ਪੰਜਾਬ ਤੋਂ ਸ਼ੁਰੂ ਹੋਈ ਬੀਜੇਪੀ ਦੀ ਸਮਰਸਤਾ ਸੰਕਲਪ ਯਾਤਰਾ ਕੀ ਹੈ ਅਤੇ ਇਸ ਦੇ ਸਿਆਸੀ ਮਾਅਨੇ ਕੀ ਹਨ

ਤਸਵੀਰ ਸਰੋਤ, Pardeep Sharma/BBC
- ਲੇਖਕ, ਚਰਨਜੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ 18 ਨਵੰਬਰ ਤੋਂ ਸਮਰਸਤਾ ਸੰਕਲਪ ਯਾਤਰਾ ਦਾ ਆਗਾਜ਼ ਕੀਤਾ ਗਿਆ ਹੈ।
ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਣੇ ਪਾਰਟੀ ਦੇ ਕਈ ਹੋਰ ਆਗੂ ਪਹਿਲਾਂ ਡੇਰਾ ਬੱਲਾਂ ਵਿਖੇ ਨਤਮਸਤਕ ਹੋਏ ਅਤੇ ਫਿਰ ਯਾਤਰਾ ਦਾ ਆਗਾਜ਼ ਕੀਤਾ ਗਿਆ।
ਭਾਜਪਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਯਾਤਰਾ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।
ਪਹਿਲਾਂ ਬੀਜੇਪੀ ਨੇ ਦੱਸਿਆ ਸੀ ਕਿ ਯਾਤਰਾ ਡੇਰਾ ਬੱਲਾਂ ਤੋਂ ਸ਼ੁਰੂ ਹੋਵੇਗੀ, ਪਰ ਬਾਅਦ ਵਿੱਚ ਕਿਹਾ ਗਿਆ ਕਿ ਯਾਤਰਾ ਦੀ ਸ਼ੁਰੂਆਤ ਰਾਏਪੁਰ ਰਸੂਲਪੁਰ ਪਿੰਡ ਤੋਂ ਹੋਈ ਹੈ। ਹਾਲਾਂਕਿ, ਇਨ੍ਹਾਂ ਦੋਵਾਂ ਥਾਵਾਂ ਵਿਚਾਲੇ ਦੂਰੀ ਕਰੀਬ ਦੋ ਕਿਲੋਮੀਟਰ ਦੱਸੀ ਜਾਂਦੀ ਹੈ।
ਬੀਜੇਪੀ ਦੀ ਇਸ ਯਾਤਰਾ ਦੇ ਸਿਆਸੀ ਅਤੇ ਸਮਾਜਿਕ ਮਾਅਨੇ ਕੀ ਹਨ? ਇਸ ਦੇ ਨਾਲ ਹੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਰਨਾਂ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਦਾ ਮਕਸਦ ਅਤੇ ਮਹੱਤਵ ਕੀ ਹੈ? ਆਓ ਜਾਣਦੇ ਹਾਂ।
ਯਾਤਰਾ ਦੇ ਆਗਾਜ਼ ਮੌਕੇ ਕੀ ਕਿਹਾ ਗਿਆ?

