ਪਾਕਿਸਤਾਨੀ ਜੇਲ੍ਹ ਵਿੱਚ ਭਾਰਤੀ ਮਛੇਰੇ ਦੀ ਮੌਤ, ਪੁੱਤਰ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜੇਲ੍ਹ ਵਿੱਚ, ਪੂਰਾ ਮਾਮਲਾ ਜਾਣੋ

ਬੀਜਲ ਭਾਈ ਭਾਲੀਆ
    • ਲੇਖਕ, ਗੋਪਾਲ ਕਟੇਸ਼ੀਆ
    • ਰੋਲ, ਬੀਬੀਸੀ ਗੁਜਰਾਤੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਊਨਾ ਤਾਲੁਕਾ ਵਿਚ ਕੋਬ ਪਿੰਡ ਹੈ। ਇੱਥੇ ਰਹਿਣ ਵਾਲੇ ਬੀਜਲਭਾਈ ਭਾਲੀਆ ਮੱਛੀ ਫੜਨ ਦਾ ਕੰਮ ਕਰਦੇ ਸੀ।

ਸੱਤ ਫ਼ਰਵਰੀ 2022 ਨੂੰ ਉਹ ਆਪਣੇ ਬੇਟੇ ਅਸ਼ਵਿਨ ਦੇ ਨਾਲ ਸਮੁੰਦਰ ਵਿੱਚ ਮੱਛੀ ਫੜ ਰਹੇ ਸੀ। ਉਦੋਂ ਹੀ ਪਾਕਿਸਤਾਨ ਮਰੀਨ ਸੁਰੱਖਿਆ ਏਜੰਸੀ ਨੇ ਉਨ੍ਹਾਂ ਨੂੰ ਪਾਕਿਸਤਾਨ ਦੇ ਜਲ ਖੇਤਰ ਵਿੱਚ ਦਾਖ਼ਲ ਹੋਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ।

ਇਸ ਤੋਂ ਬਾਅਦ ਬੀਜਲ ਭਾਈ, ਅਸ਼ਵਿਨ ਅਤੇ ਚਾਰ ਹੋਰ ਮਛੇਰਿਆਂ ਨੂੰ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।

ਪਾਕਿਸਤਾਨ ਦੀ ਜੇਲ੍ਹ ਵਿੱਚ ਬੀਜਲ ਭਾਈ ਬਿਮਾਰ ਹੋ ਗਏ। ਕਰੀਬ ਪੰਜਾਹ ਸਾਲ ਦੇ ਬੀਜਲ ਭਾਈ ਦੀ ਜੇਲ੍ਹ ਵਿੱਚ ਮੌਤ ਹੋ ਗਈ। ਉਨ੍ਹਾਂ ਦਾ 26 ਸਾਲ ਦਾ ਬੇਟਾ ਅਸ਼ਵਿਨ ਵੀ ਉਸੇ ਜੇਲ੍ਹ ਵਿਚ ਬੰਦ ਸੀ।

ਮਛੇਰਿਆਂ ਲਈ ਕੰਮ ਕਰਨ ਵਾਲੇ ਕਾਰਜ ਕਰਤਾਵਾਂ ਦਾ ਕਹਿਣਾ ਹੈ ਕਿ ਅਰਬ ਸਾਗਰ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸਮੁੰਦਰੀ ਸੀਮਾ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਮਛੇਰਿਆਂ ਦੇ ਪਰਿਵਾਰਾਂ ਨੂੰ ਕਈ ਦੁਖਦ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਜ਼ਾ ਪੂਰੀ ਪਰ ਰਿਹਾਈ ਨਹੀਂ

ਅਸ਼ਵਿਨ
ਤਸਵੀਰ ਕੈਪਸ਼ਨ, ਬੀਜਲ ਭਾਈ ਦੇ ਬੇਟੇ ਅਸ਼ਵਿਨ ਦੀ ਸਜ਼ਾ ਚਾਰ ਸਾਲ ਪਹਿਲਾਂ ਹੀ ਪੂਰੀ ਹੋ ਚੁੱਕੀ ਸੀ ਪਰ ਉਹ ਹੁਣ ਵੀ ਜੇਲ੍ਹ ਵਿੱਚ ਬੰਦ ਹਨ।

