'ਏਸ਼ੀਅਨ ਸਕੁਐਟ' ਭਾਵ ਪੈਰੀਂ ਭਾਰ ਬੈਠਣ ਦੇ ਕੀ ਹਨ ਫਾਇਦੇ, ਅਜਿਹਾ ਕਰਨ 'ਚ ਮਾਹਿਰ ਹੋਣਾ ਸਾਡੀ ਸਿਹਤ ਲਈ ਕਿਉਂ ਮਹੱਤਵਪੂਰਨ ਹੈ?

ਗੋਡਿਆਂ ਭਾਰ ਬੈਠੇ ਕੁਝ ਲੋਕ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਸ਼ੀਅਨ ਸਕੁਐਟ ਇੱਕ ਡੂੰਘਾ ਜਾਂ ਪੂਰਾ ਸਕੁਐਟ ਹੈ ਜੋ ਅਕਸਰ ਏਸ਼ੀਆ, ਯੂਰਪ ਦੇ ਕੁਝ ਹਿੱਸਿਆਂ ਅਤੇ ਅਫ਼ਰੀਕਾ ਵਿੱਚ ਆਰਾਮ ਕਰਨ ਦੀ ਮੁਦਰਾ ਵਜੋਂ ਵਰਤਿਆ ਜਾਂਦਾ ਹੈ।
    • ਲੇਖਕ, ਈਸਥਰ ਕਹੂੰਬੀ
    • ਰੋਲ, ਬੀਬੀਸੀ ਗਲੋਬਲ ਹੈਲਥ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਪੂਰੇ ਚੀਨ, ਜਪਾਨ, ਭਾਰਤ ਅਤੇ ਏਸ਼ੀਆ ਦੇ ਜ਼ਿਆਦਾ ਹਿੱਸੇ ਵਿੱਚ ਪੈਰੀਂ ਭਾਰ ਬੈਠਣਾ(ਡੀਪ ਸਕੁਐਟ) ਆਮ ਰੋਜ਼ਾਨਾ ਜ਼ਿੰਦਗੀ ਦਾ ਇੱਕ ਹਿੱਸਾ ਹੈ। ਲੋਕ ਰੇਲਗੱਡੀਆਂ ਦੀ ਉਡੀਕ ਕਰਦਿਆਂ, ਦੋਸਤਾਂ ਨਾਲ ਗੱਲਾਂ ਕਰਦਿਆਂ ਜਾਂ ਖਾਣਾ ਖਾਂਦਿਆਂ ਆਪਣੀਆਂ ਅੱਡੀਆਂ ਨੂੰ ਜ਼ਮੀਨ 'ਤੇ ਸਿੱਧਾ ਰੱਖ ਕੇ ਬੜੀ ਅਸਾਨੀ ਨਾਲ ਬੈਠਦੇ ਹਨ।

ਪਰ ਸੈਲਾਨੀਆਂ ਵੱਲੋਂ ਇਸ ਸਕੁਐਟ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਵੀਡੀਓਜ਼ ਇੰਟਰਨੈਟ 'ਤੇ ਤਮਾਸ਼ਾ ਬਣ ਗਈਆਂ ਹਨ। ਜ਼ਿਆਦਾਤਰ ਲੋਕ ਪਿੱਛੇ ਵੱਲ ਡਿੱਗ ਜਾਂਦੇ ਹਨ, ਇੱਕ ਪਾਸੇ ਵੱਲ ਢਹਿ ਜਾਂਦੇ ਹਨ ਜਾਂ ਸਹਾਰੇ ਲਈ ਕੰਧਾਂ ਫੜਦੇ ਹਨ।

ਸਰੀਰਕ ਹਰਕਤ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੁਦਰਾ ਪ੍ਰਤੀ ਆਕਰਸ਼ਨ ਇੱਕ ਵੱਡੇ ਸਵਾਲ ਨਾਲ ਜੁੜਿਆ ਹੋਇਆ ਹੈ ਕਿ ਉਮਰ ਵਧਣ ਦੇ ਨਾਲ-ਨਾਲ ਸਾਡੇ ਸਰੀਰ ਵਿੱਚ ਚੰਗੀ ਲਚਕ ਬਣਾਈ ਰੱਖਣ ਲਈ ਇਹ ਕਿਉਂ ਮਹੱਤਵਪੂਰਨ ਹੈ।

ਤਾਂ ਫਿਰ, ਅਜਿਹਾ ਕਿਉਂ ਹੈ ਕਿ ਕੁਝ ਲੋਕ ਬਿਨਾਂ ਕਿਸੇ ਕੋਸ਼ਿਸ਼ ਦੇ ਅਸਾਨੀ ਨਾਲ ਸਕੁਐਟ ਕਰ ਲੈਂਦੇ ਹਨ ਜਦਕਿ ਦੂਜਿਆਂ ਨੂੰ ਸਿੱਧੇ ਖੜ੍ਹੇ ਰਹਿਣ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ?

