ਜਿਸ ਪੁੱਤਰ ਨੂੰ ਮਰਿਆ ਦੱਸਿਆ ਗਿਆ, 42 ਸਾਲ ਬਾਅਦ ਉਸੇ ਦੀ ਈਮੇਲ ਆਈ, ਮਾਂ-ਪੁੱਤ ਦੇ ਭਾਵਨਾਤਮਕ ਮੇਲ ਦੀ ਕਹਾਣੀ

ਜਵਾਨੀ ਦੇ ਦਿਨਾਂ ਵਿੱਚ ਘੋੜੇ 'ਤੇ ਸਵਾਰ ਡਾਇਨੇ ਸ਼ੀਹਾਨ (ਫ਼ਾਈਲ ਫ਼ੋਟੋ)
ਤਸਵੀਰ ਕੈਪਸ਼ਨ, ਜਵਾਨੀ ਦੇ ਦਿਨਾਂ ਵਿੱਚ ਘੋੜੇ 'ਤੇ ਸਵਾਰ ਡਾਇਨੇ ਸ਼ੀਹਾਨ (ਫ਼ਾਈਲ ਫ਼ੋਟੋ)
    • ਲੇਖਕ, ਆਊਟਲੁੱਕ ਪ੍ਰੋਗਰਾਮ
    • ਰੋਲ, ਬੀਬੀਸੀ ਵਰਲਡ ਸਰਵਿਸ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਦਸੰਬਰ 2018 ਦੀ ਇੱਕ ਗਰਮ ਰਾਤ ਸੀ। 63 ਸਾਲਾ ਡਾਇਨੇ ਸ਼ੀਹਾਨ ਆਸਟ੍ਰੇਲੀਆ ਦੇ ਬ੍ਰਿਸਬੇਨ ਵਿੱਚ ਆਪਣੇ ਘਰ ਮੁੜੇ ਸਨ। ਉਹ ਦੋਸਤਾਂ ਨਾਲ ਰਾਤ ਦਾ ਖਾਣਾ ਖਾ ਕੇ ਆਏ ਸਨ। ਘਰ ਪਹੁੰਚਣ ਤੋਂ ਬਾਅਦ ਉਹ ਅਜੇ ਸੋਫੇ 'ਤੇ ਬੈਠੇ ਹੀ ਸੀ ਕਿ ਉਨ੍ਹਾਂ ਦੇ ਫ਼ੋਨ 'ਤੇ ਇੱਕ ਈਮੇਲ ਆਈ।

ਇਹ ਈਮੇਲ ਇੱਕ ਅਜਿਹੇ ਵਿਅਕਤੀ ਨੇ ਭੇਜੀ ਸੀ, ਜਿਸ ਨੇ ਆਪਣੇ ਜਨਮ ਦਾ ਸਾਲ ਅਤੇ ਉਸ ਹਸਪਤਾਲ ਦਾ ਨਾਂ ਦੱਸਿਆ ਸੀ, ਜਿੱਥੇ ਉਸ ਦਾ ਜਨਮ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਕੁਝ ਅਜਿਹਾ ਲਿਖਿਆ, ਜਿਸ ਨੇ ਡਾਇਨੇ ਦੀ ਜ਼ਿੰਦਗੀ ਬਦਲ ਦਿੱਤੀ। ਉਸ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਡਾਇਨੇ ਉਸ ਦੀ ਮਾਂ ਹੈ।

ਡਾਇਨੇ ਨੇ ਬੀਬੀਸੀ ਦੇ ਪ੍ਰੋਗਰਾਮ 'ਆਊਟਲੁੱਕ' ਨੂੰ ਦੱਸਿਆ, "ਮੇਰਾ ਦਿਮਾਗ ਸੁੰਨ ਹੋ ਗਿਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਸਾਹ ਵੀ ਨਹੀਂ ਲੈ ਪਾ ਰਹੀ ਸੀ। ਕਈ ਘੰਟਿਆਂ ਤੱਕ ਮੇਰੀ ਇਹੀ ਹਾਲਤ ਰਹੀ। ਇੰਝ ਲੱਗ ਰਿਹਾ ਸੀ ਜਿਵੇਂ ਮੈਂ ਖ਼ੁਦ ਤੋਂ ਬਾਹਰ ਨਿੱਕਲ ਗਈ ਹੋਵਾਂ।"

ਈਮੇਲ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ ਸਹੀ ਸੀ। ਡਾਇਨੇ ਨੇ 1976 ਵਿੱਚ ਉਸੇ ਤਾਰੀਖ਼ ਨੂੰ, ਉਸੇ ਹਸਪਤਾਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਪਰ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਬੱਚਾ ਮਰ ਗਿਆ ਹੈ।

ਉਸ ਸਮੇਂ ਹਸਪਤਾਲ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਇਹੀ ਦੱਸਿਆ ਸੀ।

"ਸੈਕਸ ਐਜੂਕੇਸ਼ਨ ਬਾਰੇ ਕੋਈ ਜਾਣਕਾਰੀ ਨਹੀਂ ਸੀ"

ਬਚਪਨ ਵਿੱਚ ਆਪਣੀ ਭੈਣ ਨਾਲ ਡਾਇਨੇ (ਖੱਬੇ) (ਫ਼ਾਈਲ ਫ਼ੋਟੋ)
ਤਸਵੀਰ ਕੈਪਸ਼ਨ, ਬਚਪਨ ਵਿੱਚ ਆਪਣੀ ਭੈਣ ਨਾਲ ਡਾਇਨੇ (ਖੱਬੇ) (ਫ਼ਾਈਲ ਫ਼ੋਟੋ)

