35 ਸਾਲ ਤੋਂ ਬਾਅਦ ਗਰਭਵਤੀ ਹੋਣ ਵਾਲੀਆਂ ਔਰਤਾਂ ਨੂੰ ਡਾਕਟਰ ਇਹ ਖ਼ਾਸ ਟੈਸਟ ਕਰਵਾਉਣ ਲਈ ਕਿਉਂ ਸਲਾਹ ਦਿੰਦੇ ਹਨ

    • ਲੇਖਕ, ਚਰਨਜੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ, ਦੀਪਿਕਾ ਪਾਦੂਕੋਣ ਜਾਂ ਫਰਹਾ ਖ਼ਾਨ ਹੋਵੇ, ਜਾਂ ਫਿਰ ਅਮਰੀਕੀ ਅਦਾਕਾਰਾ ਹੈਲੀ ਬੈਰੀ, ਅਜਿਹੀਆਂ ਕਈ ਉਦਾਹਰਣਾਂ ਹਨ ਜਿੱਥੇ 40 ਸਾਲ ਤੋਂ ਵੱਧ ਉਮਰ ਵਿੱਚ ਔਰਤਾਂ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ।

ਅੱਜ ਦੇ ਦੌਰ ਵਿੱਚ ਕਈ ਅਜਿਹੀਆਂ ਮਹਿਲਾਵਾਂ ਹਨ ਜੋ ਉਮਰ ਦੇ 40ਵਿਆਂ ਜਾਂ ਉਸ ਤੋਂ ਬਾਅਦ ਮਾਂ ਬਣਨ ਦਾ ਫੈਸਲਾ ਲੈਂਦੀਆਂ ਹਨ। ਲੰਘੇ ਦਿਨੀਂ ਭਾਰਤੀ ਟੈਲੀਵਿਜ਼ਨ ਅਤੇ ਫਿਲਮੀ ਅਦਾਕਾਰਾ ਤਨਾਜ਼ ਇਰਾਨੀ 30ਵਿਆਂ ਅਤੇ 40ਵਿਆਂ ਵਿੱਚ ਬੱਚਾ ਪੈਦਾ ਕਰਨ ਦੇ ਜੋਖ਼ਮਾਂ ਬਾਰੇ ਗੱਲ ਕਰਦੇ ਨਜ਼ਰ ਆਏ ਸਨ।

ਇੱਕ ਪੌਡਕਾਸਟ ਵਿੱਚ ਉਨ੍ਹਾਂ ਨੇ ਕਿਹਾ ਸੀ,"ਮੇਰਾ ਦੂਜਾ ਬੱਚਾ 40ਵਿਆਂ ਵਿੱਚ ਪੈਦਾ ਹੋਇਆ ਸੀ ਉਦੋਂ ਮੈਨੂੰ ਐਮਨਿਓਸੈਂਟੀਸਿਸ ਕਰਨਾ ਪਿਆ ਸੀ।"

"ਟੈਸਟ ਇਹ ਪਤਾ ਕਰਨ ਲਈ ਹੁੰਦਾ ਕਿ ਕੀ ਕਿਤੇ ਬੱਚੇ ਨੂੰ ਡਾਊਨ ਸਿੰਡਰੋਮ ਜਾਂ ਰੀੜ ਦੀ ਹੱਡੀ ਨਾਲ ਜੁੜੀ ਕੋਈ ਬਿਮਾਰੀ ਤਾਂ ਨਹੀਂ ਹੈ ਕਿਉਂਕਿ 40 ਸਾਲ ਤੋਂ ਬਾਅਦ ਬੱਚੇ ਦੇ ਦੌਰਾਨ ਖ਼ਤਰੇ ਆਮ ਨਾਲੋਂ ਵੱਧ ਹੁੰਦੇ ਹਨ।"

ਜਿਸ ਐਮਨਿਓਸੈਂਟੀਸਿਸ ਟੈਸਟ ਦੀ ਉਨ੍ਹਾਂ ਨੇ ਗੱਲ ਕੀਤੀ ਹੈ, ਉਹ ਟੈਸਟ ਕੀ ਹੁੰਦਾ ਹੈ, ਕਦੋਂ ਅਤੇ ਕਿਵੇਂ ਕਰਵਾਇਆ ਜਾਂਦਾ ਹੈ? ਕੀ ਇਸ ਟੈਸਟ ਦੇ ਗਰਭਵਤੀ ਔਰਤ ਉੱਤੇ ਕੋਈ ਮਾੜੇ ਪ੍ਰਭਾਵ ਵੀ ਹੁੰਦੇ ਹਨ ਅਤੇ ਇਸ ਲਈ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ?

ਕੀ ਡਾਊਨ ਸਿੰਡਰੋਮ ਅਤੇ ਜਨੈਟਿਕ ਬਿਮਾਰੀਆਂ ਬਾਰੇ ਪਤਾ ਲਾਉਣ ਲਈ ਹੋਰ ਵੀ ਕੋਈ ਟੈਸਟ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਲਈ ਅਸੀਂ ਪ੍ਰਸੂਤੀ ਅਤੇ ਇਸਤਰੀ ਰੋਗ ਮਾਹਰਾਂ ਨਾਲ ਗੱਲ ਕੀਤੀ ਹੈ।

