You’re viewing a text-only version of this website that uses less data. View the main version of the website including all images and videos.
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ, ਪਰ ਫਿਰ ਵੀ ਲੋਕ ਖਰੀਦਦਾਰੀ ਕਿਉਂ ਨਹੀਂ ਕਰ ਰਹੇ?ਅਮਰੀਕਾ ਦੀਆਂ ਵਿਆਜ ਦਰਾਂ ਦਾ ਕੀ ਸਬੰਧ ਹੈ
- ਲੇਖਕ, ਅਜੀਤ ਗੜਵੀ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਈਰਾਨ ਅਤੇ ਅਮਰੀਕਾ ਵਿਚਾਲੇ ਅਸਥਾਈ ਜੰਗਬੰਦੀ ਸਮਝੌਤੇ ਦੇ ਐਲਾਨ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਹੋਰਮੁਜ਼ (ਸਟ੍ਰੇਟ) ਬੰਦ ਹੋਣ ਦੇ ਖਦਸ਼ਿਆਂ ਦੌਰਾਨ ਕੱਚਾ ਤੇਲ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਆਪਣੇ ਉੱਚੇ ਪੱਧਰ 'ਤੇ ਪਹੁੰਚ ਗਈਆਂ ਸਨ। ਹੁਣ ਇਨ੍ਹਾਂ ਤਿੰਨਾਂ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ।
ਬੁੱਧਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ ਪਿਛਲੇ ਸੱਤ ਮਹੀਨਿਆਂ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਚਾਂਦੀ ਦੀ ਕੀਮਤ ਵੀ ਜਨਵਰੀ ਦੇ ਮੁਕਾਬਲੇ ਕਰੀਬ ਅੱਧੀ ਰਹਿ ਗਈ ਹੈ। ਫਿਲਹਾਲ, ਦੋਵਾਂ ਧਾਤਾਂ ਦੀਆਂ ਕੀਮਤਾਂ ਪਿਛਲੇ ਨਵੰਬਰ ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈਆਂ ਹਨ।
ਇੰਡੀਅਨ ਬੁਲਿਅਨ ਐਂਡ ਜਿਊਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ 'ਤੇ ਉਪਲੱਬਧ ਅੰਕੜਿਆਂ ਮੁਤਾਬਕ, ਵੀਰਵਾਰ ਨੂੰ 99.9 ਫ਼ੀਸਦੀ ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 1.40 ਲੱਖ ਰੁਪਏ ਸੀ, ਜਦਕਿ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ 2.15 ਲੱਖ ਰੁਪਏ ਦਰਜ ਕੀਤੀ ਗਈ।
ਜਨਵਰੀ ਦੇ ਅਖੀਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 2 ਲੱਖ ਰੁਪਏ ਤੱਕ ਪਹੁੰਚ ਗਈ ਸੀ। ਇਸੇ ਤਰ੍ਹਾਂ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ 4.04 ਲੱਖ ਰੁਪਏ ਦੇ ਪੱਧਰ 'ਤੇ ਸੀ। ਇਸ ਤੋਂ ਬਾਅਦ ਦੋਵਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ।
