You’re viewing a text-only version of this website that uses less data. View the main version of the website including all images and videos.
ਗੁਰਿੰਦਰਵੀਰ ਸਿੰਘ ਮੁੜ ਬਣੇ ਭਾਰਤ ਦੇ ਸਭ ਤੋਂ ਤੇਜ਼ ਦੌੜਾਕ, 100 ਮੀਟਰ ਦੌੜ ਵਿੱਚ ਤੋੜਿਆ ਨੈਸ਼ਨਲ ਰਿਕਾਰਡ, ਜਾਣੋ ਕਿਉਂ ਛੱਡਿਆ ਸੀ ਪੰਜਾਬ
- ਲੇਖਕ, ਹਰਪਿੰਦਰ ਸਿੰਘ ਟੌਹੜਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਰਾਂਚੀ ਵਿੱਚ ਹੋਏ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਮੁਕਾਬਲੇ ਦੇ ਫਾਈਨਲ ਵਿੱਚ ਪੰਜਾਬ ਦੇ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਨੇ ਸ਼ਨੀਵਾਰ ਨੂੰ ਇਤਿਹਾਸਿਕ ਦੌੜ ਲਗਾਈ। ਗੁਰਿੰਦਰਵੀਰ ਸਿੰਘ ਨੇ 100 ਮੀਟਰ ਸਪ੍ਰਿੰਟ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਮ ਕੀਤਾ।
ਬਿਰਸਾ ਮੁੰਡਾ ਸਟੇਡੀਅਮ ਵਿੱਚ ਦੌੜਦੇ ਹੋਏ, ਗੁਰਿੰਦਰ ਨੇ 10.09 ਸਕਿੰਟ ਵਿੱਚ ਦੌੜ ਪੂਰੀ ਕਰਕੇ ਇਹ ਰਿਕਾਰਡ ਕਾਇਮ ਕੀਤਾ।
ਇਸ ਪ੍ਰਾਪਤੀ ਨਾਲ, ਉਹ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ 10.10 ਸੈਕਿੰਡ ਦਾ ਅੰਕੜਾ ਪਾਰ ਕਰਨ ਵਾਲੇ ਪਹਿਲੇ ਭਾਰਤੀ ਦੌੜਾਕ ਬਣ ਗਏ ਹਨ।
ਇਸ ਦੌੜ ਵਿੱਚ ਅਨਿਮੇਸ਼ ਕੁਜੁਰ 10.20 ਸੈਕਿੰਡ ਦੇ ਨਾਲ ਦੂਜੇ ਨੰਬਰ ਉੱਤੇ ਰਹੇ।
25 ਸਾਲ ਦੇ ਗੁਰਿੰਦਰਵੀਰ ਨੇ ਨਾ ਸਿਰਫ਼ ਰਾਸ਼ਟਰੀ ਰਿਕਾਰਡ ਤੋੜਿਆ ਬਲਕਿ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਲਈ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਦੁਆਰਾ ਨਿਰਧਾਰਤ 10.16 ਸਕਿੰਡ ਦੇ ਕੁਆਲੀਫਿਕੇਸ਼ਨ ਮਾਰਕ ਨੂੰ ਵੀ ਪਾਰ ਕਰ ਲਿਆ ਹੈ।
