ਮਜੀਠਾ ਥਾਣਾ ਹੰਗਾਮਾ ਮਾਮਲੇ 'ਚ ਬਿਕਰਮ ਮਜੀਠੀਆ ਦੀ ਭਾਲ 'ਚ ਪੁਲਿਸ, ਚੰਡੀਗੜ੍ਹ ਤੇ ਅੰਮ੍ਰਿਤਸਰ ਘਰ 'ਚ ਰੇਡ, ਕੀ ਹੈ ਪੂਰਾ ਮਾਮਲਾ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਅੰਮ੍ਰਿਤਸਰ ਦੇ ਮਜੀਠਾ ਥਾਣੇ ਵਿੱਚ ਐਤਵਾਰ ਨੂੰ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨਾਲ ਹੋਈ ਤਲਖ਼ੀ ਤੋਂ ਬਾਅਦ ਅੱਜ ਸੋਮਵਾਰ ਨੂੰ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਘਟਨਾ ਵਿੱਚ ਸ਼ਾਮਲ ਅਕਾਲੀ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਅੰਮ੍ਰਿਤਸਰ ਪੁਲਿਸ ਨੇ ਟੀਮਾਂ ਗਠਿਤ ਕੀਤੀਆਂ ਹਨ।

ਇਸ ਵਿੱਚੋਂ ਇੱਕ ਟੀਮ ਆਕਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਘਰ ਵੀ ਭੇਜੀ ਗਈ।

ਅੰਮ੍ਰਿਤਸਰ ਸਥਿਤ ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਸਵੇਰ ਤੋਂ ਹੀ ਤਾਇਨਾਤ ਕਰ ਦਿੱਤਾ ਗਿਆ ਸੀ। ਅੰਦਰ ਆਉਣ ਜਾਣ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਸੀ।

ਹਲਾਂਕਿ ਜਦੋਂ ਸਵੇਰ ਦੇ ਸਮੇਂ ਟੀਮਾਂ ਮਜੀਠੀਆ ਦੇ ਘਰ ਪਹੁੰਚੀਆਂ ਤਾਂ ਜਾਣਕਾਰੀ ਆਈ ਕਿ ਬਿਕਰਮ ਸਿੰਘ ਮਜੀਠੀਆ ਆਪਣੇ ਘਰ ਮੌਜੂਦ ਨਹੀਂ ਹੈ। ਇਸ ਤੋਂ ਬਾਅਦ ਚੰਡੀਗੜ੍ਹ ਸਥਿਤੀ ਮਜੀਠੀਆ ਦੇ ਰਿਹਾਇਸ਼ 'ਤੇ ਵੀ ਹਲਚਲ ਦੇਖਣ ਨੂੰ ਮਿਲੀ।

ਮਜੀਠਾ ਥਾਣੇ ਦਾ ਕੀ ਹੈ ਮਾਮਲਾ

ਦਰਅਸਲ ਐਤਵਾਰ ਨੂੰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਅਕਾਲੀ ਦਲ ਦਾ ਇੱਕ ਵਫ਼ਦ ਮਜੀਠਾ ਥਾਣੇ ਪਹੁੰਚਦਾ ਹੈ। ਇੱਥੇ ਮਜੀਠੀਆ ਤੇ ਸਮਰਥਕ ਪੁਲਿਸ ਵੱਲੋਂ ਹਿਰਾਸਤ 'ਚ ਲਏ ਆਪਣੇ ਪਿੰਡ ਸੋਹੀਆਂ ਕਲਾਂ ਦੇ ਜੋਬਨਪ੍ਰੀਤ ਸਿੰਘ ਦੀ ਭਾਲ ਕਰ ਰਹੇ ਸਨ।

ਇਸ ਦੌਰਾਨ ਪੁਲਿਸ ਨਾਲ ਬਹਿਸ ਹੋ ਗਈ। ਇਲਜ਼ਾਮ ਹੈ ਕਿ ਧੱਕਾ ਮੁੱਕੀ ਕਰਕੇ ਇਨ੍ਹਾਂ ਨੇ ਪੁਲਿਸ ਹਿਰਾਸਤ ਵਿੱਚੋਂ ਆਪਣਾ ਇੱਕ ਸਾਥੀ ਜ਼ਬਰਦਸਤੀ ਛੁਡਵਾ ਲਿਆ ਸੀ।

ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਾਂਦਿਆ ਕਿਹਾ ਕਿ ਪੰਜਾਬ ਪੁਲਿਸ ਦੀ ਟੀਮ ਗ਼ੈਰ ਕਾਨੂੰਨੀ ਤੌਰ 'ਤੇ ਜੋਬਨਪ੍ਰੀਤ ਨੂੰ ਹਵਾਲਾਤ ਦੀ ਥਾਂ ਐੱਸਐੱਚਓ ਦੀ ਸਰਕਾਰ ਰਿਹਾਇਸ਼ 'ਤੇ ਲੈ ਕੇ ਪਹੁੰਚੀ ਸੀ।

ਬਿਕਰਮ ਸਿੰਘ ਮਜੀਠੀਆ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਸਬੰਧੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਜਿਸ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਮਰਥਾਂ ਦੀ ਪੁਲਿਸ ਨਾਲ ਕਾਫ਼ੀ ਬਹਿਸ ਹੋਈ।

ਬਿਕਰਮ ਸਿੰਘ ਮਜੀਠੀਆ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਪੇਜਾਂ 'ਤੇ ਇੱਕ ਸੀਸੀਟੀਵੀ ਸਾਂਝੀ ਕਰਦੇ ਦਾਅਵਾ ਕੀਤਾ ਸੀ ਕਿ ਪੰਜਾਬ ਪੁਲਿਸ ਅਕਾਲੀ ਦਲ ਦੇ ਵਰਕਰ ਨੂੰ ਹਿਰਾਸਤ 'ਚ ਲੈਣ ਲਈ ਸਵੇਰੇ 5 ਵਜੇ ਉਨ੍ਹਾਂ ਦੇ ਘਰ ਪਹੁੰਚੀ।

ਜਿਸ ਤੋਂ ਬਾਅਦ ਜਿਵੇਂ ਦਿਨ ਚੜ੍ਹਿਆ ਤਾਂ ਪੁਲਿਸ ਰੇਡ ਦੀ ਖ਼ਬਰ ਅਕਾਲੀ ਦਲ ਦੇ ਆਗੂਆਂ ਤੇ ਬਾਕੀ ਵਰਕਰਾਂ ਤੱਕ ਪਹੁੰਚੀ। ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਸਾਥੀ ਮਜੀਠਾ ਥਾਣੇ ਪਹੁੰਚੇ।

ਮਜੀਠੀਆ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਇੱਕ ਸਾਥੀ ਜੋਬਨ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ 'ਚ ਰੱਖਿਆ ਹੋਇਆ ਸੀ। ਜਦਕਿ ਥਾਣੇ 'ਚ ਮੌਜੂਦ ਪੁਲਿਸ ਦਾ ਕਹਿਣਾ ਸੀ ਕਿ ਇੱਕ ਕੇਸ ਵਿੱਚ ਜੋਬਨ ਦੀ ਗ੍ਰਿਫ਼ਤਾਰੀ ਹੋਈ ਹੈ ਜਿਸ ਕਰਕੇ ਉਸ ਨੂੰ ਹਿਰਾਸਤ 'ਚ ਲੈ ਕੇ ਕੋਰਟ 'ਚ ਪੇਸ਼ ਕੀਤਾ ਜਾਣਾ ਹੈ।

ਥਾਣੇ ਅੰਦਰ ਪਹੁੰਚੇ ਬਿਕਰਮ ਮਜੀਠੀਆ ਤੇ ਉਨ੍ਹਾਂ ਦੇ ਸਾਥੀਆਂ ਨੇ ਜੋਬਨ ਨੂੰ ਮਿਲਣ ਦੀ ਜਿੱਦ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਦਾ ਵਿਰੋਧ ਕੀਤਾ। ਫਿਰ ਮਜੀਠੀਆ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਹਵਾਲਾਤ 'ਚ ਡੱਕਣ ਦੀ ਬਜਾਏ ਜੋਬਨ ਨੂੰ ਐੱਸਐੱਚਓ ਦੇ ਸਰਕਾਰੀ ਘਰ ਵਿੱਚ ਰੱਖਿਆ ਹੋਇਆ ਸੀ।

