ਮੂੰਹ ਦਾ ਕੈਂਸਰ: ਮੂੰਹ 'ਚ ਹੋਣ ਵਾਲੇ ਕਿਹੜੇ ਛਾਲੇ ਕੈਂਸਰ ਦਾ ਕਾਰਨ ਬਣਦੇ ਹਨ, ਇਨ੍ਹਾਂ ਦੀ ਪਛਾਣ ਕਿਵੇਂ ਕੀਤੀ ਜਾਵੇ ਤੇ ਸ਼ੁਰੂਆਤ 'ਚ ਹੀ ਕਿਵੇਂ ਬਚ ਸਕਦੇ ਹੋ

ਤਸਵੀਰ ਸਰੋਤ, Getty Images
- ਲੇਖਕ, ਪ੍ਰਿਅੰਕਾ ਧੀਮਾਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਕਈ ਰਿਪੋਰਟਾਂ ਦੱਸਦੀਆਂ ਹਨ ਕਿ ਭਾਰਤ ਵਿੱਚ ਮੂੰਹ ਦਾ ਕੈਂਸਰ ਸਭ ਤੋਂ ਵੱਧ ਹੋਣ ਵਾਲੀਆਂ ਬਿਮਾਰੀਆਂ ਵਿੱਚੋਂ ਇੱਕ ਹੈ।
ਕਈ ਲੋਕਾਂ ਦੇ ਮੂੰਹ ਵਿੱਚ ਵਾਰ-ਵਾਰ ਛਾਲੇ ਹੁੰਦੇ ਹਨ, ਬਹੁਤ ਵਾਰ ਇਲਾਜ ਕਰਵਾਉਣ ਤੋਂ ਬਾਅਦ ਵੀ ਉਹ ਛਾਲੇ ਠੀਕ ਨਹੀਂ ਹੁੰਦੇ।
ਕਦੋਂ ਇਹ ਛਾਲੇ ਮੂੰਹ ਦੇ ਕੈਂਸਰ ਵਿੱਚ ਤਬਦੀਲ ਹੋ ਜਾਂਦੇ ਹਨ, ਇਸ ਬਿਮਾਰੀ ਦੇ ਕਿਹੜੇ ਅਜਿਹੇ ਲੱਛਣ ਹਨ ਜਿਨ੍ਹਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਤੇ ਕਿਸ ਸਟੇਜ ਤੱਕ ਮੂੰਹ ਦੇ ਕੈਂਸਰ ਦਾ ਇਲਾਜ ਸੰਭਵ ਹੈ।
ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਵਿੱਚ ਇਸ ਵਾਰ ਗੱਲ ਇਸੇ ਗੰਭੀਰ ਵਿਸ਼ੇ ਬਾਰੇ ਕਰਾਂਗੇ।
ਇਸ ਬਾਰੇ ਅਸੀਂ ਦਿੱਲੀ ਦੇ ਸੀਕੇ ਬਿਰਲਾ ਹਸਪਤਾਲ ਵਿੱਚ ਓਨਕੋਲੋਜਿਸਟ ਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਹੈ, ਜਾਣੋ ਸਾਰੇ ਅਹਿਮ ਸਵਾਲਾਂ ਦੇ ਜਵਾਬ।

ਸਵਾਲ- ਮੂੰਹ ਦਾ ਕੈਂਸਰ ਕੀ ਹੁੰਦਾ ਅਤੇ ਅੱਜ ਦੇ ਸਮੇਂ ਵਿੱਚ ਇਸ ਨੂੰ ਲੈ ਕੇ ਜਾਗਰੂਕਤਾ ਕਿੰਨੀ ਅਹਿਮ ਹੈ?
