ਪੈਨਕ੍ਰਿਆਟਿਕ ਕੈਂਸਰ ਦੇ ਇਲਾਜ ਵਿੱਚ ਕਿਹੜੀ ਕਾਮਯਾਬੀ ਮਿਲੀ, ਜਿਸ ਨੂੰ 'ਦਹਾਕਿਆਂ ਦੀ ਸਭ ਤੋਂ ਵੱਡੀ ਤਰੱਕੀ' ਮੰਨਿਆ ਜਾ ਰਿਹਾ

ਟ੍ਰਾਇਲ ਵਿੱਚ ਸ਼ਾਮਿਲ ਲਗਭਗ ਸਾਰੇ ਮਰੀਜ਼ਾਂ ਦੇ ਟਿਊਮਰ ਦਵਾਈ ਲੈਣ ਨਾਲ ਵਧਣੇ ਬੰਦ ਹੋ ਗਏ (ਸੰਕੇਤਕ ਤਸਵੀਰ)
ਤਸਵੀਰ ਕੈਪਸ਼ਨ, ਟ੍ਰਾਇਲ ਵਿੱਚ ਸ਼ਾਮਿਲ ਲਗਭਗ ਸਾਰੇ ਮਰੀਜ਼ਾਂ ਦੇ ਟਿਊਮਰ ਦਵਾਈ ਲੈਣ ਨਾਲ ਵਧਣੇ ਬੰਦ ਹੋ ਗਏ (ਸੰਕੇਤਕ ਤਸਵੀਰ)
    • ਲੇਖਕ, ਮਿਸ਼ੇਲ ਰੌਬਰਟਸ
    • ਰੋਲ, ਡਿਜੀਟਲ ਹੈਲਥ ਐਡੀਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਮਾਹਿਰ ਇਸ ਨੂੰ ਪੈਨਕ੍ਰਿਆਟਿਕ ਕੈਂਸਰ ਦੇ ਇਲਾਜ ਵਿੱਚ ਦਹਾਕਿਆਂ ਦੀ ਸਭ ਤੋਂ ਵੱਡੀ ਕਾਮਯਾਬੀ ਦੱਸ ਰਹੇ ਹਨ।

ਇਹ ਰੋਜ਼ਾਨਾ ਲਈ ਜਾਣ ਵਾਲੀ ਇੱਕ ਗੋਲੀ ਹੈ, ਜੋ ਇਸ ਜਾਨਲੇਵਾ ਅਤੇ ਇਲਾਜ ਵਿੱਚ ਮੁਸ਼ਕਿਲ ਕੈਂਸਰ ਦੇ ਕੁਝ ਮਰੀਜ਼ਾਂ ਵਿੱਚ ਟਿਊਮਰ ਨੂੰ ਛੋਟਾ ਕਰਨ ਅਤੇ ਸੰਭਵ ਤੌਰ 'ਤੇ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਮਦਦ ਕਰਦੀ ਦਿਖਾਈ ਦੇ ਰਹੀ ਹੈ।

ਸ਼ੁਰੂਆਤੀ ਮੈਡੀਕਲ ਟ੍ਰਾਇਲਾਂ ਵਿੱਚ ਕੀਮੋਥੈਰੇਪੀ ਦੇ ਨਾਲ ਡਾਰੈਕਸੋਨਰਾਸਿਬ ਲੈਣ ਵਾਲੇ ਹਰ 12 ਵਿੱਚੋਂ ਇੱਕ ਮਰੀਜ਼ ਦੇ ਸਕੈਨ ਵਿੱਚ ਕੈਂਸਰ ਦਾ ਪਤਾ ਨਹੀਂ ਲੱਗਿਆ।

ਟ੍ਰਾਇਲ ਵਿੱਚ ਸ਼ਾਮਿਲ 61 ਮਰੀਜ਼ਾਂ ਵਿੱਚੋਂ ਲਗਭਗ ਸਾਰਿਆਂ ਦੇ ਟਿਊਮਰ ਦਾ ਵਧਣਾ ਰੁਕ ਗਿਆ। ਇਨ੍ਹਾਂ ਮਰੀਜ਼ਾਂ ਨੂੰ ਹਾਲ ਹੀ ਵਿੱਚ ਐਡਵਾਂਸਡ ਪੈਨਕ੍ਰਿਆਟਿਕ ਕੈਂਸਰ ਹੋਣ ਦਾ ਪਤਾ ਲੱਗਿਆ ਸੀ, ਜੋ ਸਰੀਰ ਦੇ ਦੂਜੇ ਹਿੱਸਿਆਂ ਤੱਕ ਫੈਲ ਚੁੱਕਾ ਸੀ।

ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਦਵਾਈ ਕਿੰਨੇ ਸਮੇਂ ਤੱਕ ਬਿਮਾਰੀ ਨੂੰ ਕਾਬੂ ਵਿੱਚ ਰੱਖ ਸਕਦੀ ਹੈ। ਇਸ ਨੂੰ ਕੈਂਸਰ ਦਾ ਇਲਾਜ ਜਾਂ ਪੂਰੀ ਤਰ੍ਹਾਂ ਠੀਕ ਕਰਨ ਵਾਲੀ ਦਵਾਈ ਨਹੀਂ ਮੰਨਿਆ ਜਾਣਾ ਚਾਹੀਦਾ।

'ਦਹਾਕਿਆਂ ਵਿੱਚ ਸਭ ਤੋਂ ਵੱਡੀ ਤਰੱਕੀ'

ਡਾਰੈਕਸੋਨਰਾਸਿਬ ਅਤੇ ਕੀਮੋਥੈਰੇਪੀ ਨਾਲ ਇਲਾਜ ਤੋਂ ਪਹਿਲਾਂ (ਖੱਬੇ ਪਾਸੇ) ਅਤੇ ਬਾਅਦ ਦੇ ਸੀਟੀ ਸਕੈਨ। ਤਸਵੀਰ ਵਿੱਚ ਕਈ ਟਿਊਮਰ ਦਿਖਾਈ ਦੇ ਰਹੇ ਹਨ, ਜੋ ਇਲਾਜ ਤੋਂ ਬਾਅਦ ਨਜ਼ਰ ਨਹੀਂ ਆ ਰਹੇ
ਤਸਵੀਰ ਕੈਪਸ਼ਨ, ਡਾਰੈਕਸੋਨਰਾਸਿਬ ਅਤੇ ਕੀਮੋਥੈਰੇਪੀ ਨਾਲ ਇਲਾਜ ਤੋਂ ਪਹਿਲਾਂ (ਖੱਬੇ ਪਾਸੇ) ਅਤੇ ਬਾਅਦ ਦੇ ਸੀਟੀ ਸਕੈਨ। ਤਸਵੀਰ ਵਿੱਚ ਕਈ ਟਿਊਮਰ ਦਿਖਾਈ ਦੇ ਰਹੇ ਹਨ, ਜੋ ਇਲਾਜ ਤੋਂ ਬਾਅਦ ਨਜ਼ਰ ਨਹੀਂ ਆ ਰਹੇ

ਕੈਂਸਰ ਰਿਸਰਚ ਯੂਕੇ ਨੇ ਇਸ ਨੂੰ ਪੈਨਕ੍ਰਿਆਟਿਕ ਕੈਂਸਰ ਦੇ ਮਰੀਜ਼ਾਂ ਲਈ 'ਦਹਾਕਿਆਂ ਵਿੱਚ ਸਭ ਤੋਂ ਵੱਡੀ ਤਰੱਕੀ' ਦੱਸਿਆ ਹੈ।

ਸੰਸਥਾ ਦੇ ਡਾਕਟਰ ਸੈਮ ਗੌਡਫ੍ਰੇ ਨੇ ਬੀਬੀਸੀ ਨਿਊਜ਼ ਨੂੰ ਕਿਹਾ ਕਿ ਇਹ ਨਤੀਜੇ ਬੇਹੱਦ ਉਤਸ਼ਾਹਜਨਕ ਹਨ।

ਉਨ੍ਹਾਂ ਕਿਹਾ, "ਇਸ ਨਵੀਂ ਦਵਾਈ ਨੇ ਉਸ ਚੀਜ਼ ਨੂੰ ਦਵਾਈ ਰਾਹੀਂ ਕਾਬੂ ਕਰਨ ਦਾ ਤਰੀਕਾ ਲੱਭ ਲਿਆ ਹੈ, ਜਿਸ ਨੂੰ ਹੁਣ ਤੱਕ ਦਵਾਈ ਨਾਲ ਕਾਬੂ ਕਰਨਾ ਸੰਭਵ ਨਹੀਂ ਮੰਨਿਆ ਜਾਂਦਾ ਸੀ।"