ਫਿਨਿਸ਼ ਲਾਈਨ ਪਾਰ ਕਰਨ ਤੋਂ ਤੁਰੰਤ ਬਾਅਦ, ਗੁਰਿੰਦਰਵੀਰ ਨੇ ਆਪਣੀ ਜਰਸੀ ਤੋਂ ਬਿਬ ਨੰਬਰ ਪਾੜ ਦਿੱਤਾ, ਇਸਨੂੰ ਟਰੈਕ 'ਤੇ ਸੁੱਟ ਦਿੱਤਾ। ਇਸ ਮੌਕੇ ਉਨ੍ਹਾਂ ਦਾ ਜੋਸ਼ੀਲਾ ਅੰਦਾਜ਼ ਦੇਖਣ ਨੂੰ ਮਿਲਿਆ।
ਇਸ ਬਿਬ 'ਤੇ ਇੱਕ ਸੁਨੇਹਾ ਵੀ ਸੀ ਜਿਸ ਵਿੱਚ ਲਿਖਿਆ ਸੀ, 'ਟਾਸਕ ਇਜ਼ ਨੌਟ ਫਿਨਿਸ਼ਡ ਯੈੱਟ, ਵੇਟ ਆਈ ਐਮ ਸਟਿੱਲ ਸਟੈਂਡਿੰਗ ('ਕੰਮ ਅਜੇ ਪੂਰਾ ਨਹੀਂ ਹੋਇਆ; ਇੰਤਜ਼ਾਰ ਕਰੋ, ਮੈਂ ਅਜੇ ਵੀ ਖੜ੍ਹਾ ਹਾਂ।)'
ਦਰਅਸਲ ਸ਼ੁੱਕਰਵਾਰ ਨੂੰ ਸੈਮੀਫਾਈਨਲ ਹੀਟ ਦੌਰਾਨ ਦੋ ਵਾਰ ਨੈਸ਼ਨਲ ਰਿਕਾਰਡ ਦਰਜ ਕੀਤਾ ਗਿਆ। ਗੁਰਿੰਦਰ ਨੇ ਸੈਮੀਫਾਈਨਲ ਦੀ ਪਹਿਲੀ ਹੀਟ 10.17 ਸੈਕਿੰਡ ਵਿੱਚ ਪੂਰੀ ਕੀਤੀ ਸੀ। ਇਸ ਦੇ ਨਾਲ ਓਹਨਾਂ ਨੇ ਅਨੀਮੇਸ਼ ਦੇ 10.18 ਸੈਕਿੰਡ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਸੀ। ਪਰ ਕੁਝ ਹੀ ਮਿੰਟਾਂ ਬਾਅਦ ਅਨਿਮੇਸ਼ ਨੇ 10.15 ਸੈਕਿੰਡ ਵਿੱਚ ਦੌੜ ਪੂਰੀ ਕਰਕੇ ਨੈਸ਼ਨਲ ਰਿਕਾਰਡ ਨੂੰ ਫਿਰ ਹਾਸਿਲ ਕਰ ਲਿਆ ਸੀ।
ਰਿਕਾਰਡ ਤੋੜਨ ਤੋਂ ਬਾਅਦ ਨਿਊਜ਼ ਏਜੰਸੀ ਪੀਟੀਆਈ ਨਾਲ ਗੱਲ ਕਰਦੇ ਹੋਏ, ਗੁਰਿੰਦਰ ਨੇ ਕਿਹਾ, "ਮੇਰੇ ਕੋਚ ਨੇ ਮੇਰੇ ਨਾਲ ਬਹੁਤ ਮਿਹਨਤ ਕੀਤੀ ਹੈ। ਓਹਨਾਂ ਮੇਰੇ ਵਿੱਚ ਬਹੁਤ ਵਿਸ਼ਵਾਸ ਦਿਖਾਇਆ ਅਤੇ ਮੈਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।"
ਉਨ੍ਹਾਂ ਅੱਗੇ ਕਿਹਾ, "ਲੋਕ ਮੈਨੂੰ ਕਹਿੰਦੇ ਸਨ ਕਿ ਭਾਰਤ ਵਿੱਚ 100 ਮੀਟਰ ਦੇ ਮੁਕਾਬਲੇ ਦਾ ਕੋਈ ਭਵਿੱਖ ਨਹੀਂ ਹੈ, ਅਤੇ ਮੈਨੂੰ ਇਸਦੀ ਬਜਾਏ 200 ਜਾਂ 400 ਮੀਟਰ ਦੌੜ ਚੁਣਨੀ ਚਾਹੀਦੀ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਗਲਤ ਸਾਬਤ ਕਰਨ ਦਾ ਇਰਾਦਾ ਰੱਖਦਾ ਹਾਂ।
ਬੀਤੇ ਸਾਲ ਵੀ ਤੋੜਿਆ ਸੀ ਨੈਸ਼ਨਲ ਰਿਕਾਰਡ
ਗੁਰਿੰਦਰਵੀਰ ਨੇ ਬੀਤੇ ਸਾਲ ਬੰਗਲੁਰੂ ਵਿੱਚ ਇੰਡੀਅਨ ਗ੍ਰੈਂਡ ਪ੍ਰੀਕਸ-1 ਵਿੱਚ 10.20 ਸੈਕੇਂਡ ਵਿੱਚ 100 ਮੀਟਰ ਦੌੜ ਪੂਰੀ ਕਰਕੇ ਕੌਮੀ ਰਿਕਾਰਡ ਆਪਣੇ ਨਾਮ ਕੀਤਾ ਸੀ।
