ਲੋਕਾਂ ਸਾਹਮਣੇ ਬਹੁਤ ਖੁਸ਼ ਨਜ਼ਰ ਆ ਰਿਹਾ ਸ਼ਖਸ ਅਸਲ 'ਚ ਡਿਪਰੈਸ਼ਨ ਨਾਲ ਜੂਝ ਰਿਹਾ ਹੋ ਸਕਦਾ ਹੈ, ਕਿਵੇਂ ਪਛਾਣ ਸਕਦੇ ਹੋ 'ਸਮਾਇਲਿੰਗ ਡਿਪਰੈਸ਼ਨ'

ਤਸਵੀਰ ਸਰੋਤ, Getty Images
- ਲੇਖਕ, ਇਸਾਬੇਲ ਸ਼ਾਅ
- ਰੋਲ, ਗਲੋਬਲ ਹੈਲਥ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਕਿਸੇ ਡਿਪਰੈਸ਼ਨ ਦੇ ਸ਼ਿਕਾਰ ਵਿਅਕਤੀ ਦੀ ਕਲਪਨਾ ਕਰੋ ਤਾਂ ਸ਼ਾਇਦ ਤੁਹਾਡੇ ਮਨ ਵਿੱਚ ਇੱਕ ਅਜਿਹੀ ਤਸਵੀਰ ਉੱਭਰੇ ਜਿਸ ਵਿੱਚ ਉਹ ਬਿਸਤਰ ਤੋਂ ਉੱਠਣ ਲਈ ਵੀ ਸੰਘਰਸ਼ ਕਰ ਰਿਹਾ ਹੋਵੇ।
ਹੋ ਸਕਦਾ ਹੈ ਕਿ ਅਜਿਹੇ ਲੋਕ ਬਹੁਤ ਰੋਂਦੇ ਹੋਣ, ਦੋਸਤਾਂ ਤੋਂ ਦੂਰੀ ਬਣਾ ਲੈਣ ਜਾਂ ਦਿਨ ਗੁਜ਼ਾਰਨ ਲਈ ਉਨ੍ਹਾਂ ਵਿੱਚ ਮੁਸ਼ਕਿਲ ਨਾਲ ਹੀ ਊਰਜਾ ਬਚਦੀ ਹੈ।
ਤੁਸੀਂ ਸ਼ਾਇਦ ਅਜਿਹੇ ਵਿਅਕਤੀ ਦੀ ਕਲਪਨਾ ਨਹੀਂ ਕਰੋਗੇ ਜੋ ਰਾਤ ਦੇ ਖਾਣੇ ਦੌਰਾਨ ਚੁਟਕਲੇ ਸੁਣਾਉਂਦਾ ਹੋਵੇ ਸਰਗਰਮ ਸਮਾਜਿਕ ਜੀਵਨ ਜਿਉਂਦਾ ਹੋਵੇ ਅਤੇ ਦਫ਼ਤਰ ਵਿੱਚ ਵੀ ਚੰਗਾ ਕੰਮ ਕਰਦਾ ਹੋਵੇ।
ਪਰ 'ਸਮਾਇਲਿੰਗ ਡਿਪਰੈਸ਼ਨ' ਨਾਲ ਪੀੜਤ ਲੋਕਾਂ ਲਈ ਇਹ ਆਮ ਗੱਲ ਹੈ।
ਇਸ ਤਰ੍ਹਾਂ ਦੇ ਡਿਪਰੈਸ਼ਨ ਨਾਲ ਪੀੜਤ ਲੋਕ ਆਪਣੇ ਦੋਸਤਾਂ ਜਾਂ ਸਹਿਕਰਮੀਆਂ ਨੂੰ ਨਹੀਂ ਬਲਕਿ ਖੁਦ ਨੂੰ ਧੋਖਾ ਦੇ ਰਹੇ ਹੁੰਦੇ ਹਨ।
ਸਮਾਇਲਿੰਗ ਡਿਪਰੈਸ਼ਨ ਕੀ ਹੈ ?