'ਏਸ਼ੀਅਨ ਸਕੁਐਟ' ਦੇ ਕੀ ਫ਼ਾਇਦੇ ਹਨ?

ਇੱਕ ਬਜ਼ੁਰਗ ਵਿਅਕਤੀ ਇੱਕ ਛੋਟੀ ਜਿਹੀ ਦੁਕਾਨ ਦੇ ਬਾਹਰ ਗੋਡਿਆਂ ਭਾਰ ਪੂਰਾ ਬੈਠ ਕੇ ਆਪਣੇ ਤੋਂ ਕੁਝ ਸੈਂਟੀਮੀਟਰ ਦੂਰ ਖੜ੍ਹੇ ਇੱਕ ਹਰੇ ਤੋਤੇ ਵੱਲ ਦੇਖ ਰਿਹਾ ਹੈ। ਉਸ ਪੰਛੀ ਦੀ ਅੱਖ ਦੇ ਆਲੇ-ਦੁਆਲੇ ਅਤੇ ਖੰਭਾਂ 'ਤੇ ਪੀਲੇ ਰੰਗ ਦੇ ਨਿਸ਼ਾਨ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਿਜ਼ੀਓਥੈਰੇਪਿਸਟਾਂ ਦਾ ਕਹਿਣਾ ਹੈ ਕਿ ਡੀਪ ਸਕੁਐਟ ਹਰ ਕਿਸੇ ਲਈ ਇੱਕੋ-ਜਿਹਾ ਆਖਰੀ ਟੀਚਾ ਨਹੀਂ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਪਹਿਲਾਂ ਹੀ ਗੋਡਿਆਂ, ਚੂਲਿਆਂ ਜਾਂ ਪਿੱਠ ਦਾ ਦਰਦ ਹੈ।

ਉੱਠਕ ਬੈਠਕ ਸਰੀਰ ਦੀਆਂ ਸਭ ਤੋਂ ਬੁਨਿਆਦੀ ਹਰਕਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਮਰੀਕਾ ਵਿੱਚ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਵਿੱਚ ਹਿਉਮਨ ਮੂਵਮੈਂਟ ਦੇ ਮਾਹਿਰ ਪ੍ਰੋਫੈਸਰ ਕ੍ਰਿਸਟੋਫਰ ਪਾਵਰਸ ਦੱਸਦੇ ਹਨ, "ਤੁਸੀਂ ਸਕੁਐਟ ਕੀਤੇ ਬਿਨਾਂ ਕੁਝ ਵੀ ਨਹੀਂ ਕਰ ਸਕਦੇ। ਜਿਵੇਂ ਕੁਰਸੀ 'ਤੇ ਬੈਠਣਾ, ਆਪਣੀ ਕਾਰ ਵਿੱਚੋਂ ਬਾਹਰ ਨਿਕਲਣਾ, ਟਾਇਲਟ ਦੀ ਵਰਤੋਂ ਕਰਨਾ ਜਾਂ ਫ਼ਰਸ਼ ਤੋਂ ਕੋਈ ਚੀਜ਼ ਚੁੱਕਣ ਲਈ ਹੇਠਾਂ ਵੱਲ ਝੁਕਣਾ।"

ਬਹੁਤ ਸਾਰੇ ਲੋਕ ਆਮ ਸਕੁਐਟ ਬਾਰੇ ਜਾਣਦੇ ਹਨ ਜੋ ਕਿ ਜਿੰਮ ਵਿੱਚ ਕਸਰਤ ਦਾ ਇੱਕ ਆਮ ਹਿੱਸਾ ਹੁੰਦਾ ਹੈ। ਇਸ ਵਿੱਚ ਬੈਠਕ ਦੀ ਮੁਦਰਾ ਵਿੱਚ ਹੇਠਾਂ ਝੁਕਣਾ ਸ਼ਾਮਲ ਹੁੰਦਾ ਹੈ, ਜਦੋਂ ਤੱਕ ਕਿ ਪੱਟ ਜ਼ਮੀਨ ਦੇ ਬਰਾਬਰ ਨਾ ਆ ਜਾਣ।

ਪਰ ਏਸ਼ੀਅਨ ਸਕੁਐਟ ਜਿਸ ਨੂੰ ਡੂੰਘਾ ਸਕੁਐਟ ਵੀ ਕਿਹਾ ਜਾਂਦਾ ਹੈ, ਇਹ ਇਸ ਤੋਂ ਬਿਲਕੁਲ ਵੱਖਰਾ ਹੈ। ਇਸ ਵਿੱਚ ਉਦੋਂ ਤੱਕ ਹੇਠਾਂ ਬੈਠਣਾ ਹੁੰਦਾ ਹੈ ਜਦੋਂ ਤੱਕ ਗੋਡੇ ਪੂਰੀ ਤਰ੍ਹਾਂ ਮੁੜ ਨਾ ਜਾਣ ਅਤੇ ਬਾਹਰ ਵੱਲ ਨੂੰ ਨਾ ਹੋ ਜਾਣ। ਜਦਕਿ ਪੈਰ ਚੌੜੇ, ਛਾਤੀ ਸਿੱਧੀ ਅਤੇ ਪੱਟਾਂ ਦਾ ਪਿਛਲਾ ਹਿੱਸਾ ਪਿੰਡਲੀ ਦੀਆਂ ਮਾਸਪੇਸ਼ੀਆਂ ਨਾਲ ਲੱਗਿਆ ਹੁੰਦਾ ਹੈ।