ਐਮਨਿਓਸੈਂਟੀਸਿਸ ਟੈਸਟ ਕੀ ਹੁੰਦਾ ਹੈ

ਐਮਨਿਓਸੈਂਟੀਸਿਸ ਇੱਕ ਅਜਿਹਾ ਟੈਸਟ ਹੈ ਜੋ ਗਰਭ ਅਵਸਥਾ ਦੌਰਾਨ ਕੀਤਾ ਜਾ ਸਕਦਾ ਹੈ। ਟੈਸਟ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਬੱਚੇ ਨੂੰ ਕੁਝ ਖਾਸ ਸਿਹਤ ਸਮੱਸਿਆਵਾਂ ਜਿਵੇਂ ਕਿ ਜਨੈਟਿਕ ਬਿਮਾਰੀਆਂ ਤਾਂ ਨਹੀਂ। ਜੈਨੇਟਿਕ ਕੰਡੀਸ਼ਨ ਉਹ ਹਾਲਤ ਜਾਂ ਬਿਮਾਰੀ ਹੁੰਦੀ ਹੈ ਜੋ ਇੱਕ ਜਾਂ ਦੋਵੇਂ ਮਾਪਿਆਂ ਤੋਂ ਬੱਚਿਆਂ ਤੱਕ ਪਹੁੰਚਦੀ ਹੈ।

ਅਲਟ੍ਰਾਸਾਊਂਡ ਦੀ ਤਸਵੀਰ ਦੀ ਮਦਦ ਨਾਲ ਇੱਕ ਪਤਲੀ ਸੂਈ ਬੱਚੇਦਾਨੀ (ਗਰਭਾਸ਼ਯ) ਵਿੱਚ ਪਾਈ ਜਾਂਦੀ ਹੈ ਤਾਂ ਜੋ ਸੂਈ ਨੂੰ ਸਹੀ ਥਾਂ ਤੱਕ ਲੈ ਜਾਇਆ ਜਾ ਸਕੇ ਅਤੇ ਫਿਰ ਉੱਥੋਂ ਤਰਲ ਲੈ ਕੇ ਟੈਸਟ ਲਈ ਭੇਜਿਆ ਜਾਂਦਾ ਹੈ।

ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਪ੍ਰਸੂਤੀ ਅਤੇ ਇਸਤਰੀ ਰੋਗ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾ. ਤਪੱਸਿਆ ਧਰ ਪ੍ਰਕਿਰਿਆ ਬਾਰੇ ਸਮਝਾਉਂਦੇ ਹੋਏ ਕਹਿੰਦੇ ਹਨ,"ਐਮਨਿਓਸੈਂਟੀਸਿਸ ਦੌਰਾਨ ਗਰਭ ਵਿੱਚ ਪਲ ਰਹੇ ਬੱਚੇ ਦੇ ਆਲੇ-ਦੁਆਲੇ ਤੋਂ ਪਤਲੀ ਸੂਈ ਦੀ ਮਦਦ ਨਾਲ ਪਾਣੀ (ਤਰਲ) ਲਿਆ ਜਾਂਦਾ ਹੈ।"

"ਅਲਟ੍ਰਾ ਸਾਊਂਡ ਗਾਈਡਿਡ ਸੂਈ ਨਾਲ ਸਾਵਧਾਨੀ ਵਰਤਦਿਆਂ ਅਜਿਹੀ ਥਾਂ ਤੋਂ ਥੋੜ੍ਹਾ ਜਿਹਾ ਪਾਣੀ ਲਿਆ ਜਾਂਦਾ ਹੈ,ਜਿੱਥੇ ਬੱਚੇ ਦਾ ਅੰਗ ਜਾਂ ਫਿਰ ਕੋਈ ਹੋਰ ਜ਼ਰੂਰੀ ਤੱਤ ਨਾ ਹੋਵੇ। ਇਸ ਪਾਣੀ ਵਿੱਚ ਸੈੱਲ ਹੁੰਦੇ ਹਨ,ਜਿਨ੍ਹਾਂ ਨੂੰ ਜਨੈਟਿਕ, ਕ੍ਰੋਮੋਜ਼ੋਮਲ ਸਟੱਡੀ ਲਈ ਟੈਸਟ ਕੀਤਾ ਜਾ ਸਕਦਾ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਕੋਈ ਡਿਸਆਰਡਰ ਨਹੀਂ ਹੈ। ਇਸ ਨਮੂਨੇ ਨੂੰ ਜਾਂਚ ਲਈ ਲੈਬੋਰਟਰੀ ਵਿੱਚ ਭੇਜਿਆ ਜਾਂਦਾ ਹੈ।"

"ਇਹ ਟੈਸਟ ਅਕਸਰ 15-20 ਹਫਤਿਆਂ ਦੌਰਾਨ ਕੀਤਾ ਜਾਂਦਾ ਹੈ, ਇਸ ਤੋਂ ਪਹਿਲਾਂ ਵੀ ਟੈਸਟ ਕੀਤਾ ਜਾ ਸਕਦਾ ਹੈ। ਪਰ ਪਹਿਲਾਂ ਕੀਤੇ ਜਾਣ ਵਾਲੇ ਟੈਸਟ ਨੂੰ ਕੋਰਿਓਨਿਕ ਵਿਲਸ ਸੈਂਪਲਿੰਗ ਕਿਹਾ ਜਾਂਦਾ ਹੈ। ਇਹ ਟੈਸਟ 11 ਤੋਂ 13 ਹਫਤਿਆਂ ਦਰਮਿਆਨ ਕੀਤਾ ਜਾਂਦਾ ਹੈ।"

ਐਮਨਿਓਸੈਂਟੀਸਿਸ ਟੈਸਟ ਕਿਉਂ ਕੀਤਾ ਜਾਂਦਾ ਹੈ?