ਤਸਵੀਰ ਸਰੋਤ, Getty Images
ਸਮਾਇਲਿੰਗ ਡਿਪਰੈਸ਼ਨ ਅਧਿਕਾਰਕ ਤੌਰ 'ਤੇ ਮਾਨਤਾ ਪ੍ਰਾਪਤ ਬਿਮਾਰੀ ਨਹੀਂ ਹੈ, ਪਰ ਪਿਛਲੇ ਪੰਜ ਸਾਲਾਂ ਵਿੱਚ ਇੰਟਰਨੈਟ 'ਤੇ ਇਸ ਸ਼ਬਦ ਦੀ ਖੋਜ ਵਿੱਚ ਪੰਜਾਹ ਫ਼ੀਸਦੀ ਵਾਧਾ ਹੋਇਆ ਹੈ।
ਬ੍ਰਿਟੇਨ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਮਾਨਸਿਕ ਸਿਹਤ ਰਿਸਰਚਰ ਡਾ.ਓਲੇਵੀਆ ਰੇਮੇਸ ਕਹਿੰਦੀ ਹੈ, "ਇਸ ਦਾ ਮਤਲਬ ਹੈ ਬਾਹਰੋਂ ਖੁਸ਼ ਦਿਸਣਾ, ਜਦੋਂ ਕਿ ਅੰਦਰੋਂ ਤੁਸੀਂ ਉਦਾਸ ਅਤੇ ਨਿਰਾਸ਼ ਮਹਿਸੂਸ ਕਰ ਰਹੇ ਹੋਵੇ।"
ਅਸੀਂ ਸਾਰੇ ਕਦੇ ਕਦੇ ਉਦਾਸ ਮਹਿਸੂਸ ਕਰਦੇ ਹਾਂ। ਪਰ ਵਿਸ਼ਵ ਸਿਹਤ ਸੰਗਠਨ ਮੁਤਾਬਕ, ਦੁਨੀਆਂ ਭਰ ਵਿੱਚ ਕਰੀਬ 32 ਕਰੋੜ ਲੋਕਾਂ ਲਈ ਇਹ ਭਾਵਨਾਵਾਂ ਡਿਪਰੈਸ਼ਨ ਵਿੱਚ ਬਦਲ ਜਾਂਦੀਆਂ ਹਨ।
ਇਹ ਉਹ ਸਥਿਤੀ ਹੈ ਜਦੋਂ ਲਗਾਤਾਰ ਉਦਾਸੀ ਜਾਂ ਰੁਚੀ ਅਤੇ ਅਨੰਦ ਦੀ ਕਮੀ ਜਿਹੇ ਲੱਛਣ ਹਫਤਿਆਂ ਜਾਂ ਮਹੀਨਿਆਂ ਤੱਕ ਬਣੇ ਰਹਿੰਦੇ ਹਨ ਜਿਸ ਨਾਲ ਕੰਮ, ਰਿਸ਼ਤੇ, ਨੀਂਦ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ।
ਪਰ ਡਿਪਰੈਸ਼ਨ ਹਮੇਸ਼ਾ ਉਸੇ ਤਰ੍ਹਾਂ ਨਹੀਂ ਦਿਖਦਾ ਜਿਵੇਂ ਅਸੀਂ ਉਮੀਦ ਕਰਦੇ ਹਾਂ।
ਅਧਿਐਨਾਂ ਤੋਂ ਪਤਾ ਲਗਦਾ ਹੈ ਕਿ ਡਿਪਰੈਸ਼ਨ ਤੋਂ ਪੀੜਤ ਤਕਰੀਬਨ 40 ਫ਼ੀਸਦੀ ਲੋਕ ਅਸਧਾਰਨ ਮਹਿਸੂਸ ਕਰਦੇ ਹਨ। ਇਨ੍ਹਾਂ ਮਾਮਲਿਆਂ ਵਿੱਚ ਲੱਛਣ, ਆਮ ਧਾਰਨਾਵਾਂ ਨਾਲੋਂ ਵੱਖਰੇ ਹੁੰਦੇ ਹਨ।
ਉਦਾਹਰਨ ਵਜੋਂ, ਕੋਈ ਵਿਅਕਤੀ ਆਮ ਤੋਂ ਘੱਟ ਸੌਣ ਜਾਂ ਖਾਣ ਦੀ ਬਜਾਏ ਜ਼ਿਆਦਾ ਸੌਂ ਜਾਂ ਖਾ ਸਕਦਾ ਹੈ ਜਦਕਿ ਕੁਝ ਚੰਗਾ ਜਾਂ ਰੋਮਾਂਚਕ ਹੋਣ 'ਤੇ ਉਸ ਦਾ ਮੂਡ ਅਸਥਾਈ ਰੂਪ ਨਾਲ ਬਿਹਤਰ ਹੋ ਸਕਦਾ ਹੈ।
