ਭਾਰਤ-ਪਾਕ ਤਣਾਅ: 'ਮੈਂ ਲੋਹਾ ਤੇ ਮੱਝ ਵੀ ਲੈ ਲਉਂ ਪਰ ਮਾਪੇ ਮੁੜ ਨਹੀਂ ਮਿਲਣੇ', 9 ਮਈ ਦੀ ਰਾਤ ਨੇ ਕਿਵੇਂ ਇਸ ਨੌਜਵਾਨ ਦੀ ਜ਼ਿੰਦਗੀ ਲੀਹੋਂ ਲਾਹੀ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 6 ਮਿੰਟ
(ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ)
"ਲੋਹਾ ਮੈਂ ਫਿਰ ਲੈ ਲਉਂ, ਮੱਝ ਮੈਂ ਫਿਰ ਲੈ ਲਉਂ ਪਰ ਮਾਂ-ਪਿਉ ਸਾਰੀ ਉਮਰ ਨਹੀਂ ਮਿਲਣੇ।"
27 ਸਾਲਾ ਜਸਵੰਤ ਸਿੰਘ ਦੇ ਮਨ ਵਿੱਚ ਆਪਣੇ ਮਾਂ-ਪਿਉ ਨੂੰ ਹੁਣ ਕਦੀ ਵੀ ਦੁਬਾਰਾ ਨਾ ਮਿਲਣ ਦੀ ਚੀਸ ਹੈ। ਪਿਛਲੇ ਵਰ੍ਹੇ ਦੀ 9 ਮਈ ਨੇ ਜਸਵੰਤ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ।
ਇਸ ਦਿਨ ਤੋਂ ਪਹਿਲਾਂ ਉਨ੍ਹਾਂ ਦਾ ਛੋਟਾ ਜਿਹਾ ਪਰਿਵਾਰ ਫ਼ਿਰੋਜ਼ਪੁਰ ਦੇ ਖਾਈ ਫੇਮੇਕੇ ਪਿੰਡ ਵਿੱਚ ਖੁਸ਼ੀ-ਖੁਸ਼ੀ ਰਹਿ ਰਿਹਾ ਸੀ। ਘਰ ਵਿੱਚ ਰੌਣਕਾਂ ਸੀ ਪਰ ਹੁਣ ਇਹ ਰੌਣਕਾਂ ਗਾਇਬ ਹੋ ਗਈਆਂ ਹਨ ਤੇ ਘਰ ਬਿਲਕੁਲ ਸੁੰਨਾ ਪਿਆ ਹੈ।
ਦਰਅਸਲ ਲੰਘੇਂ ਵਰ੍ਹੇ ਭਾਰਤ-ਪਾਕਿਸਤਾਨ ਵਿਚਾਲੇ ਹੋਏ ਟਕਰਾਅ ਦੌਰਾਨ ਉਨ੍ਹਾਂ ਦੇ ਘਰ ਡਰੋਨ ਡਿੱਗਿਆ ਸੀ, ਜਿਸ ਨਾਲ ਘਰ ਵਿੱਚ ਦੋ ਧਮਾਕੇ ਹੋਏ।
ਇਨ੍ਹਾਂ ਧਮਾਕਿਆਂ ਵਿੱਚ 28 ਸਾਲਾ ਜਸਵੰਤ ਸਿੰਘ, ਉਸਦੇ ਪਿਤਾ ਲਖਵਿੰਦਰ ਸਿੰਘ ਅਤੇ ਮਾਂ ਸੁਖਵਿੰਦਰ ਕੌਰ ਜ਼ਖ਼ਮੀ ਹੋ ਗਏ ਸਨ।
ਲਖਵਿੰਦਰ ਸਿੰਘ ਅਤੇ ਸੁਖਵਿੰਦਰ ਕੌਰ ਬੁਰੀ ਤਰ੍ਹਾਂ ਝੁਲਸ ਗਏ ਸਨ। ਇਸ ਘਟਨਾ ਵਿੱਚ ਜਸਵੰਤ ਤਾਂ ਬਚ ਗਿਆ ਪਰ ਇਲਾਜ ਦੌਰਾਨ ਉਸਦੇ ਮਾਂ-ਪਿਓ ਦੀ ਮੌਤ ਹੋ ਗਈ ਸੀ।
ਇਸ ਹਾਦਸੇ ਮਗਰੋਂ ਜਸਵੰਤ ਨੇ ਆਪਣਾ ਘਰ ਛੱਡ ਦਿੱਤਾ ਹੈ ਅਤੇ ਹੁਣ ਉਹ ਆਪਣੇ ਰਿਸ਼ਤੇਦਾਰਾਂ ਕੋਲ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੀ ਪਿੰਡ ਵਰਿਆਮ ਵਾਲਾ ਵਿੱਚ ਰਹਿ ਰਿਹਾ ਹੈ।
ਭਾਰਤ-ਪਾਕ ਵਿਚਾਲੇ ਟਕਰਾਅ ਕਿਉਂ ਵਧਿਆ ਸੀ?