ਤਸਵੀਰ ਸਰੋਤ, Pardeep Sharma/BBC
ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, "ਜਲੰਧਰ ਤੋਂ ਕਾਸ਼ੀ ਤੱਕ ਸ਼ੁਰੂ ਹੋਣ ਵਾਲੀ ਇਹ ਯਾਤਰਾ ਸਮਾਜ ਨੂੰ ਜੋੜੇਗੀ।"
"ਗੁਰੂ ਰਵਿਦਾਸ ਜੀ ਨੇ ਸਮੁੱਚੇ ਸਮਾਜ ਵਿੱਚ ਸਮਰਸਤਾ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਸਿੱਖਿਆ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਕ੍ਰਾਂਤੀਕਾਰੀ ਕੰਮ ਕੀਤਾ ਸੀ। ਉਨ੍ਹਾਂ ਦੇ ਇਸੇ ਸੰਦੇਸ਼ ਨੂੰ ਯਾਤਰਾ ਰਾਹੀਂ ਮੁੜ ਸਮਾਜ ਤੱਕ ਪਹੁੰਚਾਇਆ ਜਾਵੇਗਾ।"
ਇਸ ਮੌਕੇ ਬੀਜੇਪੀ ਪ੍ਰਧਾਨ ਨੇ ਸਿਆਸੀ ਵਿਰੋਧੀਆਂ, ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਵੀ ਸਵਾਲ ਖੜ੍ਹੇ ਕੀਤੇ।
ਉਨ੍ਹਾਂ ਕਿਹਾ, "ਪੰਜਾਬ, ਜੋ ਸੰਘਰਸ਼, ਸਾਹਸ ਅਤੇ ਬਲੀਦਾਨ ਲਈ ਜਾਣਿਆ ਜਾਂਦਾ ਸੀ, ਉਸ ਨੂੰ ਤਤਕਾਲੀ ਸਰਕਾਰ ਨੇ ਗ੍ਰਹਿਣ ਲਾ ਦਿੱਤਾ ਹੈ।"
ਉੱਧਰ, ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਯਾਤਰਾ ਵਿੱਚ ਕੋਈ ਸਿਆਸਤ ਨਹੀਂ ਹੈ। ਉਨ੍ਹਾਂ ਮੁਤਾਬਕ, ਇਹ ਯਾਤਰਾ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਘਰ-ਘਰ ਪਹੁੰਚਾਉਣ ਲਈ ਕੱਢੀ ਜਾ ਰਹੀ ਹੈ।
ਸਮਰਸਤਾ ਯਾਤਰਾ ਕੀ ਹੈ ਅਤੇ ਕਿੱਥੋਂ-ਕਿੱਥੋਂ ਲੰਘੇਗੀ?

ਤਸਵੀਰ ਸਰੋਤ, Pardeep Sharma/BBC
'ਸਮਰਸਤਾ ਸੰਕਲਪ ਯਾਤਰਾ' 18 ਨਵੰਬਰ ਤੋਂ ਸ਼ੁਰੂ ਹੋਈ ਹੈ ਅਤੇ 3 ਦਸੰਬਰ ਨੂੰ ਸਮਾਪਤ ਹੋਵੇਗੀ। ਬੀਜੇਪੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, 16 ਦਿਨਾਂ ਤੱਕ ਚੱਲਣ ਵਾਲੀ ਇਹ ਯਾਤਰਾ ਪੰਜ ਦਿਨ ਪੰਜਾਬ ਵਿੱਚ ਰਹੇਗੀ।