ਲੋਕਾਂ ਦੀ ਸਰੀਰਕ ਲਚਕਤਾ ਅਤੇ ਤਾਕਤ ਨੂੰ ਸੁਧਾਰਨ ਵਿੱਚ ਮਾਹਿਰ ਏਸ਼ੀਅਨ ਅਮਰੀਕਨ ਕੋਚ ਮੈਟ ਸੂ ਨੇ ਸੋਸ਼ਲ ਮੀਡੀਆ 'ਤੇ ਏਸ਼ੀਅਨ ਸਕੁਐਟ ਦੇ ਵੀਡੀਓ ਪੋਸਟ ਕੀਤੇ ਹਨ ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਦੇਖਿਆ ਹੈ।

ਪਰ ਉਹ ਕਹਿੰਦੇ ਹਨ ਕਿ ਇਹ ਨਾਮ ਆਪਣੇ ਆਪ ਵਿੱਚ ਗੁਮਰਾਹ ਕਰਨ ਵਾਲਾ ਹੋ ਸਕਦਾ ਹੈ।

ਉਹ ਕਹਿੰਦੇ ਹਨ, "ਤੁਸੀਂ ਅਫਰੀਕੀ ਲੋਕਾਂ ਨੂੰ ਦੇਖੋਗੇ ਜੋ ਇਸ 'ਤੇ ਆਪਣਾ ਦਾਅਵਾ ਕਰਦੇ ਹਨ, ਸਾਲਵਿਕ ਦੇਸ਼ਾਂ ਯਾਨੀ ਪੂਰਬੀ ਯੂਰਪ ਵਿੱਚ ਕੋਈ ਵੀ ਕਹੇਗਾ ਕਿ ਇਹ ਸਾਡਾ ਸਕੁਐਟ ਹੈ। ਇਹ ਸਕੁਐਟ ਹਰ ਕਿਸੇ ਦਾ ਸਕੁਐਟ ਹੈ।"

ਅਪਰਾਈਟ ਮੂਵਮੈਂਟ ਦੇ ਸੰਸਥਾਪਕ ਮੈਟ ਸੂ ਦਾ ਬਿਆਨ

ਫਿਜ਼ੀਓਥੈਰਿਪਿਸਟਾਂ ਦਾ ਕਹਿਣਾ ਹੈ ਕਿ ਇਨ੍ਹਾਂ ਡੀਪ ਸਕੁਐਟਸ ਲਈ ਚੂਲਿਆਂ, ਗੋਡਿਆਂ ਅਤੇ ਗਿੱਟਿਆਂ ਵਿੱਚ ਵਧੇਰੇ ਲਚਕਤਾ ਦੀ ਲੋੜ ਹੁੰਦੀ ਹੈ ਅਤੇ ਤੁਸੀਂ ਇੱਕ ਆਮ ਸਕੁਐਟ ਦੇ ਮੁਕਾਬਲੇ ਸਰੀਰ ਦੇ ਜ਼ਿਆਦਾ ਹਿੱਸਿਆਂ ਵਿੱਚ ਇਸ ਦਾ ਅਸਰ ਮਹਿਸੂਸ ਕਰਦੇ ਹੋ।

ਖੋਜਾਂ ਤੋਂ ਪਤਾ ਲੱਗਿਆ ਹੈ ਕਿ ਇਸ ਤਰ੍ਹਾਂ ਦੀ ਸਟ੍ਰੈਚਿੰਗ ਨਾਲ ਸਰੀਰ ਦੀ ਹਰਕਤ ਅਤੇ ਲਚਕਤਾ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ ਜਿਸ ਨਾਲ ਪਿੱਠ ਦਾ ਦਰਦ ਘੱਟ ਹੁੰਦਾ ਹੈ ਅਤੇ ਉਮਰ ਭਰ ਸਰੀਰਕ ਤੌਰ 'ਤੇ ਆਤਮ ਨਿਰਭਰਤਾ ਬਣੀ ਰਹਿੰਦੀ ਹੈ।