ਇਸ ਉਪਲਬਧੀ ਨਾਲ ਗੁਰਿੰਦਰਵੀਰ ਸਿੰਘ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਬਣ ਗਏ ਸਨ।
ਗੁਰਿੰਦਰਵੀਰ ਸਿੰਘ ਨੇ ਉਸ ਦੌੜ ਵਿੱਚ ਦੌੜਾਕ ਮਣੀਕਾਂਤ ਹੋਬਲੀਧਰ ਵੱਲੋਂ ਬਣਾਏ ਗਏ 10.23 ਸੈਕਿੰਡ ਦੇ ਪਿਛਲੇ ਕੌਮੀ ਰਿਕਾਰਡ ਨੂੰ ਤੋੜ ਦਿੱਤਾ ਸੀ। ਗੁਰਿੰਦਰਵੀਰ ਸਿੰਘ ਦਾ ਪਿਛਲਾ ਨਿੱਜੀ ਸਭ ਤੋਂ ਚੰਗਾ ਪ੍ਰਦਰਸ਼ਨ 10.27 ਸੈਂਕਿੰਡ ਸੀ। ਜੋ ਉਨ੍ਹਾਂ ਨੇ ਸਾਲ 2021 ਵਿੱਚ ਹਾਸਲ ਕੀਤਾ ਸੀ।
ਜਾਣੋ ਗੁਰਿੰਦਰਵੀਰ ਸਿੰਘ ਦੇ ਪਿਛੋਕੜ ਬਾਰੇ, ਬੀਬੀਸੀ ਨੇ ਉਨ੍ਹਾਂ ਬਾਰੇ ਇਹ ਕਹਾਣੀ ਮਾਰਚ 2025 ਵਿੱਚ ਪਹਿਲੀ ਵਾਰੀ ਛਾਪੀ ਸੀ
ਕੌਣ ਹਨ ਦੌੜਾਕ ਗੁਰਿੰਦਰਵੀਰ ਸਿੰਘ
ਗੁਰਿੰਦਰਵੀਰ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਪਤਿਆਲਾ (ਪਤਿਆਲ) ਦੇ ਰਹਿਣ ਵਾਲੇ ਹਨ। ਗੁਰਿੰਦਰਵੀਰ ਸਿੰਘ ਨੇ ਅਥਲੈਕਿਟਸ ਉਦੋਂ ਸ਼ੁਰੂ ਕੀਤੀ, ਜਦੋਂ ਉਹ ਛੇਵੀਂ ਜਮਾਤ ਵਿੱਚ ਪੜ੍ਹਦੇ ਸਨ।
ਗੁਰਿੰਦਰਵੀਰ ਸਿੰਘ ਨੂੰ ਅਥਲੈਟਿਸ ਵੱਲ ਲਾਉਣ ਵਾਲੇ ਉਨ੍ਹਾਂ ਦੇ ਪਿਤਾ ਹੀ ਸਨ, ਜੋ ਪੰਜਾਬ ਪੁਲਿਸ ਵਿੱਚ ਅੱਜ-ਕੱਲ੍ਹ ਏਐੱਸਆਈ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਗੁਰਿੰਦਰਵੀਰ ਸਿੰਘ ਦੇ ਪਿਤਾ ਕਮਲਜੀਤ ਸਿੰਘ ਖੁਦ ਵੀ ਵਾਲੀਬਾਲ ਦੇ ਖਿਡਾਰੀ ਰਹਿ ਚੁੱਕੇ ਸਨ। ਜਦੋਂ ਗੁਰਿੰਦਰਵੀਰ ਸਿੰਘ ਨੌਵੀਂ ਜਮਾਤ ਵਿੱਚ ਆਇਆ ਤਾਂ ਉਸ ਨੇ ਸਰਵਣ ਸਿੰਘ ਕੋਚ ਕੋਲ ਗੁਰ ਲੈਣੇ ਸ਼ੁਰੂ ਕੀਤੇ।
ਨੌਵੀਂ ਜਮਾਤ ਕਰਨ ਮਗਰੋਂ ਗੁਰਿੰਦਰਵੀਰ ਸਿੰਘ ਜਲੰਧਰ ਗਿਆ ਜਿੱਥੇ ਕੋਚ ਸਰਬਜੀਤ ਸਿੰਘ ਹੈਪੀ ਕੋਲ ਕੋਚਿੰਗ ਲੈਣੀ ਸ਼ੁਰੂ ਕੀਤੀ। ਸਰਬਜੀਤ ਸਿੰਘ ਹੈਪੀ ਕੋਲ ਕੋਚਿੰਗ ਲੈਣ ਬਾਅਦ ਗੁਰਿੰਦਰਵੀਰ ਸਿੰਘ ਦੀ ਜ਼ਿੰਦਗੀ ਬਦਲ ਗਈ। ਉਨ੍ਹਾਂ ਦੇ ਅੰਡਰ ਕੋਚਿੰਗ ਲੈਣ ਮਗਰੋਂ ਗੁਰਿੰਦਰਵੀਰ ਸਿੰਘ ਨੇ ਕਈ ਟੂਰਨਾਮੈਂਟਾਂ ਵਿੱਚ ਮੈਡਲ ਹਾਸਿਲ ਕੀਤੇ।
