ਪੰਜਾਬੀਆਂ ਵੱਲੋਂ ਸ਼ੁਰੂ ਕੀਤੇ ਲਾਹੌਰੀ ਜ਼ੀਰਾ ਅਤੇ ਕੈਂਪਾ ਜੀਰਾ ਵਰਗੇ ਹੋਰ ਫਿਜ਼ੀ ਡਰਿੰਕਜ਼ ਕਿਵੇਂ ਵੱਡੀਆਂ ਕੋਲਾ ਕੰਪਨੀਆਂ ਨੂੰ ਟੱਕਰ ਦੇ ਰਹੇ

ਤਸਵੀਰ ਸਰੋਤ, Chitral Khambhati/BBC
- ਲੇਖਕ, ਨਿਖਿਲ ਇਨਾਮਦਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਇਸ ਦੀ ਸ਼ੁਰੂਆਤ ਰਸੋਈ ਵਿੱਚ ਕੀਤੇ ਗਏ ਇੱਕ ਪ੍ਰਯੋਗ ਨਾਲ ਹੋਈ ਸੀ, ਉਹ ਵੀ ਅਚਾਨਕ।
ਪੰਜਾਬ ਵਿੱਚ ਰਹਿਣ ਵਾਲੇ ਤਿੰਨ ਚਚੇਰੇ ਭਰਾ - ਸੌਰਭ ਮੁੰਜਾਲ, ਨਿਖਿਲ ਡੋਡਾ ਅਤੇ ਸੌਰਭ ਭੁਟਨਾ - ਇੱਕ ਸ਼ਾਮ ਰਾਤ ਦੇ ਖਾਣੇ ਤੋਂ ਬਾਅਦ ਰਸੋਈ 'ਚ ਕੁਝ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਡੋਡਾ ਨੇ ਰਸੋਈ ਵਿੱਚ ਮੌਜੂਦ ਆਮ ਚੀਜ਼ਾਂ ਦੀ ਵਰਤੋਂ ਕਰਕੇ ਜੀਰੇ ਦੇ ਸਵਾਦ ਵਾਲਾ ਇੱਕ ਚਟਪਟਾ ਫਿਜ਼ੀ ਸੋਡਾ ਬਣਾ ਲਿਆ।
ਉਨ੍ਹਾਂ ਨੂੰ ਇਸ ਦਾ ਤਿੱਖਾ ਅਤੇ ਸਹਿਜ ਜਿਹਾ ਸਵਾਦ ਇੰਨਾ ਜ਼ਿਆਦਾ ਪਸੰਦ ਆਇਆ ਕਿ ਉਨ੍ਹਾਂ ਨੇ ਇਸ ਨੂੰ ਬਣਾ ਕੇ ਵੇਚਣ ਬਾਰੇ ਵੀ ਸੋਚਣਾ ਸ਼ੁਰੂ ਕਰ ਦਿੱਤਾ।
ਭਾਰਤ ਵਿੱਚ ਸੜਕਾਂ ਕਿਨਾਰੇ ਲੱਗਣ ਵਾਲੀਆਂ ਦੁਕਾਨਾਂ 'ਤੇ ਜੀਰੇ ਵਾਲਾ ਸੋਡਾ ਹਮੇਸ਼ਾ ਤੋਂ ਵਿਕਦਾ ਰਿਹਾ ਹੈ, ਪਰ ਇਹ ਬਾਜ਼ਾਰ ਵਿਵਸਥਿਤ ਨਹੀਂ ਸੀ ਅਤੇ ਇਸ ਵਿੱਚ ਸਿਰਫ਼ ਸਥਾਨਕ ਕੰਪਨੀਆਂ ਹੀ ਮੌਜੂਦ ਸਨ। ਕਿਸੇ ਨੇ ਵੀ ਇਸ ਸਵਾਦ ਨੂੰ ਲੈ ਕੇ ਕੋਈ ਵੱਡਾ ਕਾਰਬੋਨੇਟਿਡ ਡ੍ਰਿੰਕ (ਸੋਡਾ) ਬ੍ਰਾਂਡ ਨਹੀਂ ਬਣਾਇਆ ਸੀ।
ਇਨ੍ਹਾਂ ਤਿੰਨਾਂ ਭਰਾਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਕਿ ਉਹ ਉਨ੍ਹਾਂ ਦੇ ਇਸ ਕੰਮ ਵੀ ਕੁਝ ਪੂੰਜੀ ਨਿਵੇਸ਼ ਕਰਨ ਅਤੇ ਇਸ ਤਰ੍ਹਾਂ 2017 ਵਿੱਚ 'ਲਾਹੌਰੀ ਜ਼ੀਰਾ' (Lahori Zeera) ਲਾਂਚ ਕੀਤਾ।
