You’re viewing a text-only version of this website that uses less data. View the main version of the website including all images and videos.
ਦਿਨ ਵਿੱਚ ਵਾਰ-ਵਾਰ ਨੀਂਦ ਆਉਂਦੀ ਹੈ, ਲਗਾਤਾਰ ਉਬਾਸੀ ਆਉਂਦੀ ਹੈ, ਝਪਕੀਆਂ ਆਉਣ ਲੱਗਦੀਆਂ ਹਨ? ਜਾਣੋ ਇਸ ਦੇ ਖ਼ਤਰੇ
- ਲੇਖਕ, ਓਂਕਾਰ ਕਰੰਬੇਲਕਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਕੀ ਸਵੇਰੇ ਉੱਠਣ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਹੈ ਕਿ ਨੀਂਦ ਪੂਰੀ ਨਹੀਂ ਹੋਈ ਅਤੇ ਫਿਰ ਦਿਨ ਭਰ ਜਿਵੇਂ ਹੀ ਥੋੜ੍ਹਾ ਖਾਲੀ ਸਮਾਂ ਮਿਲੇ ਤਾਂ ਲੇਟਣ ਨੂੰ ਮਨ ਕਰਦਾ ਜਾਂ ਮੌਕਾ ਮਿਲਦਿਆਂ ਹੀ ਅੱਖਾਂ ਬੰਦ ਹੋਣ ਲੱਗ ਜਾਂਦੀਆਂ ਹਨ?
ਪਰ ਦਿਨ ਵਿੱਚ ਲਗਾਤਾਰ ਨੀਂਦ ਆਉਣਾ ਕੋਈ ਆਮ ਗੱਲ ਨਹੀਂ ਹੈ। ਜੇ ਵਾਰ-ਵਾਰ ਅੱਖਾਂ ਬੰਦ ਹੋਣ ਲੱਗਣ, ਕੰਮ ਕਰਦੇ ਸਮੇਂ ਜਾਂ ਗੱਡੀ ਚਲਾਉਂਦੇ ਵੇਲੇ ਨੀਂਦ 'ਤੇ ਕਾਬੂ ਨਾ ਰਹੇ, ਤਾਂ ਇਸ ਦੇ ਪਿੱਛੇ ਗੰਭੀਰ ਕਾਰਨ ਹੋ ਸਕਦੇ ਹਨ।
'ਐਕਸੈਸਿਵ ਡੇ-ਟਾਈਮ ਸਲੀਪੀਨੈੱਸ' ਭਾਵ ਈਡੀਐੱਸ ਯਾਨੀ ਦਿਨ ਵਿੱਚ ਬਹੁਤ ਜ਼ਿਆਦਾ ਨੀਂਦ ਆਉਣਾ ਸਿਰਫ਼ ਆਲਸ ਦੀ ਨਿਸ਼ਾਨੀ ਨਹੀਂ, ਸਗੋਂ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਗੜਬੜੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਬਦਲਦੀ ਜੀਵਨਸ਼ੈਲੀ, ਸਕ੍ਰੀਨ ਟਾਈਮ ਦਾ ਵਧਣਾ, ਮਾਨਸਿਕ ਤਣਾਅ, ਨੀਂਦ ਦੀ ਕਮੀ ਅਤੇ ਸ਼ਿਫ਼ਟਾਂ ਵਿੱਚ ਕੰਮ ਕਰਨ ਵਰਗੇ ਕਾਰਨਾਂ ਕਰਕੇ ਇਹ ਸਮੱਸਿਆ ਵਧਦੀ ਨਜ਼ਰ ਆ ਰਹੀ ਹੈ।
ਇਸ ਦਾ ਅਸਰ ਸਿਰਫ਼ ਕੰਮ ਕਰਨ ਦੀ ਸਮਰੱਥਾ ਨੂੰ ਹੀ ਨਹੀਂ ਪ੍ਰਭਾਵਿਤ ਕਰਦਾ, ਸਗੋਂ ਹਾਦਸਿਆਂ ਦਾ ਖ਼ਤਰਾ, ਮਾਨਸਿਕ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੀਆਂ ਬਿਮਾਰੀਆਂ ਦਾ ਜੋਖ਼ਮ ਵੀ ਵਧਾ ਸਕਦਾ ਹੈ।
ਕਈ ਵਾਰ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜਾਂ "ਮੈਂ ਥੱਕਿਆ ਹੋਇਆ ਹਾਂ" ਕਹਿ ਕੇ ਟਾਲ ਦਿੰਦੇ ਹਨ। ਪਰ ਲਗਾਤਾਰ ਨੀਂਦ ਆਉਣਾ ਸਿਹਤ ਨਾਲ ਜੁੜਿਆ ਇੱਕ ਚੇਤਾਵਨੀ ਭਰਿਆ ਸੰਕੇਤ ਹੋ ਸਕਦਾ ਹੈ।