ਅਤੇ ਇਸ ਗੱਲ ਦੇ ਵੀ ਸਬੂਤ ਹੈ ਕਿ ਡਿਪਰੈਸ਼ਨ ਨਾਲ ਗ੍ਰਸਤ ਲੋਕ ਆਪਣੇ ਲੱਛਣਾਂ ਜਾਂ ਭਾਵਨਾਵਾਂ ਨੂੰ ਲੁਕੋ ਕੇ ਖੁਦ ਨੂੰ ਦੂਸਰਿਆਂ ਦੇ ਨਾਲ ਘੁਲਮਿਲ ਜਾਣ ਦੀ ਕੋਸ਼ਿਸ਼ ਕਰਦੇ ਹਨ ਜਿਸ ਨੂੰ 'ਮਾਸਕਿੰਗ' ਵੀ ਕਿਹਾ ਜਾਂਦਾ ਹੈ।
ਲੋਕ ਡਿਪਰੈਸ਼ਨ ਨੂੰ ਕਿਉਂ ਲੁਕਾਉਂਦੇ ਹਨ ?

ਤਸਵੀਰ ਸਰੋਤ, Getty Images
ਕੁਝ ਲੋਕ ਜੋ 'ਮੁਸਕਰਾਉਂਦੇ ਹੋਏ ਡਿਪਰੈਸ਼ਨ' ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਡਿਪਰੈਸ਼ਨ ਤੋਂ ਪੀੜਤ ਹਨ, ਇਸ ਲਈ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਨੂੰ ਲੁਕੋ ਰਹੇ ਹਨ।
ਰੇਮੇਸ ਦਾ ਕਹਿਣਾ ਹੈ, "ਉਹ ਸ਼ਾਇਦ ਸੋਚਦੇ ਹੋਣਗੇ ਕਿ ਉਨ੍ਹਾਂ ਦੇ ਲੱਛਣ ਰੁੱਝੇ ਅਤੇ ਤਣਾਅਪੂਰਨ ਜੀਵਨ ਜਿਉਣ ਦਾ ਇੱਕ ਸੁਭਾਵਿਕ ਨਤੀਜਾ ਹੈ।"
ਕੁਝ ਲੋਕ ਸ਼ਾਇਦ ਇਹ ਮੰਨਦੇ ਹਨ ਕਿ ਉਨ੍ਹਾਂ ਨੂੰ ਪਰੇਸ਼ਾਨੀ ਹੈ ਪਰ ਉਹ ਇਸ ਗੱਲ ਨੂੰ ਲੁਕਾਉਣ ਲਈ ਬਹੁਤ ਮਿਹਨਤ ਕਰਦੇ ਹਨ ਕਿ ਕੋਈ ਹੋਰ ਇਸ ਨੂੰ ਨੋਟਿਸ ਨਾ ਕਰੇ।
ਰੇਮੇਸ ਕਹਿੰਦੀ ਹੈ,"ਉਨ੍ਹਾਂ ਦੀਆਂ ਆਪਣੇ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ ਅਤੇ ਉਹ ਸ਼ਾਇਦ ਖੁਦ ਤੋਂ ਜਾਂ ਦੂਜਿਆਂ ਤੋਂ ਇਹ ਸਵੀਕਾਰ ਕਰਨਾ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਕੋਈ ਦਿੱਕਤ ਹੈ।"
ਕੁਝ ਲੋਕ ਬਦਨਾਮੀ ਅਤੇ ਦੂਜਿਆਂ 'ਤੇ ਬੋਝ ਬਣਨ ਤੋਂ ਡਰਦੇ ਹਨ। ਅਧਿਐਨਾਂ ਤੋਂ ਪਤਾ ਲਗਦਾ ਹੈ ਕਿ ਕੁਝ ਲੋਕ ਦਫ਼ਤਰ ਜਾਂ ਰਿਸ਼ਤਿਆਂ ਵਿੱਚ ਅਲੋਚਨਾ ਦਾ ਸਾਹਮਣਾ ਕਰਨ ਤੋਂ ਚਿੰਤਤ ਹੋ ਸਕਦੇ ਹਨ।
ਸੱਭਿਆਚਾਰਕ ਜਾਂ ਪਰਿਵਾਰਕ ਉਮੀਦਾਂ ਵੀ ਖੁੱਲ੍ਹ ਕੇ ਬੋਲਣ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ।
ਡਿਪਰੈਸ਼ਨ ਨੂੰ ਲੁਕਾਉਣ ਦੇ ਕੀ ਜੋਖਮ ਹਨ ?
