ਕਿਵੇਂ ਇੱਕ ਫੋਨ ਨੇ ਖ਼ਤਰੇ ਵਿੱਚ ਪਾਈ ਗੁਜਰਾਤ ਦੇ ਤਰੁਣ ਪਟੇਲ ਦੀ ਪ੍ਰੇਮ ਕਹਾਣੀ, ਪਤਨੀ ਹਿਰਾਸਤ ਵਿੱਚ ਹੈ ਤੇ ਘਰ ਇੰਤਜ਼ਾਰ ਕਰ ਰਹੇ ਨੇ ਬੱਚੇ

    • ਲੇਖਕ, ਤੇਜਸ ਵੈਦਿਆ
    • ਰੋਲ, ਪੱਤਰਕਾਰ, ਬੀਬੀਸੀ ਗੁਜਰਾਤੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਕਹਿੰਦੇ ਹਨ ਕਿ ਪਿਆਰ ਦੀ ਕੋਈ ਸਰਹੱਦ ਨਹੀਂ ਹੁੰਦੀ ਪਰ ਗੁਜਰਾਤ ਸਥਿਤ ਆਨੰਦ ਦੇ ਲੰਭਵੇਲ ਵਿੱਚ ਰਹਿਣ ਵਾਲੇ ਤਰੁਣ ਪਟੇਲ ਦੀ ਜ਼ਿੰਦਗੀ ਵਿੱਚ 'ਸਰਹੱਦ' ਹੀ ਉਨ੍ਹਾਂ ਦੀ ਦੁਸ਼ਮਣ ਬਣ ਗਈ ਹੈ। ਇੱਕ ਬੰਗਲਾਦੇਸ਼ੀ ਕੁੜੀ ਨਾਲ ਪਿਆਰ ਕਰਨ ਅਤੇ ਵਿਆਹ ਕਰਨ ਤੋਂ ਬਾਅਦ, ਤਰੁਣ ਹੁਣ ਆਪਣੇ ਪਰਿਵਾਰ ਨੂੰ ਖਿੰਡਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸਰਹੱਦ ਪਾਰ ਰਹਿਣ ਵਾਲੀ ਇੱਕ ਬੰਗਲਾਦੇਸ਼ੀ ਕੁੜੀ ਨਾਲ ਦਸ ਸਾਲ ਪੁਰਾਣੇ ਪ੍ਰੇਮ ਵਿਆਹ ਕਾਰਨ ਇੱਕ ਪਰਿਵਾਰ ਕਾਨੂੰਨੀ ਮੁਸੀਬਤ ਵਿੱਚ ਫਸ ਗਿਆ ਹੈ।

ਸਰਕਾਰੀ ਅਧਿਕਾਰੀ ਹੁਣ ਇੱਕ ਬੰਗਲਾਦੇਸ਼ੀ ਮਹਿਲਾ ਨੂੰ 'ਦੇਸ਼ ਨਿਕਾਲਾ' ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਦਾਅਵਾ ਕਰਦੇ ਹੋਏ ਕਿ ਉਹ ਭਾਰਤ ਵਿੱਚ 'ਗੈਰ-ਕਾਨੂੰਨੀ' ਤਰੀਕੇ ਨਾਲ ਦਾਖਲ ਹੋਈ ਸੀ।

ਜਦੋਂ ਦੁਨੀਆ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਉਦੋਂ ਗੁਜਰਾਤ ਪੁਲਿਸ ਦੇ 'ਡੈਲਟਾ ਹੰਟ' ਆਪ੍ਰੇਸ਼ਨ ਕਾਰਨ ਤਰੁਣ ਦੀ ਜ਼ਿੰਦਗੀ ਇੱਕ ਪਲ ਵਿੱਚ ਬਦਲ ਗਈ। ਹੁਣ ਉਸ ਦਾ ਇੱਕੋ ਹੀ ਮਕਸਦ ਕਿਸੇ ਵੀ ਕੀਮਤ 'ਤੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਕੋਲ ਵਾਪਸ ਲੈ ਜਾਣਾ ਹੈ।

ਇੱਕ ਫੋਨ ਕਾਲ ਅਤੇ 'ਬੰਗਲਾਦੇਸ਼ੀ' ਪਤਨੀ ਹਿਰਾਸਤ 'ਚ

ਤਰੁਣ ਨੂੰ ਅੱਜ ਵੀ 2 ਜੂਨ ਦਾ ਉਹ ਦਿਨ ਯਾਦ ਹੈ ਜਦੋਂ ਪੁਲਿਸ ਉਸ ਦੇ ਘਰ ਆਈ ਸੀ। ਪੁਲਿਸ ਦੇ ਆਉਣ ਦਾ ਕਾਰਨ ਫੋਨ 'ਤੇ ਹੋਈ ਇੱਕ ਛੋਟੀ ਜਿਹੀ ਗੱਲਬਾਤ ਸੀ।