ਤਾਂ ਫਿਰ ਦਿਨ ਵਿੱਚ ਨੀਂਦ ਕਿਉਂ ਆਉਂਦੀ ਹੈ? ਕੀ ਇਹ ਆਮ ਥਕਾਵਟ ਹੈ ਜਾਂ ਨੀਂਦ ਨਾਲ ਜੁੜੇ ਕਿਸੇ ਰੋਗ ਦਾ ਲੱਛਣ? ਅਤੇ ਇਸ ਦੇ ਕੀ ਉਪਾਅ ਹੋ ਸਕਦੇ ਹਨ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨਾ ਜ਼ਰੂਰੀ ਹੈ।
ਦਿਨ ਵਿੱਚ ਲਗਾਤਾਰ ਨੀਂਦ ਆਉਣ ਦੇ ਕਾਰਨ
ਦਿਨ ਭਰ ਨੀਂਦ ਆਉਣ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ, ਸਗੋਂ ਇਹ ਕਈ ਸਰੀਰਕ ਅਤੇ ਮਾਨਸਿਕ ਕਾਰਨਾਂ ਦੇ ਸਾਂਝੇ ਪ੍ਰਭਾਵ ਕਾਰਨ ਹੁੰਦਾ ਹੈ।
ਸਭ ਤੋਂ ਆਮ ਕਾਰਨ ਹੈ ਰਾਤ ਨੂੰ ਪੂਰੀ ਅਤੇ ਚੰਗੀ ਨੀਂਦ ਨਾ ਮਿਲਣਾ। ਦੇਰ ਰਾਤ ਤੱਕ ਸਕ੍ਰੀਨ ਅੱਗੇ ਸਮਾਂ ਬਿਤਾਉਣਾ, ਅਨਿਯਮਿਤ ਸਮੇਂ 'ਤੇ ਸੌਣਾ ਜਾਂ ਰਾਤ ਨੂੰ ਵਾਰ-ਵਾਰ ਨੀਂਦ ਟੁੱਟਣ ਨਾਲ ਸਰੀਰ ਦਾ ਕੁਦਰਤੀ ਨੀਂਦ ਚੱਕਰ (ਸਲੀਪ ਸਾਈਕਲ) ਵਿਗੜ ਜਾਂਦਾ ਹੈ।
ਇਸ ਤੋਂ ਇਲਾਵਾ 'ਸਲੀਪ ਐਪਨੀਆ' (Sleep Apnea) ਵਰਗੇ ਰੋਗਾਂ ਵਿੱਚ ਸੌਂਦੇ ਸਮੇਂ ਵਿਅਕਤੀ ਦੇ ਸਾਹ ਲੈਣ ਵਿੱਚ ਰੁਕਾਵਟ ਆਉਂਦੀ ਹੈ, ਜਿਸ ਕਾਰਨ ਨੀਂਦ ਪੂਰੀ ਨਹੀਂ ਹੋ ਪਾਉਂਦੀ ਅਤੇ ਦਿਨ ਭਰ ਥਕਾਵਟ ਮਹਿਸੂਸ ਹੁੰਦੀ ਹੈ।
ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਵੀ ਇਸ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ। ਜਿਵੇਂ ਕਿ ਡਿਪ੍ਰੈਸ਼ਨ ਜਾਂ ਬਹੁਤ ਜ਼ਿਆਦਾ ਤਣਾਅ ਦਾ ਨੀਂਦ 'ਤੇ ਬਹੁਤ ਅਸਰ ਪੈਂਦਾ ਹੈ। ਕੁਝ ਦਵਾਈਆਂ ਦੇ ਸਾਈਡ ਇਫੈਕਟਸ, ਸ਼ਰਾਬ ਦਾ ਸੇਵਨ ਜਾਂ ਕੈਫੀਨ ਦੀ ਬਹੁਤ ਜ਼ਿਆਦਾ ਵਰਤੋਂ ਵੀ ਨੀਂਦ ਦੇ ਸੰਤੁਲਨ ਨੂੰ ਵਿਗਾੜ ਸਕਦੀ ਹੈ।
ਇਸ ਤੋਂ ਇਲਾਵਾ ਥਾਇਰਾਇਡ ਨਾਲ ਜੁੜੇ ਹਾਰਮੋਨਲ ਬਦਲਾਅ, ਸ਼ੂਗਰ ਜਾਂ ਮੋਟਾਪੇ ਵਰਗੀਆਂ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਕਾਰਨ ਵੀ ਦਿਨ ਵਿੱਚ ਨੀਂਦ ਆਉਣ ਦੀ ਸਮੱਸਿਆ ਵਧ ਸਕਦੀ ਹੈ। ਇਸ ਲਈ ਇਸ ਸਮੱਸਿਆ ਨੂੰ ਸਿਰਫ਼ ਆਦਤਾਂ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ, ਸਗੋਂ ਇਸ ਪਿਛਲੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ।
ਦਿਨ ਵਿੱਚ ਨੀਂਦ ਆਉਣ ਅਤੇ ਆਮ ਥਕਾਵਟ ਵਿੱਚ ਕੀ ਫ਼ਰਕ ਹੈ?
