ਕੁਝ ਲੋਕ ਮਲ ਦਾਨ ਕਰਕੇ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਦੇ ਹਨ, ਜਾਣੋ ਇਨ੍ਹਾਂ ਲੋਕਾਂ ਦੇ ਮਲ ਵਿੱਚ ਕੀ ਖ਼ਾਸ ਹੁੰਦਾ ਹੈ

ਤਸਵੀਰ ਸਰੋਤ, BBC/ Emmanuel Lafont
- ਲੇਖਕ, ਸੋਫੀਆ ਕਵਾਗਲੀਆ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 11 ਮਿੰਟ
ਮਲ ਟਰਾਂਸਪਲਾਂਟ ਦੇ ਮਾਮਲੇ ਵਧ ਰਹੇ ਹਨ, ਪਰ 3 ਫ਼ੀਸਦੀ ਤੋਂ ਵੀ ਘੱਟ ਲੋਕ ਅਜਿਹਾ ਮਲ ਤਿਆਰ ਕਰਦੇ ਹਨ ਜੋ ਦਾਨ ਕਰਨ ਦੇ ਯੋਗ ਹੁੰਦਾ ਹੈ। ਇਨ੍ਹਾਂ ਵਿੱਚੋਂ ਵੀ ਬਹੁਤ ਘੱਟ ਲੋਕ 'ਸੁਪਰ ਪੂਪਰ' ਹੁੰਦੇ ਹਨ।
ਇਹ ਕਹਾਣੀ ਸਭ ਤੋਂ ਵਧੀਆ ਮਲ ਦੀ ਭਾਲ ਬਾਰੇ ਹੈ।
ਸਾਲ 2013 ਵਿੱਚ ਐਡਮ ਫੇਅ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਕਿਸ ਤਰ੍ਹਾਂ ਦਾ ਰਾਤ ਦਾ ਖਾਣਾ ਖਾਣ ਨਾਲ ਸਭ ਤੋਂ ਵਧੀਆ ਗੁਣਵੱਤਾ ਵਾਲਾ ਮਲ ਤਿਆਰ ਹੋ ਸਕਦਾ ਹੈ।
ਉਸ ਸਮੇਂ ਫੇਅ ਮੈਡੀਕਲ ਦੀ ਚੌਥੇ ਸਾਲ ਦੀ ਪੜ੍ਹਾਈ ਕਰ ਰਹੇ ਸਨ ਅਤੇ ਕਲੋਸਟ੍ਰੀਡੀਓਇਡਜ਼ ਡਿਫਿਸਾਈਲ ਨਾਂ ਦੇ ਬੈਕਟੀਰੀਆ ਨਾਲ ਹੋਣ ਵਾਲੀ ਲਾਗ ਦਾ ਇਲਾਜ ਕਰਨਾ ਸਿੱਖ ਰਹੇ ਸਨ।
ਇਹ ਲਾਗ ਪਾਚਨ ਪ੍ਰਣਾਲੀ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਪੈਦਾ ਕਰਦੀ ਹੈ ਅਤੇ ਕੁਦਰਤੀ ਤੌਰ 'ਤੇ ਕਈ ਐਂਟੀਬਾਇਓਟਿਕ ਦਵਾਈਆਂ ਦਾ ਅਸਰ ਸਹਿਣ ਦੀ ਸਮਰੱਥਾ ਰੱਖਦੀ ਹੈ।
ਇੱਕ ਬਜ਼ੁਰਗ ਮਰੀਜ਼ ਇਸ ਲਾਗ ਦੇ ਗੰਭੀਰ ਅਤੇ ਵਾਰ-ਵਾਰ ਹੋਣ ਵਾਲੇ ਇਨਫੈਕਸ਼ਨ ਤੋਂ ਪੀੜਤ ਸੀ। ਉਸ ਨੂੰ ਮਲ ਟ੍ਰਾਂਸਪਲਾਂਟ ਦੀ ਲੋੜ ਸੀ।
ਇਸ ਨਵੀਂ ਪ੍ਰਕਿਰਿਆ ਤਹਿਤ ਕਿਸੇ ਦੂਜੇ ਵਿਅਕਤੀ ਦਾ ਮਲ ਸਿੱਧਾ ਮਰੀਜ਼ ਦੀਆਂ ਅੰਤੜੀਆਂ ਵਿੱਚ ਪਹੁੰਚਾਇਆ ਜਾਣਾ ਸੀ, ਤਾਂ ਜੋ ਉਸ ਦੀ ਪਾਚਨ ਪ੍ਰਣਾਲੀ ਵਿੱਚ ਸੂਖਮ ਜੀਵਾਣੂਆਂ ਦਾ ਇੱਕ ਸਿਹਤਮੰਦ ਸਮੂਹ ਪਹੁੰਚਾਇਆ ਜਾ ਸਕੇ।
ਉਮੀਦ ਸੀ ਕਿ ਇਹ ਸੂਖ਼ਮ ਜੀਵਾਣੂ ਕਲੋਸਟ੍ਰੀਡੀਓਇਡਜ਼ ਡਿਫਿਸਾਈਲ ਬੈਕਟੀਰੀਆ ਨਾਲੋਂ ਵੱਧ ਪ੍ਰਭਾਵਸ਼ਾਲੀ ਸਾਬਤ ਹੋਣਗੇ ਅਤੇ ਅੰਤੜੀਆਂ ਵਿੱਚ ਮੁੜ ਸੰਤੁਲਨ ਕਾਇਮ ਕਰਨਗੇ।
ਪਰ ਮਲ ਮਿਲੇਗਾ ਕਿੱਥੋਂ? ਉਸ ਸਮੇਂ ਮਲ ਇਕੱਠਾ ਕਰਨ ਵਾਲੇ ਬੈਂਕ ਬਹੁਤ ਘੱਟ ਸਨ ਅਤੇ ਮਰੀਜ਼ ਦੇ ਪਰਿਵਾਰਕ ਮੈਂਬਰ ਤੇ ਦੋਸਤ ਨਾ ਤਾਂ ਮਲ ਦਾਨ ਕਰਨ ਦੇ ਯੋਗ ਸਨ ਅਤੇ ਨਾ ਹੀ ਇਸ ਲਈ ਤਿਆਰ ਸਨ।
ਅਜਿਹੇ ਵਿੱਚ ਫੇਅ ਨੇ ਖ਼ੁਦ ਅੱਗੇ ਆਉਣ ਦਾ ਫ਼ੈਸਲਾ ਕੀਤਾ।

ਤਸਵੀਰ ਸਰੋਤ, Getty Images
