ਕੀ ਤੁਹਾਡੇ ਦੰਦਾਂ 'ਤੇ ਵੀ ਕੌਫੀ ਜਾਂ ਚਾਹ ਪੀਣ ਉੱਤੇ ਨਿਸ਼ਾਨ ਰਹਿ ਜਾਂਦੇ ਹਨ, ਇਨ੍ਹਾਂ ਨੂੰ ਰੋਕਣ ਦੇ ਤਰੀਕੇ ਜਾਣੋ

ਦੰਦਾਂ ਦੀ ਸਿਹਤ
ਤਸਵੀਰ ਕੈਪਸ਼ਨ, ਦੰਦਾਂ ਦੇ ਕੁਦਰਤੀ ਰੰਗ ਨੂੰ ਬਣਾਈ ਰੱਖਣ ਲਈ ਭੋਜਨ ਵੀ ਅਹਿਮ ਹੈ
    • ਲੇਖਕ, ਲੌਰਨ ਪੋਟਸ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਸੁਪਰਮਾਰਕੀਟ ਵਿੱਚ ਟੂਥਪੇਸਟ ਵਾਲੀ ਗਲੀ ਵਿੱਚ ਖੜ੍ਹੇ ਹੋਵੋ ਤਾਂ ਤੁਹਾਨੂੰ ਪੈਕਟਾਂ ਅਤੇ ਡੱਬਿਆਂ 'ਤੇ ਚਿੱਟੇਪਣ ਦੇ ਦਾਅਵੇ ਲਿਖੇ ਦਿਖਾਈ ਦੇਣਗੇ।

ਅਜਿਹਾ ਲੱਗਦਾ ਹੈ ਕਿ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਪਣੇ ਦੰਦਾਂ ਦੀ ਚਮਕ ਨੂੰ ਲੈ ਕੇ ਚਿੰਤਤ ਹਾਂ। ਓਰਲ ਹੈਲਥ ਫਾਊਂਡੇਸ਼ਨ ਚੈਰਿਟੀ ਨੇ ਪਾਇਆ ਕਿ ਜਦੋਂ ਸਾਡੀ ਮੁਸਕਾਨ ਦੀ ਗੱਲ ਆਉਂਦੀ ਹੈ ਤਾਂ ਸਾਡੇ ਵਿੱਚੋਂ 42% ਲੋਕ ਕਿਸੇ ਹੋਰ ਚੀਜ਼ ਨਾਲੋਂ ਆਪਣੇ ਦੰਦਾਂ ਦੀ ਚਿੱਟੇਪਣ ਨੂੰ ਬਦਲਣਾ ਚਾਹੁੰਦੇ ਹਨ।

ਪਰ ਕੀ ਚਿੱਟੇਪਣ ਵਾਲੇ ਪ੍ਰੋਡਕਟ ਹੀ ਇਕਲੌਤਾ ਤਰੀਕਾ ਹਨ? ਜਾਂ ਕੀ ਅਸੀਂ ਜੋ ਖਾਣਾ ਖਾਂਦੇ ਹਾਂ, ਉਹ ਸਾਡੇ ਮੋਤੀਆਂ ਵਰਗੇ ਚਿੱਟੇ ਦੰਦਾਂ ਨੂੰ ਉਵੇਂ ਹੀ ਬਣਾਈ ਰੱਖਣ ਵਿੱਚ ਮਦਦ ਕਰ ਸਕਦਾ ਹੈ?

ਦੰਦਾਂ 'ਤੇ ਦਾਗ਼ ਕਿਉਂ ਪੈਂਦੇ ਹਨ?

ਗਾਜਰ
ਤਸਵੀਰ ਕੈਪਸ਼ਨ, ਕੱਚੀ ਗਾਜਰ ਵਰਗੀ ਚੀਜ਼ ਖਾਣ ਨਾਲ ਤੁਹਾਡੇ ਦੰਦਾਂ 'ਤੇ ਜਮ੍ਹਾ ਹੋਏ 'ਪਲਾਕ' ਨਾਮਕ ਬੈਕਟੀਰੀਆ ਦੀ ਪਰਤ ਨੂੰ ਹੱਟ ਜਾਂਦੀ ਹੈ