ਸਰੀਰਕ ਮਿਹਨਤ, ਜ਼ਿਆਦਾ ਕਸਰਤ ਜਾਂ ਭੱਜ-ਦੌੜ ਕਾਰਨ ਹੋਣ ਵਾਲੀ ਥਕਾਵਟ ਅਤੇ ਵਾਰ-ਵਾਰ ਨੀਂਦ ਆਉਣ ਵਾਲੀ ਸਥਿਤੀ ਵਿੱਚ ਫ਼ਰਕ ਸਮਝਣਾ ਜ਼ਰੂਰੀ ਹੈ। ਰੋਜ਼ਾਨਾ ਦੇ ਕੰਮ ਜਾਂ ਮਿਹਨਤ ਨਾਲ ਹੋਣ ਵਾਲੀ ਥਕਾਵਟ ਆਮ ਹੁੰਦੀ ਹੈ ਅਤੇ ਆਰਾਮ, ਖਾਣਾ ਅਤੇ ਨੀਂਦ ਨਾਲ ਠੀਕ ਹੋ ਸਕਦੀ ਹੈ।
ਪਰ ਦਿਨ ਵਿੱਚ ਬਹੁਤ ਜ਼ਿਆਦਾ ਨੀਂਦ ਆਉਣਾ (ਈਡੀਐਸ) ਇੱਕ ਵੱਖਰੀ ਸਥਿਤੀ ਹੈ, ਜਿਸ ਵਿੱਚ ਵਿਅਕਤੀ ਨੂੰ ਜਾਗਦੇ ਅਤੇ ਚੌਕਸ ਰਹਿਣਾ ਚਾਹੀਦਾ ਹੈ, ਫਿਰ ਵੀ ਉਸ ਨੂੰ ਵਾਰ-ਵਾਰ ਨੀਂਦ ਆਉਣ ਲੱਗਦੀ ਹੈ। ਥਕਾਵਟ ਵਿੱਚ ਵਿਅਕਤੀ ਸੁਸਤੀ ਮਹਿਸੂਸ ਕਰ ਸਕਦਾ ਹੈ, ਪਰ ਆਮ ਤੌਰ 'ਤੇ ਜਾਗਦਾ ਰਹਿ ਸਕਦਾ ਹੈ। ਜਦਕਿ ਈਡੀਐਸ ਵਿੱਚ ਵਿਅਕਤੀ ਨੂੰ ਮੀਟਿੰਗ, ਗੱਲਬਾਤ ਜਾਂ ਵਾਹਨ ਚਲਾਉਂਦੇ ਸਮੇਂ ਵੀ ਅੱਖਾਂ ਖੁੱਲ੍ਹੀਆਂ ਰੱਖਣ ਵਿੱਚ ਮੁਸ਼ਕਿਲ ਹੋ ਸਕਦੀ ਹੈ।
ਜੇ ਲੰਬੇ ਸਮੇਂ ਤੱਕ ਰਾਤ ਦੀ ਨੀਂਦ ਪੂਰੀ ਨਹੀਂ ਹੁੰਦੀ, ਤਾਂ ਇਹ ਸਮੱਸਿਆ 'ਸਲੀਪ ਡੈੱਟ' (Sleep Debt) ਵਿੱਚ ਬਦਲ ਜਾਂਦੀ ਹੈ। ਪੂਰੀ ਅਤੇ ਗਹਿਰੀ ਨੀਂਦ ਨਾ ਮਿਲਣ ਕਾਰਨ ਧਿਆਨ, ਇਕਾਗਰਤਾ, ਯਾਦਦਾਸ਼ਤ ਅਤੇ ਪ੍ਰਤੀਕਿਰਿਆ ਕਰਨ ਦੀ ਸਮਰੱਥਾ ਘਟ ਜਾਂਦੀ ਹੈ, ਜਿਸ ਨਾਲ ਦਿਨ ਭਰ ਨੀਂਦ ਆਉਂਦੀ ਰਹਿੰਦੀ ਹੈ।
ਦਿਨ ਵਿੱਚ ਬਹੁਤ ਜ਼ਿਆਦਾ ਨੀਂਦ ਆਉਣ ਦੇ ਲੱਛਣ
- ਵਾਰ-ਵਾਰ ਉਬਾਸੀ ਆਉਣਾ
- ਇਕਾਗਰਤਾ ਵਿੱਚ ਕਮੀ
- ਸਵੇਰੇ ਸਿਰਦਰਦ ਹੋਣਾ
- ਚਿੜਚਿੜਾਪਣ ਅਤੇ ਭੁੱਲਣ ਦੀ ਆਦਤ
- ਅਣਜਾਣੇ ਵਿੱਚ ਝਪਕੀ ਲੱਗ ਜਾਣਾ
- ਰੋਜ਼ਾਨਾ ਦੇ ਕੰਮ ਕਰਦੇ ਸਮੇਂ ਨੀਂਦ ਆਉਣਾ
ਇਹ ਈਡੀਐਸ ਦੇ ਸ਼ੁਰੂਆਤੀ ਆਮ ਲੱਛਣ ਹਨ।
ਈਡੀਐਸ ਦੇ ਖ਼ਤਰੇ
ਈਡੀਐਸ ਕਾਰਨ ਫ਼ੈਸਲੇ ਲੈਣ ਦੀ ਸਮਰੱਥਾ ਘਟ ਸਕਦੀ ਹੈ, ਕੰਮ ਦੀ ਉਤਪਾਦਕਤਾ ਘਟ ਸਕਦੀ ਹੈ, ਗਲਤੀਆਂ ਵਧ ਸਕਦੀਆਂ ਹਨ ਅਤੇ ਸੜਕ ਹਾਦਸਿਆਂ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ। ਹਲਕੀ ਜਿਹੀ ਨੀਂਦ ਵੀ ਪ੍ਰਤੀਕਿਰਿਆ ਕਰਨ ਦੀ ਸਮਰੱਥਾ 'ਤੇ ਕੁਝ ਹੱਦ ਤੱਕ ਉਹੀ ਅਸਰ ਪਾ ਸਕਦੀ ਹੈ, ਜੋ ਸ਼ਰਾਬ ਪੀਣ ਨਾਲ ਹੁੰਦਾ ਹੈ।
ਕਿਹੜੇ ਲੋਕਾਂ ਵਿੱਚ ਇਸ ਦਾ ਖ਼ਤਰਾ ਵੱਧ ਹੁੰਦਾ ਹੈ?
