ਅਰਜੁਨ ਐਵਾਰਡੀ ਬਲਵਿੰਦਰ ਸਿੰਘ ਧਾਲੀਵਾਲ ਦਾ ਦੇਹਾਂਤ: ਉਹ ਗ੍ਰੰਥੀ ਜਿਸ ਨੇ ਚੈਂਪੀਅਨ ਬਣਾਏ

    • ਲੇਖਕ, ਸੌਰਭ ਦੁੱਗਲ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਭਾਰਤੀ ਐਥਲੈਟਿਕਸ ਜਗਤ ਨੇ ਸੋਮਵਾਰ ਨੂੰ ਆਪਣੀ ਇੱਕ ਬੇਹੱਦ ਸਤਿਕਾਰਤ ਸ਼ਖ਼ਸੀਅਤ ਨੂੰ ਗੁਆ ਦਿੱਤਾ। ਅਰਜੁਨ ਪੁਰਸਕਾਰ ਜੇਤੂ ਬਲਵਿੰਦਰ ਸਿੰਘ ਧਾਲੀਵਾਲ ਦਾ ਦੇਹਾਂਤ ਹੋ ਗਿਆ ਜੋ ਇੱਕ ਸਾਬਕਾ ਅੰਤਰਰਾਸ਼ਟਰੀ ਸ਼ਾਟ ਪੁਟਰ, ਕੋਚ ਅਤੇ ਗ੍ਰੰਥੀ ਸਨ। ਉਨ੍ਹਾਂ ਦਾ ਜੀਵਨ ਖੇਡ ਵਿੱਚ ਉੱਤਮਤਾ, ਅਧਿਆਤਮਿਕ ਸ਼ਰਧਾ ਅਤੇ ਨਿਰ-ਸਵਾਰਥ ਸੇਵਾ ਦਾ ਇੱਕ ਦੁਰਲੱਭ ਮਿਸ਼ਰਣ ਸੀ।

67 ਸਾਲਾ ਧਾਲੀਵਾਲ ਦਾ ਇਸ ਸਾਲ ਜਨਵਰੀ ਵਿੱਚ ਫੇਫੜਿਆਂ ਦੇ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।

ਐਥਲੈਟਿਕਸ ਦੇ ਖੇਤਰ ਵਿੱਚ ਪਿਆਰ ਨਾਲ 'ਬਾਬਾ ਬਲਵਿੰਦਰ ਸਿੰਘ' ਦੇ ਨਾਮ ਨਾਲ ਜਾਣੇ ਜਾਣ ਵਾਲੇ, ਉਹ ਏਸ਼ੀਅਨ ਖੇਡਾਂ ਦੇ ਤਗ਼ਮਾ ਜੇਤੂ ਅਤੇ ਰਾਸ਼ਟਰੀ ਰਿਕਾਰਡ ਧਾਰਕ ਹੋਣ ਤੋਂ ਕਿਤੇ ਵੱਧ ਸਨ।

ਮੁਕਾਬਲੇ ਤੋਂ ਸੰਨਿਆਸ ਲੈਣ ਅਤੇ ਬਾਅਦ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NIS), ਪਟਿਆਲਾ ਵਿੱਚੋਂ ਕੋਚਿੰਗ ਦੇਣ ਤੋਂ ਰਿਟਾਇਰ ਹੋਣ ਤੋਂ ਬਾਅਦ, ਉਨ੍ਹਾਂ ਨੇ ਇੱਕ ਅਜਿਹਾ ਰਸਤਾ ਚੁਣਿਆ ਜੋ ਉੱਘੇ ਐਥਲੀਟਾਂ ਨੇ ਬਹੁਤ ਘੱਟ ਹੀ ਅਪਣਾਇਆ ਹੈ।

ਉਹ ਗ੍ਰੰਥੀ ਬਣ ਗਏ, ਆਪਣੇ ਆਪ ਨੂੰ ਧਾਰਮਿਕ ਸੇਵਾ ਲਈ ਸਮਰਪਿਤ ਕਰ ਦਿੱਤਾ ਅਤੇ ਇੱਕ ਗੁਰਦੁਆਰੇ ਨੂੰ ਖੇਡਾਂ ਦੇ ਉੱਤਮਤਾ ਦੇ ਕੇਂਦਰ ਵਿੱਚ ਬਦਲ ਦਿੱਤਾ।

ਸੂਰਜ ਚੜ੍ਹਨ ਤੋਂ ਬਹੁਤ ਪਹਿਲਾਂ, ਬਾਬਾ ਬਲਵਿੰਦਰ ਸਿੰਘ ਆਪਣੀ ਦਿਨ ਦੀ ਸ਼ੁਰੂਆਤ ਪ੍ਰਾਰਥਨਾ ਤੋਂ ਕਰਦੇ ਸਨ। ਐਥਲੀਟਾਂ ਦੇ ਆਪਣੇ ਸਿਖਲਾਈ ਸੈਸ਼ਨ ਪੂਰੇ ਕਰਨ ਤੋਂ ਬਹੁਤ ਸਮੇਂ ਬਾਅਦ, ਉਹ ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਵੱਲ ਪਰਤਦੇ ਸਨ।

ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ, ਉਨ੍ਹਾਂ ਦੇ ਜੀਵਨ ਵਿੱਚ ਸ਼ਰਧਾ ਅਤੇ ਖੇਡ ਇੱਕ-ਦੂਜੇ ਨਾਲ ਪੂਰੀ ਤਰ੍ਹਾਂ ਘੁਲਮਿਲ ਕੇ ਰਹੇ।

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘੋਰਾਲਾ ਵਿੱਚ ਜਨਮੇ ਬਲਵਿੰਦਰ ਸਿੰਘ ਨੇ ਇੱਕ ਸਾਧਾਰਨ ਪਿਛੋਕੜ ਤੋਂ ਉੱਠ ਕੇ ਭਾਰਤ ਦੇ ਸਭ ਤੋਂ ਵਧੀਆ ਥ੍ਰੋਅਰਾਂ ਵਿੱਚੋਂ ਇੱਕ ਬਣਨ ਦਾ ਸਫ਼ਰ ਤੈਅ ਕੀਤਾ।

ਉਨ੍ਹਾਂ ਨੇ 1982 ਦੀਆਂ ਏਸ਼ੀਅਨ ਖੇਡਾਂ ਵਿੱਚ ਸ਼ਾਟ ਪੁੱਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਬਾਅਦ ਵਿੱਚ 1989 ਦੀਆਂ ਏਸ਼ੀਅਨ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ।

ਆਪਣੇ ਸ਼ਾਨਦਾਰ ਕਰੀਅਰ ਦੌਰਾਨ, ਉਨ੍ਹਾਂ ਨੇ ਕਈ ਮੌਕਿਆਂ 'ਤੇ ਰਾਸ਼ਟਰੀ ਅਤੇ ਏਸ਼ੀਆਈ ਰਿਕਾਰਡ ਤੋੜੇ ਅਤੇ ਦੇਸ਼ ਦੇ ਮਹਾਨ ਖਿਡਾਰੀਆਂ ਵਿੱਚ ਆਪਣਾ ਸਥਾਨ ਬਣਾਇਆ। ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ 1983 ਵਿੱਚ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਅਤੇ 1987 ਵਿੱਚ ਵੱਕਾਰੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਫਿਰ ਵੀ ਬਲਵਿੰਦਰ ਸਿੰਘ ਦੀ ਯਾਤਰਾ ਨੂੰ ਅਸਾਧਾਰਨ ਬਣਾਉਣ ਵਾਲੀ ਗੱਲ ਸਿਰਫ਼ ਉਨ੍ਹਾਂ ਦੀ ਖੇਡ ਜਗਤ ਦੀ ਸਫਲਤਾ ਹੀ ਨਹੀਂ ਸੀ, ਸਗੋਂ ਉਹ ਜ਼ਿੰਦਗੀ ਸੀ ਜਿਸਨੂੰ ਉਨ੍ਹਾਂ ਨੇ ਬਾਅਦ ਵਿੱਚ ਚੁਣਿਆ।

ਜਿੱਥੇ ਕਈ ਦਿੱਗਜ ਖਿਡਾਰੀ ਸੇਵਾਮੁਕਤੀ ਤੋਂ ਬਾਅਦ ਦੇ ਆਪਣੇ ਸਾਲਾਂ ਨੂੰ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਨੂੰ ਯਾਦ ਕਰਦੇ ਹੋਏ ਬਿਤਾਉਂਦੇ ਹਨ, ਉੱਥੇ ਉਨ੍ਹਾਂ ਨੇ ਆਪਣਾ ਜੀਵਨ ਸ਼ਰਧਾ, ਸੇਵਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਪਾਲਣ-ਪੋਸ਼ਣ ਲਈ ਸਮਰਪਿਤ ਕਰ ਦਿੱਤਾ।

ਐਥਲੈਟਿਕਸ ਦੇ ਮੈਦਾਨ ਤੋਂ ਗੁਰਦੁਆਰੇ ਦੀ ਸੇਵਾ ਤੱਕ

ਸਾਲ 2005 ਦੇ ਅਖੀਰ ਤੋਂ, ਬਲਵਿੰਦਰ ਸਿੰਘ ਚੰਡੀਗੜ੍ਹ ਦੇ ਸੈਕਟਰ 39-ਸੀ ਵਿੱਚ ਸਥਿਤ ਗੁਰਦੁਆਰਾ ਨਾਨਕ ਸਾਗਰ ਵਿਖੇ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਸਨ, ਜਿੱਥੇ ਉਹ ਰੋਜ਼ਾਨਾ ਦੇ ਧਾਰਮਿਕ ਫਰਜ਼ ਨਿਭਾਉਂਦੇ ਹੋਏ ਨੌਜਵਾਨ ਅਥਲੀਟਾਂ ਦਾ ਮਾਰਗਦਰਸ਼ਨ ਵੀ ਕਰਦੇ ਸਨ।