ਤਰੁਣ ਕਹਿੰਦੇ ਹਨ, "ਕਾਜਲ ਦੀ ਮਾਂ ਬੰਗਲਾਦੇਸ਼ ਵਿੱਚ ਰਹਿੰਦੀ ਹੈ। ਉੱਥੇ ਹਾਲਾਤ ਤਣਾਅਪੂਰਨ ਸਨ, ਇਸ ਲਈ ਕਾਜਲ ਆਪਣੀ ਮਾਂ ਨੂੰ ਲੈ ਕੇ ਚਿੰਤਿਤ ਸੀ। ਕਾਜਲ ਨੇ ਆਪਣੀ ਮਾਂ ਦੀ ਖ਼ਬਰ ਲੈਣ ਲਈ ਫੋਨ ਕੀਤਾ। ਕਾਲ ਟਰੇਸ ਹੋ ਗਈ ਅਤੇ ਫਿਰ ਪੁਲਿਸ ਮੇਰੇ ਘਰ ਆਈ।"

ਤਰੁਣ ਪਟੇਲ ਨੇ ਦੱਸਿਆ, "ਪੁਲਿਸ 2 ਜੂਨ ਨੂੰ ਸਾਡੇ ਘਰ ਆਈ ਸੀ। ਉਨ੍ਹਾਂ ਨੇ ਜੋ ਨੰਬਰ ਟਰੇਸ ਕੀਤਾ, ਉਹ ਮੇਰੇ ਮੋਬਾਈਲ ਵਿੱਚ 'ਕਾਜਲ ਮੰਮੀ' ਦੇ ਨਾਮ ਨਾਲ ਸੇਵ ਸੀ। ਉਹ ਨੰਬਰ ਵੇਖ ਕੇ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਇਹ ਕਿਸ ਦਾ ਨੰਬਰ ਹੈ ? ਤੁਹਾਡੀ ਪਤਨੀ ਕਿੱਥੋਂ ਦੀ ਹੈ ? ਮੈਂ ਦੱਸਿਆ ਕਿ ਮੇਰੀ ਪਤਨੀ ਬੰਗਲਾਦੇਸ਼ ਤੋਂ ਹੈ ਅਤੇ ਜਿਸ ਨੰਬਰ ਤੋਂ ਕਾਲ ਆਈ ਸੀ, ਉਹ ਉਸ ਦੀ ਮਾਂ ਦਾ ਸੀ ਜੋ ਬੰਗਲਾਦੇਸ਼ ਵਿੱਚ ਰਹਿੰਦੀ ਹੈ।"

ਇਸ ਤੋਂ ਬਾਅਦ ਪੁਲਿਸ ਨੇ ਕਾਜਲ ਨੂੰ ਬੁਲਾਇਆ ਅਤੇ ਉਸ ਤੋਂ ਪੁੱਛਗਿੱਛ ਕਰ ਜਾਣਕਾਰੀ ਹਾਸਲ ਕੀਤੀ।

ਪੁਲਿਸ ਤਰੁਣ ਅਤੇ ਕਾਜਲ ਨੂੰ ਥਾਣੇ ਲੈ ਗਈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਪੁਲਿਸ ਨੇ ਤਰੁਣ ਪਟੇਲ ਨੂੰ ਛੱਡ ਦਿੱਤਾ ਪਰ ਕਾਜਲ ਨੂੰ ਥਾਣੇ ਵਿੱਚ ਹੀ ਰੱਖਿਆ।

ਪੁਲਿਸ ਨੇ ਦਾਅਵਾ ਕੀਤਾ ਕਿ ਕਾਜਲ ਬੰਗਲਾਦੇਸ਼ ਦੀ ਰਹਿਣ ਵਾਲੀ ਸੀ ਅਤੇ ਉਸ ਕੋਲ ਭਾਰਤ ਵਿੱਚ ਰਹਿਣ ਲਈ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਸਨ। ਨਾ ਪਾਸਪੋਰਟ, ਨਾ ਵਿਆਹ ਰਜਿਸਟ੍ਰੇਸ਼ਨ ਦਾ ਸਬੂਤ। ਇਸ ਲਈ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕੀ ਕਾਜਲ ਬੰਗਲਾਦੇਸ਼ ਵਿੱਚ ਆਪਣੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਸੀ ?