ਰਾਤ ਦੇਰ ਤੱਕ ਮੋਬਾਈਲ, ਕੰਪਿਊਟਰ ਜਾਂ ਹੋਰ ਸਕ੍ਰੀਨਾਂ ਦੀ ਵਰਤੋਂ, ਜ਼ਿਆਦਾ ਤਣਾਅ, ਕੈਫੀਨ ਦੀ ਵੱਧ ਵਰਤੋਂ ਅਤੇ ਅਨਿਯਮਿਤ ਨੀਂਦ ਦੀਆਂ ਆਦਤਾਂ ਸਰੀਰ ਦੀ ਜੈਵਿਕ ਘੜੀ (ਬਾਡੀ ਕਲਾਕ) ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਨਾਲ ਨੀਂਦ ਦੀ ਗੁਣਵੱਤਾ ਘਟਦੀ ਹੈ ਅਤੇ ਦਿਨ ਵਿੱਚ ਨੀਂਦ ਆਉਣ ਦੀ ਸਮੱਸਿਆ ਵਧਦੀ ਹੈ।
ਇਸ ਲਈ ਸ਼ਿਫ਼ਟਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ, ਸਿਹਤ ਖੇਤਰ ਦੇ ਪੇਸ਼ੇਵਰ, ਡਰਾਈਵਰ, ਪਾਇਲਟ, ਆਈਟੀ ਕਰਮਚਾਰੀ ਅਤੇ ਵਿਦਿਆਰਥੀ ਵੱਧ ਜੋਖ਼ਮ ਵਿੱਚ ਹੁੰਦੇ ਹਨ। ਇਸ ਤੋਂ ਇਲਾਵਾ ਉਮਰ ਵਧਣ ਦੇ ਨਾਲ ਨੀਂਦ ਵਿੱਚ ਆਉਣ ਵਾਲੇ ਬਦਲਾਅ ਅਤੇ ਹੋਰ ਸਿਹਤ ਸਮੱਸਿਆਵਾਂ ਕਾਰਨ ਬਜ਼ੁਰਗਾਂ ਵਿੱਚ ਵੀ ਇਹ ਸਮੱਸਿਆ ਦੇਖੀ ਜਾਂਦੀ ਹੈ।
ਡਾਕਟਰ ਕੋਲ ਕਦੋਂ ਜਾਣਾ ਚਾਹੀਦਾ ਹੈ?
ਦਿਨ ਵਿੱਚ ਲਗਾਤਾਰ ਨੀਂਦ ਆਉਣਾ ਸਿਹਤ ਨਾਲ ਜੁੜੀ ਸਮੱਸਿਆ ਹੈ ਜਾਂ ਨਹੀਂ, ਇਸ ਦਾ ਸਹੀ ਪਤਾ ਸਿਰਫ਼ ਡਾਕਟਰ ਹੀ ਲਗਾ ਸਕਦੇ ਹਨ।
ਜੇ ਪੂਰੀ ਨੀਂਦ ਲੈਣ ਤੋਂ ਬਾਅਦ ਵੀ ਦਿਨ ਵਿੱਚ ਵਾਰ-ਵਾਰ ਨੀਂਦ ਆਉਂਦੀ ਹੈ, ਕੰਮਕਾਜ ਪ੍ਰਭਾਵਿਤ ਹੁੰਦਾ ਹੈ ਜਾਂ ਅਚਾਨਕ ਝਪਕੀ ਲੱਗ ਜਾਂਦੀ ਹੈ, ਤਾਂ ਡਾਕਟਰ ਤੋਂ ਜਾਂਚ ਕਰਵਾਉਣਾ ਜ਼ਰੂਰੀ ਹੈ।
ਠਾਣੇ ਦੇ ਜੁਪੀਟਰ ਹਸਪਤਾਲ ਦੇ ਨਿਊਰੋਲੋਜਿਸਟ ਡਾਕਟਰ ਅਨਿਰੁੱਧ ਮੋਰੇ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਜੇ ਪੂਰੀ ਨੀਂਦ ਲੈਣ ਤੋਂ ਬਾਅਦ ਵੀ ਦਿਨ ਭਰ ਲਗਾਤਾਰ ਨੀਂਦ ਆਉਂਦੀ ਰਹਿੰਦੀ ਹੈ, ਜਿਸ ਕਾਰਨ ਕੰਮਕਾਜ ਜਾਂ ਰੋਜ਼ਾਨਾ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੋਵੇ ਜਾਂ ਅਚਾਨਕ ਝਪਕੀ ਲੱਗਣ ਦੀ ਸਥਿਤੀ ਬਣਦੀ ਹੋਵੇ, ਤਾਂ ਡਾਕਟਰੀ ਜਾਂਚ ਕਰਵਾਉਣਾ ਜ਼ਰੂਰੀ ਹੈ। ਲਗਾਤਾਰ ਰਹਿਣ ਵਾਲਾ ਈਡੀਐਸ ਨੀਂਦ ਨਾਲ ਜੁੜੇ ਕਿਸੇ ਵਿਕਾਰ ਜਾਂ ਨਿਊਰੋਲੋਜੀਕਲ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।"
ਡਾਕਟਰ ਅਨਿਰੁੱਧ ਮੋਰੇ ਨੇ ਅੱਗੇ ਕਿਹਾ, "ਆਧੁਨਿਕ ਜੀਵਨਸ਼ੈਲੀ ਨੀਂਦ ਲਈ ਲਗਾਤਾਰ ਵਧੇਰੇ ਪ੍ਰਤੀਕੂਲ ਹੁੰਦੀ ਜਾ ਰਹੀ ਹੈ। ਕੰਮ ਦੇ ਵਧਦੇ ਘੰਟੇ, ਡਿਜੀਟਲ ਉਪਕਰਣਾਂ ਦੀ ਵਧਦੀ ਵਰਤੋਂ, ਤਣਾਅ, ਸ਼ਿਫ਼ਟਾਂ ਵਿੱਚ ਕੰਮ ਕਰਨ ਦਾ ਸਿਸਟਮ ਅਤੇ ਮੋਟਾਪੇ ਦੀ ਵਧਦੀ ਦਰ, ਜਿਸ ਦਾ ਸਲੀਪ ਐਪਨੀਆ ਨਾਲ ਡੂੰਘਾ ਸਬੰਧ ਹੈ... ਇਨ੍ਹਾਂ ਕਾਰਨਾਂ ਕਰਕੇ ਈਡੀਐੱਸ ਦੇ ਮਾਮਲੇ ਵਧ ਰਹੇ ਹਨ। ਕਈ ਲੋਕ 'ਮੈਂ ਬਹੁਤ ਵਿਅਸਤ ਹਾਂ' ਸੋਚ ਕੇ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਅਸਲ ਵਿੱਚ ਇਹ ਨੀਂਦ ਨਾਲ ਜੁੜੇ ਕਿਸੇ ਵਿਕਾਰ ਦਾ ਲੱਛਣ ਹੋ ਸਕਦਾ ਹੈ, ਜਿਸ ਵੱਲ ਸਮੇਂ ਸਿਰ ਧਿਆਨ ਦੇਣਾ ਬਹੁਤ ਜ਼ਰੂਰੀ ਹੈ।"
ਰਾਤ ਦੀ ਨੀਂਦ ਕਿਉਂ ਜ਼ਰੂਰੀ ਹੈ?
ਮਨੁੱਖੀ ਸਰੀਰ ਇਸ ਤਰ੍ਹਾਂ ਵਿਕਸਿਤ ਹੋਇਆ ਹੈ ਕਿ ਇਹ ਦਿਨ ਵਿੱਚ ਸਰਗਰਮ ਰਹਿ ਕੇ ਕੰਮ ਕਰਦਾ ਹੈ ਅਤੇ ਰਾਤ ਨੂੰ ਸਰੀਰ ਦੀ ਮੁਰੰਮਤ ਅਤੇ ਮੁੜ-ਨਿਰਮਾਣ (ਇੱਕ ਤਰ੍ਹਾਂ ਨਾਲ ਮੁੜ ਤਿਆਰ ਹੋਣਾ) ਲਈ ਸੌਂਦਾ ਹੈ।
ਇਹ ਪ੍ਰਕਿਰਿਆ ਦੋ ਮੁੱਖ ਤੱਤਾਂ 'ਤੇ ਨਿਰਭਰ ਕਰਦੀ ਹੈ। ਪਹਿਲਾ, ਦਿਨ ਭਰ ਦੀ ਥਕਾਵਟ ਤੋਂ ਬਾਅਦ ਦਿਮਾਗ ਵਿੱਚ 'ਐਡੀਨੋਸਿਨ' ਨਾਮ ਦਾ ਇੱਕ ਰਸਾਇਣ ਬਣਦਾ ਹੈ, ਜੋ ਨੀਂਦ ਦੀ ਇੱਛਾ ਵਧਾਉਂਦਾ ਹੈ।
ਦੂਜਾ, ਸੂਰਜ ਡੁੱਬਣ ਤੋਂ ਬਾਅਦ ਹਨ੍ਹੇਰਾ ਵਧਣ ਨਾਲ 'ਮੇਲਾਟੋਨਿਨ' ਹਾਰਮੋਨ ਦਾ ਰਿਸਾਅ ਹੁੰਦਾ ਹੈ, ਜੋ ਸਰੀਰ ਨੂੰ ਸੌਣ ਲਈ ਤਿਆਰ ਕਰਦਾ ਹੈ।
