You’re viewing a text-only version of this website that uses less data. View the main version of the website including all images and videos.
ਦੁਨੀਆ ਦੀ ਪਹਿਲੀ ਵੈਕਸੀਨ ਏਆਈ ਨੇ ਡਿਜ਼ਾਈਨ ਕੀਤੀ, ਇਹ ਪ੍ਰਯੋਗ ਕਿਵੇਂ ਲੋਕਾਂ ਦੀਆਂ ਜਾਨਾਂ ਬਚਾ ਸਕਦਾ ਹੈ
- ਲੇਖਕ, ਜੇਮਜ਼ ਗੈਲੇਹਰ
- ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਖੋਜਕਾਰਾਂ ਮੁਤਾਬਕ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏਆਈ ਦੀ ਮਦਦ ਨਾਲ ਇੱਕ ਬਿਲਕੁੱਲ ਨਵੀਂ ਕਿਸਮ ਦੀ ਵੈਕਸੀਨ ਤਿਆਰ ਕੀਤੀ ਗਈ ਹੈ ਜੋ ਵਾਇਰਸਾਂ ਦੇ ਕਈ ਸਮੂਹਾਂ ਤੋਂ ਬਚਾਅ ਕਰ ਸਕਦੀ ਹੈ ਅਤੇ ਮਹਾਂਮਾਰੀਆਂ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰ ਸਕਦੀ ਹੈ।
ਯੂਨੀਵਰਸਿਟੀ ਆਫ ਕੈਂਬ੍ਰਿਜ ਦੇ ਖੋਜਕਾਰਾਂ ਦੀ ਟੀਮ ਮੁਤਾਬਕ ਪਹਿਲੀ ਵਾਰ ਕਿਸੇ ਵੈਕਸੀਨ ਦਾ ਮੁੱਖ ਤੱਤ ਪੂਰੇ ਤਰੀਕੇ ਨਾਲ ਏਆਈ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ ਅਤੇ ਫਿਰ ਇਸ ਦਾ ਟ੍ਰਾਇਲ ਇਨਸਾਨਾਂ 'ਤੇ ਕੀਤਾ ਗਿਆ ਹੈ।
ਇਸ ਵੈਕਸੀਨ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਸਾਰੇ ਕੋਰੋਨਾ ਵਾਇਰਸ ਜਿਸ ਵਿੱਚ ਕੋਵਿਡ ਦੇ ਸਾਰੇ ਵੈਰੀਏਂਟ ਅਤੇ ਵਾਇਰਸ ਸ਼ਾਮਿਲ ਹਨ, ਜੋ ਮੌਜੂਦਾ ਸਮੇਂ ਵਿੱਚ ਸਿਰਫ ਜਾਨਵਰਾਂ ਨੂੰ ਪ੍ਰਭਾਵਿਤ ਕਰਦੇ ਹਨ ਪਰ ਭਵਿੱਖ ਵਿੱਚ ਮਹਾਂਮਾਰੀ ਫੈਲਾਉਣ ਦੀ ਸਮਰੱਥਾ ਰੱਖਦੇ ਹਨ, ਉਨ੍ਹਾਂ ਦਾ ਮੁਕਾਬਲਾ ਕਰ ਸਕੇ।
ਹਾਲਾਂਕਿ ਇਹ ਖੋਜ ਅਜੇ ਸ਼ੁਰੂਆਤੀ ਪੜਾਅ 'ਚ ਹੈ ਪਰ ਵਿਗਿਆਨੀਆਂ ਦੀ ਟੀਮ ਫਲੂ ਅਤੇ ਈਬੋਲਾ ਦੇ ਇਲਾਜ ਲਈ ਵੈਕਸੀਨ 'ਤੇ ਵੱਖਰੇ ਤੌਰ 'ਤੇ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ।