ਜਵਾਬ- ਬੁੱਲਾਂ ਤੋਂ ਸ਼ੁਰੂ ਹੋ ਕੇ ਜਬਾੜਾ, ਗੱਲਾਂ, ਤਾਲੂ, ਜੀਭ ਦਾ ਅਗਲਾ ਅਤੇ ਹੇਠਲਾ ਹਿੱਸਾ ਮਿਲਾ ਕੇ ਮੂੰਹ ਨੂੰ ਪਰਿਭਾਸ਼ਿਤ ਕਰਦਾ ਹੈ। ਮੂੰਹ ਵਿੱਚ ਜਿਹੜਾ ਕੈਂਸਰ ਬਣਦਾ ਹੈ, ਉਸ ਨੂੰ ਮਾਊਥ ਕੈਂਸਰ ਕਹਿੰਦੇ ਹਨ।
ਭਾਰਤ, ਪਾਕਿਸਤਾਨ, ਮਿਆਂਮਾਰ, ਨੇਪਾਲ ਵਰਗੇ ਦੱਖਣੀ ਏਸ਼ੀਆਈ ਮੁਲਕਾਂ ਵਿੱਚ ਮੂੰਹ ਦਾ ਕੈਂਸਰ ਇੱਕ ਆਮ ਕੈਂਸਰ ਹੁੰਦਾ ਜਾ ਰਿਹਾ ਹੈ।
ਇਨ੍ਹਾਂ ਮੁਲਕਾਂ ਵਿੱਚ ਰਹਿਣ ਵਾਲੀ ਆਬਾਦੀ ਗੈਰ-ਸਿਗਰਟਨੁਮਾ ਤੰਬਾਕੂ ਉਤਪਾਦਾਂ ਦੀ ਆਦੀ ਹੈ ਜਿਵੇਂ ਪਾਨ, ਖੈਣੀ, ਗੁਟਕਾ, ਪਾਨ ਮਸਾਲਾ, ਸੁਪਾਰੀ ਵਰਗੀਆਂ ਚੀਜ਼ਾਂ ਮੂੰਹ ਦੇ ਕੈਂਸਰ ਦਾ ਕਾਰਨ ਬਣਦੀਆਂ ਹਨ। ਇਸ ਲਈ ਇਨ੍ਹਾਂ ਉਤਪਾਦਾਂ ਨੂੰ ਲੈ ਕੇ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ।
ਸਾਨੂੰ ਪਤਾ ਹੈ ਕਿ ਮੂੰਹ ਦਾ ਕੈਂਸਰ ਕਿਉਂ ਹੁੰਦਾ ਹੈ ਅਤੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਮੂੰਹ ਦਾ ਕੈਂਸਰ ਇਕਦਮ ਨਹੀਂ ਫੈਲਦਾ। ਇਹ ਹੌਲੀ-ਹੌਲੀ ਪੈਦਾ ਹੁੰਦਾ ਅਤੇ ਫਿਰ ਵੱਧਦਾ ਹੈ।
ਜੇਕਰ ਮੂੰਹ ਦੇ ਕੈਂਸਰ ਨੂੰ ਲੈ ਕੇ ਜਾਗਰੂਕਤਾ ਹੋਵੇ ਤਾਂ ਅਸੀਂ ਇਸ ਨੂੰ ਸ਼ੁਰੂ ਹੋਣ ਤੋਂ ਹੀ ਰੋਕ ਸਕਦੇ ਹਾਂ। ਜੇ ਸਮੇਂ ਸਿਰ ਪਛਾਣ ਹੋ ਜਾਵੇ ਤਾਂ ਇਲਾਜ ਰਾਹੀਂ ਮੌਤ ਦਰ ਘਟਾਈ ਜਾ ਸਕਦੀ ਹੈ।

ਤਸਵੀਰ ਸਰੋਤ, Getty Images
ਸਵਾਲ- ਮੂੰਹ ਦੇ ਕੈਂਸਰ ਦੇ ਲੱਛਣ ਕੀ ਹਨ? ਇਸਦੀ ਪਛਾਣ ਕਿਵੇਂ ਕੀਤੀ ਜਾਵੇ ?
ਜਵਾਬ- ਮੂੰਹ ਵਿੱਚ ਛਾਲੇ ਹੋਣਾ ਆਮ ਗੱਲ ਹੈ। ਕਈ ਵਾਰ ਸਹੀ ਤਰ੍ਹਾਂ ਭੋਜਨ ਨਾ ਪਚਣ ਕਾਰਨ, ਦੰਦਾਂ ਦੀ ਸਫਾਈ ਨਾ ਹੋਣ ਜਾਂ ਕਿਸੇ ਵਿਟਾਮਿਨ ਦੀ ਘਾਟ ਕਰਕੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ।
ਪਰ ਜੇਕਰ ਇਹ ਛਾਲੇ ਦਵਾਈਆਂ ਲੈਣ ਦੇ ਬਾਵਜੂਦ ਠੀਕ ਨਹੀਂ ਹੋ ਰਹੇ। ਜਾਂ ਕੁਝ ਸਮਾਂ ਠੀਕ ਹੋਣ 'ਤੇ ਮੁੜ ਹੋ ਰਹੇ ਹਨ ਤਾਂ ਇਨ੍ਹਾਂ ਦੀ ਗੰਭੀਰਤਾ ਨਾਲ ਜਾਂਚ ਜ਼ਰੂਰੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਇਹ ਕੈਂਸਰ ਜਾਂ ਪ੍ਰੀ-ਕੈਂਸਰ ਦਾ ਸੰਕੇਤ ਤਾਂ ਨਹੀਂ ਦੇ ਰਹੇ।
ਸਵਾਲ- ਕਿਹੜੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ?