ਬੀਜਲ ਭਾਈ ਦੇ ਬੇਟੇ ਅਸ਼ਵਿਨ ਦੀ ਸਜ਼ਾ ਚਾਰ ਸਾਲ ਪਹਿਲਾਂ ਹੀ ਪੂਰੀ ਹੋ ਚੁੱਕੀ ਸੀ। ਪਰ ਉਹ ਹੁਣ ਵੀ ਜੇਲ੍ਹ ਵਿੱਚ ਬੰਦ ਹਨ। ਪਾਕਿਸਤਾਨ ਦੇ ਬੀਜਲ ਭਾਈ ਦੀ ਮੌਤ ਤੋਂ ਤਿੰਨ ਹਫਤੇ ਬਾਅਦ ਉਨ੍ਹਾਂ ਦੀ ਦੇਹ ਭਾਰਤ ਭੇਜੀ।

ਬੀਜਲ ਭਾਈ ਦੇ ਪਰਿਵਾਰਕ ਜੀਅ ਗਿਰ ਸੋਮਨਾਥ ਦੇ ਸਥਾਨਕ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਉਹ ਉਨ੍ਹਾਂ ਤੋਂ ਅਸ਼ਵਿਨ ਨੂੰ ਪਾਕਿਸਤਾਨ ਜੇਲ੍ਹ ਤੋਂ ਰਿਹਾਅ ਕਰਾਉਣ ਵਿੱਚ ਮਦਦ ਮੰਗ ਰਹੇ ਹਨ।

ਬੀਬੀਸੀ ਗੁਜਰਾਤੀ ਨੇ ਇਸ ਬਾਰੇ ਪਾਕਿਸਤਾਨ ਦੀ ਲਾਂਧੀ ਜੇਲ੍ਹ ਦੇ ਅਧਿਕਾਰੀਆਂ ਤੋਂ ਸਵਾਲ ਪੁੱਛੇ ਹਨ। ਉਨ੍ਹਾਂ ਵੱਲੋਂ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਜਵਾਬ ਮਿਲਣ 'ਤੇ ਉਸ ਨੂੰ ਇਸ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ।

ਪਿਉ ਪੁੱਤ ਕਿਵੇਂ ਪਾਕਿਸਤਾਨ ਦੀ ਹਿਰਾਸਤ ਵਿਚ ਪਹੁੰਚੇ ?

ਹਨੇਰੇ ਵਿੱਚ ਜ਼ਮੀਨ 'ਤੇ ਬੈਠੇ ਕੁਝ ਆਦਮੀ
ਤਸਵੀਰ ਕੈਪਸ਼ਨ, ਬੀਜਲ ਭਾਈ ਇਸ ਸਾਲ ਪਾਕਿਸਤਾਨ ਦੀ ਜੇਲ੍ਹ ਵਿਚ ਮਰਨ ਵਾਲੇ ਦੂਜੇ ਭਾਰਤੀ ਮਛੇਰੇ ਹਨ।

ਬੀਜਲ ਭਾਈ ਦੇ ਚਾਰ ਬੇਟੇ ਹਨ। ਅਸ਼ਵਿਨ ਤੀਜੇ ਨੰਬਰ 'ਤੇ ਹਨ। ਬੀਜਲ ਭਾਈ ਦੇ ਸਭ ਤੋਂ ਛੋਟੇ ਬੇਟੇ ਮਾਨ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੋਰਬੰਦਰ ਦੀ ਵਿਜਯਾਬੇਨ ਸੋਲੰਕੀ ਦੇ ਨਦਿਤਾ ਸਾਗਰ ਨਾਮੀ ਫਿਸ਼ਿੰਗ ਟ੍ਰਾਲਰ 'ਤੇ ਟੰਡੇਲ ਯਾਨੀ ਕੈਪਟਨ ਸੀ।

