ਜਦੋਂ ਕੋਈ ਜਹਾਜ਼ ਅਚਾਨਕ ਹੇਠਾਂ ਡਿੱਗਣ ਲੱਗੇ ਤਾਂ ਕੀ ਹੁੰਦਾ ਹੈ? ਪਾਇਲਟਾਂ ਅਤੇ ਕਰੂ ਮੈਂਬਰਾਂ ਕੋਲ ਕਿਹੜੇ ਬਦਲ ਹੁੰਦੇ ਹਨ ?

ਤਸਵੀਰ ਸਰੋਤ, Getty Images
- ਲੇਖਕ, ਜਾਨ੍ਹਵੀ ਮੁਲੇ
- ਰੋਲ, ਬੀਬੀਸੀ ਨਿਊਜ਼ ਮਰਾਠੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ FZ1073 ਵਿੱਚ ਵਾਪਰੀ ਘਟਨਾ ਤੋਂ ਬਾਅਦ ਹਵਾਈ ਸਫ਼ਰ ਅਤੇ ਇਸ ਨਾਲ ਜੁੜੇ ਕਈ ਪਹਿਲੂਆਂ ਬਾਰੇ ਚਰਚਾ ਸ਼ੁਰੂ ਹੋ ਗਈ ਹੈ।
ਇਸੇ ਚਰਚਾ ਦੌਰਾਨ ਇਹ ਸਵਾਲ ਵੀ ਪੁੱਛੇ ਜਾ ਰਹੇ ਹਨ ਕਿ ਜਦੋਂ ਕੋਈ ਜਹਾਜ਼ ਹਵਾ ਵਿੱਚ ਉੱਡਦੇ ਸਮੇਂ ਅਚਾਨਕ ਹੇਠਾਂ ਉਤਰਨ ਜਾਂ ਡਿੱਗਣ ਲੱਗਦਾ ਹੈ ਤਾਂ ਅਸਲ ਵਿੱਚ ਕੀ ਹੁੰਦਾ ਹੈ।
ਕੁਝ ਲੋਕ ਇਸ ਗੱਲ 'ਤੇ ਹੈਰਾਨੀ ਜ਼ਾਹਰ ਕਰ ਰਹੇ ਹਨ ਕਿ ਫਲਾਈਦੁਬਈ ਦਾ ਜਹਾਜ਼ ਸੁਰੱਖਿਅਤ ਢੰਗ ਨਾਲ ਉਤਰਨ ਵਿੱਚ ਕਾਮਯਾਬ ਰਿਹਾ ਅਤੇ ਭਾਰਤੀ ਪਾਇਲਟ ਸਮਿਤ ਮੱਛਰ, ਹੋਰ ਕਰੂ ਮੈਂਬਰ ਅਤੇ ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਅਸੀਂ ਹਵਾਬਾਜ਼ੀ ਮਾਹਰ ਕੈਪਟਨ ਮਹੇਸ਼ ਖੈਰਨਾਰ ਨਾਲ ਗੱਲਬਾਤ ਕੀਤੀ ਤਾਂ ਜੋ ਅਜਿਹੀਆਂ ਸਥਿਤੀਆਂ ਵਿੱਚ ਪਾਇਲਟਾਂ ਅਤੇ ਕਰੂ ਦਲ ਕੋਲ ਮੌਜੂਦ ਬਦਲਾਂ ਬਾਰੇ ਜਾਣਕਾਰੀ ਮਿਲ ਸਕੇ। ਕੈਪਟਨ ਖੈਰਨਾਰ ਵਪਾਰਕ ਪਾਇਲਟ ਬਣਨ ਤੋਂ ਪਹਿਲਾਂ ਭਾਰਤੀ ਹਵਾਈ ਫ਼ੌਜ ਵਿੱਚ ਸਨ ਅਤੇ ਉਹ ਸਮਿਤ ਨੂੰ ਜਾਣਦੇ ਹਨ।
ਦੋਵਾਂ ਨੇ ਇੱਕੋ ਸਮੇਂ ਸਪਾਈਸਜੈੱਟ ਏਅਰਲਾਈਨ ਲਈ ਕੰਮ ਕੀਤਾ ਸੀ। ਸਮਿਤ ਵਾਂਗ ਕੈਪਟਨ ਖੈਰਨਾਰ ਵੀ ਬੋਇੰਗ 737 ਮੈਕਸ ਜਹਾਜ਼ ਉਡਾਉਂਦੇ ਹਨ।
ਇਹ ਬਹੁਤ ਆਧੁਨਿਕ ਜਹਾਜ਼ ਹਨ। ਜੇਕਰ ਇਹ ਅਸਮਾਨ ਵਿੱਚ ਉਡਾਣ ਭਰਦੇ ਸਮੇਂ ਅਚਾਨਕ ਹੇਠਾਂ ਉਤਰਨ ਲੱਗਣ (ਉਚਾਈ ਵਿੱਚ ਕਮੀ) ਜਾਂ ਜੇਕਰ ਪਾਇਲਟ ਇਸ ਦਾ ਕੰਟਰੋਲ ਗੁਆ ਲਵੇ ਤਾਂ ਇਹ ਸਿੱਧੇ ਹਾਦਸਾਗ੍ਰਸਤ ਨਹੀਂ ਹੁੰਦੇ ਹਨ।
ਇਨ੍ਹਾਂ ਜਹਾਜ਼ਾਂ ਵਿੱਚ ਆਟੋਮੈਟਿਕ ਪ੍ਰਣਾਲੀਆਂ ਹੁੰਦੀਆਂ ਹਨ, ਜੋ ਜਹਾਜ਼ ਨੂੰ ਕੁਝ ਸਮੇਂ ਲਈ ਹਵਾ ਵਿੱਚ ਬਣਾਈ ਰੱਖਦੀਆਂ ਹਨ। ਇਸ ਨਾਲ ਜਹਾਜ਼ ਉੱਤੇ ਦੁਬਾਰਾ ਕੰਟਰੋਲ ਹਾਸਲ ਕਰਨ ਦਾ ਸਮਾਂ ਮਿਲ ਜਾਂਦਾ ਹੈ। ਬੇਸ਼ੱਕ ਇਨ੍ਹਾਂ ਪ੍ਰਣਾਲੀਆਂ ਦੀਆਂ ਵੀ ਕੁਝ ਸੀਮਾਵਾਂ ਹਨ।
ਪਰ ਫਿਰ ਫਲਾਈਦੁਬਈ ਦੇ ਜਹਾਜ਼ ਨਾਲ ਅਸਲ ਵਿੱਚ ਕੀ ਹੋਇਆ?
ਜਦੋਂ ਜਹਾਜ਼ ਅਚਾਨਕ ਹੇਠਾਂ ਉਤਰਨ ਲੱਗਦਾ ਹੈ...

