਿਆ ਹੈ।

ਜੇਕਰ ਵੈਕਸੀਨ ਨਾ ਦਿੱਤੀ ਗਈ ਹੁੰਦੀ ਤਾਂ ਲਗਭਗ 23 ਮੌਤਾਂ ਹੋਣ ਦੀ ਸੰਭਾਵਨਾ ਸੀ।

ਲੰਡਨ ਦੀ ਕਵੀਨ ਮੈਰੀ ਯੂਨੀਵਰਸਿਟੀ ਦੇ ਮੁੱਖ ਖੋਜਕਰਤਾ ਪ੍ਰੋਫੈਸਰ ਪੀਟਰ ਸਸੀਨੀ ਨੇ ਕਿਹਾ, "ਇਹ ਸੋਚਣਾ ਹੀ ਅਦਭੁੱਤ ਹੈ ਕਿ ਇੱਕ ਹੀ ਵੈਕਸੀਨ ਕਿਸੇ ਖ਼ਾਸ ਕਿਸਮ ਦੇ ਕੈਂਸਰ ਨੂੰ ਲਗਭਗ ਖ਼ਤਮ ਕਰ ਸਕਦੀ ਹੈ।"

ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਜਿਨ੍ਹਾਂ ਬੱਚਿਆਂ ਨੂੰ 12 ਜਾਂ 13 ਸਾਲ ਦੀ ਉਮਰ ਵਿੱਚ ਟੀਕਾ ਲਗਾਇਆ ਗਿਆ ਸੀ, ਉਨ੍ਹਾਂ ਵਿੱਚ ਹੁਣ 30 ਸਾਲ ਦੀ ਉਮਰ ਤੋਂ ਪਹਿਲਾਂ ਇਸ ਬਿਮਾਰੀ ਨਾਲ ਮਰਨ ਦਾ ਖ਼ਤਰਾ ਲਗਭਗ ਸਿਫ਼ਰ/ਜ਼ੀਰੋ ਹੈ।

ਟੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2008 ਵਿੱਚ ਜਦੋਂ ਸਕੂਲ ਜਾਣ ਵਾਲੀ ਉਮਰ ਦੀਆਂ ਕੁੜੀਆਂ ਨੂੰ ਐਚਪੀਵੀ ਦਾ ਟੀਕਾ ਲਗਾਇਆ ਜਾਣਾ ਸ਼ੁਰੂ ਹੋਇਆ ਸੀ, ਉਦੋਂ ਤੋਂ ਮੌਤਾਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ (ਸੰਕੇਤਕ ਤਸਵੀਰ)

ਐੱਚਪੀਵੀ ਟੀਕਾਕਰਨ ਮੁਹਿੰਮ ਤੋਂ ਪਹਿਲਾਂ, ਉਸ ਉਮਰ ਵਰਗ ਵਿੱਚ ਹਰ ਸਾਲ ਲਗਭਗ 20 ਮੌਤਾਂ ਦਰਜ ਕੀਤੀਆਂ ਜਾਂਦੀਆਂ ਸਨ।

ਕੁੱਲ ਮਿਲਾ ਕੇ, ਸਰਵੀਕਲ ਕੈਂਸਰ ਅਜੇ ਵੀ ਯੂਕੇ ਵਿੱਚ ਮਹਿਲਾਵਾਂ ਵਿੱਚ 14ਵਾਂ ਸਭ ਤੋਂ ਆਮ ਕੈਂਸਰ ਹੈ ਅਤੇ ਹਰ ਸਾਲ ਇਸਦੇ 3,300 ਮਾਮਲਿਆਂ ਦੀ ਪਛਾਣ ਹੁੰਦੀ ਹੈ।

ਮੰਨਿਆ ਜਾਂਦਾ ਹੈ ਕਿ ਐਚਪੀਵੀ, ਜੋ ਚਮੜੀ ਨਾਲ ਚਮੜੀ ਦੇ ਸੰਪਰਕ ਰਾਹੀਂ ਫੈਲਦਾ ਹੈ, ਇਨ੍ਹਾਂ ਮਾਮਲਿਆਂ ਵਿੱਚੋਂ 99% ਦਾ ਕਾਰਨ ਬਣਦਾ ਹੈ।