ਰਾਸ਼ਟਰੀ ਕੋਚ ਅਤੇ ਅੰਤਰਰਾਸ਼ਟਰੀ ਅਥਲੀਟ ਤੋਂ ਗ੍ਰੰਥੀ ਬਣਨ ਦੀ ਇਹ ਤਬਦੀਲੀ ਉਨ੍ਹਾਂ ਦੇ ਅਧਿਆਤਮਿਕ ਗੁਰੂ, ਬਾਬਾ ਵਿਰਸਾ ਸਿੰਘ ਦੇ ਕਹਿਣ ਤੋਂ ਬਾਅਦ ਆਈ। ਪਟਿਆਲਾ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਕੋਚ ਵਜੋਂ ਸੇਵਾ ਨਿਭਾਉਂਦੇ ਹੋਏ, ਬਲਵਿੰਦਰ ਸਿੰਘ ਨੂੰ ਚੰਡੀਗੜ੍ਹ ਜਾ ਕੇ ਗੁਰਦੁਆਰੇ ਦੀ ਜ਼ਿੰਮੇਵਾਰੀ ਸੰਭਾਲਣ ਦਾ ਨਿਰਦੇਸ਼ ਦਿੱਤਾ ਗਿਆ ਸੀ।

ਬਲਵਿੰਦਰ ਸਿੰਘ ਲਈ, ਇਸ ਫੈਸਲੇ ਲਈ ਕਿਸੇ ਵਿਚਾਰ-ਵਟਾਂਦਰੇ ਦੀ ਜ਼ਰੂਰਤ ਨਹੀਂ ਸੀ।

ਉਨ੍ਹਾਂ ਨੇ ਇੱਕ ਵਾਰ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਸੀ, ''ਮੇਰੇ ਗੁਰੂ ਦਾ ਬਚਨ ਅੰਤਿਮ ਹੁੰਦਾ ਸੀ।''

ਉਨ੍ਹਾਂ ਨੇ ਆਪਣੀ ਕੋਚਿੰਗ ਦੀਆਂ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਅਤੇ ਆਪਣੇ ਆਪ ਨੂੰ ਧਾਰਮਿਕ ਸੇਵਾ ਲਈ ਸਮਰਪਿਤ ਕਰ ਦਿੱਤਾ। ਐਥਲੈਟਿਕਸ ਪ੍ਰਤੀ ਉਨ੍ਹਾਂ ਦੇ ਜਨੂੰਨ ਨੂੰ ਪਛਾਣਦੇ ਹੋਏ, ਬਾਬਾ ਵਿਰਸਾ ਸਿੰਘ ਨੇ ਉਨ੍ਹਾਂ ਨੂੰ ਗੁਰਦੁਆਰੇ ਦੇ ਅੰਦਰ ਹੀ ਨੌਜਵਾਨਾਂ ਨੂੰ ਸਿਖਲਾਈ ਦਿੰਦੇ ਰਹਿਣ ਲਈ ਪ੍ਰੇਰਿਤ ਕੀਤਾ।

ਉਸ ਦ੍ਰਿਸ਼ਟੀਕੋਣ ਦੇ ਨਤੀਜੇ ਵਜੋਂ ਜਨਵਰੀ 2006 ਵਿੱਚ ਬਾਬਾ ਸ਼੍ਰੀਚੰਦ ਸਪੋਰਟਸ ਅਕੈਡਮੀ ਦੀ ਸਥਾਪਨਾ ਕੀਤੀ ਗਈ।

ਉਹ ਗੁਰਦੁਆਰਾ ਜਿਸਨੇ ਚੈਂਪੀਅਨ ਪੈਦਾ ਕੀਤੇ

ਇਹ ਨਜ਼ਾਰਾ ਕੁਝ ਅਲੱਗ ਹੀ ਸੀ: ਇੱਕ ਗ੍ਰੰਥੀ ਟ੍ਰੈਕ ਪੈਂਟ ਪਹਿਨ ਕੇ ਗੁਰਦੁਆਰੇ ਦੇ ਕੰਪਲੈਕਸ ਦੇ ਅੰਦਰ ਡਿਸਕਸ, ਸ਼ਾਟ ਪੁੱਟ ਅਤੇ ਹੈਮਰ ਥ੍ਰੋ ਸੈਸ਼ਨਾਂ ਦੀ ਨਿਗਰਾਨੀ ਕਰ ਰਹੇ ਸਨ।

ਸ਼ੁਰੂ ਵਿੱਚ ਗੁਰਦੁਆਰੇ ਆਉਣ ਵਾਲੇ ਕਈ ਸ਼ਰਧਾਲੂ ਇਹ ਦੇਖ ਕੇ ਹੈਰਾਨ ਹੋ ਗਏ ਸਨ।

''ਸ਼ੁਰੂਆਤ ਵਿੱਚ, ਟ੍ਰੈਕ ਪੈਂਟ ਪਹਿਨ ਕੇ ਧਾਰਮਿਕ ਡਿਊਟੀਆਂ ਨਿਭਾਉਂਦੇ ਹੋਏ ਗ੍ਰੰਥੀ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਸਨ।'' ਬਲਵਿੰਦਰ ਸਿੰਘ ਨੇ ਇੱਕ ਵਾਰ ਕਿਹਾ ਸੀ। "ਪਰ ਜਦੋਂ ਉਨ੍ਹਾਂ ਨੂੰ ਕੋਚਿੰਗ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਤਰਾਜ਼ ਕਰਨਾ ਬੰਦ ਕਰ ਦਿੱਤਾ।''