18 ਨਵੰਬਰ ਤੋਂ ਸ਼ੁਰੂ ਹੋਈ ਇਹ ਯਾਤਰਾ ਜਲੰਧਰ, ਹੁਸ਼ਿਆਰਪੁਰ, ਮੁਕੇਰੀਆਂ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਮੁਕਤਸਰ, ਬਠਿੰਡਾ, ਸੰਗਰੂਰ, ਲੁਧਿਆਣਾ, ਰੋਪੜ ਅਤੇ ਮੁਹਾਲੀ ਤੋਂ ਹੁੰਦੀ ਹੋਈ 22 ਨਵੰਬਰ ਨੂੰ ਚੰਡੀਗੜ੍ਹ ਪਹੁੰਚੇਗੀ।
ਇਹ ਯਾਤਰਾ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚੋਂ ਲੰਘੇਗੀ।
ਇਸ ਦੌਰਾਨ ਯਾਤਰਾ ਲਗਭਗ 2,500 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ 3 ਦਸੰਬਰ ਨੂੰ ਕਾਸ਼ੀ (ਵਾਰਾਣਸੀ) ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚਣਗੇ।
ਯਾਤਰਾ ਦੌਰਾਨ 100 ਤੋਂ ਵੱਧ ਛੋਟੀਆਂ ਜਨਤਕ ਮੀਟਿੰਗਾਂ ਅਤੇ 17 ਵੱਡੇ ਸਮਾਗਮ ਕਰਵਾਏ ਜਾਣਗੇ।
ਕੇਵਲ ਸਿੰਘ ਢਿੱਲੋਂ ਨੇ ਕਿਹਾ, "ਕਲਸ਼ ਯਾਤਰਾ ਰਾਹੀਂ ਗੁਰੂ ਸਾਹਿਬ ਦੇ ਜਨਮ ਅਸਥਾਨ ਤੋਂ ਮਿੱਟੀ ਲਿਆ ਕੇ ਪੰਜਾਬ ਦੇ ਘਰ-ਘਰ ਤੱਕ ਪਹੁੰਚਾਈ ਗਈ ਸੀ।"
ਬੀਜੇਪੀ ਦੀ ਯਾਤਰਾ ਬਾਰੇ ਮਾਹਰ ਕੀ ਮਾਅਨੇ ਕੱਢ ਰਹੇ ਹਨ?

ਪੰਜਾਬ ਵਿੱਚ ਦਲਿਤ ਆਬਾਦੀ 32 ਫ਼ੀਸਦੀ ਹੈ, ਜੋ ਦੇਸ਼ ਦੇ ਸਾਰੇ ਸੂਬਿਆਂ ਵਿੱਚੋਂ ਸਭ ਤੋਂ ਵੱਧ ਹੈ। ਦੋਆਬਾ ਖੇਤਰ ਵਿੱਚ ਇਸ ਦਾ ਵਧੇਰੇ ਪ੍ਰਭਾਵ ਮੰਨਿਆ ਜਾਂਦਾ ਹੈ।
ਅਜਿਹੇ ਸਥਾਨ ਤੋਂ ਬੀਜੇਪੀ ਦੀ ਇਸ ਯਾਤਰਾ ਦਾ ਕੀ ਮਕਸਦ ਹੈ, ਇਸ ਬਾਰੇ ਵੱਖ-ਵੱਖ ਸਿਆਸੀ ਅਤੇ ਸਮਾਜਿਕ ਮਾਹਰਾਂ ਦੀ ਵੱਖੋ-ਵੱਖਰੀ ਰਾਇ ਹੈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਰੌਣਕੀ ਰਾਮ ਕਹਿੰਦੇ ਹਨ, "ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਮੌਕੇ ਸਰਕਾਰਾਂ, ਵੱਖ-ਵੱਖ ਸਿਆਸੀ ਪਾਰਟੀਆਂ, ਅਦਾਰੇ ਅਤੇ ਧਾਰਮਿਕ ਸੰਸਥਾਵਾਂ ਆਪੋ-ਆਪਣੇ ਪੱਧਰ 'ਤੇ ਸ਼ਾਮਲ ਹੋ ਰਹੀਆਂ ਹਨ।"
"ਇਹ ਬਹੁਤ ਵੱਡਾ ਮੌਕਾ ਹੈ। ਇਹ ਇੱਕ ਇਤਫ਼ਾਕ ਹੈ ਕਿ 2027 ਵਿੱਚ ਹੀ ਚੋਣਾਂ ਵੀ ਹੋ ਰਹੀਆਂ ਹਨ ਅਤੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਹੈ। ਜੇ ਚੋਣਾਂ ਨਾ ਵੀ ਹੋਣੀਆਂ ਹੁੰਦੀਆਂ ਤਾਂ ਵੀ ਇਹ ਦਿਹਾੜਾ ਉਸੇ ਧੂਮਧਾਮ ਨਾਲ ਮਨਾਇਆ ਜਾਣਾ ਸੀ।"
ਹਾਲਾਂਕਿ, ਉਹ ਇਹ ਵੀ ਕਹਿੰਦੇ ਹਨ ਕਿ ਚੋਣਾਂ ਆ ਰਹੀਆਂ ਹਨ ਅਤੇ ਉਨ੍ਹਾਂ ਦੀ ਆਪਣੀ ਮਹੱਤਤਾ ਹੈ।
ਜਦੋਂ ਚੋਣਾਂ ਆਉਂਦੀਆਂ ਹਨ ਤਾਂ ਹਰ ਮੌਕਾ ਸਿਆਸੀ ਪਾਰਟੀਆਂ ਲਈ ਇੱਕ ਸਿਆਸੀ ਮੌਕਾ ਜ਼ਰੂਰ ਬਣ ਜਾਂਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਸਾਰਾ ਕੁਝ ਸਿਰਫ਼ ਚੋਣ ਪ੍ਰਚਾਰ ਦਾ ਹੀ ਹਿੱਸਾ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਸਮਾਜ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਦੱਸਦੇ ਹਨ, "ਭਾਵੇਂ ਕਿਹਾ ਜਾ ਰਿਹਾ ਹੈ ਕਿ ਇਹ ਧਾਰਮਿਕ ਯਾਤਰਾ ਹੈ, ਪਰ ਕਿਸੇ ਸਿਆਸੀ ਪਾਰਟੀ ਵੱਲੋਂ ਕੱਢੀਆਂ ਜਾਂਦੀਆਂ ਇਸ ਤਰ੍ਹਾਂ ਦੀਆਂ ਯਾਤਰਾਵਾਂ ਦੇ ਮਾਅਨੇ ਸਿਆਸੀ ਵੀ ਹੁੰਦੇ ਹਨ।"
"ਇਸ ਤਰ੍ਹਾਂ ਦੀਆਂ ਮੁਹਿੰਮਾਂ ਅਤੇ ਯਾਤਰਾਵਾਂ ਅਕਸਰ ਕਿਸੇ ਖ਼ਾਸ ਪਛਾਣ ਜਾਂ ਭਾਈਚਾਰੇ ਨਾਲ ਜੁੜੀਆਂ ਹੁੰਦੀਆਂ ਹਨ। ਹੁਣ ਭਾਜਪਾ ਇਹ ਕੋਸ਼ਿਸ਼ ਕਰ ਰਹੀ ਹੈ ਕਿ ਉਹ ਆਪਣੇ ਇਸ ਭਾਈਚਾਰੇ ਨਾਲ ਜੁੜੇ ਆਗੂਆਂ ਨੂੰ ਅੱਗੇ ਲਿਆਵੇ। ਇਸ ਨਾਲ ਕੁਝ ਹੱਦ ਤੱਕ ਪਾਰਟੀ ਦੇ ਅੰਦਰਲੇ ਆਗੂਆਂ ਨੂੰ ਫ਼ਾਇਦਾ ਹੋ ਸਕਦਾ ਹੈ। ਪਰ ਹੋਰ ਪਾਰਟੀਆਂ ਦੇ ਆਗੂ ਵੀ ਇਸ ਭਾਈਚਾਰੇ ਤੱਕ ਆਪਣੀ ਪਹੁੰਚ ਬਣਾਉਂਦੇ ਹਨ।"
ਸਿਆਸੀ ਪੱਖੋਂ ਦੋਆਬੇ ਦੇ ਦਲਿਤ ਭਾਈਚਾਰੇ ਦੀ ਕੀ ਹੈ ਅਹਿਮੀਅਤ?