ਇਸ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਨੇ ਜੋਬਨ ਨੂੰ ਉਸ ਘਰ ਤੋਂ ਬਾਹਰ ਲਿਆਂਦਾ ਅਤੇ ਥਾਣੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਅਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਕਾਫ਼ੀ ਬਹਿਸ ਹੋਈ। ਪੁਲਿਸ ਜੋਬਨ ਦੀ ਕਸਟਡੀ ਮੰਗ ਰਹੀ ਸੀ ਤਾਂ ਅਕਾਲੀ ਦਲ ਦੇ ਸਮਰਥਕ ਐੱਫਆਈਆਰ ਦੀ ਕਾਪੀ ਮੰਗ ਰਹੇ ਸੀ।

ਇਸ ਤੋਂ ਬਿਕਰਮ ਸਿੰਘ ਮਜੀਠੀਆ ਅਤੇ ਉੱਥੇ ਮੌਜੂਦ ਅਕਾਲੀ ਦਲ ਦੇ ਵਰਕਰਾਂ 'ਤੇ ਇਲਜ਼ਾਮ ਲਾਇਆ ਗਿਆ ਕਿ ਉਨ੍ਹਾਂ ਨੇ ਮੁਲਜ਼ਮ ਜੋਬਨ ਨੂੰ ਫਰਾਰ ਕਰ ਦਿੱਤਾ। ਜਿਸ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਸੀ।

ਮੁਲਜ਼ਮ ਨੂੰ ਛੁਡਾਉਣ ਦੀ ਰਚੀ ਸਾਜ਼ਿਸ਼: ਪੁਲਿਸ

ਓਧਰ ਐਤਵਾਰ ਨੂੰ ਹੋਈ ਘਟਨਾ ਨੂੰ ਪੰਜਾਬ ਪੁਲਿਸ ਨੇ ਇੱਕ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ। ਅੰਮ੍ਰਿਤਸਰ ਦੇ ਐੱਸਐੱਸਪੀ ਸੁਹੇਲ ਮੀਰ ਕਾਸਿਮ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਜੀਠਾ ਥਾਣੇ ਵਿੱਚ ਕਾਨੂੰਨੀ ਹਿਰਾਸਤ 'ਚ ਰੱਖੇ ਗਏ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਛੁਡਾਉਣ ਲਈ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਭੀੜ ਨੇ ਥਾਣੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਪੁਲਿਸ ਕਾਰਵਾਈ ਵਿੱਚ ਰੁਕਾਵਟ ਪਾਈ।

ਐੱਸਐੱਸਪੀ ਨੇ ਦੱਸਿਆ ਕਿ ਮੁਕੱਦਮਾ ਨੰਬਰ 90, ਮਿਤੀ 30 ਮਈ 2026 ਤਹਿਤ ਦਰਜ ਮਾਮਲੇ ਵਿੱਚ ਸੋਹੀਆਂ ਕਲਾਂ ਦੇ ਰਹਿਣ ਵਾਲੇ ਜੋਬਨਪ੍ਰੀਤ ਸਿੰਘ ਨੂੰ ਮਜੀਠਾ ਪੁਲਿਸ ਨੇ ਕਾਨੂੰਨੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਸਵੇਰੇ ਕਰੀਬ ਸਾਢੇ ਦੱਸ ਵਜੇ ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਭੀੜ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਥਾਣੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਕਿਹਾ ਕਿ ਇਸ ਭੀੜ ਦਾ ਮੁੱਖ ਮਕਸਦ ਪੁਲਿਸ ਹਿਰਾਸਤ ਵਿੱਚ ਮੌਜੂਦ ਮੁਲਜ਼ਮ ਨੂੰ ਛੁਡਾਉਣਾ ਸੀ। ਐੱਸਐੱਸਪੀ ਮੁਤਾਬਕ ਇਸ ਘਟਨਾ ਵਿੱਚ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ।

