You’re viewing a text-only version of this website that uses less data. View the main version of the website including all images and videos.
ਆਈਪੀਐੱਲ 2026: ਅਰਸ਼ ਤੋਂ ਫ਼ਰਸ਼ 'ਤੇ ਕਿਵੇਂ ਪਹੁੰਚੀ ਪੰਜਾਬ ਕਿੰਗਜ਼? ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਪਲੇਆਫ਼ 'ਚ ਨਾ ਪਹੁੰਚਣ ਦੇ ਮੁੱਖ ਕਾਰਨ
- ਲੇਖਕ, ਰਾਹੁਲ ਕਾਲਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਇੰਡੀਅਨ ਪ੍ਰੀਮੀਅਰ ਲੀਗ ਦਾ 19ਵਾਂ ਸੀਜ਼ਨ ਆਪਣੇ ਰੋਮਾਂਚ ਦੇ ਸਿਖਰ 'ਤੇ ਹੈ। ਲੀਗ ਸਟੇਜ ਦੇ ਸਾਰੇ 70 ਮੈਚ ਖ਼ਤਮ ਹੋ ਚੁੱਕੇ ਹਨ ਅਤੇ ਟੂਰਨਾਮੈਂਟ ਨੂੰ ਆਪਣੀਆਂ ਚੋਟੀ ਦੀਆਂ 4 ਪਲੇਆਫ਼ ਟੀਮਾਂ ਮਿਲ ਚੁੱਕੀਆਂ ਹਨ। ਪਰ ਇਸ ਪੂਰੇ ਸੀਜ਼ਨ ਦੀ ਸਭ ਤੋਂ ਵੱਡੀ ਅਤੇ ਡਾਊਨ ਫਾਲ ਦੀ ਕਹਾਣੀ ਪੰਜਾਬ ਕਿੰਗਜ਼ ਦੀ ਰਹੀ ਹੈ।
ਸ਼੍ਰੇਅਸ ਅਈਅਰ ਦੀ ਕਪਤਾਨੀ ਅਤੇ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਦੀ ਕੋਚਿੰਗ ਹੇਠ ਮੈਦਾਨ 'ਚ ਉੱਤਰੀ ਪੰਜਾਬ ਦੀ ਟੀਮ ਨੇ ਇਸ ਵਾਰ ਪ੍ਰਸ਼ੰਸਕਾਂ ਨੂੰ ਇੱਕ ਵੱਡੀ ਉਮੀਦ ਜਗਾਈ ਸੀ। ਪਰ ਇਸ ਦਾ ਅੰਤ ਇਹ ਹੋਇਆ ਕਿ ਪੰਜਾਬ ਕਿੰਗਜ਼ ਇੱਕ ਵਾਰ ਫਿਰ ਪਲੇਆਫ਼ ਦੀ ਦੌੜ ਵਿੱਚੋਂ ਬਾਹਰ ਹੋ ਗਈ।
ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਹਰਾ ਕੇ 15 ਅੰਕਾਂ ਤੱਕ ਪਹੁੰਚ ਕੇ ਆਪਣੀ ਉਮੀਦ ਜ਼ਿੰਦਾ ਰੱਖੀ ਸੀ, ਪਰ ਪੰਜਾਬ ਦੀ ਕਿਸਮਤ ਪੂਰੀ ਤਰ੍ਹਾਂ ਰਾਜਸਥਾਨ ਰਾਇਲਜ਼ ਦੇ ਆਖਰੀ ਮੈਚ 'ਤੇ ਟਿਕੀ ਹੋਈ ਸੀ। ਪੰਜਾਬ ਨੂੰ ਪਲੇਆਫ਼ ਦੀ ਟਿਕਟ ਹਾਸਲ ਕਰਨ ਲਈ ਰਾਜਸਥਾਨ ਦੀ ਹਾਰ ਦੀ ਸਖ਼ਤ ਲੋੜ ਸੀ।
