ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੋਂ ਹਟਾਇਆ 'ਪੰਜਾਬ ਕਾਂਗਰਸ ਪ੍ਰਧਾਨ' ਦਾ ਜ਼ਿਕਰ, ਪੰਜਾਬ ਕਾਂਗਰਸ 'ਚ ਕਿਹੜੀ ਚਰਚਾ ਤੇਜ਼

ਤਸਵੀਰ ਸਰੋਤ, Amarinder Singh Raja Warring/FB
ਪੰਜਾਬ ਕਾਂਗਰਸ ਵਿੱਚ ਕੁਝ ਦਿਨਾਂ ਤੋਂ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੀਆਂ ਕਿਆਸਰਾਈਆਂ ਵਿਚਾਲੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਵਿੱਚ ਹੋਏ ਬਦਲਾਅ ਨੇ ਸਿਆਸੀ ਹਲਕਿਆਂ ਦਾ ਧਿਆਨ ਖਿੱਚਿਆ ਹੈ।
ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੀ ਬਾਇਓ ਦੀ ਇਨਫੋਰਮੇਸ਼ਨ ਵਿੱਚ 'ਸਾਬਕਾ ਪੀਪੀਸੀਸੀ ਪ੍ਰੈਸੀਡੈਂਟ' ਲਿਖ ਦਿੱਤਾ ਗਿਆ ਹੈ।

ਇਹ ਬਦਲਾਅ ਅਜਿਹੇ ਸਮੇਂ ਹੋਇਆ ਹੈ ਜਦੋਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਬਦਲਣ ਬਾਰੇ ਪਾਰਟੀ ਅੰਦਰ ਚਰਚਾ ਤੇਜ਼ ਹੈ।
ਹਾਲਾਂਕਿ ਰਾਜਾ ਵੜਿੰਗ ਵੱਲੋਂ ਖ਼ੁਦ ਇਸ ਪੂਰੇ ਮਾਮਲੇ ਬਾਰੇ ਹਾਲੇ ਵਿਸਥਾਰਤ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।
ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਲਈ ਕਈ ਨਾਮ ਚਰਚਾ ਵਿੱਚ ਹਨ। ਵਿਜੇ ਇੰਦਰ ਸਿੰਗਲਾ ਦਾ ਨਾਮ ਪ੍ਰਮੁੱਖ ਤੌਰ 'ਤੇ ਸਾਹਮਣੇ ਆ ਰਿਹਾ ਹੈ। ਪਰ ਅਜੇ ਪਾਰਟੀ ਹਾਈਕਮਾਨ ਵੱਲੋਂ ਕਿਸੇ ਵੀ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਰਾਜਾ ਵੜਿੰਗ ਅਪ੍ਰੈਲ 2022 ਤੋਂ ਪੰਜਾਬ ਕਾਂਗਰਸ ਦੀ ਅਗਵਾਈ ਕਰ ਰਹੇ ਹਨ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਗਏ ਸਨ।
ਹੁਣ ਉਨ੍ਹਾਂ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਵਿੱਚ ਹੋਏ ਬਦਲਾਅ ਅਤੇ ਪਾਰਟੀ ਹਾਈਕਮਾਨ ਵੱਲੋਂ ਸੰਭਾਵਿਤ ਸੰਗਠਨਾਤਮਕ ਤਬਦੀਲੀ ਦੀਆਂ ਰਿਪੋਰਟਾਂ ਨੇ ਪੰਜਾਬ ਕਾਂਗਰਸ ਦੀ ਅਗਲੀ ਲੀਡਰਸ਼ਿਪ ਨੂੰ ਲੈ ਕੇ ਚਰਚਾ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਪਾਰਟੀ ਵਿੱਚ ਦੋ ਧੜਿਆਂ ਦੀ ਖਿੱਚੋਤਾਣ
ਇਸ ਤੋਂ ਪਹਿਲਾਂ ਜੁਲਾਈ-ਅਗਸਤ ਵਿੱਚ ਪੰਜਾਬ ਕਾਂਗਰਸ ਦਾ 'ਸਿਆਸੀ ਡਰਾਮਾ' ਪਿੰਡਾਂ ਦੀਆਂ ਗਲੀਆਂ ਤੋਂ 'ਦਿੱਲੀ ਦਰਬਾਰ' ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਸ ਦੌਰਾਨ ਪੋਸਟਰ ਵਾਰ, ਤਿੱਖੀ ਬਿਆਨਬਾਜ਼ੀ ਅਤੇ ਇਮੋਸ਼ਨਲ ਕਾਰਡ ਦੋਵੇਂ ਧੜਿਆਂ ਯਾਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਵਰਤੇ ਜਾ ਰਹੇ ਸਨ।
ਕਾਂਗਰਸ ਦੇ ਸੀਨੀਆਰ ਆਗੂਆਂ ਦਾ ਇੱਕ ਧੜਾ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਕੇਂਦਰੀ ਲੀਡਰਸ਼ਿਪ 'ਤੇ ਦਬਾਅ ਪਾ ਰਿਹਾ ਹੈ।
ਉਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ। ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕਈ ਮੀਟਿੰਗਾਂ ਵਿੱਚ ਚਰਨਜੀਤ ਚੰਨੀ ਦੇ ਹਮਾਇਤਾਂ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ ਸੀ।
ਇਸ ਮਗਰੋਂ ਤਤਕਾਲੀ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਈ ਵਾਰ ਲੀਡਰਸ਼ਿਪ ਬਦਲਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਸੀ। ਇਸ ਮਗਰੋਂ ਕਾਂਗਰਸ ਦੀ ਹਾਈਕਮਾਨ ਵੱਲੋਂ ਭੁਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾਇਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