ਇਸ ਸਵਾਲ ਦੇ ਜਵਾਬ ਵਿੱਚ ਤਰੁਣ ਪਟੇਲ ਨੇ ਕਿਹਾ, "ਕਾਜਲ ਕਦੇ-ਕਦੇ ਆਪਣੀ ਮਾਂ ਨਾਲ ਸੰਪਰਕ ਕਰਦੀ ਸੀ। ਜਦੋਂ ਫੋਨ ਟਰੇਸ ਕੀਤਾ ਗਿਆ ਤਾਂ ਉਸ ਸਮੇਂ ਉਸ ਦੀ ਮਾਂ ਦੀ ਸਰਜਰੀ ਹੋਈ ਸੀ। ਬੰਗਲਾਦੇਸ਼ 'ਚ ਸਥਿਤੀ ਅਸਥਿਰ ਸੀ ਅਤੇ ਉਸ ਦੀ ਮਾਂ ਬਿਮਾਰ ਸੀ, ਇਸ ਲਈ ਕਾਜਲ ਚਿੰਤਿਤ ਸੀ।

ਤਰੁਣ ਨੇ ਕਿਹਾ, "ਉਸ ਨੇ ਰੋਂਦੇ ਹੋਏ ਮੈਨੂੰ ਕਿਹਾ ਕਿ ਉਸ ਨੂੰ ਆਪਣੀ ਮਾਂ ਨਾਲ ਗੱਲ ਕਰਨੀ ਹੈ। ਫਿਰ ਮੈਂ ਆਪਣੇ ਮੋਬਾਈਲ ਤੋਂ ਉਨ੍ਹਾਂ ਨੂੰ ਆਈਐਸਡੀ (ਇੰਟਰਨੈਸ਼ਨਲ ਸਬਸਕ੍ਰਾਈਬਰ ਡਾਇਲਿੰਗ) ਕਾਲ ਕੀਤੀ। ਗੱਲਬਾਤ ਦੌਰਾਨ ਉਸ ਨੇ ਸਿਰਫ਼ ਇਹ ਪੁੱਛਿਆ, 'ਮਾਂ, ਤੁਸੀਂ ਕਿਵੇਂ ਹੋ? ਤੁਹਾਡੀ ਸਿਹਤ ਕਿਵੇਂ ਹੈ ? ਤੁਹਾਨੂੰ ਕੁਝ ਹੋਇਆ ਤਾਂ ਨਹੀਂ ?" ਬਸ ਇੰਨਾ ਹੀ। ਉਸ ਇੱਕ ਕਾਲ ਨੂੰ ਟਰੇਸ ਕੀਤਾ ਗਿਆ। ਇਸ ਤੋਂ ਇਲਾਵਾ ਉਸ ਨੇ ਕਦੇ ਵੀ ਗਲਤ ਥਾਂ ਕਾਲ ਨਹੀਂ ਕੀਤੀ।"

ਆਨੰਦ ਦੇ ਪੁਲਿਸ ਕਮਿਸ਼ਨਰ ਜੀ. ਜੀ. ਜਸਾਨੀ ਨੇ ਬੀਬੀਸੀ ਗੁਜਰਾਤੀ ਦੇ ਨਚਿਕੇਤ ਮਹਿਤਾ ਨੂੰ ਦੱਸਿਆ, "ਇਹ ਸਾਬਤ ਹੋ ਚੁੱਕਾ ਹੈ ਕਿ ਕਾਜਲ ਗੁਜਰਾਤ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੀ ਹੈ। ਜਦੋਂ ਉਹ ਬੰਗਲਾਦੇਸ਼ ਤੋਂ ਗੁਜਰਾਤ ਆਈ ਤਾਂ ਉਸ ਕੋਲ ਨਾ ਪਾਸਪੋਰਟ ਸੀ ਅਤੇ ਨਾ ਹੀ ਉਸ ਦੇ ਵਿਆਹ ਰਜਿਸਟ੍ਰੇਸ਼ਨ ਦਾ ਕੋਈ ਸਬੂਤ ਹੈ।"

ਫੇਸਬੁੱਕ 'ਤੇ ਦੋਸਤੀ, ਪਿਆਰ ਅਤੇ ਵਿਆਹ

2012 ਵਿੱਚ ਬੰਗਲਾਦੇਸ਼ ਦੇ ਗੋਪਾਲਪੁਰ ਪਿੰਡ 'ਚ ਰਹਿਣ ਵਾਲੀ ਕਾਜੁਲੀ ਅਤੇ ਤਰੁਣ ਦੀ ਮੁਲਾਕਾਤ ਫੇਸਬੁੱਕ 'ਤੇ ਹੋਈ। ਉੱਥੇ ਹੀ ਦੋਵੇਂ ਦੋਸਤ ਬਣੇ ਅਤੇ ਬਾਅਦ ਵਿੱਚ ਇਹ ਦੋਸਤੀ ਪਿਆਰ 'ਚ ਤਬਦੀਲ ਹੋ ਗਈ।