24 ਮਈ ਨੂੰ ਰਾਜਸਥਾਨ ਰਾਇਲਜ਼ ਨੇ ਆਪਣੇ ਆਖਰੀ ਲੀਗ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਵਿਰੁੱਧ ਦਮਦਾਰ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਰਾਜਸਥਾਨ ਨੇ 16 ਅੰਕ ਹਾਸਲ ਕਰ ਲਏ ਅਤੇ ਪਲੇਆਫ਼ ਦੇ ਚੌਥੇ ਸਥਾਨ 'ਤੇ ਕਬਜ਼ਾ ਕਰ ਲਿਆ।
ਰਾਜਸਥਾਨ ਦੀ ਇਸ ਜਿੱਤ ਨੇ ਪੁਆਇੰਟ ਟੇਬਲ ਦਾ ਪੂਰਾ ਪਾਸਾ ਪਲਟ ਦਿੱਤਾ। ਜਿਹੜੀ ਪੰਜਾਬ ਕਿੰਗਜ਼ 15 ਅੰਕਾਂ ਨਾਲ ਚੌਥੇ ਨੰਬਰ 'ਤੇ ਆਉਣ ਦੀ ਆਸ ਲਾਈ ਬੈਠੀ ਸੀ, ਉਹ ਰਾਜਸਥਾਨ ਦੇ 16 ਅੰਕ ਹੁੰਦੇ ਹੀ ਪੁਆਇੰਟ ਟੇਬਲ ਵਿੱਚ ਇੱਕ ਰੈਂਕ ਹੇਠਾਂ ਖਿੱਸਕ ਕੇ 5ਵੇਂ ਸਥਾਨ 'ਤੇ ਆ ਗਈ।
ਆਈਪੀਐੱਲ ਦੇ ਨਿਯਮਾਂ ਮੁਤਾਬਕ ਸਿਰਫ਼ ਟਾਪ-4 ਟੀਮਾਂ ਹੀ ਅੱਗੇ ਜਾ ਸਕਦੀਆਂ ਹਨ, ਇਸ ਲਈ ਮਹਿਜ਼ 1 ਅੰਕ ਦੇ ਫਰਕ ਨਾਲ ਪੰਜਾਬ ਦਾ ਪਲੇਆਫ਼ ਵਿੱਚ ਪਹੁੰਚਣ ਦਾ ਸੁਪਨਾ ਇੱਕ ਵਾਰ ਫਿਰ ਟੁੱਟ ਗਿਆ ਅਤੇ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਹੁਣ ਸਮਝਦੇ ਹਾਂ ਕਿ ਪੰਜਾਬ ਕਿੰਗਜ਼ ਟੀਮ ਕਿੱਥੇ ਕਮਜ਼ੋਰ ਪੈ ਗਈ, ਉਹ ਕਿਹੜੇ ਕਾਰਨ ਸਨ ਜਿਨ੍ਹਾਂ ਨੇ ਜਿੱਤ ਰਹੀ ਟੀਮ ਨੂੰ ਹਾਰ ਦੇ ਰਾਹ ਪਾ ਦਿੱਤਾ ਅਤੇ ਹੁਣ ਕਿਹੜੀਆਂ ਚਾਰ ਟੀਮਾਂ ਖਿਤਾਬੀ ਜੰਗ ਲਈ ਆਹਮੋ-ਸਾਹਮਣੇ ਹੋਣਗੀਆਂ।
ਸ਼ਾਨਦਾਰ ਸ਼ੁਰੂਆਤ: ਜਦੋਂ ਪੰਜਾਬ ਨੇ ਸਭ ਨੂੰ ਹੈਰਾਨ ਕੀਤਾ