ਇਸ ਖ਼ਾਸ ਦਿਨ ਤੋਂ ਇੱਕ ਰਾਤ ਪਹਿਲਾਂ ਫੇਅ ਨੇ ਰਾਤ ਦੇ ਖਾਣੇ ਲਈ ਬੁਰੀਟੋ ਖਾਣ ਦਾ ਫ਼ੈਸਲਾ ਕੀਤਾ। ਅਗਲੀ ਸਵੇਰ ਉਹ ਆਪਣੇ ਵਿਦਿਆਰਥੀ ਰਿਹਾਇਸ਼ ਵਾਲੇ ਕਮਰੇ ਵਿੱਚ ਇੱਕ ਗੁਲਾਬੀ ਰੰਗ ਦੇ ਮੈਡੀਕਲ ਬੇਸਿਨ ਵਿੱਚ ਮਲ ਤਿਆਗਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਲੂਣ ਵਾਲੇ ਘੋਲ ਦੀ ਮਦਦ ਨਾਲ ਸੂਤੀ ਜਾਲੀ ਰਾਹੀਂ ਮਲ ਨੂੰ ਛਾਣਿਆ ਅਤੇ ਤਰਲ ਪਦਾਰਥ ਨੂੰ ਇੱਕ ਬੋਤਲ ਵਿੱਚ ਇਕੱਠਾ ਕਰ ਲਿਆ।
ਉਹ ਦੱਸਦੇ ਹਨ, "ਮੈਨੂੰ ਯਾਦ ਹੈ ਕਿ ਮੈਂ ਇਸ ਨੂੰ ਇੱਕ ਕਾਗਜ਼ ਦੇ ਬੈਗ ਵਿੱਚ ਰੱਖਿਆ ਸੀ, ਕਿਉਂਕਿ ਮੈਂ ਗੰਦੇ ਜਿਹੇ ਪਾਣੀ ਵਾਲੀ ਇਸ ਬੋਤਲ ਨੂੰ ਲੈ ਕੇ ਇੱਧਰ-ਉੱਧਰ ਘੁੰਮ ਰਿਹਾ ਸੀ।"
ਕੁਝ ਘੰਟਿਆਂ ਬਾਅਦ, ਫੇਅ ਦੇ ਮਲ ਨੂੰ ਕੋਲੋਨੋਸਕੋਪੀ ਰਾਹੀਂ ਮਰੀਜ਼ ਦੀਆਂ ਅੰਤੜੀਆਂ ਵਿੱਚ ਪਹੁੰਚਾਇਆ ਗਿਆ। ਫੇਅ, ਜੋ ਹੁਣ ਨਿਊਯਾਰਕ ਦੇ ਐੱਨਵਾਇਯੂ ਲੈਂਗੋਨ ਹੈਲਥ ਵਿੱਚ ਪਾਚਨ ਪ੍ਰਣਾਲੀ ਦੇ ਮਾਹਿਰ ਡਾਕਟਰ ਹਨ, ਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਹ ਪ੍ਰਕਿਰਿਆ ਸਫ਼ਲ ਰਹੀ ਸੀ। ਮਰੀਜ਼ ਨੂੰ ਮੁੜ ਕਦੇ ਵੀ ਸੀ ਡਿਫਿਸਾਈਲ ਦੀ ਲਾਗ ਨਹੀਂ ਹੋਈ।
ਉਸ ਤੋਂ ਬਾਅਦ ਦੇ ਸਾਲਾਂ ਵਿੱਚ ਸਿਹਤ ਉੱਤੇ ਅੰਤੜੀਆਂ ਵਿੱਚ ਮੌਜੂਦ ਸੂਖ਼ਮ ਜੀਵਾਣੂਆਂ ਦੇ ਸਮੂਹ (ਗਟ ਮਾਈਕ੍ਰੋਬਾਇਓਮ) ਦੀ ਭੂਮਿਕਾ ਬਾਰੇ ਖੋਜ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਇਸ ਦੇ ਨਾਲ ਹੀ ਮਲ ਟਰਾਂਸਪਲਾਂਟ, ਜਾਂ ਫੀਕਲ ਮਾਈਕ੍ਰੋਬਾਇਓਟਾ ਟਰਾਂਸਪਲਾਂਟ (ਐੱਫਐੱਮਟੀਸ) ਵਿੱਚ ਦਿਲਚਸਪੀ ਵੀ ਵਧ ਰਹੀ ਹੈ।
ਇਹ ਟਰਾਂਸਪਲਾਂਟ ਪਹਿਲਾਂ ਹੀ ਸੀ ਡਿਫਿਸਾਈਲ ਦੀ ਲਾਗ ਦੇ ਇਲਾਜ ਲਈ ਮਨਜ਼ੂਰ ਕੀਤੇ ਜਾ ਚੁੱਕੇ ਹਨ।
ਦੁਨੀਆ ਭਰ ਵਿੱਚ ਇਨ੍ਹਾਂ ਦੀ ਵਰਤੋਂ ਇਰੀਟੇਬਲ ਬਾਊਲ ਸਿੰਡਰੋਮ, ਡਾਇਬਟੀਜ਼, ਔਟਿਜ਼ਮ ਅਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਅਜ਼ਮਾਇਸ਼ੀ ਪੱਧਰ 'ਤੇ ਕੀਤੀ ਜਾ ਰਹੀ ਹੈ।
ਇੱਥੋਂ ਤੱਕ ਕਿ ਯਾਦਦਾਸ਼ਤ ਅਤੇ ਸੋਚਣ-ਸਮਝਣ ਦੀ ਸਮਰੱਥਾ ਵਿੱਚ ਗਿਰਾਵਟ ਅਤੇ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਵੀ ਇਨ੍ਹਾਂ ਦੀ ਵਰਤੋਂ ਕਰਨ ਵਿੱਚ ਦਿਲਚਸਪੀ ਦਿਖਾਈ ਜਾ ਰਹੀ ਹੈ।
ਮਲ ਟਰਾਂਸਪਲਾਂਟ ਕਿਸੇ ਵਿਅਕਤੀ ਦੀਆਂ ਅੰਤੜੀਆਂ ਵਿੱਚ ਸਿੱਧੇ ਤੌਰ 'ਤੇ ਕੀਤਾ ਜਾ ਸਕਦਾ ਹੈ ਜਾਂ ਫਿਰ ਮਲ ਨੂੰ ਕੈਪਸੂਲ ਵਿੱਚ ਭਰ ਕੇ ਗੋਲੀ ਦੇ ਰੂਪ ਵਿੱਚ ਮੂੰਹ ਰਾਹੀਂ ਦਿੱਤਾ ਜਾ ਸਕਦਾ ਹੈ।
ਪਰ ਇਸ ਮਕਸਦ ਲਈ ਢੁੱਕਵਾਂ ਮਲ ਦੇਣ ਵਾਲੇ ਲੋਕਾਂ ਦੀ ਭਾਲ ਕਰਨਾ ਕੋਈ ਸੌਖਾ ਕੰਮ ਨਹੀਂ ਹੈ।