ਮਾਨ ਸਿੰਘ ਨੇ ਦੱਸਿਆ ਕਿ ਅਸ਼ਵਿਨ ਵੀ ਆਪਣੇ ਪਿਤਾ ਨਾਲ ਕਿਸ਼ਤੀ 'ਤੇ ਮੱਛੀਆਂ ਫੜਨ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਤੇ ਭਰਾ 4 ਫ਼ਰਵਰੀ 2022 ਨੂੰ ਪੋਰਬੰਦਰ ਤੋਂ ਕਿਸ਼ਤੀ ਲੈ ਕੇ ਮੱਛੀ ਫੜਨ ਨਿਕਲੇ ਸੀ।

ਮਾਨ ਸਿੰਘ ਨੇ ਕਿਹਾ, "ਮੇਰੇ ਪਿਤਾ ਆਪਣੇ ਪੰਜ ਭਰਾਵਾਂ ਵਿੱਚ ਸਭ ਤੋਂ ਵੱਡੇ ਸੀ। ਉਨ੍ਹਾਂ ਨੇ ਬਚਪਨ ਤੋਂ ਹੀ ਮੱਛੀ ਫੜਨ ਵਾਲੀ ਕਿਸ਼ਤੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੂੰ ਦੇਖ ਕੇ ਅਸੀਂ ਚਾਰੇ ਭਰਾ ਵੀ ਮਛੇਰੇ ਬਣ ਗਏ। ਜਿਸ ਸਮੇਂ ਅਸ਼ਵਿਨ ਨੂੰ ਫੜਿਆ ਗਿਆ ਸੀ, ਉਸ ਸਮੇਂ ਉਸ ਦੀ ਪਤਨੀ ਦਕਸ਼ਾਬੇਨ ਗਰਭਵਤੀ ਸੀ।"

ਮਾਨ ਸਿੰਘ ਨੇ ਦੱਸਿਆ, "ਕਰੀਬ ਚਾਰ ਮਹੀਨੇ ਬਾਅਦ ਦਕਸ਼ਾਬੇਨ ਨੇ ਬੇਟੇ ਹਰਪਾਲ ਨੂੰ ਜਨਮ ਦਿੱਤਾ। ਹਰਪਾਲ ਹੁਣ ਚਾਰ ਸਾਲ ਦਾ ਹੋ ਗਿਆ ਹੈ, ਪਰ ਉਨਸ ਨੇ ਅੱਜ ਤੱਕ ਆਪਣੇ ਪਿਤਾ ਨੂੰ ਨਹੀਂ ਦੇਖਿਆ।"

ਉਨ੍ਹਾਂ ਨੇ ਕਿਹਾ, "ਮੇਰੇ ਪਿਤਾ ਨੂੰ ਪਹਿਲਾਂ ਕੋਈ ਬਿਮਾਰੀ ਨਹੀਂ ਸੀ। ਪਰ ਜੇਲ੍ਹ ਵਿੱਚ ਉਹ ਬਿਮਾਰ ਪੈ ਗਏ। ਸਾਨੂੰ ਚਿੱਠੀ ਤੋਂ ਇਸ ਦੀ ਜਾਣਕਾਰੀ ਮਿਲੀ ਸੀ।"

ਕੀ ਬੀਜਲ ਭਾਈ ਨੂੰ ਸਹੀ ਇਲਾਜ ਨਹੀਂ ਮਿਲਿਆ ?