ਆਮ ਤੌਰ 'ਤੇ ਬੱਚੇ ਬਿਨਾਂ ਕਿਸੇ ਖਾਸ ਕੋਸ਼ਿਸ਼ ਦੇ ਬੜੀ ਅਸਾਨੀ ਨਾਲ ਇਸ ਮੁਦਰਾ ਵਿੱਚ ਬੈਠ ਜਾਂਦੇ ਹਨ। ਇਹ ਕੁਝ ਹੱਦ ਤੱਕ ਇਸ ਲਈ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਜੋੜਾਂ ਵਿੱਚ ਲਚਕ ਵੱਧ ਹੁੰਦੀ ਹੈ ਅਤੇ ਉਨ੍ਹਾਂ ਦੇ ਸਰੀਰ ਦਾ ਅਨੁਪਾਤ ਵੱਖਰਾ ਹੁੰਦਾ ਹੈ।

ਪਰ ਸਰੀਰਕ ਬਣਤਰ ਵਿੱਚ ਬਦਲਾਅ ਹੀ ਇਕਮਾਤਰ ਕਾਰਨ ਨਹੀਂ ਹੈ ਕਿ ਬਹੁਤ ਸਾਰੇ ਬਾਲਗ ਡੀਪ ਸਕੁਐਟ ਕਰਨ ਦੀ ਸਮਰੱਥਾ ਗਵਾ ਦਿੰਦੇ ਹਨ। ਬੈਠਣ ਵਾਲੀ ਜੀਵਨ ਸ਼ੈਲੀ ਜਿਵੇਂ ਕਿ ਕੁਰਸੀਆਂ ਅਤੇ ਵੈਸਟਰਨ ਸੀਟਾਂ ਦੀ ਵਰਤੋਂ ਦਾ ਮਤਲਬ ਹੈ ਕਿ ਬਹੁਤ ਸਾਰੇ ਬਾਲਗਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਇਦ ਹੀ ਕਦੇ ਡੀਪ ਸਕੁਐਟ ਕਰਨ ਦੀ ਲੋੜ ਪੈਂਦੀ ਹੈ, ਜੋ ਕਿ ਹੌਲੀ ਹੌਲੀ ਸਰੀਰ ਦੀ ਲਚਕ ਅਤੇ ਤਾਕਤ ਘਟਣ ਦਾ ਕਾਰਨ ਬਣਦੀ ਹੈ।

ਸਰੀਰਕ ਹਰਕਤ ਵਿੱਚ ਬਦਲਾਅ ਗੋਡਿਆਂ ਦੀਆਂ ਸੱਟਾਂ ਦਾ ਕਾਰਨ ਕਿਵੇਂ ਬਣਦੇ ਹਨ, ਬਾਰੇ ਜਾਂਚ ਕਰਨ ਵਾਲੇ ਪ੍ਰੋਫੈਸਰ ਪਾਵਰਸ ਕਹਿੰਦੇ ਹਨ, "ਜੇ ਤੁਸੀਂ ਇਸ ਦੀ ਵਰਤੋਂ ਨਹੀਂ ਕਰੋਗੇ ਤਾਂ ਤੁਸੀਂ ਇਸ ਨੂੰ ਗੁਆ ਬੈਠੋਗੇ।"

ਏਸ਼ੀਅਨ ਲੋਕਾਂ ਨੂੰ ਪੈਰੀਂ ਭਾਰ ਬੈਠਣਾ ਸੌਖਾ ਕਿਉਂ ਲੱਗਦਾ ਹੈ ?

ਇੱਕ ਛੋਟੀ ਬੱਚੀ ਘਾਹ ਦੇ ਮੈਦਾਨ ਵਿੱਚ ਪੈਰੀਂ ਭਾਰ ਪੂਰੀ ਬੈਠ ਕੇ ਮੁਸਕਰਾ ਰਹੀ ਹੈ। ਉਹ ਛੋਟੇ-ਛੋਟੇ ਚਿੱਟੇ ਫੁੱਲਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚੇ ਅਸਾਨੀ ਨਾਲ ਡੀਪ ਸਕੁਐਟ ਕਰ ਲੈਂਦੇ ਹਨ।

ਜੀਵਨ ਸ਼ੈਲੀ ਦੇ ਇਹ ਬਦਲਾਅ ਏਸ਼ੀਆ ਦੇ ਕੁਝ ਹਿੱਸਿਆਂ ਜਿਵੇਂ ਕਿ ਜਪਾਨ ਵਿੱਚ ਘੱਟ ਦੇਖਣ ਨੂੰ ਮਿਲਦੇ ਹਨ, ਜਿੱਥੇ ਰੈਸਟੋਰੈਂਟਾਂ ਵਿੱਚ ਜਾਣ ਜਿਹੀਆਂ ਆਮ ਗਤੀਵਿਧੀਆਂ ਵਿੱਚ ਵੀ ਸਕੁਐਟ ਕਰਨਾ ਸ਼ਾਮਲ ਹੁੰਦਾ ਹੈ।

