'ਹੱਥਾਂ ਦੀ ਮਹਿੰਦੀ ਵੀ ਨਹੀਂ ਉੱਤਰੀ ਤੇ ਅਦਾਲਤਾਂ ਦੇ ਚੱਕਰ ਕੱਟ ਰਹੀ ਹਾਂ'; ਸ਼ਰਾਵਣੀ ਰਾਣੇ ਅਤੇ ਮੁਹੰਮਦ ਫ਼ੈਜ਼ ਦਾ ਮਾਮਲਾ ਕੀ ਹੈ?

श्रावणी राणे और मोहम्मद फैज़
ਤਸਵੀਰ ਕੈਪਸ਼ਨ, श्रावणी राणे और मोहम्मद फैज़ अपनी शादी के रिसेप्शन के दौरान
    • ਲੇਖਕ, ਦੀਪਾਲੀ ਜਗਤਾਪ
    • ਰੋਲ, ਬੀਬੀਸੀ ਮਰਾਠੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

"ਉਹ ਸਿਆਸਤ ਦੇ ਨਾਂ 'ਤੇ ਸਾਨੂੰ ਪਰੇਸ਼ਾਨ ਕਰ ਰਹੇ ਹਨ। ਅਸੀਂ ਸਿਆਸਤ ਵਿੱਚ ਨਹੀਂ ਹਾਂ, ਤਾਂ ਸਾਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ? ਮੇਰੇ ਹੱਥਾਂ ਦੀ ਮਹਿੰਦੀ ਵੀ ਅਜੇ ਨਹੀਂ ਉੱਤਰੀ ਅਤੇ ਮੈਂ ਅਦਾਲਤਾਂ ਦੇ ਚੱਕਰ ਕੱਟ ਰਹੀ ਹਾਂ।"

22 ਸਾਲਾ ਸ਼ਰਾਵਣੀ ਰਾਣੇ ਅਤੇ 26 ਸਾਲਾ ਮੁਹੰਮਦ ਫ਼ੈਜ਼ ਨੇ ਅਕਤੂਬਰ 2026 ਵਿੱਚ ਵਿਸ਼ੇਸ਼ ਵਿਆਹ ਕਾਨੂੰਨ ਤਹਿਤ ਵਿਆਹ ਕੀਤਾ ਸੀ।

ਹਾਲਾਂਕਿ, ਸ਼ਰਾਵਣੀ ਦੀ ਮਾਂ ਨੇ ਮੇਘਵਾੜੀ ਪੁਲਿਸ ਸਟੇਸ਼ਨ ਵਿੱਚ ਸ਼ਰਾਵਣੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਇਲਜ਼ਾਮ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਮੁਹੰਮਦ ਫ਼ੈਜ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਮਹਾਰਾਸ਼ਟਰ ਵਿੱਚ ਮਾਰਚ 2026 ਵਿੱਚ ਸੂਬਾ ਸਰਕਾਰ ਨੇ ਧਰਮ ਦੀ ਆਜ਼ਾਦੀ ਨਾਲ ਸਬੰਧਤ ਬਿੱਲ ਪਾਸ ਕੀਤਾ ਸੀ। ਇਸ ਤਹਿਤ ਜ਼ਬਰਦਸਤੀ ਜਾਂ ਧੋਖੇ ਨਾਲ ਧਰਮ ਪਰਿਵਰਤਨ ਕਰਵਾਉਣ ਲਈ ਸਜ਼ਾ ਦੀ ਵਿਵਸਥਾ ਹੈ। ਕਾਨੂੰਨ ਵਿੱਚ ਧਰਮ ਪਰਿਵਰਤਨ ਦੀ ਪ੍ਰਕਿਰਿਆ ਵੀ ਦੱਸੀ ਗਈ ਹੈ।

ਬੀਜੇਪੀ ਆਗੂ ਕਿਰੀਟ ਸੋਮੱਈਆ ਅਤੇ ਸ਼ਰਾਵਣੀ ਦੀ ਮਾਂ ਨੀਲੇਸ਼ਾ ਰਾਣੇ ਕੁਝ ਦਿਨ ਪਹਿਲਾਂ ਮੇਘਵਾੜੀ ਪੁਲਿਸ ਸਟੇਸ਼ਨ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ।

