40 ਸਾਲ ਦੀ ਉਮਰ ਟੱਪਣ ਤੋਂ ਬਾਅਦ ਮਰਦਾਂ ਲਈ ਸੈਕਸ ਹਾਰਮੋਨ ਦੇ ਪੱਧਰ ਸਣੇ ਹੋਰ ਕਿਹੜੇ ਮੈਡੀਕਲ ਟੈਸਟ ਕਰਵਾਉਣੇ ਜ਼ਰੂਰੀ ਮੰਨੇ ਜਾਂਦੇ ਹਨ?

    • ਲੇਖਕ, ਓਮਕਾਰ ਕਰੰਬੇਲਕਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

45 ਸਾਲਾ ਜੈ ਪਾਰੇਖ ਸਿਹਤ ਖੇਤਰ 'ਚ ਕੰਮ ਕਰਨ ਵਾਲੇ ਇੱਕ ਪੇਸ਼ੇਵਰ ਹਨ। ਉਹ ਮਰੀਜ਼ਾਂ ਨੂੰ ਨਿਯਮਿਤ ਜਾਂਚ, ਜਲਦੀ ਇਲਾਜ ਅਤੇ ਰੋਕਥਾਮ ਵਾਲੀ ਸਿਹਤ ਸੰਭਾਲ ਦੀ ਮਹੱਤਤਾ ਬਾਰੇ ਲਗਾਤਾਰ ਸਲਾਹ ਮਸ਼ਵਰਾ ਪ੍ਰਦਾਨ ਕਰਦੇ ਸਨ।

ਪਰ ਉਨ੍ਹਾਂ ਨੇ ਆਪਣੀ ਹੀ ਸਿਹਤ ਨੂੰ ਅਣਦੇਖਿਆ ਕੀਤਾ। ਕੰਮ ਦੇ ਤਣਾਅ, ਯਾਤਰਾ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਕਾਰਨ ਉਨ੍ਹਾਂ ਨੇ ਆਪਣੀ ਸਿਹਤ ਜਾਂਚ ਵੱਲ ਧਿਆਨ ਨਾ ਦਿੱਤਾ। ਮੁੰਬਈ ਦੇ ਰਹਿਣ ਵਾਲੇ ਜੈ ਸਰੀਰ 'ਚ ਕਿਸੇ ਵੀ ਬਿਮਾਰੀ ਦੇ ਲੱਛਣ ਵੀ ਪ੍ਰਗਟ ਨਹੀਂ ਹੋਏ ਸਨ।ਨਾ ਛਾਤੀ 'ਚ ਦਰਦ, ਨਾ ਸਾਹ ਚੜਨਾ ਅਤੇ ਨਾ ਹੀ ਥਕਾਵਟ।

ਪਰ ਉਨ੍ਹਾਂ ਦੀ ਬਿਮਾਰੀ ਦਾ ਪਤਾ ਬਹੁਤ ਹੀ ਨਾਟਕੀ ਢੰਗ ਅਤੇ ਅਚਾਨਕ ਲੱਗਿਆ। ਖੂਨ ਦਾ ਨਮੂਨਾ ਲੈਣ ਦੀ ਸਿਖਲਾਈ ਦੌਰਾਨ ਉਨ੍ਹਾਂ ਨੇ ਆਪਣੇ ਖੂਨ ਦਾ ਨਮੂਨਾ ਦਿੱਤਾ। ਉਸ ਸਮੇਂ ਐਚਬੀ ਏ1ਸੀ ਜਾਂਚ 'ਚ ਉਨ੍ਹਾਂ ਦੀ ਸ਼ੂਗਰ ਦਾ ਪੱਧਰ 8.8 ਆਇਆ। ਇਹ ਪੱਧਰ ਬੇਕਾਬੂ ਅਤੇ ਬੇਹਿਸਾਬੀ ਸ਼ੂਗਰ ਵੱਲ ਸੰਕੇਤ ਕਰਦਾ ਹੈ।

ਇਸ ਤੋਂ ਬਾਅਦ ਹੀ ਉਨ੍ਹਾਂ ਨੇ ਪੂਰੀ ਸਰੀਰਕ ਜਾਂਚ ਕਰਵਾਈ ਅਤੇ ਇਸ ਜਾਂਚ 'ਚ ਉਨ੍ਹਾਂ ਦਾ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡਜ਼ ਦਾ ਪੱਧਰ ਵੀ ਬਹੁਤ ਜ਼ਿਆਦਾ ਆਇਆ। ਜਦੋਂ ਸੀਟੀ ਸਕੈਨ ਕੀਤਾ ਗਿਆ ਤਾਂ ਦਿਲ ਦੀਆਂ ਖੂਨ ਦੀਆਂ ਨਾੜੀਆਂ 'ਚ ਵੱਡੇ ਪੱਧਰ 'ਤੇ ਪਲੇਕ ਦੀ ਪਰਤ ਵੇਖੀ ਗਈ, ਜਦੋਂ ਕਿ ਐਂਜੀਓਗ੍ਰਾਫੀ 'ਚ ਦੋ ਵੱਡੇ ਬਲੋਕੇਜ ਲਗਭਗ 90% ਤੱਕ ਪਾਏ ਗਏ।

ਤੁਰੰਤ ਉਪਾਅ ਵਜੋਂ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ। ਚਿੰਤਾ ਦੀ ਗੱਲ ਇਹ ਸੀ ਕਿ ਇਹ ਗੰਭੀਰ ਸਥਿਤੀ ਬਿਨਾਂ ਕਿਸੇ ਲੱਛਣ ਦੇ ਹੌਲੀ-ਹੌਲੀ ਲਗਾਤਾਰ ਵੱਧ ਰਹੀ ਸੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਈ ਬਿਮਾਰੀਆਂ ਬਿਨਾਂ ਕਿਸੇ ਸਪੱਸ਼ਟ ਸੰਕੇਤ ਦੇ ਸਰੀਰ 'ਚ ਵੱਧਦੀਆਂ ਰਹਿੰਦੀਆਂ ਹਨ ਅਤੇ ਸਾਨੂੰ ਕੰਨੋ-ਕੰਨ ਖ਼ਬਰ ਵੀ ਨਹੀਂ ਹੁੰਦੀ।