ਸਰੀਰਕ ਹਰਕਤ ਅਤੇ ਫਿਟਨੈਸ ਦੀ ਸਿੱਖਿਆ ਦੇਣ ਵਾਲੀ ਇੱਕ ਕੰਪਨੀ ਅਪਰਾਈਟ ਮੂਵਮੈਂਟ ਦੇ ਸੰਸਥਾਪਕ ਮੈਟ ਸੂ ਕਹਿੰਦੇ ਹਨ, "ਤੁਹਾਨੂੰ ਹਾਲੇ ਵੀ ਨਿਯਮਿਤ ਤੌਰ 'ਤੇ ਅੰਦਰ ਜਾਣ, ਜੁੱਤੇ ਉਤਾਰਨ, ਜਪਾਨੀ ਮੈਟ 'ਤੇ ਸਕੁਐਟ ਕਰਕੇ ਬੈਠਣ ਅਤੇ ਪਿਰ ਆਪਣਾ ਖਾਣਾ ਖਾਣ ਦੇ ਯੋਗ ਹੋਣ ਦੀ ਲੋੜ ਹੁੰਦੀ ਹੈ"

ਹੋਰ ਬੁਨਿਆਦੀ ਗਤੀਵਿਧੀਆਂ ਵਿੱਚ ਵੀ ਚੂਲ਼ਿਆਂ ਅਤੇ ਲੱਤਾਂ ਦੀ ਇਸ ਤਾਕਤ ਦੀ ਲੋੜ ਪੈਂਦੀ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਸਿਰਫ਼ ਸਕੁਐਟ ਟਾਇਲਟ ਯਾਨੀ ਦੇਸੀ ਸੀਟਾਂ ਹੀ ਹੁੰਦੀਆਂ ਹਨ। ਜੇਕਰ ਤੁਹਾਨੂੰ ਹਰ ਰੋਜ਼ ਪਖਾਨੇ ਜਾਣ ਲਈ ਉਸੇ ਤਰ੍ਹਾਂ ਬੈਠਣਾ ਪੈਂਦਾ ਹੈ, ਤਾਂ ਤੁਸੀਂ ਇਸ ਸਮਰਥਾ ਨੂੰ ਇੰਨੀ ਅਸਾਨੀ ਨਾਲ ਨਹੀਂ ਗੁਆਓਗੇ।"

ਮੈਟ ਸੂ ਨੇ ਬੀਬੀਸੀ ਨਾਲ ਚਾਲੀ ਮਿੰਟ ਦੀ ਇੰਟਰਵਿਊ ਦੌਰਾਨ ਲੰਬੇ ਸਮੇਂ ਤੱਕ ਡੀਪ ਸਕੁਐਟ ਦੀ ਮੁਦਰਾ ਵਿੱਚ ਬੈਠ ਕੇ ਗੱਲਬਾਤ ਕੀਤੀ ਅਤੇ ਸਿਰਫ਼ ਕੁਝ ਵਾਰ ਹੀ ਥੋੜ੍ਹਾ ਜਿਹਾ ਅਰਾਮ ਲਿਆ।

ਉਹ ਕਹਿੰਦੇ ਹਨ ਕਿ ਸਕੁਐਟ ਜਿਹੀਆਂ ਹਰਕਤਾਂ ਦੀ ਮਹੱਤਤਾ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਤਜਰਬੇ ਕਾਰਨ ਬਹੁਤ ਡੂੰਘਾਈ ਨਾਲ ਸਮਝ ਆਈ ਸੀ।

ਮੈਟ ਸੂ ਕਹਿੰਦੇ ਹਨ, "ਮੇਰੇ ਪਿਤਾ ਜੀ ਇੱਕ ਵਾਰ ਡਿੱਗ ਪਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੁੱਟਪਾਥ ਤੋਂ ਚੁੱਕਣ ਲਈ ਐਂਬੁਲੈਂਸ ਬੁਲਾਉਣੀ ਪਈ ਕਿਉਂਕਿ ਉਹ ਖੁਦ ਜ਼ਮੀਨ ਤੋਂ ਉੱਠਣ ਦੇ ਸਮਰੱਥ ਨਹੀਂ ਰਹੇ ਸਨ।"

ਆਪਣੇ ਏਸ਼ੀਅਨ ਪਿਛੋਕੜ ਦੇ ਬਾਵਜੂਦ ਸੂ ਕਹਿੰਦੇ ਹਨ ਖੇਡਾਂ ਦੌਰਾਨ ਲੱਗੀਆਂ ਸੱਟਾਂ ਤੋਂ ਉੱਭਰਨ ਵੇਲੇ ਲੰਬੇ ਸਮੇਂ ਤੱਕ ਬੈਠਣ ਲਈ ਮਜਬੂਰ ਹੋਣ ਕਾਰਨ ਉਹ ਵੀਹ ਸਾਲ ਦੀ ਉਮਰ ਦੇ ਆਲੇ-ਦੁਆਲੇ ਡੀਪ ਸਕੁਐਟ ਕਰਨ ਦੀ ਸਮਰਥਾ ਗਵਾ ਚੁੱਕੇ ਸਨ।