ਸੂਬੇ ਦੀ ਦਲਿਤ ਆਬਾਦੀ ਦਾ ਵੱਡਾ ਹਿੱਸਾ ਦੋਆਬਾ ਖੇਤਰ ਵਿੱਚ ਰਹਿੰਦਾ ਹੈ। ਇੱਥੇ ਦਲਿਤ ਭਾਈਚਾਰੇ ਦੀ ਆਬਾਦੀ ਲਗਭਗ 45 ਫ਼ੀਸਦੀ ਹੈ।
ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਵਿੱਚੋਂ 23 ਸੀਟਾਂ ਇਕੱਲੇ ਦੋਆਬਾ ਖੇਤਰ ਵਿੱਚ ਹਨ।
ਪ੍ਰੋਫੈਸਰ ਜੋਧਕਾ ਕਹਿੰਦੇ ਹਨ, "ਦਲਿਤ ਭਾਈਚਾਰੇ ਦਾ ਵੋਟ ਬੈਂਕ ਹਮੇਸ਼ਾ ਸਾਰੀਆਂ ਪਾਰਟੀਆਂ ਦੀ ਸਿਆਸਤ ਦਾ ਹਿੱਸਾ ਰਿਹਾ ਹੈ।"
"ਇਸ ਨਾਲ ਸਿਆਸੀ ਪਾਰਟੀਆਂ ਲਈ ਕੁਝ ਹੱਦ ਤੱਕ ਵੋਟ ਬੈਂਕ ਵੀ ਇਕੱਠਾ ਹੁੰਦਾ ਹੈ, ਪਰ ਭਾਈਚਾਰੇ ਦੀ ਆਵਾਜ਼ ਵੀ ਹੋਰ ਮਜ਼ਬੂਤ ਹੋ ਕੇ ਸਾਹਮਣੇ ਆਉਂਦੀ ਹੈ। ਜਦੋਂ ਕੋਈ ਭਾਈਚਾਰਾ ਸਿਆਸੀ ਤੌਰ 'ਤੇ ਜਾਗਰੂਕ ਹੁੰਦਾ ਹੈ ਤਾਂ ਉਹ ਆਪਣੇ ਹੱਕਾਂ ਦੀ ਗੱਲ ਵੀ ਕਰਦਾ ਹੈ ਅਤੇ ਆਪਣੀ ਪਸੰਦ ਮੁਤਾਬਕ ਚੋਣ ਵੀ ਕਰਦਾ ਹੈ।"
"ਕਹਿਣ ਨੂੰ ਤਾਂ ਪੰਜਾਬ ਵਿੱਚ 32 ਫ਼ੀਸਦੀ ਦਲਿਤ ਭਾਈਚਾਰਾ ਹੈ ਅਤੇ ਰਵਿਦਾਸੀਆ ਭਾਈਚਾਰੇ ਦੀ ਵੀ ਵੱਡੀ ਗਿਣਤੀ ਹੈ, ਪਰ ਦਲਿਤ ਭਾਈਚਾਰੇ ਦੇ ਅੰਦਰ ਵੀ ਕਾਫ਼ੀ ਵੰਡ ਹੈ। ਇਸ ਲਈ ਇਸ ਭਾਈਚਾਰੇ ਨੂੰ ਇੱਕੋ ਸਿਆਸੀ ਵਿਚਾਰਧਾਰਾ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ।"
ਉਨ੍ਹਾਂ ਨੇ ਕਿਹਾ, "ਇਸ ਲਈ ਪੰਜਾਬ ਵਿੱਚ ਵੋਟਾਂ ਪੱਕੀਆਂ ਕਰਨੀਆਂ ਇੰਨੀਆਂ ਸੌਖੀਆਂ ਨਹੀਂ ਹਨ। ਕਈ ਵਾਰ ਵਿਰੋਧੀ ਲਾਮਬੰਦੀ ਵੀ ਹੋ ਜਾਂਦੀ ਹੈ, ਯਾਨੀ ਦਲਿਤ ਭਾਈਚਾਰੇ ਤੋਂ ਇਲਾਵਾ ਹੋਰ ਭਾਈਚਾਰੇ ਵੀ ਲਾਮਬੰਦ ਹੋ ਜਾਂਦੇ ਹਨ।"
