You’re viewing a text-only version of this website that uses less data. View the main version of the website including all images and videos.
ਬਲਦੇਵ ਸਿੰਘ ਦੀ ਕਹਾਣੀ, ਜਿਨ੍ਹਾਂ ਨੇ ਕੁੜੀਆਂ ਦੇ ਹੱਥ ਹਾਕੀ ਫੜ੍ਹਾ ਕੇ ਬਦਲ ਦਿੱਤੀ ਉਨ੍ਹਾਂ ਦੀ ਤਕਦੀਰ ਤੇ ਦੇਸ਼ ਨੂੰ ਦਿੱਤੀਆਂ ਸ਼ਾਨਦਾਨ ਖਿਡਾਰਨਾਂ
- ਲੇਖਕ, ਸੌਰਭ ਦੁੱਗਲ
- ਰੋਲ, ਖੇਡ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਵਸਿਆ ਇੱਕ ਕਸਬਾ ਹੈ, ਸ਼ਾਹਬਾਦ ਮਾਰਕੰਡਾ। ਇੱਕ ਸਮਾਂ ਸੀ ਜਦੋਂ ਇੱਥੇ ਕੁੜੀਆਂ ਨੂੰ ਇੱਕ 'ਬੋਝ ਜਾਂ ਬਦਕਿਸਮਤੀ' ਸਮਝਿਆ ਜਾਂਦਾ ਸੀ।
2011 ਦੀ ਜਨਗਣਨਾ ਦੇ ਅੰਕੜੇ ਇਸ ਕੌੜੀ ਸੱਚਾਈ ਨੂੰ ਦਰਸਾਉਂਦੇ ਸਨ, 1,000 ਮੁੰਡਿਆਂ 'ਤੇ ਸਿਰਫ਼ 797 ਕੁੜੀਆਂ, ਜੋ ਦੇਸ਼ ਦੇ ਸਭ ਤੋਂ ਮਾੜੇ ਬਾਲ ਲਿੰਗ ਅਨੁਪਾਤਾਂ ਵਿੱਚੋਂ ਇੱਕ ਸੀ।
ਪਰ ਅੱਜ, ਸ਼ਾਹਬਾਦ ਦੀ ਪਛਾਣ ਬਿਲਕੁਲ ਵੱਖਰੀ ਹੈ।
ਇਸ ਕਸਬੇ ਦੀਆਂ 70 ਤੋਂ ਵੱਧ ਧੀਆਂ ਨੇ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਜਰਸੀ ਪਹਿਨੀ ਹੈ, ਜਦਕਿ 200 ਤੋਂ ਵੱਧ ਕੁੜੀਆਂ ਨੇ ਕੌਮੀ ਪੱਧਰ 'ਤੇ ਮੈਡਲ ਜਿੱਤੇ ਹਨ।
ਇਸ ਕਸਬੇ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਸੱਤ ਕਪਤਾਨ, ਤਿੰਨ ਓਲੰਪੀਅਨ ਅਤੇ ਤਿੰਨ ਅਰਜੁਨ ਐਵਾਰਡ ਜੇਤੂ ਖਿਡਾਰਣਾਂ ਦਿੱਤੀਆਂ ਹਨ। ਭਾਰਤ ਦੇ ਕਿਸੇ ਵੀ ਹੋਰ ਕਸਬੇ ਨੇ ਮਹਿਲਾ ਟੀਮ ਨੂੰ ਇੰਨੀਆਂ ਕਪਤਾਨ ਨਹੀਂ ਦਿੱਤੀਆਂ ਹਨ।
ਇਸ ਸ਼ਾਨਦਾਰ ਬਦਲਾਅ ਦੇ ਪਿੱਛੇ ਹਨ ਹਾਕੀ ਦੇ ਦਿੱਗਜ ਕੋਚ ਬਲਦੇਵ ਸਿੰਘ, ਜਿਨ੍ਹਾਂ ਨੂੰ ਭਾਰਤੀ ਖੇਡਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ 25 ਮਈ ਨੂੰ 'ਪਦਮ ਸ਼੍ਰੀ' ਨਾਲ ਸਨਮਾਨਿਤ ਕੀਤਾ ਜਾਵੇਗਾ।
ਬਲਦੇਵ ਸਿੰਘ ਨੇ ਸ਼ਾਹਾਬਾਦ ਵਿੱਚ ਜੋ ਖੜ੍ਹਾ ਕੀਤਾ, ਉਹ ਸਿਰਫ਼ ਮਹਿਲਾ ਹਾਕੀ ਲਈ ਇੱਕ ਕਾਮਯਾਬ ਪ੍ਰਣਾਲੀ ਨਹੀਂ ਸੀ। ਉਨ੍ਹਾਂ ਨੇ ਇੱਕ ਸਮਾਜਿਕ ਅੰਦੋਲਨ ਖੜ੍ਹਾ ਕੀਤਾ ਜਿਸ ਨੇ ਰਵਾਇਤੀ ਸਮਾਜ ਵਿੱਚ ਕੁੜੀਆਂ ਦੀ ਸਥਿਤੀ ਬਦਲ ਦਿੱਤੀ ਅਤੇ ਹਾਕੀ ਨੂੰ ਆਰਥਿਕ ਸਸ਼ਕਤੀਕਰਨ ਅਤੇ ਸਨਮਾਨ ਦਾ ਸਾਧਨ ਬਣਾ ਦਿੱਤਾ।
ਸ਼ੁਰੂਆਤ ਆਸਾਨ ਨਹੀਂ ਸੀ