22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਇੱਕ ਹਥਿਆਰਬੰਦ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋਈ ਸੀ। ਇਸ ਹਮਲੇ ਤੋਂ ਬਾਅਦ ਭਾਰਤ ਵੱਲੋਂ 7 ਮਈ ਨੂੰ ਪਾਕਿਸਤਾਨ ਵਿੱਚ ਕਈ ਥਾਵਾਂ ਉਪਰ ਹਮਲੇ ਕੀਤੇ ਗਏ ਸਨ।
ਭਾਰਤ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਪਾਕਿਸਤਾਨ ਵਿਚਲੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਭਾਰਤ ਵਿਚਲੀਆਂ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਸਨ। ਇਨ੍ਹਾਂ ਹਮਲਿਆਂ ਦਾ ਭਾਰਤ ਨੇ ਵੀ ਮੁੜ ਜਵਾਬ ਦਿੱਤਾ ਸੀ।
ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਇਸ ਫੌਜੀ ਟਕਰਾਅ ਦੌਰਾਨ ਪੰਜਾਬ ਦੇ ਕਈ ਜ਼ਿਲ੍ਹੇ ਨਿਸ਼ਾਨਾ ਬਣਾਏ ਗਏ ਸਨ। ਇਨ੍ਹਾਂ ਦਿਨਾਂ ਵਿੱਚ ਜਿਵੇਂ ਹੀ ਸ਼ਾਮ ਨੂੰ ਸੂਰਜ ਢੱਲਦਾ ਸੀ ਜਾਂ ਹਨੇਰਾ ਹੁੰਦਾ ਸੀ, ਥਾਂ-ਥਾਂ ਉੱਤੇ ਧਮਾਕੇ ਸੁਣਾਈ ਦੇਣ ਦੀਆਂ ਖ਼ਬਰਾਂ ਆਉਣ ਲੱਗਦੀਆਂ ਸਨ।
ਭਾਰਤੀ ਫੌਜ ਮੁਤਾਬਕ ਦਰਅਸਲ ਇਹ ਪਾਕਿਸਤਾਨ ਡਰੋਨ ਹਮਲੇ ਸਨ, ਜਿਨ੍ਹਾਂ ਨੂੰ ਭਾਰਤੀ ਫੌਜ ਹਵਾ ਵਿੱਚ ਹੀ ਨਸ਼ਟ ਕਰ ਦਿੰਦੀ ਸੀ।
10 ਮਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਦਾ ਐਲਾਨ ਹੋ ਗਿਆ ਸੀ।
ਹਾਦਸਾ ਕਿਵੇਂ ਵਾਪਰਿਆ ਸੀ?

ਜਸਵੰਤ ਸਿੰਘ ਨੇ 9 ਮਈ ਦੀ ਉਸ ਰਾਤ ਨੂੰ ਬਿਆਨ ਕਰਦਿਆਂ ਦੱਸਿਆ , "ਮੈਂ ਮੱਝਾਂ ਬੰਨ੍ਹ ਰਿਹਾ ਸੀ। ਮੰਮੀ ਅੰਦਰ ਰੋਟੀਆਂ ਪਕਾ ਰਹੇ ਸਨ। ਡੈਡੀ ਵੀ ਅੰਦਰ ਹੀ ਸਨ। ਜਦੋਂ ਧਮਾਕਾ ਹੋਇਆ, ਉਹ ਭੱਜ ਕੇ ਬਾਹਰ ਆ ਗਏ। ਅਸਮਾਨ ਤੋਂ ਕੋਈ ਚੀਜ਼ ਘੁੰਮਦੀ ਹੋਈ ਵਿਹੜੇ ਵਿੱਚ ਡਿੱਗੀ। ਜਿਸ ਨਾਲ ਦੋ ਧਮਾਕੇ ਹੋਏ ਸਨ।"
"ਪਹਿਲੇ ਧਮਾਕੇ ਨਾਲ ਮੇਰੇ ਛਰੇ ਵੱਜੇ ਅਤੇ ਮੈਂ ਬੁੜਕ ਕੇ ਬਾਥਰੂਮ ਦੇ ਦਰਵਾਜ਼ੇ ਨਾਲ ਜਾ ਵੱਜਾ। ਫਿਰ ਦੂਜੇ ਧਮਾਕੇ ਵਿੱਚ ਅੱਗ ਲੱਗ ਗਈ, ਜਿਸ ਵਿੱਚ ਮੇਰੇ ਮਾਂ-ਪਿਉ, ਪਸ਼ੂ ਤੇ ਕਾਰ ਅੱਗ ਦੀ ਝਪੇਟ ਵਿੱਚ ਆ ਗਏ।"
ਇਲਾਜ ਦੌਰਾਨ ਜਸੰਵਤ ਦੀ ਮਾਂ ਦੀ ਮੌਤ 12 ਮਈ ਨੂੰ ਹੋ ਗਈ ਸੀ, ਜਦਕਿ ਉਨ੍ਹਾਂ ਦੇ ਪਿਤਾ ਦੀ ਮੌਤ 1 ਜੁਲਾਈ ਨੂੰ ਹੋਈ ਸੀ।
ਹੁਣ ਜ਼ਿੰਦਗੀ ਕਿਵੇਂ ਦੀ ਹੈ?

ਹਾਦਸੇ ਵਾਪਰੇ ਨੂੰ ਲਗਭਗ ਇੱਕ ਸਾਲ ਹੋਣ ਵਾਲਾ ਹੈ ਪਰ ਅਜੇ ਵੀ ਜਸਵੰਤ ਦੀ ਜ਼ਿੰਦਗੀ ਮੁੜ ਲੀਹਾਂ ਉੱਤੇ ਨਹੀਂ ਆਈ। ਜਸਵੰਤ ਅਜੇ ਵੀ ਉਸ ਸਦਮੇ ਤੋਂ ਉੱਭਰ ਨਹੀਂ ਸਕੇ ਹਨ।
ਉਹ ਧਮਾਕੇ ਵਾਲੇ ਦਿਨ ਅਤੇ ਆਪਣੇ ਮਾਪਿਆਂ ਬਾਰੇ ਗੱਲ ਕਰਨ ਤੋਂ ਕਤਰਾਉਂਦੇ ਹਨ, ਕਿਉਂਕਿ ਇਹ ਜਸਵੰਤ ਨੂੰ ਉਨ੍ਹਾਂ ਮਨਹੂਸ ਪਲਾਂ ਦੀ ਯਾਦ ਦਿਵਾਉਂਦੇ ਹਨ।
ਜਸਵੰਤ ਨੇ ਆਪਣਾ ਖਾਈ ਫੇਮੇ ਕੇ ਪਿੰਡ ਵਿੱਚ ਸਥਿਤ ਘਰ ਛੱਡ ਦਿੱਤਾ ਹੈ। ਹੁਣ ਉਹ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਿਹਾ ਹੈ।