ਡਾਇਨੇ ਦਾ ਜਨਮ 1950 ਦੇ ਦਹਾਕੇ ਵਿੱਚ ਨਿਊਜ਼ੀਲੈਂਡ ਦੇ ਵੈਲਿੰਗਟਨ ਵਿੱਚ ਹੋਇਆ ਸੀ। ਉਨ੍ਹਾਂ ਦਾ ਪਾਲਣ-ਪੋਸ਼ਣ ਇੱਕ ਕੈਥੋਲਿਕ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੇ ਨਨਾਂ ਦੇ ਸਕੂਲ ਵਿੱਚ ਪੜ੍ਹਾਈ ਕੀਤੀ ਸੀ।

ਡਾਇਨੇ ਦੱਸਦੇ ਹਨ ਕਿ ਸਕੂਲ ਵਿੱਚ ਉਨ੍ਹਾਂ ਨੂੰ ਸੈਕਸ ਐਜੂਕੇਸ਼ਨ ਨਹੀਂ ਦਿੱਤੀ ਗਈ ਸੀ। ਉਨ੍ਹਾਂ ਨੂੰ ਸਿਰਫ਼ ਮੁੰਡਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਸੀ।

ਉਹ ਕਹਿੰਦੇ ਹਨ, "ਸਾਨੂੰ ਬਸ ਇੰਨਾ ਦੱਸਿਆ ਜਾਂਦਾ ਸੀ ਕਿ ਮੁੰਡਿਆਂ ਨਾਲ ਬੱਸ ਵਿੱਚ ਇੱਕ ਸੀਟ 'ਤੇ ਨਾ ਬੈਠਣਾ, ਨਹੀਂ ਤਾਂ ਤੁਸੀਂ ਗਰਭਵਤੀ ਹੋ ਜਾਓਗੇ।"

ਸੈਕਸ ਅਤੇ ਗਰਭ-ਨਿਰੋਧਕ ਤਰੀਕਿਆਂ ਬਾਰੇ ਸਹੀ ਜਾਣਕਾਰੀ ਨਾ ਹੋਣ ਕਾਰਨ ਡਾਇਨੇ ਦੇ ਮਨ ਵਿੱਚ ਕਦੇ ਇਹ ਖ਼ਿਆਲ ਹੀ ਨਹੀਂ ਆਇਆ ਕਿ ਉਨ੍ਹਾਂ ਨੂੰ ਗਰਭ-ਨਿਰੋਧਕ ਦੀ ਵਰਤੋਂ ਕਰਨੀ ਚਾਹੀਦੀ ਹੈ।

ਕੈਨੇਡਾ ਵਿੱਚ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਇੱਕ ਆਇਆ (ਨੈਨੀ) ਵਜੋਂ ਕੰਮ ਕਰਦਿਆਂ ਉਨ੍ਹਾਂ ਦੀ ਮੁਲਾਕਾਤ ਰਿਕ ਨਾਂ ਦੇ ਇੱਕ ਨੌਜਵਾਨ ਘੁੜਸਵਾਰ ਨਾਲ ਹੋਈ। ਦੋਵਾਂ ਨੂੰ ਘੋੜਿਆਂ ਦਾ ਸ਼ੌਕ ਸੀ। ਹੌਲੀ-ਹੌਲੀ ਦੋਵੇਂ ਇੱਕ-ਦੂਜੇ ਦੇ ਨੇੜੇ ਆ ਗਏ।

ਡਾਇਨੇ ਕਹਿੰਦੇ ਹਨ, "ਉਹ ਮੇਰਾ ਪਹਿਲਾ ਪਿਆਰ ਸੀ। ਉਹ ਬਹੁਤ ਖ਼ਿਆਲ ਰੱਖਣ ਵਾਲਾ ਅਤੇ ਦਿਆਲੂ ਇਨਸਾਨ ਸੀ। ਸਾਡੀਆਂ ਰੁਚੀਆਂ ਵੀ ਇੱਕੋ ਜਿਹੀਆਂ ਸਨ। ਉਸ ਨੂੰ ਘੋੜਿਆਂ ਬਾਰੇ ਚੰਗੀ ਜਾਣਕਾਰੀ ਸੀ ਅਤੇ ਉਹ ਬਹੁਤ ਵਧੀਆ ਘੁੜਸਵਾਰ ਸੀ।"

ਦੋਵਾਂ ਦੀ ਪਹਿਲੀ ਡੇਟ 'ਮੈਕਡੋਨਲਡਜ਼' ਵਿੱਚ ਹੋਈ ਸੀ।

ਡਾਇਨੇ ਯਾਦ ਕਰਦੇ ਹਨ, "ਅਸੀਂ ਉੱਥੇ ਬਰਗਰ ਅਤੇ ਫ੍ਰੈਂਚ ਫ੍ਰਾਈਜ਼ ਖਾਧੇ। ਮੈਂ ਇਸ ਤੋਂ ਪਹਿਲਾਂ ਅਜਿਹੀ ਜਗ੍ਹਾ ਕਦੇ ਨਹੀਂ ਦੇਖੀ ਸੀ। ਰਿਕ ਕਾਫ਼ੀ ਆਤਮ-ਵਿਸ਼ਵਾਸੀ ਅਤੇ ਦੁਨੀਆ ਨੂੰ ਸਮਝਣ ਵਾਲਾ ਇਨਸਾਨ ਸੀ। ਮੈਂ ਤਾਂ ਬਸ ਉਸ ਪਲ ਵਿੱਚ ਗੁਆਚ ਗਈ ਸੀ।"