ਦ੍ਰੋਣਾਚਾਰਿਆ ਐਵਾਰਡ ਜੇਤੂ 75 ਸਾਲਾ ਬਲਦੇਵ ਸਿੰਘ ਕਹਿੰਦੇ ਹਨ, "ਸ਼ਾਹਬਾਦ ਦੀਆਂ ਜ਼ਿਆਦਾਤਰ ਕੁੜੀਆਂ ਬਹੁਤ ਹੀ ਸਧਾਰਣ ਪਰਿਵਾਰਾਂ ਤੋਂ ਆਉਂਦੀਆਂ ਸਨ। ਅੱਜ ਉਨ੍ਹਾਂ ਵਿੱਚੋਂ ਜ਼ਿਆਦਾਤਰ ਕੁੜੀਆਂ ਚੰਗੀ ਤਰ੍ਹਾਂ ਸੈਟਲ ਹਨ, ਸਮਾਜ ਵਿੱਚ ਉਨ੍ਹਾਂ ਨੂੰ ਸਨਮਾਨ ਮਿਲਦਾ ਹੈ ਅਤੇ ਹਾਕੀ ਦੇ ਦਮ 'ਤੇ ਉਨ੍ਹਾਂ ਨੇ ਆਪਣੇ ਪਰਿਵਾਰਾਂ ਦੀ ਆਰਥਿਕ ਅਤੇ ਸਮਾਜਿਕ ਹਾਲਤ ਵਿੱਚ ਜ਼ਬਰਦਸਤ ਸੁਧਾਰ ਕੀਤਾ ਹੈ। ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ।"
ਬਲਦੇਵ ਸਿੰਘ ਯਾਦ ਕਰਦੇ ਹੋਏ ਦੱਸਦੇ ਹਨ, "ਮੈਂ 1 ਜਨਵਰੀ, 1982 ਨੂੰ ਸ਼ਾਹਬਾਦ ਆਇਆ ਸੀ। ਉਸ ਵੇਲੇ ਇਸ ਕਸਬੇ ਵਿੱਚ ਹਾਕੀ ਦਾ ਕੋਈ ਮੈਦਾਨ ਹੀ ਨਹੀਂ ਸੀ। ਆਰਿਆ ਸਕੂਲ ਵਿੱਚ ਕੁਝ ਖਾਲ੍ਹੀ ਜਗ੍ਹਾ ਸੀ।"
"ਇਸ ਲਈ ਮੈਂ ਮੈਨੇਜਮੈਂਟ ਨੂੰ ਬੇਨਤੀ ਕੀਤੀ ਕਿ ਮੈਨੂੰ ਉੱਥੇ ਹਾਕੀ ਦਾ ਇੱਕ ਮੈਦਾਨ ਤਿਆਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਹ ਮੰਨ ਗਏ, ਪਰ ਇੱਕ ਸ਼ਰਤ ਨਾਲ - ਕਿਉਂਕਿ ਇਹ ਕੁੜੀਆਂ ਦਾ ਸਕੂਲ ਸੀ, ਇਸ ਲਈ ਸਿਰਫ਼ ਕੁੜੀਆਂ ਨੂੰ ਹੀ ਖੇਡਣ ਦੀ ਇਜਾਜ਼ਤ ਹੋਵੇਗੀ। ਇਸੇ ਤਰ੍ਹਾਂ ਸ਼ਾਹਬਾਦ ਵਿੱਚ ਮਹਿਲਾ ਹਾਕੀ ਦੀ ਸ਼ੁਰੂਆਤ ਹੋਈ।"
ਸ਼ੁਰੂਆਤ ਬਿਲਕੁਲ ਵੀ ਆਸਾਨ ਨਹੀਂ ਸੀ। ਸ਼ਹਿਰ ਵਿੱਚ ਖੇਡਾਂ ਦਾ ਮਾਹੌਲ ਬਹੁਤ ਘੱਟ ਸੀ, ਖ਼ਾਸ ਕਰਕੇ ਕੁੜੀਆਂ ਲਈ।
ਉਹ ਦੱਸਦੇ ਹਨ, "ਸ਼ੁਰੂ ਵਿੱਚ, ਕੁੜੀਆਂ ਸ਼ਾਰਟਸ ਪਾ ਕੇ ਖੇਡਣ ਵਿੱਚ ਹਿਚਕ ਮਹਿਸੂਸ ਕਰਦਿਆਂ ਸਨ ਅਤੇ ਮੈਦਾਨ 'ਤੇ ਸਲਵਾਰ-ਕਮੀਜ਼ ਪਾ ਕੇ ਆਉਂਦੀਆਂ ਸਨ। ਹੌਲੀ-ਹੌਲੀ, ਸਮੇਂ ਅਤੇ ਆਤਮਵਿਸ਼ਵਾਸ ਦੇ ਨਾਲ, ਉਹ ਸਹੀ ਸਪੋਰਟਸਵੇਅਰ ਪਹਿਨਣ ਲੱਗ ਪਈਆਂ।"
1982 ਅਤੇ 1986 ਦੇ ਵਿਚਕਾਰ ਆਪਣੇ ਸ਼ੁਰੂਆਤੀ ਕਾਰਜਕਾਲ ਤੋਂ ਬਾਅਦ, ਬਲਦੇਵ ਸਿੰਘ ਸਿਰਸਾ ਦੇ ਜੀਵਨ ਨਗਰ ਚਲੇ ਗਏ ਅਤੇ ਫਿਰ 1992 ਵਿੱਚ ਸ਼ਾਹਬਾਦ ਵਾਪਸ ਆਏ। ਉਦੋਂ ਤੱਕ, ਉਨ੍ਹਾਂ ਨੇ ਸਥਾਨਕ ਭਾਈਚਾਰੇ ਦਾ ਭਰੋਸਾ ਜਿੱਤ ਲਿਆ ਸੀ।
ਉਨ੍ਹਾਂ ਨੇ ਯਾਦ ਕਰਦੇ ਹੋਏ ਕਿਹਾ, "ਆਪਣੇ ਸ਼ੁਰੂਆਤੀ ਕਾਰਜਕਾਲ ਦੌਰਾਨ, ਮੈਂ ਸਥਾਨਕ ਲੋਕਾਂ ਨਾਲ ਚੰਗੇ ਸਬੰਧ ਬਣਾ ਲਏ ਸਨ ਅਤੇ ਜਦੋਂ ਮੈਂ 1992 ਵਿੱਚ ਵਾਪਸ ਆਇਆ, ਤਾਂ ਪਰਿਵਾਰਾਂ ਨੂੰ ਮੇਰੇ 'ਤੇ ਇੰਨਾ ਭਰੋਸਾ ਸੀ ਕਿ ਉਹ ਆਪਣੀਆਂ ਕੁੜੀਆਂ ਨੂੰ ਮੈਦਾਨ 'ਤੇ ਭੇਜਣ ਲੱਗ ਪਏ।"