ਪ੍ਰਾਈਵੇਟ ਅਤੇ ਐੱਨਐੱਚਐੱਸ ਡੈਂਟਿਸਟ ਟੋਬੀ ਹੈਨਕੌਕ ਦੱਸਦੇ ਹਨ ਕਿ ਦੰਦਾਂ 'ਤੇ ਦਾਗ਼ ਪੈਣ ਦੀਆਂ ਦੋ ਕਿਸਮਾਂ ਹੁੰਦੀਆਂ ਹਨ: ਅੰਦਰੂਨੀ ਅਤੇ ਬਾਹਰੀ।

ਅੰਦਰੂਨੀ ਦਾਗ਼ ਉਦੋਂ ਹੁੰਦਾ ਹੈ ਜਦੋਂ ਰੰਗ ਖ਼ਰਾਬ ਹੋਣ ਦਾ ਕਾਰਨ ਦੰਦ ਦੇ ਅੰਦਰੋਂ ਹੁੰਦਾ ਹੈ। ਇਹ ਜੈਨੇਟਿਕ ਬਿਮਾਰੀਆਂ ਜਿਵੇਂ ਕਿ ਐਮੀਲੋਜੇਨੇਸਿਸ ਇੰਪਰਫੈਕਟਾ, ਜੋ ਦੰਦਾਂ ਦੇ ਇਨੈਮਲ ਦੇ ਰੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਾਂ ਕੁਝ ਦਵਾਈਆਂ ਦੇ ਪ੍ਰਤੀਕਰਮ ਕਾਰਨ ਹੋ ਸਕਦਾ ਹੈ।

ਬਾਹਰੀ ਦਾਗ ਜਿਵੇਂ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਦੰਦ ਦੇ ਬਾਹਰੋਂ ਆਉਂਦਾ ਹੈ। ਉਦਾਹਰਣ ਲਈ, ਸਿਗਰਟ ਪੀਣਾ, ਸਾਡੀ ਦੰਦਾਂ ਦੀ ਸਫਾਈ ਅਤੇ ਖ਼ਾਣ-ਪੀਣ ਦੀਆਂ ਚੀਜ਼ਾਂ।

ਦੰਦਾਂ 'ਤੇ ਦਾਗ਼ ਲਗਾਉਣ ਵਾਲੇ ਸਭ ਤੋਂ ਮਾੜੇ ਖਾਣੇ

ਖਾਣਾ
ਤਸਵੀਰ ਕੈਪਸ਼ਨ, ਹੱਲਦੀ ਨਾਲ ਬਣੇ ਭੋਜਨ ਖਾਣ ਤੋਂ ਬਾਅਦ ਆਪਣਾ ਮੂੰਹ ਪਾਣੀ ਨਾਲ ਸਾਫ਼ ਕਰੋ

ਹੈਨਕੌਕ ਕਹਿੰਦੇ ਹਨ ਕਿ ਸਭ ਤੋਂ ਵੱਡੇ ਦੋਸ਼ੀ ਉਹੀ ਹਨ ਜਿਨ੍ਹਾਂ ਬਾਰੇ ਸਾਡੇ ਵਿੱਚੋਂ ਬਹੁਤਿਆਂ ਨੂੰ ਪਹਿਲਾਂ ਹੀ ਪਤਾ ਹੈ, ਉਹ ਪੀਣ ਵਾਲੀਆਂ ਚੀਜ਼ਾਂ ਜਿਨ੍ਹਾਂ ਵਿੱਚ ਟੈਨਿਨ ਹੁੰਦੇ ਹਨ, ਜੋ ਪੌਦਿਆਂ ਵਿੱਚ ਪਾਇਆ ਜਾਣ ਵਾਲਾ ਇੱਕ ਕੁਦਰਤੀ ਤੱਤ ਹੈ।

"ਰੈੱਡ ਵਾਈਨ, ਕੌਫੀ, ਚਾਹ, ਇਹ ਦਾਗ਼ ਲਗਾਉਣ ਵਾਲੀਆਂ ਕਲਾਸਿਕ ਚੀਜ਼ਾਂ ਹਨ। ਐਸਪ੍ਰੈਸੋ ਖ਼ਾਸ ਤੌਰ 'ਤੇ ਦੰਦਾਂ 'ਤੇ ਚਿਪਕਣ ਵਿੱਚ ਬਹੁਤ ਅਸਰਦਾਰ ਹੈ।"