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਜਿਨ੍ਹਾਂ ਵਿੱਚ ਜਨਰਲ ਐੱਚ.ਆਰ. ਮਾਨ, ਫੁਲਵੰਤ ਸਿੰਘ ਅਤੇ ਡਾ. ਮੰਗਲ ਸੰਧੂ ਸ਼ਾਮਲ ਸਨ, ਦੇ ਸਹਿਯੋਗ ਨਾਲ ਅਕੈਡਮੀ ਨੇ ਹੌਲੀ-ਹੌਲੀ ਸਿਖਲਾਈ ਸਹੂਲਤਾਂ, ਇੱਕ ਹੋਸਟਲ ਅਤੇ ਇੱਕ ਜਿਮਨੇਜ਼ੀਅਮ ਵਿਕਸਤ ਕੀਤਾ।

ਸਮੇਂ ਦੇ ਨਾਲ, ਇਹ ਇਸ ਖੇਤਰ ਵਿੱਚ ਥ੍ਰੋਇੰਗ ਮੁਕਾਬਲਿਆਂ ਲਈ ਸਭ ਤੋਂ ਵੱਧ ਉਤਪਾਦਕ ਕੇਂਦਰਾਂ ਵਿੱਚੋਂ ਇੱਕ ਵਜੋਂ ਉੱਭਰਿਆ।

ਅਕੈਡਮੀ ਨੂੰ ਪਹਿਲੀ ਵੱਡੀ ਸਫਲਤਾ 2008 ਵਿੱਚ ਮਿਲੀ, ਜਦੋਂ ਏਤੇਂਦਰ ਵਿਕਰਮਜੀਤ ਸਿੰਘ ਨੇ ਉੱਤਰੀ ਜ਼ੋਨ ਚੈਂਪੀਅਨਸ਼ਿਪ ਵਿੱਚ ਡਿਸਕਸ ਥ੍ਰੋਅ ਵਿੱਚ ਸੋਨ ਤਗ਼ਮਾ ਜਿੱਤਿਆ। ਉਸੇ ਸਾਲ, ਕਸ਼ਿਸ਼ ਖੰਨਾ ਨੇ ਇੰਟਰ-ਜ਼ੋਨ ਮੀਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਜਦੋਂ ਕਿ ਹਰਿੰਦਰ ਰਾਣਾ ਨੇ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

2010 ਵਿੱਚ ਕੁਲਤੇਜ ਸਿੰਘ ਨੇ ਅੰਡਰ-18 ਡਿਸਕਸ ਥ੍ਰੋਅ ਵਿੱਚ ਇੱਕ ਰਾਸ਼ਟਰੀ ਰਿਕਾਰਡ ਬਣਾਇਆ।

ਬਲਵਿੰਦਰ ਸਿੰਘ ਦੇ ਮਾਰਗਦਰਸ਼ਨ ਵਿੱਚ ਸਿਖਲਾਈ ਲੈਣ ਵਾਲੇ 20 ਤੋਂ ਵੱਧ ਐਥਲੀਟਾਂ ਨੇ ਬਾਅਦ ਵਿੱਚ ਖੇਡ ਕੋਟੇ ਰਾਹੀਂ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਦਾ ਆਪਣਾ ਪੁੱਤਰ, ਪਰਮਜੀਤ ਸਿੰਘ ਵੀ ਰਾਸ਼ਟਰੀ ਪੱਧਰ ਦਾ ਸ਼ਾਟਪੁੱਟ ਤਗ਼ਮਾ ਜੇਤੂ ਬਣਿਆ।

ਆਪਣੀ ਅਕੈਡਮੀ ਵਿੱਚ ਐਥਲੀਟਾਂ ਨੂੰ ਸਲਾਹ ਦੇਣ ਤੋਂ ਇਲਾਵਾ ਬਲਵਿੰਦਰ ਸਿੰਘ ਨਿਯਮਿਤ ਰੂਪ ਨਾਲ ਪੰਜਾਬ ਯੂਨੀਵਰਸਿਟੀ ਵਿੱਚ ਥ੍ਰੋਅਰਾਂ ਨੂੰ ਕੋਚਿੰਗ ਦਿੰਦੇ ਸਨ ਅਤੇ ਇਸ ਖੇਤਰ ਵਿੱਚ ਐਥਲੈਟਿਕਸ ਦੇ ਵਿਕਾਸ ਨਾਲ ਨਜ਼ਦੀਕ ਤੋਂ ਜੁੜੇ ਰਹੇ।

ਨੰਬਰ ਅਤੇ ਮੈਡਲ ਕਹਾਣੀ ਦਾ ਸਿਰਫ਼ ਇੱਕ ਹਿੱਸਾ ਹੀ ਦੱਸਦੇ ਹਨ। ਬਹੁਤ ਸਾਰੇ ਐਥਲੀਟਾਂ ਲਈ ਬਲਵਿੰਦਰ ਸਿੰਘ ਦਾ ਸਭ ਤੋਂ ਵੱਡਾ ਯੋਗਦਾਨ ਉਹ ਮਾਰਗਦਰਸ਼ਨ ਸੀ ਜੋ ਉਨ੍ਹਾਂ ਨੇ ਖੇਡ ਦੇ ਮੈਦਾਨ ਤੋਂ ਬਾਹਰ ਪ੍ਰਦਾਨ ਕੀਤਾ।