ਉਹ ਕਹਿੰਦੇ ਹਨ, "ਮੈਨੂੰ ਯਾਦ ਹੈ ਕਿ ਮੈਂ ਆਪਣੇ ਗਿੱਟਿਆਂ ਨੂੰ ਵੀ ਛੋਹ ਨਹੀਂ ਸੀ ਸਕਦਾ ਕਿਉਂਕਿ ਮੇਰਾ ਸਰੀਰ ਬਹੁਤ ਜ਼ਿਆਦਾ ਆਕੜ ਗਿਆ ਸੀ।"

ਸੂ ਨੂੰ ਇਸ ਨੂੰ ਦੁਆਰਾ ਕਰਨ ਲਈ ਆਪਣੇ ਸਰੀਰ ਨੂੰ ਸਿਖਲਾਈ ਦੇਣੀ ਪਈ ਅਤੇ ਉਹ ਕਹਿੰਦੇ ਹਨ ਕਿ ਡੂੰਘਾ ਸਕੁਐਟ ਕਰਨ ਦੀ ਸਮਰਥਾ ਕਿਸੇ ਵੀ ਹੋਰ ਸਰੀਰਕ ਹੁਨਰ ਦੀ ਤਰ੍ਹਾਂ ਸਿੱਖੀ ਜਾ ਸਕਦੀ ਹੈ।

ਏਸ਼ੀਅਨ ਲੋਕ 'ਸਕੁਐਟ' ਕਿਵੇਂ ਕਰਦੇ ਹਨ?

ਨੀਲੀ ਸ਼ਰਟ ਅਤੇ ਕਾਲੀ ਪੈਂਟ ਪਹਿਨ ਕੇ ਡੀਪ ਸਕੁਐਟ ਕਰਕੇ ਦਿਖਾਉਂਦਾ ਵਿਅਕਤੀ ਜੋ ਕਿ ਕੈਮਰੇ ਵੱਲ ਦੇਖ ਰਿਹਾ ਹੈ।

ਤਸਵੀਰ ਸਰੋਤ, Matt Hsu

ਤਸਵੀਰ ਕੈਪਸ਼ਨ, ਮੈਟ ਸੂ ਕਹਿੰਦੇ ਹਨ ਕਿ ਉਨ੍ਹਾਂ ਲਈ ਟੀਚਾ ਕਿਸੇ ਕਿਸਮ ਦੀ ਪਰਫੈਕਸ਼ਨ ਹਾਸਿਲ ਕਰਨਾ ਨਹੀਂ ਹੈ, ਬਲਕਿ ਸਰੀਰ ਦੀ ਉਸ ਹਿਲਜੁਲ ਨੂੰ ਮੁੜ ਬਹਾਲ ਕਰਨਾ ਹੈ ਜੋ ਆਧੁਨਿਕ ਜੀਵਨ ਸ਼ੈਲੀ ਨੇ ਹੌਲੀ-ਹੌਲੀ ਲੋਕਾਂ ਦੀ ਆਦਤ ਵਿੱਚੋਂ ਬਾਹਰ ਕੱਢ ਦਿੱਤੀ ਹੈ।

ਡੀਪ ਸਕੁਐਟ ਵਿੱਚ ਮੁਹਾਰਤ ਹਾਸਿਲ ਕਰਨ ਦੇ ਇੱਛੁਕ ਲੋਕਾਂ ਨੂੰ ਮੈਟ ਸੂ ਚੇਤਾਵਨੀ ਦਿੰਦੇ ਹਨ ਕਿ ਉਹ ਆਪਣੇ ਸਰੀਰ ਦੇ ਤਿਆਰ ਹੋਣ ਤੋਂ ਪਹਿਲਾਂ ਬਹੁਤ ਜ਼ਿਆਦਾ ਜਲਦਬਾਜ਼ੀ ਨਾ ਕਰਨ।

ਉਹ ਕਹਿੰਦੇ ਹਨ, "ਤੁਸੀਂ ਇਸ ਵਿੱਚ ਜਲਦਬਾਜ਼ੀ ਨਹੀਂ ਕਰਨਾ ਚਾਹੋਗੇ ਅਤੇ ਨਾ ਹੀ ਪੂਰੀ ਤਰ੍ਹਾਂ ਹੇਠਾਂ ਬੈਠਣਾ ਚਾਹੋਗੇ, ਕਿਉਂਕਿ ਇਸ ਨਾਲ ਤੁਹਾਡੇ ਸਰੀਰ ਦੇ ਕਿਸੇ ਹਿੱਸੇ ''ਤੇ ਸੱਟ ਲੱਗ ਸਕਦੀ ਹੈ।"