ਕੋਚ ਸਰਬਜੀਤ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਸੀ , "ਮੈਂ ਇਨ੍ਹਾਂ ਦੇ ਪਿਤਾ ਨੂੰ ਪਹਿਲੇ ਹੀ ਦਿਨ ਕਿਹਾ ਸੀ ਕਿ ਪਹਿਲੇ ਤਿੰਨ ਚਾਰ ਸਾਲ ਕੋਈ ਉਮੀਦ ਨਾ ਕਰਿਓ, ਕਿਉਂਕਿ ਸ਼ੁਰੂਆਤੀ ਸਾਲਾਂ ਵਿੱਚ ਅਥਲੀਟ ਦਾ ਬੇਸ ਬਣਦਾ ਹੈ ਉਸ ਤੋਂ ਬਾਅਦ ਨਤੀਜੇ ਬਾਰੇ ਸੋਚ ਸਕਦੇ ਹਾਂ।"
ਗੁਰਿੰਦਰਵੀਰ ਨੇ ਕਿਹੜੇ-ਕਿਹੜੇ ਟੂਰਨਾਮੈਂਟਾਂ ਵਿੱਚ ਜਿੱਤੇ ਮੈਡਲ
ਕੋਚ ਸਰਬਜੀਤ ਸਿੰਘ ਹੈਪੀ ਮੁਤਾਬਕ ਗੁਰਿੰਦਰਵੀਰ ਸਿੰਘ ਵਿੱਚ ਆਪਣੀ ਗੇਮ ਪ੍ਰਤੀ ਲਗਨ ਬਹੁਤ ਸੀ। ਉਹ ਮਿਹਨਤ ਕਰਨ ਵਿੱਚ ਕਾਫ਼ੀ ਵਿਸ਼ਵਾਸ ਰੱਖਦਾ ਹੈ।
ਗੁਰਿੰਦਰਜੀਤ ਸਿੰਘ ਨੇ ਅੰਡਰ-18 ਅਥਲੈਟਿਕਸ ਵਿੱਚ ਹਿੱਸਾ ਲੈਂਦਿਆਂ ਨੈਸ਼ਨਲ ਰਿਕਾਰਡ ਬਣਾਇਆ।
ਇਸ ਤੋਂ ਬਾਅਦ ਅੰਡਰ-19 ਏਸ਼ੀਆਈ ਖੇਡਾਂ ਵਿੱਚੋਂ ਗੋਲਡ ਮੈਡਲ ਜਿੱਤਿਆ। ਅੰਡਰ-20 ਵਿੱਚ ਗੁਰਿੰਦਰਵੀਰ ਸਿੰਘ ਨੇ 10.35 ਸੈਕਿੰਡ ਵਿੱਚ 100 ਮੀਟਰ ਦੌੜ ਪੂਰੀ ਕਰਕੇ ਨੈਸ਼ਨਲ ਰਿਕਾਰਡ ਬਣਾਇਆ। ਯੂਥ ਏਸ਼ੀਆ, ਜੂਨੀਅਰ ਏਸ਼ੀਆ, ਜੂਨੀਅਰ ਸੈਫ, ਯੂਰੋ ਏਸ਼ੀਆ ਵਿਚੋਂ ਗੋਲਡ ਮੈਡਲ ਜਿੱਤੇ।
ਸੈਫ ਸੀਨੀਅਰ ਗੇਮਾਂ ਵਿੱਚ ਰਿਲੇਅ ਦੌੜ ਦੌਰਾਨ ਸਿਲਵਰ ਮੈਡਲ ਜਿੱਤਿਆ।
ਕੋਚ ਸਰਬਜੀਤ ਸਿੰਘ ਦੱਸਦੇ ਹਨ ਕਿ ਜਿਸ ਸਾਲ ਕੋਰੋਨਾ ਨੇ ਦਸਤਕ ਦਿੱਤੀ ਸੀ, ਉਸ ਸਮੇਂ ਸਾਨੂੰ ਕਾਫ਼ੀ ਚਿੰਤਾ ਹੋ ਗਈ ਸੀ ਕਿ ਪ੍ਰੈਕਟਿਸ ਕਿਸ ਤਰ੍ਹਾਂ ਜਾਰੀ ਰੱਖੀ ਜਾਵੇਗੀ। ਸਰਬਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਮੁਸ਼ਕਲ ਹਾਲਾਤ ਵਿੱਚ ਵੀ ਗੁਰਿੰਦਰਵੀਰ ਸਿੰਘ ਨੇ ਟ੍ਰੇਨਿੰਗ ਜਾਰੀ ਰੱਖੀ।
ਫਿਰ ਕਰੋਨਾ ਤੋਂ ਬਾਅਦ 2021 ਵਿੱਚ ਪਟਿਆਲਾ ਵਿਖੇ ਹੋਈ ਮੀਟ ਵਿੱਚ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ 10.27 ਸੈਕਿੰਡ ਵਿੱਚ ਪੂਰੀ ਕੀਤੀ।