ਜੈ ਦੀ ਮਿਸਾਲ ਤੋਂ ਇਹ ਸਮਝ ਆਉਂਦਾ ਹੈ ਕਿ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ , ਵਿਸ਼ੇਸ਼ ਤੌਰ 'ਤੇ ਉੱਚ ਜੋਖ਼ਮ ਵਾਲੇ ਲੋਕਾਂ ਲਈ ਨਿਯਮਤ ਸਿਹਤ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਕਿਉਂਕਿ ਕਈ ਵਾਰ ਕੋਈ ਵੱਡਾ ਖ਼ਤਰਾ ਬਿਨਾਂ ਕਿਸੇ ਚੇਤਾਵਨੀ ਦੇ ਹੀ ਸਾਹਮਣੇ ਆ ਸਕਦਾ ਹੈ।

ਜੈ ਪਾਰੇਖ ਦਾ ਇਲਾਜ ਕਰਨ ਵਾਲੀ ਡਾ. ਪੱਲਵੀ ਮਾਗਰੇ, ਜੋ ਕਿ ਮੁਬੰਈ ਦੇ ਐਨ ਐਮ ਮੈਡੀਕਲ ਸੈਂਟਰ 'ਚ ਆਪਣੀਆਂ ਡਾਕਟਰੀ ਸੇਵਾਵਾਂ ਦੇ ਰਹੇ ਹਨ, ਨੇ ਬੀਬੀਸੀ ਨੂੰ ਇਸ ਸਬੰਧੀ ਹੋਰ ਜਾਣਕਾਰੀ ਵੀ ਦਿੱਤੀ।

ਡਾਕਟਰ ਪੱਲਵੀ ਨੇ ਦੱਸਿਆ, " ਜਦੋਂ ਜੈ ਪਾਰੇਖ ਸੀਟੀ ਕੋਰੋਨਰੀ ਐਂਜੀਓਗ੍ਰਾਫੀ ਲਈ ਆਏ ਸਨ, ਉਸ ਸਮੇਂ ਉਨ੍ਹਾਂ ਦਾ ਕੈਲਸ਼ੀਅਮ ਸਕੋਰ 571.8 ਸੀ। ਜੋ ਕਿ ਬਹੁਤ ਖ਼ਤਰਨਾਕ ਹੈ। ਇਸ ਤੋਂ ਬਾਅਦ ਦਿਲ ਦੀ ਐਂਟੀਰੀਅਰ ਡਿਸੈਂਡਿੰਗ ਆਰਟਰੀ 90 ਪ੍ਰਤੀਸ਼ਤ ਤੱਕ ਸੁੰਘੜੀ ਵੇਖੀ ਗਈ। ਇਸ ਦੇ ਨਾਲ ਹੀ ਓਐਮ2 ਧਮਣੀ 'ਚ ਵੀ ਸੁੰਘੜਨ ਦੀ ਸਥਿਤੀ ਵੇਖੀ ਗਈ। ਮਹਿਜ਼ 44 ਸਾਲ ਦੀ ਉਮਰ 'ਚ ਇੰਨਾ ਜ਼ਿਆਦਾ ਸੁੰਘੜਿਆਪਣ ਹੈਰਾਨ ਕਰਨ ਵਾਲੀ ਸਥਿਤੀ ਹੈ। ਇੱਕ ਉੱਚ ਅਹੁਦੇ 'ਤੇ ਕੰਮ ਕਰਨ ਵਾਾਲੇ, ਪੜ੍ਹੇ ਲਿਖੇ ਵਿਅਕਤੀ 'ਚ ਅਜਿਹੀ ਗੰਭੀਰ ਬਿਮਾਰੀ ਦਾ ਉਜਾਗਰ ਹੋਣਾ ਇਹ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਦੀ ਸਾਵਧਾਨੀ ਵਰਤਣ ਦੀ ਲੋੜ ਹੈ।"

ਜੀਵਨ ਸ਼ੈਲੀ, ਖੁਰਾਕ ਪ੍ਰਤੀ ਜਾਗਰੂਕਤਾ ਅਤੇ ਕਸਰਤ ਦਾ ਬਹੁਤ ਮਹੱਤਵ ਹੈ। ਡਾ. ਪੱਲਵੀ ਦਾ ਕਹਿਣਾ ਹੈ ਕਿ ਘਰ ਦੇ ਖਾਣੇ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਅਤੇ ਬਾਹਰ ਦੇ ਖਾਣੇ ਤੋਂ ਜਿੰਨਾ ਹੋ ਸਕੇ ਪਰਹੇਜ ਕਰਨਾ ਚਹੀਦਾ ਹੈ। ਇਸ ਦੇ ਨਾਲ ਹੀ ਨਿਯਮਤ ਕਸਰਤ ਅਤੇ ਆਪਣੇ ਭਾਰ 'ਤੇ ਕਾਬੂ ਪਾਉਣਾ ਚਾਹੀਦਾ ਹੈ। ਇਹ ਸਭ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਪੈਸਾ ਕਮਾਉਣ ਲਈ ਕੀਤੀ ਜਾਣ ਵਾਲੀ ਮਿਹਨਤ ਜ਼ਰੂਰੀ ਹੈ।

ਚਾਲੀ ਦੀ ਉਮਰ 'ਚ ਦਾਖ਼ਲ ਹੋਣਾ ਸਿਰਫ 40 ਦਾ ਅੰਕੜਾ ਪਾਰ ਕਰਨਾ ਹੀ ਨਹੀਂ ਹੁੰਦਾ, ਸਗੋਂ ਇਸੇ ਸਮੇਂ ਇੱਕ ਆਦਮੀ ਦੀਆਂ ਆਦਤਾਂ ਜਿਵੇਂ ਉਸ ਦਾ ਖਾਣ-ਪਾਣ, ਕਸਰਤ , ਜੀਵਨਸ਼ੈਲੀ ਆਦਿ ਦਾ ਉਸ ਦੇ ਸਰੀਰ 'ਤੇ ਅਸਰ ਵਿਖਾਈ ਦੇਣ ਲੱਗ ਜਾਂਦਾ ਹੈ। ਹਾਈਪਰਟੈਂਸ਼ਨ, ਸ਼ੂਗਰ, ਉੱਚ ਕੋਲੈਸਟਰੋਲ ਜਾਂ ਕਾਇਡੋਵਸਕੁਲਰ ਵਰਗੀਆਂ ਬਿਮਾਰੀਆਂ ਦੇ ਲੱਛਣ ਵੀ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਹਨ।