ਉਹ ਸਲਾਹ ਦਿੰਦੇ ਹਨ ਕਿ ਇਸ ਦੀ ਬਜਾਏ ਕਿਸੇ ਫਰਨੀਚਰ ਜਿਵੇਂ ਕਿ ਕੁਰਸੀ ਦਾ ਰਸੋਈ ਦੀ ਸਲੈਬ ਦਾ ਸਹਾਰਾ ਲੈ ਕੇ ਹੌਲੀ-ਹੌਲੀ ਇਸ ਹਰਕਤ ਦਾ ਅਭਿਆਸ ਕਰੋ ਅਤੇ ਸਿਰਫ਼ ਉੱਥੋਂ ਤੱਕ ਹੀ ਹੇਠਾਂ ਜਾਓ ਜਿੱਥੋਂ ਤੱਕ ਤੁਸੀਂ ਅਰਾਮਦਾਇਕ ਮਹਿਸੂਸ ਕਰਦੇ ਹੋ।

ਉਹ ਕਹਿੰਦੇ ਹਨ, "ਜੇਕਰ ਤੁਸੀਂ ਕੁਝ ਹਫ਼ਤਿਆਂ ਲਈ ਰੋਜ਼ਾਨਾ ਦੋ ਵਾਰ ਅਜਿਹਾ ਕਰਦੇ ਹੋ ਤਾਂ ਤੁਸੀਂ ਖੁਦ ਮਹਿਸੂਸ ਕਰੋਗੇ- ਓ ਮੈਂ ਹੁਣ ਸੁਰੱਖਿਅਤ ਮਹਿਸੂਸ ਕਰ ਰਿਹਾ ਹਾਂ। ਮੈਂ ਥੋੜ੍ਹਾ ਹੋਰ ਹੇਠਾਂ ਜਾ ਸਕਦਾ ਹਾਂ।"

ਕੀ ਬਾਲਗਾਂ ਨੂੰ ਉਮਰ ਵਧਣ ਦੇ ਨਾਲ ਡੀਪ ਸਕੁਐਟ ਦੁਬਾਰਾ ਸਿੱਖਣਾ ਚਾਹੀਦਾ ਹੈ? ਇਹ ਸਵਾਲ ਹੋਰ ਗੁੰਝਲਦਾਰ ਹੋ ਜਾਂਦਾ ਹੈ। ਪ੍ਰੋਫੈਸਰ ਪਾਵਰਸ ਕਹਿੰਦੇ ਹਨ, "ਜਿਵੇਂ ਜਿਵੇਂ ਉਮਰ ਵਧਦੀ ਹੈ ਅਸੀਂ ਆਪਣੇ ਜੋੜਾਂ, ਰੀੜ੍ਹ ਦੀ ਹੱਡੀ, ਚੂਲਿਆਂ ਅਤੇ ਖਾਸ ਕਰਕੇ ਆਪਣੇ ਗਿੱਟਿਆਂ ਦੀ ਲਚਕਤਾ ਗੁਆ ਦਿੰਦੇ ਹਾਂ, ਜੋ ਇਸ ਤਰ੍ਹਾਂ ਦੇ ਸਕੁਐਟ ਕਰਨ ਦੀ ਸਾਡੀ ਸਮਰਥਾ ਨੂੰ ਹੋਰ ਸੀਮਤ ਕਰ ਦਿੰਦਾ ਹੈ।"

ਪ੍ਰੋਫੈਸਰ ਕ੍ਰਿਸਟੋਫਰ ਪਾਵਰਸ

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਕੁਐਟਸ ਭਾਵੇਂ ਕਿਸੇ ਵੀ ਡੂੰਘਾਈ ਤੱਕ ਕੀਤੇ ਜਾਣ, ਉਹ ਫਾਇਦੇਮੰਦ ਹੁੰਦੇ ਹਨ ਪਰ ਪਾਵਰਸ, ਡੀਪ ਸਕੁਐਟ ਨੂੰ ਹਰ ਕਿਸੇ ਲਈ ਇੱਕੋ ਜਿਹਾ ਟੀਚਾ ਮੰਨਣ ਖ਼ਿਲਾਫ਼ ਚੇਤਾਵਨੀ ਦਿੰਦੇ ਹਨ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਗੋਡਿਆਂ, ਚੂਲਿਆਂ ਜਾਂ ਪਿੱਠ ਦਾ ਦਰਦ ਹੈ।

ਕਲੀਨਿਕਲ ਸੈਟਿੰਗਜ਼ ਵਿੱਚ ਮਰੀਜ਼ ਦੇ ਸਰੀਰ ਦੀ ਬਣਤਰ, ਸੱਟ, ਪਿਛੋਕੜ ਅਤੇ ਟੀਚਿਆਂ ਦੇ ਅਧਾਰ 'ਤੇ ਅਕਸਰ ਬਦਲਾਅ ਕੀਤੇ ਜਾਂਦੇ ਹਨ। ਪਾਵਰਸ ਕਹਿੰਦੇ ਹਨ ਕਿ ਇਹ ਗੁੰਝਲਤਾ ਅਕਸਰ ਇੰਟਰਨੈਟ 'ਤੇ ਗੁਆਚ ਜਾਂਦੀ ਹੈ।

