ਕੈਨੇਡਾ ਦੇ ਅਲਬਰਟਾ ਵਿੱਚ ਕਿਉਂ ਉੱਠੀ ਵੱਖ ਹੋਣ ਦੀ ਮੰਗ, ਰਾਏਸ਼ੁਮਾਰੀ ਦੀ ਤਿਆਰੀ ਨੇ ਕੈਨੇਡਾ ਦੀ ਸਿਆਸਤ ਗਰਮਾਈ

    • ਲੇਖਕ, ਨਦੀਨ ਯੂਸਿਫ਼
    • ਰੋਲ, ਸੀਨੀਅਰ ਕੈਨੇਡਾ ਰਿਪੋਰਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਪੱਛਮੀ ਕੈਨੇਡਾ ਦਾ ਸੂਬਾ ਅਲਬਰਟਾ ਇਸ ਅਕਤੂਬਰ ਆਪਣੇ ਨਾਗਰਿਕਾਂ ਤੋਂ ਇਹ ਪੁੱਛੇਗਾ ਕਿ ਕੀ ਉਹ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ ਜਾਂ ਅਲੱਗ ਹੋਣ ਬਾਰੇ ਇੱਕ ਲਾਜ਼ਮੀ ਰਾਏਸ਼ੁਮਾਰੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨਾ ਚਾਹੁੰਦੇ ਹਨ। ਇਹ ਕਈ ਦਹਾਕਿਆਂ ਬਾਅਦ ਦੇਸ਼ ਦੀ ਏਕਤਾ ਲਈ ਇੱਕ ਵੱਡੀ ਪਰਖ ਹੋਵੇਗੀ।

ਅਲਬਰਟਾ ਦੀ ਆਗੂ, ਪ੍ਰੀਮੀਅਰ ਡੈਨੀਅਲ ਸਮਿਥ ਨੇ 21 ਮਈ ਨੂੰ ਟੈਲੀਵਿਜ਼ਨ ਸੰਬੋਧਨ ਦੌਰਾਨ ਆਉਣ ਵਾਲੀ ਵੋਟ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਉਹ ਖ਼ੁਦ ਇੱਕ ਇਕਜੁੱਟ ਕੈਨੇਡਾ ਦਾ ਸਮਰਥਨ ਕਰਦੇ ਹਨ।

ਪਿਛਲੇ ਕੁਝ ਸਾਲਾਂ ਵਿੱਚ ਤੇਲ-ਸੰਪੰਨ ਇਸ ਸੂਬੇ ਵਿੱਚ ਵੱਖਵਾਦੀ ਭਾਵਨਾ ਵੱਧ ਰਹੀ ਹੈ ਅਤੇ ਇਹ ਰਾਏਸ਼ੁਮਾਰੀ ਉਸ ਵੇਲੇ ਹੋ ਰਹੀ ਹੈ ਜਦੋਂ 3 ਲੱਖ ਲੋਕਾਂ ਨੇ ਇਸ ਮਾਮਲੇ 'ਤੇ ਰੈਫਰੈਂਡਮ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਦਸਤਖ਼ਤ ਕੀਤੇ ਹਨ।

ਇੱਥੇ ਇਹ ਜਾਣੋ ਕਿ ਕੁਝ ਅਲਬਰਟਾਵਾਸੀ ਆਜ਼ਾਦੀ ਦੀ ਮੰਗ ਕਿਉਂ ਕਰ ਰਹੇ ਹਨ ਅਤੇ ਅੱਗੇ ਕੀ ਹੋ ਸਕਦਾ ਹੈ।

ਰੈਫਰੈਂਡਮ ਵਿੱਚ ਕੀ ਸਵਾਲ ਹੋਣਗੇ?