ਜ਼ਿਆਦਾਤਰ ਐਚਪੀਵੀ ਇਨਫੈਕਸ਼ਨ ਬਿਨ੍ਹਾਂ ਕਿਸੇ ਸਮੱਸਿਆ ਦੇ ਠੀਕ ਹੋ ਜਾਂਦੇ ਹਨ, ਪਰ ਕੁਝ ਮਾਮਲਿਆਂ ਵਿੱਚ ਕੋਸ਼ਿਕਾਵਾਂ ਵਿੱਚ ਅਸਧਾਰਣ ਬਦਲਾਅ ਹੁੰਦੇ ਹਨ ਅਤੇ ਸਾਲਾਂ ਬਾਅਦ ਕੈਂਸਰ ਬਣ ਸਕਦਾ ਹੈ।

ਰਿਪੋਰਟ ਦੇ ਲੇਖਕਾਂ ਨੂੰ ਉਮੀਦ ਹੈ ਕਿ ਜਿਵੇਂ-ਜਿਵੇਂ ਹੋਰਾਂ ਨੂੰ ਐਚਪੀਵੀ ਦਾ ਟੀਕਾ ਲੱਗੇਗਾ ਅਤੇ ਟੀਕਾ ਲਗਵਾਉਣ ਵਾਲੇ ਲੋਕ ਵੱਡੇ ਹੋਣਗੇ, ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਉਂਦੀ ਰਹੇਗੀ।

ਇਸ ਖੋਜ ਲਈ ਕੈਂਸਰ ਰਿਸਰਚ ਯੂਕੇ ਨੇ ਫੰਡ ਦਿੱਤਾ ਸੀ। ਉਸ ਨੇ ਇਨ੍ਹਾਂ ਨਤੀਜਿਆਂ ਨੂੰ ਇੱਕ "ਅਦਭੁੱਤ ਉਪਲੱਬਧੀ" ਦੱਸਿਆ, ਪਰ ਨਾਲ ਹੀ ਚੇਤਾਵਨੀ ਵੀ ਦਿੱਤੀ ਕਿ ਇੰਗਲੈਂਡ ਵਿੱਚ ਟੀਕਾਕਰਨ ਦੀਆਂ ਦਰਾਂ ਸਿਫ਼ਾਰਸ਼ ਕੀਤੀਆਂ ਦਰਾਂ ਤੋਂ ਘੱਟ ਹਨ।

ਸੰਗਠਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਿਸ਼ੇਲ ਮਿਚਲ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਐਚਪੀਵੀ ਵੈਕਸੀਨ ਸਰਵੀਕਲ ਕੈਂਸਰ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਰੋਕਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਪਹਿਲੀ ਵਾਰ ਇਹ ਨਤੀਜੇ ਦਿਖਾਉਂਦੇ ਹਨ ਕਿ ਇਹ ਲੋਕਾਂ ਦੀਆਂ ਜਾਨਾਂ ਬਚਾ ਰਹੀ ਹੈ।"

'ਮੈਂ ਇਸ ਵੈਕਸੀਨ ਦੀ ਬਹੁਤ ਵੱਡੀ ਸਮਰਥਕ ਹਾਂ'

ਐਲੇਗਜ਼ੈਂਡਰਾ ਅਤੇ ਉਨ੍ਹਾਂ ਦੀ ਤਿੰਨ ਸਾਲ ਦੀ ਧੀ ਆਈਵੀ, ਜਿਸਦਾ ਜਨਮ ਸਰਵੀਕਲ ਕੈਂਸਰ ਤੋਂ ਬਾਅਦ ਹੋਇਆ ਸੀ

ਤਸਵੀਰ ਸਰੋਤ, Other

ਤਸਵੀਰ ਕੈਪਸ਼ਨ, ਐਲੇਗਜ਼ੈਂਡਰਾ ਅਤੇ ਉਨ੍ਹਾਂ ਦੀ ਤਿੰਨ ਸਾਲ ਦੀ ਧੀ ਆਈਵੀ, ਜਿਸਦਾ ਜਨਮ ਸਰਵੀਕਲ ਕੈਂਸਰ ਤੋਂ ਬਾਅਦ ਹੋਇਆ ਸੀ

ਐਲੈਗਜ਼ੈਂਡਰਾ ਲੈਗ ਨੇ ਇੰਗਲੈਂਡ ਵਿੱਚ ਐਚਪੀਵੀ ਵੈਕਸੀਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸਕੂਲ ਛੱਡ ਦਿੱਤਾ ਸੀ। ਸਾਲ 2021 ਵਿੱਚ ਜਦੋਂ ਉਹ ਆਪਣੇ ਵਿਆਹ ਬਾਰੇ ਸੋਚ ਰਹੇ ਸਨ, ਉਸੇ ਵੇਲੇ 30 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਸਰਵੀਕਲ ਕੈਂਸਰ ਹੋਣ ਦਾ ਪਤਾ ਲੱਗਿਆ।