ਕੁਝ ਸਮੇਂ ਬਾਅਦ ਰਿਕ ਕੈਲੀਫੋਰਨੀਆ ਚਲਾ ਗਿਆ। ਡਾਇਨੇ ਉਸ ਨੂੰ ਮਿਲਣ ਉੱਥੇ ਪਹੁੰਚੇ। ਪਰ ਕੈਨੇਡਾ ਵਾਪਸ ਜਾਣ ਲਈ ਉਨ੍ਹਾਂ ਦੀ ਫਲਾਈਟ ਛੁੱਟ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨੌਕਰੀ ਤੋਂ ਕੱਢ ਦਿੱਤਾ ਗਿਆ।

ਨੌਕਰੀ ਜਾਣ ਦੇ ਨਾਲ ਹੀ ਕੈਨੇਡਾ ਵਿੱਚ ਰਹਿਣ ਦਾ ਉਨ੍ਹਾਂ ਦਾ ਅਧਿਕਾਰ ਵੀ ਖ਼ਤਮ ਹੋ ਗਿਆ। ਇਸ ਲਈ ਉਨ੍ਹਾਂ ਨੂੰ ਉੱਥੋਂ ਜਾਣਾ ਪਿਆ ਅਤੇ ਉਹ ਆਸਟ੍ਰੇਲੀਆ ਚਲੇ ਗਏ।

ਉਸ ਸਮੇਂ ਤੱਕ ਡਾਇਨੇ ਗਰਭਵਤੀ ਹੋ ਚੁੱਕੇ ਸਨ, ਪਰ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ।

'ਗਰਭਵਤੀ ਹੋਣ ਦਾ ਪਤਾ ਲੱਗਿਆ ਤਾਂ ਡਰ ਗਈ'

ਡਾਇਨੇ ਦੀ ਬਚਪਨ ਦੀ ਤਸਵੀਰ
ਤਸਵੀਰ ਕੈਪਸ਼ਨ, ਡਾਇਨੇ ਦੀ ਬਚਪਨ ਦੀ ਤਸਵੀਰ

ਉਸ ਦੌਰ ਵਿੱਚ ਨਾ ਮੋਬਾਈਲ ਫ਼ੋਨ ਸਨ ਅਤੇ ਨਾ ਹੀ ਸੋਸ਼ਲ ਮੀਡੀਆ। ਅਜਿਹੇ ਵਿੱਚ ਡਾਇਨੇ ਅਤੇ ਰਿਕ ਦਾ ਇੱਕ-ਦੂਜੇ ਨਾਲ ਸੰਪਰਕ ਟੁੱਟ ਗਿਆ।

ਡਾਇਨੇ ਨੂੰ ਸਿਡਨੀ ਵਿੱਚ ਇੱਕ ਘੋੜਿਆਂ ਦੇ ਫਾਰਮ 'ਤੇ ਕੰਮ ਮਿਲ ਗਿਆ। ਇਹ ਫਾਰਮ ਇੱਕ ਡਾਕਟਰ ਅਤੇ ਉਸ ਦੀ ਪਤਨੀ ਚਲਾਉਂਦੇ ਸਨ। ਦੋਵਾਂ ਦੇ ਵਿਚਾਰ ਡਾਇਨੇ ਦੇ ਮਾਪਿਆਂ ਵਾਂਗ ਹੀ ਰੂੜ੍ਹੀਵਾਦੀ ਅਤੇ ਕੈਥੋਲਿਕ ਸਨ।

ਜਦੋਂ ਡਾਇਨੇ ਨੂੰ ਪਹਿਲੀ ਵਾਰ ਆਪਣੇ ਗਰਭਵਤੀ ਹੋਣ ਬਾਰੇ ਪਤਾ ਲੱਗਿਆ ਤਾਂ ਉਹ ਡਰ ਗਏ।

ਉਹ ਕਹਿੰਦੇ ਹਨ, "ਮੈਂ ਖ਼ੁਦ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਪਾ ਰਹੀ ਸੀ। ਮੈਂ ਇਸ ਨੂੰ ਸ਼ਬਦਾਂ ਵਿੱਚ ਵੀ ਬਿਆਨ ਨਹੀਂ ਕਰ ਸਕਦੀ।"

ਉਨ੍ਹਾਂ ਨੂੰ ਇਸ ਸੱਚਾਈ ਨੂੰ ਸਵੀਕਾਰ ਕਰਨ ਵਿੱਚ ਕਰੀਬ ਛੇ ਮਹੀਨੇ ਲੱਗ ਗਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਗਰਭਵਤੀ ਹੋਣ ਦੀ ਗੱਲ ਸਾਰਿਆਂ ਤੋਂ ਲੁਕਾ ਕੇ ਰੱਖੀ।

ਡਾਇਨੇ ਢਿੱਲੇ ਕੱਪੜੇ ਪਹਿਨਦੇ ਸਨ, ਤਾਂ ਜੋ ਕਿਸੇ ਨੂੰ ਉਨ੍ਹਾਂ ਦੇ ਗਰਭਵਤੀ ਹੋਣ ਦਾ ਪਤਾ ਨਾ ਲੱਗੇ।

ਉਹ ਦੱਸਦੇ ਹਨ, "ਮੈਂ ਬਹੁਤ ਪਤਲੀ ਸੀ। ਫਾਰਮ 'ਤੇ ਕੰਮ ਕਰਦੀ ਸੀ ਅਤੇ ਉੱਥੇ ਓਵਰਆਲ ਪਹਿਨਦੀ ਸੀ। ਇਸ ਲਈ ਮੇਰਾ ਪੇਟ ਆਸਾਨੀ ਨਾਲ ਲੁਕ ਜਾਂਦਾ ਸੀ।"

ਡਾਇਨੇ ਮੁਤਾਬਕ, ਉਸ ਸਮੇਂ ਸਮਾਜ ਦਾ ਰਵੱਈਆ ਬਹੁਤ ਸਖ਼ਤ ਸੀ। ਲੋਕਾਂ ਦੀ ਸੋਚ ਵੀ ਕਾਫ਼ੀ ਰੂੜ੍ਹੀਵਾਦੀ ਸੀ।

ਉਹ ਕਹਿੰਦੇ ਹਨ, "ਉਹ ਦਿਨ ਬਹੁਤ ਮੁਸ਼ਕਿਲ ਸਨ। ਸਮਾਜ ਵਿੱਚ ਇੱਕ ਅਣਵਿਆਹੀ ਮਹਿਲਾ ਦਾ ਮਾਂ ਬਣਨਾ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ। ਅਜਿਹੀਆਂ ਮਹਿਲਾਵਾਂ ਨੂੰ ਗ਼ਲਤ ਨਜ਼ਰ ਨਾਲ ਦੇਖਿਆ ਜਾਂਦਾ ਸੀ। ਉਨ੍ਹਾਂ ਨੂੰ ਸਮਾਜ ਤੋਂ ਲਗਭਗ ਵੱਖ ਕਰ ਦਿੱਤਾ ਜਾਂਦਾ ਸੀ।"

ਜਦੋਂ ਉਨ੍ਹਾਂ ਨੂੰ ਜਣੇਪੇ ਦੀਆਂ ਪੀੜਾਂ (ਲੇਬਰ ਪੇਨ) ਸ਼ੁਰੂ ਹੋਈਆਂ ਤਾਂ ਉਨ੍ਹਾਂ ਨੇ ਇਕੱਲਿਆਂ ਹੀ ਇਹ ਦਰਦ ਸਹਿਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਉਨ੍ਹਾਂ ਨੂੰ ਉਲਟੀਆਂ ਆਉਣ ਲੱਗੀਆਂ ਤਾਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

"ਬੱਚੇ ਨੂੰ ਜਨਮ ਦਿੱਤਾ, ਪਰ ਗੋਦੀ ਵਿੱਚ ਨਹੀਂ ਲੈਣ ਦਿੱਤਾ"

ਐਮਬੀਏ ਦੀ ਡਿਗਰੀ ਮਿਲਣ ਤੋਂ ਬਾਅਦ ਡਾਇਨੇ (ਫ਼ਾਈਲ ਫ਼ੋਟੋ)
ਤਸਵੀਰ ਕੈਪਸ਼ਨ, ਐਮਬੀਏ ਦੀ ਡਿਗਰੀ ਮਿਲਣ ਤੋਂ ਬਾਅਦ ਡਾਇਨੇ (ਫ਼ਾਈਲ ਫ਼ੋਟੋ)

ਡਾਇਨੇ ਲਈ ਹਸਪਤਾਲ ਵਿੱਚ ਬੱਚੇ ਨੂੰ ਜਨਮ ਦੇਣ ਦਾ ਤਜਰਬਾ ਬੇਹੱਦ ਦਰਦਨਾਕ ਸੀ।

ਉਹ ਦੱਸਦੇ ਹਨ, "ਮੈਨੂੰ ਯਾਦ ਹੈ ਕਿ ਉੱਥੇ ਕੋਈ ਵੀ ਮੇਰੇ ਨਾਲ ਠੀਕ ਤਰ੍ਹਾਂ ਗੱਲ ਨਹੀਂ ਕਰ ਰਿਹਾ ਸੀ। ਜਦੋਂ ਉਹ ਮੇਰੇ ਬੱਚੇ ਨੂੰ ਮੇਰੇ ਤੋਂ ਦੂਰ ਲੈ ਗਏ ਤਾਂ ਮੈਨੂੰ ਨਗਨ ਹਾਲਤ ਵਿੱਚ ਇੱਕ ਮੇਜ਼ 'ਤੇ ਛੱਡ ਦਿੱਤਾ ਗਿਆ। ਮੈਨੂੰ ਵਗਦਾ ਹੋਇਆ ਖ਼ੂਨ ਯਾਦ ਹੈ। ਮੈਨੂੰ ਬਹੁਤ ਠੰਢ ਲੱਗ ਰਹੀ ਸੀ।"

ਉਨ੍ਹਾਂ ਨੂੰ ਨਾ ਤਾਂ ਆਪਣੇ ਬੱਚੇ ਨੂੰ ਗੋਦੀ ਵਿੱਚ ਲੈਣ ਦਿੱਤਾ ਗਿਆ ਅਤੇ ਨਾ ਹੀ ਇਹ ਦੱਸਿਆ ਗਿਆ ਕਿ ਬੱਚਾ ਮੁੰਡਾ ਹੈ ਜਾਂ ਕੁੜੀ।

ਇਸ ਤੋਂ ਬਾਅਦ ਹਸਪਤਾਲ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਬੱਚਾ ਮਰ ਗਿਆ ਹੈ।