ਪਹਿਲਾਂ ਤਾਂ ਇਹ ਬਿਮਾਰੀਆਂ 50-60 ਸਾਲ ਦੀ ਉਮਰ ਪਾਰ ਕਰ ਚੁੱਕੇ ਲੋਕਾਂ 'ਚ ਹੀ ਵੇਖੀਆ ਜਾਂਦੀਆਂ ਸਨ। ਪਰ ਹੁਣ ਪਿਛਲੇ ਦੋ ਦਹਾਕਿਆਂ 'ਚ ਇਹ ਸਥਿਤੀ 35 ਤੋਂ 40 ਸਾਲ ਦੀ ਉਮਰ ਦੇ ਲੋਕਾਂ 'ਚ ਵਿਖਈ ਦੇਣ ਲੱਗ ਪਈ ਹੈ।

ਇਸ ਪੜਾਅ 'ਤੇ ਹੀ ਜੇਕਰ ਸਰੀਰਕ ਜਾਂਚ ਕਰਵਾ ਲਈ ਜਾਵੇ ਤਾਂ ਕਈ ਸੰਭਾਵੀ ਸਿਹਤ ਸੰਕਟ ਟਾਲੇ ਜਾ ਸਕਦੇ ਹਨ। ' ਮੈਂ ਫਿੱਟ ਹਾਂ' , 'ਮੈਂ ਫਿੱਟ ਦਿਖਦਾ ਹਾਂ' ਅਜਿਹੀ ਧਾਰਨਾ ਜ਼ਿਆਦਾਤਰ ਮਰਦਾਂ 'ਚ ਆਮ ਹੀ ਵਿਖਾਈ ਦਿੰਦੀ ਹੈ। ਪਰ ਇਹ ਧਾਰਨਾ ਸਹੀ ਹੈ ਜਾਂ ਨਹੀਂ, ਇਹ ਸਿਰਫ ਸਰੀਰਕ ਜਾਂਚਾਂ ਤੋਂ ਹੀ ਸਿੱਧ ਹੋ ਸਕਦਾ ਹੈ।

ਮਾਹਰਾਂ ਦੇ ਅਨੁਸਾਰ, ਸਮੇਂ ਸਿਰ ਜਾਂਚ ਕਰਵਾਉਣ ਨਾਲ ਇਸ ਤਰ੍ਹਾਂ ਦੀਆਂ ਕਈ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ 'ਤੇ ਹੀ ਪਛਾਣਿਆ ਜਾ ਸਕਦਾ ਹੈ ਅਤੇ ਢੁੱਕਵੇਂ ਇਲਾਜ ਅਤੇ ਪਰਹੇਜ ਨਾਲ ਉਨ੍ਹਾਂ 'ਤੇ ਕਾਬੂ ਪਾਉਣਾ ਵੀ ਸੁਖਾਲਾ ਹੋ ਜਾਂਦਾ ਹੈ। ਨਿਯਮਤ ਸਿਹਤ ਜਾਂਚ ਨਾਲ ਸਿਰਫ ਬਿਮਾਰੀਆਂ ਦੀ ਹੀ ਪਛਾਣ ਨਹੀਂ ਹੁੰਦੀ ਸਗੋਂ ਜੀਵਨ ਸ਼ੈਲੀ ਨੂੰ ਸੁਧਾਰਨ ਦਾ ਮੌਕਾ ਵੀ ਮਿਲਦਾ ਹੈ।

ਇਸ ਲਈ ਮਰਦਾਂ ਨੂੰ 40 ਦੀ ਉਮਰ ਤੋਂ ਬਾਅਦ ਕੁਝ ਮਹੱਤਵਪੂਰਨ ਡਾਕਟਰੀ ਜਾਂਚਾਂ ਨੂੰ ਨਜ਼ਰਅੰਦਾਜ ਕੀਤੇ ਬਿਨਾਂ ਨਿਯਮਤ ਤੌਰ 'ਤੇ ਕਰਵਾਉਣਾ ਲਾਜ਼ਮੀ ਹੈ। ਇਹ ਸਾਵਧਾਨੀ ਭਵਿੱਖ 'ਚ ਸਿਹਤਮੰਦ ਅਤੇ ਸਰਗਰਮ ਜੀਵਨ ਨੂੰ ਕਾਇਮ ਰੱਖਣ ਦੀ ਕੁੰਜੀ ਸਾਬਤ ਹੋ ਸਕਦੀ ਹੈ।

ਜਾਂਚ ਕਿਉਂ ਜ਼ਰੂਰੀ?

ਮਾਹਰ 40 ਸਾਲ ਦੀ ਉਮਰ ਤੋਂ ਬਾਅਦ ਕੁਝ ਨਿਯਮਤ ਡਾਕਟਰੀ ਜਾਚਾਂ ਕਰਵਾਉਣ 'ਤੇ ਵਿਸ਼ੇਸ਼ ਜ਼ੋਰ ਦਿੰਦੇ ਹਨ। ਸਭ ਤੋਂ ਪਹਿਲਾਂ ਬਲੱਡ ਪ੍ਰੈਸ਼ਰ ਦੀ ਜਾਂਚ ਮਹੱਤਵਪੂਰਨ ਮੰਨੀ ਜਾਂਦੀ ਹੈ, ਕਿਉਂਕਿ ਹਾਈ ਬਲੱਡ ਪ੍ਰੈਸ਼ਰ ਦਾ ਕੋਈ ਸਪੱਸ਼ਟ ਸੰਕੇਤ ਪਹਿਲਾਂ ਨਹੀਂ ਮਿਲਦਾ ਹੈ। ਇਸ ਦੇ ਨਾਲ ਹੀ ਖਾਲੀ ਪੇਟ ਅਤੇ ਰੋਟੀ ਖਾਣ ਤੋਂ ਬਾਅਦ ਬਲੱਡ ਸ਼ੂਗਰ ਦੀ ਜਾਂਚ ਡਾਇਬਟੀਜ਼ ਦੇ ਖ਼ਤਰੇ ਦੀ ਪਛਾਣ ਕਰਨ ਲਈ ਜ਼ਰੂਰੀ ਹੁੰਦੀ ਹੈ।

ਕੋਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਦਾ ਪੱਧਰ ਵੇਖਣ ਲਈ ਲਿਪਿਡ ਪ੍ਰੋਫਾਈਲ ਦੀ ਜਾਂਚ ਸਾਲ 'ਚ ਇੱਕ ਵਾਰ ਕਰਵਾਉਣੀ ਲਾਭਦਾਇਕ ਹੁੰਦੀ ਹੈ।

ਦਿਲ ਦੀ ਬਿਮਾਰੀ ਦੇ ਜੋਖ਼ਮ ਨੂੰ ਭਾਂਪਣ ਲਈ ਸਟ੍ਰੈਸ ਟੈਸਟ ਅਤੇ 2ਡੀ ਇਕੋਕਾਰਡੀਓਗ੍ਰਾਫੀ ਜਾਂਚ ਵੀ ਉਪਯੋਗੀ ਹੁੰਦੀ ਹੈ। ਇਸ ਤੋਂ ਇਲਾਵਾ ਗੁਰਦੇ ਦੇ ਕੰਮਕਾਜ ਦਾ ਮੁਲਾਂਕਣ ਕਰਨ ਲਈ ਸੀਰਮ ਕ੍ਰੀਏਟੀਨਾਈਨ ਟੈਸਟ ਅਤੇ ਇਸ ਦੇ ਨਾਲ ਹੀ ਜਿਗਰ ਅਤੇ ਪ੍ਰੋਸਟੈਟ ਦਾ ਅਲਟਰਾਸਾਊਂਡ ਸਕੈਨ , ਸ਼ੁਰੂਆਤੀ ਬਦਲਾਵਾਂ ਦੀ ਪਛਾਣ ਕਰਨ 'ਚ ਮਦਦ ਕਰਦੇ ਹਨ।

40 ਸਾਲ ਦੀ ਉਮਰ ਤੋਂ ਬਾਅਦ ਪ੍ਰੋਸਟੈਟ ਸੰਬੰਧੀ ਦਿੱਕਤਾਂ ਬਾਰੇ ਪਤਾ ਲਗਾਉਣ ਲਈ ਪੀਐਸਏ ਟੈਸਟ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਸਿਰਫ਼ ਸਰੀਰ ਦੇ ਭਾਰ 'ਤੇ ਨਿਰਭਰ ਨਾ ਰਹਿ ਕੇ ਲੱਕ ਦੇ ਘੇਰੇ ਅਤੇ ਸਰੀਰ 'ਚ ਚਰਬੀ ਦੀ ਮਾਤਰਾ ਨੂੰ ਧਿਆਨ 'ਚ ਰੱਖਣਾ ਵੀ ਜ਼ਰੂਰੀ ਹੁੰਦਾ ਹੈ, ਕਿਉਂਕਿ ਪੇਟ ਦੇ ਨੇੜੇ ਵਧੀ ਹੋਈ ਜਾਂ ਇੱਕਠੀ ਹੋਈ ਵਾਧੂ ਚਰਬੀ ਸ਼ੂਗਰ, ਦਿਲ ਦੀ ਬਿਮਾਰੀ ਅਤੇ ਹੋਰ ਬਿਮਾਰੀਆਂ ਨੂੰ ਸੱਦਾ ਦੇ ਸਕਦੀ ਹੈ।

ਇਸ ਲਈ ਨਿਯਮਤ ਜਾਂਚ ਅਤੇ ਜੀਵਨ ਸ਼ੈਲੀ 'ਚ ਬਦਲਾਵ ਇੱਕ ਚੰਗੀ ਸਿਹਤ ਕਾਇਮ ਰੱਖਣ ਲਈ ਮਹੱਤਵਪੂਰਨ ਹੋ ਸਕਦੇ ਹਨ।

ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਇੰਟਰਨਲ ਮੈਡੀਸਨ ਅਤੇ ਐਗਜ਼ੀਕਿਊਟਿਵ ਹੈਲਥ ਚੈੱਕਅਪ ਵਿਭਾਗ ਦੇ ਸਲਹਕਾਰ ਡਾ. ਸੰਦੀਪ ਦੋਸ਼ੀ ਨੇ ਇਸ ਵਿਸ਼ੇ ਦੇ ਬਾਰੇ 'ਚ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ, "ਤੰਦਰੁਸਤ ਮਹਿਸੂਸ ਕਰਨਾ ਅਤੇ ਅਸਲ 'ਚ ਤੰਦਰੁਸਤ ਹੋਣਾ ਦੋ ਵੱਖ-ਵੱਖ ਗੱਲਾਂ ਹੋ ਸਕਦੀਆਂ ਹਨ। 40 ਸਾਲ ਦੀ ਉਮਰ ਤੋਂ ਬਾਅਦ ਹਰ ਆਦਮੀ ਨੂੰ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਐਲਐਫਟੀ, ਕੇਐਫਟੀ ਵਰਗੇ ਬੁਨਿਆਦੀ ਟੈਸਟ ਕਰਵਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਯੂਰਿਕ ਐਸਿਡ ਅਤੇ ਟੈਸਟੋਸਟੀਰੋਨ ਦੇ ਵੀ ਟੈਸਟ ਕਰਵਾਉਣੇ ਚਾਹੀਦੇ ਹਨ।"

"ਦਿਲ (ਹਾਰਟ) ਦੀ ਤੰਦਰੁਸਤ ਕਾਰਜਸ਼ੈਲੀ ਵੇਖਣ ਲਈ ਸਟ੍ਰੈਸ ਟੈਸਟ ਅਤੇ 2ਡੀ ਇਕੋ ਕਰਵਾਉਣਾ ਸਹੀ ਹੋਵੇਗਾ।ਪ੍ਰੋਸਟੇਟ, ਜਿਗਰ ਅਤੇ ਕਿਡਨੀ ਦੇ ਲਈ ਅਲਟਰਾਸਾਊਂਡ ਸਕੈਨ ਕਰਵਾਉਣ ਨਾਲ ਇਹ ਪਤਾ ਲਗਾਉਣ 'ਚ ਮਦਦ ਮਿਲਦੀ ਹੈ ਕਿ ਸਰੀਰ 'ਚ ਕਿਸੇ ਬਿਮਾਰੀ ਦੇ ਲੱਛਣ ਮੌਜੂਦ ਹਨ ਜਾਂ ਨਹੀਂ।"

ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੀ ਜਾਂਚ ਕਿੰਨੇ ਸਮੇਂ ਬਾਅਦ ਮੁੜ ਕਰਵਾਉਣੀ ਚਾਹੀਦੀ ਹੈ?

ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੀ ਜਾਂਚ ਕਿੰਨੇ ਸਮੇਂ ਬਾਅਦ ਮੁੜ ਕਰਵਾਉਣੀ ਚਾਹੀਦੀ ਹੈ?ਇਸ ਸਵਾਲ ਦੇ ਜਵਾਬ 'ਚ ਡਾ. ਦੋਸ਼ੀ ਨੇ ਕਿਹਾ, " 40 ਸਾਲ ਤੋਂ ਵੱਧ ਉਮਰ ਦੇ ਮਰਦਾਂ ਨੂੰ ਹਰ ਤਿੰਨ ਮਹੀਨਿਆਂ 'ਚ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਬਲੱਡ ਸ਼ੂਗਰ ਅਤੇ ਐਲਐਫਟੀ ਦੀ ਜਾਂਚ ਸਾਲ 'ਚ ਇੱਕ ਵਾਰ ਕਰਵਾਉਣੀ ਚਾਹੀਦੀ ਹੈ। ਕੋਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਦਾ ਪੱਧਰ ਜਾਣਨ ਨਾਲ ਜੀਵਨ ਸ਼ੈਲੀ 'ਚ ਬਦਲਾਅ ਕਰਨ ਅਤੇ ਦਿਲ ਨੂੰ ਹੋਣ ਵਾਲੇ ਸੰਭਾਵੀ ਖਤਰੇ ਨੂੰ ਟਾਲਣ ਲਈ ਕਾਫ਼ੀ ਸਮਾਂ ਮਿਲ ਜਾਂਦਾ ਹੈ।"

ਇਨ੍ਹਾਂ ਸਾਰੇ ਟੈਸਟਾਂ ਦੇ ਨਾਲ ਇੱਕ ਹੋਰ ਮਹੱਤਵਪੂਰਨ ਜਾਂਚ ਹੈ- ਟੈਸਟੋਸਟੀਰੋਨ। 40 ਸਾਲ ਦੀ ਉਮਰ ਤੋਂ ਬਾਅਦ ਟੈਸਟੋਸਟੀਰੋਨ ਦਾ ਪੱਧਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਉਮਰ ਦਾ ਵਧਣਾ, ਤਣਾਅ, ਭਾਰ ਵੱਧਣਾ, ਮੈਟਾਬੋਲਿਜ਼ਮ 'ਚ ਬਦਲਾਅ ਹੋਣ ਦੇ ਕਾਰਨ ਜੇਕਰ ਲਗਾਤਾਰ ਥਕਾਵਟ, ਮਾਸਪੇਸ਼ੀਆਂ ਦੇ ਆਕਾਰ 'ਚ ਕਮੀ, ਸੈਕਸ ਡ੍ਰਾਈਵ 'ਚ ਕਮੀ, ਲਿੰਗ ਸ਼ਕਤੀ 'ਚ ਕਮੀ, ਸਟੈਮਿਨਾ ਘੱਟ ਹੋਣਾ, ਮੂਡ ਸਵਿੰਗ ਹੋਣ ਵਰਗੇ ਲੱਛਣ ਵਿਖਾਈ ਦੇਣ ਤਾਂ ਟੈਸਟੋਸਟੀਰੋਨ ਦੇ ਪੱਧਰ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ।

ਜੇਕਰ ਇਹ ਪੱਧਰ ਤੈਅ ਸੰਖਿਆ ਤੋਂ ਘੱਟ ਹੋਵੇ ਤਾਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਲੋਕ ਸਿਰਫ ਭਾਰ ਨੂੰ ਹੀ ਇਕੋ ਇੱਕ ਮਾਪਦੰਡ ਮੰਨਦੇ ਹਨ, ਪਰ ਭਾਰ ਦੇ ਅੰਕੜੇ ਸਰੀਰ ਦੀ ਮੁਕੰਮਲ ਸਥਿਤੀ ਨੂੰ ਪ੍ਰਗਟ ਨਹੀਂ ਕਰਦੇ ਹਨ। ਪੇਟ ਦੇ ਆਸ-ਪਾਸ ਦੀ ਚਰਬੀ, ਕਮਰ ਦਾ ਘੇਰਾ ਵੇਖਣ ਨਾਲ ਮੈਟਾਬੋਲਿਜ਼ਮ ਦੀ ਸਥਿਤੀ ਬਾਰੇ ਪਤਾ ਲੱਗਦਾ ਹੈ।

ਭਾਰ ਦੇ ਨਾਲ-ਨਾਲ ਇਨ੍ਹਾਂ ਸਾਰੇ ਬਦਲਾਵਾਂ ਦਾ ਇਨਸੁਲਿਨ ਰੇਜਿਸਟੈਂਸ, ਟਾਈਪ 2 ਸ਼ੂਗਰ, ਫੈਟੀ ਲੀਵਰ, ਕਿਡਨੀ ਦੀ ਬਿਮਾਰੀ ਦਿਲ ਦੀ ਬਿਮਾਰੀ ਅਤੇ ਨਿਊਰੋਪੈਥੀ ਨਾਲ ਡੂੰਘਾ ਸਬੰਧ ਹੁੰਦਾ ਹੈ। ਸਰੀਰ 'ਚ ਚਰਬੀ ਦੀ ਪ੍ਰਤੀਸ਼ਤਤਾ ਅਤੇ ਵਿਸ਼ੇਸ਼ ਕਰਕੇ ਮੋਟਾਪੇ 'ਤੇ ਧਿਆਨ ਦੇਣਾ ਭਵਿੱਖ ਦੀਆਂ ਸੰਭਾਵੀ ਸਿਹਤ ਸਮੱਸਿਆਵਾਂ ਦਾ ਸੰਕੇਤ ਦੇ ਸਕਦਾ ਹੈ।

ਡਾ. ਦੋਸ਼ੀ ਦੱਸਦੇ ਹਨ ਕਿ 40 ਸਾਲ ਦੀ ਉਮਰ ਤੋਂ ਬਾਅਦ ਕੈਂਸਰ ਨਾਲ ਸਬੰਧਿਤ ਸਕ੍ਰੀਨਿੰਗ ਵੀ ਮੈਡੀਕਲ ਤੌਰ 'ਤੇ ਵਧੇਰੇ ਖਾਸ ਹੋ ਜਾਂਦੀ ਹੈ। ਪੀਐਸਏ, ਸੀਈਏ, ਸੀਏ 19-9 ਅਤੇ ਅਲਫਾ- ਫੀਟੋਪ੍ਰੋਟੀਨ ਵਰਗੇ ਬਲੱਡ ਟੈਸਟ ਇਹ ਜਾਣਨ 'ਚ ਮਦਦ ਕਰਦੇ ਹਨ ਕਿ ਅੱਗੇ ਦੀ ਜਾਂਚ ਦੀ ਜ਼ਰੂਰਤ ਕਿਸ ਨੂੰ ਹੈ।

45 ਸਾਲ ਦੀ ਉਮਰ ਤੋਂ ਬਾਅਦ ਕੋਲੋਨੋਸਕੋਪੀ ਮਰਦਾਂ ਲਈ ਇੱਕ ਮਹੱਤਵਪੂਰਨ ਟੈਸਟ ਮੰਨਿਆ ਜਾਂਦਾ ਹੈ, ਕਿਉਂਕਿ ਇਸ ਨਾਲ ਵੱਡੀ ਅੰਤੜੀ ਦੇ ਪੋਲੀਪਸ ਅਤੇ ਕੋਲੋਰੇਕਟਲ ਕੈਂਸਰ ਨੂੰ ਸ਼ੁਰੂਆਤੀ ਪੜਾਅ 'ਤੇ ਹੀ ਫੜਿਆ ਜਾ ਸਕਦਾ ਹੈ।

ਸਿਗਰਟਨੋਸ਼ੀ ਕਰਨ ਵਾਲੇ ਜਾਂ ਉੱਚ ਜੋਖਮ ਵਾਲੇ ਵਿਅਕਤੀਆਂ ਨੂੰ ਫੇਫੜਿਆਂ ਦੇ ਉੱਚ-ਰੈਜ਼ੋਲਿਊਸ਼ਨ ਸੀਟੀ ਸਕੈਨ ਦੇ ਬਾਰੇ 'ਚ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਸਹੀ ਰਹਿੰਦਾ ਹੈ।

ਪ੍ਰੋਸਟੇਟ ਕੈਂਸਰ ਦੇ ਜੋਖ਼ਮ ਨੂੰ ਵੇਖਦੇ ਹੋਏ ਡਾ. ਸੌਰਭ ਪਾਟਿਲ ਵਿਸ਼ੇਸ਼ ਸਲਾਹ ਦਿੰਦੇ ਹਨ। ਉਹ ਮੁਲੁੰਡ ਸਥਿਤ ਯੂਰੋਲੋਜੀ ਅਤੇ ਯੂਰੋ-ਆਨਕੋਲੋਜੀ ਵਿਭਾਗ 'ਚ ਸੀਨੀਅਰ ਕੰਸਲਟੈਂਟ ਹਨ। ਉਹ ਦੱਸਦੇ ਹਨ ਕਿ ਪ੍ਰੋਸਟੇਟ ਨਾਲ ਸਬੰਧਤ ਆਮ ਸਮੱਸਿਆਵਾਂ ਆਮ ਤੌਰ 'ਤੇ 50-55 ਸਾਲ ਦੀ ਉਮਰ ਤੋਂ ਬਾਅਦ ਪ੍ਰਗਟ ਹੁੰਦੀਆਂ ਹਨ, ਜਦਕਿ ਪ੍ਰੋਸਟੇਟ ਕੈਂਸਰ ਦਾ ਪਤਾ ਅਕਸਰ 60-65 ਸਾਲ ਦੀ ਉਮਰ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ।

ਪਰ ਜਿਨ੍ਹਾਂ ਲੋਕਾਂ ਦੇ ਪਰਿਵਾਰ 'ਚ ਪ੍ਰੋਸਟੇਟ ਕੈਂਸਰ ਦਾ ਸਪੱਸ਼ਟ ਇਤਿਹਾਸ ਮੌਜੂਦ ਹੈ ਜਾਂ ਜਿਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਪ੍ਰੋਸਟੇਟ, ਛਾਤੀ ਜਾਂ ਅੰਡਕੋਸ਼ ਦਾ ਕੈਂਸਰ ਹੋਇਆ ਹੈ ਤਾਂ ਉਨ੍ਹਾਂ ਨੂੰ 45 ਸਾਲ ਦੀ ਉਮਰ 'ਚ ਜਾਂ ਇਸ ਤੋਂ ਵੀ ਪਹਿਲਾਂ ਇਸ ਦਾ ਟੈਸਟ ਕਰਵਾਉਣ 'ਤੇ ਵਿਚਾਰ ਕਰਨੀ ਚਾਹੀਦੀ ਹੈ।

