ਦੁਨੀਆ ਦੇ ਨਕਸ਼ੇ ਵਿੱਚ ਕਿਹੜਾ ਬਦਲਾਅ ਕਰਨ ਲਈ ਸੰਯੁਕਤ ਰਾਸ਼ਟਰ ਵਿੱਚ ਪ੍ਰਸਤਾਵ ਪਾਸ ਹੋਇਆ, ਅਮਰੀਕਾ ਨੇ ਵਿਰੋਧ ਕਿਉਂ ਕੀਤਾ

- ਲੇਖਕ, ਥੌਮਸ ਮੁਖਵਾਨਾ
- ਰੋਲ, ਅਫ਼ਰੀਕਾ ਪੱਤਰਕਾਰ
- ਲੇਖਕ, ਵਿਕਲਿਫ਼ ਮੁਈਆ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਯੂਐੱਨ ਜਨਰਲ ਅਸੈਂਬਲੀ ਨੇ ਰਵਾਇਤੀ ਵਰਲਡ ਮੈਪ (ਦੁਨੀਆ ਦੇ ਮੌਜੂਦਾ ਨਕਸ਼ੇ) ਦੀ ਥਾਂ ਅਜਿਹਾ ਮੈਪ ਅਪਣਾਉਣ ਲਈ ਵੋਟ ਕੀਤਾ ਹੈ, ਜੋ ਅਫ਼ਰੀਕਾ ਦੇ ਆਕਾਰ ਨੂੰ ਜ਼ਿਆਦਾ ਸਹੀ ਢੰਗ ਨਾਲ ਦਰਸਾਉਂਦਾ ਹੈ।
ਟੋਗੋ (ਪੱਛਮੀ ਅਫ਼ਰੀਕਾ ਦਾ ਦੇਸ਼) ਵੱਲੋਂ ਪੇਸ਼ ਕੀਤੇ ਗਏ ਅਤੇ ਅਫ਼ਰੀਕਨ ਯੂਨੀਅਨ (ਏਯੂ) ਦੇ ਮੈਂਬਰਾਂ ਦੀ ਹਮਾਇਤ ਵਾਲੇ "ਕਰੈਕਟ ਦਿ ਮੈਪ'' (Correct the Map) ਪ੍ਰਸਤਾਵ ਨੂੰ ਫ੍ਰਾਂਸ ਅਤੇ ਯੂਕੇ ਸਮੇਤ 164 ਦੇਸ਼ਾਂ ਦਾ ਸਮਰਥਨ ਮਿਲਿਆ।
ਅਮਰੀਕਾ ਇਕਲੌਤਾ ਦੇਸ਼ ਸੀ, ਜਿਸ ਨੇ ਇਸ ਦੇ ਖ਼ਿਲਾਫ਼ ਵੋਟ ਕੀਤਾ - ਅਤੇ ਛੇ ਦੇਸ਼ਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।
ਯੂਐੱਨ ਦੀ ਇਹ ਵੋਟ ਲਾਜ਼ਮੀ ਨਹੀਂ ਹੈ, ਪਰ ਇਸ ਨਾਲ ਦੁਨੀਆ ਭਰ ਦੀਆਂ ਸੰਸਥਾਵਾਂ ਵੱਲੋਂ ਵਰਤੇ ਜਾਣ ਵਾਲੇ ਮੈਪ ਵਿੱਚ ਬਦਲਾਅ ਆਉਣਗੇ।
ਮਰਕੇਟਰ ਮੈਪ, ਜੋ 16ਵੀਂ ਸਦੀ ਤੋਂ ਆਮ ਤੌਰ 'ਤੇ ਵਰਤਿਆ ਜਾ ਰਿਹਾ ਹੈ, ਦੀ ਆਲੋਚਨਾ ਹੁੰਦੀ ਰਹੀ ਹੈ ਕਿਉਂਕਿ ਇਹ ਅਫ਼ਰੀਕਾ ਨੂੰ ਗ੍ਰੀਨਲੈਂਡ ਦੇ ਆਕਾਰ ਜਿੰਨਾ ਹੀ ਦਿਖਾਉਂਦਾ ਹੈ, ਜਦਕਿ ਅਸਲ ਵਿੱਚ ਅਫ਼ਰੀਕਾ ਉਸ ਤੋਂ 14 ਗੁਣਾ ਵੱਡਾ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਇਸ ਨਾਲ ਭੂਮੱਧ ਰੇਖਾ (ਇਕਵੇਟਰ) ਦੇ ਨੇੜੇ ਸਥਿਤ ਦੇਸ਼ਾਂ ਦੀਆਂ ਵਿਕਾਸ ਸਬੰਧੀ ਲੋੜਾਂ ਅਤੇ ਸੰਭਾਵਨਾਵਾਂ ਨੂੰ ਘੱਟ ਕਰਕੇ ਅੰਕਿਆ ਜਾਂਦਾ ਹੈ।
ਮੈਪ ਵਿੱਚ ਵਿਗਾੜ ਦਾ ਕਾਰਨ

ਤਸਵੀਰ ਸਰੋਤ, Getty Images
ਮਰਕੇਟਰ ਮੈਪ ਨੂੰ 1569 ਵਿੱਚ ਫਲੇਮਿਸ਼ ਕਾਰਟੋਗ੍ਰਾਫਰ ਜੇਰਾਰਡਸ ਮਰਕੇਟਰ ਨੇ ਤਿਆਰ ਕੀਤਾ ਸੀ, ਤਾਂ ਜੋ ਯੂਰਪੀ ਖੋਜਕਰਤਾਵਾਂ ਨੂੰ ਦੁਨੀਆ ਭਰ ਵਿੱਚ ਨੈਵੀਗੇਟ ਕਰਨ ਵਿੱਚ ਮਦਦ ਮਿਲ ਸਕੇ।
ਉਨ੍ਹਾਂ ਦੇ ਮੈਪ ਵਿੱਚ ਜੋ ਵਿਗਾੜ (Distortion) ਹੈ, ਉਸ ਦੀ ਵਜ੍ਹਾ ਇਹ ਹੈ ਕਿ ਗਲੋਬ ਦੀ ਸਤ੍ਹਾ ਨੂੰ ਟੂ-ਡਾਇਮੈਂਸ਼ਨਲ ਚਾਰਟ (ਦੋ ਆਯਾਮਾਂ ਵਾਲੇ ਨਕਸ਼ੇ) 'ਤੇ ਸਹੀ-ਸਹੀ ਦਰਸਾਉਣਾ ਅਸੰਭਵ ਹੈ।
ਜਦੋਂ ਵੀ ਦੁਨੀਆ ਦਾ ਮੈਪ ਬਣਾਇਆ ਜਾਂਦਾ ਹੈ, ਤਾਂ ਕੁਝ ਸਮਝੌਤੇ ਕਰਨੇ ਪੈਂਦੇ ਹਨ।
ਮਰਕੇਟਰ ਮੈਪ ਧਰਤੀ ਦੀ ਗੋਲਾਈ (Curvature) ਨੂੰ ਕਾਗਜ਼ ਦੇ ਸਮਤਲ ਨਕਸ਼ੇ 'ਤੇ ਦਿਖਾਉਣ ਲਈ ਭੂਮੱਧ ਰੇਖਾ (Equator) ਦੇ ਨੇੜੇ ਸਥਿਤ ਦੇਸ਼ਾਂ ਨੂੰ ਉਨ੍ਹਾਂ ਦੇ ਅਸਲ ਆਕਾਰ ਨਾਲੋਂ ਛੋਟਾ ਅਤੇ ਧਰੁਵਾਂ (Poles) ਦੇ ਨੇੜੇ ਸਥਿਤ ਦੇਸ਼ਾਂ ਨੂੰ ਅਸਲ ਆਕਾਰ ਨਾਲੋਂ ਵੱਡਾ ਦਿਖਾਉਂਦਾ ਹੈ।
ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਵਿੱਚ, 2018 ਵਿੱਚ ਕਾਰਟੋਗ੍ਰਾਫਰਾਂ ਦੀ ਇੱਕ ਟੀਮ ਨੇ ਬਰਾਬਰ ਖੇਤਰਫਲ ਵਾਲਾ ਇੱਕ ਮੈਪ ਬਣਾਇਆ, ਜਿਸ ਨੂੰ ਉਨ੍ਹਾਂ ਨੇ 'ਇਕੁਅਲ ਅਰਥ ਪ੍ਰੋਜੈਕਸ਼ਨ' (Equal Earth projection) ਕਿਹਾ।
ਫਰਵਰੀ ਵਿੱਚ, ਏਯੂ ਦੇ 54 ਮੈਂਬਰ ਦੇਸ਼ਾਂ ਨੇ ਇਸ ਨੂੰ ਅਪਣਾਇਆ ਅਤੇ ਕਿਹਾ ਕਿ ਇਹ "ਸਾਰੇ ਮਹਾਂਦੀਪਾਂ, ਖ਼ਾਸ ਕਰਕੇ ਅਫ਼ਰੀਕਾ ਦੇ ਆਕਾਰ ਨੂੰ ਜ਼ਿਆਦਾ ਸਹੀ ਢੰਗ ਨਾਲ ਦਰਸਾਉਂਦਾ ਹੈ।"
ਆਨਲਾਈਨ ਕੈਂਪੇਨ ਸਮੂਹ #CorrectTheMap ਨੇ ਕਿਹਾ, "ਤੁਸੀਂ ਅਮਰੀਕਾ, ਚੀਨ, ਭਾਰਤ, ਜਾਪਾਨ, ਮੈਕਸੀਕੋ ਅਤੇ ਯੂਰਪ ਦੇ ਵੱਡੇ ਹਿੱਸੇ ਨੂੰ ਅਫ਼ਰੀਕਾ ਵਿੱਚ ਫਿੱਟ ਕਰ ਸਕਦੇ ਹੋ ਅਤੇ ਫਿਰ ਵੀ ਜ਼ਮੀਨ ਬਚ ਜਾਵੇਗੀ।"
ਯੂਐੱਨ ਦੀ ਵੋਟਿੰਗ ਵਿੱਚ ਕੀ ਹੋਇਆ

ਤਸਵੀਰ ਸਰੋਤ, Getty Images
ਸ਼ੁੱਕਰਵਾਰ ਨੂੰ ਹੋਈ ਵੋਟਿੰਗ ਤੋਂ ਪਹਿਲਾਂ, ਟੋਗੋ ਦੇ ਵਿਦੇਸ਼ ਮੰਤਰੀ ਰੌਬਰਟ ਡੁਸੀ ਨੇ ਸਮਾਚਾਰ ਏਜੰਸੀ ਰਾਇਟਰਜ਼ ਨੂੰ ਕਿਹਾ, "ਇੱਕ ਨਿਰਪੱਖ ਦੁਨੀਆ ਦੀ ਸ਼ੁਰੂਆਤ ਇੱਕ ਨਿਰਪੱਖ ਮੈਪ ਤੋਂ ਹੁੰਦੀ ਹੈ।"
ਇਸ ਤੋਂ ਪਹਿਲਾਂ ਉਨ੍ਹਾਂ ਨੇ ਯੂਐੱਨ ਦੀ ਇੱਕ ਬ੍ਰੀਫਿੰਗ ਵਿੱਚ ਕਿਹਾ ਸੀ, "ਨਕਸ਼ਾ ਕਦੇ ਵੀ ਨਿਰਪੱਖ ਨਹੀਂ ਹੁੰਦਾ। ਇਹ ਧਾਰਨਾਵਾਂ ਨੂੰ ਆਕਾਰ ਦਿੰਦਾ ਹੈ ਅਤੇ ਇਸ ਗੱਲ ਨੂੰ ਪ੍ਰਭਾਵਿਤ ਕਰਦਾ ਹੈ ਕਿ ਦੁਨੀਆ ਵਿੱਚ ਲੋਕਾਂ ਅਤੇ ਮਹਾਂਦੀਪਾਂ ਦੀ ਥਾਂ ਨੂੰ ਕਿਵੇਂ ਸਮਝਿਆ ਜਾਂਦਾ ਹੈ।"