"ਜੇਕਰ ਕਦੇ ਦਲਿਤ ਵੋਟ ਇੱਕਜੁੱਟ ਹੋਈ ਹੈ ਤਾਂ ਉਹ ਦਲਿਤ ਭਾਈਚਾਰੇ ਦੀ ਆਪਣੀ ਪਾਰਟੀ ਨਾਲ ਹੀ ਹੋਈ ਹੈ, ਜਿਵੇਂ ਉੱਤਰ ਪ੍ਰਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਹੋਇਆ ਸੀ।"
"ਭਾਜਪਾ ਨੂੰ ਇਸ ਤਰ੍ਹਾਂ ਦੀਆਂ ਸਰਗਰਮੀਆਂ ਨਾਲ ਆਪਣੀ ਪਾਰਟੀ ਦਾ ਘੇਰਾ ਵਧਾਉਣ ਦੀ ਉਮੀਦ ਹੋ ਸਕਦੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਸਾਰੀਆਂ ਵੋਟਾਂ ਉੱਥੋਂ ਹੀ ਮਿਲ ਜਾਣਗੀਆਂ। ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਹਨ। ਖੇਤੀਬਾੜੀ ਸਣੇ ਹੋਰ ਵੀ ਕਈ ਮੁੱਦੇ ਹਨ, ਜਿਨ੍ਹਾਂ ਵੱਲ ਲੋਕ ਧਿਆਨ ਦੇਣ ਦੀ ਮੰਗ ਕਰਦੇ ਹਨ।"

ਪੰਜਾਬੀ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ, "ਕੋਸ਼ਿਸ਼ ਤਾਂ ਚੱਲ ਰਹੀ ਹੈ ਕਿ ਸਮਾਜ ਦਾ ਕੋਈ ਇੱਕ ਵਰਗ ਕਿਸੇ ਤਰ੍ਹਾਂ ਭਾਜਪਾ ਨੂੰ ਵੋਟ ਪਾਉਣ ਲਈ ਰਾਜ਼ੀ ਹੋਵੇ। ਇਹ ਸਭ ਚੋਣਾਂ ਦੇ ਨੇੜੇ ਹੀ ਹੋ ਰਿਹਾ ਹੈ।"
"ਇਸ ਦਾ ਸਿੱਧਾ-ਸਿੱਧਾ ਮਤਲਬ ਇਹ ਹੈ ਕਿ ਤੁਸੀਂ ਇੱਕ ਖ਼ਾਸ ਤਬਕੇ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਰਵਿਦਾਸੀਆ ਭਾਈਚਾਰਾ ਇੱਕ ਵੱਡਾ ਭਾਈਚਾਰਾ ਹੈ। ਉਸ ਹਿਸਾਬ ਨਾਲ ਉਨ੍ਹਾਂ ਦੀ ਕੋਸ਼ਿਸ਼ ਤਾਂ ਹੈ ਹੀ ਕਿ ਕਿਸੇ ਤਰੀਕੇ ਨਾਲ ਇਸ ਭਾਈਚਾਰੇ ਦਾ ਇੱਕ ਵੱਡਾ ਵਰਗ ਉਨ੍ਹਾਂ ਨੂੰ ਵੋਟ ਪਾ ਸਕੇ।"
ਹਾਲਾਂਕਿ, ਉਹ ਕਹਿੰਦੇ ਹਨ, "ਹੋਰ ਪਾਰਟੀਆਂ ਦੇ ਵਾਅਦਿਆਂ ਤੋਂ ਮਿਲੀ ਨਿਰਾਸ਼ਾ ਕਾਰਨ ਇਹ ਜ਼ਰੂਰ ਹੋ ਸਕਦਾ ਹੈ ਕਿ ਥੋੜ੍ਹਾ-ਬਹੁਤ ਵੋਟ ਬੈਂਕ ਵਧ ਜਾਵੇ, ਪਰ ਸਿਰਫ਼ ਯਾਤਰਾਵਾਂ ਨਾਲ ਕੋਈ ਖ਼ਾਸ ਪ੍ਰਭਾਵ ਪੈਂਦਾ ਨਜ਼ਰ ਨਹੀਂ ਆਉਂਦਾ।"
