ਪੰਜਾਬ ਦੇ ਦੋ ਸ਼ਹਿਰਾਂ ਵਿੱਚ ਲੰਘੀ ਰਾਤ ਦੋ 'ਧਮਾਕੇ', ਸੀਐੱਮ ਮਾਨ ਬੋਲੇ, 'ਇਹ ਭਾਜਪਾ ਦੀ ਚੋਣ ਤਿਆਰੀ', ਡੀਜੀਪੀ ਨੇ ਕੀ ਦੱਸਿਆ

ਤਸਵੀਰ ਸਰੋਤ, ravinder robin/bbc
ਲੰਘੀ ਰਾਤ ਪੰਜਾਬ ਦੇ ਦੋ ਵੱਖ ਵੱਖ ਸ਼ਹਿਰਾਂ ਵਿੱਚ ਦੋ 'ਬਲਾਸਟ' ਹੋਣ ਦੀਆਂ ਘਟਨਾਵਾਂ ਹੋਈਆਂ।
ਧਮਾਕੇ ਦੀ ਇੱਕ ਖ਼ਬਰ, ਜਲੰਧਰ ਅਤੇ ਇੱਕ ਅੰਮ੍ਰਿਤਸਰ ਤੋਂ ਆਈ ਹੈ। ਹਾਲਾਂਕਿ ਕਿਸੇ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਇਸ ਤੋਂ ਪਹਿਲਾਂ ਪਿਛਲੇ ਸੋਮਵਾਰ (27 ਅਪ੍ਰੈਲ) ਦੀ ਰਾਤ ਨੂੰ ਪਟਿਆਲਾ ਦੇ ਰਾਜਪੁਰਾ ਵਿਖੇ ਸ਼ੰਭੂ ਨੇੜੇ ਰੇਲ ਮਾਰਗ 'ਤੇ ਇੱਕ ਧਮਾਕਾ ਹੋਣ ਦੀ ਖਬਰ ਮਿਲੀ ਸੀ। ਧਮਾਕੇ ਮੌਕੇ ਕੋਈ ਰੇਲ ਗੱਡੀ ਉਸ ਟਰੈਕ ਤੋਂ ਨਹੀਂ ਲੰਘ ਰਹੀ ਸੀ। ਇਸ ਦੌਰਾਨ ਜਗਰੂਪ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਸੀ।
ਬੀਤੀ ਰਾਤ ਹੋਈਆਂ ਦੋਹੇਂ ਘਟਨਾਵਾਂ ਜਲੰਧਰ ਅਤੇ ਅੰਮ੍ਰਿਤਸਰ ਦੇ ਬੀਐਸਐਫ ਖੇਤਰਾਂ ਦੇ ਨੇੜੇ ਵਾਪਰੀਆਂ ਹਨ।
ਡੀਜੀਪੀ ਗੌਰਵ ਯਾਦਵ ਨੇ ਕੀ ਦੱਸਿਆ ?