ਬੀਜਲ ਭਾਈ
ਤਸਵੀਰ ਕੈਪਸ਼ਨ, ਕਰੀਬ ਪੰਜਾਹ ਸਾਲ ਦੇ ਬੀਜਲ ਭਾਈ ਦੀ ਜੇਲ੍ਹ ਵਿੱਚ ਮੌਤ ਹੋ ਗਈ।

ਮੁੰਬਈ ਦੇ ਪੱਤਰਕਾਰ ਜਤਿਨ ਦੇਸਾਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਗੈਰ-ਸਰਕਾਰੀ ਸੰਗਠਨ 'ਪਾਕਿਸਤਾਨ ਇੰਡੀਆ ਪੀਪਲਜ਼ ਫ਼ੋਰਮ ਫਾਰ ਪੀਸ ਐਂਡ ਡੈਮੋਕ੍ਰੇਸੀ' ਦੇ ਭਾਰਤੀ ਚੈਪਟਰ ਦੇ ਮਹਾਂ ਸਕੱਤਰ ਰਹਿ ਚੁੱਕੇ ਹਨ।

ਉਹ ਮਛੇਰਿਆਂ ਲਈ ਵੀ ਕੰਮ ਕਰਦੇ ਹਨ। ਜਤਿਨ ਦੇਸਾਈ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਬੀਜਲ ਭਾਈ ਨੂੰ ਕਰਾਚੀ ਦੇ ਕੋਲ ਬਣੀ ਲਾਂਧੀ ਜੇਲ੍ਹ ਵਿਚ ਰੱਖਿਆ ਗਿਆ ਸੀ।

ਉਨ੍ਹਾਂ ਨੇ ਕਿਹਾ, "ਬੀਜਲ ਭਾਈ ਦੇ ਬਿਮਾਰ ਹੋਣ ਬਾਅਦ ਉਨ੍ਹਾਂ ਨੇ ਕਰਾਚੀ ਦੇ ਜਿਨਾਹ ਪੋਸਟ ਗ੍ਰੈਜੁਏਟ ਮੈਡੀਕਲ ਸੈਂਟਰ ਵਿੱਚ ਭਰਤੀ ਕਰਾਇਆ ਗਿਆ ਸੀ। 27 ਅਗਸਤ ਨੂੰ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਪਾਕਿਸਤਾਨ ਤੋਂ ਬਾਅਦ ਉਨ੍ਹਾਂ ਦੀ ਦੇਹ ਭਾਰਤ ਨੂੰ ਸੌਂਪੀ ਗਈ। ਉਨ੍ਹਾਂ ਦੀ ਦੇਹ 18 ਅਤੇ 19 ਸਤੰਬਰ ਦੀ ਰਾਤ ਉਨ੍ਹਾਂ ਦੇ ਪਿੰਡ ਪਹੁੰਚਿਆ।"

ਮਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਿਤਾ ਨੂੰ ਡਾਇਬਟੀਜ਼ ਅਤੇ ਹਾਈ ਬਲੱਡ ਪ੍ਰੈਸ਼ਰ ਹੋ ਗਿਆ ਸੀ।

ਉਨ੍ਹਾਂ ਨੇ ਕਿਹਾ, "ਜਦੋਂ ਪਾਕਿਸਤਾਨ ਨੇ ਉਨ੍ਹਾਂ ਨੂੰ ਫੜਿਆ ਸੀ। ਤਾਂ ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਸੀ। ਜੇਲ੍ਹ ਵਿੱਚ ਬੰਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਈ। ਸਾਨੂੰ ਦੂਜੇ ਲੋਕਾਂ ਜ਼ਰੀਏ ਇਸ ਦੀ ਜਾਣਕਾਰੀ ਮਿਲੀ ਸੀ। ਅਸ਼ਵਿਨ ਨੇ ਜੇਲ੍ਹ ਵਿੱਚ ਪਿਤਾ ਦੀ ਪੂਰੀ ਦੇਖਭਾਲ ਕੀਤੀ।"