ਵੈਕਸੀਨ ਸਾਡੇ ਸਰੀਰ ਨੂੰ ਇਹ ਸਿਖਾਉਂਦੀਆਂ ਹਨ ਕਿ ਕਿਸੇ ਸੰਕਰਮਣ ਦੀ ਪਛਾਣ ਕਿਵੇਂ ਕਰਨੀ ਹੈ ਤਾਂ ਜੋ ਉਸ ਨਾਲ ਲੜਨ ਦੀ ਸਾਡੀ ਸਮਰੱਥਾ ਵਧ ਸਕੇ।
ਪਰ ਕੁਝ ਵਾਇਰਸ ਆਪਣੀ ਬਣਤਰ ਜਾਂ ਰੂਪ ਨੂੰ ਬਦਲਣ ਵਿੱਚ ਬਹੁਤ ਮਾਹਰ ਹੁੰਦੇ ਹਨ। ਇਸ ਕਾਰਨ ਵੈਕਸੀਨਾਂ ਜਲਦੀ ਪੁਰਾਣੀਆਂ ਜਾਂ ਘੱਟ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ। ਇਹੀ ਵਜ੍ਹਾ ਹੈ ਕਿ ਕੋਵਿਡ-19 ਅਤੇ ਮੌਸਮੀ ਫਲੂ ਦੀਆਂ ਵੈਕਸੀਨਾਂ ਨੂੰ ਨਿਯਮਿਤ ਤੌਰ 'ਤੇ ਅਪਡੇਟ ਕਰਨ ਦੀ ਲੋੜ ਪੈਂਦੀ ਹੈ।
ਯੂਨੀਵਰਸਿਟੀ ਆਫ ਕੈਂਬ੍ਰਿਜ ਦੇ ਪ੍ਰੋਫੈਸਰ ਜੋਨਾਥਨ ਹੀਨੀ ਕਹਿੰਦੇ ਹਨ, "ਅਸੀਂ ਹਮੇਸ਼ਾ ਪਿੱਛੇ ਹੁੰਦੇ ਹਾਂ। ਹਾਲਾਂਕਿ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਹਾਲਾਤਾਂ ਤੋਂ ਅੱਗੇ ਰਹੀਏ। ਇੰਨਾ ਅੱਗੇ ਕਿ ਅਸੀਂ ਕਿਸੇ ਮਹਾਂਮਾਰੀ ਨੂੰ ਫੈਲਣ ਤੋਂ ਪਹਿਲਾਂ ਹੀ ਰੋਕ ਸਕੀਏ।"
ਇਹ ਕੰਮ ਕਿਵੇਂ ਕਰਦਾ ਹੈ ?
ਆਮ ਤੌਰ 'ਤੇ ਵੈਕਸੀਨ ਵਾਇਰਸ ਦੇ ਮੌਜੂਦਾ ਸਟ੍ਰੇਨ ਜਾਂ ਕਿਸਮ ਦਾ ਇਸਤੇਮਾਲ ਕਰਕੇ ਡਿਜ਼ਾਈਨ ਕੀਤੀਆਂ ਜਾਂਦੀਆਂ ਹਨ।
ਕੈਂਬ੍ਰਿਜ ਦੇ ਖੋਜਕਾਰਾਂ ਨੇ ਵੱਖ-ਵੱਖ ਕੋਰੋਨਾ ਵਾਇਰਸ ਦੇ ਜਾਣੇ-ਪਛਾਣੇ ਜੈਨੇਟਿਕ ਕੋਡ ਇਕੱਠੇ ਕੀਤੇ। ਇਹ ਕੋਡ ਉਨ੍ਹਾਂ ਨਿਗਰਾਨੀ ਪ੍ਰੋਗਰਾਮਾਂ ਵੱਲੋਂ ਦਰਜ ਕੀਤੇ ਗਏ ਸਨ ਜੋ ਸੰਭਾਵੀ ਵਾਇਰਲ ਖਤਰਿਆਂ ਦੀ ਪਛਾਣ ਅਤੇ ਨਿਗਰਾਨੀ ਲਈ ਕੰਮ ਕਰ ਰਹੇ ਸਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏਆਈ ਵੱਲੋਂ ਇਨ੍ਹਾਂ ਜੈਨੇਟਿਕ ਕੋਡਸ ਦਾ ਅਧਿਐਨ ਕੀਤਾ ਗਿਆ। ਜਿਸ ਤੋਂ ਬਾਅਦ ਏਆਈ ਵੱਲੋਂ ਇੱਕ ਅਜਿਹੀ "ਸੁਪਰ ਐਂਟੀਜਨ" ਡਿਜ਼ਾਈਨ ਕੀਤੀ ਗਈ ਜੋ ਇਮਿਊਨ ਸਿਸਟਮ ਨੂੰ ਇਸ ਪੂਰੀ ਵਾਇਰਲ ਫੈਮਿਲੀ ਤੋਂ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ, ਬੇਸ਼ੱਕ ਬਾਅਦ ਵਿੱਚ ਇਨ੍ਹਾਂ ਦੀ ਬਣਤਰ ਵਿੱਚ ਬਦਲਾਅ ਆ ਜਾਵੇ ਜਾਂ ਜਾਨਵਰਾਂ ਤੋਂ ਇਨਸਾਨਾਂ ਵਿੱਚ ਕੋਈ ਨਵਾਂ ਵਾਇਰਸ ਆ ਜਾਵੇ।
ਐਂਟੀਜਨ ਕਿਸੇ ਵੀ ਵੈਕਸੀਨ ਦਾ ਅਹਿਮ ਹਿੱਸਾ ਹੁੰਦੇ ਹਨ ਜੋ ਇਮਿਊਨ ਸਿਸਟਮ ਨੂੰ ਵਾਇਰਸ ਤੋਂ ਲੜਨਾ ਸਿਖਾਉਂਦੇ ਹਨ।
ਪ੍ਰੋ. ਹੀਨੀ ਦੱਸਦੇ ਹਨ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਏਆਈ ਵੱਲੋਂ ਡਿਜ਼ਾਈਨ ਐਂਟੀਜਨ ਦਾ ਇਨਸਾਨਾਂ 'ਤੇ ਟ੍ਰਾਇਲ ਕੀਤਾ ਗਿਆ ਹੈ। ਉਹ ਕਹਿੰਦੇ ਹਨ ਕਿ ਇਹ ਤਕਨੀਕ ਸਾਨੂੰ ਸਾਰਿਆਂ ਨੂੰ "ਹੈਰਾਨ ਕਰਨ ਵਾਲੀ" ਸੀ ਅਤੇ ਭਵਿੱਖ ਵਿੱਚ ਇਸਦਾ ਇਸਤੇਮਾਲ ਮਨੁੱਖਤਾ ਦੀ ਭਲਾਈ ਲਈ ਕੀਤਾ ਜਾ ਸਕਦਾ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਹੀਨੀ ਕਹਿੰਦੇ ਹਨ,"ਇਸ ਦਾ ਮਕਸਦ ਅਜਿਹੀਆਂ ਵੈਕਸੀਨ ਤਿਆਰ ਕਰਨਾ ਹੈ ਜੋ ਸਾਨੂੰ ਨਾ ਸਿਰਫ ਮੌਜੂਦਾ ਵਾਇਰਸ ਬਲਕਿ ਭਵਿੱਖ ਵਿੱਚ ਆਉਣ ਵਾਲੀ ਮਹਾਂਮਾਰੀ ਤੋਂ ਵੀ ਬਚਾਏ।"
"ਇਹ ਮਹਾਂਮਾਰੀਆਂ ਤੋਂ ਬਚਾਅ ਲਈ ਸਾਡੀ ਸੁਰੱਖਿਆ ਪ੍ਰਣਾਲੀ ਵਿੱਚ ਆਉਣ ਵਾਲਾ ਬੁਨਿਆਦੀ ਬਦਲਾਅ ਹੈ।"
ਵੈਕਸੀਨ ਰਿਸਰਚ ਖੇਤਰ 'ਚ ਏਆਈ ਦਾ ਭਵਿੱਖ
ਇਹ ਜਾਨਣ ਲਈ ਕਿ ਇਹ ਵੈਕਸੀਨ ਕਿੰਨੀ ਸੁਰੱਖਿਅਤ ਹੈ, 39 ਲੋਕਾਂ 'ਤੇ ਇਸ ਦੇ ਟ੍ਰਾਇਲ ਕੀਤੇ ਗਏ। ਦੂਜਾ ਅਧਿਐਨ ਜਿਸ ਵਿੱਚ 200 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਹੋਰ ਬਿਹਤਰ ਤਰੀਕੇ ਨਾਲ ਦੱਸ ਸਕੇਗਾ ਕਿ ਇਹ ਵੈਕਸੀਨ ਸਾਡੇ ਇਮਿਊਨ ਸਿਸਟਮ ਨੂੰ ਵਾਇਰਸ ਨਾਲ ਲੜਨ ਦੀ ਸਿਖਲਾਈ ਦੇਣ ਵਿੱਚ ਕਿੰਨੀ ਕਾਰਗਰ ਹੈ।