ਤਸਵੀਰ ਸਰੋਤ, Getty Images
ਕੈਪਟਨ ਖੈਰਨਾਰ ਕਹਿੰਦੇ ਹਨ, "ਜਦੋਂ ਆਟੋਪਾਇਲਟ ਕੰਮ ਨਹੀਂ ਕਰ ਰਿਹਾ ਹੁੰਦਾ ਅਤੇ ਜਹਾਜ਼ ਪੂਰੀ ਤਰ੍ਹਾਂ ਹੇਠਾਂ ਵੱਲ ਗੋਤਾ ਲਗਾਉਂਦਾ ਹੈ, ਤਾਂ ਉਸ ਦੀ ਰਫ਼ਤਾਰ ਬਹੁਤ ਜ਼ਿਆਦਾ ਹੁੰਦੀ ਹੈ। ਪਿਛਲੇ ਸਮੇਂ ਵਿੱਚ ਬੋਇੰਗ 737 ਮੈਕਸ ਜਹਾਜ਼ਾਂ ਦੇ ਦੋ ਹਾਦਸੇ ਹੋਏ ਸਨ (ਇਥੀਓਪੀਅਨ ਏਅਰਲਾਈਨਜ਼ ਅਤੇ ਲਾਇਨ ਏਅਰ)। ਉਸ ਸਮੇਂ ਜਹਾਜ਼ ਦੇ ਹੇਠਾਂ ਉਤਰਨ ਦੀ ਰਫ਼ਤਾਰ 8 ਤੋਂ 9 ਹਜ਼ਾਰ ਫੁੱਟ ਪ੍ਰਤੀ ਸੈਕਿੰਡ ਦਰਜ ਕੀਤੀ ਗਈ ਸੀ।"
ਜਦੋਂ ਕੋਈ ਪੱਥਰ ਸੁੱਟਿਆ ਜਾਂਦਾ ਹੈ ਤਾਂ ਉਹ ਹੋਰ ਵੀ ਤੇਜ਼ੀ ਨਾਲ ਡਿੱਗਦਾ ਹੈ। ਹਵਾਈ ਜਹਾਜ਼ ਦੇ ਮਾਮਲੇ ਵਿੱਚ ਇਹ ਰਫ਼ਤਾਰ ਇੰਜਣਾਂ ਵੱਲੋਂ ਪੈਦਾ ਊਰਜਾ ਨਾਲ ਜੁੜ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਉਸ ਸਮੇਂ ਹੇਠਾਂ ਉਤਰਦੇ ਹੋਏ ਜਹਾਜ਼ ਦੀ ਰਫ਼ਤਾਰ 12,000 ਤੋਂ 13,000 ਫੁੱਟ ਪ੍ਰਤੀ ਮਿੰਟ ਤੱਕ ਹੋ ਸਕਦੀ ਹੈ।
"ਇਹ ਖੁਲਾਸਾ ਹੋਇਆ ਹੈ ਕਿ ਫਲਾਈਦੁਬਈ ਦੇ ਜਹਾਜ਼ ਵਿੱਚ ਸਵਾਰ ਦੋ ਪਾਇਲਟਾਂ ਵਿਚਾਲੇ ਝਗੜਾ ਹੋਇਆ ਸੀ ਅਤੇ ਆਟੋਪਾਇਲਟ ਬੰਦ ਹੋ ਗਿਆ ਸੀ। ਇਸ ਲਈ ਇਹ ਸੰਭਾਵਨਾ ਹੈ ਕਿ ਜਹਾਜ਼ ਲਗਭਗ ਸਿੱਧਾ ਜ਼ਮੀਨ ਵੱਲ ਡਿੱਗ ਰਿਹਾ ਸੀ।"
ਕੈਪਟਨ ਖੈਰਨਾਰ ਕਹਿੰਦੇ ਹਨ, "ਅਜਿਹੇ ਸਮੇਂ ਵਿੱਚ ਪਾਇਲਟ ਨੂੰ ਜਹਾਜ਼ 'ਤੇ ਲੱਗਣ ਵਾਲੇ ਬਾਹਰੀ ਬਲ, ਯਾਨੀ ਇੰਜਣਾਂ ਦੀ ਸ਼ਕਤੀ ਨੂੰ ਘੱਟ ਕਰਨਾ ਹੋਵੇਗਾ। ਤੁਸੀਂ ਹੇਠਾਂ ਉਤਰਨ ਦੀ ਰਫ਼ਤਾਰ ਦਾ ਇਸਤੇਮਾਲ ਕਰਕੇ ਉੱਪਰ ਚੜ੍ਹ ਕੇ ਜਹਾਜ਼ ਨੂੰ ਸਥਿਰ ਕਰ ਸਕਦੇ ਹੋ।"