ਜਵਾਬ- ਮੂੰਹ ਦਾ ਕੈਂਸਰ ਇਕਦਮ ਵਿਕਸਿਤ ਨਹੀਂ ਹੁੰਦਾ। ਵਿਅਕਤੀ ਦਾ ਮੂੰਹ ਖੁੱਲ੍ਹਣਾ ਹੌਲੀ-ਹੌਲੀ ਘੱਟਣ ਲੱਗਦਾ ਹੈ। ਇਸ ਅਵਸਥਾ ਨੂੰ ਟ੍ਰਿਸਮਿਸ ਕਹਿੰਦੇ ਹਨ। ਜੇਕਰ ਤੁਸੀਂ ਪਹਿਲਾਂ ਪੂਰਾ ਮੂੰਹ ਅੱਡ ਲੈਂਦੇ ਸੀ ਤਾਂ ਹੌਲੀ-ਹੌਲੀ ਇਹ ਸਮਰਥਾ ਘੱਟਣ ਲੱਗਦੀ ਹੈ ਅਤੇ ਤੁਹਾਡਾ ਮੂੰਹ ਘੱਟ ਖੁੱਲ੍ਹਣ ਲੱਗਦਾ ਹੈ। ਇਸ ਨੂੰ ਓਰਲ ਸਬਮਿਊਕਸ ਫਾਇਬ੍ਰੋਸਿਸ ਕਹਿੰਦੇ ਹਨ। ਇਹ ਸ਼ੁਰੂਆਤੀ ਲੱਛਣ ਹੈ। ਯਾਨੀ ਜੇਕਰ ਕਿਸੇ ਸ਼ਖਸ ਨੂੰ ਓਰਲ ਸਬਮਿਊਕਸ ਫਾਇਬ੍ਰੋਸਿਸ ਦੀ ਸਮੱਸਿਆ ਹੋ ਰਹੀ ਹੈ ਤਾਂ ਉਸਨੂੰ ਮੂੰਹ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧ ਹੈ।
ਜੇਕਰ ਮੂੰਹ ਵਿੱਚ ਅਲਸਰ ਹੋ ਗਏ ਜੋ ਠੀਕ ਨਹੀਂ ਹੋ ਰਹੇ ਜਾਂ ਮੂੰਹ ਵਿੱਚ ਚਿੱਟੇ ਜਾਂ ਲਾਲ ਰੰਗ ਦੇ ਛਾਲੇ ਹੋ ਗਏ ਹਨ ਤਾਂ ਇਹ ਮੂੰਹ ਦੇ ਕੈਂਸਰ ਦੇ ਸੰਕੇਤ ਹੋ ਸਕਦੇ ਹਨ।
ਸਵਾਲ- ਕਿਹੜੇ ਟੈਸਟ ਕਰਵਾ ਕੇ ਮੂੰਹ ਦੇ ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਹੈ ?
ਜਵਾਬ- ਮੂੰਹ ਵਿੱਚ ਹੋਣ ਵਾਲੇ ਛਾਲੇ ਕਈ ਕਿਸਮ ਦੇ ਹੋ ਸਕਦੇ ਹਨ। ਛਾਲਾ ਮੂੰਹ ਦੇ ਕਿਸ ਹਿੱਸੇ ਵਿੱਚ ਹੈ ਅਤੇ ਛਾਲੇ ਦਾ ਰੰਗ ਕਿਹੋ ਜਿਹਾ ਹੈ। ਆਮ ਤੌਰ 'ਤੇ ਐਪਥੌਸ ਅਲਸਰ ਦੀ ਸ਼੍ਰੇਣੀ ਦੇ ਛਾਲੇ ਛੇਤੀ ਠੀਕ ਹੋ ਜਾਂਦੇ ਹਨ।
ਪਰ ਕਈ ਵਾਰ ਮੂੰਹ ਵਿੱਚ ਚਿੱਟੇ ਰੰਗ ਦੇ ਜਾਂ ਲਾਲ ਰੰਗ ਦੇ ਛਾਲੇ ਹੋ ਜਾਂਦੇ ਹਨ, ਜਿਨ੍ਹਾਂ ਨੂੰ ਕ੍ਰਮਵਾਰ ਲਿਊਕੋਪਲੇਕੀਆ ਅਤੇ ਐਰਿਥਰੋਪਲੇਕੀਆ ਕਿਹਾ ਜਾਂਦਾ ਹੈ। ਅਜਿਹੇ ਛਾਲਿਆਂ 'ਤੇ ਖਾਸ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ।
ਅਜਿਹੇ ਛਾਲਿਆਂ ਦਾ ਪਤਾ ਲਾਉਣ ਲਈ ਬਾਇਓਪਸੀ ਕਰਵਾ ਲੈਣੀ ਚਾਹੀਦੀ ਹੈ। ਆਮ ਤੌਰ 'ਤੇ ਲੋਕਾਂ ਨੂੰ ਲੱਗਦਾ ਹੈ ਕਿ ਬਾਇਓਪਸੀ ਕੋਈ ਬਹੁਤ ਵੱਡਾ ਟੈਸਟ ਹੁੰਦਾ ਹੈ।
ਬਾਇਓਪਸੀ ਵਿੱਚ ਛਾਲੇ ਤੋਂ ਕੁਝ ਟਿਸ਼ੂ ਲਏ ਜਾਂਦੇ ਹਨ, ਜਿਨ੍ਹਾਂ ਦੀ ਜਾਂਚ ਕੈਂਸਰ ਦਾ ਪਤਾ ਲਾਉਣ ਲਈ ਕੀਤੀ ਜਾਂਦੀ ਹੈ। ਇਹ ਟੈਸਟ ਡੈਂਟਲ ਚੇਅਰ 'ਤੇ ਹੀ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਸਵਾਲ- ਕੀ ਸਿਗਰਟ ਅਤੇ ਤੰਬਾਕੂ ਦਾ ਸੇਵਨ ਨਾ ਕਰਨ ਵਾਲੇ ਲੋਕਾਂ ਨੂੰ ਵੀ ਮੂੰਹ ਦਾ ਕੈਂਸਰ ਹੋ ਸਕਦਾ ਹੈ ?