ਉਨ੍ਹਾਂ ਨੂੰ ਫ੍ਰਾਂਸ ਦੇ ਵਿਦੇਸ਼ ਮੰਤਰੀ ਜ਼ਾਂ-ਨੋਏਲ ਬਾਹੋ ਦਾ ਸਮਰਥਨ ਮਿਲਿਆ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਮਰਕੇਟਰ ਮੈਪ ਦੀ ਵਰਤੋਂ ਬੰਦ ਕਰਨ ਜਾ ਰਿਹਾ ਹੈ।
ਉਨ੍ਹਾਂ ਕਿਹਾ, "ਮੈਪ ਬਦਲਣ ਨਾਲ ਜ਼ਾਹਿਰ ਹੈ ਕਿ ਦੁਨੀਆ ਨਹੀਂ ਬਦਲਦੀ। ਪਰ ਅਜਿਹੀ ਤਸਵੀਰ ਨੂੰ ਠੀਕ ਕਰਨਾ, ਜੋ ਦੁਨੀਆ ਨੂੰ ਵਿਗਾੜ ਕੇ ਦਿਖਾਉਂਦੀ ਹੈ, ਆਪਣੇ ਆਪ ਵਿੱਚ ਸੱਚਾਈ ਵੱਲ ਇੱਕ ਕਦਮ ਵਧਾਉਣਾ ਹੈ।"
ਪਰ ਯੂਐੱਨ ਵਿੱਚ ਅਮਰੀਕੀ ਨੁਮਾਇੰਦੇ ਯਾਰਯਨਾ ਫੇਰੇਨਸੇਵਿਚ ਨੇ ਕਿਹਾ ਕਿ ਇਸ ਪ੍ਰਸਤਾਵ ਨੇ ਯੂਐੱਨ ਜਨਰਲ ਅਸੈਂਬਲੀ ਦੇ ਕੰਮ ਅਤੇ ਉਦੇਸ਼ ਦਾ ਮਜ਼ਾਕ ਉਡਾਇਆ ਹੈ।
ਉਨ੍ਹਾਂ ਕਿਹਾ, "ਅੰਤਰਰਾਸ਼ਟਰੀ ਸ਼ਾਂਤੀ, ਖੁਸ਼ਹਾਲੀ ਜਾਂ ਚੰਗੇ ਸਬੰਧਾਂ ਵਰਗੀਆਂ ਅਸਲ ਸਮੱਸਿਆਵਾਂ 'ਤੇ ਧਿਆਨ ਦੇਣ ਦੀ ਬਜਾਏ, ਇਹ ਸੰਸਥਾ 16ਵੀਂ ਸਦੀ ਦੇ ਮੈਪ ਪ੍ਰੋਜੈਕਟਾਂ ਅਤੇ ਸੁਧਾਰਾਂ (Reparations) ਅਤੇ 'ਕੌਗਨਿਟਿਵ ਜਸਟਿਸ' (ਲੋਕਾਂ ਦੀ ਸੋਚ ਅਤੇ ਧਾਰਨਾਵਾਂ ਦੇ ਪੱਧਰ 'ਤੇ ਨਿਆਂ) ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ 'ਤੇ ਬਹਿਸ ਕਰ ਰਹੀ ਹੈ।"
ਮਾਰਚ ਮਹੀਨੇ ਵਿੱਚ, ਅਮਰੀਕਾ ਨੇ ਉਦੋਂ ਵੀ ਆਲੋਚਨਾ ਕੀਤੀ ਸੀ, ਜਦੋਂ ਇੱਕ ਪ੍ਰਸਤਾਵ ਅਪਣਾਇਆ ਗਿਆ ਸੀ, ਜਿਸ ਵਿੱਚ ਟ੍ਰਾਂਸਅਟਲਾਂਟਿਕ ਗੁਲਾਮ ਵਪਾਰ (ਅਟਲਾਂਟਿਕ ਮਹਾਂਸਾਗਰ ਦੇ ਪਾਰ ਅਫ਼ਰੀਕਾ ਤੋਂ ਲੋਕਾਂ ਨੂੰ ਗੁਲਾਮ ਬਣਾ ਕੇ ਲਿਜਾਣ ਦਾ ਵਪਾਰ) ਨੂੰ "ਮਨੁੱਖਤਾ ਦੇ ਖ਼ਿਲਾਫ਼ ਸਭ ਤੋਂ ਗੰਭੀਰ ਅਪਰਾਧ" ਐਲਾਨਿਆ ਗਿਆ ਸੀ।