ਵੋਟਰਾਂ ਅੱਗੇ ਰੱਖਿਆ ਜਾਣ ਵਾਲਾ ਸਵਾਲ ਸਿੱਧਾ "ਰਹਿਣਾ" ਜਾਂ "ਛੱਡਣਾ" ਨਹੀਂ ਹੋਵੇਗਾ।

ਇਸ ਦੀ ਬਜਾਏ, ਅਲਬਰਟਾਵਾਸੀਆਂ ਤੋਂ ਪੁੱਛਿਆ ਜਾਵੇਗਾ, "ਕੀ ਅਲਬਰਟਾ ਨੂੰ ਕੈਨੇਡਾ ਦਾ ਇੱਕ ਸੂਬਾ ਬਣਿਆ ਰਹਿਣਾ ਚਾਹੀਦਾ ਹੈ ਜਾਂ ਅਲਬਰਟਾ ਸਰਕਾਰ ਨੂੰ ਕੈਨੇਡਾ ਦੇ ਸੰਵਿਧਾਨ ਤਹਿਤ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਇਹ ਫ਼ੈਸਲਾ ਕਰਨ ਲਈ ਇੱਕ ਬਾਈਂਡਿੰਗ ਸੂਬਾਈ ਰੈਫਰੈਂਡਮ ਕਰਵਾਇਆ ਜਾ ਸਕੇ ਕਿ ਅਲਬਰਟਾ ਨੂੰ ਕੈਨੇਡਾ ਤੋਂ ਅਲੱਗ ਹੋਣਾ ਚਾਹੀਦਾ ਹੈ ਜਾਂ ਨਹੀਂ?"

ਪ੍ਰੀਮੀਅਰ ਦੇ ਦਫ਼ਤਰ ਨੇ ਬੀਬੀਸੀ ਨੂੰ ਸਪੱਸ਼ਟ ਕੀਤਾ ਕਿ ਵੋਟਰਾਂ ਕੋਲ ਦੋ ਬਾਕਸਾਂ ਵਿੱਚੋਂ ਇੱਕ ਚੁਣਨ ਦਾ ਬਦਲ ਹੋਵੇਗਾ, ਬਦਲ ਏ ਕੈਨੇਡਾ ਵਿੱਚ ਬਣੇ ਰਹਿਣ ਲਈ ਅਤੇ ਬਦਲ ਬੀ ਅਲੱਗ ਹੋਣ ਬਾਰੇ ਲਾਜ਼ਮੀ ਰਾਏਸ਼ੁਮਾਰੀ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਲਈ ਹੋਵੇਗਾ।

ਇਹ ਕਿਉਂ ਹੋ ਰਿਹਾ ਹੈ?

ਰੈਫਰੈਂਡਮ ਦਾ ਇਹ ਸਵਾਲ ਅਲਬਰਟਾਵਾਸੀਆਂ ਦੇ ਇੱਕ ਸਮੂਹ ਦੇ ਦਬਾਅ ਦਾ ਨਤੀਜਾ ਹੈ, ਜੋ ਸੂਬੇ ਨੂੰ ਕੈਨੇਡਾ ਤੋਂ ਆਜ਼ਾਦ ਕਰਨ ਦੀ ਵਕਾਲਤ ਕਰ ਰਹੇ ਹਨ।

ਪਿਛਲੇ ਇੱਕ ਸਾਲ ਦੌਰਾਨ, ਉਨ੍ਹਾਂ ਨੇ ਸੂਬੇ ਭਰ ਵਿੱਚ ਟਾਊਨਹਾਲ ਮੀਟਿੰਗਾਂ ਕੀਤੀਆਂ ਤਾਂ ਜੋ ਲੋਕਾਂ ਦੀ ਰੁਚੀ ਦਾ ਅੰਦਾਜ਼ਾ ਲਗਾਇਆ ਜਾ ਸਕੇ। ਇਸ ਤੋਂ ਬਾਅਦ, ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਅਲੱਗ ਹੋਣ ਲਈ ਲੋਕਾਂ ਦੀ ਅਗਵਾਈ ਵਾਲੀ ਇੱਕ ਪਟੀਸ਼ਨ ਸ਼ੁਰੂ ਕੀਤੀ, ਜਿਸ ਨੂੰ 3 ਲੱਖ ਤੋਂ ਵੱਧ ਦਸਤਖ਼ਤ ਮਿਲੇ।

ਪਰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਲਬਰਟਾ ਦੀ ਇੱਕ ਅਦਾਲਤ ਨੇ ਇਸ ਪਟੀਸ਼ਨ ਨੂੰ ਰੋਕ ਦਿੱਤਾ।

ਇੱਕ ਜੱਜ ਨੇ ਫ਼ੈਸਲਾ ਦਿੱਤਾ ਕਿ ਅਲਬਰਟਾ, ਜਿਸ ਨੇ ਲੋਕ ਪਟੀਸ਼ਨ ਕਾਨੂੰਨ ਤਹਿਤ ਪ੍ਰਸਤਾਵਿਤ ਆਜ਼ਾਦੀ ਰਾਏਸ਼ੁਮਾਰੀ ਲਈ ਦਸਤਖ਼ਤ ਇਕੱਠੇ ਕਰਨ ਦੀ ਇਜਾਜ਼ਤ ਦਿੱਤੀ ਸੀ, ਉਹ ਮੂਲਵਾਸੀ ਫਰਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰਾ ਕਰਨ ਵਿੱਚ ਨਾਕਾਮ ਰਹੇ, ਜਿਨ੍ਹਾਂ ਦੀ ਜ਼ਮੀਨ ਸੂਬੇ ਦੇ ਇੱਕ ਆਜ਼ਾਦ ਰਾਜ ਬਣਨ ਦੀ ਸੂਰਤ ਵਿੱਚ ਪ੍ਰਭਾਵਿਤ ਹੋਵੇਗੀ।

ਇਸ ਦੌਰਾਨ, ਅਲਬਰਟਾ ਦੇ ਸਾਬਕਾ ਡਿਪਟੀ ਪ੍ਰੀਮੀਅਰ ਥੋਮਸ ਲੂਕਾਸਜ਼ੁਕ ਦੀ ਅਗਵਾਈ ਵਾਲੇ ਇੱਕ ਹੋਰ ਸਮੂਹ ਨੇ "ਫ਼ਾਰੇਵਰ ਕੈਨੇਡੀਅਨ" ਨਾਮ ਦੀ ਵੱਖਵਾਦ ਵਿਰੋਧੀ ਪਟੀਸ਼ਨ ਲਈ ਦਸਤਖ਼ਤ ਇਕੱਠੇ ਕੀਤੇ। ਇਸ 'ਤੇ 4 ਲੱਖ ਤੋਂ ਵੱਧ ਅਲਬਰਟਾਵਾਸੀਆਂ ਨੇ ਦਸਤਖ਼ਤ ਕੀਤੇ।

ਸੂਬੇ ਦੀ ਆਬਾਦੀ ਪੰਜ ਮਿਲੀਅਨ ਤੋਂ ਕੁਝ ਵੱਧ ਹੈ।

ਸਮਿਥ ਨੇ ਕਿਹਾ ਕਿ ਉਹ ਅਦਾਲਤ ਦੇ ਇਸ ਫ਼ੈਸਲੇ ਤੋਂ "ਗੰਭੀਰ ਤੌਰ 'ਤੇ ਚਿੰਤਤ" ਹਨ ਅਤੇ ਉਹ "ਇੱਕ ਜੱਜ ਨੂੰ ਲੱਖਾਂ ਅਲਬਰਟਾਵਾਸੀਆਂ ਦੀ ਆਵਾਜ਼ ਚੁੱਪ ਨਹੀਂ ਰਹਿਣ ਦੇਣਗੀਆਂ।"

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਹੈ। ਪਰ ਇਸ ਦੌਰਾਨ, "ਮਾਮਲੇ ਨੂੰ ਟਾਲਦੇ ਰਹਿਣਾ ਸਿਰਫ਼ ਇੱਕ ਬਹੁਤ ਭਾਵਨਾਤਮਕ ਅਤੇ ਮਹੱਤਵਪੂਰਨ ਬਹਿਸ ਨੂੰ ਲੰਮਾ ਖਿੱਚੇਗਾ।"