ਪੁਲਿਸ ਦਾ ਕਹਿਣਾ ਹੈ ਕਿ ਭੀੜ ਨੇ ਬਿਨਾਂ ਕਿਸੇ ਅਧਿਕਾਰ ਦੇ ਥਾਣੇ ਦੇ ਵੱਖ-ਵੱਖ ਕਮਰਿਆਂ ਵਿੱਚ ਦਾਖਲ ਹੋ ਕੇ ਤਲਾਸ਼ੀ ਲਈ, ਸਰਕਾਰੀ ਰਿਕਾਰਡ ਅਤੇ ਕੇਸ ਫਾਈਲਾਂ ਨਾਲ ਛੇੜਛਾੜ ਕੀਤੀ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ।

ਐੱਸਐੱਸਪੀ ਸੁਹੇਲ ਮੀਰ ਕਾਸਿਮ ਨੇ ਕਿਹਾ ਕਿ ਜਦੋਂ ਐੱਸਐੱਚਓ ਅਤੇ ਡੀਐੱਸਪੀ ਮਜੀਠਾ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਭੀੜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੋਬਨਪ੍ਰੀਤ ਦੀ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਸਾਰੇ ਦਸਤਾਵੇਜ਼ ਮੌਜੂਦ ਹਨ।

ਇਸ ਦੇ ਬਾਵਜੂਦ ਕੁਝ ਲੋਕਾਂ ਨੇ ਮੁਲਜ਼ਮ ਨੂੰ ਕਮਰੇ ਵਿੱਚੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕੀਤੀ। ਇਸ ਦੌਰਾਨ ਐਸਐਚਓ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ।

ਮਜੀਠੀਆ ਪੱਖ ਦੇ ਵਕੀਲ ਨੇ ਕੀ ਕਿਹਾ

ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਆਪਣੇ ਘਰ ਮੌਜੂਦ ਨਹੀਂ ਹਨ ਅਤੇ ਸਾਡੀ ਵੀ ਗ਼ੈਰ ਹਾਜ਼ਰੀ 'ਚ ਪੁਲਿਸ ਨੇ ਘਰ ਦੀ ਤਲਾਸ਼ੀ ਲਈ।

ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਜੋਬਨਪ੍ਰੀਤ ਨੂੰ ਘਰੋਂ ਸਵੇਰੇ ਸਾਢੇ ਪੰਜ ਵਜੇ ਚੁੱਕ ਕੇ ਲਿਆਂਦਾ ਅਜਿਹਾ ਉਸ ਨੇ ਕੀ ਕ੍ਰਾਈਮ ਕੀਤਾ ਸੀ। ਪਹਿਲਾਂ ਵੀ ਜੋਬਨ 'ਤੇ ਝੂਠੇ ਪਰਚੇ ਦਰਜ ਕੀਤੇ ਗਏ ਸਨ ਅਤੇ ਹੁਣ ਵੀ ਇਹ ਝੂਠਾ ਪਰਚਾ ਕੀਤਾ ਗਿਆ।

ਬਿਕਰਮ ਮਜੀਠੀਆ ਦੀਆਂ ਕਾਨੂੰਨੀ ਟੀਮ 'ਚ ਸ਼ਾਮਲ ਐਡਵੋਕੇਟ ਦਮਨਬੀਰ ਸਿੰਘ ਸੋਬਤੀ ਨੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਕਾਨੂੰਨੀ ਤੌਰ 'ਤੇ ਗ੍ਰਿਫ਼ਤਾਰ ਕਰਦੀ ਹੈ ਤਾਂ ਕੀ ਪੁਲਿਸ ਦਾ ਫਰਜ਼ ਬਣਦਾ ਹੈ ਕਿ ਐੱਫਆਈਆਰ ਦੀ ਕਾਪੀ ਦੇਵੇ।

ਐਡਵੋਕੇਟ ਦਮਨਬੀਰ ਸਿੰਘ ਸੋਬਤੀ ਨੇ ਕਿਹਾ ਕਿ ਪੁਲਿਸ ਨੇ ਗ੍ਰਿਫ਼ਤਾਰੀ ਦਾ ਆਧਾਰ ਵੀ ਦੱਸਣਾ ਹੁੰਦਾ ਹੈ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਪੁਲਿਸ ਸਟੇਸ਼ਨ ਰੱਖਿਆ ਜਾਂਦਾ ਨਾ ਕਿ ਐੱਸਐੱਚਓ ਦੇ ਕਮਰੇ ਵਿੱਚ?