ਸ਼ਰਾਵਣੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਦੋਵਾਂ ਵਿਚਾਲੇ ਪੰਜ ਸਾਲਾਂ ਤੋਂ ਪ੍ਰੇਮ ਸਬੰਧ ਸਨ। ਦੋਵੇਂ ਇੱਕ-ਦੂਜੇ ਨੂੰ ਸਕੂਲ ਦੇ ਸਮੇਂ ਤੋਂ ਜਾਣਦੇ ਹਨ ਅਤੇ ਸਾਲ 2022 ਤੋਂ ਇੱਕ-ਦੂਜੇ ਨੂੰ ਪਿਆਰ ਕਰਦੇ ਹਨ।

ਸ਼ਰਾਵਣੀ ਰਾਣੇ

ਸ਼ਰਾਵਣੀ ਨੇ ਕਿਹਾ ਕਿ ਸਾਡੇ ਦੋਵਾਂ ਦੇ ਪਰਿਵਾਰਾਂ ਨੂੰ ਇਸ ਬਾਰੇ ਪਹਿਲਾਂ ਤੋਂ ਹੀ ਪਤਾ ਸੀ। ਦਰਅਸਲ, ਅਸੀਂ ਦੋਵੇਂ ਇੱਕ-ਦੂਜੇ ਦੇ ਪਰਿਵਾਰਾਂ ਨੂੰ ਜਾਣਦੇ ਹਾਂ। ਸਾਡੀਆਂ ਮੁਲਾਕਾਤਾਂ ਵੀ ਹੋਈਆਂ ਸਨ।

ਇਹ ਕਹਿੰਦਿਆਂ ਸ਼ਰਾਵਣੀ ਨੇ ਆਪਣੇ ਮੋਬਾਈਲ ਫ਼ੋਨ 'ਤੇ ਆਪਣੀ ਮਾਂ ਅਤੇ ਮੁਹੰਮਦ ਫ਼ੈਜ਼ ਦੇ ਇਕੱਠਿਆਂ ਕੇਕ ਖਾਣ ਦੀ ਤਸਵੀਰ ਵੀ ਦਿਖਾਈ।

ਪਰ ਹੁਣ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਵਿਆਹ ਦੇ ਕੁਝ ਹੀ ਦਿਨਾਂ ਦੇ ਅੰਦਰ ਸ਼ਰਾਵਣੀ ਨੂੰ ਅਗਾਊਂ ਜ਼ਮਾਨਤ (ਐਂਟੀਸੀਪੇਟਰੀ ਬੇਲ) ਲਈ ਪਹਿਲਾਂ ਪੁਲਿਸ ਸਟੇਸ਼ਨ ਅਤੇ ਫਿਰ ਅਦਾਲਤ ਦੇ ਚੱਕਰ ਲਗਾਉਣੇ ਪੈ ਰਹੇ ਹਨ।

ਸ਼ਰਾਵਣੀ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਕੁਝ ਦਿਨਾਂ ਤੱਕ ਸਭ ਕੁਝ ਠੀਕ ਸੀ। ਉਹ ਆਪਣੀ ਮਾਂ ਨਾਲ ਫ਼ੋਨ 'ਤੇ ਗੱਲ ਵੀ ਕਰ ਰਹੇ ਸਨ।

ਪਰ ਅਚਾਨਕ ਖ਼ਬਰ ਆਈ ਕਿ ਸ਼ਰਾਵਣੀ ਦੇ ਪਤੀ ਮੁਹੰਮਦ ਫ਼ੈਜ਼ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਰਾਵਣੀ ਨੂੰ ਵੀ ਪੁਲਿਸ ਸਟੇਸ਼ਨ ਬੁਲਾਇਆ ਗਿਆ।

ਦਿੰਡੋਸ਼ੀ ਸੈਸ਼ਨ ਅਦਾਲਤ ਨੇ ਮਹਾਰਾਸ਼ਟਰ ਧਰਮ ਦੀ ਆਜ਼ਾਦੀ ਐਕਟ, 2026 ਤਹਿਤ ਮੇਘਵਾੜੀ ਪੁਲਿਸ ਸਟੇਸ਼ਨ ਵਿੱਚ ਦਰਜ ਇੱਕ ਮਾਮਲੇ ਵਿੱਚ ਮੁਲਜ਼ਮ ਮੁਹੰਮਦ ਫ਼ੈਜ਼ ਅਕਬਰ ਖ਼ਾਨ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