ਜਸਲੋਕ ਹਸਪਤਾਲ ਐਂਡ ਰਿਸਰਚ ਸੈਂਟਰ ਦੇ ਨਿਊਰੋਲੋਜਿਸਟ ਡਾਕਟਰ ਜੌਏ ਦੇਸਾਈ ਦੇ ਅਨੁਸਾਰ, "ਨੀਂਦ ਦੌਰਾਨ ਸਰੀਰ ਦਾ ਸਹੀ ਢੰਗ ਨਾਲ ਮੁੜ-ਜੀਵਿਤ (ਰਿਵਾਈਵਲ) ਹੋਣ ਲਈ ਕੁਝ ਬੁਨਿਆਦੀ ਸ਼ਰਤਾਂ ਦਾ ਪੂਰਾ ਹੋਣਾ ਜ਼ਰੂਰੀ ਹੈ। ਇਸ ਵਿੱਚ ਰੋਜ਼ਾਨਾ ਸੱਤ ਤੋਂ ਅੱਠ ਘੰਟਿਆਂ ਦੀ ਨੀਂਦ, ਸੂਰਜ ਡੁੱਬਣ ਤੋਂ ਚਾਰ ਘੰਟਿਆਂ ਦੇ ਅੰਦਰ ਨੀਂਦ ਆ ਜਾਣਾ ਅਤੇ ਸਲੀਪ ਐਪਨੀਆ ਜਾਂ ਰੈਸਟਲੈੱਸ ਲੈਗਜ਼ ਸਿੰਡਰੋਮ (ਆਰਐਲਐਸ) ਵਰਗੀਆਂ ਨੀਂਦ ਨਾਲ ਜੁੜੀਆਂ ਬਿਮਾਰੀਆਂ ਦਾ ਨਾ ਹੋਣਾ ਸ਼ਾਮਲ ਹੈ। ਇਹ ਆਦਤਾਂ ਜਿੰਨੀਆਂ ਵੱਧ ਨਿਯਮਿਤ ਹੋਣਗੀਆਂ, ਓਨਾ ਹੀ ਨੀਂਦ ਦੌਰਾਨ ਹੋਣ ਵਾਲੀ ਪੁਨਰ-ਜੀਵਨ (ਰਿਵਾਈਵਲ) ਅਤੇ ਮੁੜ-ਬਹਾਲੀ (ਰਿਸਟੋਰੇਸ਼ਨ) ਦੀ ਪ੍ਰਕਿਰਿਆ ਬਿਹਤਰ ਹੋਵੇਗੀ।''
''ਇਸ ਦਾ ਮਤਲਬ ਹੈ ਕਿ ਚੰਗੀ ਨੀਂਦ ਲੈਣ ਵਾਲਾ ਵਿਅਕਤੀ ਦਿਨ ਦੇ ਸੋਲ੍ਹਾਂ ਘੰਟੇ ਜਾਗ ਕੇ ਅਤੇ ਸੁਚੇਤ ਰਹਿ ਕੇ ਦੁਨੀਆ ਨਾਲ ਸਰਗਰਮੀ ਨਾਲ ਜੁੜਿਆ ਰਹਿ ਸਕਦਾ ਹੈ।"
ਉਹ ਦੱਸਦੇ ਹਨ ਕਿ ਨੀਂਦ ਦੌਰਾਨ ਸਰੀਰ ਵਿੱਚ ਕਈ ਮਹੱਤਵਪੂਰਨ ਪ੍ਰਕਿਰਿਆਵਾਂ ਹੁੰਦੀਆਂ ਹਨ, "ਜਿਵੇਂ ਕਿ ਬਲੱਡ ਪ੍ਰੈਸ਼ਰ ਦਾ ਨਿਯੰਤਰਣ, ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ, ਚਰਬੀ (ਫੈਟ) ਦੇ ਇਕੱਠੇ ਹੋਣ ਦੀ ਪ੍ਰਕਿਰਿਆ ਨੂੰ ਸੰਤੁਲਿਤ ਰੱਖਣਾ, ਯਾਦਦਾਸ਼ਤ ਨੂੰ ਮਜ਼ਬੂਤ ਕਰਨਾ, ਭਾਵਨਾਵਾਂ ਨੂੰ ਸਥਿਰ ਕਰਨਾ ਅਤੇ ਨੀਂਦ ਦੌਰਾਨ ਹੀ ਸਰਗਰਮ ਰਹਿਣ ਵਾਲੀ ਗਲਿਮਫੈਟਿਕ ਪ੍ਰਣਾਲੀ ਰਾਹੀਂ ਦਿਮਾਗ ਵਿੱਚ ਮੌਜੂਦ ਸੰਭਾਵਿਤ ਹਾਨੀਕਾਰਕ ਪ੍ਰੋਟੀਨਾਂ ਦੀ ਸਫ਼ਾਈ ਹੁੰਦੀ ਹੈ।