ਸਰਬਜੀਤ ਸਿੰਘ ਦੱਸਦੇ ਹਨ ਕਿ ਉਦੋਂ ਵੀ 1 ਮਾਈਕਰੋ ਸੈਕਿੰਡ ਤੋਂ ਰਿਕਾਰਡ ਟੁੱਟਣੋ ਰਹਿ ਗਿਆ ਸੀ।
ਇਸੇ ਵਰ੍ਹੇ ਉਤਰਾਖੰਡ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਗੁਰਿੰਦਰਵੀਰ ਸਿੰਘ ਚੰਗਾ ਨਹੀਂ ਕਰ ਸਕਿਆ ਸੀ। ਜਿੱਥੇ ਉਹ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ। ਗੁਰਿੰਦਰਵੀਰ ਸਿੰਘ 10.96 ਸਕਿੰਟ ਦੇ ਨਾਲ ਆਪਣੀ ਹੀਟਸ ਵਿੱਚੋਂ ਤੀਜੇ ਸਥਾਨ 'ਤੇ ਰਿਹਾ।
ਕਈ ਮਹੀਨੇ ਪਹਿਲਾਂ ਗੁਰਿੰਦਰਵੀਰ ਛੱਡ ਚੁੱਕਿਆ ਸੀ ਪੰਜਾਬ
ਗੁਰਿੰਦਰਵੀਰ ਸਿੰਘ ਦੇ ਪੁਰਾਣੇ ਕੋਚ ਸਰਬਜੀਤ ਸਿੰਘ ਦੱਸਦੇ ਹਨ ਕਿ ਗੁਰਿੰਦਰ ਨੂੰ ਕੁਝ ਮਹੀਨੇ ਪਹਿਲਾਂ ਰਿਲਾਇੰਸ ਫਾਊਂਡੇਸ਼ਨ ਨੇ ਅਡਾਪਟ ਕਰ ਲਿਆ ਸੀ।
ਕੋਚ ਸਰਬਜੀਤ ਦੱਸਦੇ ਹਨ ਕਿ ਪੰਜਾਬ ਤੇ ਉਥੋਂ ਦੀਆਂ ਸਹੂਲਤਾਂ ਵਿੱਚ ਕਾਫ਼ੀ ਅੰਤਰ ਹੈ। ਇਸੇ ਲਈ ਗੁਰਿੰਦਰਵੀਰ ਨੂੰ ਮੁੰਬਈ ਭੇਜਣ ਦਾ ਫੈਸਲਾ ਕੀਤਾ ਸੀ ਕਿਉਂਕਿ ਮੁੰਬਈ ਵਿੱਚ ਖਿਡਾਰੀਆਂ ਨੂੰ ਹਰ ਉਹ ਸਹੂਲਤ ਮਿਲਦੀ ਹੈ, ਜਿਸਦੀ ਅੱਜ ਦੇ ਸਮੇਂ ਵਿੱਚ ਲੋੜ ਹੈ।
"ਸਾਡੇ ਪੰਜਾਬ ਵਿਚ ਕੋਚ ਤਾਂ ਇਕ ਅਥਲੀਟ ਨੂੰ ਮਿਲ ਜਾਂਦਾ ਪਰ ਸਹਾਇਕ ਕੋਚ ਬਿਲਕੁਲ ਨਹੀਂ ਮਿਲਦੇ। ਨਾ ਹੀ ਪੂਰੀ ਡਾਇਟ ਮਿਲ ਪਾਊਂਦੀ ਹੈ।"
ਸਰਬਜੀਤ ਦੱਸਦੇ ਹਨ ਕਿ ਜਦੋਂ ਜਲੰਧਰ ਵਿੱਚ ਸਿੰਥੈਟਿਕ ਦਾ ਟਰੈਕ ਨਹੀਂ ਸੀ ਬਣਿਆ ਤਾਂ ਉਦੋਂ ਗੁਰਿੰਦਰ ਤੇ ਹੋਰ ਖਿਡਾਰੀ ਪ੍ਰੈਕਿਟਸ ਕਰਵਾਉਣ ਲਈ ਕਈ ਕਿਲੋਮੀਟਰ ਦੂਰ ਜਲੰਧਰ ਤੋਂ ਤਰਨ ਤਾਰਨ ਜਾਂਦੇ ਸੀ।
ਗੁਰਿੰਦਰ ਦੇ ਅਗਲੇ ਕਿਹੜੇ ਟੀਚੇ
ਆਪਣੇ ਇਤਿਹਾਸਿਕ ਪ੍ਰਦਰਸ਼ਨ ਬਾਅਦ ਗੁਰਿੰਦਰਵੀਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ ਹੈ। ਗੁਰਿੰਦਰਵੀਰ ਸਿੰਘ ਨੇ ਕਿਹਾ, "ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਿਆ ਅਤੇ ਮੈਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ।”