ਤਰੁਣ ਕਹਿੰਦੇ ਹਨ, "ਸਾਨੂੰ ਪਿਆਰ ਹੋ ਗਿਆ ਅਤੇ ਅਸੀਂ ਵਿਆਹ ਕਰਨ ਦਾ ਫੈਸਲਾ ਕੀਤਾ। ਮੈਂ ਕਾਜਲ ਨੂੰ ਕਿਹਾ ਕਿ ਉਹ ਪਾਸਪੋਰਟ ਬਣਵਾ ਕੇ ਗੁਜਰਾਤ ਆ ਜਾਵੇ ਉਸ ਤੋਂ ਬਾਅਦ ਅਸੀਂ ਵਿਆਹ ਕਰਾਂਗੇ।"

ਤਰੁਣ ਨੇ ਅੱਗੇ ਕਿਹਾ, "ਇਸ ਦੌਰਾਨ ਕਾਜੁਲੀ ਦੇ ਮਾਤਾ-ਪਿਤਾ ਉਸ 'ਤੇ ਇੱਕ ਬੰਗਲਾਦੇਸ਼ੀ ਸ਼ਖਸ ਨਾਲ ਵਿਆਹ ਕਰਵਾਉਣ ਲਈ ਦਬਾਅ ਪਾਉਣ ਲੱਗੇ। ਕਾਜਲ ਨੇ ਪਾਸਪੋਰਟ ਲਈ ਇੱਕ ਏਜੰਟ ਨੂੰ 12 ਤੋਂ 13 ਹਜ਼ਾਰ ਰੁਪਏ ਦਿੱਤੇ ਸਨ। ਪਰ ਏਜੰਟ ਨੇ ਧੋਖਾ ਦਿੱਤਾ ਅਤੇ ਕਾਜਲ ਨੂੰ ਪਾਸਪੋਰਟ ਨਹੀਂ ਮਿਲਿਆ।"

ਤਰੁਣ ਨੇ ਦੱਸਿਆ, "ਦੋ-ਤਿੰਨ ਮਹੀਨੇ ਬਾਅਦ ਜਦੋਂ ਪਰਿਵਾਰ ਨੇ ਮੁੜ ਤੋਂ ਵਿਆਹ ਲਈ ਦਬਾਅ ਪਾਇਆ ਤਾਂ ਕਾਜੁਲੀ ਬੰਗਲਾਦੇਸ਼ ਤੋਂ ਭੱਜ ਕੇ ਕੋਲਕਾਤਾ ਆ ਗਈ ਅਤੇ ਉੱਥੋਂ ਆਨੰਦ ਪਹੁੰਚੀ। ਆਨੰਦ ਪਹੁੰਚਣ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ।"

ਵਿਆਹ ਤੋਂ ਬਾਅਦ ਕਾਜੁਲੀ ਨੇ ਆਪਣਾ ਨਾਂਅ ਬਦਲ ਕੇ ਕਾਜਲ ਰੱਖ ਲਿਆ। ਕਾਜਲ ਅਤੇ ਤਰੁਣ ਪਟੇਲ ਦਾ ਵਿਆਹ ਹੋਇਆ ਪਰ ਇਸ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੀ।

ਤਰੁਣ ਪਟੇਲ ਕਹਿੰਦੇ ਹਨ, "ਉਨ੍ਹਾਂ ਦਾ ਵਿਆਹ ਕਾਨੂੰਨੀ ਤੌਰ 'ਤੇ ਰਜਿਸਟਰ ਨਹੀਂ ਹੋ ਸਕਿਆ ਕਿਉਂਕਿ ਕਾਜਲ ਕੋਲ ਦਸਤਾਵੇਜ਼ ਨਹੀਂ ਸਨ।

ਤਰੁਣ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਅਜਿਹੀ ਸਮੱਸਿਆ ਪੈਦਾ ਹੋ ਜਾਵੇਗੀ। ਉਨ੍ਹਾਂ ਮੁਤਾਬਕ ਕਾਜਲ ਜਿਨ੍ਹਾਂ ਹਾਲਾਤਾਂ 'ਚ ਬੰਗਲਾਦੇਸ਼ ਤੋਂ ਆਈ ਸੀ, ਉਹ ਆਪਣੇ ਦਸਤਾਵੇਜ਼ ਨਾਲ ਨਹੀਂ ਲਿਆ ਸਕੀ ਸੀ।

ਤਰੁਣ ਪਟੇਲ ਨੇ ਦੱਸਿਆ, "ਕਾਜਲ, ਜੋ ਮੂਲ ਰੂਪ ਵਿੱਚ ਮੁਸਲਮਾਨ ਸੀ, ਵਿਆਹ ਤੋਂ ਬਾਅਦ ਉਸ ਨੇ ਹਿੰਦੂ ਧਰਮ ਅਪਣਾ ਲਿਆ।" ਤਰੁਣ ਨੂੰ ਡਰ ਹੈ ਕਿ ਜੇ ਉਸ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਤਾਂ ਉਸ ਦੇ ਮਾਪੇ ਉਸਨੂੰ ਸਵੀਕਾਰ ਨਹੀਂ ਕਰਨਗੇ।