ਸਮਾਚਾਰ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ, ਪਿਛਲੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਪਿਛਲੇ ਸੱਤ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ। ਇੱਕ ਔਂਸ (28.35 ਗ੍ਰਾਮ) ਸੋਨੇ ਦੀ ਕੀਮਤ 4,000 ਡਾਲਰ ਤੋਂ ਹੇਠਾਂ ਆ ਗਈ। ਸਿਰਫ਼ ਬੁੱਧਵਾਰ ਨੂੰ ਹੀ ਸੋਨੇ ਦੀ ਕੀਮਤ ਵਿੱਚ 3.3 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਇਸ ਦੌਰਾਨ ਅਮਰੀਕੀ ਡਾਲਰ ਵੀ ਮਜਬੂਤ ਹੋਇਆ ਹੈ। ਇਸ ਕਾਰਨ ਡਾਲਰ ਤੋਂ ਇਲਾਵਾ ਹੋਰ ਕਿਸੇ ਵੀ ਮੁਦਰਾ ਵਿੱਚ ਸੋਨਾ ਖਰੀਦਣਾ ਪਹਿਲਾਂ ਦੇ ਮੁਕਾਬਲੇ ਮਹਿੰਗਾ ਹੋ ਗਿਆ ਹੈ।
ਸੋਨੇ ਨੂੰ ਨਿਵੇਸ਼ ਦੇ ਇੱਕ ਸਾਧਨ ਵਜੋਂ ਰੱਖਿਆ ਜਾਂਦਾ ਹੈ ਅਤੇ ਇਸ ਤੋਂ ਕਿਸੇ ਤਰ੍ਹਾਂ ਦਾ ਵਿਆਜ ਜਾਂ ਨਿਯਮਿਤ ਆਮਦਨ ਨਹੀਂ ਮਿਲਦੀ। ਇਸ ਲਈ ਜਦੋਂ ਵਿਆਜ ਦਾ ਦਰ ਵੱਧਦਾ ਹੈ ਤਾਂ ਸੋਨੇ ਵਿੱਚ ਨਿਵੇਸ਼ ਪ੍ਰਤੀ ਖਿੱਚ ਵੀ ਘੱਟ ਹੋ ਜਾਂਦੀ ਹੈ।
ਪਿਛਲੀ ਜਨਵਰੀ ਵਿੱਚ ਸੋਨੇ ਦੀ ਕੀਮਤ ਇੱਕ ਔਂਸ ਲਈ 5,594 ਡਾਲਰ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਸੀ। ਉਸ ਪੱਧਰ ਦੇ ਮੁਕਾਬਲੇ ਹੁਣ ਸੋਨੇ ਦੀ ਕੀਮਤ ਪ੍ਰਤੀ ਔਂਸ ਕਰੀਬ 1,600 ਡਾਲਰ ਤੱਕ ਘੱਟ ਚੁੱਕੀ ਹੈ।
ਇਸ ਸਥਿਤੀ ਨੂੰ ਸਮਝਣ ਲਈ ਬੀਬੀਸੀ ਨੇ ਗਹਿਣਿਆਂ ਦੇ ਕਾਰੋਬਾਰ ਨਾਲ ਜੁੜੇ ਮਾਹਰਾਂ ਅਤੇ ਵਪਾਰੀਆਂ ਨਾਲ ਗੱਲਬਾਤ ਕੀਤੀ।
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਤੇ ਅਸਰ ਕਿਵੇਂ ਪੈਂਦਾ ਹੈ ?
ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਵਾਧੇ ਦਾ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਤੇ ਵੱਡਾ ਅਸਰ ਪੈਂਦਾ ਹੈ।
ਪਿਛਲੇ ਦੋ ਦਿਨਾਂ ਵਿੱਚ ਮਲਟੀ ਕਮੋਡਿਟੀ ਐਕਸਚੇਂਜ (ਐੱਮਸੀਐਕਸ) ਵਿੱਚ 10 ਗ੍ਰਾਮ ਸੋਨੇ ਦੀ ਕੀਮਤ 6 ਹਜ਼ਾਰ ਰੁਪਏ ਤੱਕ ਘੱਟ ਗਈ। ਉੱਥੇ ਹੀ, ਚਾਂਦੀ ਦੀ ਕੀਮਤ ਵਿੱਚ ਵੀ 15,500 ਰੁਪਏ ਤੱਕ ਦੀ ਗਿਰਾਵਟ ਦਰਜ ਕੀਤੀ ਗਈ।