ਅਦਾਲਤ ਨੇ 50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੇ ਇੱਕ ਜ਼ਮਾਨਤੀ ਦੇ ਆਧਾਰ 'ਤੇ ਜ਼ਮਾਨਤ ਦੇਣ ਦਾ ਹੁਕਮ ਦਿੱਤਾ।

ਅਦਾਲਤ ਨੇ ਮੁਲਜ਼ਮ ਨੂੰ ਅਗਲੇ 90 ਦਿਨਾਂ ਤੱਕ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਦਰਮਿਆਨ ਸਬੰਧਤ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।

ਇਸ ਤੋਂ ਇਲਾਵਾ, ਲਗਾਈਆਂ ਗਈਆਂ ਸ਼ਰਤਾਂ ਵਿੱਚ ਕਿਹਾ ਗਿਆ ਹੈ ਕਿ ਉਹ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ, ਸ਼ਿਕਾਇਤਕਰਤਾ ਜਾਂ ਗਵਾਹਾਂ ਨਾਲ ਸੰਪਰਕ ਨਹੀਂ ਕਰਨਗੇ, ਜਾਂਚ ਵਿੱਚ ਸਹਿਯੋਗ ਕਰਨਗੇ, ਜਾਂਚ ਅਧਿਕਾਰੀ ਨੂੰ 7 ਦਿਨਾਂ ਦੇ ਅੰਦਰ ਆਪਣਾ ਰਿਹਾਇਸ਼ੀ ਪਤਾ ਅਤੇ ਸੰਪਰਕ ਜਾਣਕਾਰੀ ਦੇਣਗੇ ਅਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡ ਕੇ ਨਹੀਂ ਜਾਣਗੇ।

ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸ਼ਰਤਾਂ ਦੀ ਉਲੰਘਣਾ ਹੋਣ 'ਤੇ ਜ਼ਮਾਨਤ ਰੱਦ ਕੀਤੀ ਜਾ ਸਕਦੀ ਹੈ।

'ਮੈਂ ਆਪਣਾ ਧਰਮ ਨਹੀਂ ਬਦਲਿਆ ਹੈ'

मैंने धर्म परिवर्तन नहीं किया
ਤਸਵੀਰ ਕੈਪਸ਼ਨ, श्रावणी राणे और मोहम्मद फ़ैज़ (फ़ाइल फ़ोटो)

ਬੀਬੀਸੀ ਨਿਊਜ਼ ਮਰਾਠੀ ਨਾਲ ਗੱਲ ਕਰਦਿਆਂ ਸ਼ਰਾਵਣੀ ਰਾਣੇ ਨੇ ਕਿਹਾ, "ਮੇਰਾ ਬਿਆਨ ਦਰਜ ਕੀਤਾ ਗਿਆ। ਮੈਂ ਪੁਲਿਸ ਨੂੰ ਦੱਸਿਆ ਕਿ ਮੈਂ ਆਪਣੀ ਮਰਜ਼ੀ ਨਾਲ ਆਈ ਸੀ। ਮੈਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ। ਮੈਂ ਉਸ ਨੂੰ ਪਿਆਰ ਕਰਦੀ ਸੀ, ਇਸ ਲਈ ਵਿਆਹ ਕੀਤਾ।"

"ਮੈਂ ਧਰਮ ਪਰਿਵਰਤਨ ਨਹੀਂ ਕੀਤਾ ਹੈ। ਮੇਰੇ ਆਧਾਰ ਕਾਰਡ ਅਤੇ ਪੈਨ ਕਾਰਡ 'ਤੇ ਮੇਰਾ ਨਾਂ ਸ਼ਰਾਵਣੀ ਨੀਲੇਸ਼ ਰਾਣੇ ਹੀ ਹੈ। ਮੇਰੇ ਪਤੀ ਨੂੰ ਇਸ ਨਾਲ ਕੋਈ ਇਤਰਾਜ਼ ਨਹੀਂ ਹੈ, ਤਾਂ ਫਿਰ ਇਨ੍ਹਾਂ ਲੋਕਾਂ ਨੂੰ ਕੀ ਸਮੱਸਿਆ ਹੈ?"