ਡਾਇਨੇ ਨੇ ਅਗਲੇ ਕਈ ਦਹਾਕਿਆਂ ਤੱਕ ਇਸ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ। ਉਨ੍ਹਾਂ ਨੇ ਨਾ ਤਾਂ ਰਿਕ ਨੂੰ ਕੁਝ ਦੱਸਿਆ, ਨਾ ਆਪਣੇ ਮਾਪਿਆਂ ਨੂੰ। ਇੱਥੋਂ ਤੱਕ ਕਿ ਕਈ ਸਾਲਾਂ ਬਾਅਦ ਜਿਸ ਵਿਅਕਤੀ ਨਾਲ ਉਨ੍ਹਾਂ ਨੇ ਵਿਆਹ ਕੀਤਾ, ਉਸ ਨੂੰ ਵੀ ਇਸ ਬਾਰੇ ਨਹੀਂ ਦੱਸਿਆ। ਉਨ੍ਹਾਂ ਦੇ ਵਿਆਹ ਤੋਂ ਦੋ ਬੱਚੇ ਹੋਏ, ਪਰ ਉਨ੍ਹਾਂ ਨੇ ਆਪਣੇ ਬੱਚਿਆਂ ਤੋਂ ਵੀ ਇਹ ਗੱਲ ਲੁਕਾ ਕੇ ਰੱਖੀ।

ਡਾਇਨੇ ਕਹਿੰਦੇ ਹਨ, "ਸ਼ਾਇਦ ਮੈਂ ਇਸ ਨੂੰ ਇੱਕ ਅਜਿਹੀ ਘਟਨਾ ਮੰਨ ਕੇ ਅੱਗੇ ਵਧਣਾ ਚਾਹੁੰਦੀ ਸੀ, ਜਿਸ ਬਾਰੇ ਸੋਚਣ ਦਾ ਕੋਈ ਮਤਲਬ ਨਹੀਂ ਸੀ। ਮੈਂ ਸੋਚਦੀ ਸੀ ਕਿ ਹੁਣ ਇਸ ਬਾਰੇ ਗੱਲ ਕਰਨ ਦਾ ਕੀ ਫ਼ਾਇਦਾ। ਉਸ ਸਮੇਂ ਤੱਕ ਮੈਂ ਅੰਦਰੋਂ ਕਾਫ਼ੀ ਟੁੱਟ ਚੁੱਕੀ ਸੀ।"

ਉਨ੍ਹਾਂ ਨੇ ਖ਼ੁਦ ਨੂੰ ਕੰਮ ਅਤੇ ਪੜ੍ਹਾਈ ਵਿੱਚ ਵਿਅਸਤ ਲਿਆ। ਉਹ ਪਸ਼ੂਆਂ ਦੇ ਡਾਕਟਰ ਵਜੋਂ ਕੰਮ ਕਰਦੇ ਸਨ।

ਉਹ ਦੱਸਦੇ ਹਨ, "ਜੇ ਮੇਰੇ ਕੋਲ ਇੱਕ ਕੰਮ ਹੁੰਦਾ ਤਾਂ ਮੈਂ ਦੋ-ਤਿੰਨ ਹੋਰ ਕੰਮ ਲੈ ਲੈਂਦੀ ਸੀ। ਮੈਂ ਖ਼ੁਦ ਨੂੰ ਇੰਨਾ ਥਕਾ ਲੈਂਦੀ ਸੀ ਕਿ ਰਾਤ ਨੂੰ ਬਿਸਤਰੇ 'ਤੇ ਜਾਂਦੇ ਹੀ ਸੌਂ ਜਾਵਾਂ। ਮੈਂ ਇਸ ਘਟਨਾ ਬਾਰੇ ਸੋਚਣਾ ਨਹੀਂ ਚਾਹੁੰਦੀ ਸੀ। ਇਸ ਲਈ ਖ਼ੁਦ ਨੂੰ ਜਿੰਨਾ ਹੋ ਸਕੇ, ਰੁੱਝਿਆ ਹੋਇਆ ਰੱਖਦੀ ਸੀ।"

ਆਸਟ੍ਰੇਲੀਆ ਦੀ ਸਰਕਾਰ ਨੇ ਮੰਗੀ ਮੁਆਫ਼ੀ

ਆਸਟ੍ਰੇਲੀਆ ਸਥਿਤ ਆਪਣੇ ਘਰ ਵਿੱਚ ਘੋੜੇ ਨਾਲ ਡਾਇਨੇ
ਤਸਵੀਰ ਕੈਪਸ਼ਨ, ਆਸਟ੍ਰੇਲੀਆ ਸਥਿਤ ਆਪਣੇ ਘਰ ਵਿੱਚ ਘੋੜੇ ਨਾਲ ਡਾਇਨੇ

ਪਰ 42 ਸਾਲ ਬਾਅਦ ਆਈ ਇੱਕ ਈਮੇਲ ਨੇ ਉਨ੍ਹਾਂ ਨੂੰ ਆਪਣੇ ਅਤੀਤ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ।

ਈਮੇਲ ਭੇਜਣ ਵਾਲਾ ਉਨ੍ਹਾਂ ਦਾ ਉਹੀ ਪੁੱਤਰ ਸੀ, ਜਿਸ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਸ ਦੀ ਮੌਤ ਹੋ ਗਈ ਹੈ। ਹੁਣ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਜ਼ਿੰਦਾ ਸੀ ਅਤੇ ਉਸ ਨੂੰ ਕਿਸੇ ਦੂਜੇ ਪਰਿਵਾਰ ਨੇ ਗੋਦ ਲੈ ਲਿਆ ਸੀ। ਉਨ੍ਹਾਂ ਦਾ ਪੁੱਤਰ ਆਪਣੀ ਪਛਾਣ ਜਨਤਕ ਨਹੀਂ ਕਰਨਾ ਚਾਹੁੰਦਾ।