ਪਰਿਵਾਰ ਸਦਮੇ ਵਿੱਚ

ਕਾਜਲ ਦੀ ਪੁਲਿਸ ਹਿਰਾਸਤ ਤੋਂ ਬਾਅਦ ਤਰੁਣ ਅਤੇ ਉਸ ਦਾ ਪਰਿਵਾਰ ਸਦਮੇ 'ਚ ਹੈ।

ਕਾਜਲ ਇਸ ਸਮੇਂ ਆਨੰਦ ਦੇ ਇੱਕ ਮਹਿਲਾ ਸੁਰੱਖਿਆ ਘਰ ਵਿੱਚ ਰਹਿ ਰਹੀ ਹੈ।

ਤਰੁਣ ਕਹਿੰਦੇ ਹਨ, "ਮੇਰੇ ਬੱਚੇ ਹਰ ਰੋਜ਼ ਰੋਂਦੇ ਹਨ ਅਤੇ ਪੁੱਛਦੇ ਹਨ ਕਿ ਉਨ੍ਹਾਂ ਦੀ ਮਾਂ ਕਦੋਂ ਵਾਪਸ ਆਵੇਗੀ। ਮੇਰੇ ਕੋਲ ਕੋਈ ਜਵਾਬ ਨਹੀਂ। ਜੇ ਉਸ ਨੂੰ ਬੰਗਲਾਦੇਸ਼ ਭੇਜ ਦਿੱਤਾ ਗਿਆ ਤਾਂ ਸਾਡਾ ਪਰਿਵਾਰ ਟੁੱਟ ਜਾਵੇਗਾ।"

ਕਾਜਲ ਦੀ ਸੱਸ ਇੰਦੂਬੇਨ ਕਹਿੰਦੇ ਹਨ, "ਉਸਦੇ ਜਾਣ ਤੋਂ ਬਾਅਦ ਸਾਡੇ ਘਰ ਕੋਈ ਵੀ ਢੰਗ ਨਾਲ ਖਾਣਾ ਨਹੀਂ ਖਾਂਦਾ। ਬੱਚੇ ਲਗਾਤਾਰ ਰੋਂਦੇ ਰਹਿੰਦੇ ਹਨ। ਕਾਜਲ ਸਾਡੇ ਲਈ ਸਿਰਫ਼ ਨੂੰਹ ਨਹੀਂ ਸੀ, ਬਲਕਿ ਧੀ ਵਰਗੀ ਸੀ।"

ਉਹ ਅੱਗੇ ਕਹਿੰਦੇ ਹਨ, "ਜੋ ਹੋਇਆ ਉਹ ਗਲਤ ਸੀ। ਉਸਦੇ ਜਾਣ ਤੋਂ ਬਾਅਦ ਘਰ ਵਿੱਚ ਕੋਈ ਵੀ ਇੱਕ ਨਿਵਾਲਾ ਨਹੀਂ ਖਾ ਸਕਿਆ। ਬੱਚਿਆਂ ਦੀ ਹਾਲਤ ਦੇਖ ਕੇ ਮੇਰਾ ਦਿਲ ਭਰ ਆਉਂਦਾ ਹੈ। ਕਾਜਲ ਤੋਂ ਬਿਨਾਂ ਘਰ ਸੁੰਨਾ ਲੱਗਦਾ ਹੈ। ਮੈਂ ਸਿਰਫ਼ ਇਹੀ ਦੁਆ ਕਰਦੀ ਹਾਂ ਕਿ ਕਾਜਲ ਵਾਪਸ ਆ ਜਾਵੇ। ਉਸਦੇ ਬਿਨਾਂ ਘਰ ਵਿੱਚ ਕੁਝ ਵੀ ਠੀਕ ਨਹੀਂ ਲੱਗਦਾ। ਮੇਰਾ ਕਾਜਲ ਨਾਲ ਰਿਸ਼ਤਾ ਸੱਸ-ਨੂੰਹ ਵਰਗਾ ਨਹੀਂ ਸੀ, ਬਲਕਿ ਮਾਂ-ਧੀ ਵਰਗਾ ਸੀ।"

ਮੌਜੂਦਾ ਸਮੇਂ 'ਚ ਕਾਜਲ ਗੁਜਰਾਤ ਦੇ ਆਨੰਦ ਸ਼ਹਿਰ ਵਿੱਚ ਸਥਿਤ ਜਾਗ੍ਰਿਤ ਮਹਿਲਾ ਸੰਗਠਨ, ਇੱਕ ਮਹਿਲਾ ਸ਼ੈਲਟਰ ਹੋਮ ਵਿੱਚ ਹੈ।

ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ ਜਾਗ੍ਰਿਤ ਮਹਿਲਾ ਸੰਗਠਨ ਦੇ ਪ੍ਰਧਾਨ ਆਸ਼ਾ ਦਲਾਲ ਨੇ ਕਿਹਾ, "ਕਾਜਲ ਲਗਾਤਾਰ ਮਾਨਸਿਕ ਤਣਾਅ ਵਿੱਚ ਰਹਿੰਦੀ ਹੈ ਅਤੇ ਅਕਸਰ ਰੋਂਦੀ ਹੈ। ਉਹ ਆਪਣੇ ਪਰਿਵਾਰ ਨੂੰ ਬਹੁਤ ਯਾਦ ਕਰਦੀ ਹੈ, ਖ਼ਾਸ ਕਰਕੇ ਆਪਣੇ ਦੋ ਬੱਚਿਆਂ ਨੂੰ। ਉਸ ਦਾ ਸਭ ਤੋਂ ਵੱਡਾ ਡਰ ਇਹ ਹੈ ਕਿ ਜੇ ਉਸਨੂੰ ਬੰਗਲਾਦੇਸ਼ ਭੇਜ ਦਿੱਤਾ ਗਿਆ ਤਾਂ ਉਹ ਕਦੇ ਵੀ ਭਾਰਤ ਵਾਪਸ ਨਹੀਂ ਆ ਸਕੇਗੀ।"

"ਅਧਿਕਾਰੀਆਂ ਦੀ ਇਜਾਜ਼ਤ ਤੋਂ ਬਾਅਦ ਅਸੀਂ ਕਦੇ-ਕਦੇ ਉਸਨੂੰ ਦੂਰੋਂ ਉਸਦੇ ਬੱਚਿਆਂ ਨੂੰ ਦੇਖਣ ਦੀ ਇਜਾਜ਼ਤ ਦਿੰਦੇ ਹਾਂ। ਇਸ ਨਾਲ ਉਸ ਨੂੰ ਕੁਝ ਰਾਹਤ ਮਿਲਦੀ ਹੈ, ਪਰ ਉਹ ਫਿਰ ਵੀ ਉਦਾਸ ਰਹਿੰਦੀ ਹੈ। ਅਸੀਂ ਉਸ ਨੂੰ ਸਮਝਾਉਂਦੇ ਰਹਿੰਦੇ ਹਾਂ ਅਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਆਖ਼ਰ ਉਹ ਇੱਕ ਇਨਸਾਨ ਹੈ ਅਤੇ ਕਈ ਵਾਰ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਪਾਉਂਦੀ।"

"ਸ਼ੈਲਟਰ ਹੋਮ ਵਿੱਚ ਉਹ ਸਭ ਨਾਲ ਚੰਗੀ ਤਰ੍ਹਾਂ ਰਹਿੰਦੀ ਹੈ ਅਤੇ ਹੋਰਾਂ ਦੀ ਮਦਦ ਵੀ ਕਰਦੀ ਹੈ। ਇਸ ਵੇਲੇ ਅਸੀਂ ਕਾਜਲ ਦੀ ਚੰਗੀ ਦੇਖਭਾਲ ਕਰ ਰਹੇ ਹਾਂ। ਅਗਲੀ ਕਾਰਵਾਈ ਸਰਕਾਰ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਕੀਤੀ ਜਾਵੇਗੀ।"

ਕਾਨੂੰਨੀ ਲੜਾਈ

ਇਸ ਵੇਲੇ ਤਰੁਣ ਦਾ ਇੱਕੋ ਹੀ ਮਕਸਦ ਹੈ-ਕਿਸੇ ਵੀ ਕੀਮਤ 'ਤੇ ਕਾਜਲ ਨੂੰ ਬੰਗਲਾਦੇਸ਼ ਵਾਪਸ ਭੇਜੇ ਜਾਣ ਤੋਂ ਰੋਕਣਾ। ਇਸ ਲਈ ਉਹ ਹਰ ਪੱਧਰ 'ਤੇ ਅਰਜ਼ੀਆਂ ਦੇ ਰਹੇ ਹਨ ਅਤੇ ਹਾਈ ਕੋਰਟ ਤੱਕ ਵੀ ਪਹੁੰਚ ਕਰ ਚੁੱਕੇ ਹਨ।