ਬ੍ਰਿਟੇਨ ਦੀ ਸਿਹਤ ਵੈੱਬਸਾਈਟ ਐੱਨਐੱਚਐੱਸ ਮੁਤਾਬਕ ਐਮਨਿਓਸੈਂਟੀਸਿਸ ਟੈਸਟ ਇਹ ਪਤਾ ਲਾਉਣ ਲਈ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਕੋਈ ਜਨੈਟਿਕ ਡਿਸਆਰਡਰ ਤਾਂ ਨਹੀਂ ਹੈ, ਜਿਵੇਂ ਕਿ ਡਾਊਨ ਸਿੰਡਰੋਮ, ਐਡਵਰਡ ਸਿੰਡਰੋਮ,ਸਿਸਟਿਕ ਫਾਇਬਰੋਸਿਸ।

ਡਾਊਨ ਸਿੰਡਰੋਮ ਇੱਕ ਜੈਨੇਟਿਕ ਹਾਲਤ ਹੈ ਜਿਸ ਕਰਕੇ ਸਰੀਰਕ ਅਤੇ ਮਾਨਸਿਕ ਵਿਕਾਸ ਹੌਲੀ ਹੋ ਜਾਂਦਾ ਹੈ।

ਐਡਵਰਡ ਸਿੰਡਰੋਮ ਇੱਕ ਦੁਰਲੱਭ ਜਨੈਟਿਕ ਕੰਡੀਸ਼ਨ ਹੈ,ਜੋ ਠੀਕ ਨਹੀਂ ਕੀਤੀ ਜਾ ਸਕਦੀ। ਇਸ ਨਾਲ ਪੀੜਤ ਬੱਚਿਆਂ ਦਾ ਜੀਵਨ ਕਾਲ ਬਹੁਤ ਘੱਟ ਹੁੰਦਾ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਤਪੱਸਿਆ ਨੇ ਦੱਸਿਆ ਕਿ ਜਨੈਟਿਕ ਡਿਸਆਰਡਰ ਦੇ ਇਲਾਵਾ ਥੈਲੀਸੀਮੀਆ, ਬੱਚੇ ਦੀ ਰੀੜ ਦੀ ਹੱਡੀ ਨਾਲ ਸਬੰਧਿਤ ਬਿਮਾਰੀ, ਮਸਲ ਡਿਸਟ੍ਰਾਫੀ (ਇਹ ਦੁਰਲੱਭ ਸਥਿਤੀ ਹੈ ਜਦੋਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਰਹਿੰਦੀਆਂ ਹਨ।)ਅਤੇ ਕੁਝ ਹੋਰ ਬਲੱਡ ਡਿਸਆਰਡਰਾਂ ਬਾਰੇ ਪਤਾ ਲਾਉਣ ਲਈ ਇਹ ਟੈਸਟ ਕੀਤਾ ਜਾਂਦਾ ਹੈ।

ਡਾ. ਤਪੱਸਿਆ ਦੱਸਦੇ ਹਨ,"ਇਸ ਟੈਸਟ ਨਾਲ ਪਤਾ ਲੱਗਦਾ ਹੈ ਕਿਹੜੇ ਕ੍ਰੋਮੋਜ਼ੋਮ ਵਿੱਚ ਡਿਫੈਕਟ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਡਾਊਨ ਸਿੰਡੋਰਮ ਹੋਵੇ ਤਾਂ ਉਸ ਵਿੱਚ 21 ਕ੍ਰੋਮੋਜ਼ੋਮਾਂ ਵਿੱਚ ਡਿਫੈਕਟ ਹੁੰਦਾ ਹੈ। ਇਸੇ ਤਰ੍ਹਾਂ ਅਲੱਗ-ਅਲੱਗ ਬਿਮਾਰੀਆਂ ਲਈ ਅਲੱਗ ਨੰਬਰ ਹੁੰਦਾ ਹੈ। ਜੇਕਰ ਇਹ ਟੈਸਟ ਸਹੀ ਪਾਇਆ ਜਾਂਦਾ ਹੈ ਤਾਂ 99 ਫੀਸਦ ਚਾਂਸ ਹੁੰਦੇ ਹਨ ਕਿ ਬੱਚਾ ਠੀਕ ਹੋਵੇਗਾ।"

ਉਹ ਅਗਾਂਹ ਕਹਿੰਦੇ ਹਨ,"ਜੇਕਰ ਜੀਨਸ ਵਿੱਚ ਮਿਊਟੇਸ਼ਨ ਭਾਵ ਬਦਲਾਅ ਹੋ ਜਾਏ ਜਾਂ ਹੋਰ ਗੰਭੀਰ ਸਮੱਸਿਆ ਹੋਵੇ ਤਾਂ ਉਸ ਲਈ ਫਿਰ ਹੋਰ ਅਡਵਾਂਸ ਟੈਸਟ ਹੁੰਦੇ ਹਨ।"

'30ਵਿਆਂ ਅਤੇ 40ਵਿਆਂ ਵਿੱਚ ਹੋਏ ਗਰਭ ਦੌਰਾਨ ਪੈਂਦੀ ਜ਼ਿਆਦਾ ਲੋੜ'

ਜੇ ਬੱਚੇ ਵਿੱਚ ਕੁਝ ਅਜਿਹੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਹੋਵੇ ਜੋ ਉਸ ਦੀ ਸਿਹਤ ਅਤੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਤਾਂ ਗਰਭਵਤੀ ਮਹਿਲਾ ਨੂੰ ਐਮਨਿਓਸੈਂਟੀਸਿਸ ਕਰਵਾਉਣ ਦੀ ਸਲਾਹ ਦਿੱਤੀ ਜਾ ਸਕਦੀ ਹੈ।