ਕੁਝ ਦਿਨ ਪਹਿਲਾਂ ਹੀ ਜਸਵੰਤ ਨੇ ਵਿਆਹ ਕਰਵਾ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ ਪਰ ਉਸ ਨੂੰ ਮਾਂ-ਪਿਉ ਦੀ ਘਾਟ ਮਹਿਸੂਸ ਹੁੰਦੀ ਹੈ।
ਉਹ ਦੱਸਦੇ ਹਨ ਕਿ ਹਾਦਸੇ ਵਿੱਚ ਉਸਦੇ ਦੋਵੇਂ ਪੱਟਾਂ ਅਤੇ ਸੱਜੀ ਲੱਤ ਵਿੱਚ ਛਰੇ ਵੱਜੇ ਸਨ। ਵੱਡੇ ਸਾਈਜ਼ ਦੇ ਛਰੇ ਤਾਂ ਇਲਾਜ ਦੌਰਾਨ ਨਿਕਲ ਗਏ ਪਰ ਬਰੀਕ ਸਾਈਜ਼ ਵਾਲੇ ਛਰੇ ਅੱਜ ਵੀ ਉਸਦੀ ਲੱਤ ਵਿੱਚ ਮੌਜੂਦ ਹਨ।
"ਮੇਰੀਆਂ ਲੱਤਾਂ ਪਹਿਲਾਂ ਦੀ ਤਰ੍ਹਾਂ ਕੰਮ ਨਹੀਂ ਕਰਦੀਆਂ। ਮੈਂ ਚੌਂਕੜੀ ਮਾਰ ਕੇ ਨਹੀਂ ਬੈਠ ਸਕਦਾ। ਲੱਤ ਵਿੱਚ ਅਜੇ ਵੀ ਛਰੇ ਰੜਕਦੇ ਹਨ। ਜਦੋਂ ਤੁਰਦਾ ਹਾਂ ਤਾਂ ਝਟਕਾ ਵੱਜਦਾ ਹੈ। ਇਲਾਜ ਦੌਰਾਨ ਮੋਟੇ ਛਰੇ ਤਾਂ ਨਿਕਲ ਗਏ ਪਰ ਜ਼ਿਆਦਾ ਬਰੀਕ ਅਜੇ ਵੀ ਅੰਦਰ ਹਨ।"
ਉਹ ਕਹਿੰਦੇ ਹਨ, "ਹੁਣ ਜ਼ਿੰਦਗੀ ਵਿੱਚ ਨਾ ਹਾਸਾ ਹੈ ਨਾ ਖੇਡਾ ਹੈ। ਘਰ ਸੁੰਨਾ ਹੋ ਗਿਆ ਹੈ ਅਤੇ ਵਿਹੜਾ ਵਿਹਲਾ ਹੋ ਗਿਆ ਹੈ।"
'ਸਾਰਾ ਦਿਨ ਮਾਪਿਆਂ ਦੀ ਯਾਦ ਆਉਂਦੀ ਹੈ'

9 ਮਈ ਨੂੰ ਹੋਏ ਨੁਕਸਾਨ ਬਾਰੇ ਜਸਵੰਤ ਦੱਸਦੇ ਹਨ ਕਿ ਉਸ ਨੇ ਨਵੀਂ ਕਾਰ ਲਗਭਗ 14 ਲੱਖ ਰੁਪਏ ਖਰਚ ਕੇ ਖਰੀਦੀ ਸੀ, ਜੋ ਧਮਾਕੇ ਵਿੱਚ ਸੜ੍ਹ ਕੇ ਸੁਆਹ ਹੋ ਗਈ। ਇੱਕ ਮੱਝ, ਜਿਸਦੀ ਕੀਮਤ ਲਗਭਗ ਤਿੰਨ ਲੱਖ ਸੀ, ਉਹ ਮਰ ਗਈ। ਹੋਰ ਪਸ਼ੂ ਵੀ ਜ਼ਖ਼ਮੀ ਹੋ ਗਏ ਸੀ, ਇੱਕ ਮੋਟਰਸਾਈਕਲ ਵੀ ਸੜ ਗਿਆ ਸੀ।