ਇਸ ਬਾਰੇ ਐੱਚਡੀਐੱਫਸੀ ਸਿਕਿਓਰਿਟੀਜ਼ ਦੇ ਕਮੋਡਿਟੀ ਮਾਰਕੀਟ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਪਿਛਲੇ ਹਫ਼ਤੇ ਅਮਰੀਕੀ ਫੈਡਰਲ ਬੈਂਕ ਦੀ ਮੀਟਿੰਗ ਹੋਈ ਸੀ। ਇਸ ਵਿੱਚ ਨਵੇਂ ਚੇਅਰਮੈਨ ਕੇਵਿਨ ਵਾਰਸ਼ ਨੇ ਵਿਆਜ ਦਰਾਂ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ।"
ਉਨ੍ਹਾਂ ਕਿਹਾ, "ਅਮਰੀਕਾ ਵਿੱਚ ਪਿਛਲੇ ਪੰਜ ਸਾਲਾਂ ਤੋਂ ਮਹਿੰਗਾਈ ਉੱਚੇ ਪੱਧਰ 'ਤੇ ਬਣੀ ਹੋਈ ਹੈ। ਇਸ ਲਈ ਮਹਿੰਗਾਈ ਨੂੰ ਕਾਬੂ ਕਰਨਾ ਅਮਰੀਕੀ ਕੇਂਦਰੀ ਬੈਂਕ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸੇ ਕਾਰਨ ਇਸ ਸਾਲ ਅਮਰੀਕੀ ਫੈਡਰਲ ਬੈਂਕ ਇੱਕ ਜਾਂ ਦੋ ਵਾਰ ਵਿਆਜ ਦਰਾਂ ਵਿੱਚ ਵਾਧਾ ਕਰ ਸਕਦਾ ਹੈ। ਵਿਆਜ ਦਰਾਂ ਵਧਣ ਦੇ ਸੰਕੇਤ ਮਿਲਣ ਕਾਰਨ ਨਿਵੇਸ਼ਕ ਸੋਨੇ ਵਿੱਚੋਂ ਪੈਸਾ ਕੱਢ ਕੇ ਅਮਰੀਕੀ ਡਾਲਰ ਵਿੱਚ ਨਿਵੇਸ਼ ਕਰ ਰਹੇ ਹਨ।"
ਸੌਮਿਲ ਗਾਂਧੀ ਨੇ ਦੱਸਿਆ ਕਿ ਫਿਲਹਾਲ ਡਾਲਰ ਇੰਡੈਕਸ ਪਿਛਲੇ 13 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਕਾਰਨ ਸੋਨੇ, ਚਾਂਦੀ ਅਤੇ ਹੋਰ ਬੇਸ ਮੈਟਲਜ਼ ਵਿੱਚ ਘੱਟ ਖਰੀਦ ਦੇਖਣ ਨੂੰ ਮਿਲ ਰਹੀ ਹੈ।
ਬਾਜ਼ਾਰ ਦੇ ਅਨੁਮਾਨ ਮੁਤਾਬਕ, ਅਮਰੀਕੀ ਕੇਂਦਰੀ ਬੈਂਕ ਸਤੰਬਰ ਅਤੇ ਦਸੰਬਰ ਵਿੱਚ ਵਿਆਜ ਦਰਾਂ ਵਿੱਚ ਵਾਧਾ ਕਰ ਸਕਦਾ ਹੈ।
ਸੌਮਿਲ ਗਾਂਧੀ ਦਾ ਕਹਿਣਾ ਹੈ ਕਿ ਜਨਵਰੀ ਵਿੱਚ ਬਣੇ ਰਿਕਾਰਡ ਪੱਧਰ ਤੋਂ ਬਾਅਦ ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵੱਡੀ ਗਿਰਾਵਟ ਆਈ ਹੈ।
ਉਨ੍ਹਾਂ ਨੇ ਕਿਹਾ, "ਅਮਰੀਕਾ ਅਤੇ ਈਰਾਨ ਵਿਚਾਲੇ 60 ਦਿਨਾਂ ਦੀ ਜੰਗਬੰਦੀ 'ਤੇ ਸਹਿਮਤੀ ਬਣੀ ਹੈ। ਹਾਲਾਂਕਿ, ਇਹ ਕਿੰਨਾ ਸਮਾਂ ਕਾਇਮ ਰਹੇਗੀ, ਇਸ ਬਾਰੇ ਅਜੇ ਕੁਝ ਕਹਿਣਾ ਮੁਸ਼ਕਿਲ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਖ਼ਬਰਾਂ ਅਤੇ ਹਾਲਾਤਾਂ ਦੇ ਆਧਾਰ 'ਤੇ ਸੋਨੇ ਅਤੇ ਕੱਚੇ ਤੇਲ ਦੀਆਂ ਕੀਮਤਾਂ ਵੱਧ ਵੀ ਸਕਦੀਆਂ ਹਨ ਅਤੇ ਘੱਟ ਵੀ ਸਕਦੀਆਂ ਹਨ।"
ਜਿਊਲਰਜ਼ ਦੀ ਸਥਿਤੀ ਕਿਹੋ ਜਿਹੀ ਹੈ?