ਪ੍ਰੋਫੈਸਰ ਰੌਣਕੀ ਰਾਮ ਕਹਿੰਦੇ ਹਨ,"ਪੰਜਾਬ ਵਰਗੇ ਇਲਾਕੇ ਵਿੱਚ ਚੋਣ ਨਤੀਜੇ ਅਕਸਰ ਕੌਮੀ ਪੱਧਰ ਦੇ ਨਤੀਜਿਆਂ ਤੋਂ ਵੱਖਰੇ ਹੁੰਦੇ ਹਨ। ਇੱਥੇ ਲੋਕਾਂ ਦਾ ਆਪਣਾ ਨਜ਼ਰੀਆ ਹੈ।"
"ਇਸ ਖਿੱਤੇ ਵਿੱਚ ਗੁਰਦੁਆਰੇ, ਡੇਰੇ ਅਤੇ ਮੰਦਰ ਆਪਣੀ ਵੱਖਰੀ ਥਾਂ ਰੱਖਦੇ ਹਨ। ਸਾਡੇ ਬਹੁਤ ਸਾਰੇ ਸਿਆਸੀ ਆਗੂ ਅਕਸਰ ਡੇਰਿਆਂ, ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਜਾਂਦੇ ਰਹਿੰਦੇ ਹਨ। ਉਹ ਇਹ ਮੰਨ ਕੇ ਜਾਂਦੇ ਹਨ ਕਿ ਉੱਥੇ ਬਹੁਤ ਸਾਰੇ ਲੋਕ ਆਉਂਦੇ ਹਨ।"
"ਪਰ ਇਹ ਕਹਿਣਾ ਸੌਖਾ ਨਹੀਂ ਹੈ ਕਿ ਧਾਰਮਿਕ ਸਥਾਨਾਂ 'ਤੇ ਸਿਆਸੀ ਆਗੂਆਂ ਦੀ ਸ਼ਮੂਲੀਅਤ ਉੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਵੋਟ ਬੈਂਕ ਵਿੱਚ ਤਬਦੀਲ ਕਰ ਦਿੰਦੀ ਹੈ। ਇਸ ਬਾਰੇ ਸਾਡੇ ਕੋਲ ਕੋਈ ਅਜਿਹਾ ਸਿੱਧਾ ਸਰਵੇਖਣ ਜਾਂ ਅਧਿਐਨ ਨਹੀਂ ਹੈ, ਜਿਸ ਤੋਂ ਇਹ ਸਾਬਤ ਹੋਵੇ ਕਿ ਕਿਸੇ ਪਾਰਟੀ ਨੇ ਕਿਸੇ ਧਾਰਮਿਕ ਸਥਾਨ 'ਤੇ ਵਾਰ-ਵਾਰ ਜਾ ਕੇ ਵੋਟਾਂ ਹਾਸਲ ਕਰ ਲਈਆਂ।"
ਡੇਰਾ ਬੱਲਾਂ ਦਾ ਪਿਛੋਕੜ ਕੀ ਹੈ

ਡੇਰਾ ਸਚਖੰਡ ਬੱਲਾਂ ਪੰਜਾਬ ਦੇ ਦੁਆਬਾ ਖਿੱਤੇ ਦੇ ਵੱਡੇ ਧਾਰਮਿਕ ਡੇਰਿਆਂ ਵਿੱਚੋਂ ਇੱਕ ਹੈ। ਇਹ ਡੇਰਾ ਜਲੰਧਰ ਸ਼ਹਿਰ ਤੋਂ 13 ਕਿਲੋਮੀਟਰ ਬਾਹਰਵਾਰ ਪਠਾਨਕੋਟ ਰੋਡ 'ਤੇ ਪਿੰਡ ਬੱਲਾਂ ਵਿੱਚ ਨਹਿਰ ਦੇ ਕੰਢੇ ਬਣਿਆ ਹੋਇਆ ਹੈ।
ਇਸ ਡੇਰੇ ਵਿੱਚ ਦਲਿਤ ਸਮਾਜ ਤੇ ਖ਼ਾਸ ਕਰਕੇ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਵੱਡੀ ਗਿਣਤੀ ਲੋਕ ਧਾਰਮਿਕ ਆਸਥਾ ਰੱਖਦੇ ਹਨ।