ਕਰੀਬ ਇੱਕ ਦਹਾਕੇ ਬਾਅਦ ਇਹ ਡ੍ਰਿੰਕ ਭਾਰਤ ਵਿੱਚ ਕਾਫ਼ੀ ਮਸ਼ਹੂਰ ਹੋ ਗਈ ਹੈ। ਇਸ ਨੇ ਕੋਲਾ ਬਣਾਉਣ ਵਾਲੀਆਂ ਵੱਡੀਆਂ ਕੌਮਾਂਤਰੀ ਕੰਪਨੀਆਂ ਦੇ ਏਕਾਧਿਕਾਰ ਨੂੰ ਚੁਣੌਤੀ ਦਿੱਤੀ ਹੈ। ਖ਼ਾਸ ਤੌਰ 'ਤੇ 10 ਰੁਪਏ ਵਾਲੀ ਉਸ ਅਹਿਮ ਸ਼੍ਰੇਣੀ ਵਿੱਚ, ਜੋ ਆਮ ਗਾਹਕਾਂ ਵਿੱਚ ਬਹੁਤ ਮਸ਼ਹੂਰ ਹੈ।
ਇਸ ਸਾਲ ਕੰਪਨੀ ਦੀ ਆਮਦਨ 115 ਤੋਂ 120 ਮਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇਸ ਦੀ ਲੋਕਪ੍ਰਿਯਤਾ ਦਿਖਾਉਂਦੀ ਹੈ ਕਿ ਗਾਹਕ ਹੁਣ ਭਾਰਤੀ ਸਵਾਦਾਂ ਨੂੰ ਵਧੇਰੇ ਪਸੰਦ ਕਰ ਰਹੇ ਹਨ ਅਤੇ ਅਜਿਹੇ ਪੀਣ ਵਾਲੇ ਪਦਾਰਥਾਂ ਵੱਲ ਮੁੜ ਰਹੇ ਹਨ, ਜਿਨ੍ਹਾਂ ਨੂੰ ਉਹ ਸਿਹਤ ਲਈ ਵਧੇਰੇ ਚੰਗਾ ਮੰਨਦੇ ਹਨ।
'ਲਾਹੌਰੀ ਜ਼ੀਰਾ' ਜੀਰੇ ਵਾਲੇ ਸੋਡੇ ਦੇ ਉਨ੍ਹਾਂ ਕਈ ਬ੍ਰਾਂਡਾਂ ਵਿੱਚੋਂ ਇੱਕ ਹੈ, ਜੋ ਪਿਛਲੇ ਇੱਕ ਦਹਾਕੇ ਦੌਰਾਨ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਸਾਹਮਣੇ ਆਏ ਹਨ।
ਮੁੰਬਈ ਦੀ ਕੰਪਨੀ 'ਜ਼ੋਟਿਕ ਫਰੂਜਸ' ਦਾ 'ਜੀਰੂ' (Jeeru), ਅਰਬਪਤੀ ਮੁਕੇਸ਼ ਅੰਬਾਨੀ ਦੀ 'ਕੈਂਪਾ ਕੋਲਾ' (Campa Cola) ਦਾ 'ਕੈਂਪਾ ਜੀਰਾ' (Campa Jeera) ਅਤੇ 'ਹਾਊਸ ਆਫ ਬਿੰਦੂ' (House of Bindu) ਦਾ 'ਫਿਜ਼ ਜੀਰਾ ਮਸਾਲਾ' (Fizz Jeera Masala) ਵਰਗੇ ਕਈ ਹੋਰ ਬ੍ਰਾਂਡ ਵੀ ਬਾਜ਼ਾਰ ਵਿੱਚ ਮੌਜੂਦ ਹਨ।
ਕੰਪਨੀ ਦੇ ਡਾਇਰੈਕਟਰ ਮੇਘਾ ਸ਼ੰਕਰ ਮੁਤਾਬਕ, 'ਬਿੰਦੂ' ਨੇ ਆਪਣਾ ਜੀਰੇ ਵਾਲਾ ਸੋਡਾ ਕਰੀਬ 25 ਸਾਲ ਪਹਿਲਾਂ ਲਾਂਚ ਕੀਤਾ ਸੀ, ਪਰ ਕੁਝ ਸਾਲ ਪਹਿਲਾਂ ਤੱਕ ਇਸ ਦੀ ਵਿੱਕਰੀ ਵਿੱਚ ਕੋਈ ਖ਼ਾਸ ਵਾਧਾ ਨਹੀਂ ਹੋਇਆ ਸੀ।