ਪਰ ਹੈਲਥਕੇਅਰ ਪ੍ਰੋਵਾਈਡਰ ਬੂਪਾ ਦੇ ਅਨੁਸਾਰ, ਕੋਲਾ, ਗੂੜ੍ਹੇ ਰੰਗ ਦੀਆਂ ਬੇਰੀਆਂ, ਬਾਲਸੈਮਿਕ ਵਿਨੇਗਰ ਅਤੇ ਚੁਕੰਦਰ ਵਰਗੇ ਹੋਰ ਰੰਗਦਾਰ ਖਾਣ-ਪੀਣ ਨਾਲ ਵੀ ਦਾਗ ਪੈ ਸਕਦੇ ਹਨ। ਇਹ ਚੇਤਾਵਨੀ ਦਿੰਦਾ ਹੈ ਕਿ ਟਮਾਟਰ ਵਾਲੀਆਂ ਸੋਸ ਅਤੇ ਸੋਇਆ ਸੋਸ ਵਿੱਚ ਮੌਜੂਦ ਤੇਜ਼ ਰੰਗ ਵੀ ਸਾਡੇ ਦੰਦਾਂ 'ਤੇ ਹਲਕਾ ਰੰਗ ਛੱਡ ਸਕਦਾ ਹੈ।

ਇੱਕ ਹੋਰ ਮੁਲਜ਼ਮ ਸਾਡੇ ਮਸਾਲਿਆਂ ਵਾਲੇ ਡੱਬੇ ਅਤੇ ਟੇਕਅਵੇ ਵਿੱਚ ਮਿਲ ਸਕਦਾ ਹੈ।

ਹੈਨਕੌਕ ਕਹਿੰਦੇ ਹਨ, "ਕਰੀ ਸੋਸ ਦਾਗ਼ ਲਗਾਉਣ ਲਈ ਬਹੁਤ ਵਧੀਆ ਹੈ," ਇਸ ਦਾ ਕਾਰਨ ਹਲਦੀ ਹੈ।

ਅਸੀਂ ਸਾਰਿਆਂ ਨੇ ਬਿਰਿਆਨੀ ਤੋਂ ਬਾਅਦ ਆਪਣੇ ਪੀਲੇ ਦਾਗ਼ਾਂ ਵਾਲੇ ਭਾਂਡਿਆਂ ਦੀ ਹਾਲਤ ਦੇਖੀ ਹੈ ਅਤੇ ਇਹ ਇਸ ਗੱਲ ਦਾ ਚੰਗਾ ਸੰਕੇਤ ਹੈ ਕਿ ਇਹ ਸਾਡੇ ਦੰਦਾਂ ਨਾਲ ਕੀ ਕਰ ਸਕਦੀ ਹੈ।

ਉਹ ਦੱਸਦੇ ਹਨ, "ਪੋਰਸਿਲੇਨ ਅਤੇ ਦੰਦਾਂ ਦਾ ਇਨੈਮਲ ਆਪਣੇ ਮਾਈਕ੍ਰੋਸਟ੍ਰਕਚਰ ਦੇ ਹਿਸਾਬ ਨਾਲ ਬਹੁਤ ਮਿਲਦੇ-ਜੁਲਦੇ ਹਨ, ਜੋ ਬਦਕਿਸਮਤੀ ਨਾਲ ਦਾਗ਼ਾਂ ਨੂੰ ਆਕਰਸ਼ਿਤ ਕਰਦਾ ਹੈ। ਜੋ ਵੀ ਚੀਜ਼ ਤੁਹਾਡੀ ਪਲੇਟ 'ਤੇ ਦਾਗ਼ ਛੱਡ ਸਕਦੀ ਹੈ, ਉਹ ਤੁਹਾਡੇ ਦੰਦਾਂ 'ਤੇ ਵੀ ਦਾਗ਼ ਛੱਡੇਗੀ।"