ਮਾਹਿਰਾਂ ਦਾ ਕਹਿਣਾ ਹੈ ਕਿ ਦਿਖਾਵਾ ਕਰਨਾ ਖਤਰਨਾਕ ਹੋ ਸਕਦਾ ਹੈ।
ਬ੍ਰਿਟੇਨ ਨੇ ਹੀ ਐਕਸੇਟਰ ਯੂਨੀਵਰਸਿਟੀ ਵਿੱਚ ਕਲੀਨਿਕਲ ਮਨੋਵਿਗਿਆਨੀ ਪ੍ਰੋਫੈਸਰ ਬਾਰਨੀ ਡਨ ਕਹਿੰਦੇ ਹਨ, " ਡਿਪਰੈਸ਼ਨ ਸਾਨੂੰ ਵੱਖ ਵੱਖ ਕਰ ਦਿੰਦਾ ਹੈ ਅਤੇ ਮੈਨੂੰ ਇਕੱਲਾਪਣ ਮਹਿਸੂਸ ਕਰਾਉਂਦਾ ਹੈ ਅਤੇ ਅਕਸਰ ਉਦਾਸੀ ਤੋਂ ਉਬਰਨ ਦਾ ਸਭ ਤੋਂ ਚੰਗਾ ਉਪਾਅ ਦੂਜਿਆਂ ਨਾਲ ਜੁੜਨਾ ਹੁੰਦਾ ਹੈ।"
ਇਸ ਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਲੋਕਾਂ ਨੂੰ ਉਹ ਮਦਦ ਨਾ ਮਿਲੇ ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਹੈ।
ਰੇਮੇਸ ਦਾ ਕਹਿਣਾ ਹੈ, " ਜੇ ਇਨ੍ਹਾਂ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਤਾਂ ਇਹ ਗੰਭੀਰ ਲੰਬੇ ਸਮੇਂ ਦੀ ਸਮੱਸਿਆ ਵਿੱਚ ਬਦਲ ਸਕਦੇ ਹਨ ਅਤੇ ਖੁਦਕੁਸ਼ੀ ਦਾ ਖਤਰਾ ਵਧਾ ਸਕਦੇ ਹਨ।"
ਡਿਪਰੈਸ਼ਨ ਦੇ ਸੱਤ ਲੱਛਣ

ਤਸਵੀਰ ਸਰੋਤ, Getty Images
ਜਦੋਂ ਤੁਸੀਂ ਚੰਗੀ ਤਰ੍ਹਾਂ ਸਥਿਤੀ ਦਾ ਸਾਹਮਣਾ ਕਰ ਰਹੇ ਹੋਵੋ ਤਾਂ ਕੁਝ ਬਦਲਾਵਾਂ ਨੂੰ ਨਜ਼ਰਅੰਦਾਜ਼ ਕਰਨਾ ਸੌਖਾ ਹੋ ਸਕਦਾ ਹੈ।
1.ਤੁਹਾਨੂੰ ਚੀਜ਼ਾਂ ਵਿੱਚ ਅਨੰਦ ਆਉਣਾ ਬੰਦ ਹੋ ਗਿਆ ਹੋਵੇ
ਜਿਹੜੇ ਕੰਮਾਂ ਦਾ ਤੁਸੀਂ ਆਮ ਤੌਰ 'ਤੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋਵੋ, ਜਿਵੇਂ ਦੋਸਤਾਂ ਨੂੰ ਮਿਲਣਾ, ਜਿਮ ਜਾਣਾ ਜਾਂ ਆਪਣਾ ਪਸੰਦੀਦਾ ਟੀਵੀ ਸ਼ੋਅ ਦੇਖਣਾ- ਉਹ ਹੁਣ ਬੋਝ ਲੱਗਣ ਲੱਗੇ ਤਾਂ ਥੋੜ੍ਹਾ ਹੋਰ ਗਹਿਰਾਈ ਨਾਲ ਜਾਂਚਣਾ ਫਾਇਦੇਮੰਦ ਹੋ ਸਕਦਾ ਹੈ।