ਸ਼ੰਕਰ ਨੇ ਬੀਬੀਸੀ ਨੂੰ ਦੱਸਿਆ, "ਹੁਣ ਇਹ ਕਾਰਬੋਨੇਟਿਡ ਡ੍ਰਿੰਕਸ ਦੀ ਸ਼੍ਰੇਣੀ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸੈਗਮੈਂਟ ਬਣ ਗਿਆ ਹੈ। ਪਿਛਲੇ ਪੰਜ ਸਾਲਾਂ ਵਿੱਚ ਸਾਡੀ ਆਮਦਨ ਵਿੱਚ ਇਸ ਦਾ ਯੋਗਦਾਨ 20 ਫ਼ੀਸਦੀ ਤੋਂ ਵਧ ਕੇ ਦੁੱਗਣਾ ਯਾਨੀ 40 ਫ਼ੀਸਦੀ ਹੋ ਗਿਆ ਹੈ।"
ਇਸ ਉਤਪਾਦ ਦੀ ਭਾਰੀ ਮੰਗ ਨੂੰ ਦੇਖਦਿਆਂ 'ਹਾਊਸ ਆਫ ਬਿੰਦੂ' ਨੇ ਦੇਸ਼ ਭਰ ਵਿੱਚ ਆਪਣਾ ਕਾਰੋਬਾਰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਇਸ ਦਾ ਕਾਰੋਬਾਰ ਮੁੱਖ ਤੌਰ 'ਤੇ ਦੱਖਣੀ ਭਾਰਤ ਤੱਕ ਹੀ ਸੀਮਿਤ ਸੀ।
ਭਾਰਤ ਦੇ ਸਭ ਤੋਂ ਪੁਰਾਣੇ ਖਪਤਕਾਰ ਬ੍ਰਾਂਡਾਂ ਵਿੱਚੋਂ ਇੱਕ 'ਪਾਰਲੇ ਐਗਰੋ' ਨੇ ਪਿਛਲੇ ਸਾਲ ਆਪਣਾ ਜੀਰਾ ਸੋਡਾ ਬ੍ਰਾਂਡ 'ਢਿਸ਼ੂਮ' (Dhishoom) ਪੂਰੇ ਦੇਸ਼ ਵਿੱਚ ਲਾਂਚ ਕੀਤਾ। ਇਸ ਤੋਂ ਪਹਿਲਾਂ 2012 ਤੋਂ ਇਹ ਸਿਰਫ਼ ਪੇਂਡੂ ਬਾਜ਼ਾਰਾਂ ਵਿੱਚ ਹੀ ਵੇਚਿਆ ਜਾ ਰਿਹਾ ਸੀ।
ਕਿੰਨਾ ਵਧਿਆ ਜੀਰੇ ਵਾਲੇ ਪੇਅ ਪਦਾਰਥਾਂ ਦਾ ਬਾਜ਼ਾਰ
ਇਸ ਦੌਰਾਨ, ਭਾਰਤ ਦੀ ਇੱਕ ਆਨਲਾਈਨ ਡਿਲੀਵਰੀ ਕੰਪਨੀ ਦੀ ਰਿਪੋਰਟ ਮੁਤਾਬਕ, ਇਸ ਗਰਮੀਆਂ ਵਿੱਚ ਇਨ੍ਹਾਂ ਫਿਜ਼ੀ ਡ੍ਰਿੰਕਸ (ਕਾਰਬੋਨੇਟਿਡ ਡ੍ਰਿੰਕਸ) ਦੇ ਆਨਲਾਈਨ ਆਰਡਰਾਂ ਵਿੱਚ 900 ਫ਼ੀਸਦੀ ਦਾ ਵਾਧਾ ਹੋਇਆ ਹੈ।
ਜੀਰੇ ਪ੍ਰਤੀ ਇਸ ਦੀਵਾਨਗੀ ਨੇ ਭਾਰਤ ਦੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ (ਨੌਨ-ਅਲਕੋਹਲਿਕ ਬੇਵਰੇਜਿਜ਼) ਦੇ ਬਾਜ਼ਾਰ ਦੀ ਤਸਵੀਰ ਬਦਲ ਦਿੱਤੀ ਹੈ। 2024 ਵਿੱਚ ਇਸ ਬਾਜ਼ਾਰ ਦੀ ਕੀਮਤ 32 ਅਰਬ ਡਾਲਰ ਸੀ ਅਤੇ 2033 ਤੱਕ ਇਸ ਦੇ ਦੁੱਗਣਾ ਹੋਣ ਦਾ ਅਨੁਮਾਨ ਹੈ।