ਜਾਂਚ ਦੀ ਪ੍ਰਕਿਰਿਆ ਬੇਹੱਦ ਸਖ਼ਤ ਹੁੰਦੀ ਹੈ ਅਤੇ ਸਿਰਫ਼ ਸਭ ਤੋਂ ਸਿਹਤਮੰਦ ਉਮੀਦਵਾਰਾਂ ਨੂੰ ਹੀ ਮਲ ਦਾਨ ਕਰਨ ਦੇ ਯੋਗ ਮੰਨਿਆ ਜਾਂਦਾ ਹੈ।
ਸਭ ਤੋਂ ਵਧੀਆ ਮਲ ਦੇਣ ਵਾਲੇ ਦਾਨੀ, ਜਿਨ੍ਹਾਂ ਨੂੰ ਆਮ ਬੋਲਚਾਲ ਵਿੱਚ 'ਸੁਪਰ ਪੂਪਰ' ਕਿਹਾ ਜਾਂਦਾ ਹੈ, ਲੱਭਣੇ ਤਾਂ ਹੋਰ ਵੀ ਮੁਸ਼ਕਲ ਹਨ।
ਇਸ ਕਹਾਣੀ ਲਈ ਮੈਂ ਛੇ ਮਲ ਬੈਂਕਾਂ ਅਤੇ ਲੈਬਾਰਟਰੀਆਂ ਨੂੰ ਉਨ੍ਹਾਂ ਦੇ ਮਲ ਦਾਨੀਆਂ ਨਾਲ ਗੱਲਬਾਤ ਕਰਵਾਉਣ ਲਈ ਕਿਹਾ।
ਸਾਰਿਆਂ ਨੇ ਕਿਹਾ ਕਿ ਭਰੋਸੇਯੋਗ ਦਾਨੀ ਲੱਭਣੇ ਇੰਨੇ ਔਖੇ ਹਨ ਕਿ ਉਹ ਉਨ੍ਹਾਂ ਦੀ ਨਿੱਜਤਾ ਵਿੱਚ ਦਖ਼ਲ ਦੇਣ ਅਤੇ ਉਨ੍ਹਾਂ ਦੇ ਦਾਨ ਕਰਨ ਤੋਂ ਪਿੱਛੇ ਹਟ ਜਾਣ ਦਾ ਜੋਖ਼ਮ ਨਹੀਂ ਲੈ ਸਕਦੇ। ਤਾਂ ਫਿਰ ਇਹ ਵਿਸ਼ੇਸ਼ ਕਿਸਮ ਦੇ ਮਲ ਦਾਨੀ ਕੌਣ ਹਨ ਅਤੇ ਵਿਗਿਆਨ ਸਭ ਤੋਂ ਵਧੀਆ ਮਲ ਦੀ ਭਾਲ ਕਿਵੇਂ ਕਰ ਸਕਦਾ ਹੈ?
ਮਲ ਦਾਨੀ

ਤਸਵੀਰ ਸਰੋਤ, Getty Images
ਮਲ ਦਾਨੀ ਦੀ ਚੋਣ ਲਈ ਜਾਂਚ ਦੀ ਪ੍ਰਕਿਰਿਆ ਹਰ ਥਾਂ ਇੱਕੋ ਜਿਹੀ ਨਹੀਂ ਹੁੰਦੀ। ਇਹ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਮਲ ਦੀ ਵਰਤੋਂ ਕਿਸ ਬਿਮਾਰੀ ਦੇ ਇਲਾਜ ਲਈ ਕੀਤੀ ਜਾਣੀ ਹੈ। ਪਰ ਇਹ ਜਾਂਚ ਬੇਹੱਦ ਵਿਸਥਾਰਪੂਰਵਕ ਹੁੰਦੀ ਹੈ।
ਨਿਊਯਾਰਕ ਦੇ ਵੇਲ ਕਾਰਨੇਲ ਮੈਡੀਸਨ ਵਿੱਚ ਪਾਚਨ ਪ੍ਰਣਾਲੀ ਦੇ ਮਾਹਰ ਡਾਕਟਰ ਕਾਰਲ ਕ੍ਰਾਫੋਰਡ ਕਹਿੰਦੇ ਹਨ, "ਅਸੀਂ ਅਜਿਹੇ ਵਿਅਕਤੀ ਦੀ ਭਾਲ ਕਰਦੇ ਹਾਂ ਜੋ ਮਨੁੱਖੀ ਸਿਹਤ ਦੇ ਸਿਖ਼ਰ 'ਤੇ ਹੋਵੇ ਅਤੇ ਉਸ ਦੀ ਜਾਂਚ ਉਸੇ ਤਰ੍ਹਾਂ ਕਰਦੇ ਹਾਂ, ਜਿਵੇਂ ਕਿਸੇ ਅੰਗ ਦਾਨੀ ਦੀ ਕੀਤੀ ਜਾਂਦੀ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਦਾਨੀ ਦੀ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਗੁਰਦਾ ਜਾਂ ਖ਼ੂਨ ਦਾਨ ਕਰਨ ਵਾਲੇ ਵਿਅਕਤੀ ਦੀ ਕੀਤੀ ਜਾਂਦੀ ਹੈ।
ਮਲ ਦਾਨੀ ਬਣਨ ਲਈ ਸਭ ਤੋਂ ਪਹਿਲਾਂ ਕਈ ਸਿਹਤ ਸਬੰਧੀ ਪ੍ਰਸ਼ਨਾਵਲੀਆਂ ਭਰਨੀਆਂ ਪੈਂਦੀਆਂ ਹਨ ਅਤੇ ਇੰਟਰਵਿਊ ਦੇਣੇ ਪੈਂਦੇ ਹਨ।
ਇਸ ਦੇ ਨਾਲ ਹੀ ਛੂਤ ਦੀਆਂ ਬਿਮਾਰੀਆਂ ਦੀ ਜਾਂਚ ਲਈ ਖ਼ੂਨ ਅਤੇ ਮਲ ਦੇ ਵਿਸਥਾਰਪੂਰਵਕ ਟੈਸਟ ਕੀਤੇ ਜਾਂਦੇ ਹਨ।
ਇਸ ਸੂਚੀ ਵਿੱਚ 30 ਤੋਂ ਵੱਧ ਰੋਗਾਣੂ, ਪਰਜੀਵੀ ਅਤੇ ਕਈ ਦਵਾਈਆਂ ਦੇ ਅਸਰ ਤੋਂ ਬਚਣ ਦੀ ਸਮਰੱਥਾ ਰੱਖਣ ਵਾਲੇ ਜੀਵਾਣੂ ਸ਼ਾਮਲ ਹੋ ਸਕਦੇ ਹਨ। ਕੁਝ ਕਲੀਨਿਕਾਂ ਵਿੱਚ ਕੋਵਿਡ-19 ਅਤੇ ਫਲੂ ਦੀ ਜਾਂਚ ਵੀ ਲਾਜ਼ਮੀ ਹੁੰਦੀ ਹੈ।
ਇਸ ਦਾ ਕਾਰਨ ਇਹ ਹੈ ਕਿ ਕਈ ਛੂਤ ਦੀਆਂ ਬਿਮਾਰੀਆਂ ਮਲ ਰਾਹੀਂ ਫੈਲ ਸਕਦੀਆਂ ਹਨ। ਕੁਝ ਮਾਮਲਿਆਂ ਵਿੱਚ ਐੱਫਐੱਮਟੀ ਰਾਹੀਂ ਗਲਤੀ ਨਾਲ ਈਕੋਲੀ ਬੈਕਟੀਰੀਆ ਦੀ ਲਾਗ ਵੀ ਫੈਲ ਚੁੱਕੀ ਹੈ।