ਤਸਵੀਰ ਸਰੋਤ, ravinder robin/bbc
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ ਦੇ ਖਾਸਾ ਆਰਮੀ ਕੈਂਪ ਨੇੜੇ ਹੋਏ ਧਮਾਕੇ ਵਾਲੀ ਥਾਂ ਮੁਆਇਨਾ ਕਰਨ ਬਾਅਦ ਇਸ ਬਾਰੇ ਮੀਡੀਆ ਨੂੰ ਸੰਬੋਧਨ ਕੀਤਾ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਐਫਆਈਆਰ ਦਰਜ ਕਰ ਲਈ ਗਈ ਹੈ। ਫੌਜ ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਜਾਂਚ ਹੋ ਰਹੀ ਹੈ। ਉਨ੍ਹਾਂ ਨੇ ਸਿਸਟਮੈਟਿਕ, ਵਿਗਿਆਨਕ, ਸੂਖਮ ਤਰੀਕੇ ਨਾਲ ਹਰ ਪਹਿਲੂ ਤੋਂ ਜਾਂਚ ਦਾ ਡੀਜੀਪੀ ਨੇ ਦਾਅਵਾ ਕੀਤਾ ਹੈ।
ਧਮਾਕੇ ਬਾਰੇ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਇਹ ਘੱਟ ਤੀਬਰਤਾ ਵਾਲਾ ਇੱਕ ਧਮਾਕਾ ਸੀ, ਪਰ ਕਿਹੜੀ ਡਿਵਾਈਸ ਵਰਤੀ ਗਈ, ਇਸ ਬਾਰੇ ਜਾਂਚ ਹੋ ਰਹੀ ਹੈ।
ਪਰ ਉਨ੍ਹਾਂ ਦੱਸਿਆ ਕਿ ਇਹ ਆਈਈਡੀ ਬਲਾਸਟ ਸੀ, ਮੌਕੇ ਕੋਲੋਂ ਕੋਈ ਤਾਰਾਂ ਨਹੀਂ ਮਿਲੀਆਂ ਇਸ ਲਈ ਸੰਭਾਵਨਾ ਹੋ ਸਕਦੀ ਹੈ ਕਿ ਇਹ ਧਮਾਕਾ ਰਿਮੋਟ ਨਾਲ ਕੀਤਾ ਗਿਆ ਜਾਂ ਟਾਈਮਡ ਧਮਾਕਾ ਸੀ।
ਉਨ੍ਹਾਂ ਦੱਸਿਆ ਕਿ ਫ਼ਿਲਹਾਲ ਕਿਸੇ ਨੇ ਇਸ ਬਲਾਸਟ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਉਹ ਮੰਨ ਰਹੇ ਹਾਂ ਕਿ 'ਆਪ੍ਰੇਸ਼ਨ ਸਿੰਦੂਰ' ਦੀ ਵਰ੍ਹੇਗੰਢ ਹੋਣ ਕਰਕੇ ਪਾਕਿਸਤਾਨ ਦੀ ਆਈਐਸਆਈ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ।

ਡੀਜੀਪੀ ਮੁਤਾਬਕ ਕੁਝ ਤਾਕਤਾਂ ਝੂਠਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਪੰਜਾਬ ਇੱਕ 'ਡਿਸਟਰਬ' ਸੂਬਾ ਹੈ, ਪਰ ਪੰਜਾਬ ਸਭ ਤੋਂ ਸ਼ਾਂਤਮਈ ਸੂਬਾ ਹੈ।"
ਜਲੰਧਰ ਬੀਐਸਐਫ ਚੌਕ 'ਤੇ ਹੋਏ ਧਮਾਕੇ ਬਾਰੇ ਡੀਜੀਪੀ ਗੌਰਵ ਯਾਦਵ ਨੇ ਇਹ ਵੀ ਕਿਹਾ, "ਖਾਲਿਸਤਾਨ ਲਿਬਰੇਸ਼ਨ ਫੋਰਸ ਵੱਲੋਂ ਜ਼ਿੰਮੇਵਾਰੀ ਲੈਣ ਦੇ ਦਾਅਵੇ ਦੀ ਅਸੀਂ ਜਾਂਚ ਕਰ ਰਹੇ ਹਾਂ। ਪਰ ਇਨ੍ਹਾਂ ਸੰਗਠਨਾਂ ਦਾ ਕੋਈ ਵਜੂਦ ਨਹੀਂ ਹੈ।"
ਡੀਜੀਪੀ ਯਾਦਵ ਨੇ ਕਿਹਾ ਕਿ ਕੁਝ ਅਨਸਰ ਸੋਸ਼ਲ ਮੀਡੀਆ ਜ਼ਰੀਏ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਅਜਿਹੀਆਂ ਘਟਨਾਵਾਂ ਕਰਵਾਉਂਦੇ ਹਨ, ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਕਿਸੇ ਝਾਂਸੇ ਵਿੱਚ ਨਾ ਆਉਣ।
ਉਨ੍ਹਾਂ ਕਿਹਾ ਕਿ ਕੁਝ ਅਨਸਰ ਜੋ ਆਈਐਸਆਈ ਦੇ ਪਿਆਦੇ ਬਣ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ , ਉਨ੍ਹਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।
ਕੀ ਬੋਲੇ ਭਗਵੰਤ ਮਾਨ

ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਨ੍ਹਾਂ ਧਮਾਕਿਆਂ ਦੀਆਂ ਘਟਨਾਵਾਂ ਉੱਪਰ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਇਲਜ਼ਾਮ ਲਾਂਦਿਆਂ ਇਸ ਨੂੰ ਭਾਜਪਾ ਦੀ ਚੋਣ ਤਿਆਰੀ ਆਖਿਆ ਹੈ।
ਹਾਲਾਂਕਿ ਬੀਜੇਪੀ ਨੇ ਮਾਨ ਸਰਕਾਰ ਦੀ ਕਾਨੂੰਨੀ ਵਿਵਸਥਾ ਉੱਪਰ ਸਵਾਲ ਚੁੱਕੇ ਹਨ।
ਪੰਜਾਬ ਬੀਜੇਪੀ ਦੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ "ਪਹਿਲਾਂ ਥਾਣਿਆਂ ਤੇ ਪੁਲਿਸ ਚੌਕੀਆਂ ਦੇ ਬਾਹਰ ਧਮਾਕੇ ਹੋਏ, ਤੇ ਹੁਣ ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਨੇੜੇ ਅਤੇ ਅੰਮ੍ਰਿਤਸਰ ਦੇ ਖਾਸਾ ਕੈਂਟ ਇਲਾਕੇ ਵਿੱਚ ਧਮਾਕਿਆਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ।"
ਇਸ ਤੋਂ ਇਲਾਵਾ ਡੀਜੀਪੀ ਗੌਰਵ ਯਾਦਵ ਵੀ ਅੰਮ੍ਰਿਤਸਰ ਵਿਖੇ ਮੌਕੇ ਵਾਲੀ ਥਾਂ ਉੱਤੇ ਪਹੁੰਚ ਚੁੱਕੇ ਹਨ।
ਸੁਨੀਲ ਜਾਖੜ ਅਤੇ ਬਿੱਟੂ ਕੀ ਬੋਲੇ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਐਕਸ ਹੈਂਡਲ ਉੱਤੇ ਪੋਸਟ ਕਰਦਿਆਂ ਕਿਹਾ, "ਬੀਤੀ ਰਾਤ ਜਲੰਧਰ ਤੇ ਅੰਮ੍ਰਿਤਸਰ ਵਿਚ ਹੋਏ ਬੰਬ ਧਮਾਕੇ ਬੇਹੱਦ ਚਿੰਤਾ ਦਾ ਵਿਸ਼ਾ ਹਨ ਪਰ ਉਸਤੋਂ ਵੀ ਵੱਧ ਚਿੰਤਾਜਨਕ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ। ਪੰਜਾਬ ਦੇ ਡੀਜੀਪੀ ਇਸ ਪਿੱਛੇ ਪਾਕਿਸਤਾਨ ਦੀ ਆਈਐਸਆਈ ਦਾ ਹੱਥ ਹੋਣ ਦੀ ਗੱਲ ਆਖ ਰਹੇ ਹਨ ਪਰ ਮੁੱਖ ਮੰਤਰੀ ਸਿਆਸਤ ਤੋਂ ਪ੍ਰੇਰਿਤ ਹੋ ਗੈਰ ਜਿੰਮੇਵਾਰਨਾ ਬਿਆਨ ਦੇ ਰਹੇ ਹਨ।"
ਉਨ੍ਹਾਂ ਕਿਹਾ, "ਇਸ ਪਿੱਛੇ ਮੁੱਖ ਮੰਤਰੀ ਦੀ ਬੌਖਲਾਹਟ ਤੇ ਕੁਰਸੀ ਜਾਣ ਦਾ ਡਰ ਬੋਲ ਰਿਹਾ ਹੈ। ਬਿਹਤਰ ਹੋਵੇਗਾ ਕਿ ਉਹ ਆਪਣੀ ਕੁਰਸੀ ਦਾ ਫਿਕਰ ਛੱਡ ਕੇ ਪੁਲਿਸ ਨੂੰ ਵਿਧਾਇਕਾਂ ਦੇ ਪਿੱਛੇ ਲਗਾਉਣ ਦੀ ਬਜਾਏ ਆਪਣਾ ਕੰਮ ਕਰਨ ਦੇਣ ਅਤੇ ਜੇਕਰ ਵਿਧਾਇਕਾਂ ਨੇ ਜਾਣਾ ਹੋਇਆ ਤਾਂ ਉਨ੍ਹਾਂ ਨੂੰ ਪੁਲਿਸ ਰੋਕ ਨਹੀਂ ਸਕੇਗੀ।"