ਜਵਾਬ- 70 ਫੀਸਦ ਮੂੰਹ ਦੇ ਕੈਂਸਰ ਦੇ ਮਾਮਲੇ ਤੰਬਾਕੂ ਉਤਪਾਦਾਂ ਦੇ ਸੇਵਨ ਕਾਰਨ ਹੁੰਦੇ ਹਨ। ਇਸ ਤੋਂ ਇਲਾਵਾ ਸੈਕੰਡਰੀ ਸਮੋਕਿੰਗ ਯਾਨੀ ਜਿਹੜੇ ਲੋਕ ਖੁਦ ਸਿਗਰਟ ਨਹੀਂ ਪੀਂਦੇ ਪਰ ਉਨ੍ਹਾਂ ਦੇ ਆਸ-ਪਾਸ ਲੋਕ ਇਸ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਇਸ ਦਾ ਖਤਰਾ ਹੁੰਦਾ ਹੈ।
ਇਸ ਤੋਂ ਇਲਾਵਾ ਪ੍ਰਦੂਸ਼ਿਤ ਹਵਾ ਵੀ ਵਜ੍ਹਾ ਹੋ ਸਕਦੀ ਹੈ। ਦਿੱਲੀ ਵਿੱਚ ਸਰਦੀਆਂ ਵਿੱਚ ਸਮੋਗ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਸਾਹ ਰਾਹੀਂ ਅਸੀਂ ਕਾਰਬਨ ਹੀ ਆਪਣੇ ਸਰੀਰ ਅੰਦਰ ਲਿਜਾ ਰਹੇ ਹੁੰਦੇ ਹਾਂ।
ਇਸ ਤੋਂ ਇਲਾਵਾ ਖਾਦ ਪਦਾਰਥਾਂ ਵਿੱਚ ਇਸਤੇਮਾਲ ਹੋਣ ਵਾਲੇ ਕੀਟਨਾਸ਼ਕ ਜਾਂ ਰਸਾਇਣਕ ਖਾਦਾਂ ਵੀ ਕਾਰਨ ਬਣ ਸਕਦੀਆਂ ਹਨ।
ਡੈਂਚਰ (ਆਰਟੀਫੀਸ਼ੀਅਲ ਦੰਦ) ਨਾਲ ਸਬੰਧਿਤ ਸਮੱਸਿਆਵਾਂ ਵੀ ਕਾਰਨ ਬਣ ਸਕਦੀਆਂ ਹਨ। ਕਈ ਵਾਰ ਡੈਂਚਰ ਮੂੰਹ ਵਿੱਚ ਸਹੀ ਤਰ੍ਹਾਂ ਫਿਟ ਨਹੀਂ ਬੈਠਦਾ, ਕੋਈ ਦੰਦ ਟੇਢਾ ਹੋ ਜਾਂਦਾ ਹੈ ਜਾਂ ਤਿੱਖਾ ਹੋ ਜਾਂਦਾ ਹੈ ਅਤੇ ਵਾਰ-ਵਾਰ ਇੱਕੋ ਜਗ੍ਹਾ ਚੁਭਦਾ ਹੈ ਤਾਂ ਉਹ ਵੀ ਮੂੰਹ ਦੇ ਕੈਂਸਰ ਦੀ ਵਜ੍ਹਾ ਬਣ ਸਕਦਾ ਹੈ।
ਦੰਦਾਂ ਦੀ ਸਫਾਈ ਵੀ ਅਹਿਮ ਰੋਲ ਅਦਾ ਕਰਦੀ ਹੈ। ਜੇਕਰ ਦੰਦਾਂ ਦੀ ਸਹੀ ਢੰਗ ਨਾਲ ਸਾਫ਼-ਸਫਾਈ ਨਹੀਂ ਕੀਤੀ ਜਾਂਦੀ ਜਾਂ ਵਾਰ-ਵਾਰ ਇਨਫੈਕਸ਼ਨ ਹੋ ਰਹੀ ਹੈ ਤਾਂ ਇਹ ਵੀ ਕਾਰਨ ਹੋ ਸਕਦਾ ਹੈ।
ਸਵਾਲ- ਜੀਵਨਸ਼ੈਲੀ ਅਤੇ ਡਾਈਟ ਦਾ ਕਿੰਨਾ ਫਰਕ ਪੈਂਦਾ ਹੈ ?