ਉਨ੍ਹਾਂ 'ਤੇ ਵੱਖਵਾਦੀ ਅਲਬਰਟਾਵਾਸੀਆਂ ਵੱਲੋਂ ਇਹ ਦਬਾਅ ਵੀ ਹੈ ਕਿ ਕਾਨੂੰਨੀ ਫ਼ੈਸਲੇ ਦੀ ਪਰਵਾਹ ਕੀਤੇ ਬਿਨਾਂ ਆਜ਼ਾਦੀ 'ਤੇ ਰਾਏਸ਼ੁਮਾਰੀ ਕਰਵਾਇਆ ਜਾਵੇ।

ਵੱਖਵਾਦੀ ਕੌਣ ਹਨ ਅਤੇ ਉਹ ਕੀ ਚਾਹੁੰਦੇ ਹਨ?

ਵੱਖਵਾਦੀ ਅੰਦੋਲਨ ਦੀ ਅਗਵਾਈ ਬੋਨੀਵਿਲ ਕਸਬੇ ਦੇ ਇੱਕ ਬੰਦੂਕਾਂ ਦੀ ਦੁਕਾਨ ਦੇ ਮਾਲਕ ਮਿਚ ਸਿਲਵੇਸਟਰ ਅਤੇ ਕੈਲਗਰੀ ਅਧਾਰਿਤ ਵਕੀਲ ਜੈਫ਼ਰੀ ਰਾਥ ਕਰ ਰਹੇ ਹਨ। ਇਸ ਅੰਦੋਲਨ ਨੂੰ ਰਾਹ ਵਿੱਚ ਹੋਰ ਕਈ ਹਸਤੀਆਂ ਦਾ ਵੀ ਸਮਰਥਨ ਮਿਲਿਆ ਹੈ।

ਸਿਲਵੇਸਟਰ ਅਤੇ ਰਾਥ ਦੋਵੇਂ "ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ" ਨਾਮ ਦੇ ਸਮੂਹ ਦੇ ਮੈਂਬਰ ਹਨ, ਜੋ ਦਲੀਲ ਦਿੰਦਾ ਹੈ ਕਿ ਓਟਾਵਾ ਵਿੱਚ ਲਿਬਰਲ ਪਾਰਟੀ ਦੇ ਸਾਲਾਂ ਦੇ ਸ਼ਾਸਨ ਕਾਰਨ ਸੂਬੇ ਦੇ ਆਰਥਿਕ ਵਿਕਾਸ ਵਿੱਚ ਰੁਕਾਵਟ ਆਈ ਹੈ।

ਖ਼ਾਸ ਤੌਰ 'ਤੇ, ਇਸ ਅੰਦੋਲਨ ਨਾਲ ਜੁੜੇ ਕਈ ਲੋਕ ਵਾਤਾਵਰਣ ਨੀਤੀਆਂ ਤੋਂ ਨਾਰਾਜ਼ ਹਨ, ਜਿਨ੍ਹਾਂ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਨੇ ਪਾਈਪਲਾਈਨਾਂ ਬਣਾਉਣ ਅਤੇ ਤੇਲ-ਸੰਪੰਨ ਇਸ ਸੂਬੇ ਦੇ ਸਰੋਤਾਂ ਨੂੰ ਵਿਕਸਿਤ ਕਰਨ ਦੇ ਰਾਹ ਵਿੱਚ ਰੁਕਾਵਟ ਪੈਦਾ ਕੀਤੀ ਹੈ। ਇਹ ਸੂਬਾ ਰਵਾਇਤੀ ਤੌਰ 'ਤੇ ਰੂੜ੍ਹੀਵਾਦੀ ਸੋਚ ਵੱਲ ਝੁਕਾਅ ਰੱਖਦਾ ਹੈ।

ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਅਲਬਰਟਾ ਦੇਸ਼ ਨੂੰ ਜਿੰਨਾ ਯੋਗਦਾਨ ਦਿੰਦਾ ਹੈ, ਉਸ ਦੇ ਮੁਕਾਬਲੇ ਵਿੱਚ ਉਸਨੂੰ ਕਾਫ਼ੀ ਘੱਟ ਮਿਲਦਾ ਹੈ ਅਤੇ ਓਟਾਵਾ ਦਾ ਇਸ ਦੇ ਅੰਦਰੂਨੀ ਮਾਮਲਿਆਂ ਵਿੱਚ ਅਸਮਾਨ ਤੌਰ 'ਤੇ ਵੱਧ ਦਖ਼ਲ ਹੈ।