ਉਨ੍ਹਾਂ ਦੇ ਵਕੀਲ ਜ਼ੈਨਬ ਸਈਦ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਅਸੀਂ ਅਦਾਲਤ ਵਿੱਚ ਸੰਵਿਧਾਨਕ ਪ੍ਰਾਵਧਾਨਾਂ ਦਾ ਹਵਾਲਾ ਦੇਵਾਂਗੇ ਤਾਂ ਜੋ ਕਾਜਲ ਨੂੰ ਭਾਰਤੀ ਨਾਗਰਿਕਤਾ ਮਿਲ ਸਕੇ। ਸੰਵਿਧਾਨ ਦੀ ਧਾਰਾ 21 ਜੀਵਨ ਅਤੇ ਨਿੱਜੀ ਆਜ਼ਾਦੀ ਦਾ ਅਧਿਕਾਰ ਦਿੰਦੀ ਹੈ। ਇਹ ਅਧਿਕਾਰ ਸਿਰਫ਼ ਭਾਰਤੀ ਨਾਗਰਿਕਾਂ ਲਈ ਨਹੀਂ, ਸਗੋਂ ਭਾਰਤ ਵਿੱਚ ਰਹਿਣ ਵਾਲੇ ਹਰ ਵਿਅਕਤੀ ਲਈ ਹੈ। ਇਸ ਲਈ ਅਸੀਂ ਇਹ ਦਲੀਲਾਂ ਪੇਸ਼ ਕਰਾਂਗੇ।"

ਜ਼ੈਨਬ ਨੇ ਅੱਗੇ ਦੱਸਿਆ, "ਜੇ ਕੋਈ ਵਿਅਕਤੀ ਇੱਕ ਭਾਰਤੀ ਨਾਲ ਵਿਆਹ ਕਰਕੇ ਕਈ ਸਾਲ ਇਕੱਠੇ ਰਹਿੰਦਾ ਹੈ ਤਾਂ ਉਹ ਹਾਲਾਤਾਂ ਅਤੇ ਸਬੂਤਾਂ ਦੇ ਆਧਾਰ 'ਤੇ ਨਾਗਰਿਕਤਾ ਲਈ ਯੋਗ ਹੋ ਸਕਦਾ ਹੈ। ਸਾਡੀ ਕੋਸ਼ਿਸ਼ ਹੈ ਕਿ ਕਾਜਲ ਨੂੰ ਬੰਗਲਾਦੇਸ਼ ਨਾ ਭੇਜਿਆ ਜਾਵੇ ਅਤੇ ਉਸਨੂੰ ਭਾਰਤੀ ਨਾਗਰਿਕਤਾ ਮਿਲੇ।"

ਤਰੁਣ ਨੇ ਆਨੰਦ ਦੇ ਸੰਸਦ ਮੈਂਬਰ ਮਿਤੇਸ਼ ਪਟੇਲ ਨੂੰ ਵੀ ਅਪੀਲ ਕੀਤੀ ਹੈ। ਪਟੇਲ ਨੇ ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ ਕਿਹਾ, "ਜਦੋਂ ਮੈਂ ਦਿੱਲੀ ਜਾਵਾਂਗਾ, ਮੈਂ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਰੱਖਾਂਗਾ।"

ਆਪ੍ਰੇਸ਼ਨ ਡੈਲਟਾ ਹੰਟ

ਸੂਬਾ ਸਰਕਾਰ ਮੁਤਾਬਕ ਗੁਜਰਾਤ ਦੀ ਅੰਦਰੂਨੀ ਸੁਰੱਖਿਆ, ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਨੇ "ਆਪ੍ਰੇਸ਼ਨ ਡੈਲਟਾ ਹੰਟ" ਨਾਮ ਦੀ ਗਹਿਨ ਮੁਹਿੰਮ ਸ਼ੁਰੂ ਕੀਤੀ।

ਜੂਨ 2026 ਦੇ ਪਹਿਲੇ ਹਫ਼ਤੇ ਦੌਰਾਨ 362 ਕਥਿਤ "ਗੈਰ-ਕਾਨੂੰਨੀ ਬੰਗਲਾਦੇਸ਼ੀ" ਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚ 103 ਮਰਦ, 188 ਔਰਤਾਂ ਅਤੇ 71 ਬੱਚੇ ਸ਼ਾਮਲ ਸਨ।