ਇਸ ਸਾਲ ਦੀ ਸ਼ੁਰੂਆਤ ਵਿੱਚ ਕੋਟਕ ਮਿਊਚੁਅਲ ਫੰਡ ਦੀ ਇੱਕ ਰਿਪੋਰਟ ਮੁਤਾਬਕ, 'ਲਾਹੌਰੀ ਜ਼ੀਰਾ', 'ਕੈਂਪਾ' ਅਤੇ ਹੋਰ ਛੋਟੇ ਬ੍ਰਾਂਡਾਂ - ਜਿਨ੍ਹਾਂ ਨੂੰ ਹੁਣ ਭਾਰਤ ਦਾ "ਐਥਨਿਕ ਬੇਵਰੇਜ ਮਾਰਕੀਟ" ਕਿਹਾ ਜਾ ਰਿਹਾ ਹੈ - ਨੇ ਮਿਲ ਕੇ ਭਾਰਤ ਦੇ ਕਾਰਬੋਨੇਟਿਡ ਸਾਫਟ ਡ੍ਰਿੰਕ ਬਾਜ਼ਾਰ ਵਿੱਚ ਆਪਣੀ ਹਿੱਸੇਦਾਰੀ ਪਿਛਲੇ ਸਾਲ ਸਤੰਬਰ ਤੱਕ ਦੁੱਗਣੀ ਕਰਕੇ ਕਰੀਬ 15 ਫ਼ੀਸਦੀ ਤੱਕ ਪਹੁੰਚਾ ਦਿੱਤੀ ਹੈ। ਦੂਜੇ ਪਾਸੇ, ਕੋਕਾ-ਕੋਲਾ ਅਤੇ ਪੈਪਸੀਕੋ ਦੀ ਸਾਂਝੀ ਬਾਜ਼ਾਰ ਹਿੱਸੇਦਾਰੀ ਕਰੀਬ 93 ਫ਼ੀਸਦੀ ਤੋਂ ਘਟ ਕੇ 85 ਫ਼ੀਸਦੀ ਰਹਿ ਗਈ ਹੈ।
ਕੋਟਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, "ਪੀਣ ਵਾਲੇ ਪਦਾਰਥਾਂ ਦੇ ਬਾਜ਼ਾਰ ਲਈ ਇਹ ਇੱਕ 'ਜੀਓ ਮੋਮੈਂਟ' ਹੈ। ਬਿਲਕੁਲ ਉਸੇ ਤਰ੍ਹਾਂ, ਜਿਵੇਂ ਡੇਟਾ ਦੀਆਂ ਕੀਮਤਾਂ ਘਟਣ ਕਾਰਨ ਟੈਲੀਕਾਮ ਖੇਤਰ ਦੀਆਂ ਪੁਰਾਣੀਆਂ ਕੰਪਨੀਆਂ ਨੂੰ ਆਪਣੀ ਬਾਜ਼ਾਰ ਹਿੱਸੇਦਾਰੀ ਗੁਆਉਣੀ ਪਈ ਸੀ, ਉਸੇ ਤਰ੍ਹਾਂ ਹੁਣ ਪੀਣ ਵਾਲੇ ਪਦਾਰਥਾਂ ਦੇ ਖੇਤਰ ਦੀਆਂ ਵੱਡੀਆਂ ਕੰਪਨੀਆਂ ਨੂੰ ਵੀ ਆਪਣੀ ਵਿੱਕਰੀ ਦੀ ਮਾਤਰਾ ਵਿੱਚ ਨੁਕਸਾਨ ਝੱਲਣਾ ਪੈ ਰਿਹਾ ਹੈ।"
ਇਹ ਤੁਲਨਾ 2016 ਵਿੱਚ ਰਿਲਾਇੰਸ ਦੇ 'ਜੀਓ ਟੈਲੀਕਾਮ' ਦੇ ਭਾਰਤੀ ਟੈਲੀਕਾਮ ਬਾਜ਼ਾਰ ਵਿੱਚ ਆਉਣ ਨਾਲ ਪੈਦਾ ਹੋਏ ਵੱਡੇ ਬਦਲਾਅ ਦੇ ਸੰਦਰਭ ਵਿੱਚ ਕੀਤੀ ਗਈ ਹੈ।
ਇਸ ਨੇ ਲੋਕਾਂ ਦੀ ਵੱਡੀ ਆਬਾਦੀ ਨੂੰ ਆਪਣੇ ਵੱਲ ਖਿੱਚਿਆ