ਸੀਜ਼ਨ ਦੇ ਪਹਿਲੇ ਹਾਫ਼ ਵਿੱਚ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ ਕਿਸੇ ਚੈਂਪੀਅਨ ਟੀਮ ਵਰਗਾ ਸੀ। ਨਵੀਂ ਰਣਨੀਤੀ ਅਤੇ ਨਵੇਂ ਜੋਸ਼ ਨਾਲ ਖੇਡਦਿਆਂ ਪੰਜਾਬ ਨੇ ਆਪਣੇ ਪਹਿਲੇ 7 ਮੈਚਾਂ ਵਿੱਚੋਂ 6 ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ।
12 ਅੰਕਾਂ ਦੇ ਨਾਲ ਪੰਜਾਬ ਕਿੰਗਜ਼ ਪੁਆਇੰਟ ਟੇਬਲ ਵਿੱਚ ਸਭ ਤੋਂ ਉੱਪਰ ਯਾਨੀ ਨੰਬਰ-1 ਦੇ ਪਾਏਦਾਨ 'ਤੇ ਮਜ਼ਬੂਤੀ ਨਾਲ ਬੈਠੀ ਸੀ।
ਉਸ ਸਮੇਂ ਕ੍ਰਿਕਟ ਮਾਹਿਰਾਂ ਦਾ ਮੰਨਣਾ ਸੀ ਕਿ ਪੰਜਾਬ ਇਸ ਵਾਰ ਨਾ ਸਿਰਫ਼ ਪਲੇਆਫ਼ ਵਿੱਚ ਪਹੁੰਚੇਗੀ, ਬਲਕਿ ਖਿਤਾਬ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ।
ਭਾਰਤ ਦੇ ਸਾਬਕਾ ਬੱਲੇਬਾਜ਼ ਆਕਾਸ਼ ਚੋਪੜਾ ਨੇ ਕਿਹਾ ਕਿ ਮੈਂ ਇਹ ਸੋਚ ਕਿ ਹੈਰਾਨ ਹਾਂ ਕਿ ਪੰਜਾਬ ਦੀ ਟੀਮ ਨੇ ਸ਼ੁਰੂਆਤ ਕਿਵੇਂ ਦੀ ਕੀਤੀ ਅਤੇ ਆਖਰ ਵਿੱਚ ਖਿਡਾਰੀਆਂ ਨੂੰ ਕੀ ਹੋ ਗਿਆ।
ਆਕਾਸ਼ ਚੋਪੜਾ ਨੇ ਕਿਹਾ ਕਿ ਪੰਜਾਬ ਕਿੰਗਜ਼ ਨੇ ਪਹਿਲੇ 6 ਮੈਚਾਂ ਦੌਰਾਨ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਅਤੇ ਬਾਅਦ ਦੇ 7 ਮੈਚਾਂ ਵਿੱਚ 15 ਤਰ੍ਹਾਂ ਦੇ ਬਦਲਾਅ ਕਰ ਦਿੱਤੇ। ਜਦੋਂ ਬਦਲਾਅ ਨਹੀਂ ਕੀਤੇ ਸੀ ਉਦੋਂ ਪੰਜਾਬ ਮੈਚ ਜਿੱਤਦੀ ਗਈ ਤੇ ਜਦੋਂ ਬਦਲਾਅ ਹੋਏ ਉਦੋਂ ਹਾਰਦੀ ਰਹੀ।