ਐਡਵੋਕੇਟ ਸੋਬਤੀ ਨੇ ਇਲਜ਼ਾਮ ਵੀ ਲਾਏ ਕਿ ਜੋਬਨਪ੍ਰੀਤ ਸਿੰਘ ਦਾ ਐਨਕਾਉਂਟਰ ਵੀ ਹੋ ਸਕਦਾ ਸੀ।

ਉਨ੍ਹਾਂ ਨੇ ਕਿਹਾ ਕਿ ਮੈਂ ਦੇਖਿਆ ਕਿ ਅੰਮ੍ਰਿਤਸਰ ਮਜੀਠੀਆ ਦੇ ਘਰ ਬਾਹਰ ਪੁਲਿਸ ਖੜ੍ਹੀ ਹੈ ਪਰ ਸਾਨੂੰ ਹਾਲੇ ਤੱਕ ਨਹੀਂ ਪਤਾ ਕੀ ਬਿਕਰਮ ਸਿੰਘ ਮਜੀਠੀਆ ਨੂੰ ਮੁਲਜ਼ਮ ਬਣਾਇਆ ਹੈ ਜਾਂ ਨਹੀਂ, ਅੱਗੇ ਅਸੀਂ ਕਾਨੂੰਨੀ ਚਾਰਾਜੋਈ ਕਰਾਂਗੇ।

ਹਾਈ ਕੋਰਟ ਪਹੁੰਚਿਆ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਨੇ ਜੋਬਨਪ੍ਰੀਤ ਸਿੰਘ ਖਿਲਾਫ਼ ਹੋਈ ਕਰਵਾਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਡੀਜੀਪੀ, ਐੱਸਐੱਸਪੀ ਮਜੀਠਾ ਅਤੇ ਐੱਸਐੱਚਓ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।

ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਦਾਲਤ ਨੇ ਇਹ ਵੀ ਪੁੱਛਿਆ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ। ਇਸ ਮਾਮਲੇ ਦੀ ਅਗਲੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ।

ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਜੋਬਨਪ੍ਰੀਤ ਸਿੰਘ ਵਾਰਡ ਨੰਬਰ 2 ਤੋਂ ਅਕਾਲੀ ਦਲ ਦੇ ਪੋਲਿੰਗ ਏਜੰਟ ਸਨ ਅਤੇ ਇਸ ਵਾਰਡ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਗ਼ੈਰ ਕਾਨੂੰਨੀ ਕਸਟਡੀ ਵਿੱਚੋਂ ਕਿਸੇ ਨੂੰ ਛੁਡਾਉਣਾ ਕੋਈ ਜ਼ੁਰਮ ਨਹੀਂ ਹੈ।

ਉਹਨਾਂ ਕਿਹਾ, "ਜੋਬਨਪ੍ਰੀਤ ਸਿੰਘ ਦੀ ਹਿਰਾਸਤ ਗ਼ੈਰ ਕਾਨੂੰਨੀ ਸੀ, ਮਜੀਠੀਆ ਪਰਿਵਾਰ ਆਪਣੇ ਹਲਕੇ ਦੀ ਨੁਮਾਇੰਦਗੀ ਕਰਦਾ ਆ ਰਿਹਾ ਹੈ। ਇਸ ਲਈ ਜੋਬਨਪ੍ਰੀਤ ਨੂੰ ਛੁਡਵਾਉਣਾ ਕੋਈ ਜ਼ੁਰਮ ਨਹੀਂ ਹੈ।"