ਇਸ ਤੋਂ ਇਲਾਵਾ 782 ਤੋਂ ਵੱਧ "ਸ਼ੱਕੀ ਬੰਗਲਾਦੇਸ਼ੀ" ਨਾਗਰਿਕਾਂ ਤੋਂ ਪੁੱਛਗਿੱਛ ਕੀਤੀ ਗਈ।

ਗੁਜਰਾਤ ਸਰਕਾਰ ਦੇ ਪ੍ਰੈੱਸ ਬਿਆਨ ਅਨੁਸਾਰ, ਤਕਨਾਲੋਜੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੀ ਮਦਦ ਨਾਲ ਪੁਲਿਸ ਨੇ ਉਨ੍ਹਾਂ ਸਥਾਨਕ ਏਜੰਟਾਂ ਅਤੇ ਮਦਦਗਾਰਾਂ ਦੀ ਵੀ ਜਾਂਚ ਸ਼ੁਰੂ ਕੀਤੀ ਹੈ ਜੋ ਨਕਲੀ ਦਸਤਾਵੇਜ਼ ਤਿਆਰ ਕਰਨ ਵਿੱਚ ਇਨ੍ਹਾਂ ਦੀ ਮਦਦ ਕਰ ਰਹੇ ਸਨ।

ਇਹ ਵੀ ਯਾਦ ਰਹੇ ਕਿ ਪਹਿਲਾਂ ਵੀ ਗੁਜਰਾਤ ਵਿੱਚ ਕਥਿਤ ਬੰਗਲਾਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਅਹਿਮਦਾਬਾਦ ਦੇ ਚਾਂਦੋਲਾ ਝੀਲ ਖੇਤਰ ਵਿੱਚ ਪੁਲਿਸ ਨੇ ਵੱਡੇ ਪੱਧਰ 'ਤੇ "ਮੈਗਾ ਡਿਮੋਲਿਸ਼ਨ" ਕਾਰਵਾਈ ਵੀ ਕੀਤੀ ਸੀ।ਸੂਬਾ ਸਰਕਾਰ ਮੁਤਾਬਕ ਗੁਜਰਾਤ ਦੀ ਅੰਦਰੂਨੀ ਸੁਰੱਖਿਆ, ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਨੇ "ਆਪ੍ਰੇਸ਼ਨ ਡੈਲਟਾ ਹੰਟ" ਨਾਮ ਦੀ ਗਹਿਨ ਮੁਹਿੰਮ ਸ਼ੁਰੂ ਕੀਤੀ।

ਜੂਨ 2026 ਦੇ ਪਹਿਲੇ ਹਫ਼ਤੇ ਦੌਰਾਨ 362 ਕਥਿਤ "ਗੈਰ-ਕਾਨੂੰਨੀ ਬੰਗਲਾਦੇਸ਼ੀ" ਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚ 103 ਮਰਦ, 188 ਔਰਤਾਂ ਅਤੇ 71 ਬੱਚੇ ਸ਼ਾਮਲ ਸਨ।

ਇਸ ਤੋਂ ਇਲਾਵਾ 782 ਤੋਂ ਵੱਧ "ਸ਼ੱਕੀ ਬੰਗਲਾਦੇਸ਼ੀ" ਨਾਗਰਿਕਾਂ ਤੋਂ ਪੁੱਛਗਿੱਛ ਕੀਤੀ ਗਈ।

ਗੁਜਰਾਤ ਸਰਕਾਰ ਦੇ ਪ੍ਰੈੱਸ ਬਿਆਨ ਅਨੁਸਾਰ, ਤਕਨਾਲੋਜੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੀ ਮਦਦ ਨਾਲ ਪੁਲਿਸ ਨੇ ਉਨ੍ਹਾਂ ਸਥਾਨਕ ਏਜੰਟਾਂ ਅਤੇ ਮਦਦਗਾਰਾਂ ਦੀ ਵੀ ਜਾਂਚ ਸ਼ੁਰੂ ਕੀਤੀ ਹੈ ਜੋ ਨਕਲੀ ਦਸਤਾਵੇਜ਼ ਤਿਆਰ ਕਰਨ ਵਿੱਚ ਇਨ੍ਹਾਂ ਦੀ ਮਦਦ ਕਰ ਰਹੇ ਸਨ।

ਇਹ ਵੀ ਯਾਦ ਰਹੇ ਕਿ ਪਹਿਲਾਂ ਵੀ ਗੁਜਰਾਤ ਵਿੱਚ ਕਥਿਤ ਬੰਗਲਾਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਅਹਿਮਦਾਬਾਦ ਦੇ ਚਾਂਦੋਲਾ ਝੀਲ ਖੇਤਰ ਵਿੱਚ ਪੁਲਿਸ ਨੇ ਵੱਡੇ ਪੱਧਰ 'ਤੇ "ਮੈਗਾ ਡਿਮੋਲਿਸ਼ਨ" ਕਾਰਵਾਈ ਵੀ ਕੀਤੀ ਸੀ।

ਬੀਬੀਸੀ ਗੁਜਰਾਤੀ ਦੇ ਨਚਿਕੇਤ ਮਹਿਤਾ ਵੱਲੋਂ ਰਿਪੋਰਟ ਲਈ ਇਨਪੁੱਟਸ ਦਿੱਤੇ ਗਏ ਹਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)