ਬੱਲੇਬਾਜ਼ਾਂ ਦਾ ਮਾੜਾ ਪ੍ਰਦਰਸ਼ਨ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਆਕਾਸ਼ ਚੋਪੜਾ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ ਐਕਸ 'ਤੇ ਪੰਜਾਬ ਦੀ ਹਾਰ ਦਾ ਵਿਸ਼ਲੇਸ਼ਣ ਕਰਦਿਆ ਵੀਡੀਓ ਸਾਂਝੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਟੀਮ ਨੇ ਸ਼ੁਰੂਆਤ ਦੇ 7 ਮੈਚ ਵਧੀਆ ਖੇਡੇ ਪਰ ਆਖਰੀ ਮੈਚਾਂ ਵਿੱਚ ਖਿਡਾਰੀਆਂ ਦਾ ਪ੍ਰਦਰਸ਼ਨ ਹੇਠਾਂ ਡਿੱਗਿਆ।
ਆਕਾਸ਼ ਚੋਪੜਾ ਨੇ ਕਿਹਾ ਕਿ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲੇ ਸੱਤ ਮੁਕਾਬਲਿਆਂ ਵਿੱਚ 186 ਦੀ ਸਟ੍ਰਾਈਕ ਰੇਟ ਨਾਲ 279 ਰਨ ਬਣਾਏ ਸੀ।
ਉਸ ਤੋਂ ਬਾਅਦ ਦੇ ਮੈਚਾਂ 'ਚ 126 ਸਟ੍ਰਾਈਕ ਰੇਟ ਨਾਲ 118 ਰਨ ਬਣਾਏ। ਜਿਸ ਤੋਂ ਪਤਾ ਲੱਗਦਾ ਹੈ ਕਿ ਆਖਰੀ ਮੈਚਾਂ ਵਿੱਚ ਸ਼੍ਰੇਅਸ ਅਈਅਰ ਦਾ ਬੱਲਾ ਨਹੀਂ ਚੱਲਿਆ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਤਰੁਵਰ ਕੋਹਲੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੱਲ ਮਿਲਾ ਕੇ ਪੰਜਾਬ ਕਿੰਗਜ਼ ਨੇ ਪ੍ਰਦਰਸ਼ਨ ਬਹੁਤ ਸ਼ਾਨਦਾਰ ਕੀਤਾ।
ਸਰਪੰਚ ਸ਼੍ਰੇਅਸ ਅਈਅਰ ਨੇ ਬੈਟਿੰਗ ਵਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਟੀਮ ਦੇ ਖਿਡਾਰੀ ਅਜਿਹੇ ਹਨ ਕਿ ਜੇਕਰ ਉਨ੍ਹਾਂ ਨੂੰ ਭਾਰਤੀ ਟੀਮ 'ਚ ਜਗ੍ਹਾ ਮਿਲੇ ਤਾਂ ਉੱਥੇ ਵੀ ਵਧੀਆ ਪ੍ਰਦਰਸ਼ਨ ਕਰਨਗੇ।
ਆਕਾਸ਼ ਚੋਪੜਾ ਨੇ ਪੰਜਾਬ ਦੀ ਓਪਨਰ ਜੋੜੀ 'ਤੇ ਵੀ ਸਵਾਲ ਖੜ੍ਹੇ ਕੀਤੇ।
ਉਨ੍ਹਾਂ ਕਿਹਾ ਕਿ ਪ੍ਰਭਸਿਮਰਨ ਅਤੇ ਪ੍ਰਿਆਂਸ਼ ਆਰਿਆ ਨੇ ਪਹਿਲੇ ਸੱਤ ਮੈਚਾਂ 'ਚ 249 ਦੀ ਸਟ੍ਰਾਈਕ ਰੇਟ ਨਾਲ 323 ਰਨ ਦੀ ਸਾਂਝੇਦਾਰੀ ਬਣਾਈ ਅਤੇ ਆਖਰੀ ਮੈਚਾਂ 'ਚ ਇਹ ਸਟ੍ਰਾਈਕ ਰੇਟ ਘੱਟ ਕੇ 169 'ਤੇ ਜਾ ਕੇ ਡਿੱਗੀ।
ਆਕਾਸ਼ ਚੋਪੜਾ ਨੇ ਕਿਹਾ ਕਿ ਆਖਰੀ ਮੈਚਾਂ 'ਚ ਪੰਜਾਬ ਦੇ ਖਿਡਾਰੀਆਂ ਦਾ ਮਨੋਬਲ ਹੇਠਾਂ ਡਿੱਗਿਆ ਹੈ।
ਗੇਂਦਬਾਜ਼ਾਂ 'ਚੋਂ ਕੌਣ ਪਿਆ ਮਹਿੰਗਾ
ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਕਿਹਾ ਕਿ ਪੰਜਾਬ ਦੀ ਟੀਮ ਨੇ ਸਹੀ ਤਰੀਕੇ ਨਾਲ ਗੇਂਦਬਾਜ਼ਾਂ ਦਾ ਇਸਤੇਮਾਲ ਹੀ ਨਹੀਂ ਕੀਤਾ।
ਯੁਜ਼ਵੇਂਦਰ ਚਹਿਲ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਕਿੰਗਜ਼ ਨੂੰ ਚਹਿਲ ਨੂੰ ਮੌਕਾ ਜ਼ਿਆਦਾ ਦੇਣਾ ਚਾਹੀਦਾ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਸੀਜਨ 'ਚ ਪਹਿਲੀ ਵਾਰ ਹੋਇਆ ਕਿ ਚਹਿਲ ਨੇ ਤਿੰਨ ਓਵਰ ਪ੍ਰਤੀ ਮੈਚ ਵੀ ਨਹੀਂ ਕਰਵਾਏ, ਕਈ ਮੈਚਾਂ 'ਚ ਤਾਂ ਸਿਰਫ਼ ਇੱਕ ਓਵਰ ਹੀ ਦਿੱਤਾ ਗਿਆ, ਇੱਕ ਮੈਚ 'ਚ ਤਾਂ ਇੱਕ ਵੀ ਓਵਰ ਨਹੀਂ ਕਰਵਾਇਆ ਸੀ।
ਸਾਬਕਾ ਕ੍ਰਿਕਟਰ ਤਰੁਵਰ ਕੋਹਲੀ ਨੇ ਕਿਹਾ ਪੰਜਾਬ ਦੀ ਟੀਮ ਨੂੰ ਹਰਪ੍ਰੀਤ ਸਿੰਘ ਬਰਾੜ ਨੂੰ ਜ਼ਿਆਦਾ ਮੈਚ ਖਿਡਾਉਣੇ ਚਾਹੀਦੇ ਸਨ, ਹਰਪ੍ਰੀਤ ਬਾਰੜ ਵਧੀਆ ਫਾਮ ਵਿੱਚ ਚੱਲ ਰਹੇ ਸਨ ਪਰ ਉਨ੍ਹਾਂ ਨੂੰ ਮੌਕਾ ਘੱਟ ਦਿੱਤਾ ਗਿਆ।
ਅਰਸ਼ਦੀਪ ਸਿੰਘ ਦੀ ਗੇਂਦਬਾਜ਼ੀ ਬਾਰੇ ਗੱਲਬਾਤ ਕਰਦਿਆਂ ਆਕਾਸ਼ ਚੋਪੜਾ ਨੇ ਕਿਹਾ ਕਿ ਇਸ ਸੀਜ਼ਨ ਅਰਸ਼ਦੀਪ ਪੰਜਾਬ ਕਿੰਗਜ਼ ਨੂੰ ਬਹੁਤ ਮਹਿੰਗੇ ਪਏ।
ਉਨ੍ਹਾਂ ਨੇ ਕਿਹਾ ਕਿ ਇਸ ਸੀਜ਼ਨ ਅਰਸ਼ਦੀਪ ਨੇ ਸਭ ਤੋਂ ਵੱਧ ਖਰਾਬ ਗੇਂਦਬਾਜ਼ੀ ਕੀਤੀ। ਅਰਸ਼ ਦੀ ਥਾਂ 'ਤੇ ਚਹਿਲ ਨੂੰ ਮੌਕੇ ਦੇਣੇ ਚਾਹੀਦੇ ਸਨ।