ਪਰ ਉਹ ਕਹਿੰਦੇ ਹਨ ਕਿ ਇਹ ਸਾਰੇ ਨੁਕਸਾਨ ਦੀ ਭਰਪਾਈ ਹੋ ਜਾਵੇਗੀ। ਪਰ ਉਸਦੇ ਮਾਂ-ਪਿਓ ਕਦੀ ਵਾਪਸ ਨਹੀਂ ਆਉਣੇ।
ਜਸਵੰਤ ਕਹਿੰਦੇ ਹਨ, "ਲੋਹਾ ਮੈਂ ਫਿਰ ਲੈ ਲਉਂ, ਮੱਝ ਮੈਂ ਫਿਰ ਲੈ ਲਉਂ ਪਰ ਮਾਂ-ਪਿਉ ਸਾਰੀ ਉਮਰ ਨਹੀਂ ਮਿਲਣੇ। ਉਨ੍ਹਾਂ ਤੋਂ ਬਿਨਾਂ ਹੀ ਜ਼ਿੰਦਗੀ ਲੰਘ ਜਾਣੀ ਹੈ। ਸਾਰਾ ਦਿਨ ਮਾਂ-ਪਿਓ ਦੀ ਯਾਦ ਆਉਂਦੀ ਹੈ। ਰੋਟੀ ਖਾਂਦਿਆਂ, ਪਾਣੀ ਪੀਂਦਿਆਂ ਵੀ ਮਾਪਿਆਂ ਦੀ ਯਾਦ ਆਉਂਦੀ ਹੈ।"
"ਮਾਂ-ਪਿਓ ਦੇ ਜਾਣ ਨਾਲ ਮੇਰੇ ਸਾਰੇ ਸ਼ੌਕ ਅਧੂਰੇ ਰਹਿ ਗਏ। ਹੁਣ ਮੇਰੇ ਰਿਸ਼ਤੇਦਾਰਾਂ (ਦਾਦੇ ਦੇ ਭਰਾ ਦਾ ਪਰਿਵਾਰ) ਨੇ ਮੈਨੂੰ ਸੰਭਾਲਿਆ ਅਤੇ ਮੇਰਾ ਵਿਆਹ ਕੀਤਾ। ਜੇ ਮਾਂ-ਪਿਉ ਹੁੰਦੇ ਗੱਲ ਵੱਖਰੀ ਸੀ। ਉਨ੍ਹਾਂ ਦੀ ਕਮੀ ਸਾਰੀ ਉਮਰ ਨਹੀਂ ਪੂਰੀ ਹੋਣੀ।"
ਸਰਕਾਰ ਨੇ ਕੀ ਮਦਦ ਕੀਤੀ

ਤਸਵੀਰ ਸਰੋਤ, Getty Images
ਫ਼ਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਜਸੰਵਤ ਦਾ ਆਪਣਾ ਅਤੇ ਉਸਦੇ ਮਾਪਿਆਂ ਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਨੇ ਕੀਤਾ ਹੈ। ਉਸਦੇ ਮਾਪਿਆਂ ਦੀ ਮੌਤ ਹੋਣ ਮਗਰੋਂ 10-10 ਲੱਖ ਦਾ ਮੁਆਵਜ਼ਾ ਦਿੱਤਾ ਗਿਆ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

