"ਮੈਂ ਅਕਸਰ ਮਾਪਿਆਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਜਾਂਦਾ ਸੀ। ਪਰ ਜਦੋਂ ਕੁੜੀਆਂ ਨੂੰ ਨੌਕਰੀਆਂ ਅਤੇ ਨਕਦ ਇਨਾਮ ਮਿਲਣ ਲੱਗ ਪਏ, ਤਾਂ ਲੋਕਾਂ ਦਾ ਨਜ਼ਰੀਆ ਬਦਲ ਗਿਆ।"
ਇੱਕ ਵਾਰ ਫਿਰ, ਉਨ੍ਹਾਂ ਨੇ ਬਿਲਕੁਲ ਨਵੇਂ ਸਿਰਿਓਂ ਸ਼ੁਰੂਆਤ ਕੀਤੀ।
ਉਨ੍ਹਾਂ ਯਾਦ ਕਰਦੇ ਦੱਸਿਆ, "ਅਸੀਂ ਖਾਲਸਾ ਸਕੂਲ ਵਿੱਚ ਇੱਕ ਹੋਰ ਮੈਦਾਨ ਤਿਆਰ ਕੀਤਾ। ਜ਼ਿਆਦਾਤਰ ਕੁੜੀਆਂ ਗਰੀਬ ਪਰਿਵਾਰਾਂ ਅਤੇ ਵਾਂਝੇ ਵਰਗਾਂ ਤੋਂ ਆਉਂਦੀਆਂ ਸਨ, ਪਰ ਉਹ ਬਹੁਤ ਮਿਹਨਤੀ ਸਨ। ਮੈਨੂੰ ਹਮੇਸ਼ਾ ਯਕੀਨ ਸੀ ਕਿ ਜੇ ਉਨ੍ਹਾਂ ਨੂੰ ਸਹੀ ਮੌਕਾ ਦਿੱਤਾ ਜਾਵੇ ਤਾਂ ਇਹ ਕੁੜੀਆਂ ਕੁਝ ਬਹੁਤ ਵੱਡਾ ਹਾਸਲ ਕਰ ਸਕਦੀਆਂ ਹਨ।"
ਇੱਕ ਯਕੀਨ ਜੋ ਖ਼ਾਮੋਸ਼ ਕ੍ਰਾਂਤੀ ਵਿੱਚ ਬਦਲ ਗਿਆ
ਉਨ੍ਹਾਂ ਅੱਗੇ ਕਿਹਾ, "ਆਪਣੇ ਹਾਕੀ ਕਰੀਅਰ ਦੌਰਾਨ ਮੈਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਫ਼ੈਸਲਾ ਕੀਤਾ ਕਿ ਮੇਰੇ ਟ੍ਰੇਨੀਜ਼ ਨੂੰ ਕਦੇ ਵੀ ਉਨ੍ਹਾਂ ਮੁਸ਼ਕਲਾਂ ਵਿੱਚੋਂ ਨਾ ਲੰਘਣਾ ਪਵੇ।"
"ਕਈ ਕੁੜੀਆਂ ਹਾਕੀ ਸਟਿਕ ਨਹੀਂ ਖਰੀਦ ਸਕਦੀਆਂ ਸਨ, ਇਸ ਲਈ ਮੈਂ ਖੁਦ ਉਨ੍ਹਾਂ ਲਈ ਇੰਤਜ਼ਾਮ ਕੀਤਾ। ਸਾਡੀ ਇੱਕ ਹੋਰ ਚੰਗੀ ਰੀਤ ਸੀ, ਜਿਸ ਵਿੱਚ ਸੀਨੀਅਰ ਇੰਟਰਨੈਸ਼ਨਲ ਖਿਡਾਰਣਾਂ ਆਪਣੀਆਂ ਵਾਧੂ ਟੀ-ਸ਼ਰਟਾਂ ਅਤੇ ਟਰੈਕਸੂਟ ਉਨ੍ਹਾਂ ਛੋਟੀਆਂ ਕੁੜੀਆਂ ਲਈ ਲਿਆਉਂਦੀਆਂ ਸਨ, ਜੋ ਖਰੀਦ ਨਹੀਂ ਸਕਦੀਆਂ ਸਨ।"
ਸਮੇਂ ਦੇ ਨਾਲ ਉਹ ਯਕੀਨ ਇੱਕ ਖਾਮੋਸ਼ ਕ੍ਰਾਂਤੀ ਵਿੱਚ ਬਦਲ ਗਿਆ।
1993 ਵਿੱਚ ਸ਼ਾਹਬਾਦ ਨੇ ਹਿਸਾਰ ਵਿੱਚ ਹੋਏ ਇੱਕ ਮਹਿਲਾ ਹਾਕੀ ਫੈਸਟੀਵਲ ਵਿੱਚ ਹਿੱਸਾ ਲਿਆ, ਪਰ ਮਜ਼ਬੂਤ ਟੀਮਾਂ ਦੇ ਸਾਹਮਣੇ ਉਹ ਟਿਕ ਨਹੀਂ ਸਕੇ।
ਹਰਿਆਣਾ ਖੇਡ ਵਿਭਾਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨਾਮਧਾਰੀ ਹਾਕੀ ਟੀਮ, ਭੈਣੀ ਸਾਹਿਬ ਨਾਲ ਆਪਣੇ ਕੋਚਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਬਲਦੇਵ ਸਿੰਘ ਯਾਦ ਕਰਦੇ ਹਨ, "ਉਹੀ ਪਲ਼ ਸੀ ਜਦੋਂ ਮੈਂ ਫ਼ੈਸਲਾ ਕੀਤਾ ਕਿ ਇੱਕ ਦਿਨ ਸ਼ਾਹਬਾਦ ਭਾਰਤ ਦੇ ਟਾਪ ਮਹਿਲਾ ਹਾਕੀ ਸੈਂਟਰਾਂ ਵਿੱਚੋਂ ਇੱਕ ਬਣੇਗਾ।"