ਦੰਦਾਂ ਦਾ ਰੰਗ ਖ਼ਰਾਬ ਹੋਣ ਤੋਂ ਰੋਕਣ ਲਈ ਸਧਾਰਨ ਖਾਣੇ ਵਾਲੇ ਹੈਕਸ

ਖਾਣਾ
ਤਸਵੀਰ ਕੈਪਸ਼ਨ, ਨਰਮ ਭੋਜਨ ਦੇ ਤੁਹਾਡੇ ਦੰਦਾਂ ਨਾਲ ਚਿਪਕਣ ਦੀ ਸੰਭਾਵਨਾ ਹੁੰਦੀ ਹੈ

ਹਾਲਾਂਕਿ ਖਾਣ ਤੋਂ ਤੁਰੰਤ ਬਾਅਦ ਦੰਦਾਂ ਨੂੰ ਬੁਰਸ਼ ਕਰਨਾ ਦਾਗ਼ਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ, ਪਰ ਇਹ ਹਮੇਸ਼ਾ ਸੰਭਵ ਨਹੀਂ ਹੁੰਦਾ। ਚੰਗੀ ਖ਼ਬਰ ਇਹ ਹੈ ਕਿ ਜਦੋਂ ਤੁਹਾਡੇ ਕੋਲ ਟੂਥਬਰਸ਼ ਨਾ ਹੋਵੇ, ਤਾਂ ਵੀ ਤੁਸੀਂ ਦਾਗਾਂ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਹੈਨਕੌਕ ਕਹਿੰਦੇ ਹਨ ਕਿ ਇੱਕ ਕਰੰਚੀ ਸਨੈਕ ਕੰਮ ਕਰ ਸਕਦਾ ਹੈ।

"ਕੋਈ ਵੀ ਸਖ਼ਤ ਖਾਣਾ ਅਸਰਦਾਰ ਢੰਗ ਨਾਲ ਮੈਨੂਅਲ ਸਫਾਈ ਕਰ ਦੇਵੇਗਾ। ਜਦੋਂ ਤੁਸੀਂ ਕੱਚੀ ਗਾਜਰ ਜਾਂ ਸੈਲਰੀ ਵਰਗੀਆਂ ਚੀਜ਼ਾਂ ਨੂੰ ਚੱਬਦੇ ਹੋ, ਤਾਂ ਉਹ ਇੱਕ ਬੇਲਚੇ ਵਾਂਗ ਕੰਮ ਕਰਦੀਆਂ ਹਨ, ਦੰਦਾਂ ਨੂੰ ਖੁਰਚ ਕੇ ਸਾਫ਼ ਕਰ ਦਿੰਦੀਆਂ ਹਨ।"

ਫਲਾਂ ਤੋਂ ਸਾਵਧਾਨ ਰਹੋ, ਕਿਉਂਕਿ ਇਨ੍ਹਾਂ ਵਿੱਚ ਐਸਿਡ ਹੁੰਦੇ ਹਨ ਜੋ ਦੰਦਾਂ ਦੀ ਸੁਰੱਖਿਆਤਮਕ ਬਾਹਰੀ ਪਰਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਇਸ ਦਾ ਮਤਲਬ ਹੈ ਕਿ ਦਾਗ਼ ਹੋਰ ਆਸਾਨੀ ਨਾਲ ਪੈਣਗੇ।

ਪਰ ਪਨੀਰ ਖਾਣਾ ਠੀਕ ਹੈ, ਬਸ ਇਹ ਯਕੀਨੀ ਬਣਾਓ ਕਿ ਤੁਸੀਂ ਸਹੀ ਪਨੀਰ ਚੁਣ ਰਹੇ ਹੋ।

"ਸਖ਼ਤ ਪਨੀਰ (ਸਫਾਈ ਲਈ) ਬਹੁਤ ਵਧੀਆ ਹੈ। ਜੇ ਤੁਸੀਂ ਇਸ ਨੂੰ ਚੱਬਦੇ ਹੋ, ਤਾਂ ਤੁਹਾਨੂੰ ਸਾਫ਼ ਦੰਦਾਂ ਦੇ ਨਿਸ਼ਾਨ ਦਿਖਾਈ ਦੇਣੇ ਚਾਹੀਦੇ ਹਨ। ਪਰ ਨਰਮ, ਚਿਪਚਿਪੇ ਪਨੀਰ ਦਾ ਉਹ ਫਾਇਦਾ ਨਹੀਂ ਹੁੰਦਾ, ਇਹ ਸਿਰਫ਼ ਤੁਹਾਡੇ ਦੰਦਾਂ ਨਾਲ ਚਿਪਕ ਜਾਵੇਗਾ।"

ਤਾਂ, ਬ੍ਰੀ ਪਨੀਰ ਨਾਲ ਦੰਦ ਸਾਫ਼ ਕਰਨਾ ਬੰਦ ਕਰ ਦਿਓ – ਠੀਕ ਹੈ?