ਸ਼ਰਾਵਣੀ ਦਾ ਕਹਿਣਾ ਹੈ ਕਿ ਅਦਾਲਤ ਵਿੱਚ ਵਿਆਹ ਤੋਂ ਬਾਅਦ ਪਰਿਵਾਰਕ ਰਿਸੈਪਸ਼ਨ ਦੇ ਸੱਦਾ ਪੱਤਰ ਵਿੱਚ ਸ਼ਰਾਵਣੀ ਦੇ ਨਾਂ "ਸ਼ਰਾਵਣੀ ਨੀਲੇਸ਼ਾ ਰਾਣੇ" ਦੇ ਨਾਲ "ਆਇਸ਼ਾ" ਵੀ ਲਿਖਿਆ ਗਿਆ ਸੀ, ਜਿਸ ਕਾਰਨ ਲੋਕਾਂ ਵਿੱਚ ਇਹ ਧਾਰਨਾ ਬਣ ਗਈ ਕਿ ਉਸ ਨੇ ਧਰਮ ਪਰਿਵਰਤਨ ਕਰ ਲਿਆ ਹੈ।

ਹਾਲਾਂਕਿ, ਸ਼ਰਾਵਣੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਧਰਮ ਪਰਿਵਰਤਨ ਨਹੀਂ ਕੀਤਾ ਹੈ।

ਉਨ੍ਹਾਂ ਕਿਹਾ, "ਮੈਂ ਧਰਮ ਪਰਿਵਰਤਨ ਨਹੀਂ ਕੀਤਾ ਹੈ। ਸਾਡੇ ਵਿਆਹ ਦਾ ਰਿਸੈਪਸ਼ਨ ਹੋਇਆ ਸੀ। ਕੀ ਉਸ ਕਾਰਡ 'ਤੇ ਲਿਖਿਆ ਨਾਂ ਇਸ ਗੱਲ ਦਾ ਸਬੂਤ ਹੈ?"

"ਉਹ ਮੇਰੇ ਕੱਪੜਿਆਂ ਤੋਂ ਮੇਰਾ ਮੁਲਾਂਕਣ ਕਰ ਰਹੇ ਹਨ। ਸਿਰਫ਼ ਇਸ ਲਈ ਕਿ ਮੈਂ ਆਪਣੀ ਮਰਜ਼ੀ ਨਾਲ ਕੱਪੜੇ ਪਾਉਂਦੀ ਹਾਂ, ਇਸ ਦਾ ਮਤਲਬ ਇਹ ਨਹੀਂ ਕਿ ਮੈਂ ਧਰਮ ਪਰਿਵਰਤਨ ਕਰ ਲਿਆ ਹੈ। ਮੇਰਾ ਨਾਂ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ, ਸ਼ਰਾਵਣੀ। ਉਹ ਮੈਨੂੰ ਪਿਆਰ ਨਾਲ ਆਇਸ਼ਾ ਬੁਲਾਉਂਦੇ ਹਨ।"

ਇਸ ਮਾਮਲੇ ਵਿੱਚ ਸ਼ਰਾਵਣੀ ਦੇ ਮਾਤਾ ਨੀਲੇਸ਼ਾ ਰਾਣੇ ਨੇ ਮੇਘਵਾੜੀ ਪੁਲਿਸ ਸਟੇਸ਼ਨ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਰਾਵਣੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਹਾਲਾਂਕਿ, ਸ਼ਰਾਵਣੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਪਣੀ ਮਾਂ ਨਾਲ ਫ਼ੋਨ 'ਤੇ ਗੱਲ ਹੋਈ ਸੀ।

ਇਸ ਦੇ ਨਾਲ ਹੀ, ਵਿਆਹ ਤੋਂ ਬਾਅਦ ਉਹ ਖ਼ੁਦ ਪੁਲਿਸ ਸਟੇਸ਼ਨ ਗਏ ਸੀ ਅਤੇ ਉੱਥੇ ਆਪਣਾ ਮੈਰਿਜ ਸਰਟੀਫਿਕੇਟ ਵੀ ਜਮ੍ਹਾਂ ਕਰਵਾਇਆ ਸੀ।

