You’re viewing a text-only version of this website that uses less data. View the main version of the website including all images and videos.
ਅਕਾਲ ਤਖ਼ਤ ਸਾਹਿਬ ਨੇ ਸੀਐੱਮ ਮਾਨ ਦੀ ਕਿਹੜੀ ਪੇਸ਼ੀ ਦਾ ਵੀਡੀਓ ਜਾਰੀ ਕੀਤਾ, ਕੀ ਹੋਈ ਸੀ ਉਦੋਂ ਦੋਵਾਂ ਵਿਚਾਲੇ ਗੱਲਬਾਤ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਦਾ ਇੱਕ ਵੀਡੀਓ ਜਾਰੀ ਕੀਤਾ ਗਿਆ ਹੈ। ਦਰਅਸਲ ਇਹ ਵੀਡੀਓ ਜਨਵਰੀ ਮਹੀਨੇ ਦਾ ਹੈ ਜਦੋਂ ਭਗਵੰਤ ਸਿੰਘ ਮਾਨ ਵੱਖ-ਵੱਖ ਵਿਸ਼ਿਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਮਣੇ ਪੇਸ਼ ਹੋਏ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਿਵਾਦਿਤ ਵੀਡੀਓ ਦੇ ਸਬੰਧ ਵਿੱਚ 15 ਜੂਨ ਨੂੰ ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਅਕਾਲ ਤਖ਼ਤ ਸਾਹਿਬ ਵੱਲੋਂ 'ਗੁਰੂ ਦੋਖੀ' ਅਤੇ 'ਖਾਲਸਾ ਪੰਥ ਵਿਰੋਧੀ' ਕਰਾਰ ਦਿੱਤਾ ਗਿਆ ਹੈ।
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਮੁਤਾਬਕ, ਇਸ ਵੀਡੀਓ ਵਿੱਚ ਭਗਵੰਤ ਮਾਨ 'ਤੇ ਸਿੱਖ ਗੁਰੂ ਸਾਹਿਬਾਨ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਨਾਲ ਅਣਉਚਿਤ ਹਰਕਤਾਂ ਕਰਨ ਦੇ ਇਲਜ਼ਾਮ ਹਨ।
ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਇਸ ਮਾਮਲੇ ਉੱਤੇ ਸਪੱਸ਼ਟੀਕਰਨ ਦੇ ਚੁੱਕੇ ਹਨ ਤੇ ਆਪਣਾ ਪੱਖ ਰੱਖ ਚੁੱਕੇ ਹਨ। ਉਨ੍ਹਾਂ ਨੇ ਵਾਇਰਲ ਵੀਡੀਓ ਨੂੰ ਹਮੇਸ਼ਾ ਸਿਰੇ ਤੋਂ ਨਕਾਰਿਆ ਹੈ ਤੇ ਇਸ ਨੂੰ ਨਕਲੀ ਕਰਾਰ ਦਿੱਤਾ ਹੈ।
ਵੀਡੀਓ ਵਿੱਚ ਕੀ ਗੱਲਬਾਤ ਹੋਈ
ਜਾਰੀ ਕੀਤਾ ਗਿਆ ਵੀਡੀਓ 15 ਜਨਵਰੀ 2026 ਦਾ ਹੈ। ਇਸ ਦਿਨ ਮੁੱਖ ਮੰਤਰੀ, ਉਨ੍ਹਾਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਵੱਖ-ਵੱਖ ਮਸਲਿਆਂ ਸਬੰਧੀ ਪੇਸ਼ ਹੋਣ ਲਈ ਪੁੱਜੇ ਸਨ।