ਜਨਰਲ ਆਫ ਇਨਫੈਕਸ਼ਨ ਵਿੱਚ ਪ੍ਰਕਾਸ਼ਿਤ ਅਧਿਐਨ ਦੇ ਨਤੀਜਿਆਂ ਅਨੁਸਾਰ, ਇਸ ਵੈਕਸੀਨ ਦਾ ਇਮਿਊਨ ਸਿਸਟਮ 'ਤੇ ਅਸਰ "ਮੱਧਮ ਪੱਧਰ" ਦਾ ਰਿਹਾ ਪਰ ਇਸ ਦੇ ਬਾਵਜੂਦ ਇਸ ਖੋਜ ਨੂੰ ਲੈਕੇ ਕਾਫੀ ਉਤਸਾਹ ਹੈ।
ਯੂਨੀਵਰਸਿਟੀ ਆਫ ਸਾਊਥੈਂਪਟਨ ਵਿੱਚ ਕੁਝ ਟ੍ਰਾਇਲ ਕਰਨ ਵਾਲੇ ਪ੍ਰੋਫੈਸਰ ਸੋਲ ਫਾਊਸਟ ਨੇ ਕਿਹਾ ਕਿ ਏਆਈ ਵੱਲੋਂ ਤਿਆਰ ਇਸ ਡਿਜ਼ਾਈਨ ਵਿੱਚ "ਵਾਕਈ ਸਮਰੱਥਾ" ਹੈ ਅਤੇ ਇਹ "ਬੇਹੱਦ ਰੋਮਾਂਚਕ" ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਜਦੋਂ ਵਾਇਰਸ ਲਗਾਤਾਰ ਬਦਲ ਰਹੇ ਹੁੰਦੇ ਹਨ ਤਾਂ ਇਹ ਤਕਨੀਕ ਸੰਭਾਵੀ ਮਹਾਂਮਾਰੀਆਂ ਲਈ ਵੈਕਸੀਨ ਡਿਜ਼ਾਈਨ ਕਰਨ ਵਿੱਚ ਕਾਫ਼ੀ ਬਿਹਤਰ ਸਾਬਤ ਹੋ ਸਕਦੀ ਹੈ।"
ਕੈਂਬ੍ਰਿਜ ਦੀ ਟੀਮ ਇਸ ਵੇਲੇ ਜਾਨਵਰਾਂ 'ਤੇ ਇੱਕ ਅਜਿਹੀ ਯੂਨੀਵਰਸਲ ਮੌਸਮੀ ਫਲੂ ਵੈਕਸੀਨ ਦਾ ਟ੍ਰਾਇਲ ਕਰ ਰਹੀ ਹੈ ਜਿਸਨੂੰ ਹਰ ਸਾਲ ਬਦਲਣਾ ਨਹੀਂ ਪਵੇਗਾ। ਇਸ ਤੋਂ ਇਲਾਵਾ H5N1-ਬਰਡ ਫਲੂ ਵੈਕਸੀਨ 'ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਜੇਕਰ ਇਹ ਵਾਇਰਸ ਜੋ ਮੌਜੂਦਾ ਸਮੇਂ ਵਿੱਚ ਪੰਛੀਆਂ ਲਈ ਘਾਤਕ ਸਾਬਿਤ ਹੋ ਰਿਹਾ, ਉਹ ਇਨਸਾਨਾਂ ਵਿੱਚ ਫੈਲਣ ਲੱਗੇ ਤਾਂ ਇਸ ਨਾਲ ਨਜਿੱਠਿਆ ਜਾ ਸਕੇ।
ਇਸ ਤੋਂ ਇਲਾਵਾ ਵਾਇਰਲ ਹੈਮੋਰਾਜਿਕ ਬੁਖਾਰ ਲਈ ਵੀ ਵੈਕਸੀਨ ਵਿਕਸਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਵਿੱਚ ਈਬੋਲਾ ਵਾਇਰਸ ਦੀਆਂ ਵੱਖ-ਵੱਖ ਕਿਸਮਾਂ ਸ਼ਾਮਲ ਹਨ। ਇਸ ਵੇਲੇ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ 'ਚ ਫੈਲ ਰਹੇ ਪ੍ਰਕੋਪ ਦਾ ਕਾਰਨ ਈਬੋਲਾ ਦੀ ਅਜਿਹੀ ਕਿਸਮ ਹੈ, ਜਿਸ ਲਈ ਹਾਲੇ ਤੱਕ ਕੋਈ ਵੈਕਸੀਨ ਵਿਕਸਿਤ ਨਹੀਂ ਕੀਤੀ ਗਈ ਹੈ।
ਮਹਾਂਮਾਰੀਆਂ ਤੋਂ ਬਚਾਅ 'ਚ ਏਆਈ ਕਿਵੇਂ ਮਦਦਗਾਰ ?