'ਨਕਸ਼ੇ ਯਾਤਰੀਆਂ ਲਈ ਮਹਿਜ਼ ਇੱਕ ਗਾਈਡ ਨਹੀਂ ਹੁੰਦੇ'

ਤਸਵੀਰ ਸਰੋਤ, Getty Images
ਮਰਕੇਟਰ ਮੈਪ ਨੂੰ ਹਟਾਉਣ ਦੀ ਮੁਹਿੰਮ ਵਿੱਚ ਸ਼ਾਮਿਲ ਸਮੂਹਾਂ ਵਿੱਚੋਂ ਇੱਕ, ਅਫ਼ਰੀਕਾ ਨੋ ਫਿਲਟਰ (Africa No Filter) ਦੇ ਲੇਰਾਟੋ ਮੋਗੋਆਥਲੇ ਨੇ ਬੀਬੀਸੀ ਨੂੰ ਦੱਸਿਆ, "ਦੁਨੀਆ ਦੇ ਨਕਸ਼ਿਆਂ 'ਤੇ ਅਫ਼ਰੀਕਾ ਨੂੰ ਗਲਤ ਢੰਗ ਨਾਲ ਦਿਖਾਉਣਾ ਸਿਰਫ਼ ਨਕਸ਼ਾ ਬਣਾਉਣ ਦੀ ਗਲਤੀ ਨਹੀਂ ਹੈ - ਇਹ ਇੱਕ ਨੈਰੇਟਿਵ (ਕਿਸੇ ਵਿਸ਼ੇ ਨੂੰ ਦੇਖਣ ਅਤੇ ਸਮਝਣ ਦੇ ਤਰੀਕੇ) ਦਾ ਮੁੱਦਾ ਹੈ।"
ਉਨ੍ਹਾਂ ਕਿਹਾ ਕਿ ਇਹ ਅਫ਼ਰੀਕਾ ਬਾਰੇ "ਦੁਨੀਆ ਦੀ ਸਭ ਤੋਂ ਲੰਬੇ ਸਮੇਂ ਤੋਂ ਚੱਲੀ ਆ ਰਹੀ ਗਲਤ ਜਾਣਕਾਰੀ ਅਤੇ ਦੁਰਪ੍ਰਚਾਰ" ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ।
ਕੀਨੀਆ ਦੇ ਭੂਗੋਲ ਵਿਦਵਾਨ ਕਿਓਕੋ ਮੁਏਂਡੋ ਲਈ, ਮਰਕੇਟਰ ਮੈਪ ਨੇ ਅਸਿੱਧੇ ਤੌਰ 'ਤੇ ਅਫ਼ਰੀਕੀ ਮਹਾਂਦੀਪ ਦੇ ਵਿਸ਼ਾਲ ਸਰੋਤਾਂ, ਆਬਾਦੀ ਅਤੇ ਨਿਵੇਸ਼ ਦੇ ਮੌਕਿਆਂ ਨੂੰ ਘੱਟ ਕਰਕੇ ਦਿਖਾਇਆ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਨਕਸ਼ੇ ਯਾਤਰੀਆਂ ਲਈ ਮਹਿਜ਼ ਇੱਕ ਗਾਈਡ ਨਹੀਂ ਹੁੰਦੇ, ਸਗੋਂ ਉਸ ਤੋਂ ਕਿਤੇ ਵੱਧ ਹੁੰਦੇ ਹਨ - ਉਹ ਇਸ ਗੱਲ ਨੂੰ ਆਕਾਰ ਦਿੰਦੇ ਹਨ ਕਿ ਖੇਤਰਾਂ ਨੂੰ ਸਿਆਸੀ ਅਤੇ ਆਰਥਿਕ ਤੌਰ 'ਤੇ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