ਤਰੁਵਰ ਕੋਹਲੀ ਨੇ ਕਿਹਾ ਕਿ ਅਰਸ਼ਦੀਪ ਭਾਰਤੀ ਟੀਮ ਦਾ ਸਭ ਤੋਂ ਵਧੀਆ ਗੇਂਦਬਾਜ਼ ਹੈ, ਇਹ ਜ਼ਰੂਰੀ ਨਹੀਂ ਕਿ ਬੌਲਰ ਹਰ ਓਵਰ 'ਚ ਵਿੱਕਟਾਂ ਹੀ ਕੱਢੇ ਜਾਂ ਡਾਟ ਗੇਂਦ ਕਰਵਾਏ, ਕਈ ਵਾਰ ਰਨ ਵੀ ਪੈ ਜਾਂਦੇ ਹਨ।
ਖਰਾਬ ਫੀਲਡਿੰਗ ਦਾ ਖਿਡਾਰੀਆਂ 'ਤੇ ਅਸਰ
ਤਰੁਵਰ ਕੋਹਲੀ ਨੇ ਪੰਜਾਬ ਦੇ ਖਿਡਾਰੀਆਂ ਦੀ ਖਰਾਬ ਫੀਲਡਿੰਗ ਬਾਰੇ ਵੀ ਗੱਲਬਾਤ ਕੀਤੀ, ਉਨ੍ਹਾਂ ਨੇ ਕਿਹਾ ਕਿ ਕਈ ਮੌਕਿਆਂ 'ਤੇ ਕਈ ਵਾਰ ਆਸਾਨ ਕੈਚ ਵੀ ਪੰਜਾਬ ਕਿੰਗਜ਼ ਦੇ ਖਿਡਾਰੀਆਂ ਨੇ ਛੱਡੇ ਹਨ।
ਇਸ ਦਾ ਅਸਰ ਖਿਡਾਰੀਆਂ 'ਤੇ ਜ਼ਰੂਰ ਪੈਂਦਾ ਹੈ। ਕਿੱਥੇ ਤੁਸੀਂ 180 ਤੱਕ ਵਿਰੋਧੀ ਟੀਮ ਨੂੰ ਸਮੇਟਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਜਦੋਂ ਤੁਹਾਡੇ ਖਿਡਾਰੀ ਕੈਚ ਛੱਡ ਦੇਣ ਤਾਂ ਉਹੀ ਟੀਮ 200 ਰਨ ਪਾਰ ਕਰ ਜਾਂਦੀ ਤਾਂ 200 ਪਾਰ ਵਾਲਾ ਅੰਕੜਾ ਫਰਕ ਪਾਉਂਦਾ ਹੈ।
ਟਰਨਿੰਗ ਪੁਆਇੰਟ: 'ਮੀਂਹ ਨੇ ਵਿਗਾੜੀ ਖੇਡ'
ਮੁੱਖ ਕੋਚ ਰਿੱਕੀ ਪੌਂਟਿੰਗ ਨੇ ਹਾਲ ਹੀ ਵਿੱਚ ਇੱਕ ਬਿਆਨ ਵਿੱਚ ਕਿਹਾ ਸੀ ਕਿ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਰੱਦ ਹੋਇਆ ਮੈਚ ਟੀਮ ਲਈ ਸਭ ਤੋਂ ਵੱਡਾ ਝਟਕਾ ਸਾਬਤ ਹੋਇਆ।
6 ਅਪ੍ਰੈਲ ਨੂੰ ਜਦੋਂ ਆਈਪੀਐੱਲ ਦਾ 12ਵਾਂ ਮੈਚ ਪੰਜਾਬ ਤੇ ਕੋਲਕਾਤਾ ਵਿਚਾਲੇ ਖੇਡਿਆ ਜਾਣਾ ਸੀ ਤਾਂ ਮੀਂਹ ਕਾਰਨ ਇਹ ਮੈਚ ਰੱਦ ਕਰ ਦਿੱਤਾ ਗਿਆ ਸੀ ਅਤੇ ਦੋਵਾਂ ਟੀਮਾਂ ਨੂੰ 1-1 ਅੰਕ ਵੰਡਣਾ ਪਿਆ।