ਇਹ ਭਾਵਨਾ "ਪੱਛਮੀ ਅਲਗਾਵ" ਵਿੱਚ ਜੜੀ ਹੋਈ ਹੈ, ਇਹ ਇੱਕ ਅਜਿਹਾ ਸ਼ਬਦ ਹੈ ਜੋ ਦਹਾਕਿਆਂ ਤੋਂ ਇਸ ਗੱਲ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ ਕਿ ਕੈਨੇਡਾ ਦੇ ਪੱਛਮੀ ਸੂਬਿਆਂ ਦੇ ਕੁਝ ਲੋਕ ਮਹਿਸੂਸ ਕਰਦੇ ਹਨ ਕਿ ਕੈਨੇਡਾ ਦੀ ਰਾਜਧਾਨੀ ਵਿੱਚ ਮੌਜੂਦ ਸੰਘੀ ਸਿਆਸਤਦਾਨਾਂ ਦੁਆਰਾ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਅਤੇ ਘੱਟ ਦਰਸਾਇਆ ਜਾਂਦਾ ਹੈ।

ਪਰ ਇਸ ਅੰਦੋਲਨ ਦੀਆਂ ਮੰਗਾਂ ਇਕੋ ਜਿਹੀਆਂ ਨਹੀਂ ਹਨ।

ਪਿਛਲੇ ਸਾਲ ਇੱਕ ਵੱਖਵਾਦੀ ਟਾਊਨਹਾਲ ਦੌਰਾਨ, ਕੁਝ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਜ਼ਾਦੀ ਦੀ ਧਮਕੀ ਨੂੰ ਓਟਾਵਾ ਨਾਲ ਸੌਦੇਬਾਜ਼ੀ ਲਈ ਇੱਕ ਹਥਿਆਰ ਵਜੋਂ ਵਰਤਣਾ ਚਾਹੁੰਦੇ ਹਨ, ਜਦਕਿ ਹੋਰਾਂ ਨੇ ਕਿਹਾ ਕਿ ਉਹ ਸੂਬੇ ਨੂੰ ਸੱਚਮੁੱਚ ਅਲੱਗ ਕਰਨ ਦੇ ਹੱਕ ਵਿੱਚ ਹਨ।

ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਅਲਬਰਟਾ ਦੇ ਅਮਰੀਕਾ ਨਾਲ ਜੁੜਨ ਲਈ ਵੀ ਤਿਆਰ ਹੋ ਸਕਦੇ ਹਨ।

ਰਾਥ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਲਬਰਟਾ ਦੀ ਸੱਭਿਆਚਾਰਕ ਸਮਾਨਤਾ ਕੈਨੇਡਾ ਦੇ ਬਾਕੀ ਹਿੱਸਿਆਂ ਨਾਲੋਂ ਅਮਰੀਕਾ ਦੇ ਕੁਝ ਖੇਤਰਾਂ ਨਾਲ ਵੱਧ ਹੈ।

ਉਹ ਕਈ ਵਾਰ ਵਾਸ਼ਿੰਗਟਨ ਵੀ ਗਏ ਹਨ, ਜਿਸਨੂੰ ਉਨ੍ਹਾਂ ਨੇ "ਤੱਥ ਇਕੱਠੇ ਕਰਨ" ਵਾਲਾ ਦੌਰਾ ਦੱਸਿਆ ਹੈ। ਉੱਥੇ ਉਹ ਅਤੇ ਹੋਰ ਵੱਖਵਾਦੀ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਅਮਰੀਕੀ ਸਰਕਾਰ ਇੱਕ ਆਜ਼ਾਦ ਅਲਬਰਟਾ ਨੂੰ ਕਰਜ਼ ਸਹੂਲਤ ਦੇ ਕੇ ਸਮਰਥਨ ਦੇਵੇਗੀ।

ਰਾਥ ਨੇ ਜਨਤਕ ਤੌਰ 'ਤੇ ਇਹ ਨਹੀਂ ਦੱਸਿਆ ਕਿ ਸਮੂਹ ਨੇ ਟਰੰਪ ਪ੍ਰਸ਼ਾਸਨ ਦੇ ਕਿਹੜੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ।

ਅੱਗੇ ਕੀ ਹੋਵੇਗਾ?