ਤਸਵੀਰ ਸਰੋਤ, Ravneet Singh Bittu/FB
ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਨਿੰਦਾ ਕਰਦਿਆਂ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਭਾਜਪਾ ਨੇ ਤਾਂ ਇਸ ਵਾਰ ਕੇਂਦਰੀ ਬਲ ਭੇਜ ਕੇ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਈਆਂ ਹਨ। ਉਨ੍ਹਾਂ ਦੀ ਇਸ ਗੱਲ ਦੀ ਸ਼ਲਾਘਾ ਕੀਤੀ ਜਾਂਦੀ ਹੈ ਕਿ ਇਸ ਵਾਰ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਇੱਕ ਵੀ ਬੂਥ ਉੱਤੇ ਪਟਾਕਾ ਵੀ ਨਹੀਂ ਚੱਲਣ ਦਿੱਤਾ।"
"ਜੇ ਹੁਣ ਭਗਵੰਤ ਮਾਨ, ਤੁਹਾਡੇ ਵਿੱਚ ਹਿੰਮਤ ਹੈ ਤਾਂ ਭਾਜਪਾ ਦੇ ਨਾਮ 'ਤੇ ਪਰਚਾ ਦਰਜ ਕਰੋ, ਮੇਰੇ ਨਾਮ 'ਤੇ ਵੀ ਪਰਚਾ ਕਰੋ। ਥੋੜ੍ਹੀ ਸ਼ਰਮ ਕਰੋ। ਤੁਹਾਡੇ ਡੀਜੀਪੀ ਨੇ ਕਿਹਾ ਹੈ ਕਿ ਇਹ ਆਈਐੱਸਆਈ ਦਾ ਕੰਮ ਹੈ। ਭਾਜਪਾ ਦੇ ਸਾਰੇ ਲੋਕ ਦੇਸ਼-ਪ੍ਰੇਮੀ ਹਨ।"
ਅੰਮ੍ਰਿਤਸਰ ਵਿੱਚ ਕੀ ਵਾਪਰਿਆ ?