ਇਨ੍ਹਾਂ ਟੈਸਟਾਂ 'ਚ ਪੀਐਸਏ ਬਲੱਡ ਟੈਸਟ, ਯੂਰੋਲੋਜਿਸਟ ਨਾਲ ਸਲਾਹ-ਮਸ਼ਵਰਾ ਅਤੇ ਸਰੀਰਕ ਜਾਂਚ ਸ਼ਾਮਲ ਹੁੰਦੀ ਹੈ। ਜਿਨ੍ਹਾਂ ਮਰਦਾਂ ਨੂੰ ਵਾਧੂ ਜੋਖ਼ਮ ਨਹੀਂ ਹੁੰਦਾ ਹੈ, ਉਨ੍ਹਾਂ ਲਈ ਪੀਐਸਏ ਜਾਂਚ ਆਮ ਤੌਰ 'ਤੇ 50-55 ਸਾਲ ਦੀ ਉਮਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਜੇਕਰ ਸ਼ੁਰੂਆਤੀ ਪੀਐਸਏ ਰਿਪੋਰਟ ਨੌਰਮਲ ਹੈ ਤਾਂ ਹਰ 2-3 ਸਾਲਾਂ 'ਚ ਇਸ ਟੈਸਟ ਨੂੰ ਮੁੜ ਕਰਵਾਉਣਾ ਚਾਹੀਦਾ ਹੈ।

ਜੇਕਰ ਕਿਸੇ ਨੇ 40 ਸਾਲ ਦੀ ਉਮਰ ਤੱਕ ਕਦੇ ਵੀ ਪੂਰੇ ਸਰੀਰ ਦੀ ਜਾਂਚ ਨਹੀਂ ਕਰਵਾਈ ਹੈ ਤਾਂ ਕੀ ਕਰਨਾ ਚਾਹੀਦਾ ਹੈ?

40 ਸਾਲ ਦੀ ਉਮਰ ਤੋਂ ਬਾਅਦ ਪ੍ਰੀਵੇਂਟਿਵ ਹੈਲਥ ਚੈਕਅਪ ਦਾ ਮਹੱਤਵ ਵੱਧ ਜਾਂਦਾ ਹੈ, ਕਿਉਂਕਿ ਬੈਠੀ ਰਹਿਣ ਵਾਲੀ ਜੀਵਨ ਸ਼ੈਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਸ਼ੂਗਰ, ਉੱਚ ਕੋਲੈਸਟ੍ਰੋਲ, ਦਿਲ ਦੀ ਬਿਮਾਰੀ, ਮੋਟਾਪਾ ਅਤੇ ਕੁਝ ਕਿਸਮਾਂ ਦੇ ਕੈਂਸਰ ਅਕਸਰ ਇਸੇ ਉਮਰ 'ਚ ਹੀ ਵਿਕਸਤ ਹੁੰਦੇ ਹਨ ਅਤੇ ਕਈ ਵਾਰ ਤਾਂ ਇਨ੍ਹਾਂ ਦੇ ਸਪੱਸ਼ਟ ਲੱਛਣ ਵੀ ਪ੍ਰਗਟ ਨਹੀਂ ਹੁੰਦੇ ਹਨ।

ਸਮੇਂ ਸਿਰ ਜਾਂਚ ਕਰਵਾਉਣ ਨਾਲ ਇਨ੍ਹਾਂ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ 'ਤੇ ਰੋਕਿਆ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਪ੍ਰਭਾਵਸ਼ਾਲੀ ਪ੍ਰਬੰਧਨ, ਨਿਯੰਤਰਣ ਜਾਂ ਇਲਾਜ ਸੰਭਵ ਹੁੰਦਾ ਹੈ।

ਇਸ ਤੋਂ ਇਲਾਵਾ ਇਸ ਉਮਰ 'ਚ ਮਰਦ ਆਪਣੇ ਕੰਮਕਾਜ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਮੱਦੇਨਜ਼ਰ ਆਪਣੇ ਸਰੀਰ ਵੱਲੋਂ ਦਿੱਤੇ ਜਾ ਰਹੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਨਾਲ ਬਿਮਾਰੀ ਵੱਧ ਜਾਂਦੀ ਹੈ।

ਇਸ ਲਈ ਲੱਛਣ ਨਾ ਹੋਣ 'ਤੇ ਵੀ 40 ਸਾਲ ਦੀ ਉਮਰ ਤੋਂ ਹੀ ਮੁੱਢਲੀ ਸਿਹਤ ਜਾਂਚ ਕਰਵਾਉਣਾ ਲਾਜ਼ਮੀ ਹੈ।

ਡਾ. ਸੌਰਭ ਪਾਟਿਲ ਦੱਸਦੇਹਨ, " ਅਜਿਹੀ ਸਥਿਤੀ 'ਚ ਸਭ ਤੋਂ ਪਹਿਲ ਮੁੱਢਲੀ ਸਿਹਤ ਜਾਂਚ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ 'ਚ ਬਲੱਡ ਸ਼ੂਗਰ, ਐਲਐਫਟੀ, ਬਲੱਡ ਪ੍ਰੈਸ਼ਰ, ਕੇਐਫਟੀ, ਲਿਪਿਡ ਪ੍ਰੋਫਾਈਲ ਅਤੇ ਯੂਰਿਨ ਜਾਂਚ ਸ਼ਾਮਲ ਹੋਣੀ ਚਾਹੀਦੀ ਹੈ।"

40 ਸਾਲ ਦੀ ਉਮਰ ਤੋਂ ਬਾਅਦ ਕਿਵੇਂ ਕੀਤੀ ਜਾਵੇ ਅੱਖਾਂ ਦੀ ਦੇਖਭਾਲ?