ਰਾਸ਼ਟਰੀ ਸੋਨ ਤਗ਼ਮਾ ਜੇਤੂ ਸ਼ਾਟ ਪੁਟਰ ਕਸ਼ਿਸ਼ ਖੰਨਾ, ਜੋ ਇਸ ਸਮੇਂ ਚੰਡੀਗੜ੍ਹ ਵਿੱਚ ਆਮਦਨ ਕਰ ਵਿਭਾਗ ਵਿੱਚ ਨੌਕਰੀ ਕਰ ਰਹੇ ਹਨ, 2006 ਵਿੱਚ ਗੁਰਦੁਆਰਾ ਅਕੈਡਮੀ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਸਿਖਿਆਰਥੀਆਂ ਵਿੱਚੋਂ ਇੱਕ ਸਨ।

ਕਸ਼ਿਸ਼ ਨੇ ਕਿਹਾ, ''ਮੈਂ 2006 ਵਿੱਚ ਬਲਵਿੰਦਰ ਸਰ ਦੀ ਅਗਵਾਈ ਹੇਠ ਆਪਣਾ ਖੇਡ ਕਰੀਅਰ ਸ਼ੁਰੂ ਕੀਤਾ ਸੀ ਅਤੇ ਮੈਂ ਗੁਰਦੁਆਰਾ ਅਕੈਡਮੀ ਦੇ ਪਹਿਲੇ ਸਿਖਿਆਰਥੀਆਂ ਵਿੱਚੋਂ ਇੱਕ ਸੀ। ਅੱਜ ਮੈਂ ਜੋ ਵੀ ਕੁਝ ਹਾਸਿਲ ਕੀਤਾ ਹੈ, ਉਹ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਆਸ਼ੀਰਵਾਦ ਸਦਕਾ ਹੀ ਹੈ।''

ਕਸ਼ਿਸ਼ ਦੇ ਅਨੁਸਾਰ, ਬਲਵਿੰਦਰ ਸਿੰਘ ਦੀ ਕੋਚਿੰਗ ਸ਼ੈਲੀ ਰਵਾਇਤੀ ਤਰੀਕੇ ਤੋਂ ਬਿਲਕੁਲ ਅਲੱਗ ਸੀ।

''ਉਨ੍ਹਾਂ ਦੀ ਕੋਚਿੰਗ ਸ਼ੈਲੀ ਦੂਜਿਆਂ ਨਾਲੋਂ ਬਹੁਤ ਵੱਖਰੀ ਸੀ। ਅਸੀਂ ਉਨ੍ਹਾਂ ਨੂੰ ਕਦੇ ਵੀ ਗੁੱਸੇ ਹੁੰਦੇ ਜਾਂ ਹਮਲਾਵਰ ਹੁੰਦੇ ਨਹੀਂ ਦੇਖਿਆ। ਉਹ ਹਮੇਸ਼ਾ ਸ਼ਾਂਤ, ਸੰਜਮੀ ਅਤੇ ਧੀਰਜਵਾਨ ਰਹਿੰਦੇ ਸਨ। ਉਨ੍ਹਾਂ ਦੇ ਨਿਰਦੇਸ਼ ਸੰਖੇਪ ਹੁੰਦੇ ਸਨ, ਪਰ ਬਹੁਤ ਪ੍ਰਭਾਵਸ਼ਾਲੀ ਹੁੰਦੇ ਸਨ ਅਤੇ ਉਨ੍ਹਾਂ ਦੇ ਖਿਡਾਰੀਆਂ 'ਤੇ ਉਨ੍ਹਾਂ ਦਾ ਸਥਾਈ ਪ੍ਰਭਾਵ ਪੈਂਦਾ ਸੀ।''

''ਮੈਨੂੰ ਹੁਣ ਵੀ ਉਹ ਦੌਰ ਯਾਦ ਹੈ ਜਦੋਂ ਮੈਂ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਸੰਘਰਸ਼ ਕਰ ਰਹੀ ਸੀ। ਬਾਬਾ ਜੀ ਨੇ ਮੈਨੂੰ ਕਿਹਾ ਸੀ ਕਿ ਮੇਰੀ ਸਭ ਤੋਂ ਵੱਡੀ ਚੁਣੌਤੀ ਮੇਰਾ ਵਜ਼ਨ ਹੈ। ਉਨ੍ਹਾਂ ਦੀ ਸਲਾਹ ਮੰਨਦੇ ਹੋਏ, ਮੈਂ ਆਪਣਾ ਭਾਰ 35 ਕਿਲੋਗ੍ਰਾਮ ਘਟਾ ਦਿੱਤਾ। ਉਸੇ ਸਾਲ, ਮੈਂ ਰਾਸ਼ਟਰੀ ਚੈਂਪੀਅਨ ਬਣੀ ਅਤੇ 2014 ਦੀ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ।'' ਕਸ਼ਿਸ਼ ਨੇ ਕਿਹਾ।