ਟਰਨਿੰਗ ਪੁਆਇੰਟ ਆਇਆ 1997 ਵਿੱਚ ਜਲੰਧਰ ਵਿੱਚ ਹੋਈ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ। ਹਰਿਆਣਾ ਨੇ, ਜਿਸ ਵਿੱਚ ਜ਼ਿਆਦਾਤਰ ਖਿਡਾਰਨਾਂ ਸ਼ਾਹਬਾਦ ਦੀਆਂ ਸਨ, ਫਾਈਨਲ ਵਿੱਚ ਓਡੀਸ਼ਾ ਨੂੰ ਹਰਾ ਕੇ ਖਿਤਾਬ ਜਿੱਤਿਆ।
ਬਲਦੇਵ ਸਿੰਘ ਮੁਤਾਬਕ, "ਉਸ ਜਿੱਤ ਤੋਂ ਬਾਅਦ ਸ਼ਾਹਬਾਦ ਦੀਆਂ ਕੁੜੀਆਂ ਨੇ ਸਾਲਾਂ ਤੱਕ ਘਰੇਲੂ ਮਹਿਲਾ ਹਾਕੀ 'ਤੇ ਆਪਣਾ ਦਬਦਬਾ ਬਣਾਈ ਰੱਖਿਆ।"
ਜਲਦ ਹੀ, ਸ਼ਾਹਬਾਦ ਭਾਰਤੀ ਮਹਿਲਾ ਹਾਕੀ ਦੀ ਰੀੜ੍ਹ ਦੀ ਹੱਡੀ ਬਣ ਗਿਆ।
1998 ਦੀਆਂ ਏਸ਼ੀਆਈ ਖੇਡਾਂ ਵਿੱਚ ਸਿਲਵਰ ਮੈਡਲ ਤੋਂ ਲੈ ਕੇ 2002 ਦੀਆਂ ਕਾਮਨਵੈਲਥ ਖੇਡਾਂ ਵਿੱਚ ਇਤਿਹਾਸਕ ਗੋਲਡ ਮੈਡਲ ਤੱਕ ਅਤੇ 2020 ਦੇ ਟੋਕਿਓ ਓਲੰਪਿਕ ਵਿੱਚ ਭਾਰਤ ਦੇ ਚੌਥੇ ਸਥਾਨ 'ਤੇ ਰਹਿਣ ਤੱਕ, ਸ਼ਾਹਬਾਦ ਦੀਆਂ ਖਿਡਾਰਣਾਂ ਭਾਰਤੀ ਮਹਿਲਾ ਹਾਕੀ ਦੇ ਉਭਾਰ ਦੇ ਕੇਂਦਰ ਵਿੱਚ ਰਹੀਆਂ।
ਜਦੋਂ ਭਾਰਤੀ ਮਹਿਲਾ ਹਾਕੀ ਟੀਮ ਨੇ 36 ਸਾਲਾਂ ਬਾਅਦ 2016 ਦੇ ਰਿਓ ਓਲੰਪਿਕ ਲਈ ਕੁਆਲੀਫਾਈ ਕੀਤਾ, ਤਾਂ ਸ਼ਾਹਬਾਦ ਦੀਆਂ ਦੋ ਖਿਡਾਰਣਾਂ, ਰਾਣੀ ਰਾਮਪਾਲ ਅਤੇ ਨਵਜੋਤ ਕੌਰ ਟੀਮ ਦਾ ਹਿੱਸਾ ਸਨ। 2020 ਦੇ ਟੋਕਿਓ ਓਲੰਪਿਕ ਵਿੱਚ ਰਾਣੀ ਰਾਮਪਾਲ ਨੇ ਨਵਜੋਤ ਕੌਰ ਅਤੇ ਨਵਨੀਤ ਕੌਰ ਦੇ ਨਾਲ ਮਿਲ ਕੇ ਭਾਰਤ ਦੀ ਕਪਤਾਨੀ ਕੀਤੀ।
ਸ਼ਾਹਾਬਾਦ ਨੇ ਦਿੱਤੀਆਂ 7 ਕਪਤਾਨਾਂ
ਲਗਭਗ ਤਿੰਨ ਦਹਾਕਿਆਂ ਤੱਕ, ਕਿਸੇ ਵੀ ਉਮਰ ਵਰਗ ਦੀ ਭਾਰਤੀ ਮਹਿਲਾ ਹਾਕੀ ਟੀਮ ਕਿਸੇ ਵਿਦੇਸ਼ੀ ਦੌਰੇ 'ਤੇ ਜਾਂਦੀ, ਤਾਂ ਉਸ 'ਚ ਘੱਟੋ-ਘੱਟ ਇੱਕ ਖਿਡਾਰਣ ਤਾਂ ਸ਼ਾਹਬਾਦ ਦੀ ਹੁੰਦੀ ਹੀ ਸੀ।
ਬਲਦੇਵ ਸਿੰਘ ਯਾਦ ਕਰਦੇ ਹਨ, "ਮੇਰੇ ਲਈ ਅਨੁਸ਼ਾਸਨ ਹੀ ਸਭ ਕੁਝ ਸੀ। ਮੇਰਾ ਪਰਿਵਾਰ ਲੁਧਿਆਣਾ ਵਿੱਚ ਰਹਿੰਦਾ ਸੀ, ਪਰ ਕਈ ਵਾਰ ਅਜਿਹਾ ਹੁੰਦਾ ਸੀ ਕਿ ਮੈਂ ਲਗਾਤਾਰ ਛੇ ਮਹੀਨੇ ਤੋਂ ਇੱਕ ਸਾਲ ਤੱਕ ਉਨ੍ਹਾਂ ਨੂੰ ਮਿਲਣ ਨਹੀਂ ਜਾਂਦਾ ਸੀ। ਮੈਂ ਪੂਰੀ ਲਗਨ ਨਾਲ ਕੋਚਿੰਗ ਦਿੱਤੀ ਅਤੇ ਇਸੇ ਕਰਕੇ ਸ਼ਾਹਬਾਦ ਨੂੰ ਨਤੀਜੇ ਮਿਲੇ।"
ਭਾਰਤੀ ਮਹਿਲਾ ਹਾਕੀ ਟੀਮ ਦੀਆਂ ਸੱਤ ਕਪਤਾਨ, ਸੰਦੀਪ ਕੌਰ, ਸੁਰਿੰਦਰ ਕੌਰ, ਜਸਜੀਤ ਕੌਰ, ਰਿਤੂ ਰਾਣੀ, ਰਾਣੀ ਰਾਮਪਾਲ, ਸੁਮਨ ਬਾਲਾ ਅਤੇ ਨਵਨੀਤ ਕੌਰ, ਸਭ ਸ਼ਾਹਬਾਦ ਤੋਂ ਸਨ।
ਪਰ ਅਸਲ ਕਹਾਣੀ ਤਮਗਿਆਂ ਅਤੇ ਟਰਾਫੀਆਂ ਤੋਂ ਕਾਫ਼ੀ ਅੱਗੇ ਸੀ।
ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੀਆਂ ਸੈਂਕੜੇ ਕੁੜੀਆਂ ਲਈ ਹਾਕੀ ਗਰੀਬੀ ਅਤੇ ਗੁੰਮਨਾਮੀ ਤੋਂ ਬਾਹਰ ਨਿਕਲਣ ਦਾ ਇੱਕ ਸਾਧਨ ਬਣ ਗਈ।
100 ਤੋਂ ਵੱਧ ਕੁੜੀਆਂ ਨੇ ਖੇਡ ਕੋਟੇ ਰਾਹੀਂ ਰੇਲਵੇ, ਅਰਧ-ਸੈਨਿਕ ਬਲਾਂ, ਹਰਿਆਣਾ ਪੁਲਿਸ, ਆਮਦਨ ਕਰ ਵਿਭਾਗ ਅਤੇ ਹੋਰ ਸੇਵਾਵਾਂ ਵਿੱਚ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ। ਇਨ੍ਹਾਂ ਨੌਕਰੀਆਂ ਨੇ ਉਨ੍ਹਾਂ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਦਿੱਤੀ, ਜੋ ਪੀੜ੍ਹੀਆਂ ਤੋਂ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਹੇ ਸਨ।
ਭਾਰਤ ਦੀ ਸਾਬਕਾ ਕਪਤਾਨ ਅਤੇ ਅਰਜੁਨ ਪੁਰਸਕਾਰ ਜੇਤੂ ਜਸਜੀਤ ਕੌਰ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਦੇ ਮੁਸ਼ਕਿਲ ਭਰੇ ਸਾਲ ਅੱਜ ਵੀ ਯਾਦ ਹਨ, ਉਸ ਵੇਲੇ ਉਹ ਚੌਥੀ ਕਲਾਸ ਵਿੱਚ ਪੜ੍ਹਦੇ ਸਨ।
ਉਨ੍ਹਾਂ ਯਾਦ ਕਰਦਿਆਂ ਕਿਹਾ, "ਸਾਡੀਆਂ ਮਾਵਾਂ ਘਰ ਦਾ ਖਰਚਾ ਚਲਾਉਣ ਲਈ ਸਿਲਾਈ ਦਾ ਕੰਮ ਕਰਦੀਆਂ ਸਨ। ਹਾਕੀ ਕਰਕੇ ਹੀ ਅਸੀਂ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰ ਸਕੀਆਂ ਹਾਂ।"
ਜਸਜੀਤ ਕੌਰ ਨੇ ਦੱਸਿਆ ਕਿ ਟਰਨਿੰਗ ਪੁਆਇੰਟ ਉਦੋਂ ਆਇਆ ਜਦੋਂ ਭਾਰਤ ਨੇ 2003 ਦੀਆਂ ਐਫ਼ਰੋ-ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ।
ਉਨ੍ਹਾਂ ਦੱਸਿਆ, "ਹਰਿਆਣਾ ਸਰਕਾਰ ਨੇ ਸਾਨੂੰ ਨਕਦ ਇਨਾਮ ਵਜੋਂ 10 ਲੱਖ ਰੁਪਏ ਦਿੱਤੇ ਅਤੇ ਉਸ ਪੈਸੇ ਨਾਲ ਮੈਂ ਆਪਣੇ ਪਰਿਵਾਰ ਲਈ ਇੱਕ ਘਰ ਬਣਵਾਇਆ। ਬਾਅਦ ਵਿੱਚ, ਮੇਰੀ ਚਚੇਰੀ ਭੈਣ ਰਾਜਵਿੰਦਰ ਨੂੰ 2004 ਵਿੱਚ ਰੇਲਵੇ ਵਿੱਚ ਨੌਕਰੀ ਮਿਲ ਗਈ ਅਤੇ ਮੈਨੂੰ 2006 ਵਿੱਚ। ਇਹ ਸਭ ਹਾਕੀ ਅਤੇ ਬਲਦੇਵ ਸਰ ਦੀ ਵਜ੍ਹਾ ਨਾਲ ਹੀ ਸੰਭਵ ਹੋਇਆ।"
ਹਾਕੀ ਨੇ ਇਨ੍ਹਾਂ ਕੁੜੀਆਂ ਨੂੰ ਸਿਰਫ਼ ਆਤਮਨਿਰਭਰ ਹੀ ਨਹੀਂ ਬਣਾਇਆ, ਸਗੋਂ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਅਜਿਹਾ ਮਜ਼ਬੂਤ ਸਹਾਰਾ ਵੀ ਬਣਾਇਆ, ਜਿਸ 'ਤੇ ਉਨ੍ਹਾਂ ਦੇ ਪਰਿਵਾਰ ਪੂਰੀ ਤਰ੍ਹਾਂ ਨਿਰਭਰ ਕਰ ਸਕਦੇ ਸਨ।
ਬੇਜ਼ਮੀਨ ਕਿਸਾਨ ਦੀ ਧੀ ਸੁਰਿੰਦਰ ਕੌਰ ਭਾਰਤੀ ਟੀਮ ਦੀ ਕਪਤਾਨ ਬਣੀ ਅਤੇ ਅੱਜ ਹਰਿਆਣਾ ਪੁਲਿਸ ਵਿੱਚ ਡੀਐੱਸਪੀ ਵਜੋਂ ਸੇਵਾਵਾ ਨਿਭਾ ਰਹੀ ਹੈ।