ਸੁਖਬੀਰ ਅਤੇ ਹਰਸਿਮਰਤ ਨੇ ਕੀ ਕਿਹਾ

ਬਠਿੰਡਾ ਤੋਂ ਅਕਾਲੀ ਦਲ ਦੇ ਐੱਮਪੀ ਅਤੇ ਬਿਕਰਮ ਮਜੀਠੀਆ ਦੇ ਭੈਣ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਹਨ।

ਹਰਸਿਮਰਤ ਕੌਰ ਬਾਦਲ ਨੇ ਕਿਹਾ, ''ਜਿਸ ਵਿਅਕਤੀ ਨੂੰ ਬਿਨਾਂ ਕਿਸੇ ਵਾਰੰਟ ਜਾਂ ਐੱਫਆਈਆਰ ਦੇ ਐੱਸਐੱਚਓ ਦੇ ਘਰ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਸੀ , ਜਦੋਂ ਉਸ ਨੂੰ ਛੁਡਵਾ ਲਿਆ ਜਾਂਦਾ ਹੈ ਤਾਂ ਮਜੀਠੀਆ ਖਿਲਾਫ਼ ਐੱਫਆਈਆਰ ਦਰਜ ਕੀਤੀ ਜਾ ਰਹੀ ਹੈਏ।

ਉਨ੍ਹਾਂ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ ਮਜੀਠੀਆ ਤੋਂ ਐਨੀ ਕਿਉਂ ਡਰ ਰਹੀ ਹੈ। ਪੁਲਿਸ ਦੀ ਗ਼ਲਤ ਵਰਤੋਂ ਕੀਤੀ ਜਾ ਰਹੀ ਹੈ ਜਿਹੜੀ ਪੁਲਿਸ ਨੇ ਲੋਕਾਂ ਦੀ ਰੱਖਿਆ ਕਰਨੀ ਸੀ ਅੱਜ ਉਸ ਪੁਲਿਸ ਦੀ ਵਰਤੋਂ ਸਰਕਾਰ ਆਪਣੇ ਫਾਈਦੇ ਲਈ ਕਰ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪੁਲਿਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ ਹਨ। ਬਾਦਲ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਯੋਜਨਾਬੱਧ ਤਰੀਕੇ ਨਾਲ ਆਪਰੇਸ਼ਨ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ।

''ਮਜੀਠਾ ਹਲਕੇ ਵਿੱਚ ਸਰਕਾਰ ਨੇ ਜ਼ੋਰ ਲਗਾ ਲਿਆ ਬਿਕਰਮ ਸਿੰਘ ਮਜੀਠੀਆ ਨੂੰ ਹਰਾਉਣ ਲਈ, ਪਹਿਲਾਂ ਕਾਗਜ਼ ਰੱਦ ਕਰ ਦਿੱਤੇ, ਫਿਰ ਬੂਥ ਕੈਪਚਰਿੰਗ ਕੀਤੀ ਗਈ ਇਸ ਦੇ ਬਾਵਜੂਦ ਬਿਕਰਮ ਮਜੀਠੀਆ ਜਿੱਤ ਗਏ। ਜਿਸ ਕਰਕੇ ਸਰਕਾਰ ਹੁਣ ਇਸ ਤੋਂ ਤੰਗ ਆ ਕੇ ਅਜਿਹੀ ਕਾਰਵਾਈ ਕਰ ਰਹੀ ਹੈ।''

ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਛਾਪੇਮਾਰੀ ਕੀਤੇ ਜਾਣ 'ਤੇ, ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ, ''ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਹਾਂ ਕਿ ਇਹ ਬਦਲਾਖੋਰੀ ਦੀ ਸਿਆਸਤ ਹੈ ਅਤੇ ਮੈਂ ਇਸ ਦੇ ਬਿਲਕੁਲ ਖ਼ਿਲਾਫ਼ ਹਾਂ। ਭਾਰਤੀ ਜਨਤਾ ਪਾਰਟੀ ਵੀ ਇਸ ਦਾ ਜ਼ੋਰਦਾਰ ਵਿਰੋਧ ਕਰਦੀ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)