ਉਨ੍ਹਾਂ ਕਿਹਾ, "ਆਖ਼ਰਕਾਰ ਅਸੀਂ ਪੈਨਕ੍ਰਿਆਟਿਕ ਕੈਂਸਰ ਦੇ ਇਲਾਜ ਵਿੱਚ ਉਹ ਤਰੱਕੀ ਦੇਖ ਰਹੇ ਹਾਂ, ਜਿਸ ਦੀ ਲੰਬੇ ਸਮੇਂ ਤੋਂ ਲੋੜ ਸੀ।"

ਪੈਨਕ੍ਰਿਆਟਿਕ ਕੈਂਸਰ ਦਾ ਇਲਾਜ ਬੇਹੱਦ ਮੁਸ਼ਕਿਲ ਮੰਨਿਆ ਜਾਂਦਾ ਹੈ। ਬ੍ਰਿਟੇਨ ਵਿੱਚ ਆਮ ਕੈਂਸਰ ਦੀਆਂ ਸਾਰੀਆਂ ਕਿਸਮਾਂ ਵਿੱਚ ਇਸ ਦੇ ਮਰੀਜ਼ਾਂ ਦੇ ਬਚਣ ਦੀ ਦਰ ਸਭ ਤੋਂ ਘੱਟ ਹੈ।

ਕੀਮੋਥੈਰੇਪੀ ਨਾਲ ਟਿਊਮਰ ਦਾ ਆਕਾਰ ਕੁਝ ਹੱਦ ਤੱਕ ਘਟ ਸਕਦਾ ਹੈ, ਪਰ ਅਕਸਰ ਕੈਂਸਰ ਮੁੜ ਵਧਣ ਲੱਗਦਾ ਹੈ।

ਐਡਵਾਂਸਡ ਕੈਂਸਰ ਤੋਂ ਪੀੜਤ ਜ਼ਿਆਦਾਤਰ ਮਰੀਜ਼ ਕੁਝ ਮਹੀਨੇ ਹੀ ਜਿਉਂਦੇ ਰਹਿੰਦੇ ਹਨ, ਸਾਲਾਂ ਤੱਕ ਨਹੀਂ।

ਡਾਕਟਰਾਂ ਨੂੰ ਉਮੀਦ ਹੈ ਕਿ ਨਵਾਂ ਇਲਾਜ ਮਰੀਜ਼ਾਂ ਨੂੰ ਵਧੇਰੇ ਸਮਾਂ ਦੇ ਸਕਦਾ ਹੈ, ਭਾਵੇਂ ਇਸ ਨਾਲ ਕੈਂਸਰ ਨੂੰ ਹਮੇਸ਼ਾ ਲਈ ਖ਼ਤਮ ਕਰਨਾ ਸੰਭਵ ਨਾ ਵੀ ਹੋਵੇ।

ਡਾਕਟਰ ਵੁੰਗਕੀ ਪਾਰਕ

ਇਸ ਟ੍ਰਾਇਲ ਵਿੱਚ ਮਰੀਜ਼ਾਂ 'ਤੇ ਔਸਤਨ ਡੇਢ ਸਾਲ ਤੱਕ ਨਜ਼ਰ ਰੱਖੀ ਗਈ। ਇਸ ਦੌਰਾਨ ਕੁਝ ਮਰੀਜ਼ਾਂ ਵਿੱਚ ਕੈਂਸਰ ਵਾਪਸ ਨਹੀਂ ਆਇਆ।

ਇਹ ਸਮਝਣ ਲਈ ਲੰਬੇ ਸਮੇਂ ਤੱਕ ਅਧਿਐਨ ਕਰਨ ਦੀ ਲੋੜ ਹੈ ਕਿ ਕੀ ਇਨ੍ਹਾਂ ਮਰੀਜ਼ਾਂ ਦਾ ਕੈਂਸਰ ਰਿਮਿਸ਼ਨ ਵਿੱਚ ਜਾ ਸਕਦਾ ਹੈ ਅਤੇ ਇਹ ਸਥਿਤੀ ਕਿੰਨੇ ਸਮੇਂ ਤੱਕ ਬਣੀ ਰਹਿ ਸਕਦੀ ਹੈ।