ਰੇਮੇਸ ਦਾ ਕਹਿਣਾ ਹੈ, "ਆਮ ਸ਼ੌਂਕ ਵਿੱਚ ਰੁਚੀ ਜਾਂ ਅਨੰਦ ਦੀ ਕਮੀ ਦਾ ਕਾਰਨ ਰੁਝੇਵਾਂ ਅਤੇ ਤੇਜ਼ ਰਫਤਾਰ ਜੀਵਨਸ਼ੈਲੀ ਨੂੰ ਦੱਸਣਾ ਸੌਖਾ ਹੈ।"
2.ਤੁਹਾਡੇ ਹੱਥ ਜਾਂ ਪੈਰ ਅਸਧਾਰਨ ਤਰੀਕੇ ਨਾਲ ਭਾਰੀ ਮਹਿਸੂਸ ਹੁੰਦੇ ਹਨ
ਲੀਡਨ ਪੈਰਾਲਿਸਿਸ ਦੇ ਨਾਮ ਨਾਲ ਜਾਣੀ ਜਾਣ ਵਾਲੀ ਇਸ ਸਥਿਤੀ ਵਿੱਚ ਹੱਥ ਪੈਰ ਭਾਰੀ ਮਹਿਸੂਸ ਹੁੰਦੇ ਹਨ। ਅਜਿਹੇ ਵਿੱਚ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਲਈ ਵੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਹ ਅਸਧਾਰਨ ਡਿਪਰੈਸ਼ਨ ਦਾ ਸੰਕੇਤ ਹੋ ਸਕਦਾ ਹੈ।
3.ਤੁਸੀਂ ਵਾਰ-ਵਾਰ ਯੋਜਨਾਵਾਂ ਰੱਦ ਕਰਦੇ ਰਹਿੰਦੇ ਹੋ
ਤੁਸੀਂ ਕਦੇ ਕਦੇ ਦੂਜਿਆਂ ਦੇ ਸਾਹਮਣੇ ਬਹਿਤਰੀਨ ਸਥਿਤੀ ਵਿੱਚ ਦਿਖਾਈ ਦੇ ਸਕਦੇ ਹੋ ਪਰ ਜਦੋਂ ਤੁਹਾਡਾ ਮੂਡ ਖਰਾਬ ਹੋ ਜਾਂਦਾ ਹੈ ਅਤੇ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਲੁਕੋ ਨਹੀਂ ਪਾਉਂਦੇ ਤਾਂ ਤੁਸੀਂ ਯੋਜਨਾਵਾਂ ਰੱਦ ਕਰ ਦਿੰਦੇ ਹੋ।
4.ਤੁਸੀਂ ਜ਼ਿਆਦਾ ਸੌਂ ਰਹੇ ਹੋ- ਪਰ ਫਿਰ ਵੀ ਥੱਕਿਆ ਮਹਿਸੂਸ ਕਰਦੇ ਹੋ
ਤੁਸੀਂ ਸ਼ਾਇਦ ਹਾਲੇ ਵੀ ਆਪਣੇ ਸਾਰੇ ਸਧਾਰਨ ਕੰਮ ਕਰ ਰਹੇ ਹੋਵੋਗੇ, ਪਰ ਨਾਲ ਹੀ ਤੁਸੀਂ ਲਗਾਤਾਰ ਥੱਕਿਆ ਹੋਇਆ ਮਹਿਸੂਸ ਕਰ ਰਹੇ ਹੋਵੋਗੇ।