ਘਰ ਅੰਦਰ ਜ਼ਮੀਨ 'ਤੇ ਬੈਠੀਆਂ ਔਰਤਾਂ ਜਿਨ੍ਹਾਂ ਵਿੱਚੋ ਜ਼ਿਆਦਾ ਘੁੰਡ ਵਿੱਚ ਹਨ।
ਤਸਵੀਰ ਕੈਪਸ਼ਨ, ਬੀਜਲ ਭਾਈ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ਇਕੱਠੀਆਂ ਹੋਈਆਂ ਔਰਤਾਂ

ਮਾਨ ਸਿੰਘ ਦਾ ਇਲਜ਼ਾਮ ਹੈ ਕਿ ਉਨ੍ਹਾਂ ਪਿਤਾ ਨੂੰ ਚੰਗਾ ਇਲਾਜ ਨਹੀਂ ਮਿਲਿਆ ਅਤੇ ਜੇ ਉਨ੍ਹਾਂ ਨੂੰ ਸਹੀ ਇਲਾਜ ਮਿਲਿਆ ਹੁੰਦਾ ਤਾਂ ਸ਼ਾਇਦ ਉਨ੍ਹਾਂ ਦੀ ਇਸ ਤਰ੍ਹਾਂ ਮੌਤ ਨਾ ਹੁੰਦੀ।

ਜਤਿਨ ਦੇਸਾਈ ਨੇ ਕਿਹਾ, "ਮੱਛੀ ਫੜਨ ਵੇਲੇ ਬੀਜਲ ਭਾਈ ਦੀ ਕਿਸ਼ਤੀ ਅਣਜਾਣੇ ਵਿੱਚ ਪਾਕਿਸਤਾਨ ਦੀ ਸਮੁੰਦਰੀ ਸੀਮਾ ਵੱਲ ਚਲੀ ਗਈ ਸੀ। ਇਸ ਤੋਂ ਬਾਅਦ ਪਾਕਿਸਤਾਨ ਮਰੀਨ ਸੁਰੱਖਿਆ ਏਜੰਸੀ ਨੇ ਉਨ੍ਹਾਂ ਨੂੰ ਫੜ ਲਿਆ।"

ਪਾਕਿਸਤਾਨ ਦੀ ਇੱਕ ਅਦਾਲਤ ਨੇ ਬੀਜਲ ਭਾਈ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਦੀ ਸਮੁੰਦਰੀ ਸੀਮਾ ਵਿੱਚ ਦਾਖਲ ਹੋਣ ਦਾ ਦੋਸ਼ੀ ਠਹਿਰਾਇਆ। ਉਨ੍ਹਾ ਨੂੰ ਕੁਝ ਹਫਤੇ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਦੀ ਸਜ਼ਾ 16 ਮਾਰਚ 2022 ਨੂੰ ਪੂਰੀ ਹੋ ਗਈ ਸੀ।

ਉਨ੍ਹਾਂ ਨੇ ਕਿਹਾ, "ਸਜ਼ਾ ਪੂਰੀ ਹੋਣ ਬਾਅਦ ਪਾਕਿਸਤਾਨ ਦੇ ਬੀਜਲਭਾਈ ਨੂੰ ਤੁਰੰਤ ਜੇਲ੍ਹ ਤੋਂ ਰਿਹਾਅ ਕਰਕੇ ਭਾਰਤ ਭੇਜ ਦੇਣਾ ਚਾਹੀਦਾ ਸੀ। ਜੇ ਉਨ੍ਹਾਂ ਨੂੰ ਆਪਣੇ ਘਰ ਵਾਪਸ ਭੇਜ ਦਿੱਤਾ ਗਿਆ ਹੁੰਦਾ ਤਾਂ ਸ਼ਾਇਦ ਉਹ ਅੱਜ ਜ਼ਿੰਦਾ ਹੁੰਦੇ।"