ਕੋਵਿਡ-19 ਸਮੇਤ ਸਾਹ ਨਾਲ ਸਬੰਧਤ ਕੁਝ ਲਾਗਾਂ ਵੀ ਮਲ ਦੇ ਉਨ੍ਹਾਂ ਕਣਾਂ ਰਾਹੀਂ ਫੈਲ ਸਕਦੀਆਂ ਹਨ, ਜੋ ਟਾਇਲਟ ਵਿੱਚ ਫਲੱਸ਼ ਕਰਨ ਸਮੇਂ ਹਵਾ ਵਿੱਚ ਫੈਲ ਜਾਂਦੇ ਹਨ।
ਦਾਨੀਆਂ ਦੀਆਂ ਕੁਝ ਸਿਹਤ ਸਮੱਸਿਆਵਾਂ ਸਬੰਧੀ ਪੁਰਾਣੇ ਰਿਕਾਰਡ ਦੀ ਵੀ ਜਾਂਚ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਕੁਝ ਆਟੋਇਮਿਊਨ ਬਿਮਾਰੀਆਂ ਅਤੇ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਸ਼ਾਮਲ ਹਨ।
ਕੁਝ ਲੈਬਾਰਟਰੀਆਂ ਸੰਭਾਵੀ ਦਾਨੀਆਂ ਵੱਲੋਂ ਲਈਆਂ ਜਾਂਦੀਆਂ ਦਵਾਈਆਂ ਅਤੇ ਸਪਲੀਮੈਂਟਸ ਦੀ ਵੀ ਬਾਰੀਕੀ ਨਾਲ ਜਾਂਚ ਕਰਦੀਆਂ ਹਨ। ਇਨ੍ਹਾਂ ਵਿੱਚ ਮਲਟੀਵਿਟਾਮਿਨ ਅਤੇ ਆਇਰਨ ਵੀ ਸ਼ਾਮਲ ਹਨ।

ਤਸਵੀਰ ਸਰੋਤ, Getty Images
ਟੋਰਾਂਟੋ ਯੂਨੀਵਰਸਿਟੀ ਦੀ ਮੈਡੀਕਲ ਮਾਈਕ੍ਰੋਬਾਇਓਲੋਜਿਸਟ ਡਾਕਟਰ ਸੂਜ਼ਨ ਪੌਟਾਨਨ ਕਹਿੰਦੇ ਹਨ, "ਅਸੀਂ ਇਸ ਬਾਰੇ ਵਿਸਥਾਰ ਨਾਲ ਪੁੱਛਦੇ ਹਾਂ ਅਤੇ ਦੇਖਦੇ ਹਾਂ ਕਿ ਕੀ ਉਹ ਇਹ ਚੀਜ਼ਾਂ ਲੈਣੀਆਂ ਬੰਦ ਕਰ ਸਕਦੇ ਹਨ।"
ਉੱਥੇ ਦਾਨੀਆਂ ਨੂੰ ਇਹ ਵੀ ਦਰਜ ਕਰਨਾ ਪੈਂਦਾ ਹੈ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਉਨ੍ਹਾਂ ਨੇ ਆਮ ਤੌਰ 'ਤੇ ਐਲਰਜੀ ਪੈਦਾ ਕਰਨ ਵਾਲੀਆਂ ਕਿਹੜੀਆਂ ਚੀਜ਼ਾਂ ਖਾਧੀਆਂ ਹਨ। ਉਹ ਕਹਿੰਦੇ ਹਨ, "ਕਈ ਵਾਰ ਸਾਨੂੰ ਅਜਿਹੇ ਮਲ ਦੀ ਲੋੜ ਹੁੰਦੀ ਹੈ ਜਿਸ ਵਿੱਚ ਮੇਵਿਆਂ ਦੇ ਅੰਸ਼ ਨਾ ਹੋਣ।"
ਆਮ ਤੌਰ 'ਤੇ ਮਲ ਦਾਨੀਆਂ ਦੀ ਉਮਰ 18 ਤੋਂ 48 ਸਾਲ ਦੇ ਵਿਚਕਾਰ ਹੁੰਦੀ ਹੈ। ਪਰ ਇਹ ਟਰਾਂਸਪਲਾਂਟ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ।
ਟੋਰਾਂਟੋ ਯੂਨੀਵਰਸਿਟੀ ਦੀ ਛੂਤ ਦੀਆਂ ਬਿਮਾਰੀਆਂ ਦੀ ਮਾਹਿਰ ਅਤੇ ਮਲ ਟਰਾਂਸਪਲਾਂਟ ਕਰਨ ਵਾਲੀ ਡਾਕਟਰ ਸੁਜ਼ੀ ਹੋਟਾ ਕਹਿੰਦੀ ਹੈ, "ਅਸੀਂ 17 ਸਾਲ ਦੇ ਮਰੀਜ਼ਾਂ ਦਾ ਵੀ ਇਲਾਜ ਕੀਤਾ ਹੈ ਅਤੇ 96 ਸਾਲ ਦੇ ਮਰੀਜ਼ਾਂ ਦਾ ਵੀ।"
ਹਾਲਾਂਕਿ ਮਲ ਦਾਨ ਕਰਨ ਵਾਲਿਆਂ ਦੇ ਜ਼ਿਆਦਾਤਰ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਖੁਰਾਕ ਦਾ ਸਪੱਸ਼ਟ ਤੌਰ 'ਤੇ ਮੁਲਾਂਕਣ ਨਹੀਂ ਕੀਤਾ ਜਾਂਦਾ, ਪਰ ਆਦਰਸ਼ਕ ਤੌਰ 'ਤੇ ਉਨ੍ਹਾਂ ਨੂੰ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ, ਜਿਸ ਵਿੱਚ ਫਾਈਬਰ ਦੀ ਮਾਤਰਾ ਵੱਧ ਹੋਵੇ।
ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਅੰਤੜੀਆਂ ਦੇ ਮਾਈਕ੍ਰੋਬਾਇਓਮ ਨੂੰ ਵਧਣ-ਫੁੱਲਣ ਲਈ ਲੋੜੀਂਦੇ ਪੌਸ਼ਟਿਕ ਤੱਤ ਮੁਹੱਈਆ ਕਰਵਾਉਂਦੇ ਹਨ।