"ਦੁਨੀਆ ਦੇ ਬਾਜ਼ਾਰਾਂ ਵਿੱਚ ਜਦੋਂ ਕੁਝ ਪੁਰਾਣੀਆਂ ਕੰਪਨੀਆਂ ਦਾ ਦਬਦਬਾ ਹੁੰਦਾ ਹੈ, ਤਾਂ ਉਨ੍ਹਾਂ ਦੀ ਬਾਜ਼ਾਰ ਹਿੱਸੇਦਾਰੀ ਸਾਲਾਨਾ ਸ਼ਾਇਦ ਹੀ ਕਦੇ 1-2 ਫ਼ੀਸਦੀ ਤੋਂ ਵੱਧ ਘਟਦੀ ਹੈ। ਪਰ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ 8 ਫ਼ੀਸਦੀ ਦਾ ਬਦਲਾਅ ਆਉਣਾ ਇੱਕ ਵੱਡਾ ਢਾਂਚਾਗਤ ਬਦਲਾਅ ਹੈ।"
'ਲਾਹੌਰੀ ਜ਼ੀਰਾ' ਬਣਾਉਣ ਵਾਲੀ ਕੰਪਨੀ 'ਆਰਕੀਅਨ ਫੂਡਜ਼' ਦੇ ਸੀਈਓ ਸੌਰਭ ਮੁੰਜਾਲ ਨੇ ਬੀਬੀਸੀ ਨੂੰ ਦੱਸਿਆ ਕਿ ਕੰਪਨੀ ਹਮੇਸ਼ਾ ਅਜਿਹੀ ਸਥਿਤੀ ਵਿੱਚ ਰਹੀ ਹੈ, ਜਿੱਥੇ ਹਰ ਸਾਲ ਉਸ ਦਾ ਸਾਰਾ ਸਟਾਕ ਵਿਕ ਜਾਂਦਾ ਹੈ।
ਉਨ੍ਹਾਂ ਕਿਹਾ, "ਪਿਛਲੇ ਸਾਲ ਅਸੀਂ ਆਪਣੀ ਉਤਪਾਦਨ ਸਮਰੱਥਾ ਦੁੱਗਣੀ ਕਰਕੇ ਰੋਜ਼ਾਨਾ 1.2 ਮਿਲੀਅਨ ਬੋਤਲਾਂ ਕਰ ਦਿੱਤੀ ਸੀ, ਪਰ ਇਸ ਦੇ ਬਾਵਜੂਦ ਅਸੀਂ ਮੰਗ ਪੂਰੀ ਨਹੀਂ ਕਰ ਪਾ ਰਹੇ ਹਾਂ।"
ਕਈ ਦਹਾਕਿਆਂ ਤੱਕ ਭਾਰਤ ਵਿੱਚ ਕੋਲਾ (ਕੋਲਡ ਡ੍ਰਿੰਕਸ) ਦਾ ਦਬਦਬਾ ਰਿਹਾ ਹੈ। ਇਨ੍ਹਾਂ ਨੂੰ ਇੱਕ ਅਜਿਹੇ 'ਲਾਈਫਸਟਾਈਲ ਪ੍ਰੋਡਕਟ' ਵਜੋਂ ਪੇਸ਼ ਕੀਤਾ ਗਿਆ, ਜਿਸ ਨੂੰ ਪੀਣਾ 'ਕੂਲ' ਹੋਣ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ। ਇਸ ਨੇ ਲੋਕਾਂ ਦੀ ਵੱਡੀ ਆਬਾਦੀ ਨੂੰ ਆਪਣੇ ਵੱਲ ਖਿੱਚਿਆ।
ਮੁੰਜਾਲ ਦੱਸਦੇ ਹਨ ਕਿ ਕੰਪਨੀਆਂ ਨੇ ਬਿਲਬੋਰਡਾਂ, ਬਾਲੀਵੁੱਡ ਸਿਤਾਰਿਆਂ ਅਤੇ ਕ੍ਰਿਕਟ ਚੈਂਪੀਅਨਸ਼ਿਪਾਂ 'ਤੇ ਕਰੋੜਾਂ ਡਾਲਰ ਖ਼ਰਚ ਕੀਤੇ। ਇਸ ਰਾਹੀਂ ਉਨ੍ਹਾਂ ਨੇ ਭਾਰਤ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣ (ਪਾਣੀ ਦੀ ਕਮੀ ਪੂਰੀ ਕਰਨ) ਦਾ ਇੱਕ ਅਜਿਹਾ ਤਰੀਕਾ ਵੇਚਿਆ, ਜੋ ਪੂਰੀ ਤਰ੍ਹਾਂ ਪੱਛਮੀ ਸੀ।