ਜਵਾਬ- ਤੁਹਾਡਾ ਲਾਈਫਸਟਾਈਲ ਅਤੇ ਡਾਈਟ ਬਹੁਤ ਅਸਰ ਪਾਉਂਦਾ ਹੈ।
ਕਈ ਅਧਿਐਨ ਦੱਸਦੇ ਹਨ ਕਿ ਜੇਕਰ ਤੁਸੀਂ ਆਪਣੀ ਡਾਈਟ ਵਿੱਚ ਐਂਟੀ ਆਕਸੀਡੈਂਟ ਉਤਪਾਦ ਜਿਵੇਂ ਫਲ-ਸਬਜ਼ੀਆਂ, ਗ੍ਰੀਨ ਟੀ ਆਦਿ ਵਧਾ ਲਓ ਤਾਂ ਤੰਬਾਕੂ ਜਾਂ ਸ਼ਰਾਬ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇੱਥੇ ਮੈਂ ਇਹ ਬਿਲਕੁੱਲ ਨਹੀਂ ਕਹਿ ਰਿਹਾ ਕਿ ਤੁਸੀਂ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਕਰੋ ਅਤੇ ਡਾਈਟ ਵਿੱਚ ਐਂਟੀ-ਆਕਸੀਡੈਂਟ ਲਓ।
ਪਰ ਜੇਕਰ ਤੁਸੀਂ ਤੰਬਾਕੂ-ਸ਼ਰਾਬ ਦਾ ਸੇਵਨ ਵੀ ਕਰ ਰਹੇ ਹੋ ਅਤੇ ਆਪਣੀ ਡਾਈਟ 'ਤੇ ਵੀ ਬਿਲਕੁਲ ਧਿਆਨ ਨਹੀਂ ਦੇ ਰਹੇ ਤਾਂ ਇਸ ਨਾਲ ਤੁਹਾਨੂੰ ਸ਼ੂਗਰ, ਦਿਲ ਦੀਆਂ ਬਿਮਾਰੀਆਂ ਸਣੇ ਹੋਰ ਬਿਮਾਰੀਆਂ ਵੀ ਲੱਗਦੀਆਂ ਹਨ ਅਤੇ ਜੋ ਕੈਂਸਰ ਨੂੰ ਹੋਰ ਖਤਰਨਾਕ ਬਣਾ ਸਕਦੀਆਂ ਹਨ।
ਕੈਂਸਰ ਕ੍ਰੋਨਿਕ ਸਪੈਕਟਰਮ ਦਾ ਹਿੱਸਾ ਹੈ ਜਿਹੜਾ ਸ਼ੂਗਰ, ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਫਿਰ ਕੈਂਸਰ ਤੱਕ ਜਾਂਦਾ ਹੈ। ਜੇਕਰ ਅਸੀਂ ਆਪਣਾ ਲਾਈਫਸਟਾਈਲ ਅਤੇ ਡਾਈਟ ਠੀਕ ਕਰਾਂਗੇ ਤਾਂ ਅਸੀਂ ਬਾਕੀ ਬਿਮਾਰੀਆਂ ਨੂੰ ਵੀ ਕੰਟਰੋਲ ਕਰਾਂਗੇ ਅਤੇ ਕੈਂਸਰ ਨੂੰ ਵੀ ਘਟਾਵਾਂਗੇ।

ਤਸਵੀਰ ਸਰੋਤ, Getty Images
ਸਵਾਲ- ਮੂੰਹ ਦੇ ਕੈਂਸਰ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ ?
ਜਵਾਬ- ਮੂੰਹ ਦੇ ਕੈਂਸਰ ਦਾ ਇਲਾਜ ਇਸ 'ਤੇ ਨਿਰਭਰ ਹੈ ਕਿ ਕਿਹੜੀ ਸਟੇਜ 'ਤੇ ਇਸ ਦਾ ਪਤਾ ਲੱਗਿਆ ਹੈ।
ਜੇਕਰ ਬਿਲਕੁਲ ਸ਼ੁਰੂਆਤੀ ਸਟੇਜ ਯਾਨੀ ਪ੍ਰੀ-ਕੈਂਸਰ ਵਾਲੀ ਸਥਿਤੀ 'ਚ ਪਤਾ ਲੱਗ ਗਿਆ, ਭਾਵ ਕੈਂਸਰ ਨਾ ਚਮੜੀ 'ਚ ਫੈਲਿਆ, ਨਾ ਹੱਡੀ ਤੱਕ ਪਹੁੰਚਿਆ ਅਤੇ ਨਾ ਹੀ ਗਰਦਨ ਦੀਆਂ ਗ੍ਰੰਥੀਆਂ ਤੱਕ ਪਹੁੰਚਿਆ ਤਾਂ ਇਸਨੂੰ ਸਟੇਜ 1 ਜਾਂ ਸਟੇਜ 2 ਕੈਂਸਰ ਕਿਹਾ ਜਾਂਦਾ ਹੈ। ਇਸ ਵਿੱਚ ਅਪਫਰੰਟ ਸਰਜਰੀ ਕੀਤੀ ਜਾਂਦੀ ਹੈ ਯਾਨੀ ਮੂੰਹ ਵਿੱਚੋਂ ਉਸ ਹਿੱਸੇ ਨੂੰ ਕੱਢ ਦਿੱਤਾ ਜਾਂਦਾ ਹੈ।