“ਮੇਰਾ ਅਗਲਾ ਟੀਚਾ ਏਸ਼ੀਅਨ ਚੈਂਪੀਅਨਸ਼ਿਪ ਵਿੱਚੋਂ ਗੋਲਡ ਮੈਡਲ ਹਾਸਿਲ ਕਰਨ ਦਾ ਹੈ। ਮੈਂ ਇਹ ਵੀ ਟੀਚਾ ਰੱਖਿਆ ਹੋਇਆ ਕਿ ਇਸੇ ਸਾਲ ਮੈਂ ਆਪਣੇ ਪ੍ਰਦਰਸ਼ਨ ਵਿੱਚ ਹੋਰ ਵੀ ਸੁਧਾਰ ਕਰਾਂ ਅਤੇ 10.01 ਸੈਕਿੰਡ ਦੇ ਸਮੇਂ ਵਿੱਚ ਆਪਣੀ 100 ਮੀਟਰ ਦੌੜ ਪੂਰੀ ਕਰਾਂl"
ਗੁਰਿੰਦਰ ਸਿੰਘ ਕਹਿੰਦੇ ਹਨ, "ਮੈਂ ਚਾਹੁੰਦਾ ਹਾਂ ਕਿ ਓਲੰਪਿਕ ਵਿੱਚੋਂ ਵੀ ਮੈਡਲ ਹਾਸਿਲ ਕਰਾਂ ਤੇ ਆਉਣ ਵਾਲੇ ਸਮੇਂ ਵਿੱਚ ਆਪਣੇ ਪ੍ਰਦਰਸ਼ਨ ਨੂੰ ਹੋਰ ਵੀ ਸੁਧਾਰਾਂ ਅਤੇ ਆਪਣੀ 100 ਮੀਟਰ ਦੌੜ ਨੌ ਤੋਂ ਸਾਢੇ ਨੌ ਸੈਕਿੰਡ ਵਿੱਚ ਪੂਰੀ ਕਰਾਂ।"
ਪੰਜਾਬ ਵਿੱਚ ਸਹੂਲਤਾਂ ਬਾਰੇ ਕੀ ਬੋਲੇ ਗੁਰਿੰਦਰਵੀਰ
ਗੁਰਿੰਦਰ ਕਹਿੰਦੇ ਹਨ, "ਮੇਰਾ ਪੰਜਾਬ ਛੱਡ ਕੇ ਮੁੰਬਈ ਵਿੱਚ ਰਿਲਾਇੰਸ ਫਾਊਂਡੇਸ਼ਨ ਜੁਆਇਨ ਕਰਨ ਦਾ ਮੁੱਖ ਮਕਸਦ ਇਹ ਸੀ ਕਿ ਉੱਥੇ ਹਰ ਤਰ੍ਹਾਂ ਦੀ ਖਿਡਾਰੀ ਨੂੰ ਸਹੂਲਤ ਮਿਲਦੀ ਹੈ ਜਿਵੇਂ ਪੰਜਾਬ ਵਿੱਚ ਸਾਨੂੰ ਪ੍ਰਤੀ ਦਿਨ 160 ਰੁਪਏ ਦੀ ਡਾਇਟ ਮਿਲਦੀ ਸੀ, ਉਹ ਵੀ ਕਦੇ ਮਿਲ ਜਾਂਦੀ ਕਦੇ ਨਹੀਂ।”
“ਇਸ ਕਰਕੇ ਕਈ ਦਿਨ ਸਾਨੂੰ ਭੁੱਖੇ ਵੀ ਰਹਿਣਾ ਪੈਂਦਾ ਅਤੇ ਕਈ ਵਾਰ ਬਾਹਰੋਂ ਖਾਣਾ ਪੈਂਦਾ, ਜਿਸ ਕਾਰਨ ਮੇਰੀ ਸਿਹਤ ਵੀ ਖਰਾਬ ਹੋ ਗਈ ਸੀ ਤੇ ਮੈਨੂੰ ਰਿਕਵਰ ਹੋਣ ਲਈ ਤਕਰੀਬਨ ਡੇਢ ਸਾਲ ਲੱਗੇ। ਰਿਲਾਇੰਸ ਫਾਊਂਡੇਸ਼ਨ ਵੱਲੋਂ ਇੱਕ ਦਿਨ ਦੀ ਤਕਰੀਬਨ 2000 ਰੁਪਏ ਦੀ ਡਾਇਟ ਦਿੱਤੀ ਜਾਂਦੀ ਹੈ ਅਤੇ ਕੋਚ ਤੋਂ ਲੈ ਕੇ ਹਰ ਪ੍ਰਕਾਰ ਦੀ ਸਹੂਲਤ ਵੀ ਖਿਡਾਰੀ ਨੂੰ ਮਿਲਦੀ ਹੈ।"
ਗੁਰਿੰਦਰ ਸਿੰਘ ਆਪਣੇ ਰੋਲ ਮਾਡਲ ਆਪਣੇ ਪਿਤਾ ਅਤੇ ਕੋਚ ਨੂੰ ਮੰਨਦੇ ਹਨ, ਜਿਨ੍ਹਾਂ ਨੇ ਉਹਨਾਂ ਦਾ ਹਮੇਸ਼ਾ ਸਾਥ ਦਿੱਤਾ ਅਤੇ ਇਸ ਮੁਕਾਮ ਤੱਕ ਪਹੁੰਚਾਇਆ। ਗੁਰਿੰਦਰ ਸਿੰਘ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਦੇ ਰੋਲ ਮਾਡਲ ਸਿੱਖ ਧਰਮ ਦੇ ਸ਼ਹੀਦ ਹਨ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਅੰਦਰ ਹਮੇਸ਼ਾ ਹੌਸਲਾ ਭਰਦਾ ਹੈ।