ਪਰ ਹੁਣ ਭਾਰਤ ਦੇ ਆਪਣੇ ਬ੍ਰਾਂਡ ਉਨ੍ਹਾਂ ਨੂੰ ਮਜ਼ਬੂਤ ਚੁਣੌਤੀ ਦੇ ਰਹੇ ਹਨ। ਉਹ ਬਿਹਤਰ ਡਿਸਟ੍ਰੀਬਿਊਸ਼ਨ ਅਤੇ ਆਕਰਸ਼ਕ ਕੀਮਤਾਂ ਦੇ ਨਾਲ-ਨਾਲ ਜੀਰਾ, ਕੱਚਾ ਅੰਬ, ਕੋਕਮ ਅਤੇ ਇਮਲੀ ਵਰਗੇ ਉਨ੍ਹਾਂ ਭਾਰਤੀ ਸਵਾਦਾਂ ਨੂੰ ਵਾਪਸ ਲਿਆ ਰਹੇ ਹਨ, ਜੋ ਲੋਕਾਂ ਦੀਆਂ ਪੁਰਾਣੀਆਂ ਯਾਦਾਂ ਨਾਲ ਜੁੜੇ ਹੋਏ ਹਨ।
ਮੁੰਜਾਲ ਕਹਿੰਦੇ ਹਨ ਕਿ ਲੰਬੇ ਸਮੇਂ ਤੋਂ ਭਾਰਤ ਵਿੱਚ ਖਪਤਕਾਰ ਬ੍ਰਾਂਡਾਂ ਵਿਚਕਾਰ ਇੱਕ ਰੁਝਾਨ ਰਿਹਾ ਹੈ - ਜਾਂ ਤਾਂ ਉਹ ਭਾਰਤੀ ਉਤਪਾਦਾਂ ਨੂੰ ਪੱਛਮੀ ਰੰਗ ਦੇ ਦਿੰਦੇ ਹਨ ਜਾਂ ਫਿਰ ਪੱਛਮੀ ਉਤਪਾਦਾਂ ਨੂੰ 'ਭਾਰਤੀ' ਬਣਾ ਦਿੰਦੇ ਹਨ। ਪਰ 'ਲਾਹੌਰੀ ਜ਼ੀਰਾ' ਰਾਹੀਂ, ਜਿਸ ਦੀ ਟੈਗਲਾਈਨ ਹੈ "ਆਪਣਾ ਦੇਸੀ ਠੰਢਾ", ਉਹ ਇਸ ਰੁਝਾਨ ਨੂੰ ਬਦਲਣਾ ਚਾਹੁੰਦੇ ਹਨ।
ਸ਼ੰਕਰ ਦੱਸਦੇ ਹਨ ਕਿ ਉਨ੍ਹਾਂ ਦੇ ਬ੍ਰਾਂਡ ਨੇ ਹਾਲ ਹੀ ਵਿੱਚ ਆਪਣੇ ਜੀਰਾ ਸੋਡੇ ਦਾ 'ਜ਼ੀਰੋ-ਸ਼ੂਗਰ' (ਬਿਨਾਂ ਖੰਡ ਵਾਲਾ) ਪੇਅ ਵੀ ਲਾਂਚ ਕੀਤਾ ਹੈ, ਤਾਂ ਜੋ ਉਹ ਸਿਹਤਮੰਦ ਅਤੇ ਕੋਲਾ ਤੋਂ ਵੱਖਰੇ ਡ੍ਰਿੰਕਸ ਦੇ ਵਧਦੇ ਬਾਜ਼ਾਰ ਵਿੱਚ ਆਪਣੀ ਥਾਂ ਬਣਾ ਸਕਣ।
ਇਨ੍ਹਾਂ ਸਾਹਮਣੇ ਕੀ ਹਨ ਚੁਣੌਤੀਆਂ

ਤਸਵੀਰ ਸਰੋਤ, NurPhoto via Getty Images
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਸਫ਼ਲਤਾ ਦੇ ਬਾਵਜੂਦ, ਇਨ੍ਹਾਂ 'ਐਥਨਿਕ' (ਰਵਾਇਤੀ ਭਾਰਤੀ ਸਵਾਦਾਂ ਵਾਲੇ) ਪੇਅ ਪਦਾਰਥਾਂ ਦੇ ਬ੍ਰਾਂਡਾਂ ਲਈ ਆਪਣੀ ਇਸ ਕਾਮਯਾਬੀ ਦੇ ਸਿਲਸਿਲੇ ਨੂੰ ਬਰਕਰਾਰ ਰੱਖਣਾ ਆਸਾਨ ਨਹੀਂ ਹੋਵੇਗਾ। ਜਿਨ੍ਹਾਂ ਕਾਰਨਾਂ ਕਰਕੇ ਇਹ ਬ੍ਰਾਂਡ ਤੇਜ਼ੀ ਨਾਲ ਅੱਗੇ ਵਧੇ ਹਨ, ਉਹੀ ਕਾਰਨ ਅੱਗੇ ਚੱਲ ਕੇ ਇਨ੍ਹਾਂ ਦੇ ਵਿਕਾਸ ਨੂੰ ਸੀਮਿਤ ਵੀ ਕਰ ਸਕਦੇ ਹਨ।