ਡੈਂਟਿਸਟ ਵੱਲੋਂ ਮਨਜ਼ੂਰ ਚਿੱਟੇਪਣ ਵਾਲੇ ਟਿਪਸ

ਇੱਕ ਵਿਅਕਤੀ
ਤਸਵੀਰ ਕੈਪਸ਼ਨ, ਚਾਹ ਅਤੇ ਕੌਫੀ ਵਿੱਚ ਦੁੱਧ ਮਿਲਾਉਣ ਨਾਲ ਦੰਦਾਂ 'ਤੇ ਧੱਬੇ ਪੈਣ ਦੀ ਸੰਭਾਵਨਾ ਥੋੜ੍ਹੀ ਘੱਟ ਹੋ ਜਾਂਦੀ ਹੈ

ਹੈਨਕੌਕ ਕਹਿੰਦੇ ਹਨ ਕਿ ਚਿੱਟੇ ਦੰਦ ਪਾਉਣ ਦਾ ਸਭ ਤੋਂ ਫ਼ਾਇਦੇਮੰਦ ਤਰੀਕਾ ਇਹ ਹੈ ਕਿ ਪਹਿਲਾਂ ਉਨ੍ਹਾਂ ਨੂੰ ਸਾਫ਼ ਰੱਖਿਆ ਜਾਵੇ।

ਦਿਨ ਵਿੱਚ ਦੋ ਵਾਰ ਦੰਦ ਸਾਫ਼ ਕਰਨਾ ਘੱਟੋ-ਘੱਟ ਜ਼ਰੂਰੀ ਹੈ, ਪਰ ਖਾਣੇ ਤੋਂ ਬਾਅਦ ਦੰਦ ਸਾਫ਼ ਕਰਨ ਨਾਲ ਵੀ ਮਦਦ ਮਿਲ ਸਕਦੀ ਹੈ।

ਉਹ ਦੱਸਦੇ ਹਨ, "ਜੇ ਤੁਹਾਡੇ ਕੋਲ ਇੱਕ ਚਮਕਦਾਰ ਇਨੈਮਲ ਸਤਹ ਹੈ, ਤਾਂ ਦਾਗ਼ਾਂ ਲਈ ਚਿਪਕਣਾ ਔਖਾ ਹੋਵੇਗਾ। ਉਦਾਹਰਣ ਲਈ, ਇੱਕ ਬਹੁਤ ਹੀ ਪਾਲਿਸ਼ ਕੀਤਾ ਹੋਇਆ ਚਾਹ ਦਾ ਕੱਪ ਅੰਦਰੋਂ ਦਾਗ਼ਾਂ ਦਾ ਵਿਰੋਧ ਕਰੇਗਾ। ਪਰ ਜੇ ਇਹ ਥੋੜ੍ਹਾ ਗੰਦਾ ਹੋਵੇ, ਤਾਂ ਦਾਗ਼ ਬਹੁਤ ਆਸਾਨੀ ਨਾਲ ਚਿਪਕ ਜਾਣਗੇ।"

ਇੰਝ ਲੱਗਦਾ ਹੈ ਕਿ ਰੋਕਥਾਮ ਇਲਾਜ ਨਾਲੋਂ ਬਿਹਤਰ ਹੈ। ਖ਼ਾਸ ਕਰਕੇ ਜਦੋਂ ਤੁਸੀਂ ਸੋਚਦੇ ਹੋ ਕਿ ਦੰਦਾਂ ਨੂੰ ਚਿੱਟਾ ਕਰਨ ਵਾਲੇ ਇਲਾਜਾਂ 'ਤੇ ਕਿੰਨਾ ਖਰਚਾ ਆਵੇਗਾ।

ਦਾਗਾਂ ਨੂੰ ਰੋਕਣ ਵਿੱਚ ਮਦਦ ਕਰਨ ਦੇ ਹੋਰ ਵੀ ਹੈਰਾਨੀਜਨਕ ਤੌਰ 'ਤੇ ਸਧਾਰਨ ਤਰੀਕੇ ਹਨ, ਖ਼ਾਸ ਕਰਕੇ ਉਨ੍ਹਾਂ ਲਈ ਜੋ ਟੈਨਿਨ ਨਾਲ ਭਰੇ ਪੀਣ ਵਾਲੇ ਪਦਾਰਥ ਪਸੰਦ ਕਰਦੇ ਹਨ।