ਆਪਣੇ ਗੁਰੂ ਨੂੰ ਯਾਦ ਕਰਦੇ ਹੋਏ ਕਸ਼ਿਸ਼ ਦੀ ਆਵਾਜ਼ ਭਾਰੀ ਹੋ ਗਈ।

ਉਹ ਖਿਡਾਰੀ ਜਿਸਨੇ ਕਦੇ ਆਪਣੀ ਸ਼ਰਧਾ ਨਹੀਂ ਛੱਡੀ

ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਦੇ ਮੁਕਾਬਲੇ ਹੁੰਦੇ ਸਨ, ਉਨ੍ਹਾਂ ਨੂੰ ਵੀ ਉਹੀ ਗੁਣ ਯਾਦ ਸਨ ਜਿਨ੍ਹਾਂ ਵਾਰੇ ਉਨ੍ਹਾਂ ਦੇ ਵਿਦਿਆਰਥੀ ਪ੍ਰਸ਼ੰਸਾ ਕਰਦੇ ਸਨ - ਅਨੁਸ਼ਾਸਨ, ਨਿਮਰਤਾ ਅਤੇ ਅਟੁੱਟ ਵਿਸ਼ਵਾਸ।

ਦਿੱਗਜ ਸ਼ਾਟ ਪੁਟਰ ਬਹਾਦਰ ਸਿੰਘ-1982 ਦੀਆਂ ਏਸ਼ੀਅਨ ਖੇਡਾਂ ਦੇ ਸੋਨ ਤਗ਼ਮਾ ਜੇਤੂ ਹਨ, ਜਿਨ੍ਹਾਂ ਨੇ ਬਲਵਿੰਦਰ ਸਿੰਘ ਨਾਲ ਖੇਡ ਦੇ ਮੈਦਾਨ ਅਤੇ ਰਾਸ਼ਟਰੀ ਕੈਂਪ ਦੋਵੇਂ ਸਾਂਝੇ ਕੀਤੇ ਸਨ, ਨੇ ਬਲਵਿੰਦਰ ਸਿੰਘ ਨੂੰ ਸਭ ਤੋਂ ਸਮਰਪਿਤ ਐਥਲੀਟਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ।

''ਬਲਵਿੰਦਰ ਸਿੰਘ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵਧੀਆ ਸ਼ਾਟ ਪੁਟ ਖਿਡਾਰੀਆਂ ਵਿੱਚੋਂ ਇੱਕ ਸਨ। ਅਸੀਂ ਇਕੱਠੇ ਕਈ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਅਤੇ ਰਾਸ਼ਟਰੀ ਕੈਂਪਾਂ ਦਾ ਹਿੱਸਾ ਵੀ ਰਹੇ। ਇਨ੍ਹਾਂ ਸਾਰੇ ਸਾਲਾਂ ਵਿੱਚ, ਮੈਨੂੰ ਉਨ੍ਹਾਂ ਤੋਂ ਜ਼ਿਆਦਾ ਸਮਰਪਿਤ ਖਿਡਾਰੀ ਕਦੇ ਨਹੀਂ ਮਿਲਿਆ।''

''ਸਿਖਲਾਈ ਕੈਂਪਾਂ ਦੌਰਾਨ, ਤੁਸੀਂ ਉਨ੍ਹਾਂ ਨੂੰ ਜਾਂ ਤਾਂ ਮੈਦਾਨ 'ਤੇ ਆਪਣੀ ਕਲਾ ਨੂੰ ਨਿਖਾਰਨ ਲਈ ਲਗਾਤਾਰ ਕੰਮ ਕਰਦੇ ਹੋਏ ਦੇਖਦੇ ਜਾਂ ਫਿਰ ਉਨ੍ਹਾਂ ਨੂੰ ਪ੍ਰਾਰਥਨਾ ਵਿੱਚ ਲੀਨ ਅਤੇ ਪਰਮਾਤਮਾ ਦਾ ਨਾਮ ਜਪਦੇ ਹੋਏ ਦੇਖਦੇ। ਆਪਣੇ ਪੂਰੇ ਖੇਡ ਕਰੀਅਰ ਦੌਰਾਨ, ਮੈਂ ਕਦੇ ਵੀ ਬਲਵਿੰਦਰ ਜਿੰਨਾ ਧਾਰਮਿਕ ਅਤੇ ਅਧਿਆਤਮਿਕ ਤੌਰ 'ਤੇ ਸਮਰਪਿਤ ਖਿਡਾਰੀ ਨਹੀਂ ਦੇਖਿਆ। ਉਹ ਗੱਪਸ਼ੱਪ ਤੋਂ ਦੂਰ ਰਹਿੰਦੇ ਸਨ, ਕਦੇ ਕਿਸੇ ਬਾਰੇ ਬੁਰਾ ਨਹੀਂ ਬੋਲਿਆ ਅਤੇ ਹਮੇਸ਼ਾ ਨਿਮਰਤਾ ਅਤੇ ਮਾਣ ਨਾਲ ਪੇਸ਼ ਆਉਂਦੇ ਸਨ। ਉਨ੍ਹਾਂ ਦਾ ਦੇਹਾਂਤ ਖੇਡ ਜਗਤ ਲਈ ਇੱਕ ਬਹੁਤ ਵੱਡਾ ਘਾਟਾ ਹੈ।''