ਬੀਜਲ ਭਾਈ ਇਸ ਸਾਲ ਪਾਕਿਸਤਾਨ ਦੀ ਜੇਲ੍ਹ ਵਿਚ ਮਰਨ ਵਾਲੇ ਦੂਜੇ ਭਾਰਤੀ ਮਛੇਰੇ ਹਨ। ਇਸ ਤੋਂ ਪਹਿਲਾਂ 16 ਜਨਵਰੀ ਨੂੰ ਭਗਾਭਾਈ ਬਾਂਭਣਿਆ ਨਾਮ ਦੇ ਇੱਕ ਭਾਰਤੀ ਮਛੇਰੇ ਦੀ ਪਾਕਿਸਤਾਨ ਦੀ ਜੇਲ੍ਹ ਵਿਚ ਮੌਤ ਹੋਈ ਸੀ।

37 ਸਾਲ ਦੇ ਭਗਾਭਾਈ ਊਨਾ ਤਾਲੁਕਾ ਦੇ ਚਿੱਲੀ ਪਿੰਡ ਦੇ ਰਹਿਣ ਵਾਲੇ ਸੀ।

ਪਰਿਵਾਰ ਦੀ ਮੰਗ ਕੀ ਹੈ ?

ਬੀਜਲ ਭਾਈ ਦੀ ਪਤਨੀ ਭਾਵਨਾਬੇਨ
ਤਸਵੀਰ ਕੈਪਸ਼ਨ, ਬੀਜਲ ਭਾਈ ਦੀ ਪਤਨੀ ਭਾਵਨਾਬੇਨ

ਜਤਿਨ ਦੇਸਾਈ ਦਾ ਕਹਿਣਾ ਹੈ ਕਿ ਬੀਜਲ ਭਾਈ ਦੀ ਮੌਤ ਬਾਅਦ ਪਾਕਿਸਤਾਨ ਸੰਵੇਦਨਸ਼ੀਲਤਾ ਦਿਖਾ ਸਕਦਾ ਸੀ।

ਜਤਿਨ ਦੇਸਾਈ ਨੇ ਕਿਹਾ, "ਅਸ਼ਵਿਨ ਦੀ ਜੇਲ੍ਹ ਦੀ ਸਜ਼ਾ ਵੀ ਬਹੁਤ ਪਹਿਲਾਂ ਪੂਰੀ ਹੋ ਚੁੱਕੀ ਹੈ। ਇਸ ਤੋਂ ਬਾਅਦ ਪਾਕਿਸਤਾਨ ਨੇ ਉਸ ਨੂੰ ਜੇਲ੍ਹ ਵਿੱਚ ਬੰਦ ਰੱਖਿਆ ਹੈ। ਬੀਜਲ ਭਾਈ ਅਤੇ ਉਨ੍ਹਾਂ ਦੇ ਬੇਟੇ ਅਸ਼ਵਿਨ ਨੂੰ ਇੱਕ ਹੀ ਜੇਲ੍ਹ ਵਿਚ ਰੱਖਿਆ ਗਿਆ ਸੀ। ਬੀਜਲ ਭਾਈ ਅਤੇ ਉਨ੍ਹਾਂ ਦੇ ਬੇਟੇ ਅਸ਼ਵਿਨ ਨੂੰ ਇੱਕ ਹੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਇਸ ਲਈ ਇਹ ਸੁਭਾਵਿਕ ਹੈ ਕਿ ਅਸ਼ਵਿਨ ਨੂੰ ਆਪਣੇ ਪਿਤਾ ਦੀ ਮੌਤ ਦੀ ਜਾਣਕਾਰੀ ਹੋਵੇਗੀ।"