ਸਮਾਜਿਕ ਬਦਲਾਅ ਦਾ ਪ੍ਰਤੀਕ
ਰਾਣੀ ਰਾਮਪਾਲ ਦੇ ਪਿਤਾ ਰੇਹੜੀ ਖਿੱਚ ਕੇ ਗੁਜ਼ਾਰਾ ਕਰਦੇ ਸਨ ਅਤੇ ਪਰਿਵਾਰ ਝੁੱਗੀ ਵਿੱਚ ਰਹਿੰਦਾ ਸੀ। ਹਾਕੀ ਰਾਹੀਂ ਰਾਣੀ ਨਾ ਸਿਰਫ਼ ਭਾਰਤ ਦੀਆਂ ਸਭ ਤੋਂ ਵਧੀਆ ਖਿਡਾਰਣਾਂ ਵਿੱਚੋਂ ਇੱਕ ਬਣੀ, ਸਗੋਂ ਉਸ ਨੇ ਆਪਣੇ ਪਰਿਵਾਰ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ।
ਫਿਰ ਆਉਂਦਾ ਹੈ ਸੈਣੀ ਪਰਿਵਾਰ, ਜੋ ਸ਼ਾਇਦ ਸ਼ਾਹਬਾਦ ਦੀ ਹਾਕੀ ਕ੍ਰਾਂਤੀ ਦਾ ਸਭ ਤੋਂ ਸ਼ਾਨਦਾਰ ਪ੍ਰਤੀਕ ਹੈ। ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੀਆਂ ਭੈਣਾਂ ਕਿਰਨ ਬਾਲਾ, ਸਿਮਰਜੀਤ ਕੌਰ ਅਤੇ ਬਲਵਿੰਦਰ ਕੌਰ, ਸਭ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਅਤੇ ਸਪੋਰਟਸ ਕੋਟੇ ਤਹਿਤ ਭਾਰਤੀ ਰੇਲਵੇ ਵਿੱਚ ਨੌਕਰੀ ਹਾਸਲ ਕੀਤੀ ਹੈ।
ਇੱਕ ਅਜਿਹਾ ਇਲਾਕਾ ਦੋ ਧੀਆਂ ਪ੍ਰਤੀ ਵਿਤਕਰੇ ਲਈ ਜਾਣਿਆ ਜਾਂਦਾ ਸੀ, ਉੱਥੇ ਹੁਣ ਹਾਕੀ ਖੇਡਣ ਵਾਲੀਆਂ ਧੀਆਂ ਵਾਲੇ ਪਰਿਵਾਰ ਸਮਾਜਿਕ ਬਦਲਾਅ ਦੇ ਪ੍ਰਤੀਕ ਬਣ ਗਏ ਹਨ।
ਜਸਜੀਤ, ਜਿਨ੍ਹਾਂ ਨੂੰ 2010 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਕਹਿੰਦੇ ਹਨ, "ਜੇ ਮੈਂ ਹਾਕੀ ਵਿੱਚ ਨਾ ਹੁੰਦੀ, ਤਾਂ ਮੇਰਾ ਵਿਆਹ ਬਹੁਤ ਘੱਟ ਉਮਰ ਵਿੱਚ ਹੀ ਹੋ ਗਿਆ ਹੁੰਦਾ ਅਤੇ ਜ਼ਿਆਦਾਤਰ ਕੁੜੀਆਂ ਦਾ ਵੀ ਇਹੀ ਹਸ਼ਰ ਹੁੰਦਾ। ਹਾਕੀ ਨੇ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।"
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਬਦਲਾਅ ਸਿਰਫ਼ ਉਨ੍ਹਾਂ ਦੀ ਆਪਣੀ ਕਹਾਣੀ ਤੱਕ ਹੀ ਸੀਮਤ ਨਹੀਂ ਹੈ, "ਹੁਣ ਕੁੜੀਆਂ ਨੂੰ ਬੋਝ ਨਹੀਂ ਸਮਝਿਆ ਜਾਂਦਾ। ਉਹ ਹੁਣ ਮਾਣ, ਉਮੀਦ ਅਤੇ ਆਰਥਿਕ ਸੁਰੱਖਿਆ ਦਾ ਜ਼ਰੀਆ ਬਣ ਗਈਆਂ ਹਨ।"
ਅੱਜ, ਬਲਦੇਵ ਸਿੰਘ ਦੀ ਬਦੌਲਤ ਸ਼ਾਹਬਾਦ ਦੀਆਂ ਕਈ ਕੁੜੀਆਂ ਆਪਣੇ ਪਰਿਵਾਰ ਦੇ ਮਰਦਾਂ ਤੋਂ ਵੱਧ ਕਮਾਉਂਦੀਆਂ ਹਨ। ਉਨ੍ਹਾਂ ਨੇ ਘਰ ਬਣਾਏ ਹਨ, ਜ਼ਮੀਨ ਖਰੀਦੀ ਹੈ ਅਤੇ ਆਪਣੇ ਭੈਣ-ਭਰਾਵਾਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਹੈ।
ਇਸ ਪੂਰੀ ਪ੍ਰਕਿਰਿਆ ਵਿੱਚ, ਉਨ੍ਹਾਂ ਨੇ ਇਸ ਇਲਾਕੇ ਦੇ ਪਰਿਵਾਰਾਂ ਲਈ ਧੀਆਂ ਨੂੰ ਦੇਖਣ ਦੇ ਨਜ਼ਰੀਏ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