ਇਸ ਦੌਰਾਨ, ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਹੋਈ ਗੱਲਬਾਤ ਵਿੱਚ ਉਨ੍ਹਾਂ ਕਿਹਾ ਕਿ ਇਤਰਾਜ਼ਯੋਗ ਵੀਡੀਓ ''ਬਿਲਕੁਲ ਹੀ ਨਕਲੀ ਹੈ''।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਵੀਡੀਓ ਦੀ ਜਾਂਚ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਅੱਜਕਲ੍ਹ ਏਆਈ ਦਾ ਸਮਾਂ ਹੈ, ਉਨ੍ਹਾਂ ਤੋਂ ਇਲਾਵਾ ਹੋਰਾਂ ਦੀਆਂ ਵੀ ਏਆਈ ਵੀਡੀਓ ਬਣੀਆਂ ਹਨ। ਮੁੱਖ ਮੰਤਰੀ ਨੇ ਆਖਿਆ ਕਿ ਉਹ ਆਪਣੀਆਂ ਨੰਗੀਆਂ ਅੱਖਾਂ, ਫੋਰੈਂਸਿਕ ਤੋਂ ਬਿਨ੍ਹਾਂ ਵੀ ਵੀਡੀਓ ਦੇ ਤੱਥਾਂ ਬਾਰੇ ਦੱਸ ਸਕਦੇ ਹਨ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਆਖਿਆ ਕਿ ''ਸਰਕਾਰ ਦੀਆਂ ਕੋਈ ਦੋ ਅਜਿਹੀਆਂ ਫੋਰੈਂਸਿਕ ਲੈਬੋਰੇਟਰੀਆਂ ਦੱਸ ਦਿਓ, ਜਿੱਥੋਂ ਵੀਡੀਓ ਦੀ ਜਾਂਚ ਹੋਵੇਗੀ।''
ਜਥੇਦਾਰ ਨੇ ਕਿਹਾ ਕਿ ਇਸ ਮਸਲੇ ਵਿੱਚ ''ਗੱਲ ਗੁਰੂ ਸਾਹਿਬਾਨ ਨਾਲ ਸਬੰਧਤ ਹੈ ਅਤੇ ਜੇਕਰ ਵੀਡੀਓ ਗਲਤ ਵੀ ਹੈ ਤਾਂ ਇਸ 'ਤੇ ਕਿਸੇ ਦੀ ਕਿਰਦਾਰਕੁਸ਼ੀ ਨਹੀਂ ਹੋਣੀ ਚਾਹੀਦੀ, ਪਰ ਵੀਡੀਓ ਸਹੀ ਜਾਂ ਗਲਤ ਦਾ ਨਿਚੋੜ ਫੋਰੈਂਸਿਕ ਜਾਂਚ ਰਾਹੀਂ ਹੀ ਨਿਕਲ ਸਕਦਾ ਹੈ।''
ਇਸ ਮੌਕੇ, ਮੁੱਖ ਮੰਤਰੀ ਭਗਵੰਤ ਸਿੰਘ ਨੇ ਜਥੇਦਾਰ ਨੂੰ ਕਿਹਾ ਕਿ ''ਜਾਂਚ ਆਪ ਦੀ ਦੇਖ-ਰੇਖ ਵਿੱਚ ਹੀ ਜਿਹੜੀ ਮਰਜ਼ੀ ਫੋਰੈਂਸਿਕ ਲੈਬ ਤੋਂ ਕਰਵਾ ਲਈ ਜਾਵੇ, ਅਸੀਂ ਕਰਵਾ ਦਿਆਂਗੇ।''
ਜਥੇਦਾਰ ਦੇ ਇਹ ਪੁੱਛਣ 'ਤੇ ਕਿ ਕੀ ਤੁਸੀਂ ਵੀਡੀਓ ਦੀ ਜਾਂਚ ਕਰਵਾਈ ਹੈ, ਮੁੱਖ ਮੰਤਰੀ ਨੇ ਕਿਹਾ ਕਿ ''ਸਾਡੇ ਕੋਲ ਕੋਰਟ ਦਾ ਆਰਡਰ ਹੈ ਕਿ ਇਹ ਵੀਡੀਓ ਹੀ ਗਲਤ ਹੈ।''
ਜਥੇਦਾਰ ਗੜਗੱਜ ਨੇ ਆਖਿਆ ਕਿ ''ਅਸੀਂ ਕੋਰਟ ਦਾ ਆਰਡਰ ਪੜ੍ਹਿਆ ਹੈ, ਅਦਾਲਤ ਨੇ ਇਸ ਵੀਡੀਓ ਦੀ ਜਾਂਚ ਨਹੀਂ ਕਰਵਾਈ।''
ਜਥੇਦਾਰ ਗੜਗੱਜ ਨੇ ਕਿਹਾ ਕਿ ਜੇਕਰ ਜਾਂਚ ਵਿੱਚ ਵੀਡੀਓ ਝੂਠੀ ਹੋਈ ਤਾਂ ਸਿੱਧ ਹੋ ਜਾਵੇਗਾ ਅਤੇ ਜੇਕਰ ਸੱਚੀ ਨਿਕਲੀ ਤਾਂ ਇਸ ਦਾ ਅਗਲਾ ਫ਼ੈਸਲਾ ਖ਼ਾਲਸਾ ਪੰਥ ਕਰੇਗਾ। ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਖਰੇ ਤੌਰ ਉੱਤੇ ਵੀ ਦੋ ਲੈਬਾਂ ਤੋਂ ਜਾਂਚ ਕਰਵਾਏਗਾ ਪਰ ਸਰਕਾਰ ਵੀ ਦੋ ਲੈਬਾਂ ਤੋਂ ਜਾਂਚ ਕਰਵਾ ਕੇ ਦੇਵੇ।
ਆਮ ਆਦਮੀ ਪਾਰਟੀ ਨੇ ਵੀਡੀਓ ਬਾਰੇ ਕੀ ਕਿਹਾ
ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪਨੂੰ ਨੇ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦਿਆਂ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਵੀਡੀਓ ਨਕਲੀ ਹੈ।