ਐੱਨਐੱਚਐੱਸ ਮੁਤਾਬਕ ਟੈਸਟ ਕਰਵਾਉਣ ਦੀ ਸਲਾਹ ਉਦੋਂ ਦਿੱਤੀ ਜਾਂਦੀ ਹੈ, ਜਦੋਂ ਗਰਭਾਵਸਥਾ ਦੌਰਾਨ ਕੀਤੇ ਗਏ ਸਕ੍ਰੀਨਿੰਗ ਟੈਸਟ ਤੋਂ ਇਹ ਸੰਕੇਤ ਮਿਲਣ ਕਿ ਬੱਚੇ ਨੂੰ ਉਨ੍ਹਾਂ ਵਿੱਚੋਂ ਕੋਈ ਇੱਕ ਬਿਮਾਰੀ ਹੋ ਸਕਦੀ ਹੈ ਜਿਸ ਦੀ ਜਾਂਚ ਐਮਨਿਓਸੈਂਟੀਸਿਸ ਨਾਲ ਕੀਤੀ ਜਾਂਦੀ ਹੈ। ਬੱਚੇ ਦੇ ਪਿਤਾ ਜਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਉਹਨਾਂ ਵਿੱਚੋਂ ਕੋਈ ਇੱਕ ਬਿਮਾਰੀ ਹੋਵੇ ਜਿਸ ਦੀ ਜਾਂਚ ਐਮਨਿਓਸੈਂਟੀਸਿਸ ਨਾਲ ਕੀਤੀ ਜਾਂਦੀ ਹੈ।

ਇਸ ਦੇ ਇਲਾਵਾ ਡਾਕਟਰਾਂ ਮੁਤਾਬਕ ਵਧੇਰੇ ਉਮਰ ਦੀਆਂ ਔਰਤਾਂ ਜਦੋਂ ਗਰਭ ਧਾਰਦੀਆਂ ਹਨ ਤਾਂ ਉਦੋਂ ਇਸ ਤਰ੍ਹਾਂ ਦੇ ਟੈਸਟ ਦੀ ਵਧੇਰੇ ਲੋੜ ਹੁੰਦੀ ਹੈ।

ਡਾ. ਤਪੱਸਿਆ ਕਹਿੰਦੇ ਹਨ,"ਅੱਜ ਕੱਲ੍ਹ ਕਈ ਔਰਤਾਂ 35 ਸਾਲ ਤੋਂ ਬਾਅਦ ਗਰਭ ਧਾਰਨ ਕਰਦੀਆਂ ਹਨ। ਕੁਝ ਔਰਤਾਂ ਆਈਵੀਐੱਫ ਜ਼ਰੀਏ 40 ਸਾਲ ਦੀ ਉਮਰ ਵਿੱਚ ਗਰਭਵਤੀ ਹੁੰਦੀਆਂ ਹਨ।"

"ਵੱਡੀ ਉਮਰ ਵਿੱਚ ਜਨੈਟਿਕ ਬਿਮਾਰੀਆਂ ਜਿਵੇਂ ਡਾਊਨ ਸਿੰਡਰੋਮ ਹੋਣ ਦਾ ਖ਼ਤਰਾ ਵੱਧ ਰਹਿੰਦਾ ਹੈ। ਇਸ ਲਈ ਇਹ ਟੈਸਟ ਅਸੀਂ ਕਰਦੇ ਹਾਂ।"

ਉਹ ਅਗਾਂਹ ਕਹਿੰਦੇ ਹਨ,"ਅਸੀਂ ਪਹਿਲਾਂ ਅਲਟਰਾ ਸਾਊਂਡ ਕਰਦੇ ਹਾਂ, ਜੇਕਰ ਉਸ ਦੌਰਾਨ ਕੋਈ ਅਜਿਹੀ ਗੱਲ ਪਤਾ ਲੱਗਦੀ ਕਿ ਬੱਚੇ ਨੂੰ ਜਨੈਟਿਕ ਬਿਮਾਰੀ ਹੋ ਸਕਦੀ ਹੈ ਤਾਂ ਅਸੀਂ ਫਿਰ ਇੱਕ ਹੋਰ ਸਕ੍ਰੀਨਿੰਗ ਟੈਸਟ ਕਰਦੇ ਹਾਂ। ਜੇਕਰ ਇਸ ਵਿੱਚ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਹੀ ਅਸੀਂ ਐਮਨਿਓਸੈਂਟੀਸਿਸ ਕਰਦੇ ਹਾਂ। ਜੇਕਰ ਪਹਿਲਾਂ ਵਾਲੇ ਟੈਸਟ ਠੀਕ ਆਉਂਦੇ ਹਨ ਫਿਰ ਇਸ ਟੈਸਟ ਦੀ ਲੋੜ ਨਹੀਂ ਪੈਂਦੀ।"

ਇਸਤਰੀ ਰੋਗਾਂ ਦੇ ਮਾਹਰ ਡਾ. ਯੁਕਤਾ ਸ਼ਰਮਾ ਮੁਤਾਬਕ ਹਰ ਮਰੀਜ਼ ਲਈ ਇਸ ਦੀ ਟੈਸਟ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਪਹਿਲਾਂ ਕਾਫੀ ਟੈਸਟ ਹੁੰਦੇ ਹਨ, ਜਿਵੇਂ ਕਿ ਡੂਅਲ ਮਾਰਕਰ ਟੈਸਟ। 11 ਤੋਂ 13 ਹਫਤਿਆਂ ਦੌਰਾਨ ਅਸੀਂ ਇੱਕ ਲੈਵਲ ਵਨ ਅਲਟ੍ਰਾਸਾਊਂਡ ਕਰਦੇ ਹਾਂ, ਜਿਸ ਨੂੰ ਐਨਟੀ ਸਕੈਨ ਵੀ ਕਹਿੰਦੇ ਹਾਂ। ਡੂਅਲ ਮਾਰਕਰ ਟੈਸਟ ਗਰਭ ਦੇ ਪਹਿਲੇ ਤਿੰਨ ਮਹਿਨਿਆਂ ਦੌਰਾਨ ਬਲੱਡ ਸਕ੍ਰੀਨਿੰਗ ਤਹਿਤ ਹੁੰਦਾ ਹੈ।