ਇਸ ਦੌਰਾਨ ਪਹਿਲੇ ਅਤੇ ਦੂਜੇ ਪੜਾਅ ਦੇ ਟ੍ਰਾਇਲਾਂ ਦੇ ਨਤੀਜੇ ਇਸ ਤਰ੍ਹਾਂ ਰਹੇ-

  • 90% ਮਰੀਜ਼ਾਂ ਵਿੱਚ ਟਿਊਮਰ ਦਾ ਵਧਣਾ ਰੁਕ ਗਿਆ।
  • 60% ਤੋਂ ਕੁਝ ਜ਼ਿਆਦਾ ਮਰੀਜ਼ਾਂ ਵਿੱਚ ਟਿਊਮਰ ਦਾ ਆਕਾਰ ਛੋਟਾ ਹੋਇਆ ਜਾਂ ਟਿਊਮਰ ਗਾਇਬ ਹੋ ਗਏ।
  • ਕਰੀਬ 8% ਮਰੀਜ਼ਾਂ ਯਾਨੀ ਹਰ 12 ਵਿੱਚੋਂ ਇੱਕ ਮਰੀਜ਼ ਦੇ ਸੀਟੀ ਸਕੈਨ ਵਿੱਚ ਟਿਊਮਰ ਦਾ ਪਤਾ ਨਹੀਂ ਲੱਗਿਆ।

ਲੰਬੇ ਸਮੇਂ ਤੱਕ ਜਿਉਂਦੇ ਰਹਿਣ ਦੀ ਉਮੀਦ ਜਾਗੀ

ਟ੍ਰਾਇਲ ਵਿੱਚ ਸ਼ਾਮਲ ਡਾਕਟਰ ਮੁਤਾਬਕ, ਦਵਾਈ ਦੇ ਅਸਰ ਨਾਲ ਬਿਮਾਰੀ ਨੂੰ ਲਗਭਗ ਦੁੱਗਣੇ ਸਮੇਂ ਤੱਕ ਕਾਬੂ ਵਿੱਚ ਰੱਖਿਆ ਜਾ ਸਕਿਆ
ਤਸਵੀਰ ਕੈਪਸ਼ਨ, ਟ੍ਰਾਇਲ ਵਿੱਚ ਸ਼ਾਮਲ ਡਾਕਟਰ ਮੁਤਾਬਕ, ਦਵਾਈ ਦੇ ਅਸਰ ਨਾਲ ਬਿਮਾਰੀ ਨੂੰ ਲਗਭਗ ਦੁੱਗਣੇ ਸਮੇਂ ਤੱਕ ਕਾਬੂ ਵਿੱਚ ਰੱਖਿਆ ਜਾ ਸਕਿਆ

ਅਮਰੀਕਾ ਦੇ ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ ਦੇ ਡਾਕਟਰ ਵੁੰਗਕੀ ਪਾਰਕ ਵੀ ਇਸ ਟ੍ਰਾਇਲ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇ ਨਤੀਜੇ ਬੇਹੱਦ ਉਤਸ਼ਾਹਜਨਕ ਹਨ।

ਉਨ੍ਹਾਂ ਕਿਹਾ, "ਅਸੀਂ ਨਾ ਸਿਰਫ਼ ਟਿਊਮਰ ਦੇ ਇਲਾਜ ਦਾ ਅਸਰ ਦਿਖਾਉਣ ਵਾਲੇ ਮਰੀਜ਼ਾਂ ਦਾ ਅਨੁਪਾਤ ਵਧਦਾ ਦੇਖ ਰਹੇ ਹਾਂ, ਸਗੋਂ ਇਲਾਜ ਦਾ ਅਸਰ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਹੋ ਰਿਹਾ ਹੈ। ਬਿਮਾਰੀ ਨੂੰ ਕਾਬੂ ਵਿੱਚ ਰੱਖਣ ਦੀ ਮਿਆਦ ਵੀ ਲਗਭਗ ਦੁੱਗਣੀ ਹੋ ਗਈ ਹੈ। ਇਸ ਨਾਲ ਭਵਿੱਖ ਵਿੱਚ ਮਰੀਜ਼ਾਂ ਦੇ ਲੰਬੇ ਸਮੇਂ ਤੱਕ ਜਿਉਂਦੇ ਰਹਿਣ ਦੀ ਸੰਭਾਵਨਾ ਵਧ ਸਕਦੀ ਹੈ।"

ਡਾਰੈਕਸੋਨਰਾਸਿਬ ਇੱਕ ਟਾਰਗੇਟਿਡ ਇਨਹਿਬਿਟਰ ਦਵਾਈ ਹੈ, ਜਿਸ ਨੂੰ ਅਮਰੀਕਾ ਵਿੱਚ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ। ਇਹ ਆਰਏਐੱਸ (ਆਰਏਐੱਸ) ਨਾਮ ਦੇ ਕੁਝ ਮਿਊਟੇਸ਼ਨ 'ਤੇ ਅਸਰ ਕਰਦੀ ਹੈ ਅਤੇ ਉਨ੍ਹਾਂ ਨੂੰ ਸਰਗਰਮ ਹੋਣ ਤੋਂ ਰੋਕਦੀ ਹੈ।