40 ਸਾਲ ਦੀ ਉਮਰ 'ਚ ਭਾਵੇਂ ਹੀ ਕੋਈ ਲੱਛਣ ਸਾਹਮਣੇ ਨਾ ਆਵੇ ਅਤੇ ਨਜ਼ਰ ਵੀ ਸਹੀ ਹੋਵੇ, ਫਿਰ ਵੀ ਅਮੈਰੀਕਨ ਅਕੈਡਮੀ ਆਫ਼ ਓਫਥਲਮੋਲੋਜੀ ਦੇ ਅਨੁਸਾਰ ਇਸ ਉਮਰ 'ਚ ਇੱਕ ਵਾਰ ਅੱਖਾਂ ਦੀ ਵਿਆਪਕ ਜਾਂਚ ਜ਼ਰੂਰੀ ਹੈ, ਕਿਉਂਕਿ ਗਲੂਕੋਮਾ, ਮੋਤੀਆਬਿੰਦ, ਮੈਕੂਲਰ ਡੀਜੇਨੇਰੇਸ਼ਨ ਅਤੇ ਡਾਇਬੀਟਿਕ ਰੈਟੀਨੋਪੈਥੀ ਦੇ ਸ਼ੁਰੂਆਤੀ ਲੱਛਣ ਇਸੇ ਉਮਰ 'ਚ ਵਿਖਾਈ ਦੇ ਸਕਦੇ ਹਨ। ਡਾ. ਹਿਮਾਸ਼ੂ ਸ਼ੇਖਰ ਏਐਸਜੀ ਆਈ ਹਸਪਤਾਲ ਦੇ ਗਰੁੱਪ ਚੀਫ਼ ਸਟ੍ਰੈਟਜੀ ਅਤੇ ਕਲੀਨਿਕਲ ਅਫ਼ਸਰ ਹਨ। ਉਹ ਦੱਸਦੇ ਹਨ ਕਿ ਅੱਖਾਂ ਦੀ ਜਾਂਚ ਉਮਰ ਅਤੇ ਜੋਖ਼ਮ ਕਾਰਕਾਂ 'ਤੇ ਨਿਰਭਰ ਕਰਦੀ ਹੈ।

ਡਾ. ਸ਼ੇਖਰ ਕਹਿੰਦੇ ਹਨ ਕਿ 40 ਸਾਲ ਦੀ ਉਮਰ ਤੋਂ ਬਾਅਦ ਆਪਣੀ ਜੀਵਨ ਸ਼ੈਲੀ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।ਬਲੱਡ ਪ੍ਰੈਸ਼ਰ 130/80 ਤੋਂ ਘੱਟ ਰੱਖਣਾ ਚਾਹੀਦਾ ਹੈ, ਨਿਯਮਿਤ ਕਸਰਤ ਕਰਨੀ ਚਾਹੀਦੀ ਹੈ, ਯੂਵੀ ਪ੍ਰੋਟੈਕਟਿਵ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਭਾਰ ਕਾਬੂ 'ਚ ਰੱਖਣਾ ਚਾਹੀਦਾ ਹੈ।

ਉਹ ਸਲਾਹ ਦਿੰਦੇ ਹਨ ਹੇਠ ਲਿਖੇ ਵਰਗਾਂ ਨੂੰ ਕਿੰਨੇ ਅੰਤਰਾਲ ਤੋਂ ਬਾਅਦ ਸਿਹਤ ਜਾਂਚ ਕਰਵਾ ਲੈਣੀ ਚਾਹੀਦੀ ਹੈ

40-45 ਸਾਲ : ਹਰ 2-4 ਸਾਲ 'ਚ

55-64 ਸਾਲ : ਹਰ 1-3 ਸਾਲ 'ਚ

65 ਸਾਲ ਤੋਂ ਬਾਅਦ : ਹਰ 1-2 ਸਾਲ 'ਚ

ਉੱਚ ਜੋਖ਼ਮ ਵਾਲੇ ਵਿਅਕਤੀ : ਹਰ ਸਾਲ ਜਾਂ 1-2 ਸਾਲ 'ਚ

ਉਹ ਅੱਗੇ ਦੱਸਦੇ ਹਨ ਕਿ ਜੇਕਰ ਅਚਾਨਕ ਫਲੋਟਰਸ ਵਿਖਾਈ ਦੇਣਾ, ਰੌਸ਼ਨੀ ਚਮਕਣਾ, ਅੱਖਾਂ ਸਾਹਮਣੇ ਕਾਲਾ ਪਰਦਾ ਛਾਉਣਾ, ਇੱਕ ਅੱਖ ਤੋਂ ਅਚਾਨਕ ਵਿਖਾਈ ਦੇਣਾ ਬੰਦ ਹੋਣਾ, ਅੱਖ 'ਚ ਤੇਜ਼ ਦਰਦ, ਉਲਟੀ ਆਉਣਾ, ਲਾਈਟ ਦੇ ਆਲੇ ਦੁਆਲੇ ਘੇਰਾ ਵਿਖਾਈ ਦੇਣਾ, ਸਿੱਧੀਆਂ ਰੇਖਾਵਾਂ ਟੇਢੀਆਂ ਵਿਖਾਈ ਦੇਣੀਆਂ, ਸਾਈਡ ਨਜ਼ਰ 'ਚ ਕਮੀ, ਦੋਹਰਾ ਨਜ਼ਰ ਆਉਣਾ ਜਾਂ ਧੁੰਦਲਾ ਵਿਖਾਈ ਦੇਣਾ ਵਰਗੀਆਂ ਸਮੱਸਿਆਵਾਂ ਹੋਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਇਹ ਲੱਛਣ ਤਣਾਅ, ਚਿੰਤਾ ਜਾਂ ਲੰਮੇ ਸਮੇਂ ਤੱਕ ਤਣਾਅ ਰਹਿਣ ਕਰਕੇ ਹੋ ਸਕਦੇ ਹਨ। ਇਸ ਲਈ ਮਾਨਸਿਕ ਸਿਹਤ ਮਾਹਰ ਨਾਲ ਸਲਾਹ ਕਰਨਾ ਜ਼ਰੂਰੀ ਹੈ।

ਜੀਵਨ ਸ਼ੈਲੀ 'ਚ ਕੋਈ ਵੀ ਵੱਡਾ ਬਦਲਾਅ- ਜਿਵੇਂ ਖਾਣ-ਪਾਣ, ਦਵਾਈ ਜਾਂ ਕਸਰਤ ਕਰਨ ਤੋਂ ਪਹਿਲਾਂ ਡਾਕਟਰ ਜਾਂ ਸਿਖਲਾਈ ਪ੍ਰਾਪਤ ਮਾਹਰ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ। ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਸਵੈ-ਇਲਾਜ ਕਈ ਵਾਰ ਭਾਰੀ ਵੀ ਪੈ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)