ਉਹ ਕਹਿੰਦੇ ਹਨ,"ਜੇਕਰ ਇਸ ਦੌਰਾਨ ਕੁਝ ਗੜਬੜੀਆਂ ਦਾ ਪਤਾ ਲੱਗਦਾ ਹੈ ਤਾਂ ਅਸੀਂ ਨੌਨ ਇਵੈਂਸਿਵ ਪ੍ਰੀਨੇਟਲ ਟੈਸਟ ਕਰ ਸਕਦੇ ਹਾਂ। NIPT ਭਾਵ ਨੌਨ ਇਵੈਂਸਿਵ ਪ੍ਰੀਨੇਟਲ ਟੈਸਟਿੰਗ ਟੈਸਟ (ਇਹ ਵੀ ਬਲੱਡ ਸਕ੍ਰੀਨਿੰਗ ਟੈਸਟ ਹੈ)। ਜੇਕਰ ਇਨ੍ਹਾਂ ਟੈਸਟਾਂ ਵਿੱਚ ਕੋਈ ਗੜਬੜ ਆਉਂਦੀ ਹੈ ਫਿਰ ਐਮਨਿਓਸੈਂਟੀਸਿਸ ਕਰਵਾਉਣ ਲਈ ਕਿਹਾ ਜਾਂਦਾ ਹੈ।"

"ਜੇਕਰ ਗਰਭਵਤੀ ਔਰਤ ਨੂੰ ਬੇਕਾਬੂ ਡਾਇਬਟੀਜ਼ ਹੈ, ਉਮਰ ਵੱਧ ਹੈ ਅਤੇ ਪਹਿਲਾਂ ਕੀਤੇ ਟੈਸਟਾਂ ਵਿੱਚ ਪਤਾ ਲੱਗਦਾ ਹੈ ਕਿ ਬੱਚੇ ਨੂੰ ਕੋਈ ਗੰਭੀਰ ਖ਼ਤਰਾ ਹੋ ਸਕਦਾ ਹੈ ਤਾਂ ਹੀ ਇਹ ਟੈਸਟ ਕੀਤਾ ਜਾਂਦਾ ਹੈ।"

ਡਾ. ਤਪੱਸਿਆ ਦੱਸਦੇ ਹਨ,"ਇੱਕ ਦਹਾਕੇ ਪਹਿਲਾਂ ਇਹ ਟੈਸਟ ਕਾਫੀ ਘੱਟ ਹੁੰਦੇ ਸਨ। ਪਹਿਲਾਂ ਇਹ ਦਿੱਲੀ, ਮੁੰਬਈ ਅਤੇ ਚੇਨੱਈ ਵਰਗੇ ਚੋਣਵੇਂ ਸ਼ਹਿਰਾਂ ਵਿੱਚ ਹੁੰਦੇ ਸਨ ਅਤੇ ਇਹ ਟੈਸਟ ਕਾਫੀ ਮਹਿੰਗੇ ਵੀ ਹੁੰਦੇ ਸਨ ਪਰ ਹੁਣ ਇਹ ਘੱਟ ਰੇਟ ਉੱਤੇ ਅਤੇ ਜ਼ਿਆਦਾ ਲੈਬਸ ਵਿੱਚ ਉਪਲੱਬਧ ਹੋ ਗਏ ਹਨ।"

"ਹੁਣ ਅਜਿਹਾ ਵੀ ਹੈ ਭਾਰਤ ਵਿੱਚ ਹਾਈ ਰਿਸਕ ਪ੍ਰੈਗਨੈਂਸੀਜ਼ ਕਾਫੀ ਵਧੀਆਂ ਹਨ। ਕਈ ਕੇਸਾਂ ਵਿੱਚ ਜਿਨ੍ਹਾਂ ਔਰਤਾਂ ਦੇ ਬੱਚੇ ਪਹਿਲਾਂ ਸਹੀ ਨਹੀਂ ਪੈਦਾ ਹੋਏ ਤਾਂ ਉਹ ਚਿੰਤਾ ਵਿੱਚ ਹੁੰਦੀਆਂ ਸਨ, ਉਦੋਂ ਕਈਆਂ ਨੂੰ ਅਜਿਹੇ ਟੈਸਟ ਕਰਵਾਉ ਲਈ ਦੇਸ਼ ਤੋਂ ਬਾਹਰ ਵੀ ਜਾਣਾ ਪੈਂਦਾ ਸੀ। ਪਰ ਹੁਣ ਅਜਿਹਾ ਨਹੀਂ ਹੈ।"

ਡਾਕਟਰ ਤਪੱਸਿਆ ਦੱਸਦੇ ਹਨ ਕਿ ਆਮ ਤੌਰ ਉੱਤੇ ਇਸ ਟੈਸਟ ਦੀ ਕੀਮਤ 20 ਤੋਂ 25 ਹਜ਼ਾਰ ਦੇ ਦਰਮਿਆਨ ਹੁੰਦੀ ਹੈ। ਹਾਲਾਂਕਿ ਕੁਝ ਹਸਪਤਾਲ ਇਸ ਤੋਂ ਥੋੜ੍ਹਾ ਜ਼ਿਆਦਾ ਕੀਮਤ ਵੀ ਚਾਰਜ ਕਰਦੇ ਹਨ ਅਤੇ ਕੁਝ ਥਾਵਾਂ ਉੱਤੇ ਕੀਮਤ ਇਸ ਤੋਂ ਥੋੜ੍ਹੀ ਘੱਟ ਵੀ ਹੁੰਦੀ ਹੈ।

ਇਹ ਟੈਸਟ ਦੇ ਕੀ ਖ਼ਤਰੇ ਹੋ ਸਕਦੇ ਹਨ?