ਸਟੇਜ 3 ਕੈਂਸਰ ਯਾਨੀ ਜੇਕਰ ਕੈਂਸਰ ਮੂੰਹ ਤੋਂ ਅੱਗੇ ਗਰਦਨ ਦੀਆਂ ਗ੍ਰੰਥੀਆਂ ਤੱਕ ਪਹੁੰਚ ਗਿਆ ਤਾਂ ਸਾਨੂੰ ਸਰਜਰੀ ਤੋਂ ਬਾਅਦ ਕੀਮੋਥੈਰੇਪੀ ਜਾਂ ਰੇਡੀਏਸ਼ਨ ਥੈਰੇਪੀ ਵੀ ਦੇਣੀ ਪੈਂਦੀ ਹੈ।
ਸਟੇਜ 4 ਏ ਕੈਟੇਗਰੀ ਵਿੱਚ ਕੈਂਸਰ ਹੱਡੀ ਜਾਂ ਚਮੜੀ ਤੱਕ ਫੈਲ ਜਾਂਦਾ ਹੈ ਤਾਂ ਸਰਜਰੀ ਦਾ ਦਾਇਰਾ ਵਧਾਉਣਾ ਪੈਂਦਾ। ਇਸ ਵਿੱਚ ਹੱਡੀ ਕੱਢਣੀ ਪੈਂਦੀ ਹੈ ਜਾਂ ਮੂੰਹ ਦਾ ਕੁਝ ਹਿੱਸਾ ਹਟਾਉਣਾ ਪੈਂਦਾ, ਜਿਸ ਨਾਲ ਚਿਹਰੇ ਦੀ ਬਣਤਰ ਵਿਗੜ ਜਾਂਦੀ ਹੈ। ਜਿਸ ਤੋਂ ਬਾਅਦ ਕੀਮੋਥੈਰੇਪੀ ਜਾਂ ਰੇਡੀਏਸ਼ਨ ਥੈਰੇਪੀ ਵੀ ਕੀਤੀ ਜਾਂਦੀ ਹੈ, ਜਿਸ ਨਾਲ ਮੂੰਹ ਵਿੱਚ ਥੁੱਕ ਬਣਨਾ ਬੰਦ ਹੋ ਜਾਂਦਾ ਹੈ, ਮੂੰਹ ਦਾ ਸੁਆਦ ਬਿਲਕੁੱਲ ਚਲਾ ਜਾਂਦਾ ਹੈ।
ਸਟੇਜ 4 ਬੀ ਕੈਟੇਗਰੀ ਵਿੱਚ ਇਲਾਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਵਿੱਚ ਪਹਿਲਾਂ ਅਸੀਂ ਕੀਮੋਥੈਰੇਪੀ ਕਰਵਾਉਂਦੇ ਹਾਂ। ਜੇਕਰ ਕੋਈ ਸਹੀ ਰਿਸਪਾਂਸ ਮਿਲ ਰਿਹਾ ਹੋਵੇ ਤਾਂ ਹੀ ਅੱਗੇ ਇਲਾਜ ਸੰਭਵ ਹੋ ਪਾਉਂਦਾ ਹੈ ਉਹ ਵੀ ਮੁਸ਼ਕਿਲ ਹੁੰਦਾ ਹੈ।

ਤਸਵੀਰ ਸਰੋਤ, Getty Images
ਸਵਾਲ- ਮੂੰਹ ਦੇ ਕੈਂਸਰ ਦੇ ਸਾਈਡ ਇਫੈਕਟ ਕੀ ਹਨ ?
ਜਵਾਬ- ਮੂੰਹ ਦੇ ਕੈਂਸਰ ਦੇ ਇਲਾਜ ਦੇ ਸਾਈਡ ਇਫੈਕਟ ਬਹੁਤ ਹੁੰਦੇ ਹਨ। ਜੇਕਰ ਸ਼ੁਰੂਆਤੀ ਸਟੇਜ ਵਿੱਚ ਇਲਾਜ ਹੋ ਜਾਵੇ ਤਾਂ ਸਾਈਡ ਇਫੈਕਟ ਘੱਟ ਹਨ। ਮੰਨ ਲਓ ਸ਼ੁਰੂਆਤੀ ਸਟੇਜ ਵਿੱਚ ਗੱਲ੍ਹ ਜਾਂ ਜੀਭ ਦੇ ਹਿੱਸੇ ਦੀ ਸਰਜਰੀ ਕੀਤੀ ਗਈ ਤਾਂ ਮੂੰਹ ਦੀ ਮੂਵਮੈਂਟ 'ਤੇ ਅਸਰ ਪੈਂਦਾ ਹੈ ਹਾਲਾਂਕਿ ਸਮੇਂ ਦੇ ਨਾਲ ਇਹ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਹੈ।
ਪਰ ਜੇਕਰ ਐਡਵਾਂਸ ਸਟੇਜ ਹੈ ਜਿਸ ਵਿੱਚ ਕਈ ਵਾਰ ਜਬਾੜਾ ਕੱਢਣਾ ਪੈ ਜਾਂਦਾ ਹੈ ਕਈ ਵਾਰ ਸਰਜਰੀ ਕਰਕੇ ਜਬਾੜੇ ਨੂੰ ਰਿਪਲੇਸ ਕੀਤਾ ਜਾਂਦਾ ਹੈ ਤਾਂ ਕੁਝ ਹੱਦ ਤੱਕ ਮੂਵਮੈਂਟ ਸੰਭਵ ਹੋ ਪਾਉਂਦੀ ਹੈ ਪਰ ਮੁੜ ਪਹਿਲਾਂ ਵਰਗੀ ਸਥਿਤੀ ਹਾਸਲ ਨਹੀਂ ਹੋ ਸਕਦੀ।
ਸਵਾਲ- ਮੂੰਹ ਦੇ ਕੈਂਸਰ ਦੇ ਇਲਾਜ ਵਿੱਚ ਕਿੰਨਾ ਖਰਚਾ ਆਉਂਦਾ ਹੈ ?