ਡਾਕਟਰ ਕਾਰਲ ਕ੍ਰਾਫੋਰਡ ਕਹਿੰਦੇ ਹਨ, "ਕੋਈ ਸੋਚ ਸਕਦਾ ਹੈ ਕਿ ਮਲ ਦਾਨ ਕਰਨ ਵਾਲੇ ਲੋਕ ਸ਼ਾਕਾਹਾਰੀ ਹੋਣੇ ਚਾਹੀਦੇ ਹਨ, ਪਰ ਜਿਹੜੇ ਲੋਕ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਤਰ੍ਹਾਂ ਦੀ ਖੁਰਾਕ ਲੈਂਦੇ ਹਨ, ਉਨ੍ਹਾਂ ਦੀਆਂ ਅੰਤੜੀਆਂ ਵਿੱਚ ਸੂਖਮ ਜੀਵਾਣੂਆਂ ਦੀ ਵਿਭਿੰਨਤਾ ਵਧੇਰੇ ਹੁੰਦੀ ਦਿਖਾਈ ਦਿੰਦੀ ਹੈ।"
ਡਾਕਟਰ ਸੁਜ਼ੀ ਹੋਟਾ ਅਤੇ ਸੂਜ਼ਨ ਪੌਟਾਨਨ ਦਾ ਕਹਿਣਾ ਹੈ ਕਿ ਜਿੱਥੋਂ ਤੱਕ ਸੰਭਵ ਹੋਵੇ, ਮਲ ਦਾਨ ਕਰਨ ਵਾਲੇ ਲੋਕਾਂ ਦਾ ਸਰੀਰਕ ਭਾਰ ਵੀ ਘੱਟ ਹੋਣਾ ਚਾਹੀਦਾ ਹੈ। ਇੱਕ ਮਾਮਲੇ ਵਿੱਚ, ਪਹਿਲਾਂ ਪਤਲੀ ਰਹੀ 32 ਸਾਲਾ ਔਰਤ ਇੱਕ ਸਿਹਤਮੰਦ ਪਰ ਵੱਧ ਭਾਰ ਵਾਲੇ ਦਾਨੀ ਤੋਂ ਮਲ ਪ੍ਰਾਪਤ ਕਰਨ ਤੋਂ ਬਾਅਦ ਮੋਟਾਪੇ ਦਾ ਸ਼ਿਕਾਰ ਹੋ ਗਈ ਸੀ।
ਇਸ ਤੋਂ ਇਲਾਵਾ ਸ਼ਰਾਬ ਦੀ ਵਰਤੋਂ, ਕਸਰਤ ਅਤੇ ਨੀਂਦ ਸਮੇਤ ਕਈ ਹੋਰ ਕਾਰਕਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਦਾਨੀਆਂ ਦੇ ਸਫ਼ਰ ਕਰਨ 'ਤੇ ਵੀ ਸਖ਼ਤ ਪਾਬੰਦੀਆਂ ਹੋ ਸਕਦੀਆਂ ਹਨ, ਤਾਂ ਜੋ ਉਹ ਅਣਜਾਣੇ ਵਿੱਚ ਦਵਾਈਆਂ ਪ੍ਰਤੀ ਰੋਧਕ ਸਮਰੱਥਾ ਵਾਲੇ ਅੰਤੜੀਆਂ ਦੇ ਬੈਕਟੀਰੀਆ ਦੀ ਲਾਗ ਆਪਣੇ ਨਾਲ ਨਾ ਲੈ ਆਉਣ।
ਹਾਲਾਂਕਿ ਡਾਕਟਰ ਕ੍ਰਾਫੋਰਡ ਹੁਣ ਖ਼ੁਦ ਟਰਾਂਸਪਲਾਂਟ ਲਈ ਮਲ ਇਕੱਠਾ ਨਹੀਂ ਕਰਦੇ, ਪਰ ਉਨ੍ਹਾਂ ਦੇ ਤਜਰਬੇ ਅਨੁਸਾਰ ਲਗਭਗ 3 ਫ਼ੀਸਦੀ ਲੋਕ ਹੀ ਮੁੱਢਲੀ ਜਾਂਚ ਵਿੱਚ ਸਫ਼ਲ ਹੁੰਦੇ ਹਨ।
ਇਨ੍ਹਾਂ ਵਿੱਚੋਂ ਵੀ ਲਗਭਗ ਅੱਧੇ ਲੋਕਾਂ ਨੂੰ ਨਿਯਮਤ ਤੌਰ 'ਤੇ ਮਲ ਦਾਨ ਕਰਨ ਲਈ ਬੈਕਟੀਰੀਆ ਦਾ ਸਹੀ ਸੰਤੁਲਨ ਰੱਖਣ ਵਾਲਾ ਮੰਨਿਆ ਜਾਂਦਾ ਹੈ।
ਟੋਰਾਂਟੋ ਵਿੱਚ ਡਾਕਟਰ ਹੋਟਾ ਦੇ ਪ੍ਰੋਗਰਾਮ ਵਿੱਚ ਸੰਭਾਵੀ ਦਾਨੀਆਂ ਵਿੱਚੋਂ ਸਿਰਫ਼ 1.6 ਫ਼ੀਸਦੀ ਲੋਕ ਹੀ ਮੁੱਢਲੀ ਜਾਂਚ ਵਿੱਚ ਸਫ਼ਲ ਹੁੰਦੇ ਹਨ। ਇਨ੍ਹਾਂ ਵਿੱਚੋਂ ਲਗਭਗ 0.6 ਫ਼ੀਸਦੀ ਲੋਕਾਂ ਨੂੰ ਨਿਯਮਤ ਦਾਨੀ ਵਜੋਂ ਚੁਣਿਆ ਜਾਂਦਾ ਹੈ।
ਪਰ ਮਲ ਬੈਂਕਾਂ ਜਾਂ ਖੋਜ ਪ੍ਰੋਗਰਾਮਾਂ ਨੂੰ ਚਲਾਉਣ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਲ ਦਾਨੀ ਬਣਨ ਲਈ ਲੋੜੀਂਦੀਆਂ ਪ੍ਰਬੰਧਕੀ ਅਤੇ ਵਿਹਾਰਕ ਸ਼ਰਤਾਂ ਨੂੰ ਘੱਟ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ। ਫੇਅ ਵੱਲੋਂ ਇੱਕ ਅਜਿਹੇ ਮਰੀਜ਼ ਲਈ ਇੱਕ ਵਾਰ ਮਲ ਦਾਨ ਕਰਨ ਦਾ ਮਾਮਲਾ, ਜਿਸ ਨੂੰ ਉਹ ਜਾਣਦੇ ਸਨ, ਆਮ ਨਹੀਂ ਹੈ।