ਵੱਡੇ ਸਿਆਸੀ ਆਗੂ ਖ਼ਾਸ ਕਰਕੇ ਚੋਣਾਂ ਦੇ ਨੇੜੇ ਜਿਵੇਂ ਡੇਰੇ ਵਿੱਚ ਪਹੁੰਚਦੇ ਹਨ, ਉਸ ਤੋਂ ਇਸ ਦੀ ਸਮਾਜਿਕ ਅਤੇ ਸਿਆਸੀ ਪੱਖੋਂ ਵੀ ਅਹਿਮੀਅਤ ਸਮਝ ਆਉਂਦੀ ਹੈ।
ਡੇਰਾ ਬੱਲਾਂ ਦੀ ਸ਼ੁਰੂਆਤ ਜ਼ਿਲ੍ਹਾ ਬਠਿੰਡਾ ਦੀ ਗਿੱਲ ਪੱਤੀ ਵਿੱਚ ਜਨਮੇ ਹਰਮਾਨ ਦਾਸ ਨੇ ਕੀਤੀ ਸੀ। ਬੱਲਾਂ ਪਿੰਡ ਵਿੱਚ ਸਥਿਤ ਇਹ ਡੇਰਾ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ ਤੋਂ ਆਪਣੀ ਤਾਕਤ ਹਾਸਲ ਕਰਦਾ ਹੈ।
ਪੰਜਾਬ ਸਰਕਾਰ ਵੀ ਕਰਵਾ ਰਹੀ ਹੈ ਸਮਾਗਮ

ਤਸਵੀਰ ਸਰੋਤ, DIPR
ਨਾ ਸਿਰਫ ਬੀਜੇਪੀ ਸਗੋਂ ਪੰਜਾਬ ਸਰਕਾਰ ਵੀ ਗੁਰੂ ਰਵਿਦਾਸ ਦਾ 650ਵਾਂ ਪ੍ਰਕਾਸ਼ ਮਨਾਉਣ ਲਈ ਤਿਆਰੀ ਕਰ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਖੁਰਾਲਗੜ੍ਹ ਵਿਖੇ 4 ਤੋਂ 6 ਦਸੰਬਰ ਤੱਕ ਹੋਣਗੇ ਤਿੰਨ ਰੋਜ਼ਾ ਸਮਾਗਮ ਹੋਣਗੇ।
ਵਾਰਾਣਸੀ, ਫਰੀਦਕੋਟ, ਬਠਿੰਡਾ ਅਤੇ ਜੰਮੂ ਤੋਂ ਚਾਰ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ, ਜੋ 3 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਸਮਾਪਤ ਹੋਣਗੀਆਂ। ਮਾਨ ਮੁਤਾਬਕ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮਾਂ ਰਾਹੀਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਬਰਾਬਰੀ, ਮਾਨਵਤਾ ਅਤੇ ਸਮਾਜਿਕ ਨਿਆਂ ਦੇ ਸਰਬ-ਸਾਂਝੇ ਸੰਦੇਸ਼ ਨੂੰ ਹਰ ਪਿੰਡ ਤੱਕ ਪਹੁੰਚਾਇਆ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