ਮੁੰਬਈ ਸਥਿਤ ਐੱਸਪੀ ਜੈਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਪ੍ਰੋਫੈਸਰ ਰਾਜੀਵ ਅਗਰਵਾਲ ਨੇ ਬੀਬੀਸੀ ਨੂੰ ਦੱਸਿਆ, "ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੀਰੇ ਦੇ ਸਵਾਦ ਵਾਲੇ ਡ੍ਰਿੰਕਸ ਦਾ ਬਾਜ਼ਾਰ ਕਿੰਨਾ ਵੱਡਾ ਹੋ ਸਕਦਾ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਕੋਲਾ (ਜਿਵੇਂ ਕੋਕਾ-ਕੋਲਾ ਜਾਂ ਪੈਪਸੀ) ਦੇ ਬਾਜ਼ਾਰ ਜਿੰਨਾ ਵੱਡਾ ਹੋ ਸਕੇਗਾ।"
ਪ੍ਰੋਫੈਸਰ ਅਗਰਵਾਲ ਪਰਿਵਾਰਕ ਕਾਰੋਬਾਰਾਂ ਮਲਟੀ ਨੈਸ਼ਨਲ ਕੰਪਨੀਆਂ ਦੇ ਸਾਹਮਣੇ ਸਫ਼ਲ ਹੋਣ ਲਈ ਰਣਨੀਤੀਆਂ ਬਾਰੇ ਸਲਾਹ ਦਿੰਦੇ ਹਨ।
ਭਾਰਤ ਵਿੱਚ ਜੀਰੇ ਦੇ ਸਵਾਦ ਵਾਲੇ ਕਾਰਬੋਨੇਟਿਡ ਡ੍ਰਿੰਕਸ ਦੇ ਬਾਜ਼ਾਰ ਵਿੱਚ 10 ਰੁਪਏ ਦੀ ਕੀਮਤ ਵਾਲੇ ਉਤਪਾਦਾਂ ਦੀ ਸਭ ਤੋਂ ਵੱਧ ਵਿੱਕਰੀ ਹੁੰਦੀ ਹੈ, ਪਰ ਇਹ ਇੱਕ 'ਦੋਧਾਰੀ ਤਲਵਾਰ' ਵਾਂਗ ਹੈ।
ਇਸ ਕੀਮਤ ਕਾਰਨ ਵਿੱਕਰੀ ਤਾਂ ਵਧੀ ਹੈ, ਪਰ ਪਲਾਸਟਿਕ, ਪੈਕੇਜਿੰਗ, ਖੰਡ ਅਤੇ ਹੋਰ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ (ਜੋ ਵਿਸ਼ਵਵਿਆਪੀ ਊਰਜਾ ਸੰਕਟ ਕਾਰਨ ਹੋਰ ਮਹਿੰਗੀਆਂ ਹੋ ਗਈਆਂ ਹਨ) ਮੁਨਾਫ਼ੇ ਦੇ ਮਾਰਜਿਨ (ਹਿੱਸੇ) 'ਤੇ ਅਸਰ ਪਾ ਸਕਦੀਆਂ ਹਨ, ਜੋ ਪਹਿਲਾਂ ਹੀ ਬਹੁਤ ਘੱਟ ਹਨ।
ਦੂਜੇ ਪਾਸੇ, ਜੇਕਰ ਕੀਮਤਾਂ ਵਧਾਈਆਂ ਜਾਂਦੀਆਂ ਹਨ, ਤਾਂ ਵਿੱਕਰੀ ਦੀ ਮਾਤਰਾ 'ਤੇ ਅਸਰ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ ਬ੍ਰਾਂਡਾਂ ਨੂੰ ਬੋਤਲਾਂ ਦਾ ਆਕਾਰ ਹੋਰ ਛੋਟਾ ਕਰਨਾ ਪੈ ਸਕਦਾ ਹੈ। ਕੁਝ ਅਜਿਹਾ ਹੀ ਕਦਮ ਕੋਲਾ ਕੰਪਨੀਆਂ ਨੇ ਵੀ ਕੁਝ ਸਾਲ ਪਹਿਲਾਂ ਚੁੱਕਿਆ ਸੀ।
"ਇੱਥੇ ਮੁਕਾਬਲਾ ਬਹੁਤ ਸਖ਼ਤ ਹੈ"