ਲੋਕਾਂ ਵੱਲੋਂ ਦਿੱਤੇ ਗਏ ਫਲਾਇੰਗ ਸਿੱਖ ਦੇ ਖਿਤਾਬ ਬਾਰੇ ਗੁਰਿੰਦਰਵੀਰ ਸਿੰਘ ਕਹਿੰਦੇ ਹਨ, "ਮੈਨੂੰ ਖੁਸ਼ੀ ਹੈ ਕਿ ਮੈਨੂੰ ਫਲਾਇੰਗ ਸਿੱਖ ਕਹਿ ਕੇ ਲੋਕ ਬੁਲਾ ਰਹੇ ਹਨ ਅਤੇ ਉਸ ਇਨਸਾਨ ਨਾਲ ਯਾਨੀ ਕਿ ਮਿਲਖਾ ਸਿੰਘ ਨਾਲ ਤੁਲਨਾ ਕਰ ਰਹੇ ਨੇ ਜਿਨ੍ਹਾਂ ਨੇ ਅਥਲੈਟਿਕਸ ਵਿੱਚ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ।"
ਗੁਰਿੰਦਰਵੀਰ ਸਿੰਘ ਮਿੱਥ ਤੋੜਨ ਵਿੱਚ ਰਿਹਾ ਕਾਮਯਾਬ
ਸਰਬੀਜਤ ਸਿੰਘ ਦੱਸਦੇ ਹਨ, "ਗੁਰਿੰਦਰ ਨੂੰ ਬਹੁਤ ਲੋਕਾਂ ਨੇ ਕਿਹਾ ਸੀ ਕਿ 100 ਮੀਟਰ ਦੌੜ ਨਾ ਕਰੇ। ਕਿਉਂਕਿ ਇਹ ਦੱਖਣੀ ਭਾਰਤੀ ਲੋਕਾਂ ਦੀ ਖੇਡ ਹੈ। ਉੱਤਰੀ ਭਾਰਤ ਵਿੱਚ ਅਥਲੈਟਿਕਸ ਕਾਮਯਾਬ ਨਹੀਂ ਹੈ।"
ਸਰਬਜੀਤ ਦੱਸਦੇ ਹਨ ਕਿ ਗੁਰਿੰਦਰਵੀਰ ਦੇ ਪੱਕੇ ਇਰਾਦੇ ਤੇ ਸਖ਼ਤ ਮਿਹਨਤ ਸਦਕਾ ਅੱਜ ਇਹ ਮਿੱਥ ਟੁੱਟ ਚੁੱਕੀ ਹੈ ਕਿ ਉੱਤਰੀ ਭਾਰਤ ਵਿੱਚ ਅਥਲੈਟਿਕਸ ਨਹੀਂ ਕੀਤੀ ਜਾ ਸਕਦੀ। ਗੁਰਿੰਦਰਵੀਰ ਨੇ ਕੇਵਲ ਮਿੱਥ ਹੀ ਨਹੀਂ ਤੋੜੀ ਬਲਕਿ ਆਉਣ ਵਾਲੇ ਬੱਚਿਆਂ ਲਈ ਵੀ ਮਿਸਾਲ ਕਾਇਮ ਕੀਤੀ ਹੈ।
ਗੁਰਿੰਦਰ ਨੇ ਵਿਦੇਸ਼ ਜਾਣ ਦਾ ਬਣਾ ਲਿਆ ਸੀ ਮਨ
ਗੁਰਿੰਦਰਵੀਰ ਸਿੰਘ ਦੇ ਪਿਤਾ ਕਮਲਜੀਤ ਸਿੰਘ ਦੱਸਦੇ ਹਨ, "ਗੁਰਿੰਦਰਵੀਰ ਦੀ ਜ਼ਿੰਦਗੀ ਵਿੱਚ ਇਕ ਅਜਿਹਾ ਸਮਾਂ ਵੀ ਆਇਆ ਸੀ ਜਦੋਂ ਉਸਨੇ ਵਿਦੇਸ਼ ਜਾਣ ਦਾ ਮਨ ਬਣਾ ਲਿਆ ਸੀ। ਕਿਉਂਕਿ ਕੁੱਝ ਸਾਲ ਗੁਰਿੰਦਰਵੀਰ ਚੰਗੀ ਪਰਫਾਰਮੈਂਸ ਨਹੀਂ ਕਰ ਪਾ ਰਹੇ ਸਨ ਤਾਂ ਮੈਂ ਬੇਟੇ ਨੂੰ ਕਿਹਾ ਸੀ ਕਿ ਕੁਝ ਸਮਾਂ ਇੰਤਜ਼ਾਰ ਕਰ ਤੇ ਮਿਹਨਤ ਕਰ।"