ਜਵਾਬ- ਇਹ ਨਿਰਭਰ ਕਰਦਾ ਹੈ ਕਿ ਕੈਂਸਰ ਕਿਹੜੀ ਸਟੇਜ ਦਾ ਹੈ। ਜੇਕਰ ਸ਼ੁਰੂਆਤੀ ਸਟੇਜ ਵਿੱਚ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਲਗਭਗ 50 ਹਜ਼ਾਰ ਤੱਕ ਵੀ ਸਰਜਰੀ ਹੋ ਜਾਂਦੀ ਹੈ। ਪਰ ਜੇਕਰ ਐਡਵਾਂਸ ਸਟੇਜ ਹੈ ਤਾਂ ਉਸ ਵਿੱਚ ਇੱਕ ਡੋਜ਼ ਦੀ ਕੀਮਤ ਵੀ ਕਈ ਵਾਰ ਲੱਖਾਂ ਤੱਕ ਪਹੁੰਚ ਜਾਂਦੀ ਹੈ ਤਾਂ ਪੂਰਾ ਇਲਾਜ ਤਾਂ ਹੋਰ ਵੀ ਮਹਿੰਗਾ ਹੋ ਜਾਂਦਾ ਹੈ ਕਿਉਂਕਿ ਇਸ ਵਿੱਚ ਸਰਜਰੀ ਤੋਂ ਬਾਅਦ ਕੀਮੋਥੈਰੇਪੀ ਵੀ ਦੇਣੀ ਹੁੰਦੀ ਹੈ।
ਸਵਾਲ- ਮੂੰਹ ਦੇ ਕੈਂਸਰ ਦੇ ਮਰੀਜ਼ ਲਈ ਇਲਾਜ ਦੌਰਾਨ ਸਭ ਤੋਂ ਔਖੀ ਘੜੀ ਕੀ ਹੁੰਦੀ ਹੈ ?
ਜਵਾਬ- ਜਦੋਂ ਮੂੰਹ ਦੇ ਕੈਂਸਰ ਦਾ ਪਤਾ ਲੱਗਦਾ ਹੈ ਉਦੋਂ ਹੀ ਮਰੀਜ਼ ਨਿਰਾਸ਼ ਹੋ ਜਾਂਦਾ ਹੈ, ਇਹ ਸੋਚ ਕੇ ਕਿ ਉਸ ਨਾਲ ਹੀ ਅਜਿਹਾ ਕਿਉਂ ਹੋਇਆ।
ਦੂਜਾ ਮਰੀਜ਼ ਨੂੰ ਆਪਣੇ ਬਚਣ ਦੀ ਉਮੀਦ ਘੱਟ ਨਜ਼ਰ ਆਉਣ ਲੱਗਦੀ ਹੈ।
ਤੀਜਾ ਇਹ ਕਿ ਮਰੀਜ਼ ਕਈ ਵਾਰ ਇਸ ਡਰੋਂ ਵੀ ਇਲਾਜ ਕਰਵਾਉਣ ਵਿੱਚ ਦੇਰੀ ਕਰਦੇ ਹਨ ਕਿ ਮੂੰਹ ਦੀ ਬਣਤਰ ਬਦਲ ਜਾਵੇਗੀ, ਸੂਰਤ ਬਦਲ ਜਾਵੇਗੀ, ਬੋਲ ਨਹੀਂ ਸਕਾਂਗਾ, ਕੁਝ ਖਾ ਨਹੀਂ ਸਕਾਂਗਾ, ਸਮਾਜ ਅਪਣਾਏਗਾ ਨਹੀਂ।

ਸਵਾਲ- ਮੂੰਹ ਦੇ ਕੈਂਸਰ ਦੇ ਮਰੀਜ਼ ਤੇ ਉਸਦੇ ਪਰਿਵਾਰ ਲਈ ਤੁਹਾਡਾ ਕੀ ਸੰਦੇਸ਼ ਹੈ?