ਇਹ ਮਿਊਟੇਸ਼ਨ ਜ਼ਿਆਦਾਤਰ ਪੈਨਕ੍ਰਿਆਟਿਕ ਕੈਂਸਰ ਵਿੱਚ ਪਾਏ ਜਾਂਦੇ ਹਨ ਅਤੇ ਟਿਊਮਰ ਦੇ ਵਧਣ ਦਾ ਕਾਰਨ ਬਣਦੇ ਹਨ।

ਫੇਫੜਿਆਂ ਅਤੇ ਓਵਰੀ ਦੇ ਕੈਂਸਰ ਸਣੇ ਕਈ ਹੋਰ ਕਿਸਮਾਂ ਦੇ ਕੈਂਸਰ ਵਿੱਚ ਵੀ ਇਸੇ ਤਰ੍ਹਾਂ ਦੇ ਮਿਊਟੇਸ਼ਨ ਪਾਏ ਜਾ ਸਕਦੇ ਹਨ। ਅਜਿਹੇ ਵਿੱਚ ਇਹ ਦਵਾਈ ਦੂਜੇ ਕੈਂਸਰ ਦੇ ਮਰੀਜ਼ਾਂ ਲਈ ਵੀ ਮਦਦਗਾਰ ਹੋ ਸਕਦੀ ਹੈ।

ਡਾਕਟਰ ਗੌਡਫ੍ਰੇ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਪੈਨਕ੍ਰਿਆਟਿਕ ਕੈਂਸਰ ਵਿੱਚ ਜੋ ਸ਼ੁਰੂਆਤੀ ਸਫ਼ਲਤਾ ਦਿਖਾਈ ਦੇ ਰਹੀ ਹੈ, ਉਸ ਨੂੰ ਦੂਜੇ ਕੈਂਸਰਾਂ ਦੇ ਇਲਾਜ ਵਿੱਚ ਵੀ ਵਰਤਿਆ ਜਾ ਸਕੇਗਾ।"

ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਚੱਲਣ ਵਾਲੇ ਟ੍ਰਾਇਲ ਅਤੇ ਉਨ੍ਹਾਂ ਦੇ ਨਤੀਜੇ ਬੇਹੱਦ ਅਹਿਮ ਹਨ।

ਉਨ੍ਹਾਂ ਕਿਹਾ, "ਕੈਂਸਰ ਦੁਬਾਰਾ ਪਰਤ ਸਕਦਾ ਹੈ। ਸਕੈਨ ਵਿੱਚ ਇਸ ਦੇ ਕੋਈ ਸੰਕੇਤ ਨਾ ਦਿਖਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪੂਰੀ ਤਰ੍ਹਾਂ ਕੈਂਸਰ ਮੁਕਤ ਹੋ ਗਏ ਹੋ। ਇਸ ਲਈ ਹੋਰ ਸਮਾਂ ਬੀਤਣਾ ਜ਼ਰੂਰੀ ਹੈ।"

ਪੈਨਕ੍ਰਿਆਟਿਕ ਕੈਂਸਰ ਕਿੰਨਾ ਗੰਭੀਰ ਹੈ?

ਪੈਂਕ੍ਰਿਆਟਿਕ ਕੈਂਸਰ ਦਾ ਇਲਾਜ ਬੇਹੱਦ ਮੁਸ਼ਕਿਲ ਮੰਨਿਆ ਜਾਂਦਾ ਹੈ
ਤਸਵੀਰ ਕੈਪਸ਼ਨ, ਪੈਨਕ੍ਰਿਆਟਿਕ ਕੈਂਸਰ ਦਾ ਇਲਾਜ ਬੇਹੱਦ ਮੁਸ਼ਕਿਲ ਮੰਨਿਆ ਜਾਂਦਾ ਹੈ