ਮੁਹੰਮਦ ਫ਼ੈਜ਼ ਖ਼ਿਲਾਫ਼ ਧਰਮ ਦੀ ਆਜ਼ਾਦੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਦਿੰਡੋਸ਼ੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਫ਼ਿਲਹਾਲ ਅਦਾਲਤ ਵਿੱਚ ਚੱਲ ਰਹੀ ਹੈ।

ਮੁਹੰਮਦ ਫ਼ੈਜ਼ ਦੇ ਵਕੀਲ ਕਰੀਮ ਪਠਾਨ ਨੇ ਕਿਹਾ, "ਲੜਕਾ ਮੁਸਲਮਾਨ ਹੈ ਅਤੇ ਲੜਕੀ ਹਿੰਦੂ ਹੈ। ਉਨ੍ਹਾਂ ਦਾ ਵਿਆਹ ਵਿਸ਼ੇਸ਼ ਵਿਆਹ ਕਾਨੂੰਨ ਤਹਿਤ ਹੋਇਆ ਸੀ। ਰਿਸੈਪਸ਼ਨ ਕਾਰਡ 'ਤੇ ਆਇਸ਼ਾ ਲਿਖੇ ਹੋਣ ਕਾਰਨ ਲੋਕਾਂ ਨੇ ਮੰਨ ਲਿਆ ਕਿ ਲੜਕੀ ਨੇ ਧਰਮ ਪਰਿਵਰਤਨ ਕਰ ਲਿਆ ਹੈ।"

ਮੁਹੰਮਦ ਫ਼ੈਜ਼ ਨੂੰ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੇ ਵਕੀਲ ਕਰੀਮ ਪਠਾਨ ਨੇ ਕਿਹਾ, "ਇਹ ਕਾਨੂੰਨ ਅਜੇ ਵੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਇਸ ਕਾਨੂੰਨ ਦੀ ਦੁਰਵਰਤੋਂ ਕਰਕੇ ਇੱਕ ਬੇਕਸੂਰ ਵਿਅਕਤੀ ਨੂੰ ਫਸਾਇਆ ਗਿਆ। ਹਾਲਾਂਕਿ, ਸੈਸ਼ਨ ਅਦਾਲਤ ਵਿੱਚ ਜਿਸ ਤਰ੍ਹਾਂ ਮਾਮਲਾ ਪੇਸ਼ ਕੀਤਾ ਗਿਆ, ਉਸ ਤੋਂ ਇਹ ਸਾਬਤ ਹੋਇਆ ਕਿ ਇਹ ਐੱਫ਼ਆਈਆਰ ਅਤੇ ਇਲਜ਼ਾਮ ਗ਼ਲਤ ਸਨ। ਇਹ ਸਾਡੇ ਅਤੇ ਇਸ ਜੋੜੇ ਲਈ ਇੱਕ ਵੱਡੀ ਜਿੱਤ ਹੈ।"

ਸਿਆਸਤ ਕਰਨ ਦਾ ਇਲਜ਼ਾਮ

ਸ਼ਰਾਵਣੀ ਨੇ ਇਲਜ਼ਾਮ ਲਾਇਆ ਹੈ ਕਿ ਹਿੰਦੂ-ਮੁਸਲਿਮ ਵਿਆਹ ਹੋਣ ਕਾਰਨ ਉਨ੍ਹਾਂ ਨਾਲ ਸਿਆਸਤ ਕੀਤੀ ਜਾ ਰਹੀ ਹੈ।