ਜੇ ਤੁਸੀਂ ਉਨ੍ਹਾਂ ਵਿਰਲੇ ਮਲ ਦਾਨੀਆਂ ਵਿੱਚੋਂ ਹੋ ਜੋ ਜਾਂਚ ਵਿੱਚ ਸਫ਼ਲ ਹੋ ਜਾਂਦੇ ਹਨ, ਤਾਂ ਤੁਹਾਨੂੰ ਨਿਯਮਤ ਤੌਰ 'ਤੇ ਮਲ ਦਾਨ ਕਰਨ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲ ਸਕਦਾ ਹੈ।
ਇਸ ਰੁਟੀਨ ਤਹਿਤ ਲਗਭਗ ਹਰ ਰੋਜ਼ ਲੈਬਾਰਟਰੀ ਜਾਣਾ ਪੈਂਦਾ ਹੈ ਅਤੇ ਉੱਥੇ ਦਾਨੀਆਂ ਲਈ ਨਿਰਧਾਰਤ ਕੀਤੇ ਗਏ ਟਾਇਲਟ ਵਿੱਚ ਮਲ ਤਿਆਗਣਾ ਪੈਂਦਾ ਹੈ।
ਕਈ ਮਲ ਬੈਂਕ ਦਾਨੀਆਂ ਨੂੰ ਇਸ ਕੰਮ ਲਈ ਪੈਸੇ ਵੀ ਦਿੰਦੇ ਹਨ। ਮਿਸਾਲ ਵਜੋਂ, ਅਮਰੀਕਾ ਵਿੱਚ ਇੱਕ ਵਾਰ ਮਲ ਦਾਨ ਕਰਨ ਬਦਲੇ 25 ਡਾਲਰ (19 ਪੌਂਡ) ਤੋਂ ਲੈ ਕੇ ਲਗਭਗ 100 ਡਾਲਰ (76 ਪੌਂਡ) ਤੱਕ ਦਿੱਤੇ ਜਾ ਸਕਦੇ ਹਨ।
ਹਰ ਮਲ ਬੈਂਕ ਦੇ ਕੁਝ ਅਜਿਹੇ ਦਾਨੀ ਹੁੰਦੇ ਹਨ, ਜਿਨ੍ਹਾਂ ਤੋਂ ਵਾਰ-ਵਾਰ ਮਲ ਲਿਆ ਜਾਂਦਾ ਹੈ, ਕਿਉਂਕਿ ਹਰ ਵਾਰ ਨਵੇਂ ਦਾਨੀਆਂ ਦੀ ਭਾਲ ਕਰਨ ਨਾਲੋਂ ਇਹ ਵਧੇਰੇ ਸੁਵਿਧਾਜਨਕ ਹੁੰਦਾ ਹੈ।
ਡਾਕਟਰ ਹੋਟਾ ਕਹਿੰਦੇ ਹਨ, "ਮੈਨੂੰ ਦਾਨੀਆਂ ਨਾਲ ਬਣਨ ਵਾਲਾ ਰਿਸ਼ਤਾ ਬਹੁਤ ਦਿਲਚਸਪ ਲੱਗਦਾ ਹੈ।"
ਉਹ ਦੱਸਦੇ ਹਨ ਕਿ ਦਾਨੀਆਂ ਦੀ ਆਪਣੀ ਮਰਜ਼ੀ ਅਤੇ ਆਜ਼ਾਦੀ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਨਾਲ ਭਰੋਸੇ ਵਾਲਾ ਰਿਸ਼ਤਾ ਬਣਾਉਣਾ ਪੈਂਦਾ ਹੈ।
ਮਿਸਾਲ ਵਜੋਂ, ਦਾਨੀਆਂ ਨੂੰ ਅਕਸਰ ਆਪਣੀ ਜੀਵਨਸ਼ੈਲੀ ਵਿੱਚ ਹੋਣ ਵਾਲੀਆਂ ਛੋਟੀਆਂ-ਮੋਟੀਆਂ ਤਬਦੀਲੀਆਂ ਬਾਰੇ ਵੀ ਦੱਸਣ ਲਈ ਕਿਹਾ ਜਾਂਦਾ ਹੈ।

ਸੁਪਰ ਪੂਪਰ
ਮੁੱਢਲੀਆਂ ਜਾਂਚਾਂ ਅਤੇ ਟੈਸਟਾਂ ਰਾਹੀਂ ਵੀ ਸਿਰਫ਼ ਇੱਕ ਹੱਦ ਤੱਕ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਜਾਂਚ ਵਿੱਚ ਯੋਗ ਪਾਏ ਜਾਣ ਵਾਲੇ ਕਿਸੇ ਵੀ ਦਾਨੀ ਦੇ ਮਲ ਨਾਲ ਵਾਰ-ਵਾਰ ਹੋਣ ਵਾਲੀ ਸੀ. ਡਿਫ਼ਿਸਾਈਲ ਦੀ ਲਾਗ ਦਾ ਸਫ਼ਲ ਇਲਾਜ ਹੋਣ ਦੀ ਸੰਭਾਵਨਾ ਬਰਾਬਰ ਹੁੰਦੀ ਹੈ।
ਹਾਲਾਂਕਿ, ਕੁਝ ਖ਼ਾਸ ਬਿਮਾਰੀਆਂ ਦੇ ਮਾਮਲੇ ਵਿੱਚ ਖੋਜ ਦੱਸਦੀ ਹੈ ਕਿ ਕੁਝ ਵਿਸ਼ੇਸ਼ ਦਾਨੀਆਂ ਦੇ ਮਲ ਨਾਲ ਦੂਜੇ ਦਾਨੀਆਂ ਦੇ ਮੁਕਾਬਲੇ ਬਿਮਾਰੀ ਤੋਂ ਛੁਟਕਾਰਾ ਮਿਲਣ ਦੀ ਦਰ ਕਾਫ਼ੀ ਵੱਧ ਹੁੰਦੀ ਹੈ।
ਮਿਸਾਲ ਵਜੋਂ, ਅਲਸਰੇਟਿਵ ਕੋਲਾਈਟਿਸ (ਆਂਤਾਂ ਦੀ ਇੱਕ ਕਿਸਮ ਦੀ ਬਿਮਾਰੀ) ਦੇ ਇਲਾਜ ਲਈ ਮਲ ਟਰਾਂਸਪਲਾਂਟ ਬਾਰੇ 2015 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ 38 ਲੋਕਾਂ ਵਿੱਚੋਂ ਸਿਰਫ਼ ਨੌਂ ਦੀ ਬਿਮਾਰੀ ਵਿੱਚ ਰਾਹਤ ਆਈ ਸੀ। ਇਨ੍ਹਾਂ ਨੌਂ ਵਿੱਚੋਂ ਸੱਤ ਲੋਕਾਂ ਨੂੰ ਇੱਕੋ ਦਾਨੀ ਦਾ ਮਲ ਦਿੱਤਾ ਗਿਆ ਸੀ।
2017 ਵਿੱਚ ਕੀਤੇ ਗਏ ਇੱਕ ਹੋਰ ਅਧਿਐਨ ਵਿੱਚ ਟਰਾਂਸਪਲਾਂਟ ਲਈ ਸੱਤ ਦਾਨੀਆਂ ਤੱਕ ਦੇ ਮਲ ਨੂੰ ਆਪਸ ਵਿੱਚ ਮਿਲਾਇਆ ਗਿਆ ਸੀ।