ਰੈਫਰੈਂਡਮ ਦੀ ਸ਼ੁਰੂਆਤ ਨਾਲ ਹੀ ਇਸ ਮਸਲੇ ਦੇ ਦੋਵੇਂ ਪੱਖਾਂ ਲਈ ਪੰਜ ਮਹੀਨੇ ਦੀ ਮੁਹਿੰਮ ਮਿਆਦ ਸ਼ੁਰੂ ਹੋ ਜਾਂਦੀ ਹੈ।

ਸਮਿਥ ਨੇ ਕਿਹਾ ਕਿ ਉਹ ਅਲਬਰਟਾ ਦੇ ਕੈਨੇਡਾ ਵਿੱਚ ਬਣੇ ਰਹਿਣ ਦੇ ਹੱਕ ਵਿੱਚ ਵੋਟ ਪਾਉਣਗੇ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਵੱਖਵਾਦੀਆਂ ਵੱਲੋਂ ਚੁੱਕੀਆਂ ਗਈਆਂ ਕੁਝ ਸ਼ਿਕਾਇਤਾਂ ਜਾਇਜ਼ ਹਨ, ਪਰ ਸੂਬਾ ਹਾਲ ਹੀ ਵਿੱਚ ਓਟਾਵਾ ਨਾਲ ਕਈ ਮਾਮਲਿਆਂ ਵਿੱਚ ਮਹੱਤਵਪੂਰਨ ਤਰੱਕੀ ਕਰਨ ਵਿੱਚ ਕਾਮਯਾਬ ਰਿਹਾ ਹੈ, ਜਿਸ ਵਿੱਚ ਇੱਕ ਪਾਈਪਲਾਈਨ ਪ੍ਰੋਜੈਕਟ ਨੂੰ ਵਿਕਸਿਤ ਕਰਨਾ ਵੀ ਸ਼ਾਮਲ ਹੈ।

ਪ੍ਰਧਾਨ ਮੰਤਰੀ ਮਾਰਕ ਕਾਰਨੀ, ਜੋ ਕੈਨੇਡਾ ਨੂੰ ਇੱਕ "ਊਰਜਾ ਮਹਾਂਸ਼ਕਤੀ" ਬਣਾਉਣ ਦੀ ਇੱਛਾ ਰੱਖਦੇ ਹਨ, ਨੇ ਵੀ ਸੂਬੇ ਦੇ ਕੈਨੇਡਾ ਵਿੱਚ ਬਣੇ ਰਹਿਣ ਦੇ ਹੱਕ ਵਿੱਚ ਦਲੀਲ ਦਿੱਤੀ ਹੈ।

ਕਾਰਨੀ, ਜਿਨ੍ਹਾਂ ਦੀ ਪਰਵਰਿਸ਼ ਅਲਬਰਟਾ ਦੇ ਐਡਮੰਟਨ ਵਿੱਚ ਹੋਈ ਸੀ, ਨੇ ਮਈ ਵਿੱਚ ਕਿਹਾ, "ਅਸੀਂ ਦੇਸ਼ ਨੂੰ ਅੱਗੇ ਵਧਦਿਆਂ ਨਵਾਂ ਰੂਪ ਦੇ ਰਹੇ ਹਾਂ ਅਤੇ ਇਸ ਵਿੱਚ ਅਲਬਰਟਾ ਦਾ ਕੇਂਦਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ।"