ਇਸ ਮਾਮਲੇ 'ਤੇ ਮੀਡੀਆ ਨਾਲ ਗੱਲ ਕਰਦਿਆਂ ਬੀਜੇਪੀ ਆਗੂ ਕਿਰੀਟ ਸੋਮੱਈਆ ਨੇ ਕਿਹਾ, "ਜਿਸ ਤਰ੍ਹਾਂ 22 ਸਾਲਾ ਹਿੰਦੂ ਕੁੜੀ ਨੂੰ ਫਸਾਇਆ ਗਿਆ ਅਤੇ ਉਸ 'ਤੇ ਦਬਾਅ ਪਾ ਕੇ ਧਰਮ ਪਰਿਵਰਤਨ ਕਰਵਾਇਆ ਗਿਆ, ਇਸ ਨੂੰ ਲੈ ਕੇ ਜਦੋਂ ਕੁੜੀ ਦੀ ਮਾਂ ਕੋਸ਼ਿਸ਼ਾਂ ਕਰਨ ਲੱਗੀ, ਤਾਂ ਉਸ ਤੋਂ ਪਹਿਲਾਂ ਹੀ ਉਸ ਨੌਜਵਾਨ ਨੇ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਕਰ ਲਿਆ।"

ਉਨ੍ਹਾਂ ਕਿਹਾ, "ਇਸ ਤੋਂ ਤਿੰਨ ਹਫ਼ਤਿਆਂ ਬਾਅਦ ਮੁਸਲਿਮ ਰੀਤੀ-ਰਿਵਾਜ਼ਾਂ ਮੁਤਾਬਕ ਨਿਕਾਹ ਕੀਤਾ ਗਿਆ। ਇਸ ਦਾ ਮਤਲਬ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ। ਪਹਿਲਾਂ ਕੁੜੀ ਨੂੰ ਫਸਾਇਆ ਗਿਆ, ਫਿਰ ਸਰੀਰਕ ਸਬੰਧ ਬਣਾਏ ਗਏ ਅਤੇ ਉਸ ਤੋਂ ਬਾਅਦ ਵਿਆਹ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਗਿਆ।"

ਸੋਮੱਈਆ ਨੇ ਇਲਜ਼ਾਮ ਲਾਇਆ, "ਧਰਮ ਪਰਿਵਰਤਨ ਵਿਰੋਧੀ ਕਾਨੂੰਨ ਤਹਿਤ ਇਹ ਇੱਕ ਅਪਰਾਧ ਹੈ। ਇਸ ਮਾਮਲੇ ਵਿੱਚ ਕੇਸ ਦਰਜ ਹੋ ਚੁੱਕਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।"

ਉਨ੍ਹਾਂ ਇਹ ਵੀ ਕਿਹਾ ਕਿ ਕੁੜੀ ਦੀ ਮਾਂ ਨੂੰ ਇਨਸਾਫ਼ ਮਿਲੇਗਾ।

ਦੂਜੇ ਪਾਸੇ, ਸ਼ਰਾਵਣੀ ਨੇ ਆਪਣੇ ਪਤੀ ਖ਼ਿਲਾਫ਼ ਲੱਗੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸਿਆਸਤ ਹੋ ਰਹੀ ਹੈ।

ਸ਼ਰਾਵਣੀ ਕਹਿੰਦੇ ਹਨ, "ਕਿਰੀਟ ਸੋਮੱਈਆ ਨੇ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਮਜਬੂਰ ਕੀਤਾ ਗਿਆ। ਉਨ੍ਹਾਂ ਨੂੰ ਇਹ ਕਿਸ ਨੇ ਦੱਸਿਆ? ਉਨ੍ਹਾਂ ਨੇ ਮੈਨੂੰ ਕਦੇ ਦੇਖਿਆ ਤੱਕ ਨਹੀਂ। ਅਸੀਂ ਪੰਜ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹਾਂ।"

ਸ਼ਰਾਵਣੀ ਨੇ ਇਹ ਸਵਾਲ ਵੀ ਉਠਾਇਆ ਹੈ ਕਿ "ਸਾਨੂੰ ਸਿਆਸਤ ਲਈ ਕਿਉਂ ਸਤਾਇਆ ਜਾ ਰਿਹਾ ਹੈ?"