ਜਿਨ੍ਹਾਂ ਮਰੀਜ਼ਾਂ ਨੂੰ ਇਸ ਮਿਸ਼ਰਣ ਵਿੱਚ ਇੱਕ ਖ਼ਾਸ ਦਾਨੀ ਦਾ ਮਲ ਵੀ ਮਿਲਾ ਕੇ ਦਿੱਤਾ ਗਿਆ, ਉਨ੍ਹਾਂ ਦੇ ਬਿਹਤਰ ਮਹਿਸੂਸ ਕਰਨ ਦੀ ਸੰਭਾਵਨਾ ਉਨ੍ਹਾਂ ਮਰੀਜ਼ਾਂ ਦੇ ਮੁਕਾਬਲੇ ਲਗਭਗ ਦੁੱਗਣੀ ਸੀ, ਜਿਨ੍ਹਾਂ ਨੂੰ ਉਸ ਦਾਨੀ ਦੇ ਮਲ ਤੋਂ ਬਿਨਾਂ ਤਿਆਰ ਕੀਤਾ ਮਿਸ਼ਰਣ ਦਿੱਤਾ ਗਿਆ ਸੀ।
ਪਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਮਲ ਦੀ ਇਸ ਸਭ ਤੋਂ ਉੱਤਮ ਕਿਸਮ ਨੂੰ ਇੰਨਾ ਪ੍ਰਭਾਵਸ਼ਾਲੀ ਕਿਸ ਚੀਜ਼ ਨੇ ਬਣਾਇਆ।
ਮਲ ਦਾਨ ਕਰਨ ਸਮੇਂ ਮਾਈਕ੍ਰੋਬਾਇਓਮ ਦੀ ਪੂਰੀ ਜਾਂਚ ਆਮ ਤੌਰ 'ਤੇ ਨਹੀਂ ਕੀਤੀ ਜਾਂਦੀ।
ਪਰ ਖੋਜ ਤੋਂ ਪਤਾ ਲੱਗਾ ਹੈ ਕਿ ਸੁਪਰ ਪੂਪਰਾਂ ਦੇ ਮਲ ਵਿੱਚ ਆਮ ਤੌਰ 'ਤੇ ਅੰਤੜੀਆਂ ਦੇ ਬੈਕਟੀਰੀਆ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਉਨ੍ਹਾਂ ਦੀਆਂ ਕਿਸਮਾਂ ਵਿੱਚ ਵੀ ਕਾਫ਼ੀ ਵਿਭਿੰਨਤਾ ਹੁੰਦੀ ਹੈ।
ਉਨ੍ਹਾਂ ਦੇ ਮਲ ਵਿੱਚ ਲਾਭਦਾਇਕ ਮੰਨੇ ਜਾਣ ਵਾਲੇ ਬੈਕਟੀਰੀਆ ਦੀਆਂ ਕਿਸਮਾਂ ਵੀ ਮੌਜੂਦ ਹੁੰਦੀਆਂ ਹਨ, ਜਿਵੇਂ ਕਿ ਫੀਕੈਲੀਬੈਕਟੀਰੀਅਮ ਪ੍ਰਾਊਸਨਿਟਜ਼ੀ।
ਇਹ ਬੈਕਟੀਰੀਆ ਬਿਊਟੀਰੇਟ ਨਾਂ ਦਾ ਫੈਟੀ ਐਸਿਡ ਪੈਦਾ ਕਰਦਾ ਹੈ। ਇਸ ਦੇ ਕਈ ਲਾਭਦਾਇਕ ਕੰਮ ਹਨ, ਜਿਵੇਂ ਸੋਜ ਘਟਾਉਣਾ ਅਤੇ ਅੰਤੜੀਆਂ ਦੀ ਅੰਦਰੂਨੀ ਪਰਤ ਦੀ ਸੁਰੱਖਿਆ ਕਰਨਾ।
ਇਸ ਦੇ ਬਾਵਜੂਦ ਕਿਸੇ ਵੀ ਵਿਅਕਤੀ ਦਾ ਮਲ ਹਰ ਬਿਮਾਰੀ ਦੇ ਇਲਾਜ ਲਈ ਰਾਮਬਾਣ ਨਹੀਂ ਹੋ ਸਕਦਾ। ਫੇਅ ਦਾ ਕਹਿਣਾ ਹੈ ਕਿ ਸੀ. ਡਿਫ਼ਿਸਾਈਲ ਦੀ ਲਾਗ ਦੇ ਇਲਾਜ ਲਈ ਆਦਰਸ਼ ਮੰਨਿਆ ਜਾਣ ਵਾਲਾ ਦਾਨੀ ਸ਼ਾਇਦ ਇਰੀਟੇਬਲ ਬਾਊਲ ਸਿੰਡਰੋਮ ਜਾਂ ਡਿਪ੍ਰੈਸ਼ਨ ਤੋਂ ਪੀੜਤ ਕਿਸੇ ਵਿਅਕਤੀ ਲਈ ਕੋਈ ਅਸਰ ਨਾ ਦਿਖਾਵੇ।
ਉਹ ਕਹਿੰਦੇ ਹਨ, "ਅਸੀਂ ਅਜੇ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦਾ ਅਸਲ ਰਾਜ਼ ਕੀ ਹੈ।"
ਡਾਕਟਰ ਹੋਮੈਨ ਕਹਿੰਦੇ ਹਨ, "ਓਹ, ਮੈਨੂੰ ਪੂਰਾ ਯਕੀਨ ਹੈ ਕਿ 'ਸੁਪਰ ਪੂਪਰ' ਹੁੰਦੇ ਹਨ।"
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਵਿਗਿਆਨੀਆਂ ਕੋਲ ਅਜੇ ਅਜਿਹੇ ਕੋਈ ਭਰੋਸੇਯੋਗ ਟੈਸਟ ਨਹੀਂ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਜੇ ਤੱਕ ਇਹ ਪਰਿਭਾਸ਼ਾ ਹੀ ਤੈਅ ਨਹੀਂ ਹੋ ਸਕੀ ਕਿ ਆਖ਼ਰ ਇੱਕ ਸੁਪਰ ਮਲ ਕਿਸ ਨੂੰ ਕਿਹਾ ਜਾ ਸਕਦਾ ਹੈ।
ਸਭ ਤੋਂ ਵਧੀਆ ਮਲ ਦੀ ਭਾਲ ਕਰਨ ਤੋਂ ਇਲਾਵਾ, ਖੋਜ ਦੇ ਵਧਦੇ ਖੇਤਰ ਤੋਂ ਸੰਕੇਤ ਮਿਲਦੇ ਹਨ ਕਿ ਮਰੀਜ਼ਾਂ ਨੂੰ ਉਨ੍ਹਾਂ ਦੇ ਸਰੀਰ ਦੇ ਅਨੁਕੂਲ ਮਲ ਦਾਨੀਆਂ ਨਾਲ ਜੋੜਨਾ ਵਧੇਰੇ ਉਮੀਦਜਨਕ ਤਰੀਕਾ ਹੋ ਸਕਦਾ ਹੈ।