ਐੱਨਐੱਚਐੱਸ ਮੁਤਾਬਕ ਐਮਨਿਓਸੈਂਟੀਸਿਸ ਕਰਵਾਉਣ ਤੋਂ ਬਾਅਦ ਗਰਭਪਾਤ (ਗਰਭ ਦਾ ਨੁਕਸਾਨ) ਹੋਣ ਦਾ ਖ਼ਤਰਾ ਹੁੰਦਾ ਹੈ। ਗਰਭਪਾਤ ਦਾ ਖਤਰਾ ਹਰ 200 ਗਰਭਾਂ ਵਿੱਚੋਂ 1 ਹੁੰਦਾ ਹੈ। ਜੇਕਰ ਮਹਿਲਾ ਜੁੜਵਾਂ ਜਾਂ ਇਸ ਤੋਂ ਵੱਧ ਬੱਚਿਆਂ ਨਾਲ ਗਰਭਵਤੀ ਹੋ, ਤਾਂ ਗਰਭਪਾਤ ਦਾ ਖਤਰਾ ਵੱਧ ਹੁੰਦਾ ਹੈ।

ਜੇ ਗਰਭਵਤੀ ਮਹਿਲਾ HIV ਪੌਜ਼ੀਟਿਵ ਹੈ, ਜਾਂ ਹੈਪੇਟਾਈਟਿਸ ਬੀ ਜਾਂ ਹੈਪੇਟਾਈਟਿਸ ਸੀ ਹੈ, ਤਾਂ ਐਮਨਿਓਸੈਂਟੀਸਿਸ ਕਰਨ ਨਾਲ ਬੱਚੇ ਨੂੰ ਇਹ ਇਨਫੈਕਸ਼ਨ ਲੱਗਣ ਦਾ ਖਤਰਾ ਵੱਧ ਸਕਦਾ ਹੈ। ਦੇਖਭਾਲ ਕਰਨ ਵਾਲਾ ਡਾਕਟਰ ਜਾਂ ਮਾਹਿਰ ਟੀਮ ਗਰਭਵਤੀ ਮਹਿਲਾ ਨਾਲ ਇਸ ਖਤਰੇ ਬਾਰੇ ਚਰਚਾ ਕਰ ਸਕਦਾ ਹੈ।

ਡਾ. ਤਪੱਸਿਆ ਟੈਸਟ ਦੇ ਜੋਖ਼ਮਾਂ ਬਾਰੇ ਕਹਿੰਦੇ ਹਨ ਕਿ ਕਿਉਂਕਿ ਸੂਈ ਮਾਂ ਦੇ ਪੇਟ ਵਿੱਚ ਪਾਈ ਜਾਂਦੀ ਹੈ ਅਤੇ ਫਿਰ ਪਾਣੀ ਲਿਆ ਜਾਂਦਾ ਹੈ ਤਾਂ ਕਈ ਕੇਸਾਂ ਵਿੱਚ 1 ਫੀਸਦ ਤੱਕ ਗਰਭਪਾਤ ਅਤੇ ਇਨਫੈਕਸ਼ਨ ਦਾ ਖ਼ਤਰਾ ਹੁੰਦਾ ਹੈ। ਡਾਕਟਰਾਂ ਮੁਤਾਬਕ ਕਿਸੇ-ਕਿਸੇ ਕੇਸਾਂ ਵਿੱਚ ਟੈਸਟ ਮਗਰੋਂ ਮਰੀਜ਼ ਨੂੰ ਦਰਦ ਵੀ ਹੋ ਸਕਦਾ ਹੈ।

ਡਾ. ਯੁਕਤਾ ਕਹਿੰਦੇ ਹਨ ਕਿ ਇਹ ਰੂਟੀਨ ਪ੍ਰੋਸੀਜ਼ਰ ਨਹੀਂ ਹੈ ਕਿਉਂਕਿ ਇਸ ਟੈਸਟ ਨਾਲ ਗਰਭਪਾਤ ਦੇ ਖ਼ਤਰੇ ਜੁੜੇ ਹੁੰਦੇ ਹਨ।

ਨਤੀਜੇ ਨਾ ਪੱਖੀ ਆਉਣ ਉੱਤੇ ਕੀ ਕੀਤਾ ਜਾਂਦਾ ਹੈ?

ਜੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਬੱਚੇ ਨੂੰ ਕੋਈ ਬਿਮਾਰੀ ਹੈ, ਤਾਂ ਡਾਕਟਰ ਗੱਲ ਕਰਨਗੇ ਕਿ ਇਸ ਦਾ ਬੱਚੇ 'ਤੇ ਕੀ ਅਸਰ ਪੈ ਸਕਦਾ ਹੈ।

ਸਲਾਹ ਅਤੇ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਮਹਿਲਾ ਇਹ ਫੈਸਲਾ ਕਰ ਸਕੇ ਕਿ ਗਰਭਾਵਸਥਾ ਜਾਰੀ ਰੱਖਣੀ ਹੈ ਜਾਂ ਗਰਭਪਾਤ ਰਾਹੀਂ ਇਸ ਨੂੰ ਖ਼ਤਮ ਕਰਨਾ ਹੈ।

ਡਾ. ਤਪੱਸਿਆ ਕਹਿੰਦੇ ਹਨ,"ਜੇਕਰ ਬੱਚੇ ਦੇ ਭਵਿੱਖ ਨੂੰ ਕੋਈ ਗੰਭੀਰ ਖ਼ਤਰਾ ਹੋਵੇ ਤਾਂ ਭਾਰਤ ਸਰਕਾਰ ਨੇ ਗਾਇਨਾਕੋਲਜਿਸਟ ਨੂੰ 24 ਹਫਤਿਆਂ ਤੱਕ ਗਰਭਪਾਤ ਕਰਨ ਦਾ ਅਧਿਕਾਰ ਦਿੱਤਾ ਹੋਇਆ ਹੈ।''