ਬਾਅਦ ਵਿੱਚ ਡਾਇਨੇ ਨੂੰ ਪਤਾ ਲੱਗਾ ਕਿ ਉਹ ਆਸਟ੍ਰੇਲੀਆ ਦੀਆਂ ਉਨ੍ਹਾਂ ਹਜ਼ਾਰਾਂ ਮਹਿਲਾਵਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ 1950 ਤੋਂ 1970 ਦੇ ਦਹਾਕੇ ਦਰਮਿਆਨ ਜਬਰੀ ਆਪਣੇ ਬੱਚੇ ਗੋਦ ਦੇਣ ਲਈ ਮਜਬੂਰ ਕੀਤਾ ਗਿਆ ਸੀ।

ਉਸ ਸਮੇਂ ਕੈਥੋਲਿਕ ਚਰਚ ਅਤੇ ਹੋਰ ਸੰਸਥਾਵਾਂ ਅਜਿਹੀਆਂ ਅਣਵਿਆਹੀਆਂ ਮਹਿਲਾਵਾਂ 'ਤੇ ਦਬਾਅ ਪਾਉਂਦੀਆਂ ਸਨ, ਤਾਂ ਜੋ ਉਹ ਆਪਣੇ ਬੱਚਿਆਂ ਨੂੰ ਗੋਦ ਦੇਣ ਲਈ ਤਿਆਰ ਹੋ ਜਾਣ।

ਇਸ ਪ੍ਰਕਿਰਿਆ ਦੌਰਾਨ ਮਹਿਲਾਵਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾਂਦਾ ਸੀ। ਮਾਂ ਅਤੇ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਵੱਖ ਕਰ ਦਿੱਤਾ ਜਾਂਦਾ ਸੀ। ਕੁਝ ਮਾਮਲਿਆਂ ਵਿੱਚ ਬੱਚੇ ਗੋਦ ਦੇਣ ਦੀ ਪ੍ਰਕਿਰਿਆ ਦੌਰਾਨ ਨਿਯਮਾਂ ਦੀ ਵੀ ਪਾਲਣਾ ਨਹੀਂ ਕੀਤੀ ਗਈ।

2013 ਵਿੱਚ ਆਸਟ੍ਰੇਲੀਆ ਦੀ ਸਰਕਾਰ ਨੇ ਅਧਿਕਾਰਤ ਤੌਰ 'ਤੇ ਸਵੀਕਾਰ ਕੀਤਾ ਕਿ ਇਨ੍ਹਾਂ ਨੀਤੀਆਂ ਕਾਰਨ ਹਜ਼ਾਰਾਂ ਪਰਿਵਾਰਾਂ ਨੂੰ ਨੁਕਸਾਨ ਪਹੁੰਚਿਆ ਸੀ। ਸਰਕਾਰ ਨੇ ਪੀੜਤ ਮਹਿਲਾਵਾਂ ਅਤੇ ਪਰਿਵਾਰਾਂ ਤੋਂ ਮੁਆਫ਼ੀ ਵੀ ਮੰਗੀ ਸੀ।

ਡਾਇਨੇ ਦੇ ਪੁੱਤਰ ਨੇ ਆਪਣੀ ਈਮੇਲ ਵਿੱਚ ਲਿਖਿਆ ਸੀ ਕਿ ਉਸ ਨੂੰ ਉਨ੍ਹਾਂ ਤੋਂ ਕੁਝ ਨਹੀਂ ਚਾਹੀਦਾ। ਉਹ ਸਿਰਫ਼ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਸੀ। ਉਹ ਇਹ ਵੀ ਜਾਣਨਾ ਚਾਹੁੰਦਾ ਸੀ ਕਿ ਕੀ ਭਵਿੱਖ ਵਿੱਚ ਦੋਵਾਂ ਵਿਚਕਾਰ ਕੋਈ ਰਿਸ਼ਤਾ ਬਣ ਸਕਦਾ ਹੈ।

ਉਸ ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਚੰਗੀ ਰਹੀ ਹੈ। ਉਸ ਨੂੰ ਗੋਦ ਲੈਣ ਵਾਲੇ ਮਾਪਿਆਂ ਨੇ ਉਸ ਨੂੰ ਹਰ ਉਹ ਚੀਜ਼ ਦਿੱਤੀ, ਜਿਸ ਦੀ ਉਸ ਨੂੰ ਲੋੜ ਸੀ।

ਈਮੇਲ ਵਿੱਚ ਉਸ ਨੇ ਇੱਕ ਹੋਰ ਗੱਲ ਦੱਸੀ। ਉਸ ਨੇ ਲਿਖਿਆ, "ਵੈਸੇ, ਤੁਹਾਨੂੰ ਦੱਸ ਦਿਆਂ ਕਿ ਤੁਸੀਂ ਦਾਦੀ ਵੀ ਹੋ।"

ਇਸ ਦੇ ਨਾਲ ਉਸ ਨੇ ਇੱਕ ਛੋਟੀ ਬੱਚੀ ਦੀ ਤਸਵੀਰ ਭੇਜੀ ਸੀ। ਬੱਚੀ ਦੇ ਵਾਲ ਘੁੰਗਰਾਲੇ ਸਨ।

ਡਾਇਨੇ ਕਹਿੰਦੇ ਹਨ ਕਿ ਤਸਵੀਰ ਦੇਖਦੇ ਹੀ ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਈਮੇਲ ਭੇਜਣ ਵਾਲਾ ਉਨ੍ਹਾਂ ਦਾ ਹੀ ਪੁੱਤਰ ਹੈ।