ਰਿੱਕੀ ਪੌਂਟਿੰਗ ਨੇ ਮੀਂਹ ਕਾਰਨ ਇਹ ਮੈਚ ਰੱਦ ਹੋਣ ਨੂੰ ਟੀਮ ਦੇ ਪ੍ਰਦਰਸ਼ਨ ਵਿੱਚ ਆਈ ਗਿਰਾਵਟ ਦਾ ਮੁੱਖ ਕਾਰਨ ਦੱਸਿਆ ਸੀ।
ਈਐੱਸਪੀਐੱਨ ਕ੍ਰਿਕਇਨਫੋ ਨਾਲ ਗੱਲਬਾਤ ਕਰਦਿਆਂ ਪੌਂਟਿੰਗ ਨੇ ਕਿਹਾ ਸੀ, "ਅਸੀਂ ਆਪਣੇ ਪਹਿਲੇ ਛੇ ਜਾਂ ਸੱਤ ਮੈਚਾਂ ਵਿੱਚ ਬੇਮਿਸਾਲ ਖੇਡੇ ਸੀ। ਫਿਰ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਸਾਡਾ ਮੈਚ ਮੀਂਹ ਕਾਰਨ ਰੱਦ ਹੋ ਗਿਆ, ਅਤੇ ਮੈਨੂੰ ਲੱਗਦਾ ਹੈ ਕਿ ਉਸ ਪਲ ਤੋਂ ਬਾਅਦ ਅਸੀਂ ਆਪਣੀ ਲੈਅ ਤੋਂ ਥੋੜ੍ਹਾ ਭਟਕ ਗਏ।
ਆਈਪੀਐੱਲ 2026 ਦੀਆਂ ਟਾਪ-4 ਪਲੇਆਫ਼ ਟੀਮਾਂ
ਲੀਗ ਸਟੇਜ ਦੇ ਖ਼ਤਮ ਹੋਣ ਤੋਂ ਬਾਅਦ ਜਿਹੜੀਆਂ ਚਾਰ ਟੀਮਾਂ ਨੇ ਪਲੇਆਫ਼ ਲਈ ਕੁਆਲੀਫਾਈ ਕੀਤਾ ਹੈ, ਉਨ੍ਹਾਂ ਵਿਚਕਾਰ ਅੰਕਾਂ ਦੀ ਜੰਗ ਬੇਹੱਦ ਫਸਵੀਂ ਰਹੀ।
ਚੋਟੀ ਦੀਆਂ ਤਿੰਨ ਟੀਮਾਂ 18-18 ਅੰਕਾਂ 'ਤੇ ਸਨ, ਜਿਨ੍ਹਾਂ ਦਾ ਫੈਸਲਾ ਨੈੱਟ ਰਨ ਰੇਟ ਦੇ ਆਧਾਰ 'ਤੇ ਹੋਇਆ।
ਰਾਇਲ ਚੈਲੇਂਜਰਸ ਬੰਗਲੌਰ ਨੇ 14 ਮੈਚਾਂ ਵਿੱਚ 9 ਜਿੱਤਾਂ ਅਤੇ +0.783 ਦੇ ਬਿਹਤਰੀਨ ਰਨ ਰੇਟ ਨਾਲ ਆਰਸੀਬੀ ਨੇ ਟੇਬਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਗੁਜਰਾਤ ਟਾਈਟਨਸ ਵੀ 18 ਅੰਕਾਂ ਅਤੇ +0.695 ਦੇ ਰਨ ਰੇਟ ਨਾਲ ਦੂਜੇ ਸਥਾਨ 'ਤੇ ਰਹੀ।
ਆਪਣੇ ਹਮਲਾਵਰ ਅੰਦਾਜ਼ ਲਈ ਜਾਣੀ ਜਾਂਦੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ 18 ਅੰਕਾਂ ਅਤੇ +0.524 ਰਨ ਰੇਟ ਨਾਲ ਤੀਜੇ ਨੰਬਰ 'ਤੇ ਰਹੀ।
ਰਾਜਸਥਾਨ ਰਾਇਲਜ਼ ਨੇ 16 ਅੰਕਾਂ ਅਤੇ +0.189 ਰਨ ਰੇਟ ਨਾਲ ਚੌਥੇ ਸਥਾਨ 'ਤੇ ਰਹਿ ਕੇ ਆਖਰੀ ਪਲੇਆਫ਼ ਸਪਾਟ ਆਪਣੇ ਨਾਮ ਕੀਤਾ।