ਜਵਾਬ- ਜੇਕਰ ਮੂੰਹ ਦੇ ਕੈਂਸਰ ਦੇ ਲੱਛਣ ਨਜ਼ਰ ਆ ਰਹੇ ਹਨ ਤਾਂ ਦੇਰੀ ਬਿਲਕੁੱਲ ਨਾ ਕਰੋ। ਜੇਕਰ ਜਲਦ ਇਸ ਦਾ ਪਤਾ ਲੱਗ ਜਾਂਦਾ ਹੈ ਤਾਂ ਇਲਾਜ ਬਹੁਤ ਆਸਾਨ ਹੋ ਜਾਂਦਾ ਹੈ।
ਤੁਹਾਨੂੰ ਪਤਾ ਹੈ ਕਿ ਮੂੰਹ ਦਾ ਕੈਂਸਰ ਕਿਉਂ ਹੁੰਦਾ, ਇਸ ਲਈ ਅਜਿਹੀਆਂ ਆਦਤਾਂ ਨੂੰ ਛੱਡ ਦਿਓ।
ਮਰੀਜ਼ ਅਤੇ ਉਸਦੇ ਪਰਿਵਾਰ ਨੂੰ ਡਰਨਾ ਨਹੀਂ ਚਾਹੀਦਾ। ਅਜਿਹੀਆਂ ਕਈ ਆਧੁਨਿਕ ਤਕਨੀਕਾਂ ਹਨ ਜਿਸ ਦੀ ਮਦਦ ਨਾਲ ਜੇਕਰ ਐਡਵਾਂਸ ਸਟੇਜ ਵੀ ਹੈ ਤਾਂ ਵੀ ਮੂੰਹ ਦੀ ਬਣਤਰ ਕਾਫੀ ਹੱਦ ਤੱਕ ਸਹੀ ਕੀਤੀ ਜਾ ਸਕਦੀ ਹੈ।
ਆਮ ਤੌਰ 'ਤੇ ਲੋਕਾਂ ਨੂੰ ਲੱਗਦਾ ਹੈ ਕਿ ਕੈਂਸਰ ਦਾ ਇਲਾਜ ਬਹੁਤ ਮਹਿੰਗਾ ਹੁੰਦਾ ਹੈ ਪਰ ਮੌਜੂਦਾ ਸਮੇਂ ਵਿੱਚ ਨਵੀਆਂ ਤਕਨੀਕਾਂ ਆ ਰਹੀਆਂ ਹਨ, ਭਾਰਤ ਵਿੱਚ ਹੀ ਆਧੁਨਿਕ ਮਸ਼ੀਨਾਂ ਤਿਆਰ ਹੋ ਰਹੀਆਂ ਹਨ ਜਿਸ ਨਾਲ ਇਲਾਜ ਦੀ ਲਾਗਤ ਘੱਟ ਰਹੀ ਹੈ।
ਆਉਣ ਵਾਲੇ ਛੇ ਮਹੀਨਿਆਂ ਵਿੱਚ ਹੀ ਰੋਬੋਟਿਕ ਸਰਜਰੀ ਦੀ ਲਾਗਤ ਵਿੱਚ ਕਮੀ ਦੇਖਣ ਨੂੰ ਮਿਲੇਗੀ। ਇਮਿਓਨੋਥੈਰੇਪੀ ਨਾਲ ਜੁੜੇ ਯੰਤਰ ਵੀ ਭਾਰਤ ਵਿੱਚ ਬਣਾਏ ਜਾ ਰਹੇ ਹਨ, ਜਿਸ ਨਾਲ ਇਸ ਦੀ ਲਾਗਤ ਵੀ ਘੱਟ ਜਾਵੇਗੀ।
ਅਜਿਹੀ ਬਹੁਤ ਸੰਭਾਵਨਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਜਾਂ ਸਾਲ ਤੱਕ ਕੈਂਸਰ ਦੇ ਇਲਾਜ ਦੀ ਲਾਗਤ ਘੱਟ ਜਾਵੇਗੀ ਅਤੇ ਨਤੀਜੇ ਹੋਰ ਵੀ ਵਧੀਆ ਹੋ ਜਾਣਗੇ।
ਆਉਣ ਵਾਲੇ ਸਮੇਂ ਵਿੱਚ ਤਕਨੀਕ ਏਨੀ ਐਡਵਾਂਸ ਹੋ ਜਾਵੇਗੀ ਕਿ ਜੀਨਸ ਦੀ ਮਦਦ ਨਾਲ ਹੀ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਕਿਸ ਨੂੰ ਕੈਂਸਰ ਹੋਣ ਵਾਲਾ ਹੈ ਅਤੇ ਕੈਂਸਰ ਹੋਣ ਤੋਂ ਪਹਿਲਾਂ ਹੀ ਇਸ ਨੂੰ ਰੋਕਿਆ ਜਾ ਸਕੇਗਾ।
ਸਿਹਤ ਸੀਕ੍ਰੇਟਸ ਬੀਬੀਸੀ ਪੰਜਾਬੀ ਵੱਲੋਂ ਚਲਾਇਆ ਜਾ ਰਿਹਾ ਇੱਕ ਅਜਿਹਾ ਹੈਲਥ ਪੌਡਕਾਸਟ ਹੈ, ਜਿੱਥੇ ਤੁਹਾਨੂੰ ਮਰਦਾਂ, ਔਰਤਾਂ ਤੇ ਬੱਚਿਆਂ ਦੀ ਸਿਹਤ ਨਾਲ ਜੁੜੀ ਅਹਿਮ ਜਾਣਕਾਰੀ ਮਿਲੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