ਇਸ ਲਈ ਜਿਨ੍ਹਾਂ ਲੋਕਾਂ ਨੂੰ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ ਅਤੇ ਨਾਲ ਹੀ ਜਿਨ੍ਹਾਂ ਨੂੰ ਦਿਨ ਭਰ ਨੀਂਦ ਆਉਂਦੀ ਰਹਿੰਦੀ ਹੈ, ਉਨ੍ਹਾਂ ਵਿੱਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਵਰਗੀਆਂ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਪਾਈਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਟਰੋਕ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੀ ਵੱਧ ਹੁੰਦਾ ਹੈ।"
ਚੰਗੀ ਨੀਂਦ ਲਈ ਜ਼ਰੂਰੀ ਆਦਤਾਂ (ਸਲੀਪ ਹਾਈਜੀਨ)
- ਹਰ ਰੋਜ਼ ਸੌਣ ਅਤੇ ਉੱਠਣ ਦਾ ਸਮਾਂ ਨਿਸ਼ਚਿਤ ਰੱਖੋ
- ਸਵੇਰੇ ਕਸਰਤ ਕਰੋ
- ਸਵੇਰ ਦੀ ਧੁੱਪ ਵਿੱਚ ਕੁਝ ਸਮਾਂ ਬਿਤਾਓ
- ਦੁਪਹਿਰ 3 ਵਜੇ ਤੋਂ ਬਾਅਦ ਕੈਫੀਨ ਅਤੇ ਸ਼ਰਾਬ ਤੋਂ ਪਰਹੇਜ਼ ਕਰੋ
- ਸੌਣ ਤੋਂ ਪਹਿਲਾਂ ਕੋਸੇ ਪਾਣੀ ਨਾਲ ਇਸ਼ਨਾਨ ਕਰੋ
- ਸ਼ਾਮ ਨੂੰ ਜਲਦੀ ਖਾਣਾ ਖਾਓ
- ਸੌਣ ਤੋਂ ਪਹਿਲਾਂ ਸ਼ਾਂਤ ਮਾਹੌਲ ਬਣਾਓ
- ਸਕ੍ਰੀਨ ਬੰਦ ਕਰੋ ਅਤੇ ਕਮਰੇ ਦੀ ਰੌਸ਼ਨੀ ਘੱਟ ਰੱਖੋ
ਜੇ ਜੀਵਨਸ਼ੈਲੀ ਵਿੱਚ ਕੋਈ ਵੀ ਮਹੱਤਵਪੂਰਨ ਬਦਲਾਅ ਕਰਨਾ ਹੋਵੇ, ਖੁਰਾਕ ਵਿੱਚ ਤਬਦੀਲੀ ਕਰਨੀ ਹੋਵੇ, ਦਵਾਈਆਂ ਲੈਣੀਆਂ ਹੋਣ ਜਾਂ ਸਰੀਰਕ ਕਸਰਤ ਸ਼ੁਰੂ ਕਰਨੀ ਹੋਵੇ, ਤਾਂ ਡਾਕਟਰ ਅਤੇ ਯੋਗ ਸਿਖਲਾਈ ਪ੍ਰਾਪਤ ਮਾਹਿਰਾਂ ਦੀ ਮਦਦ ਲੈਣੀ ਜ਼ਰੂਰੀ ਹੈ।
ਆਪਣੇ ਸਰੀਰ ਅਤੇ ਲੱਛਣਾਂ ਦੀ ਸਹੀ ਜਾਂਚ ਡਾਕਟਰ ਤੋਂ ਕਰਵਾ ਕੇ, ਉਨ੍ਹਾਂ ਦੀ ਸਲਾਹ ਅਨੁਸਾਰ ਹੀ ਜੀਵਨਸ਼ੈਲੀ ਵਿੱਚ ਬਦਲਾਅ ਕਰਨਾ ਉਚਿਤ ਹੁੰਦਾ ਹੈ। ਡਾਕਟਰ ਨਾਲ ਸਲਾਹ ਕੀਤੇ ਬਿਨਾਂ ਆਪਣੇ ਆਪ ਇਲਾਜ ਕਰਨਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