ਰੇਮੇਸ ਦਾ ਕਹਿਣਾ ਹੈ, "ਸ਼ਾਮਾਂ ਖਾਸ ਕਰਕੇ ਔਖੀਆਂ ਹੋ ਸਕਦੀਆਂ ਹਨ, ਕਿਉਂਕਿ ਇਸ ਸਥਿਤੀ ਨਾਲ ਪੀੜਤ ਲੋਕਾਂ ਨੂੰ ਦਿਨ ਦੇ ਅੰਤ ਵਿੱਚ ਜ਼ਿਆਦਾ ਖ਼ਰਾਬ ਮਹਿਸੂਸ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਆਮ ਤੋਂ ਜ਼ਿਆਦਾ ਨੀਂਦ ਦੀ ਲੋੜ ਹੋ ਸਕਦੀ ਹੈ।"
5.ਤੁਸੀਂ ਅਲੋਚਨਾ ਜਾਂ ਅਸਵੀਕਾਰਤਾ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋ
ਤੁਹਾਡੇ ਬੌਸ ਦੀ ਇੱਕ ਮਾਮੂਲੀ ਟਿੱਪਣੀ ਜਾਂ ਕਿਸੇ ਦੋਸਤ ਵੱਲੋਂ ਯੋਜਨਾ ਰੱਦ ਕਰ ਦੇਣਾ, ਆਮ ਤੋਂ ਕਿਤੇ ਜ਼ਿਆਦਾ ਚੁਭ ਸਕਦਾ ਹੈ।
ਰੇਮੇਸ ਦਾ ਕਹਿਣਾ ਹੈ ਕਿ ਅਲੋਚਨਾ ਜਾਂ ਅਸਵੀਕਾਰਤਾ ਪ੍ਰਤੀ ਵਧੀ ਹੋਈ ਸੰਵੇਦਨਸ਼ੀਲਤਾ ਜਿਸ ਦਾ ਅਨੁਭਵ ਏਐਚਡੀ ਨਾਲ ਪੀੜਤ ਲੋਕ ਵੀ ਕਰ ਸਕਦੇ ਹਨ, ਅਸਧਾਰਨ ਡਿਪਰੈਸ਼ਨ ਦੀ ਇਕ ਵਿਸ਼ੇਸ਼ਤਾ ਹੈ।
6.ਤੁਸੀਂ ਹਮੇਸ਼ਾ ਜਾਂ ਤਾਂ ਮਜ਼ਾਕੀਆ ਹੁੰਦੇ ਹੋ ਜਾਂ ਮਦਦਗਾਰ
ਡਿਪਰੈਸ਼ਨ ਨਾਲ ਜੂਝ ਰਿਹਾ ਵਿਅਕਤੀ ਖੁਦ ਨੂੰ ਅਲੱਗ ਥਲੱਗ ਨਹੀਂ ਕਰ ਲੈੰਦਾ ਅਤੇ ਅਕਸਰ ਇਸ ਦੇ ਉਲਟ ਰਵੱਈਆ ਕਰ ਸਕਦਾ ਹੈ ਜਿਵੇਂ ਕਿ ਪਾਰਟੀ ਦੀ ਜਾਨ ਬਣਨਾ, ਕੰਮ ਵਿੱਚ ਖੁਦ ਨੂੰ ਪੂਰੀ ਤਰ੍ਹਾਂ ਲਗਾ ਦੇਣਾ ਜਾਂ ਦੂਜਿਆਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਾ।
7.ਤੁਹਾਡੇ ਮਨ ਵਿੱਚ ਲਗਾਤਾਰ ਨਕਰਾਤਮਕ ਵਿਚਾਰ ਆਉਂਦੇ ਰਹਿੰਦੇ ਹਨ
ਤੁਸੀਂ ਆਤਮ ਵਿਸ਼ਵਾਸ ਨਾਲ ਭਰੇ ਹੋਏ ਦਿਸ ਸਕਦੇ ਹੋ। ਜਦਕਿ ਅੰਦਰ ਹੀ ਅੰਦਰ ਤੁਸੀਂ ਖੁਦ ਦੀ ਬਹੁਤ ਅਲੋਚਨਾ ਕਰਦੇ ਹੋ।
ਖੁਦ 'ਤੇ ਸ਼ੱਕ, ਬੇਕਾਰ ਹੋਣ ਦੀ ਭਾਵਨਾ ਅਤੇ ਖਾਲੀਪਣ ਦੇ ਵਿਚਾਰ ਸੰਭਾਵਿਤ ਚੇਤਾਵਨੀ ਸੰਕੇਤ ਹੋ ਸਕਦੇ ਹਨ।
ਕੀ ਹੈ ਇਸ ਸਮੱਸਿਆ ਦਾ ਹੱਲ?