ਇਸ ਤੋਂ ਇਲਾਵਾ, ਹਮੇਸ਼ਾ ਇਹ ਖ਼ਤਰਾ ਵੀ ਬਣਿਆ ਰਹਿੰਦਾ ਹੈ ਕਿ ਵੱਡੀਆਂ ਅਤੇ ਭਾਰੀ ਪੂੰਜੀ ਵਾਲੀਆਂ ਕੰਪਨੀਆਂ ਇਸ ਬਾਜ਼ਾਰ ਵਿੱਚ ਆ ਕੇ ਪੂਰੀ ਸਥਿਤੀ ਬਦਲ ਸਕਦੀਆਂ ਹਨ।
ਅਗਰਵਾਲ ਕਹਿੰਦੇ ਹਨ, "ਇੱਥੇ ਮੁਕਾਬਲਾ ਬਹੁਤ ਸਖ਼ਤ ਹੈ।" ਇਸ ਦੇ ਨਾਲ ਹੀ, ਪਹਿਲਾਂ ਤੋਂ ਮੌਜੂਦ ਮਲਟੀ ਨੈਸ਼ਨਲ ਕੰਪਨੀਆਂ ਦੇ ਸਿਸਟਮ, ਕੰਮ ਕਰਨ ਦੇ ਤਰੀਕੇ, ਡਿਸਟ੍ਰੀਬਿਊਸ਼ਨ ਅਤੇ ਬੋਤਲਾਂ ਵਿੱਚ ਪੈਕਿੰਗ ਕਰਨ ਦਾ ਪ੍ਰਬੰਧ ਕਿਤੇ ਜ਼ਿਆਦਾ ਸੁਚੱਜਾ (ਬਿਹਤਰ) ਹੈ।
ਕੋਕਾ-ਕੋਲਾ, ਜਿਸ ਨੇ 1990 ਦੇ ਦਹਾਕੇ ਵਿੱਚ ਜੀਰੇ ਦੇ ਸਵਾਦ ਵਾਲੇ ਬ੍ਰਾਂਡ 'ਰਿਮਝਿਮ' ਨੂੰ ਖਰੀਦਿਆ ਸੀ, ਇਸ ਸ਼੍ਰੇਣੀ ਵਿੱਚ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ। ਖ਼ਬਰਾਂ ਮੁਤਾਬਕ, ਪਿਛਲੇ ਸਾਲ ਕੰਪਨੀ ਨੇ ਆਪਣਾ ਉਤਪਾਦਨ ਦੁੱਗਣਾ ਕਰ ਦਿੱਤਾ ਹੈ।
ਪਰ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਭਾਰਤੀ ਕੰਪਨੀਆਂ ਦੇ ਹੌਸਲੇ ਘੱਟ ਨਹੀਂ ਹੋਏ ਹਨ।
ਮੁੰਜਾਲ, ਜੋ ਆਉਣ ਵਾਲੇ ਸਾਲਾਂ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਤਰਨ ਦੀ ਯੋਜਨਾ ਬਣਾ ਰਹੇ ਹਨ, ਕਹਿੰਦੇ ਹਨ, "ਭਾਰਤੀ ਸਵਾਦਾਂ ਨੂੰ ਦੁਨੀਆ ਭਰ ਵਿੱਚ ਪਛਾਣ ਮਿਲਣੀ ਚਾਹੀਦੀ ਹੈ।"
"ਪੀੜ੍ਹੀਆਂ ਤੋਂ ਅਸੀਂ ਦੁਨੀਆ ਭਰ ਦੇ ਕੋਲਾ ਪੀਂਦੇ ਹੋਏ ਵੱਡੇ ਹੋਏ ਹਾਂ, ਪਰ ਮੈਨੂੰ ਉਮੀਦ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਭਾਰਤ ਦੇ 'ਜੀਰਾ ਡ੍ਰਿੰਕਸ' ਪੀਣਗੀਆਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