ਉਹ ਦੱਸਦੇ ਹਨ, "ਜਦੋਂ ਮੈਂ ਕਰੀਬ ਢਾਈ ਜਾਂ ਤਿੰਨ ਸਾਲ ਦੀ ਸੀ, ਉਦੋਂ ਦੀ ਮੇਰੀ ਇੱਕ ਤਸਵੀਰ ਹੈ। ਮੇਰੀ ਪੋਤੀ ਵੀ ਉਸੇ ਉਮਰ ਦੀ ਹੈ। ਦੋਵਾਂ ਦੀ ਸ਼ਕਲ ਇੰਨੀ ਮਿਲਦੀ ਹੈ ਕਿ ਲੱਗਦਾ ਹੈ ਜਿਵੇਂ ਅਸੀਂ ਜੁੜਵਾਂ ਹੋਈਏ। ਇਹ ਸਭ ਦੇਖ ਕੇ ਮੇਰਾ ਸਿਰ ਚਕਰਾ ਗਿਆ ਸੀ।"

42 ਸਾਲ ਬਾਅਦ ਹੋਈ ਪੁੱਤਰ ਨਾਲ ਮੁਲਾਕਾਤ

ਆਸਟ੍ਰੇਲੀਆ ਸਥਿਤ ਆਪਣੇ ਵੈਟਰਨਰੀ ਕਲੀਨਿਕ ਵਿੱਚ ਡਾਇਨੇ
ਤਸਵੀਰ ਕੈਪਸ਼ਨ, ਆਸਟ੍ਰੇਲੀਆ ਸਥਿਤ ਆਪਣੇ ਵੈਟਰਨਰੀ ਕਲੀਨਿਕ ਵਿੱਚ ਡਾਇਨੇ

ਡਾਇਨੇ ਨੂੰ ਡਰ ਸੀ ਕਿ ਇੰਨੇ ਸਾਲਾਂ ਤੱਕ ਲੁਕਾਏ ਗਏ ਇਸ ਰਾਜ਼ ਦੇ ਸਾਹਮਣੇ ਆਉਣ ਨਾਲ ਉਨ੍ਹਾਂ ਦੇ ਪਰਿਵਾਰ 'ਤੇ ਕੀ ਅਸਰ ਪਵੇਗਾ। ਪਰ ਉਨ੍ਹਾਂ ਦੇ ਪਤੀ ਅਤੇ ਬੱਚਿਆਂ ਨੇ ਉਨ੍ਹਾਂ ਦਾ ਸਾਥ ਦਿੱਤਾ। ਸਾਰੇ ਚਾਹੁੰਦੇ ਸਨ ਕਿ ਉਹ ਆਪਣੇ ਪਹਿਲੇ ਬੱਚੇ ਨੂੰ ਮਿਲਣ।

ਇਸ ਤੋਂ ਬਾਅਦ ਡਾਇਨੇ ਆਪਣੇ ਪੁੱਤਰ ਨੂੰ ਮਿਲਣ ਲਈ ਸਿਡਨੀ ਪਹੁੰਚੇ। ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਲੈਣ ਲਈ ਹਵਾਈ ਅੱਡੇ 'ਤੇ ਆਇਆ ਹੋਇਆ ਸੀ।

ਡਾਇਨੇ ਯਾਦ ਕਰਦੇ ਹਨ, "ਉਹ ਹੱਥ ਵਿੱਚ ਚਿੱਟੇ ਫੁੱਲਾਂ ਦਾ ਇੱਕ ਛੋਟਾ ਜਿਹਾ ਗੁਲਦਸਤਾ ਲੈ ਕੇ ਖੜ੍ਹਾ ਸੀ। ਉਸ ਨੇ ਮੈਨੂੰ ਗਲੇ ਲਗਾਇਆ। ਮੇਰਾ ਦਿਲ ਹੀ ਨਹੀਂ ਸੀ ਕਰਦਾ ਕਿ ਮੈਂ ਉਸ ਨੂੰ ਛੱਡਾਂ।"

ਇਸ ਤੋਂ ਬਾਅਦ ਉਹ ਉਸ ਦੇ ਘਰ ਗਏ। ਉੱਥੇ ਡਾਇਨੇ ਆਪਣੇ ਪੁੱਤਰ ਦੀ ਪਤਨੀ ਅਤੇ ਬੱਚਿਆਂ ਨੂੰ ਮਿਲੇ।

ਹੌਲੀ-ਹੌਲੀ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਨੂੰ ਗੋਦ ਲੈਣ ਵਾਲੇ ਮਾਪਿਆਂ ਨੂੰ ਵੀ ਸੱਚਾਈ ਨਹੀਂ ਦੱਸੀ ਗਈ ਸੀ।

ਡਾਇਨੇ ਦੱਸਦੇ ਹਨ, "ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਬੱਚੇ ਦੀ ਮਾਂ ਉਸ ਦੀ ਦੇਖਭਾਲ ਨਹੀਂ ਕਰ ਸਕਦੀ। ਉਹ ਚਾਹੁੰਦੀ ਹੈ ਕਿ ਬੱਚੇ ਨੂੰ ਕਿਸੇ ਧਾਰਮਿਕ ਪਰਿਵਾਰ ਵੱਲੋਂ ਗੋਦ ਲਿਆ ਜਾਵੇ। ਉਸ ਨੇ ਬੱਚੇ ਦਾ ਇੱਕ ਖ਼ਾਸ ਨਾਂ ਰੱਖਣ ਅਤੇ ਉਸ ਦੀਆਂ ਤਸਵੀਰਾਂ ਇੱਕ ਤੈਅ ਪਤੇ 'ਤੇ ਭੇਜਣ ਦੀ ਇੱਛਾ ਵੀ ਜਤਾਈ ਹੈ।"