ਤਸਵੀਰ ਸਰੋਤ, Getty Images
'ਮੁਸਕਰਾਉਂਦੀ ਹੋਈ ਉਦਾਸੀ' ਸ਼ਬਦ ਦੀ ਵੀ ਅਲੋਚਨਾ ਕਰਨ ਵਾਲੇ ਘੱਟ ਨਹੀਂ ਹਨ।
ਰੇਮੇਸ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਲੋਕਾਂ ਨੂੰ ਉਨ੍ਹਾਂ ਦੇ ਅਨੁਭਵਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਨਾਮ ਦੇਣ ਵਿੱਚ ਮਦਦ ਕਰ ਸਕਦਾ ਹੈ ਪਰ ਇਹ ਇੱਕ ਜਟਿਲ ਅਨੁਭਵ ਨੂੰ ਬੇਹਦ ਸਰਲ ਵੀ ਕਰ ਸਕਦਾ ਹੈ।
ਉਹ ਕਹਿੰਦੀ ਹੈ, "'ਮੁਸਕਰਾਉਣਾ' ਸ਼ਬਦ ਨਾਲ ਮਨ ਵਿੱਚ ਖੁਸ਼ੀ ਦਾ ਭਾਵ ਆਉਂਦਾ ਹੈ, ਪਰ ਇਸ ਸਥਿਤੀ ਦੀ ਖਾਸੀਅਤ ਅਸਲ ਵਿੱਚ ਨਿਰਾਸ਼ਾ, ਖਾਲੀਪਨ ਅਤੇ ਅਰਥਹੀਣਤਾ ਹੈ।"
ਡਨ ਸੁਝਾਅ ਦਿੰਦੇ ਹਨ ਕਿ ਸ਼ੁਰੂਆਤ ਵਿਚ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਆਪਣੀਆਂ ਭਾਵਨਾਵਾਂ ਬਾਰੇ ਥੋੜ੍ਹੀ ਬਹੁਤ ਗੱਲ ਕਰਕੇ ਸ਼ੁਰੂਆਤ ਕਰੋ ਜਿਸ 'ਤੇ ਤੁਸੀਂ ਭਰੋਸਾ ਕਰਦੇ ਹੋ।
ਉਹ ਕਹਿੰਦੇ ਹਨ, "ਅਕਸਰ ਲੋਕ ਇਹ ਦੇਖ ਕੇ ਹੈਰਾਨ ਹੁੰਦੇ ਹਨ ਕਿ ਇਸ ਨਾਲ ਦੂਜਿਆਂ ਨਾਲ ਉਨ੍ਹਾਂ ਦੇ ਰਿਸ਼ਤੇ ਮਜ਼ਬੂਤ ਹੋ ਸਕਦੇ ਹਨ, ਉਨ੍ਹਾਂ ਨੂੰ ਜੁੜਾਅ ਮਹਿਸੂਸ ਕਰਨ ਵਿੱਚ ਮਦਦ ਮਿਲ ਸਕਦੀ ਹੈ ਅੰਤ ਉਨ੍ਹਾਂ ਨੂੰ ਇਹ ਅਹਿਸਾਸ ਹੋ ਸਕਦਾ ਹੈ ਕਿ ਇਸ ਤਰ੍ਹਾਂ ਮਹਿਸੂਸ ਕਰਨ ਵਾਲੇ ਉਹ ਇਕੱਲੇ ਨਹੀਂ ਹਨ।"
ਉਹ ਕਹਿੰਦੇ ਹਨ, "ਇਸ ਗੱਲ ਦੇ ਸਬੂਤ ਹਨ ਕਿ ਗੱਲਬਾਤ, ਦਵਾਈਆਂ ਅਤੇ ਸਮਾਜਿਕ ਉਪਚਾਰ ਸਾਰੇ ਅਸਰਦਾਰ ਹੋ ਸਕਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