ਉਨ੍ਹਾਂ ਲਿਖਿਆ, ''ਸਤਿਕਾਰਯੋਗ ਜਥੇਦਾਰ ਸਾਹਿਬ ਮੁੱਖ ਮੰਤਰੀ ਸਾਹਿਬ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਵੀਡੀਓ ਨਕਲੀ ਹੈ।
ਹੁਣ ਤੁਹਾਡੀ ਹੀ ਰਿਕਾਰਡਿੰਗ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਜੀ ਨੇ ਇਹ ਨਹੀਂ ਕਿਹਾ ਸੀ ਕਿ ਇਹ AI ਨਾਲ ਬਣਾਈ ਹੋਈ ਹੈ।
ਕ੍ਰਿਪਾ ਕਰਕੇ ਇਹ ਵੀ ਲੱਭ ਲਓ ਕਿ ਵੀਡੀਓ ਵਿੱਚ ਐਕਟਰ ਕੌਣ ਹੈ?''
ਕੀ ਹੈ ਮਾਮਲਾ?
ਇਹ ਵਿਵਾਦ ਜਨਵਰੀ 2026 ਦੀ ਸ਼ੁਰੂਆਤ ਵਿੱਚ ਸਾਹਮਣੇ ਆਇਆ ਸੀ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਰਹਿਤ ਮਰਿਆਦਾ, ਅਕਾਲ ਤਖ਼ਤ ਦੀ ਸਰਬਉੱਚਤਾ ਅਤੇ "ਗੁਰੂ ਕੀ ਗੋਲਕ" ਸਬੰਧੀ ਕਥਿਤ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਇਲਜ਼ਾਮਾਂ ਤਹਿਤ ਤਲਬ ਕੀਤਾ ਸੀ।
ਅਕਾਲ ਤਖ਼ਤ ਵੱਲੋਂ ਜਾਰੀ ਪੱਤਰ ਵਿੱਚ ਭਗਵੰਤ ਮਾਨ ਨਾਲ ਜੋੜੀਆਂ ਕੁਝ ਇਤਰਾਜ਼ਯੋਗ ਵੀਡੀਓਜ਼ ਦਾ ਵੀ ਜ਼ਿਕਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਉਨ੍ਹਾਂ 'ਤੇ ਸਿੱਖ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਨਾਲ ਅਣਉਚਿਤ ਹਰਕਤਾਂ ਕਰਨ ਦੇ ਇਲਜ਼ਾਮ ਲਗਾਏ ਗਏ ਸਨ।
5 ਜਨਵਰੀ 2026 ਨੂੰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਗਵੰਤ ਮਾਨ ਨੂੰ ਤਲਬ ਕਰਨ ਦਾ ਹੁਕਮ ਜਾਰੀ ਕੀਤਾ ਸੀ।
15 ਜਨਵਰੀ 2026 ਨੂੰ ਅਕਾਲ ਤਖ਼ਤ ਸਕੱਤਰੇਤ ਵਿੱਚ ਪੇਸ਼ ਹੋ ਕੇ ਭਗਵੰਤ ਮਾਨ ਨੇ ਆਪਣਾ ਪੱਖ ਰੱਖਿਆ। ਇਸ ਤੋਂ ਬਾਅਦ ਮਾਮਲੇ ਦੀ ਜਾਂਚ, ਫੋਰੈਂਸਿਕ ਰਿਪੋਰਟਾਂ ਅਤੇ ਅਕਾਲ ਤਖ਼ਤ ਦੇ ਫ਼ੈਸਲਿਆਂ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਗਿਆ।
ਲੰਘੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ 'ਗੁਰੂ ਦੋਖੀ' ਅਤੇ 'ਖਾਲਸਾ ਪੰਥ ਵਿਰੋਧੀ' ਕਰਾਰ ਦਿੱਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਸੂਬੇ ਦੀ ਸਿਆਸਤ ਭਖੀ ਹੋਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