ਪਲੇਆਫ਼ ਦਾ ਸ਼ੈਡਿਊਲ
ਹੁਣ ਆਈਪੀਐੱਲ 2026 ਦਾ ਸਭ ਤੋਂ ਅਹਿਮ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਪੁਆਇੰਟ ਟੇਬਲ ਦੀਆਂ ਚੋਟੀ ਦੀਆਂ ਚਾਰ ਟੀਮਾਂ ਖਿਤਾਬ ਲਈ ਭਿੜਨਗੀਆਂ।
ਇਸ ਦੇ ਸ਼ੈਡਿਊਲ ਮੁਤਾਬਕ 26 ਮਈ ਨੂੰ ਧਰਮਸ਼ਾਲਾ ਦੇ ਮੈਦਾਨ 'ਤੇ 'ਕੁਆਲੀਫਾਇਰ-1' ਮੁਕਾਬਲੇ ਵਿੱਚ ਰਾਇਲ ਚੈਲੇਂਜਰਸ ਬੰਗਲੌਰ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
'ਕੁਆਲੀਫਾਇਰ-1' ਮੈਚ ਜਿੱਤਣ ਵਾਲੀ ਟੀਮ ਸਿੱਧਾ ਫਾਈਨਲ ਵਿੱਚ ਪਹੁੰਚੇਗੀ ਅਤੇ ਹਾਰਨ ਵਾਲੀ ਟੀਮ ਨੂੰ ਅੱਗੇ ਵਧਣ ਦਾ ਇੱਕ ਹੋਰ ਮੌਕਾ ਮਿਲੇਗਾ।
ਇਸ ਤੋਂ ਅਗਲੇ ਹੀ ਦਿਨ ਯਾਨੀ 27 ਮਈ ਨੂੰ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ 'ਐਲੀਮੀਨੇਟਰ' ਮੈਚ ਖੇਡਿਆ ਜਾਵੇਗਾ, ਜੋ ਕਿ ਇੱਕ ਨਾਕਆਊਟ ਮੁਕਾਬਲਾ ਹੈ।
ਇਹ ਮੈਚ ਵਿੱਚ ਹਾਰਨ ਵਾਲੀ ਟੀਮ ਟੂਰਨਾਮੈਂਟ ਤੋਂ ਸਿੱਧਾ ਬਾਹਰ ਹੋ ਜਾਵੇਗੀ ਅਤੇ ਜਿੱਤਣ ਵਾਲੀ ਟੀਮ ਦਾ ਮੁਕਾਬਲਾ ਫਿਰ ਪਹਿਲੇ ਮੈਚ ('ਕੁਆਲੀਫਾਇਰ-1') ਦੀ ਹਾਰਨ ਵਾਲੀ ਟੀਮ ਨਾਲ 'ਕੁਆਲੀਫਾਇਰ-2' ਵਿੱਚ ਹੋਵੇਗਾ।
'ਕੁਆਲੀਫਾਇਰ-2' ਦਾ ਮੈਚ 29 ਮਈ ਨੂੰ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿੱਚ ਖੇਡਿਆ ਜਾਵੇਗਾ ਅਤੇ ਇਹ ਮੈਚ ਜਿੱਤਣ ਵਾਲੀ ਟੀਮ ਫਾਈਨਲ ਮੁਕਾਬਲਾ ਖੇਡੇਗੀ।
ਆਈਪੀਐੱਲ 2026 ਦਾ ਫਾਈਨਲ ਮੁਕਾਬਲਾਂ 31 ਮਈ ਨੂੰ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