''ਉਦਾਹਰਣ ਵਜੋਂ ਅਸੀਂ ਪਟਿਆਲਾ ਰਜਿੰਦਰਾ ਹਸਪਤਾਲ ਵਿਖੇ ਅਜਿਹੇ ਕੇਸ ਦੀ ਜਾਣਕਾਰੀ ਦਿੰਦੇ ਹਾਂ ਅਤੇ ਫਿਰ ਪੈਨਲ ਬਣਦਾ ਹੈ ਕਿ ਸਬੰਧਿਤ ਕੇਸ ਵਾਲੇ ਬੱਚੇ ਨੂੰ ਜਨਮ ਦੇਣਾ ਹੈ ਜਾਂ ਗਰਭਪਾਤ ਕਰਨਾ ਹੈ।"

''ਹਾਲਾਂਕਿ ਇਸ ਲਈ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਸੀ ਸੋਧ ਐਕਟ ਦੀਆਂ ਮਦਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ।''

ਉਹ ਕਹਿੰਦੇ ਹਨ,"ਜੇਕਰ ਕੋਈ ਗਰਭਪਾਤ ਕਰਵਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ। ਜੇਕਰ ਕਿਸੇ ਨੂੰ ਮਾਨਸਿਕ ਸਿਹਤ ਨਾਲ ਸਬੰਧਤ ਮਦਦ ਚਾਹੀਦੀ ਹੈ ਤਾਂ ਅਜਿਹੇ ਕੇਸਾਂ ਵਿੱਚ ਉਹ ਵੀ ਉਪਲੱਬਧ ਹੁੰਦੀ ਹੈ।"

ਉਹ ਇਹ ਵੀ ਦੱਸਦੇ ਹਨ, "ਜੇਕਰ ਕੋਈ ਕਿਸੇ ਡਿਸਆਰਡਰ ਦੇ ਬਾਵਜੂਦ ਵੀ ਪ੍ਰੈਗਨੈਂਸੀ ਰੱਖਣਾ ਚਾਹੁੰਦਾ ਹੈ ਤਾਂ ਅਸੀਂ ਉਨ੍ਹਾਂ ਤੋਂ ਦਸਤਖ਼ਤ ਲੈਂਦੇ ਹਾਂ ਕਿ ਅਸੀਂ ਇਨ੍ਹਾਂ ਨੂੰ ਪ੍ਰਭਾਵਾਂ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਅਤੇ ਇਹ ਗਰਭ ਰੱਖਣਾ ਚਾਹੁੰਦੇ ਹਨ।"

ਇਹ ਟੈਸਟ ਕਰਨ ਅਤੇ ਕਰਵਾਉਣ ਤੋਂ ਪਹਿਲਾਂ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ?

ਡਾ. ਤਪੱਸਿਆ ਦੱਸਦੇ ਹਨ ਕਿ "ਇਹ ਟੈਸਟ PC-PNDT (ਪ੍ਰੀ ਕੌਨਸੈਪਸ਼ਨਲ ਐਂਡ ਪ੍ਰੀ ਨੇਟਲ ਡਾਇਗਨੋਸਟਿਕ ਤਕਨੀਕਾਂ) ਐਕਟ ਅਧੀਨ ਆਉਂਦਾ ਹੈ। ਜਿਸ ਦੇ ਤਹਿਤ ਤੁਸੀਂ ਇਹ ਟੈਸਟ ਕਰ ਸਕਦੇ ਹੋ ਪਰ ਤੁਸੀਂ ਬੱਚੇ ਦਾ ਲਿੰਗ ਨਹੀਂ ਦੱਸ ਸਕਦੇ। ਨਹੀਂ ਤਾਂ ਜੈਂਡਰ ਪਤਾ ਕਰਨ ਲਈ ਇਸ ਦੀ ਦੁਰਵਰਤੋਂ ਵੀ ਹੋ ਸਕਦੀ ਸੀ, ਇਸ ਲਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।"

"ਇਸ ਲਈ ਟੈਸਟ ਕਰਨ ਦੀ ਇਜਾਜ਼ਤ ਮਾਨਤਾ ਪ੍ਰਾਪਤ ਕੇਂਦਰ ਕੋਲ ਹੁੰਦੀ ਹੈ। ਉਨ੍ਹਾਂ ਨੂੰ ਮਰੀਜ਼ ਦਾ ਪਤਾ, ਪਛਾਣ, ਕਿਹੜੇ ਡਾਕਟਰ ਨੇ ਟੈਸਟ ਦੀ ਸਿਫਾਰਿਸ਼ ਕੀਤੀ ਹੈ, ਇਸ ਤਰ੍ਹਾਂ ਦੀਆਂ ਕਈ ਹੋਰ ਜਾਣਕਾਰੀਆਂ ਸਾਂਭ ਕੇ ਰੱਖਣੀਆਂ ਹੁੰਦੀਆਂ ਹਨ। ਤਾਂ ਜੋ ਪਤਾ ਲੱਗ ਸਕੇ ਕਿ ਕਿਹੜੇ ਮਰੀਜ਼ ਦਾ ਟੈਸਟ ਹੋਇਆ ਅਤੇ ਕਿਉਂ ਕੀਤਾ ਗਿਆ।"