ਬਹਾਦਰ ਸਿੰਘ ਨੇ ਇੱਕ ਅਜਿਹੀ ਘਟਨਾ ਨੂੰ ਵੀ ਯਾਦ ਕੀਤਾ ਜਿਸ ਨਾਲ ਬਲਵਿੰਦਰ ਸਿੰਘ ਦਾ ਆਤਮ-ਸਨਮਾਨ ਅਤੇ ਸ਼ਾਂਤ ਦ੍ਰਿੜ ਇਰਾਦਾ ਪ੍ਰਗਟ ਹੁੰਦਾ ਹੈ।

1982 ਦੀਆਂ ਏਸ਼ੀਅਨ ਖੇਡਾਂ ਵਿੱਚ ਕਾਂਸੀ ਦੇ ਤਗ਼ਮੇ ਜਿੱਤਣ ਤੋਂ ਬਾਅਦ, ਬਲਵਿੰਦਰ ਸਿੰਘ ਪੰਜਾਬ ਪੁਲਿਸ ਦੇ ਖੇਡ ਅਧਿਕਾਰੀਆਂ ਨੂੰ ਮਿਲਣ ਗਏ, ਜਿੱਥੇ ਉਹ ਉਸ ਸਮੇਂ ਨੌਕਰੀ ਕਰਦੇ ਸਨ। ਵਧਾਈ ਦੇਣ ਦੀ ਬਜਾਏ, ਉਨ੍ਹਾਂ ਨੂੰ ਸਿਰਫ਼ ਡਿਊਟੀ 'ਤੇ ਹਾਜ਼ਰ ਹੋਣ ਲਈ ਕਿਹਾ ਗਿਆ।

ਇਸ ਜਵਾਬ ਨੇ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਾਇਆ।

ਇਹ ਮੰਨਦੇ ਹੋਏ ਕਿ ਖੇਡ ਪ੍ਰਾਪਤੀਆਂ ਮਾਨਤਾ ਅਤੇ ਸਤਿਕਾਰ ਦੀਆਂ ਹੱਕਦਾਰ ਹਨ, ਉਨ੍ਹਾਂ ਨੇ ਪੰਜਾਬ ਪੁਲਿਸ ਤੋਂ ਅਸਤੀਫਾ ਦੇ ਦਿੱਤਾ ਅਤੇ ਬਾਅਦ ਵਿੱਚ ਜਮਸ਼ੇਦਪੁਰ ਵਿੱਚ ਟਾਟਾ ਸਟੀਲ ਵਿੱਚ ਸ਼ਾਮਲ ਹੋ ਗਏ।

ਬਲਵਿੰਦਰ ਸਿੰਘ ਧਾਲੀਵਾਲ ਨੂੰ ਯਾਦ ਕਰਦਿਆਂ...

ਉਨ੍ਹਾਂ ਦੇ ਪ੍ਰਭਾਵ ਨੂੰ ਨਾ ਸਿਰਫ਼ ਅਥਲੀਟਾਂ ਨੇ ਮਹਿਸੂਸ ਕੀਤਾ, ਸਗੋਂ ਉਨ੍ਹਾਂ ਪ੍ਰਸ਼ਾਸਕਾਂ ਅਤੇ ਅਧਿਕਾਰੀਆਂ ਨੇ ਵੀ ਜਿਨ੍ਹਾਂ ਨੇ ਦਹਾਕਿਆਂ ਤੱਕ ਉਨ੍ਹਾਂ ਨਾਲ ਕੰਮ ਕੀਤਾ।

ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਦੇ ਉਪ-ਪ੍ਰਧਾਨ ਅਤੇ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਸਕੱਤਰ ਰਵਿੰਦਰ ਚੌਧਰੀ ਨੇ ਕਿਹਾ, ''ਬਲਵਿੰਦਰ ਸਿੰਘ ਦਾ ਦੇਹਾਂਤ ਭਾਰਤੀ ਐਥਲੈਟਿਕਸ ਲਈ ਇੱਕ ਬਹੁਤ ਵੱਡਾ ਘਾਟਾ ਹੈ। ਉਹ ਇੱਕ ਅੰਤਰਰਾਸ਼ਟਰੀ ਤਗ਼ਮਾ ਜੇਤੂ ਅਤੇ ਅਰਜੁਨ ਪੁਰਸਕਾਰ ਜੇਤੂ ਖਿਡਾਰੀ ਸਨ ਜੋ ਸੇਵਾਮੁਕਤੀ ਦੇ ਬਾਅਦ ਆਸਾਨੀ ਨਾਲ ਆਪਣੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹੋਏ ਜੀਵਨ ਬਿਤਾ ਸਕਦੇ ਸਨ, ਪਰ ਇਸ ਦੀ ਬਜਾਏ, ਉਨ੍ਹਾਂ ਨੇ ਸੇਵਾ ਦਾ ਮਾਰਗ ਚੁਣਿਆ।''