ਉਨ੍ਹਾਂ ਨੇ ਕਿਹਾ, "ਬੀਜਲ ਭਾਈ ਦੀ ਮੌਤ ਨਾਲ ਪਰਿਵਾਰ ਪਹਿਲਾਂ ਹੀ ਸਦਮੇ ਵਿੱਚ ਸੀ। ਪਰਿਵਾਰ ਨੂੰ ਉਮੀਦ ਸੀ ਕਿ ਬੀਜਲ ਭਾਈ ਦੀ ਦੇਹ ਨਾਲ ਅਸ਼ਵਿਨ ਨੂੰ ਵੀ ਰਿਹਾਅ ਕਰਕੇ ਭਾਰਤ ਭੇਜਿਆ ਜਾਵੇਗਾ। ਅਜਿਹੇ ਮੌਕੇ ਪਾਕਿਸਤਾਨ ਸੰਵੇਦਨਸ਼ੀਲਤਾ ਅਤੇ ਇਨਸਾਨੀਅਤ ਦਿਖਾਉਂਦਿਆਂ ਅਸ਼ਵਿਨ ਨੂੰ ਰਿਹਾਅ ਕਰ ਸਕਦਾ ਸੀ, ਤਾਂ ਕਿ ਉਹ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰ ਸਕੇ।"

ਮਾਨ ਸਿੰਘ ਨੇ ਵੀ ਕਿਹਾ ਕਿ ਪਿਤਾ ਦੇ ਅੰਤਿਮ ਸਸਕਾਰ ਸਮੇਂ ਅਸ਼ਵਿਨ ਦੇ ਮੌਜੂਦ ਨਾ ਹੋਣ ਤੋਂ ਪਰਿਵਾਰ ਦਾ ਦੁਖ ਦੁੱਗਣਾ ਹੋ ਗਿਆ।

ਉਨ੍ਹਾਂ ਨੇ ਕਿਹਾ, "ਅਸੀਂ ਸਥਾਨਕ ਨੇਤਾਵਾਂ ਨਾਲ ਮੁਲਾਕਾਤ ਕਰਕੇ ਮਦਦ ਮੰਗੀ ਹੈ। ਅਸੀਂ ਉਨ੍ਹਾਂ ਨੂੰ ਅਸ਼ਵਿਨ ਨੂੰ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਕਰਾਉਣ ਦੀ ਅਪੀਲ ਕੀਤੀ ਹੈ।"

ਜਤਿਨ ਦੇਸਾਈ ਮੁਤਾਬਕ ਇਸ ਸਮੇਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ 197 ਭਾਰਤੀ ਮਛੇਰੇ ਬੰਦ ਹਨ।

ਉਨ੍ਹਾਂ ਨੇ ਦੱਸਿਆ, "ਇਨ੍ਹਾਂ ਵਿੱਚੋਂ 177 ਮਛੇਰੇ ਅਜਿਹੇ ਹਨ ਜਿਨ੍ਹਾਂ ਦੀ ਜੇਲ੍ਹ ਦੀ ਸਜ਼ਾ ਪੂਰੀ ਹੋ ਚੁੱਕੀ ਹੈ। ਉਨ੍ਹਾਂ ਦੀ ਭਾਰਤੀ ਨਾਗਰਿਕਤਾ ਦੀ ਜਾਂਚ ਵੀ ਪੂਰੀ ਹੋ ਗਈ ਹੈ। ਇਨ੍ਹਾਂ ਦੋਹਾਂ ਪ੍ਰਕਿਰਿਆਵਾਂ ਦੇ ਪੂਰਾ ਹੋਣ ਤੋਂ ਬਾਅਦ ਮਛੇਰਿਆਂ ਨੂੰ ਇੱਕ ਦਿਨ ਲਈ ਵੀ ਜੇਲ੍ਹ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ। ਅਜਿਹਾ ਕਰਨਾ ਗੈਰ-ਕਾਨੂੰਨੀ ਮੰਨਿਆ ਜਾਏਗਾ।"

ਉਨ੍ਹਾਂ ਨੇ ਕਿਹਾ, " ਅਸੀਂ ਪਾਕਿਸਤਾਨ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਇਨ੍ਹਾਂ ਸਾਰੇ ਭਾਰਤੀ ਮਛੇਰਿਆਂ ਨੂੰ ਤੁਰੰਤ ਜੇਲ੍ਹ ਤੋਂ ਰਿਹਾਅ ਕਰਕੇ ਭਾਰਤ ਵਾਪਸ ਭੇਜਿਆ ਜਾਵੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)