ਉਹ ਕਹਿੰਦੇ ਹਨ, "ਹਰ ਕਿਸੇ ਕੋਲ ਇੱਕ ਸਹੀ ਤਰੀਕਾ ਹੁੰਦਾ ਹੈ, ਪਰ ਗੱਲ ਇੰਨੀ ਸਿੱਧੀ ਨਹੀਂ ਹੈ। ਹਰ ਇਨਸਾਨ ਵੱਖਰਾ ਹੁੰਦਾ ਹੈ।"

ਪੱਟਾਂ ਦੀਆਂ ਲੰਮੀਆਂ ਹੱਡੀਆਂ, ਗਿੱਟਿਆਂ ਦਾ ਸੀਮਤ ਲਚਕੀਲਾਪਣ ਜਾਂ ਚੂਲ਼ਿਆਂ ਦੀ ਵੱਖਰੀ ਬਣਤਰ ਵਾਲੇ ਲੋਕਾਂ ਨੂੰ ਸੰਤੁਲਨ ਅਤੇ ਡੂੰਘਾਈ ਬਣਾਈ ਰੱਖਣ ਵਿੱਚ ਵਧੇਰੇ ਸੰਘਰਸ਼ ਕਰਨਾ ਪੈ ਸਕਦਾ ਹੈ ਭਾਵੇਂ ਉਹ ਕਿੰਨੇ ਵੀ ਫਿੱਟ ਕਿਉਂ ਨਾ ਹੋਣ।

ਕੁਝ ਫਿਜ਼ੀਓਥੈਰੇਪਿਸਟਾਂ ਦਾ ਕਹਿਣਾ ਹੈ ਕਿ ਵੱਡਾ ਮੁੱਦਾ ਇਹ ਨਹੀਂ ਹੈ ਕਿ ਕੋਈ ਵਿਅਕਤੀ ਆਪਣੇ ਚੂਲ਼ਿਆਂ ਨੂੰ ਫ਼ਰਸ਼ ਤੋਂ ਕੁਝ ਇੰਚ ਉੱਤੇ ਰੱਖ ਕੇ ਬੈਠ ਸਕਦਾ ਹੈ ਜਾਂ ਨਹੀਂ, ਬਲਕਿ ਇਹ ਹੈ ਕਿ ਉਹ ਉਮਰ ਵਧਣ ਦੇ ਨਾਲ ਬਿਨਾਂ ਕਿਸੇ ਸਹਾਰੇ ਹਿਲਜੁਲ ਕਰਦੇ ਰਹਿੰਦੇ ਹਨ।

ਫਿਲਹਾਲ ਅਜਿਹੀਆਂ ਕੋਈ ਖੋਜਾਂ ਨਹੀਂ ਹਨ ਜੋ ਲੰਬੇ ਸਮੇਂ ਤੱਕ ਰੋਜ਼ਾਨਾ ਡੂੰਘਾ ਸਕੁਐਟ ਕਰਨ ਵਾਲੇ ਲੋਕਾਂ 'ਤੇ ਇਸ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਦੀ ਪੁਸ਼ਟੀ ਕਰਦੀਆਂ ਹੋਣ।

ਮੈਟ ਸੂ ਕਹਿੰਦੇ ਹਨ ਕਿ ਉਨ੍ਹਾਂ ਲਈ ਟੀਚਾ ਕਿਸੇ ਕਿਸਮ ਦੀ ਪਰਫੈਕਸ਼ਨ ਹਾਸਿਲ ਕਰਨਾ ਨਹੀਂ ਹੈ, ਬਲਕਿ ਸਰੀਰ ਦੀ ਉਸ ਹਿਲਜੁਲ ਨੂੰ ਮੁੜ ਬਹਾਲ ਕਰਨਾ ਹੈ ਜੋ ਆਧੁਨਿਕ ਜੀਵਨ ਸ਼ੈਲੀ ਨੇ ਹੌਲੀ-ਹੌਲੀ ਲੋਕਾਂ ਦੀ ਆਦਤ ਵਿੱਚੋਂ ਬਾਹਰ ਕੱਢ ਦਿੱਤੀ ਹੈ।

ਉਨ੍ਹਾਂ ਕਿਹਾ, "ਆਪਣੇ ਨਿੱਜੀ ਤਜਰਬੇ ਤੋਂ ਗੱਲ ਕਰਦਿਆਂ, ਮੈਂ ਇਹ ਕਹਾਂਗਾ ਕਿ ਤੁਹਾਨੂੰ ਆਪਣੇ ਸਰੀਰ ਨੂੰ ਸੰਭਾਲਣ, ਖੁਦ ਉੱਠਣ ਅਤੇ ਗੁਰੂਤਾਕਰਸ਼ਣ ਦਾ ਸਾਹਮਣਾ ਕਰਨ ਦੇ ਪੂਰੀ ਤਰ੍ਹਾਂ ਯੋਗ ਹੋਣ ਦੀ ਲੋੜ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)