ਵਿਰੋਧੀ ਕਨਜ਼ਰਵੇਟਿਵ ਆਗੂ ਪੀਅਰੇ ਪੋਇਲੀਏਵਰੇ, ਜਿਨ੍ਹਾਂ ਨੂੰ ਅਲਬਰਟਾ ਵਿੱਚ ਵੱਡਾ ਸਮਰਥਨ ਪ੍ਰਾਪਤ ਹੈ ਅਤੇ ਜਿਨ੍ਹਾਂ ਦੀ ਪਰਵਰਿਸ਼ ਕੈਲਗਰੀ ਵਿੱਚ ਹੋਈ ਸੀ, ਨੇ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਏਕਤਾ ਦੇ ਹੱਕ ਵਿੱਚ ਮੁਹਿੰਮ ਚਲਾਏਗੀ।

ਇਸ ਦੌਰਾਨ, ਸਭ ਤੋਂ ਪ੍ਰਮੁੱਖ ਵੱਖਵਾਦੀ ਆਵਾਜ਼ਾਂ ਵਿੱਚੋਂ ਇੱਕ ਰਾਥ ਨੇ ਸਮਿਥ ਵੱਲੋਂ ਪੇਸ਼ ਕੀਤੇ ਗਏ ਰੈਫਰੈਂਡਮ ਸਵਾਲ 'ਤੇ ਨਿਰਾਸ਼ਾ ਜਤਾਈ ਹੈ।

ਉਨ੍ਹਾਂ ਨੇ ਅਲਬਰਟਾ ਦੀ ਯੂਨਾਈਟਡ ਕਨਜ਼ਰਵੇਟਿਵ ਪਾਰਟੀ ਵਿੱਚ ਸਮਿਥ ਦੀ ਅਗਵਾਈ ਦੇ ਖ਼ਿਲਾਫ਼ ਵੋਟ ਕਰਵਾਉਣ ਦੀ ਧਮਕੀ ਦਿੱਤੀ ਹੈ, ਜਿਸ ਨਾਲ ਸਮਿਥ ਦਾ ਸਿਆਸੀ ਭਵਿੱਖ ਖ਼ਤਰੇ ਵਿੱਚ ਪੈ ਸਕਦਾ ਹੈ।

ਉਨ੍ਹਾਂ ਨੇ ਸਮਿਥ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਿਖਿਆ, "ਉਨ੍ਹਾਂ ਕਿਹਾ 301,620 ਅਲਬਰਟਾਵਾਸੀਆਂ ਨੂੰ ਦਫ਼ਾ ਹੋਣ ਦਿਓ, ਜਿਨ੍ਹਾਂ ਨਾਲ ਉਨ੍ਹਾਂ ਦੇ ਸਵਾਲ 'ਤੇ ਵੋਟ ਦਾ ਵਾਅਦਾ ਕੀਤਾ ਗਿਆ ਸੀ। ਡੈਨੀਅਲ ਸਮਿਥ ਨੇ ਆਪਣਾ ਆਧਾਰ ਹੀ ਗਵਾ ਦਿੱਤਾ ਹੈ!"

ਅਲਬਰਟਾ ਦੇ ਫਰਸਟ ਨੇਸ਼ਨਜ਼ ਨੇ ਵੀ ਸਮਿਥ ਦੀ ਆਲੋਚਨਾ ਕੀਤੀ ਹੈ ਅਤੇ ਅਦਾਲਤੀ ਫ਼ੈਸਲੇ ਦੇ ਬਾਵਜੂਦ ਰੈਫਰੈਂਡਮ ਕਰਵਾਉਣ ਦੇ ਉਨ੍ਹਾਂ ਦੇ ਫ਼ੈਸਲੇ ਨੂੰ "ਗ਼ੈਰ-ਲੋਕਤਾਂਤਰਿਕ" ਅਤੇ "ਤਾਨਾਸ਼ਾਹੀ" ਕਰਾਰ ਦਿੱਤਾ ਹੈ।

ਸਮਿਥ ਨੇ ਕਿਹਾ ਕਿ ਜੇ ਅਲਬਰਟਾਵਾਸੀ ਅਲੱਗ ਹੋਣ ਦੇ ਹੱਕ ਵਿੱਚ ਵੋਟ ਪਾਉਂਦੇ ਹਨ, ਤਾਂ ਇਸ ਨਾਲ ਇੱਕ ਲਾਜ਼ਮੀ ਰਾਏਸ਼ੁਮਾਰੀ ਕਰਵਾਉਣ ਲਈ "ਕਾਨੂੰਨੀ ਪ੍ਰਕਿਰਿਆ" ਸ਼ੁਰੂ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉੱਥੇ ਤੱਕ ਪਹੁੰਚਣ ਲਈ ਕਈ ਕਦਮ ਚੁੱਕਣੇ ਪੈਣਗੇ।