ਤਸਵੀਰ ਸਰੋਤ, ravinder robin/bbc
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਸ਼ਹਿਰ ਦੇ ਖਾਸਾ ਕੈਂਟ ਨੇੜੇ ਬੀਐਸਐਫ ਕੈਂਪ ਬਾਹਰ ਬਾਹਰ ਦੇਰ ਰਾਤ ਧਮਾਕੇ ਦੀ ਅਵਾਜ਼ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਇਹ ਧਮਾਕਾ ਪੰਜ ਮਈ ਦੀ ਰਾਤ ਗਿਆਰਾਂ ਵਜੇ ਦੇ ਕਰੀਬ ਸੁਣਿਆ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਅੰਮ੍ਰਿਤਸਰ ਪੁਲਿਸ ਅਤੇ ਆਰਮੀ ਦੀਆਂ ਟੀਮਾਂ ਵੀ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕੀਤੀ। ਮੌਜੂਦ ਅਧਿਕਾਰੀਆਂ ਮੁਤਾਬਕ ਧਮਾਕੇ ਨਾਲ ਕੈਂਪ ਦੀ ਬਾਹਰੀ ਦੀਵਾਰ 'ਤੇ ਲੱਗੀਆਂ ਟੀਨਾਂ ਨੂੰ ਨੁਕਸਾਨ ਪਹੁੰਚਿਆ ਹੈ।
ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸੋਹੇਲ ਮੀਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਜਾਪ ਰਿਹਾ ਹੈ ਕਿ ਕਿਸੇ ਨੇ ਦੀਵਾਰ ਵੱਲ ਕੁਝ ਸੁੱਟਿਆ ਜਿਸ ਨਾਲ ਧਮਾਕਾ ਹੋਇਆ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਸੁਰੱਖਿਆ ਏਜੰਸੀਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਰਹੀਆਂ ਹਨ ਅਤੇ ਇਲਾਕੇ ਵਿੱਚ ਵੱਡੀ ਗਿਣਤੀ ਪੁਲਿਸ ਅਤੇ ਫੌਜ ਦੀ ਤੈਨਾਤੀ ਕੀਤੀ ਗਈ ਹੈ।

ਜਲੰਧਰ ਵਿੱਚ ਕੀ ਵਾਪਰਿਆ ?

ਤਸਵੀਰ ਸਰੋਤ, pardeep pandit/bbc
ਜਲੰਧਰ ਤੋਂ ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਨੇ ਦੱਸਿਆ ਕਿ ਇੱਥੋਂ ਦੇ ਬੀਐਸਐਫ ਚੌਕ ਕੋਲ ਐਕਟਿਵਾ ਵਿੱਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ ਅਤੇ ਹਫੜਾ-ਤਫੜੀ ਦਾ ਮਾਹੌਲ ਬਣ ਗਿਆ।
ਚਸ਼ਮਦੀਦਾਂ ਮੁਤਾਬਕ ਅੱਗ ਲੱਗਣ ਤੋਂ ਪਹਿਲਾਂ ਜ਼ੋਰਦਾਰ ਧਮਾਕਾ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਫ਼ਿਲਹਾਲ ਇਸ ਦੇ ਕਾਰਨਾਂ ਬਾਰੇ ਜਾਂਚ ਹੋ ਰਹੀ ਹੈ।
ਪੁਲਿਸ ਮੁਤਾਬਕ, ਇਹ ਘਟਨਾ ਪੰਜ ਮਈ ਦੀ ਰਾਤ ਕਰੀਬ ਅੱਠ ਵਜੇ ਵਾਪਰੀ। ਸੀਸੀਟੀਵੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਅਚਾਨਕ ਸਕੂਟੀ ਵਿੱਚ ਜ਼ੋਰਦਾਰ ਅੱਗ ਲਗਦੀ ਹੈ ਅਤੇ ਸਕੂਟੀ ਦੇ ਪਰਖੱਚੇ ਉੱਡ ਜਾਂਦੇ ਹਨ। ਅੱਗ ਦਾ ਭਾਂਬੜ ਮਚਦਿਆਂ ਹੀ ਕੋਲ ਖੜ੍ਹਾ ਨੌਜਵਾਨ ਭੱਜ ਕੇ ਸੁਰੱਖਿਅਤ ਥਾਂ ਪਹੁੰਚਦਾ ਹੈ।

ਤਸਵੀਰ ਸਰੋਤ, pardeep pandit/bbc
ਐਕਟਿਵਾ ਦੇ ਮਾਲਕ ਦੇ ਬਿਆਨ ਦੇ ਹਵਾਲੇ ਨਾਲ ਜਲੰਧਰ ਦੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਕਿਹਾ ਕਿ ਫ਼ਿਲਹਾਲ ਸਕੂਟੀ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ, ਪਰ ਉਹ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ ਅਤੇ ਜੇ ਕੋਈ ਨਵੇਂ ਤੱਥ ਸਾਹਮਣੇ ਆਉਂਦੇ ਹਨ ਤਾਂ ਮੀਡੀਆ ਨਾਲ ਸਾਂਝੇ ਕੀਤੇ ਜਾਣਗੇ।
ਕਾਨੂੰਨ ਵਿਵਸਥਾ ਦੇ ਮਾਮਲੇ 'ਤੇ ਵਿਰੋਧੀਆਂ ਨੇ ਘੇਰੀ ਸਰਕਾਰ