'ਪਰਿਵਾਰ ਨੂੰ ਸਭ ਕੁਝ ਪਤਾ ਸੀ'

श्रावणी राणे सासूसोबत.
ਤਸਵੀਰ ਕੈਪਸ਼ਨ, श्रावणी राणे अपनी सास के साथ

ਸ਼ਰਾਵਣੀ ਰਾਣੇ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਉਨ੍ਹਾਂ ਦਾ ਪ੍ਰੇਮ ਸਬੰਧ ਚੱਲ ਰਿਹਾ ਹੈ ਅਤੇ ਦੋਵਾਂ ਪਰਿਵਾਰਾਂ ਵਿਚਾਲੇ ਪਰਿਵਾਰਕ ਸਬੰਧ ਸਨ।

ਉਹ ਕਹਿੰਦੇ ਹਨ, "ਮੇਰੇ ਪਰਿਵਾਰ ਨੂੰ ਪਤਾ ਸੀ ਕਿ ਉਹ ਮੇਰਾ ਬੁਆਏਫ੍ਰੈਂਡ ਹੈ। ਮੇਰੀ ਮਾਂ ਵੀ ਉਸ ਨਾਲ ਗੱਲ ਕਰਦੀ ਸੀ। ਘਰ ਵਿੱਚ ਸਭ ਨੂੰ ਪਤਾ ਸੀ ਕਿ ਮੈਂ ਉਨ੍ਹਾਂ ਦੇ ਘਰ ਜਾਂਦੀ ਸੀ ਅਤੇ ਉਹ ਮੇਰੇ ਘਰ ਆਉਂਦਾ ਸੀ। ਸਭ ਨੂੰ ਪਤਾ ਸੀ, ਪਰ ਮੇਰੀ ਮਾਂ ਨੂੰ ਖ਼ੁਦ ਵੀ ਨਹੀਂ ਪਤਾ ਸੀ ਕਿ ਉਹ ਕੀ ਕਹਿ ਰਹੇ ਹਨ। ਮੇਰੇ ਕੋਲ ਉਨ੍ਹਾਂ ਦੀ ਕੇਕ ਖਾਂਦਿਆਂ ਦੀ ਇੱਕ ਤਸਵੀਰ ਵੀ ਹੈ।"

ਸ਼ਰਾਵਣੀ ਨੇ ਇਹ ਵੀ ਕਿਹਾ ਕਿ ਪ੍ਰੇਮ ਵਿਆਹ ਨੂੰ ਧਾਰਮਿਕ ਅਤੇ ਸਿਆਸੀ ਨਜ਼ਰੀਏ ਤੋਂ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁੱਦੇ ਕਾਰਨ ਅਸੀਂ ਕਿਤੇ ਵੀ ਸੁਰੱਖਿਅਤ ਨਹੀਂ ਹਾਂ।

"ਸਾਡੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਹੈ। ਅਸੀਂ ਕਿਤੇ ਵੀ ਸੁਰੱਖਿਅਤ ਨਹੀਂ ਹਾਂ। ਅਸੀਂ ਇੱਕ-ਦੂਜੇ ਨੂੰ ਪਿਆਰ ਕਰਦੇ ਹਾਂ, ਇਸ ਲਈ ਵਿਆਹ ਕੀਤਾ ਹੈ। ਜਾਤ ਅਤੇ ਧਰਮ ਸਾਡੇ ਲਈ ਕੋਈ ਮਾਅਨੇ ਨਹੀਂ ਰੱਖਦੇ। ਪਿਆਰ ਧਰਮ ਦੇ ਆਧਾਰ 'ਤੇ ਨਹੀਂ ਹੁੰਦਾ। ਪਿਆਰ ਕਿਸੇ ਨਾਲ ਵੀ, ਕਿਤੇ ਵੀ ਹੋ ਸਕਦਾ ਹੈ।"

ਉਹ ਅੱਗੇ ਕਹਿੰਦੇ ਹਨ, "ਅਸੀਂ ਪਿਆਰ ਲਈ ਵਿਆਹ ਕੀਤਾ। ਅਸੀਂ ਇਕੱਠੇ ਰਹਿਣ ਲਈ ਵਿਆਹ ਕੀਤਾ। ਸਾਨੂੰ ਨਹੀਂ ਪਤਾ ਸੀ ਕਿ ਸਾਡਾ ਵਿਆਹ ਇੱਕ ਧਾਰਮਿਕ ਮੁੱਦਾ ਬਣ ਜਾਵੇਗਾ। ਮੇਰੇ ਪਤੀ ਮਰਾਠੀ ਧਰਮ ਦੀ ਪਾਲਣਾ ਕਰਦੇ ਹਨ। ਮੇਰੇ ਸੱਸ ਖ਼ੁਦ ਹਿੰਦੂ ਧਰਮ ਨਾਲ ਸਬੰਧਤ ਹਨ।"