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਤੋਂ ਬਾਅਦ ਕੀ ਭਾਰਤ ਵਿੱਚ ਇਸ ਦੀ ਵਿਕਰੀ ਵਧੇਗੀ, ਇਸ ਸਵਾਲ 'ਤੇ ਅਹਿਮਦਾਬਾਦ ਦੀ ਜਿਊਲਰਜ਼ ਐਸੋਸੀਏਸ਼ਨ 'ਚੋਕਸੀ ਮਹਾਜਨ' ਦੇ ਮੈਂਬਰ ਹੇਮੰਤ ਸਥਵਾਰਾ ਨੇ ਕਿਹਾ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਬਾਵਜੂਦ ਫਿਲਹਾਲ ਗਾਹਕਾਂ ਵਿੱਚ ਖਰੀਦਦਾਰੀ ਦਾ ਉਤਸ਼ਾਹ ਨਹੀਂ ਦਿਖ ਰਿਹਾ।
ਉਨ੍ਹਾਂ ਕਿਹਾ, "ਇਸ ਵੇਲੇ ਸੋਨੇ ਅਤੇ ਚਾਂਦੀ ਦੇ ਬਾਜ਼ਾਰ ਵਿੱਚ ਸੁਸਤੀ ਦਾ ਮਾਹੌਲ ਹੈ। ਸਕੂਲ ਖੁੱਲ੍ਹ ਚੁੱਕੇ ਹਨ, ਇਸ ਲਈ ਲੋਕਾਂ ਨੇ ਆਪਣੀ ਬਚਤ ਦਾ ਵੱਡਾ ਹਿੱਸਾ ਸਕੂਲ ਫੀਸ, ਕਿਤਾਬਾਂ ਅਤੇ ਹੋਰ ਜ਼ਰੂਰੀ ਚੀਜ਼ਾਂ 'ਤੇ ਖਰਚ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਬਾਜ਼ਾਰ ਵਿੱਚ ਸੋਨੇ ਦੀ ਵਿਕਰੀ ਫਿਲਹਾਲ ਘੱਟ ਬਣੀ ਹੋਈ ਹੈ।"
ਉਨ੍ਹਾਂ ਇਹ ਵੀ ਕਿਹਾ ਕਿ ਸੋਨੇ ਅਤੇ ਚਾਂਦੀ ਦੀਆਂ ਵਧਦੀਆਂ ਕੀਮਤਾਂ ਦੇ ਨਾਲ-ਨਾਲ ਇਨ੍ਹਾਂ 'ਤੇ ਇੰਪੋਰਟ ਡਿਊਟੀ ਵਧਣ ਕਾਰਨ ਕਾਰੋਬਾਰ 'ਤੇ ਵੀ ਗੰਭੀਰ ਅਸਰ ਪਿਆ ਹੈ।
ਹੇਮੰਤ ਸਥਵਾਰਾ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿੱਚ ਡਾਲਰ ਦੀ ਮਜ਼ਬੂਤੀ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।
ਉਨ੍ਹਾਂ ਕਿਹਾ, "ਜੇ ਅਮਰੀਕੀ ਕੇਂਦਰੀ ਬੈਂਕ ਵਿਆਜ ਦਰਾਂ ਵਿੱਚ ਵਾਧਾ ਕਰਦਾ ਹੈ ਤਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਘੱਟਦੀਆਂ ਹਨ। ਉੱਥੇ ਹੀ, ਜੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਧਾਤਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ।"
ਸੋਨਾ-ਚਾਂਦੀ ਦੀ ਖਰੀਦਦਾਰੀ ਵਿੱਚ ਦਿਲਚਸਪੀ ਘੱਟ ਕਿਉਂ ਹੈ ?
ਹੇਮੰਤ ਸਥਵਾਰਾ ਮੁਤਾਬਕ, 25 ਜੂਨ ਨੂੰ ਅਹਿਮਦਾਬਾਦ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 1.44 ਲੱਖ ਰੁਪਏ ਸੀ, ਜਦਕਿ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ 2.19 ਲੱਖ ਰੁਪਏ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਖਰੀਦਦਾਰੀ ਵੇਲੇ ਗਾਹਕਾਂ ਨੂੰ ਇਨ੍ਹਾਂ ਕੀਮਤਾਂ 'ਤੇ 3 ਫ਼ੀਸਦੀ ਜੀਐੱਸਟੀ ਵੀ ਦੇਣੀ ਪੈਂਦੀ ਹੈ।