ਤਸਵੀਰ ਸਰੋਤ, Sanjeev Verma/Hindustan Times via Getty Images
ਇਨ੍ਹਾਂ ਘਟਨਾਵਾਂ ਤੋਂ ਬਾਅਦ ਵਿਰੋਧੀ ਸਿਆਸੀ ਪਾਰਟੀਆਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੇ ਹਨ।
ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਕਸ 'ਤੇ ਲਿਖਿਆ, "ਲਗਾਤਾਰ ਇੰਟੈਲੀਜੈਂਸ ਅਸਫਲਤਾਵਾਂ ਅਤੇ ਕਾਨੂੰਨ ਵਿਵਸਥਾ ਦਾ ਪਤਨ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮੁੱਖ ਮੰਤਰੀ ਭਗਵੰਤ ਮਾਨ, ਜੋ ਕਿ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਨਕਲਾਂ ਕਰਨ ਅਤੇ ਹਲਕੀ ਸਿਆਸਤ ਵਿੱਚ ਰੁੱਝੇ ਹੋਏ ਹਨ।"
ਉਨ੍ਹਾਂ ਕਿਹਾ, "ਪੰਜਾਬ ਨੇ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਸ਼ਾਂਤੀ ਪ੍ਰਾਪਤ ਕੀਤੀ ਹੈ। ਆਮ ਆਦਮੀ ਪਾਰਟੀ ਦੇ ਸ਼ਾਸਨ ਅਧੀਨ ਦੋ ਦਰਜਨ ਤੋਂ ਵੱਧ ਧਮਾਕੇ ਸੂਬੇ ਨੂੰ ਵਾਪਸ ਕਾਲੇ ਦਿਨਾਂ ਵੱਲ ਧੱਕ ਰਹੇ ਹਨ।"

ਤਸਵੀਰ ਸਰੋਤ, FB/Amrinder Singh Raja Warring
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ 'ਤੇ ਲਿਖਿਆ, "ਇੱਕ ਤੋਂ ਬਾਅਦ ਇੱਕ ਧਮਾਕਿਆਂ ਨੇ ਪੰਜਾਬ ਨੂੰ ਹਿਲਾ ਦਿੱਤਾ ਹੈ। ਕੱਲ੍ਹ ਜਲੰਧਰ ਵਿੱਚ ਅਤੇ ਹੁਣ ਅੰਮ੍ਰਿਤਸਰ ਦੇ ਖਾਸਾ ਕੈਂਪ ਨੇੜੇ- ਇਹ ਗਹਿਰੀ ਚਿੰਤਾ ਦਾ ਵਿਸ਼ਾ ਹੈ।"
ਉਨ੍ਹਾਂ ਲਿਖਿਆ, "ਕੌਣ ਸੂਬੇ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ? ਸਰਕਾਰ ਅਜਿਹੀਆਂ ਘਟਨਾਵਾਂ ਰੋਕਣ ਵਿੱਚ ਅਸਫਲ ਕਿਉਂ ਹੋਈ ? ਭਾਰਤ ਸਰਕਾਰ ਕੀ ਕਰ ਰਹੀ ਹੈ?"
ਉਨ੍ਹਾਂ ਅੱਗੇ ਲਿਖਿਆ, "ਪੰਜਾਬ ਦੀ ਸ਼ਾਂਤੀ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅਸੀਂ ਜਵਾਬਦੇਹੀ ਅਤੇ ਤੁਰੰਤ ਕਾਰਵਾਈ ਦੀ ਮੰਗ ਕਰਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