ਆਕਸਫੋਰਡ ਵੈਕਸੀਨ ਗਰੁੱਪ ਦੇ ਡਾਇਰੈਕਟਰ ਪ੍ਰੋ. ਐਂਡੀ ਪੋਲਾਰਡ ਹਾਲਾਂਕਿ ਇਸ ਅਧਿਐਨ ਦਾ ਹਿੱਸਾ ਨਹੀਂ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਰੀਕਾ ਜਾਨਵਰਾਂ 'ਤੇ ਹੋ ਰਹੀ ਖੋਜ ਵਿੱਚ ਕਾਫੀ ਮਜਬੂਤ ਅਤੇ ਭਰੋਸੇਯੋਗ ਸਬੂਤ ਪੈਦਾ ਕਰ ਰਿਹਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਬਹੁਤ ਹੀ ਦਿਲਚਸਪ ਅੰਕੜੇ ਹਨ ਅਤੇ ਲੋਕਾਂ ਨੇ ਇਹ ਅਨੁਮਾਨ ਨਹੀਂ ਲਗਾਇਆ ਸੀ ਕਿ ਇਸ ਤਰੀਕੇ ਨਾਲ ਅਜਿਹੀਆਂ ਰੋਗ-ਪ੍ਰਤੀਰੋਧਕ ਪ੍ਰਤੀਕਿਰਿਆਵਾਂ ਪੈਦਾ ਕੀਤੀਆਂ ਜਾ ਸਕਣਗੀਆਂ।"
ਉਨ੍ਹਾਂ ਦੇ ਅਨੁਸਾਰ ਅਸਲ ਪ੍ਰੀਖਿਆ ਮਨੁੱਖੀ ਟ੍ਰਾਇਲਸ ਵਿੱਚ ਹੋਵੇਗੀ, ਕਿਉਂਕਿ ਮਨੁੱਖਾਂ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ ਪ੍ਰਯੋਗਸ਼ਾਲਾ ਦੇ ਚੂਹਿਆਂ ਤੋਂ ਵੱਖਰੀ ਹੁੰਦੀ ਹੈ। ਸਾਡਾ ਇਮਿਊਨ ਸਿਸਟਮ ਕਈ ਸਾਲਾਂ ਦੌਰਾਨ ਹੋਈਆਂ ਵੱਖ-ਵੱਖ ਲਾਗਾਂ ਅਤੇ ਬਿਮਾਰੀਆਂ ਦੇ ਤਜ਼ਰਬੇ ਕਾਰਨ ਵਿਕਸਿਤ ਹੋਇਆ ਹੁੰਦਾ ਹੈ।
ਵਿਆਪਕ ਤੌਰ 'ਤੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਏਆਈ, ਵੈਕਸੀਨ ਖੋਜ ਦੇ ਖੇਤਰ ਵਿੱਚ ਇੱਕ "ਗੇਮ ਚੇਂਜਰ" ਸਾਬਤ ਹੋ ਸਕਦਾ ਹੈ। ਏਆਈ ਟੂਲ ਇਹ ਅੰਦਾਜ਼ਾ ਲਗਾਉਣ ਦੀ ਸਮਰੱਥਾ ਰੱਖਦੇ ਹਨ ਕਿ ਮਨੁੱਖੀ ਰੋਗ-ਪ੍ਰਤੀਰੋਧਕ ਪ੍ਰਣਾਲੀ ਕਿਸੇ ਵੈਕਸੀਨ ਪ੍ਰਤੀ ਕਿਵੇਂ ਪ੍ਰਤੀਕਿਰਿਆ ਦੇਵੇਗੀ। ਇਸ ਨਾਲ ਵੈਕਸੀਨ ਵਿਕਾਸ ਦੀ ਪ੍ਰਕਿਰਿਆ ਕਾਫੀ ਤੇਜ਼ ਹੋ ਸਕਦੀ ਹੈ ਅਤੇ ਅਣਗਿਣਤ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਰਿਸਰਚ ਦੇ ਵਿਗਿਆਨਕ ਡਾਇਰੈਕਟਰ ਪ੍ਰੋਫੈਸਰ ਮਾਰੀਅਨ ਨਾਈਟ ਕਹਿੰਦੇ ਹਨ, "ਏਆਈ ਵੱਲੋਂ ਡਿਜ਼ਾਈਨ ਕੀਤੇ ਗਏ ਇਸ 'ਸੁਪਰ-ਐਂਟੀਜਨ' ਟ੍ਰਾਇਲ ਦੀ ਸਫਲਤਾ, ਵਾਇਰਸ ਵਿਰੁੱਧ ਵਿਆਪਕ ਅਤੇ ਲੰਬੇ ਸਮੇਂ ਤੱਕ ਸੁਰੱਖਿਆ ਪ੍ਰਦਾਨ ਕਰਨ ਦੀ ਸਾਡੀ ਸਮਰੱਥਾ ਵਿੱਚ ਇੱਕ ਇਤਿਹਾਸਕ ਅਤੇ ਮਹੱਤਵਪੂਰਨ ਪੁਲਾਂਘ ਨੂੰ ਦਰਸਾਉਂਦੀ ਹੈ।"
ਬ੍ਰਿਟੇਨ ਦੇ ਵਿਗਿਆਨ ਮੰਤਰੀ ਲੋਰਡ ਵੈਲੇਂਸ ਨੇ ਕਿਹਾ, "ਇਹ ਬ੍ਰਿਟਿਸ਼ ਵਿਗਿਆਨ ਦੀ ਸਫਲਤਾ ਦੀ ਇੱਕ ਹੋਰ ਕਹਾਣੀ ਹੈ। ਇਹ ਦਰਸਾਉਂਦਾ ਹੈ ਕਿ ਅਸੀਂ ਆਪਣੀ ਅਧਿਐਨ ਮਹਾਰਤ ਨੂੰ ਏਆਈ ਨਾਲ ਜੋੜ ਕੇ ਨਵੇਂ ਇਲਾਜ ਵਿਕਸਿਤ ਕਰ ਸਕਦੇ ਹਾਂ।"
ਉਨ੍ਹਾਂ ਨੇ ਅੱਗੇ ਕਿਹਾ,"ਮਨੁੱਖਾਂ 'ਤੇ ਹੋਏ ਪਹਿਲੇ ਟ੍ਰਾਇਲਸ ਵਿੱਚ ਸਕਾਰਾਤਮਕ ਨਤੀਜੇ ਮਿਲਣ ਤੋਂ ਬਾਅਦ, ਇਹ ਕੰਮ ਵੈਕਸੀਨਾਂ ਦੇ ਵਿਕਾਸ ਅਤੇ ਉਨ੍ਹਾਂ ਦੀ ਉਪਲੱਬਧਤਾ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰ ਸਕਦਾ ਹੈ, ਜਿਸ ਦਾ ਲੰਬੇ ਸਮੇਂ ਤੱਕ ਦੁਨੀਆ ਭਰ ਦੇ ਲੋਕਾਂ ਨੂੰ ਲਾਭ ਮਿਲੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