ਗੁਰਿੰਦਰਵੀਰ ਦਾ ਇਕ ਭਰਾ ਪਹਿਲਾਂ ਹੀ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਆਪਣੇ ਦੂਜੇ ਬੱਚੇ ਨੂੰ ਵੀ ਦੂਰ ਵਿਦੇਸ਼ ਨਹੀਂ ਭੇਜਣਾ ਚਾਹੁੰਦੇ ਸੀ।
ਕਮਲਜੀਤ ਸਿੰਘ ਦੱਸਦੇ ਹਨ, "ਮੈਂ ਵਾਲੀਬਾਲ ਦਾ ਕੌਮੀ ਪੱਧਰ ਦਾ ਖਿਡਾਰੀ ਰਿਹਾ ਹਾਂ। ਮੇਰੇ ਕਈ ਸਾਥੀ ਚੰਗੀਆਂ ਪੋਸਟ 'ਤੇ ਕੰਮ ਕਰ ਰਹੇ ਹਨ। ਮੇਰੀ ਵੀ ਇੱਛਾ ਸੀ ਕਿ ਜੋ ਸੁਪਨਾ ਮੈਂ ਪੂਰਾ ਨਹੀਂ ਕਰ ਸਕਿਆ ਉਹ ਮੇਰਾ ਪੁੱਤਰ ਪੂਰਾ ਕਰੇ। ਜਿਸ ਤਰ੍ਹਾਂ ਨਾਲ ਗੁਰਿੰਦਰ ਨੇ ਮਿਹਨਤ ਕੀਤੀ ਹੈ ਮੈਨੂੰ ਪੂਰੀ ਉਮੀਦ ਹੈ ਇਕ ਨਾ ਇਕ ਦਿਨ ਮੇਰਾ ਸੁਪਨਾ ਜ਼ਰੂਰ ਪੂਰਾ ਹੋਵੇਗਾ।"
ਫਲਾਇੰਗ ਸਿੱਖ ਦੇ ਨਾਮ ਨਾਲ ਵੀ ਜਾਣਿਆ ਜਾ ਰਿਹਾ
ਗੁਰਿੰਦਰਵੀਰ ਸਿੰਘ ਨੇ ਜਿਸ ਤਰ੍ਹਾਂ ਆਪਣੀ ਤੇਜ਼ ਤਰਾਰ ਦੌੜ ਨਾਲ ਵੱਖਰੀ ਪਛਾਣ ਬਣਾਈ ਹੈ, ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਫਲਾਇੰਗ ਸਿੱਖ ਦਾ ਨਾਮ ਵੀ ਦਿੱਤਾ ਜਾ ਰਿਹਾ ਹੈ।
ਗੁਰਿੰਦਰਵੀਰ ਸਿੰਘ ਦੀ ਤੁਲਨਾ ਮਿਲਖਾ ਸਿੰਘ ਨਾਲ ਵੀ ਹੋ ਰਹੀ ਹੈ। ਇਸ ਨਾਮ ਪਿੱਛੇ ਕੋਚ ਸਰਬਜੀਤ ਸਿੰਘ ਕਹਿੰਦੇ ਹਨ ਕਿ ਖੁਸ਼ੀ ਹੁੰਦੀ ਹੈ ਜਦੋਂ ਲੋਕ ਇਸ ਤਰ੍ਹਾਂ ਨਾਲ ਬੱਚੇ ਨੂੰ ਬੁਲਾਉਂਦੇ ਹਨ ਜਾਂ ਤਾਰੀਫ਼ ਕਰਦੇ ਹਨ। ਹਾਲਾਂਕਿ ਉਹ ਕਹਿੰਦੇ ਹਨ ਕਿ ਮਿਲਖਾ ਸਿੰਘ ਦਾ ਈਵੈਂਟ ਅਲੱਗ ਸੀ।
ਜਦੋਂ ਪੈਸੇ ਨਾ ਹੋਣ ਕਾਰਨ ਵੇਚਣਾ ਪਿਆ ਸੀ ਸਮਾਨ
ਗੁਰਿੰਦਰਵੀਰ ਸਿੰਘ ਦੇ ਕੋਚ ਸਰਬਜੀਤ ਦੱਸਦੇ ਹਨ, "ਇਕ ਵਾਰ ਜਦੋਂ ਅਸੀਂ ਹੈਦਰਾਬਾਦ ਤੋਂ ਖੇਡ ਕੇ ਵਾਪਸ ਪਰਤਣਾ ਸੀ ਤਾਂ ਸਾਡੇ ਕੋਲ ਏਅਰਪੋਰਟ ਤੱਕ ਜਾਣ ਲਈ ਪੈਸੇ ਘੱਟ ਸਨ। ਅਸੀਂ ਇਕ ਸਾਂਝੀ ਟੈਕਸੀ ਕੀਤੀ ਤੇ ਉਹ ਟੈਕਸੀ ਵਾਲਾ ਸਾਨੂੰ ਕਿਤੇ ਹੋਰ ਲੈ ਕੇ ਚਲਾ ਗਿਆ। ਸਾਡੇ ਕੋਲ ਜੋ ਸਾਮਾਨ ਸੀ, ਉਹ ਅਸੀਂ ਟੈਕਸੀ ਵਾਲੇ ਨੂੰ ਦਿੱਤਾ ਅਤੇ ਕਿਸੇ ਨਾ ਕਿਸੇ ਤਰੀਕੇ ਅਸੀਂ ਏਅਰਪੋਰਟ 'ਤੇ ਪਹੁੰਚੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