ਉਨ੍ਹਾਂ ਨੇ ਕਿਹਾ, "ਮੈਂ ਇਸ ਰੈਫਰੈਂਡਮ ਦੇ ਨਤੀਜੇ ਨੂੰ ਸਵੀਕਾਰ ਕਰਾਂਗੀ। ਇਸੇ ਲਈ ਮੈਂ ਆਪਣੀ ਸਥਿਤੀ, ਜੋ ਕਿ ਕੈਨੇਡਾ ਵਿੱਚ ਬਣੇ ਰਹਿਣ ਦੀ ਹੈ ਬਾਰੇ ਅਲਬਰਟਾਵਾਸੀਆਂ ਨੂੰ ਮਨਾਉਣ ਲਈ ਪੂਰੀ ਤਾਕਤ ਨਾਲ ਮੁਹਿੰਮ ਚਲਾਵਾਂਗੀ।"

ਕਿੰਨੇ ਅਲਬਰਟਾਵਾਸੀ ਆਜ਼ਾਦੀ ਦਾ ਸਮਰਥਨ ਕਰਦੇ ਹਨ?

ਸਰਵੇਖਣ ਦਰਸਾਉਂਦੇ ਹਨ ਕਿ ਜ਼ਿਆਦਾਤਰ ਅਲਬਰਟਾਵਾਸੀ ਕੈਨੇਡਾ ਵਿੱਚ ਬਣੇ ਰਹਿਣ ਦੇ ਹੱਕ ਵਿੱਚ ਵੋਟ ਪਾਉਣਗੇ।

ਜਨਵਰੀ ਵਿੱਚ ਹੋਏ ਇੱਕ ਇਪਸੋਸ ਸਰਵੇਖਣ ਮੁਤਾਬਕ ਲਗਭਗ 28 ਫ਼ੀਸਦੀ ਲੋਕ ਆਜ਼ਾਦੀ ਰਾਏਸ਼ੁਮਾਰੀ ਵਿੱਚ 'ਹਾਂ' ਦੇ ਹੱਕ ਵਿੱਚ ਵੋਟ ਪਾਉਣਗੇ। ਇਸ ਵਿੱਚ ਇਹ ਵੀ ਸਾਹਮਣੇ ਆਇਆ ਕਿ ਅਲੱਗ ਹੋਣ ਦਾ ਸਮਰਥਨ ਕਰਨ ਵਾਲਿਆਂ ਵਿੱਚੋਂ ਕਰੀਬ 20 ਫ਼ੀਸਦੀ ਦਾ ਸਮਰਥਨ ਸਿਰਫ਼ ਸੰਕੇਤਕ ਜਾਂ ਸ਼ਰਤਾਂ ਨਾਲ ਜੁੜਿਆ ਹੋਇਆ ਹੈ ਭਾਵ ਉਹ ਹੱਕ ਵਿੱਚ ਵੋਟ ਪਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਨਹੀਂ ਹਨ।

ਮਾਰਚ ਵਿੱਚ ਜਾਰੀ ਅਬਾਕਸ ਡਾਟਾ ਸਰਵੇਖਣ ਵਿੱਚ ਵੀ ਇਸੇ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ, ਜਿਸ ਵਿੱਚ 26 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਆਜ਼ਾਦੀ ਦਾ ਸਮਰਥਨ ਕਰਦੇ ਹਨ।

ਇਸ ਤਰ੍ਹਾਂ ਅਪ੍ਰੈਲ ਵਿੱਚ ਜਾਰੀ ਸੀਬੀਸੀ ਸਰਵੇਖਣ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਅਲਬਰਟਾ ਦੀ ਆਜ਼ਾਦੀ ਲਈ ਸਮਰਥਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)