ਹੈਨਕੌਕ ਸੁਝਾਅ ਦਿੰਦੇ ਹਨ, "ਕੌਫ਼ੀ ਦੇ ਆਖਰੀ ਘੁੱਟ ਤੋਂ ਬਾਅਦ, ਸਿੰਕ ਕੋਲ ਜਾਓ, ਕੱਪ ਨੂੰ ਧੋਵੋ ਅਤੇ ਫਿਰ ਇਸ ਦੀ ਵਰਤੋਂ ਪਾਣੀ ਦਾ ਇੱਕ ਘੁੱਟ ਪੀਣ ਲਈ ਕਰੋ। ਇਸ ਨੂੰ ਆਪਣੇ ਮੂੰਹ ਵਿੱਚ ਘੁਮਾਓ ਅਤੇ ਫਿਰ ਥੁੱਕ ਦਿਓ। ਇਹ ਕੁਝ ਟੈਨਿਨ ਨੂੰ ਹਟਾ ਦੇਵੇਗਾ।"

ਬੂਪਾ ਕਹਿੰਦਾ ਹੈ ਕਿ ਜੀਵਨ ਸ਼ੈਲੀ ਵਿੱਚ ਬਦਲਾਅ ਵੀ ਮਦਦ ਕਰ ਸਕਦੇ ਹਨ, ਜਿਵੇਂ ਕਿ ਦਾਗ਼ ਘਟਾਉਣ ਲਈ ਚਾਹ ਅਤੇ ਕੌਫ਼ੀ ਵਿੱਚ ਦੁੱਧ ਮਿਲਾਉਣਾ, ਅਤੇ ਗੂੜ੍ਹੇ ਰੰਗ ਦੇ ਠੰਡੇ ਪੀਣ ਵਾਲੇ ਪਦਾਰਥਾਂ ਲਈ ਸਟ੍ਰਾ ਦੀ ਵਰਤੋਂ ਕਰਨਾ, ਤਾਂ ਜੋ ਤਰਲ ਤੁਹਾਡੇ ਦੰਦਾਂ ਨੂੰ ਬਿਲਕੁਲ ਨਾ ਲੱਗੇ।

ਪਰ ਸਾਡਾ ਪਸੰਦੀਦਾ ਸੁਝਾਅ ਇੱਕ ਮਸ਼ਹੂਰ ਸਫਾਈ ਟਿਪ 'ਤੇ ਅਧਾਰਤ ਹੈ, ਜਿਵੇਂ ਕਿ ਕਿਹਾ ਜਾਂਦਾ ਹੈ ਕਿ ਵ੍ਹਾਈਟ ਵਾਈਨ ਗਲੀਚੇ 'ਤੇ ਡੁੱਲ੍ਹੀ ਰੈੱਡ ਵਾਈਨ ਦੇ ਦਾਗ ਨੂੰ ਸਾਫ਼ ਕਰਨ ਵਿੱਚ ਮਦਦ ਕਰ ਸਕਦੀ ਹੈ, ਉਸੇ ਤਰ੍ਹਾਂ ਡਿਨਰ 'ਤੇ ਮਾਲਬੇਕ ਦੇ ਛੱਡੇ ਰਹਿੰਦ-ਖੂੰਹਦ ਨੂੰ ਹਟਾਉਣ ਵਿੱਚ ਸ਼ਾਰਡੋਨੇ ਦਾ ਇੱਕ ਘੁੱਟ ਮਦਦ ਕਰ ਸਕਦਾ ਹੈ।

ਹੈਨਕੌਕ ਕਹਿੰਦੇ ਹਨ, "ਜੇ ਤੁਸੀਂ ਰੈੱਡ ਵਾਈਨ ਪੀ ਰਹੇ ਹੋ, ਤਾਂ ਅੰਤ ਵਿੱਚ ਇੱਕ ਗਲਾਸ ਵ੍ਹਾਈਟ ਵਾਈਨ ਪੀਓ। ਇਹ ਐਸਿਡ ਕਾਰਨ ਦਾਗ਼ਾਂ ਨੂੰ ਘੋਲ ਦੇਵੇਗੀ। ਇਹ ਰੈੱਡ ਵਾਈਨ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਦਾ ਇੱਕ ਬਹੁਤ ਹੀ ਅਸਰਦਾਰ ਤਰੀਕਾ ਹੈ।"

ਤਾਂ, ਜੇ ਤੁਸੀਂ ਚਿੱਟੀ ਮੁਸਕਾਨ ਚਾਹੁੰਦੇ ਹੋ, ਤਾਂ ਇਲਾਜਾਂ 'ਤੇ ਪੈਸੇ ਖਰਚ ਕਰਨ ਤੋਂ ਪਹਿਲਾਂ ਤੁਸੀਂ ਬਹੁਤ ਕੁਝ ਅਜ਼ਮਾ ਸਕਦੇ ਹੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)