"ਇਹ ਟੈਸਟ ਕਰਨ ਲਈ ਅਲਟਰਾਸਾਊਂਡ ਜਾਂ ਫੀਟਲ ਮੈਡੀਸਨ ਸਪੈਸ਼ਲਿਸਟ ਹੁੰਦੇ ਹਨ। ਡਾਕਟਰ ਦੀ ਇਜਾਜ਼ਤ ਦੇ ਬਿਨ੍ਹਾਂ ਇਹ ਟੈਸਟ ਨਹੀਂ ਕੀਤਾ ਜਾ ਸਕਦਾ। ਡਾਕਟਰ ਵੀ ਟੈਸਟ ਕਰਵਾਉਣ ਤੋਂ ਪਹਿਲਾਂ ਫਾਰਮ ਭਰਦੇ ਹਨ, ਉਸ ਵਿੱਚ ਆਪਣਾ ਨਾਮ, ਨੰਬਰ ਅਤੇ ਸਟੈਂਪ ਸਭ ਦਰਜ ਕਰਦੇ ਹਨ। ਜਦੋਂ ਤੱਕ ਡਾਕਟਰ ਦੀ ਸਿਫਾਰਿਸ਼ ਨਾ ਹੋਵੇ ਉਦੋਂ ਤੱਕ ਅਲਟਰਾਸਾਊਂਡ ਜਾਂ ਫੀਟਲ ਮੈਡੀਸਨ ਸਪੈਸ਼ਲਿਸਟ ਵੀ ਇਹ ਟੈਸਟ ਨਹੀਂ ਕਰ ਸਕਦੇ।"

"ਟੈਸਟ ਕਰਨ ਤੋਂ ਪਹਿਲਾਂ ਮਰੀਜ਼ ਤੋਂ ਸਹਿਮਤੀ ਵੀ ਲਈ ਜਾਂਦੀ ਹੈ,ਪਤੀ-ਪਤਨੀ ਦੇ ਦਸਤਖ਼ਤ ਕਰਵਾਏ ਜਾਂਦੇ ਹਨ। ਇਹ ਦੱਸਣਾ ਪੈਂਦਾ ਹੈ ਕਿ ਅਜਿਹੇ ਟੈਸਟ ਦੀ ਪ੍ਰਕਿਰਿਆ ਕੀ ਹੁੰਦੀ ਹੈ ਅਤੇ ਕੁਝ ਕੇਸਾਂ ਵਿੱਚ ਗਰਭਪਾਤ ਦਾ ਚਾਂਸ ਵੀ ਹੁੰਦਾ ਹੈ।"

ਡਾਕਟਰ ਤਪੱਸਿਆ ਕਹਿੰਦੇ ਹਨ, "ਇਹ ਟੈਸਟ ਕਰਨ ਲਈ ਮਰੀਜ਼ ਨੂੰ ਫੀਟਲ ਮੈਡੀਸਨ ਦੀ ਪੜ੍ਹਾਈ ਪੜ੍ਹੇ ਹੋਏ ਅਤੇ ਸਰਟੀਫਾਇਡ ਮਾਹਰਾਂ ਕੋਲ ਹੀ ਭੇਜਿਆ ਜਾਂਦਾ ਹੈ।"

ਪ੍ਰੀ ਕੌਨਸੈਪਸ਼ਨਲ ਐਂਡ ਪ੍ਰੀ ਨੇਟਲ ਡਾਇਗਨੋਸਟਿਕ ਤਕਨੀਕਾਂ (ਪ੍ਰੋਹੀਬੇਸ਼ਨ ਆਫ ਸੈਕਸ ਸਲੈਕਸ਼ਨ) ਐਕਟ 1994 ਦੇ ਤਹਿਤ ਗਰਭਧਾਰਨ ਦੇ ਦੌਰਾਨ ਭਰੂਣ ਦੇ ਲਿੰਗ ਦਾ ਪਤਾ ਲਾਉਣ ਦੀ ਤਕਨੀਕ ਨੂੰ ਗੈਰ ਕਾਨੂੰਨੀ ਬਣਾਇਆ ਗਿਆ ਸੀ। ਇਸ ਕਾਨੂੰਨ ਦਾ ਉਦੇਸ਼ ਕੰਨਿਆ ਭਰੂਣ ਹੱਤਿਆ ਉੱਤੇ ਲਗਾਮ ਲਾਉਣਾ ਹੈ, ਕਾਨੂੰਨ ਉਲੰਘਣ ਕਰਨ ਵਾਲਿਆਂ ਲਈ ਸਜ਼ਾ ਦੀ ਤਜਵੀਜ਼ ਵੀ ਹੈ।

ਡਾ. ਸ਼ਰਮਾ ਕਹਿੰਦੇ ਹਨ ਕਿ ਭਾਰਤ ਵਿੱਚ ਪੀਐੱਨਡੀਟੀ ਐਕਟ ਹੈ ਜਿਸ ਕਾਰਨ ਕੋਈ ਵੀ ਬੱਚੇ ਦਾ ਜੈਂਡਰ ਨਹੀਂ ਦੱਸ ਸਕਦਾ ਨਾ ਹੀ ਅਲਟਰਾਸਾਊਂਡ ਦੌਰਾਨ ਅਤੇ ਨਾ ਹੀ ਐਮਨਿਓਸੈਂਟੀਸਿਸ ਦੌਰਾਨ।

ਉਹ ਅਗਾਂਹ ਕਹਿੰਦੇ ਹਨ,"ਐਮਨਿਓਸੈਂਟੀਸਿਸ ਵੇਲੇ ਅਸੀਂ ਸਿਰਫ ਬੱਚੇ ਦਾ ਜਨੈਟਿਕ ਮੇਕਅਪ ਹੀ ਦੇਖਦੇ ਹਾਂ,ਕਿ ਉਸ ਦੇ ਜੀਨਸ ਨਾਰਮਲ ਹਨ ਜਾਂ ਫਿਰ ਨਹੀਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)