ਯੂਰਪ ਵਿੱਚ ਹੋਣ ਵਾਲੇ ਇੱਕ ਕੈਂਸਰ ਸੰਮੇਲਨ ਈਓਆਰਟੀਸੀ-ਐਨਸੀਆਈ-ਏਏਸੀਆਰ ਸਿੰਪੋਜ਼ੀਅਮ 2026 ਦੇ ਪ੍ਰਧਾਨ ਪ੍ਰੋਫ਼ੈਸਰ ਐਲੇਨਾ ਗੈਰਾਲਡਾ ਨੇ ਕਿਹਾ, "ਇਹ ਨਤੀਜੇ ਉਤਸ਼ਾਹਜਨਕ ਹਨ, ਕਿਉਂਕਿ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਦੋਵਾਂ ਇਲਾਜਾਂ ਦੀ ਇਕੱਠਿਆਂ ਵਰਤੋਂ ਨਾਲ ਮਰੀਜ਼ਾਂ ਦੀ ਕੁੱਲ ਉਮਰ ਵਧ ਸਕਦੀ ਹੈ। ਇਸ ਨਾਲ ਟਿਊਮਰ ਦੇ ਮੁੜ ਵਧਣ ਤੱਕ ਦਾ ਸਮਾਂ ਵੀ ਵਧ ਸਕਦਾ ਹੈ।"

ਇਸ ਸੰਮੇਲਨ ਵਿੱਚ ਡਾਕਟਰਾਂ ਦੇ ਸਾਹਮਣੇ ਇਸ ਖੋਜ ਨੂੰ ਪੇਸ਼ ਕੀਤਾ ਜਾ ਰਿਹਾ ਹੈ।

ਅਮਰੀਕਾ ਵਿੱਚ ਹੋਣ ਵਾਲੇ ਕੁੱਲ ਕੈਂਸਰ ਦੇ ਮਾਮਲਿਆਂ ਵਿੱਚ ਪੈਨਕ੍ਰਿਆਟਿਕ ਕੈਂਸਰ ਦੀ ਹਿੱਸੇਦਾਰੀ ਕਰੀਬ 3 ਫ਼ੀਸਦੀ ਹੈ। ਕੈਂਸਰ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ ਕਰੀਬ 8 ਫ਼ੀਸਦੀ ਮੌਤਾਂ ਇਸੇ ਬਿਮਾਰੀ ਕਾਰਨ ਹੁੰਦੀਆਂ ਹਨ। ਹਰ ਸਾਲ ਇਸ ਬਿਮਾਰੀ ਨਾਲ ਕਰੀਬ 53,000 ਲੋਕਾਂ ਦੀ ਮੌਤ ਹੁੰਦੀ ਹੈ।

ਕੈਂਸਰ ਰਿਸਰਚ ਯੂਕੇ ਮੁਤਾਬਕ, ਬ੍ਰਿਟੇਨ ਵਿੱਚ ਹਰ ਸਾਲ ਪੈਨਕ੍ਰਿਆਟਿਕ ਕੈਂਸਰ ਦੇ ਕਰੀਬ 11,500 ਮਾਮਲੇ ਸਾਹਮਣੇ ਆਉਂਦੇ ਹਨ ਅਤੇ ਲਗਭਗ 10,200 ਲੋਕਾਂ ਦੀ ਇਸ ਨਾਲ ਮੌਤ ਹੋ ਜਾਂਦੀ ਹੈ।

ਅਦਾਕਾਰ ਐਲਨ ਰਿਕਮੈਨ ਦੀ ਵੀ 2016 ਵਿੱਚ ਇਸੇ ਬਿਮਾਰੀ ਨਾਲ ਮੌਤ ਹੋ ਗਈ ਸੀ। ਬਿਮਾਰੀ ਦਾ ਪਤਾ ਲੱਗਣ ਤੋਂ ਪੰਜ ਮਹੀਨੇ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਪੈਨਕ੍ਰਿਆਟਿਕ ਕੈਂਸਰ ਦੇ ਲੱਛਣਾਂ ਵਿੱਚ ਪੀਲੀਆ, ਚਮੜੀ 'ਤੇ ਖੁਜਲੀ, ਪਿਸ਼ਾਬ ਦਾ ਰੰਗ ਗੂੜ੍ਹਾ ਹੋਣਾ, ਮਲ ਦਾ ਰੰਗ ਹਲਕਾ ਹੋਣਾ, ਬਿਨਾਂ ਕਿਸੇ ਸਪਸ਼ਟ ਕਾਰਨ ਦੇ ਭਾਰ ਘਟਣਾ, ਥਕਾਵਟ ਅਤੇ ਤੇਜ਼ ਬੁਖ਼ਾਰ ਸ਼ਾਮਿਲ ਹੋ ਸਕਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)