ਉਹ ਕਹਿੰਦੇ ਹਨ, "ਮੈਨੂੰ ਯਾਦ ਹੈ ਕਿ ਜਦੋਂ ਮੈਂ ਇਹ ਸ਼ਬਦ ਸੁਣੇ, ਤਾਂ ਮੈਨੂੰ ਠੀਕ ਤਰ੍ਹਾਂ ਸਾਹ ਵੀ ਨਹੀਂ ਆ ਰਿਹਾ ਸੀ।"

"ਮੈਂ ਬਹੁਤ ਪਰੇਸ਼ਾਨ ਸੀ, ਮੇਰੇ ਦਿਮਾਗ ਵਿੱਚ ਬਹੁਤ ਕੁਝ ਚੱਲ ਰਿਹਾ ਸੀ, ਇਹ ਬਹੁਤ ਮੁਸ਼ਕਲ ਸਮਾਂ ਸੀ।"

ਉਨ੍ਹਾਂ ਦੇ ਇਲਾਜ ਵਿੱਚ ਪੇਟ ਦੇ ਲਿੰਫ ਨੋਡਸ ਨੂੰ ਕੱਢਣਾ ਸ਼ਾਮਲ ਸੀ, ਹਾਲਾਂਕਿ ਸਰਜਨ ਉਨ੍ਹਾਂ ਦੇ ਸਰਵਿਕਸ (ਬੱਚੇਦਾਨੀ ਦਾ ਮੂੰਹ) ਦਾ ਇੱਕ ਛੋਟਾ ਹਿੱਸਾ ਬਚਾਉਣ ਵਿੱਚ ਸਫਲ ਰਹੇ, ਜਿਸ ਨਾਲ ਉਨ੍ਹਾਂ ਦੇ ਗਰਭਵਤੀ ਹੋਣ ਦੀ ਉਮੀਦ ਬਣੀ ਰਹੀ।

ਠੀਕ ਇੱਕ ਸਾਲ ਬਾਅਦ, ਆਈਵੀ ਦਾ ਜਨਮ ਹੋਇਆ। ਉਸ ਦਾ ਵਿਚਕਾਰਲਾ ਨਾਮ ਮਾਰਵੇਲਾ ਹੈ - ਜਿਸਦਾ ਅਰਥ ਹੈ "ਚਮਤਕਾਰ"।

ਉਹ ਕਹਿੰਦੇ ਹਨ, "ਉਹ ਨੌਂ ਮਹੀਨੇ ਬਹੁਤ ਡਰਾਉਣੇ ਸਨ ਕਿਉਂਕਿ ਕਿਸੇ ਵੀ ਪਲ ਉਸ ਨੂੰ (ਬੱਚੀ ਨੂੰ) ਗੁਆਉਣ ਦਾ ਖ਼ਤਰਾ ਬਣਿਆ ਹੋਇਆ ਸੀ।"

ਐਲੈਗਜ਼ੈਂਡਰਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਐਚਪੀਵੀ ਵੈਕਸੀਨ ਲਗਵਾਉਣ ਦਾ ਮੌਕਾ ਮਿਲਿਆ ਹੁੰਦਾ, ਤਾਂ ਉਨ੍ਹਾਂ ਦੀ ਜ਼ਿੰਦਗੀ ਇੰਨੀ ਮੁਸ਼ਕਲ ਨਾ ਹੁੰਦੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਜੋ ਇਸ ਲਈ ਯੋਗ ਹਨ।

ਉਹ ਅੱਗੇ ਕਹਿੰਦੇ ਹਨ, "ਮੈਂ ਇਸ ਵੈਕਸੀਨ ਦੀ ਬਹੁਤ ਵੱਡੀ ਸਮਰਥਕ ਹਾਂ ਅਤੇ ਜਦੋਂ ਆਈਵੀ ਵੱਡੀ ਹੋ ਜਾਵੇਗੀ, ਤਾਂ ਉਹ ਇਸ ਨੂੰ ਲਗਵਾਉਣ ਵਾਲਿਆਂ ਵਿੱਚ ਸਭ ਤੋਂ ਅੱਗੇ ਹੋਵੇਗੀ।"

ਮੌਤਾਂ ਵਿੱਚ ਕਮੀ 'ਵੱਡੀ ਤਸਵੀਰ ਦਾ ਇੱਕ ਛੋਟਾ ਹਿੱਸਾ'