ਉਨ੍ਹਾਂ ਅੱਗੇ ਕਿਹਾ, "ਫਿਲਹਾਲ ਸੋਨੇ ਅਤੇ ਚਾਂਦੀ ਦੇ ਬਾਜ਼ਾਰ ਵਿੱਚ ਕੋਈ ਨਵੇਂ ਆਰਡਰ ਨਹੀਂ ਆ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਸੋਨੇ ਦੇ ਗਹਿਣਿਆਂ ਦੀ ਖਰੀਦ ਤੋਂ ਬਚਣ ਦੀ ਅਪੀਲ ਕਰਨ ਤੋਂ ਬਾਅਦ ਇਸ ਦੀ ਖਪਤ ਵਿੱਚ ਕਾਫ਼ੀ ਗਿਰਾਵਟ ਆਈ ਹੈ। ਅਜਿਹੇ ਹਾਲਾਤਾਂ ਵਿੱਚ ਛੋਟੇ ਗਹਿਣਾ ਨਿਰਮਾਤਾ ਵੀ ਕੰਮ ਦੀ ਕਮੀ ਨਾਲ ਜੂਝ ਰਹੇ ਹਨ।"
ਹੇਮੰਤ ਸਥਵਾਰਾ ਨੇ ਕਿਹਾ ਕਿ ਆਮ ਤੌਰ 'ਤੇ ਸੋਨੇ ਦੀਆਂ ਕੀਮਤਾਂ ਘਟਣ 'ਤੇ ਬਾਜ਼ਾਰ ਵਿੱਚ ਕਾਰੋਬਾਰ ਵਧ ਜਾਂਦਾ ਹੈ ਪਰ ਇਸ ਵਾਰ ਅਜਿਹਾ ਦੇਖਣ ਨੂੰ ਨਹੀਂ ਮਿਲ ਰਿਹਾ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਹੋਰ ਖੇਤਰਾਂ ਵਿੱਚ ਵੀ ਮੰਦੀ ਦਾ ਅਸਰ ਹੈ ਤਾਂ ਗਹਿਣਾ ਉਦਯੋਗ ਵੀ ਇਸ ਤੋਂ ਅਛੂਤਾ ਨਹੀਂ ਰਹਿ ਸਕਦਾ।
ਉਨ੍ਹਾਂ ਉਮੀਦ ਜਤਾਈ ਕਿ ਅਗਸਤ ਤੋਂ ਸ਼ੁਰੂ ਹੋਣ ਵਾਲਾ ਤਿਉਹਾਰਾਂ ਦਾ ਸੀਜ਼ਨ, ਜੋ ਦੀਵਾਲੀ ਤੱਕ ਚੱਲਦਾ ਹੈ, ਕਾਰੋਬਾਰ ਵਿੱਚ ਤੇਜ਼ੀ ਲਿਆ ਸਕਦਾ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਤਿਉਹਾਰਾਂ ਨੂੰ ਲੈ ਕੇ ਅਜੇ ਤੱਕ ਕੋਈ ਅਗਾਊਂ ਆਰਡਰ ਨਹੀਂ ਮਿਲੇ ਹਨ।
ਚਾਂਦੀ ਦੀ ਕੀਮਤ ਵਿਚ ਗਿਰਾਵਟ ਕਿਉਂ ਆਈ ?
ਪਿਛਲੇ ਸਾਲ ਚਾਂਦੀ ਦੀਆਂ ਕੀਮਤਾਂ ਵਿੱਚ ਆਏ ਤੇਜ਼ ਵਾਧੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ, ਹੁਣ ਇਸ ਦੀਆਂ ਕੀਮਤਾਂ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਦੇ ਪਿੱਛੇ ਇੱਕ ਵੱਡਾ ਕਾਰਨ ਅਮਰੀਕੀ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਧਾਏ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਘੱਟਣ ਕਾਰਨ ਚਾਂਦੀ 'ਤੇ ਮਿਲਣ ਵਾਲਾ ਵਾਧੂ ਜੋਖ਼ਮ ਪ੍ਰੀਮੀਅਮ ਵੀ ਘੱਟ ਗਿਆ ਹੈ।
ਸੋਨੇ ਵਾਂਗ ਚਾਂਦੀ ਵੀ ਕੋਈ ਨਿਸ਼ਚਿਤ ਵਿਆਜ ਜਾਂ ਨਿਯਮਿਤ ਆਮਦਨ ਨਹੀਂ ਦਿੰਦੀ। ਇਸ ਦੇ ਮੁਕਾਬਲੇ ਅਮਰੀਕੀ ਸਰਕਾਰੀ ਬਾਂਡਾਂ 'ਤੇ ਬਿਹਤਰ ਰਿਟਰਨ ਮਿਲ ਰਿਹਾ ਹੈ।
ਇਸੇ ਕਾਰਨ ਵੱਧ ਮੁਨਾਫ਼ੇ ਦੀ ਉਮੀਦ ਵਿੱਚ ਨਿਵੇਸ਼ਕ ਚਾਂਦੀ ਵਿੱਚੋਂ ਪੈਸਾ ਕੱਢ ਕੇ ਬਾਂਡਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