ਵਿਗਿਆਨੀ ਦਾਨੀਆਂ ਅਤੇ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਅੰਤੜੀਆਂ ਵਿੱਚ ਮੌਜੂਦ ਸੂਖਮ ਜੀਵਾਣੂਆਂ ਦੀਆਂ ਕਿਸਮਾਂ ਅਤੇ ਵਿਭਿੰਨਤਾ ਵਰਗੇ ਕਾਰਕਾਂ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਸਕਦੇ ਹਨ।

ਤਸਵੀਰ ਸਰੋਤ, Getty Images
ਮਲ ਤੋਂ ਗੋਲੀਆਂ ਤੱਕ
ਸਭ ਤੋਂ ਪ੍ਰਭਾਵਸ਼ਾਲੀ ਸੁਪਰ ਪੂਪਰਾਂ ਤੋਂ ਮਿਲਣ ਵਾਲੇ ਸਭ ਤੋਂ ਵਧੀਆ ਮਲ ਦੇ ਬਾਵਜੂਦ, ਮਲ ਟਰਾਂਸਪਲਾਂਟ ਅਜੇ ਵੀ ਕੋਈ ਪੂਰੀ ਤਰ੍ਹਾਂ ਸਟੀਕ ਵਿਗਿਆਨ ਨਹੀਂ ਹੈ।
ਲੰਡਨ ਦੀ ਕਵੀਨ ਮੈਰੀ ਯੂਨੀਵਰਸਿਟੀ ਦੀ ਸਾਰਾ ਬੇਂਟੇਰਕੀਆ ਕਹਿੰਦੀ ਹੈ, "ਐੱਫਐੱਮਟੀ ਬਾਰੇ ਮੇਰੀ ਸਭ ਤੋਂ ਵੱਡੀ ਚਿੰਤਾ ਸ਼ਾਇਦ ਇਸ ਦੀ ਅਨਿਸ਼ਚਿਤਤਾ ਹੈ। ਤੁਸੀਂ ਸੂਖ਼ਮ ਜੀਵਾਣੂਆਂ ਦੇ ਪੂਰੇ ਸਮੂਹ ਨੂੰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਪਹੁੰਚਾ ਰਹੇ ਹੁੰਦੇ ਹੋ, ਇਸ ਲਈ ਕਈ ਕਾਰਕਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ।"
ਵੱਖ-ਵੱਖ ਦਾਨੀਆਂ, ਮਲ ਤਿਆਰ ਕਰਨ ਦੇ ਤਰੀਕਿਆਂ ਅਤੇ ਮਲ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਕਾਰਨ ਸੂਖ਼ਮ ਜੀਵਾਣੂਆਂ ਵਿੱਚ ਬਹੁਤ ਵੱਖ-ਵੱਖ ਤਬਦੀਲੀਆਂ ਹੋ ਸਕਦੀਆਂ ਹਨ।
ਦੂਜੇ ਪਾਸੇ, ਡਾਕਟਰ ਕ੍ਰਾਫੋਰਡ ਦਾ ਕਹਿਣਾ ਹੈ ਕਿ ਇਹ ਟਰਾਂਸਪਲਾਂਟ ਭਵਿੱਖ ਵਿੱਚ ਵਧੇਰੇ ਮਿਆਰੀ ਇਲਾਜਾਂ ਵੱਲ ਵਧਣ ਲਈ ਇੱਕ ਪੜਾਅ ਸਾਬਤ ਹੋ ਸਕਦੇ ਹਨ।
ਮਿਸਾਲ ਵਜੋਂ, ਫੈਰਿੰਗ ਫਾਰਮਾਸਿਊਟੀਕਲਜ਼ ਕੰਪਨੀ 'ਰੇਬਾਇਓਟਾ' ਤਿਆਰ ਕਰਦੀ ਹੈ। ਇਹ ਐਨੀਮਾ ਰਾਹੀਂ ਦਿੱਤਾ ਜਾਣ ਵਾਲਾ ਉਤਪਾਦ ਹੈ, ਜਿਸ ਨੂੰ ਲਾਭਦਾਇਕ ਬੈਕਟੀਰੀਆ ਦੀ ਵਧੇਰੇ ਮਾਤਰਾ ਵਾਲੇ ਦਾਨੀਆਂ ਦੇ ਮਲ ਤੋਂ ਤਿਆਰ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ 'ਸੇਰੇਸ ਥੈਰੇਪਿਊਟਿਕਸ' ਕੰਪਨੀ 'ਵਾਊਸਟ' (ਵੀਓਡਬਲਯੂਐੱਸਟੀ) ਨਾਂ ਦੀਆਂ ਗੋਲੀਆਂ ਤਿਆਰ ਕਰਦੀ ਹੈ, ਜਿਨ੍ਹਾਂ ਵਿੱਚ ਕੁਝ ਖ਼ਾਸ ਬੈਕਟੀਰੀਆ ਦੇ ਬੀਜਾਣੂ ਹੁੰਦੇ ਹਨ। ਇਹ ਵੀ ਮਨੁੱਖੀ ਮਲ ਤੋਂ ਹੀ ਤਿਆਰ ਕੀਤੇ ਜਾਂਦੇ ਹਨ।
ਅਮਰੀਕੀ ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਐੱਫਡੀਏ) ਨੇ ਦੋਵਾਂ ਉਤਪਾਦਾਂ ਨੂੰ ਵਾਰ-ਵਾਰ ਹੋਣ ਵਾਲੀ ਸੀ. ਡਿਫ਼ਿਸਾਈਲ ਦੀ ਲਾਗ ਦੇ ਇਲਾਜ ਲਈ ਮਨਜ਼ੂਰੀ ਦਿੱਤੀ ਹੋਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