ਐਚਪੀਵੀ ਵੈਕਸੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਕੇ ਸਰਕਾਰ ਨੇ ਸਾਲ 2040 ਤੱਕ ਸਰਵੀਕਲ ਕੈਂਸਰ ਨੂੰ ਇੱਕ ਜਨਤਕ ਸਿਹਤ ਸਮੱਸਿਆ ਵਜੋਂ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ

ਕਵੀਨ ਮੈਰੀ ਯੂਨੀਵਰਸਿਟੀ ਆਫ਼ ਲੰਡਨ ਵਿੱਚ ਕੈਂਸਰ ਮਹਾਂਮਾਰੀ ਵਿਗਿਆਨ ਦੇ ਮਾਹਿਰ ਪ੍ਰੋਫੈਸਰ ਸਸੀਨੀ, ਵੈਕਸੀਨ ਆਉਣ ਤੋਂ ਬਾਅਦ ਮੌਤਾਂ ਵਿੱਚ ਆਈ ਕਮੀ ਨੂੰ "ਵੱਡੀ ਤਸਵੀਰ ਦਾ ਇੱਕ ਛੋਟਾ ਹਿੱਸਾ" (ਟਿਪ ਆਫ਼ ਦਿ ਆਈਸਬਰਗ) ਦੱਸਦੇ ਹਨ।

ਉਹ ਅੱਗੇ ਕਹਿੰਦੇ ਹਨ, "ਜਿਵੇਂ-ਜਿਵੇਂ ਵੈਕਸੀਨ ਲਗਵਾਉਣ ਵਾਲੀਆਂ ਪੀੜ੍ਹੀਆਂ ਵੱਡੀਆਂ ਹੋਣਗੀਆਂ, ਅਸੀਂ ਦੇਖਾਂਗੇ ਕਿ ਸਰਵੀਕਲ ਕੈਂਸਰ ਕਾਰਨ ਹੋਰ ਵੀ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ।"

"ਨਵੀਂ ਖੋਜ ਦਿਖਾਉਂਦੀ ਹੈ ਕਿ ਐਚਪੀਵੀ ਟੀਕਾਕਰਨ ਦਾ ਪੱਧਰ ਉੱਚਾ ਬਣਾਈ ਰੱਖਣਾ ਕਿੰਨਾ ਜ਼ਰੂਰੀ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਸੁਰੱਖਿਅਤ ਕੀਤਾ ਜਾ ਸਕੇ।"

ਯੂਕੇ ਸਰਕਾਰ ਨੇ ਸਾਲ 2040 ਤੱਕ ਸਰਵੀਕਲ ਕੈਂਸਰ ਨੂੰ ਇੱਕ ਜਨਤਕ ਸਿਹਤ ਸਮੱਸਿਆ ਵਜੋਂ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ।

ਪਰ ਤਾਜ਼ਾ ਅੰਕੜੇ ਦੱਸਦੇ ਹਨ ਕਿ ਪੂਰੇ ਦੇਸ਼ ਵਿੱਚ ਵੈਕਸੀਨੇਸ਼ਨ ਦੀ ਦਰ ਸਿਫ਼ਾਰਸ਼ ਕੀਤੇ ਗਏ ਪੱਧਰ ਤੋਂ ਹੇਠਾਂ ਆ ਗਈ ਹੈ।

ਯੂਕੇ ਹੈਲਥ ਸਿਕਿਊਰਿਟੀ ਏਜੰਸੀ ਦੇ ਅੰਕੜਿਆਂ ਅਨੁਸਾਰ, 2024-25 ਵਿੱਚ ਇੰਗਲੈਂਡ ਵਿੱਚ 15 ਸਾਲ ਦੀ ਉਮਰ ਤੱਕ 76% ਕੁੜੀਆਂ ਨੂੰ ਵੈਕਸੀਨ ਲਗਾਈ ਗਈ ਸੀ, ਜੋ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਵੱਲੋਂ ਸਰਵੀਕਲ ਕੈਂਸਰ ਨੂੰ ਖ਼ਤਮ ਕਰਨ ਲਈ ਲੋੜੀਂਦੇ 90% ਦੇ ਟੀਚੇ ਤੋਂ ਕਾਫ਼ੀ ਘੱਟ ਹੈ।