ਡਾਇਨੇ ਸ਼ੀਹਾਨ

ਬਾਅਦ ਵਿੱਚ ਡਾਇਨੇ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਨੂੰ ਗੋਦ ਲੈਣ ਵਾਲੀ ਮਾਂ ਨੇ ਉਨ੍ਹਾਂ ਨੂੰ ਕਈ ਸਾਲਾਂ ਤੱਕ ਚਿੱਠੀਆਂ ਲਿਖੀਆਂ ਸਨ।

ਇੱਕ ਦਿਨ ਦੋਵਾਂ ਦੀ ਮੁਲਾਕਾਤ ਉਨ੍ਹਾਂ ਦੇ ਪੋਤੇ ਦੇ ਸਕੂਲ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਹੋਈ। ਉੱਥੇ ਉਨ੍ਹਾਂ ਦੇ ਪੁੱਤਰ ਨੂੰ ਗੋਦ ਲੈਣ ਵਾਲੀ ਮਾਂ ਨੇ ਡਾਇਨੇ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਦੇ ਪੁੱਤਰ, ਨੂੰਹ ਅਤੇ ਬੱਚਿਆਂ ਵੱਲ ਦੇਖਿਆ। ਫਿਰ ਉਨ੍ਹਾਂ ਕਿਹਾ, "ਮੈਨੂੰ ਇਹ ਸਭ ਕੁਝ ਦੇਣ ਲਈ ਤੁਹਾਡਾ ਧੰਨਵਾਦ।"

ਡਾਇਨੇ ਲਈ ਇਹ ਪਲ ਬੇਹੱਦ ਭਾਵੁਕ ਕਰ ਦੇਣ ਵਾਲਾ ਸੀ। ਉਹ ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਸਨ। ਇਹ ਇੱਕ ਅਜਿਹੀ ਸੱਚਾਈ ਸੀ, ਜਿਸ ਨਾਲ ਉਨ੍ਹਾਂ ਨੂੰ ਸਾਰੀ ਉਮਰ ਜੀਣਾ ਪਵੇਗਾ।

ਉਹ ਕਹਿੰਦੇ ਹਨ, "ਮੇਰਾ ਪੁੱਤਰ ਇੱਕ ਪਿਆਰ ਭਰੇ ਰਿਸ਼ਤੇ ਤੋਂ ਪੈਦਾ ਹੋਇਆ ਸੀ। ਹੁਣ ਜਦੋਂ ਮੈਨੂੰ ਸੱਚਾਈ ਪਤਾ ਲੱਗੀ ਹੈ ਤਾਂ ਉਹ ਦਰਦ ਹੋਰ ਵਧ ਗਿਆ ਹੈ। ਪਰ ਉਨ੍ਹਾਂ ਲੋਕਾਂ ਨੇ ਮੇਰੇ ਬੱਚੇ ਨੂੰ ਗੋਦ ਲਿਆ, ਉਸ ਨੂੰ ਵੱਡਾ ਕੀਤਾ ਅਤੇ ਉਸ ਨੂੰ ਪਿਆਰ ਦਿੱਤਾ। ਉਨ੍ਹਾਂ ਨੇ ਉਸ ਦੀ ਹਰ ਜ਼ਰੂਰਤ ਦਾ ਖ਼ਿਆਲ ਰੱਖਿਆ। ਉਨ੍ਹਾਂ ਵਿਚਕਾਰ ਬਹੁਤ ਵਧੀਆ ਰਿਸ਼ਤਾ ਸੀ। ਉਹ ਬਹੁਤ ਚੰਗੇ ਅਤੇ ਸਿੱਧੇ-ਸਾਦੇ ਲੋਕ ਸਨ।"

ਅੱਜ ਡਾਇਨੇ ਆਪਣੇ ਪੁੱਤਰ ਅਤੇ ਉਸ ਦੇ ਪਰਿਵਾਰ ਨਾਲ ਰਿਸ਼ਤੇ ਨੂੰ ਅੱਗੇ ਵਧਾ ਰਹੇ ਹਨ। ਉਹ ਕਹਿੰਦੇ ਹਨ ਕਿ ਉਹ ਇਸ ਘਟਨਾ ਨੂੰ ਲੈ ਕੇ ਗੁੱਸੇ ਵਿੱਚ ਨਹੀਂ ਰਹਿਣਾ ਚਾਹੁੰਦੇ।

ਉਨ੍ਹਾਂ ਮੁਤਾਬਕ, "ਜੋ ਕੁਝ ਹੋਇਆ, ਉਸ ਨੂੰ ਮੈਂ ਬਦਲ ਨਹੀਂ ਸਕਦੀ। ਉਸ ਸਮੇਂ ਇਸ ਵਿੱਚ ਸ਼ਾਮਲ ਲੋਕ, ਸਮਾਜ ਦੇ ਨਿਯਮ ਅਤੇ ਲੋਕਾਂ ਦੀ ਸੋਚ ਸਭ ਵੱਖਰੇ ਸਨ। ਮੈਂ ਹੁਣ ਆਪਣਾ ਗੁੱਸਾ ਅਤੇ ਊਰਜਾ ਉਸ ਅਤੀਤ 'ਤੇ ਖ਼ਰਚ ਨਹੀਂ ਕਰਨਾ ਚਾਹੁੰਦੀ। ਮੈਂ ਉਸ ਬੱਚੇ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨਾ ਚਾਹੁੰਦੀ ਹਾਂ, ਜਿਸ ਨੂੰ ਮੈਂ 40 ਸਾਲ ਪਹਿਲਾਂ ਗੁਆ ਦਿੱਤਾ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)