''ਉਹ ਚੰਡੀਗੜ੍ਹ ਵਿੱਚ ਹੋਣ ਵਾਲੀਆਂ ਐਥਲੈਟਿਕਸ ਚੈਂਪੀਅਨਸ਼ਿਪਾਂ ਵਿੱਚ ਨਿਯਮਿਤ ਤੌਰ 'ਤੇ ਹਾਜ਼ਰ ਰਹਿੰਦੇ ਸਨ ਅਤੇ ਸੰਗਠਨਾਤਮਕ ਜ਼ਿੰਮੇਵਾਰੀਆਂ ਲਈ ਸਵੈ-ਇੱਛਾ ਨਾਲ ਅੱਗੇ ਆਉਣ ਵਾਲਿਆਂ ਵਿੱਚ ਹਮੇਸ਼ਾ ਸਭ ਤੋਂ ਪਹਿਲੇ ਵਿਅਕਤੀਆਂ ਵਿੱਚੋਂ ਹੁੰਦੇ ਸਨ। ਆਪਣੇ ਉੱਚੇ ਕੱਦ ਦੇ ਬਾਵਜੂਦ, ਉਹ ਬਹੁਤ ਨਿਮਰ ਅਤੇ ਸਿੱਧੇ-ਸਾਦੇ ਬਣੇ ਰਹੇ। ਉਨ੍ਹਾਂ ਵਰਗੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਖਿਡਾਰੀਆਂ ਵਿੱਚ ਅਜਿਹੀ ਨਿਮਰਤਾ ਬਹੁਤ ਘੱਟ ਹੀ ਦੇਖਣ ਨੂੰ ਮਿਲਦੀ ਹੈ।''

ਬਲਵਿੰਦਰ ਸਿੰਘ ਦੇ ਦੇਹਾਂਤ ਨਾਲ ਭਾਰਤੀ ਐਥਲੈਟਿਕਸ ਨੇ ਇੱਕ ਚੈਂਪੀਅਨ ਗੁਆ ਦਿੱਤਾ ਹੈ, ਚੰਡੀਗੜ੍ਹ ਨੇ ਇੱਕ ਸਤਿਕਾਰਯੋਗ ਗ੍ਰੰਥੀ ਨੂੰ ਗੁਆ ਦਿੱਤਾ ਹੈ ਅਤੇ ਅਥਲੀਟਾਂ ਦੀਆਂ ਕਈਆਂ ਪੀੜ੍ਹੀਆਂ ਨੇ ਇੱਕ ਮਾਰਗਦਰਸ਼ਕ ਗੁਆ ਦਿੱਤਾ ਹੈ।

ਫਿਰ ਵੀ ਉਨ੍ਹਾਂ ਦੀ ਵਿਰਾਸਤ ਤਗਮਿਆਂ ਅਤੇ ਰਿਕਾਰਡਾਂ ਤੋਂ ਕਿਤੇ ਅੱਗੇ ਤੱਕ ਫੈਲੀ ਹੋਈ ਹੈ। ਖੇਡ ਵਿੱਚ ਉੱਤਮਤਾ, ਅਧਿਆਤਮਿਕ ਸ਼ਰਧਾ ਅਤੇ ਨਿਰਸਵਾਰਥ ਸੇਵਾ ਦੇ ਆਪਣੇ ਦੁਰਲੱਭ ਮਿਸ਼ਰਣ ਰਾਹੀਂ, ਉਨ੍ਹਾਂ ਨੇ ਇਹ ਦਿਖਾਇਆ ਕਿ ਮਹਾਨਤਾ ਦਾ ਪੱਧਰ ਸਿਰਫ਼ ਪ੍ਰਾਪਤੀਆਂ ਹੀ ਨਹੀਂ, ਬਲਕਿ ਉਹ ਵੀ ਹੈ ਜੋ ਜੀਵਨ ਵਿਅਕਤੀ ਬਸਰ ਕਰਦਾ ਹੈ।

ਹਜ਼ਾਰਾਂ ਲੋਕ ਜੋ ਉਨ੍ਹਾਂ ਨੂੰ ਇੱਕ ਅਥਲੀਟ, ਕੋਚ, ਗ੍ਰੰਥੀ ਅਤੇ ਮਾਰਗਦਰਸ਼ਕ ਦੇ ਰੂਪ ਵਿੱਚ ਜਾਣਦੇ ਸਨ, ਉਨ੍ਹਾਂ ਸਾਰਿਆਂ ਲਈ ਬਾਬਾ ਬਲਵਿੰਦਰ ਸਿੰਘ ਧਾਲੀਵਾਲ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਯਾਦ ਕੀਤਾ ਜਾਵੇਗਾ ਜਿਨ੍ਹਾਂ ਨੇ ਪਛਾਣ ਦੀ ਬਜਾਏ ਸੇਵਾ ਨੂੰ, ਸ਼ੁਹਰਤ ਦੀ ਬਜਾਏ ਸ਼ਰਧਾ ਨੂੰ ਚੁਣਿਆ ਅਤੇ ਜਿਨ੍ਹਾਂ ਨੇ ਚੈਂਪੀਅਨਾਂ ਦੀ ਅਗਲੀ ਪੀੜ੍ਹੀ ਨੂੰ ਸੰਵਾਰਨਾ ਕਦੇ ਨਹੀਂ ਛੱਡਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)