ਪ੍ਰੋਫੈਸਰ ਸਸੀਨੀ

ਕੈਂਸਰ ਰਿਸਰਚ ਯੂਕੇ ਦੀ ਮਿਸ਼ੇਲ ਮਿਚਲ ਕਹਿੰਦੇ ਹਨ, "ਇਹ ਬਹੁਤ ਜ਼ਰੂਰੀ ਹੈ ਕਿ ਯੂਕੇ ਦੀ ਸਰਕਾਰ ਅਤੇ ਸਿਹਤ ਪ੍ਰਣਾਲੀਆਂ ਉਨ੍ਹਾਂ ਭਾਈਚਾਰਿਆਂ ਤੱਕ ਪਹੁੰਚਣ ਲਈ ਤੁਰੰਤ ਠੋਸ ਕਦਮ ਚੁੱਕਣ, ਜਿੱਥੇ ਵੈਕਸੀਨੇਸ਼ਨ ਦੀ ਦਰ ਸਭ ਤੋਂ ਘੱਟ ਹੈ।"

ਐਚਪੀਵੀ ਵੈਕਸੀਨ ਆਉਣ ਦੇ ਬਾਵਜੂਦ, 25 ਤੋਂ 64 ਸਾਲ ਦੀ ਉਮਰ ਦੀਆਂ ਮਹਿਲਾਵਾਂ ਨੂੰ ਅਜੇ ਵੀ ਸਰਵੀਕਲ ਸਕ੍ਰੀਨਿੰਗ (ਜਿਸ ਨੂੰ ਪਹਿਲਾਂ ਸਮੀਅਰ ਟੈਸਟ ਕਿਹਾ ਜਾਂਦਾ ਸੀ) ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਸਾਲ 2019 ਤੋਂ ਮੁੰਡਿਆਂ ਨੂੰ ਵੀ ਐੱਚਪੀਵੀ ਵੈਕਸੀਨ ਦਿੱਤੀ ਜਾ ਰਹੀ ਹੈ। ਇਹ ਉਨ੍ਹਾਂ ਨੂੰ ਐਨਲ, ਪੈਨਿਸ, ਗਲੇ ਅਤੇ ਮੂੰਹ ਦੇ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ ਅਤੇ ਉਨ੍ਹਾਂ ਰਾਹੀਂ ਕੁੜੀਆਂ ਵਿੱਚ ਵਾਇਰਸ ਫੈਲਣ ਦੇ ਖ਼ਤਰੇ ਨੂੰ ਵੀ ਘਟਾਉਂਦੀ ਹੈ।

ਇੰਗਲੈਂਡ ਦੇ ਹੈਲਥ ਐਂਡ ਸੋਸ਼ਲ ਕੇਅਰ ਡਿਪਾਰਟਮੈਂਟ ਨੇ ਕਿਹਾ ਕਿ ਇਸ ਅਧਿਐਨ ਤੋਂ "ਐਚਪੀਵੀ ਵੈਕਸੀਨੇਸ਼ਨ ਦੇ ਬੇਹੱਦ ਪ੍ਰਭਾਵਸ਼ਾਲੀ ਅਸਰ" ਦਾ ਪਤਾ ਲੱਗਦਾ ਹੈ।

ਇੱਕ ਬੁਲਾਰੇ ਨੇ ਕਿਹਾ, "ਅਸੀਂ ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ ਵਧਾ ਰਹੇ ਹਾਂ, ਤਾਂ ਜੋ ਵੱਧ ਤੋਂ ਵੱਧ ਨੌਜਵਾਨ ਇਸ ਜਾਨ ਬਚਾਉਣ ਵਾਲੀ ਸੁਰੱਖਿਆ ਦਾ ਲਾਭ ਲੈ ਸਕਣ - ਇਸ ਵਿੱਚ ਕਮਿਊਨਿਟੀ ਫਾਰਮੇਸੀ ਰਾਹੀਂ ਐਚਪੀਵੀ ਵੈਕਸੀਨੇਸ਼ਨ ਦੇ 'ਕੈਚ-ਅੱਪ' ਮੁਹਿੰਮਾਂ ਦੀ ਸ਼ੁਰੂਆਤ ਕਰਨਾ ਵੀ ਸ਼ਾਮਲ ਹੈ।"

ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਮਹਿਲਾਵਾਂ ਨੇ ਅਜੇ ਤੱਕ ਸਕ੍ਰੀਨਿੰਗ ਲਈ ਸੰਪਰਕ ਨਹੀਂ ਕੀਤਾ, ਉਨ੍ਹਾਂ ਨੂੰ ਐਚਪੀਵੀ ਸੈਲਫ਼-ਟੈਸਟਿੰਗ ਕਿੱਟਾਂ ਵੀ ਭੇਜੀਆਂ ਜਾ ਰਹੀਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)