ਆਪਣੀ ਆਦਤ ਮੁਤਾਬਕ, ਬਲਦੇਵ ਸਿੰਘ ਇਸ ਦਾ ਸਿਹਰਾ ਖ਼ੁਦ ਨਹੀਂ ਲੈਂਦੇ।
2001 ਤੋਂ 2004 ਤੱਕ ਭਾਰਤੀ ਪੁਰਸ਼ ਟੀਮ ਦੇ ਵੀ ਕੋਚ ਰਹੇ ਬਲਦੇਵ ਸਿੰਘ ਕਹਿੰਦੇ ਹਨ, "ਇਹ ਉਨ੍ਹਾਂ ਦਾ ਸਮਰਪਣ ਅਤੇ ਆਪਣੇ ਪਰਿਵਾਰ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦੀ ਚਾਹਤ ਹੀ ਸੀ, ਜਿਸ ਨੇ ਇਨ੍ਹਾਂ ਕੁੜੀਆਂ ਨੂੰ ਹਾਕੀ ਵਿੱਚ ਵੱਡੀਆਂ ਉਪਲੱਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।"
ਸੋਨੀਆ ਬੱਟੂ, ਜੋ ਇੱਕ ਸਾਬਕਾ ਅੰਤਰਰਾਸ਼ਟਰੀ ਖਿਡਾਰਣ ਹਨ ਅਤੇ ਬਲਦੇਵ ਸਿੰਘ ਦੇ ਸ਼ੁਰੂਆਤੀ ਟ੍ਰੇਨੀਆਂ ਵਿੱਚੋਂ ਇੱਕ ਹਨ, ਇਸ ਵੇਲੇ ਆਪਣੇ ਗੁਰੂ 'ਤੇ ਪੀਐੱਚਡੀ ਕਰ ਰਹੇ ਹਨ, ਜਿਸ ਦਾ ਸਿਰਲੇਖ ਹੈ - 'ਪਰਸਨੈਲਿਟੀ ਆਫ਼ ਬਲਦੇਵ ਸਿੰਘ ਐਂਡ ਹਿਜ਼ ਕਾਂਟ੍ਰਿਬਿਊਸ਼ਨ ਟੂ ਵੁਮੈਨਜ਼ ਹਾਕੀ'।
1994 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ 53 ਸਾਲਾ ਸੋਨੀਆ ਦਾ ਮੰਨਣਾ ਹੈ ਕਿ ਬਲਦੇਵ ਸਿੰਘ ਦਾ ਯੋਗਦਾਨ ਸਿਰਫ਼ ਖੇਡ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਉਸ ਤੋਂ ਕਾਫ਼ੀ ਵੱਡਾ ਹੈ।
ਉਹ ਕਹਿੰਦੇ ਹਨ, "ਬਲਦੇਵ ਸਰ ਨੇ ਮਹਿਲਾ ਹਾਕੀ ਲਈ ਜੋ ਕੀਤਾ ਹੈ, ਉਸ ਦੀ ਕੋਈ ਮਿਸਾਲ ਨਹੀਂ ਹੈ। ਸਿਰਫ਼ ਖਿਡਾਰਨਾਂ ਤਿਆਰ ਕਰਨ ਤੋਂ ਇਲਾਵਾ, ਉਨ੍ਹਾਂ ਨੇ ਖੇਡ ਦੇ ਜ਼ਰੀਏ ਸਮਾਜਿਕ ਬਦਲਾਅ ਲਿਆਉਣ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ।"
"ਉਹ ਉਨ੍ਹਾਂ ਗਿਣਤੀ ਦੇ ਕੋਚਾਂ ਵਿੱਚੋਂ ਹਨ, ਜੋ ਜ਼ਮੀਨੀ ਪੱਧਰ ਨਾਲ ਜੁੜੇ ਹਨ ਅਤੇ ਜਿਨ੍ਹਾਂ ਨੇ ਵਿਸ਼ਵ-ਪੱਧਰੀ ਖਿਡਾਰਨਾਂ ਤਿਆਰ ਕੀਤੀਆਂ ਅਤੇ ਕੁੜੀਆਂ ਦੀਆਂ ਕਈ ਪੀੜ੍ਹੀਆਂ ਦੀ ਜ਼ਿੰਦਗੀ ਬਦਲ ਦਿੱਤੀ।"
ਜਿਵੇਂ-ਜਿਵੇਂ ਸ਼ਾਹਬਾਦ ਦਾ ਪ੍ਰਦਰਸ਼ਨ ਬਿਹਤਰ ਹੁੰਦਾ ਗਿਆ, ਉਵੇਂ-ਉਵੇਂ ਉੱਥੋਂ ਦਾ ਇਨਫਰਾਸਟ੍ਰਕਚਰ ਵੀ ਸੁਧਰਦਾ ਗਿਆ। ਸਾਲ 2005 ਵਿੱਚ ਇਸ ਸ਼ਹਿਰ ਨੂੰ ਐਸਟ੍ਰੋ ਟਰਫ਼ ਦੀ ਸੁਵਿਧਾ ਮਿਲੀ।
ਬਲਦੇਵ ਸਿੰਘ ਨੇ ਕਿਹਾ, "ਸ਼ਾਹਬਾਦ ਦੀਆਂ ਕੁੜੀਆਂ ਦੇ ਪ੍ਰਦਰਸ਼ਨ ਅਤੇ ਨਤੀਜਿਆਂ ਕਰਕੇ ਹੀ ਆਖ਼ਿਰਕਾਰ ਸਾਨੂੰ ਸ਼ਾਹਬਾਦ ਵਿੱਚ ਐਸਟ੍ਰੋ ਟਰਫ਼ ਮਿਲ ਹੀ ਗਿਆ।"