ਸ਼ਰਾਵਣੀ ਦੇ ਮਾਤਾ ਦਾ ਇਲਜ਼ਾਮ

ਸ਼ਰਾਵਣੀ ਦੇ ਮਾਤਾ ਦਾ ਇਲਜ਼ਾਮ

ਸ਼ਰਾਵਣੀ ਦੇ ਮਾਤਾ ਨੀਲੇਸ਼ਾ ਰਾਣੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਧੀ ਨੇ ਧਰਮ ਪਰਿਵਰਤਨ ਕਰ ਲਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਧਰਮ ਪਰਿਵਰਤਨ ਦਾ ਵੀਡੀਓ ਹੈ।

ਬੀਬੀਸੀ ਨਿਊਜ਼ ਮਰਾਠੀ ਨਾਲ ਗੱਲ ਕਰਦਿਆਂ ਨੀਲੇਸ਼ਾ ਰਾਣੇ ਨੇ ਕਿਹਾ, "ਜੇਕਰ ਉਸ ਨੇ ਧਰਮ ਪਰਿਵਰਤਨ ਨਹੀਂ ਕੀਤਾ, ਤਾਂ ਕਾਜ਼ੀ ਦੇ ਉੱਥੇ ਬੈਠੇ ਹੋਣ ਵਾਲੀ ਉਹ ਵੀਡੀਓ ਕਿੱਥੋਂ ਆਈ, ਜੋ ਮੈਨੂੰ ਮਿਲੀ ਹੈ? ਉਸ ਨੇ ਹੀ ਤਾਂ ਉਸ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕੀਤਾ ਸੀ, ਹੈ ਨਾ? ਵਿਆਹ ਦੀ ਰਸਮ ਮਰਾਠੀ ਵਿੱਚ ਕਿਉਂ ਨਹੀਂ ਹੋਈ? ਉਹ ਉਸ ਨੂੰ ਪਹਿਲਾਂ ਤੋਂ ਹੀ ਧਮਕਾ ਰਿਹਾ ਸੀ, ਪਰ ਫਿਰ ਵੀ ਉਸ ਨੇ ਵਿਆਹ ਕਰ ਲਿਆ। ਇਹ ਸਾਫ਼ ਹੈ ਕਿ ਉਸ ਨੇ ਧਰਮ ਪਰਿਵਰਤਨ ਕਰ ਲਿਆ ਹੈ।"

ਸ਼ਰਾਵਣੀ ਦੇ ਮਾਤਾ ਨੇ ਅਦਾਲਤ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਨੂੰ ਵਾਪਸ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ। ਨੀਲੇਸ਼ਾ ਰਾਣੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਮਈ 2026 ਵਿੱਚ ਧਰਮ ਪਰਿਵਰਤਨ ਦੇ ਸਬੰਧ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਨੀਲੇਸ਼ਾ ਰਾਣੇ ਕਹਿੰਦੇ ਹਨ, "ਉਸ ਨੇ ਧਰਮ ਪਰਿਵਰਤਨ ਕਰ ਲਿਆ ਹੈ। ਮੈਂ ਇਸ ਨੂੰ ਸਵੀਕਾਰ ਨਹੀਂ ਕਰਦੀ। ਮੈਂ ਇਸ ਵਿਆਹ ਨੂੰ ਸਵੀਕਾਰ ਨਹੀਂ ਕਰਦੀ। ਮੈਨੂੰ ਆਪਣੀ ਧੀ ਵਾਪਸ ਚਾਹੀਦੀ ਹੈ। ਜੇਕਰ ਉਸ ਨੇ ਧਰਮ ਪਰਿਵਰਤਨ ਨਹੀਂ ਕੀਤਾ, ਤਾਂ ਉਹ ਬੁਰਕਾ ਕਿਉਂ ਪਹਿਨ ਰਹੀ ਹੈ? ਮੈਂ ਉਸ ਨੂੰ ਕੇਕ ਇਸ ਲਈ ਖੁਆਇਆ ਸੀ ਕਿਉਂਕਿ ਉਹ ਉਸ ਦਾ ਦੋਸਤ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)