ਉਨ੍ਹਾਂ ਨੇ ਇਸ ਟਰਫ਼ ਲਈ ਮਨਜ਼ੂਰੀ ਦਿਵਾਉਣ ਵਿੱਚ ਮਦਦ ਕਰਨ ਲਈ ਹਰਿਆਣਾ ਦੇ ਸਾਬਕਾ ਖੇਡ ਕਮਿਸ਼ਨਰ ਡੀਐੱਸ ਦੇਸੀ ਨੂੰ ਇਸ ਦਾ ਸਿਹਰਾ ਦਿੱਤਾ।
ਬਲਦੇਵ ਸਿੰਘ 2008 ਵਿੱਚ ਹਰਿਆਣਾ ਖੇਡ ਵਿਭਾਗ ਤੋਂ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ, ਪਰ ਉਨ੍ਹਾਂ ਨੂੰ ਸੇਵਾ ਵਿਸਥਾਰ (ਐਕਸਟੈਨਸ਼ਨ) ਦਿੱਤਾ ਗਿਆ ਅਤੇ ਆਖ਼ਿਰਕਾਰ 2015 ਵਿੱਚ ਉਨ੍ਹਾਂ ਨੇ ਸ਼ਾਹਬਾਦ ਛੱਡ ਦਿੱਤਾ।
ਬਾਅਦ ਵਿੱਚ ਉਹ ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਸਥਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਹਾਕੀ ਅਕੈਡਮੀ ਚਲੇ ਗਏ, ਜਿੱਥੇ ਉਨ੍ਹਾਂ ਨੇ ਸ਼ਾਹਬਾਦ ਤੋਂ ਆਏ 50 ਤੋਂ ਵੀ ਵੱਧ ਖਿਡਾਰੀਆਂ ਨੂੰ ਟਰੇਨਿੰਗ ਦਿੱਤੀ।
ਅੱਜ ਵੀ, ਉਨ੍ਹਾਂ ਦੁਆਰਾ ਸਿਖਲਾਈ ਪ੍ਰਾਪਤ ਨਵਨੀਤ ਕੌਰ ਵਰਗੀਆਂ ਖਿਡਾਰਨਾਂ ਜ਼ਰੀਏ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਉਨ੍ਹਾਂ ਦਾ ਪ੍ਰਭਾਵ ਸਪਸ਼ਟ ਦਿਖਾਈ ਦਿੰਦਾ ਹੈ। ਬਲਦੇਵ ਸਿੰਘ ਨੇ ਤਿੰਨ ਸਾਲ ਪਹਿਲਾਂ ਐਕਟਿਵ ਕੋਚਿੰਗ ਤੋਂ ਦੂਰੀ ਬਣਾ ਲਈ ਸੀ।
ਉਨ੍ਹਾਂ ਕਿਹਾ, "ਜੇ ਮੈਨੂੰ ਸ਼ਾਹਬਾਦ ਵਿੱਚ ਚਾਰ ਜਾਂ ਪੰਜ ਸਾਲ ਹੋਰ ਮਿਲ ਜਾਂਦੇ, ਤਾਂ ਮੈਂ ਹੋਰ ਵੀ ਵੱਧ ਅੰਤਰਰਾਸ਼ਟਰੀ ਖਿਡਾਰਨਾਂ ਤਿਆਰ ਕਰ ਸਕਦਾ ਸੀ।" ਇਹ ਗੱਲ ਉਨ੍ਹਾਂ ਨੇ ਕਿਸੇ ਕੁੜੱਤਣ ਨਾਲ ਨਹੀਂ, ਸਗੋਂ ਉਸ ਸ਼ਾਂਤ ਅਫ਼ਸੋਸ ਨਾਲ ਕਹੀ, ਜੋ ਉਸ ਇਨਸਾਨ ਦੇ ਮਨ ਵਿੱਚ ਹੁੰਦਾ ਹੈ ਜਿਸ ਨੂੰ ਅਜੇ ਵੀ ਲੱਗਦਾ ਹੈ ਕਿ ਉਹ ਸਮਾਜ ਨੂੰ ਹੋਰ ਵੀ ਬਹੁਤ ਕੁਝ ਦੇ ਸਕਦਾ ਹੈ।
ਜਿਸਦੀ ਕਿੱਸੇ ਦੀ ਸ਼ੁਰੂਆਤ ਸਕੂਲ ਦੇ ਇੱਕ ਕੰਮਚਲਾਉ ਮੈਦਾਨ ਤੋਂ ਹੋਈ ਸੀ, ਉਹ ਭਾਰਤੀ ਖੇਡ ਜਗਤ ਦੀਆਂ ਸਭ ਤੋਂ ਵੱਡੀਆਂ ਜ਼ਮੀਨੀ ਪੱਧਰ ਦੀਆਂ ਕਹਾਣੀਆਂ ਵਿੱਚੋਂ ਇੱਕ ਬਣ ਗਿਆ।
ਸ਼ਾਹਬਾਦ ਵਿੱਚ, ਹਾਕੀ ਸਟਿਕ ਮਹਿਜ਼ ਖੇਡ ਦਾ ਇੱਕ ਸਾਮਾਨ ਨਹੀਂ ਰਹੀ ਸੀ। ਉਹ ਵਿਰੋਧ, ਆਰਥਿਕ ਸਨਮਾਨ ਅਤੇ ਸਮਾਜਿਕ ਬਦਲਾਅ ਦਾ ਜ਼ਰੀਆ ਬਣ ਗਈ ਸੀ।
ਬਲਦੇਵ ਸਿੰਘ ਨੇ ਸਿਰਫ਼ ਇੱਕ ਖੇਡ ਦੀ ਕੋਚਿੰਗ ਨਹੀਂ ਦਿੱਤੀ। ਉਨ੍ਹਾਂ ਨੇ ਸ਼ਾਹਬਾਦ ਵਿੱਚ ਇੱਕ ਕੁੜੀ ਹੋਣ ਦੇ ਮਾਅਨੇ ਹੀ ਬਦਲ ਦਿੱਤੇ ਅਤੇ ਸ਼ਾਹਬਾਦ ਨੂੰ ਵੀ ਪੂਰੀ ਤਰ੍ਹਾਂ ਬਦਲ ਦਿੱਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