ਇਸ ਮਾਮਲੇ ਵਿੱਚ ਜਹਾਜ਼ ਬਹੁਤ ਤੇਜ਼ ਗਤੀ ਨਾਲ ਹੇਠਾਂ ਉਤਰਿਆ। ਵੈੱਬਸਾਈਟ ਫਲਾਈਟਰਡਾਰ24 ਦੇ ਟ੍ਰੈਕਿੰਗ ਡਾਟਾ ਮੁਤਾਬਕ, ਇੱਕ ਸਮੇਂ ਜਹਾਜ਼ ਦੀ ਰਫ਼ਤਾਰ 598 ਨੌਟ (688 ਮੀਲ ਪ੍ਰਤੀ ਘੰਟਾ ਜਾਂ 1,107 ਕਿਲੋਮੀਟਰ ਪ੍ਰਤੀ ਘੰਟਾ) ਤੱਕ ਪਹੁੰਚ ਗਈ ਸੀ।
"ਜਦੋਂ ਕੋਈ ਜਹਾਜ਼ ਇੰਨੀ ਤੇਜ਼ ਰਫ਼ਤਾਰ ਨਾਲ ਉੱਡਣ ਲੱਗਦਾ ਹੈ, ਤਾਂ ਉਸ ਦੇ ਟੁੱਟਣ ਜਾਂ ਖ਼ਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ।"

ਕੈਪਟਨ ਖੈਰਨਾਰ ਦੱਸਦੇ ਹਨ, "ਜਦੋਂ ਅਸੀਂ ਕੋਈ ਕਾਰ ਖ਼ਰੀਦਦੇ ਹਾਂ ਤਾਂ ਇਸ ਦੀ ਵੱਧ ਤੋਂ ਵੱਧ ਰਫ਼ਤਾਰ ਦੀ ਜਾਂਚ ਕੀਤੀ ਜਾਂਦੀ ਹੈ। ਆਮ ਤੌਰ 'ਤੇ ਇਹ ਜਾਂਚ 140 ਜਾਂ 160 ਕਿਲੋਮੀਟਰ ਪ੍ਰਤੀ ਘੰਟੇ ਤੱਕ ਕੀਤੀ ਜਾਂਦੀ ਹੈ। ਜੇਕਰ ਰਫ਼ਤਾਰ ਇਸ ਤੋਂ ਵੱਧ ਹੋ ਜਾਂਦੀ ਹੈ ਤਾਂ ਕਾਰ ਬਣਾਉਣ ਵਾਲੀ ਕੰਪਨੀ ਇਸ ਗੱਲ ਦੀ ਗਾਰੰਟੀ ਨਹੀਂ ਦਿੰਦੀ ਕਿ ਕਾਰ ਸੁਰੱਖਿਅਤ ਰਹੇਗੀ ਜਾਂ ਨਹੀਂ। ਹਵਾਈ ਜਹਾਜ਼ ਦੇ ਮਾਮਲੇ ਵਿੱਚ ਵੀ ਇਹੀ ਗੱਲ ਲਾਗੂ ਹੁੰਦੀ ਹੈ।"
ਉਹ ਕਹਿੰਦੇ ਹਨ, "ਇਹ ਚਮਤਕਾਰ ਹੀ ਹੈ ਕਿ ਲਗਭਗ 600 ਸਮੁੰਦਰੀ ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਪਹੁੰਚਣ ਦੇ ਬਾਵਜੂਦ ਜਹਾਜ਼ ਬਚ ਗਿਆ ਅਤੇ ਹਵਾ ਵਿੱਚ ਉਸ ਦੇ ਕੋਈ ਹਿੱਸੇ ਟੁੱਟੇ ਨਹੀਂ। ਜੇਕਰ ਜਹਾਜ਼ ਦੇ ਖੰਭ, ਟੇਲਪਲੇਨ (ਪਿਛਲਾ ਹਿੱਸਾ) ਜਾਂ ਰਡਾਰ ਵਿੱਚੋਂ ਕੋਈ ਵੀ ਹਿੱਸਾ ਨੁਕਸਾਨਿਆ ਜਾਂਦਾ ਤਾਂ ਉਹ ਉਸ ਗਤੀ ਨਾਲ ਉੱਡਦੇ ਹੋਏ ਹਾਦਸਾਗ੍ਰਸਤ ਹੋ ਜਾਂਦਾ।"
ਪਰ ਇਸ ਜਹਾਜ਼ ਨੇ ਇੰਨਾ ਦਬਾਅ ਝੱਲ ਲਿਆ। ਖੈਰਨਾਰ ਨੇ ਇਹ ਵੀ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਜਹਾਜ਼ ਕਾਫ਼ੀ ਉਚਾਈ 'ਤੇ ਸੀ ਅਤੇ ਹੇਠਾਂ ਕੋਈ ਵੱਡੇ ਪਹਾੜ ਨਹੀਂ ਸਨ। ਨਹੀਂ ਤਾਂ ਜਹਾਜ਼ ਦੇ ਕਿਸੇ ਚੀਜ਼ ਨਾਲ ਟਕਰਾਉਣ ਦਾ ਖ਼ਤਰਾ ਬਹੁਤ ਜ਼ਿਆਦਾ ਸੀ।
ਜਹਾਜ਼ ਵਿੱਚ ਸਵਾਰ ਲੋਕਾਂ 'ਤੇ ਇਸ ਦਾ ਕੀ ਅਸਰ ਪੈਂਦਾ ਹੈ?

ਤਸਵੀਰ ਸਰੋਤ, Getty Images
ਜਹਾਜ਼ਾਂ ਦੇ ਅਚਾਨਕ ਹੇਠਾਂ ਉਤਰਨ ਦੀਆਂ ਘਟਨਾਵਾਂ ਨਾ ਸਿਰਫ਼ ਹਾਦਸਿਆਂ ਦੌਰਾਨ ਹੋਈਆਂ ਹਨ ਬਲਕਿ ਅਕਸਰ ਵਾਯੂਮੰਡਲ ਵਿੱਚ ਗੜਬੜ ਜਾਂ ਟਰਬਿਊਲੈਂਸ ਕਾਰਨ ਵੀ ਹੋਈਆਂ ਹਨ।
ਕਲਪਨਾ ਕਰੋ ਕਿ ਤੁਸੀਂ ਰੋਲਰ ਕੋਸਟਰ ਤੋਂ ਹੇਠਾਂ ਆ ਰਹੇ ਹੋ। ਉਸ ਸਮੇਂ ਤੁਹਾਡੇ ਢਿੱਡ ਵਿੱਚ ਇੱਕ ਗੰਢ ਜਿਹੀ ਮਹਿਸੂਸ ਹੁੰਦੀ ਹੈ, ਠੀਕ ਅਜਿਹਾ ਹੀ ਅਹਿਸਾਸ ਤੁਹਾਨੂੰ ਉਦੋਂ ਹੁੰਦਾ ਹੈ ਜਦੋਂ ਜਹਾਜ਼ ਅਚਾਨਕ ਹੇਠਾਂ ਉਤਰਨ ਲੱਗਦਾ ਹੈ ਬਲਕਿ ਉਸ ਤੋਂ ਕਈ ਗੁਣਾ ਜ਼ਿਆਦਾ।
ਅਜਿਹੀ ਸਥਿਤੀ ਵਿੱਚ ਯਾਤਰੀਆਂ ਨੂੰ ਚੱਕਰ ਆਉਣ ਲੱਗਦੇ ਹਨ। ਅਚਾਨਕ ਭਾਰਹੀਣਤਾ ਕਾਰਨ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹ ਹਵਾ ਵਿੱਚ ਤੈਰ ਰਹੇ ਹੋਣ।
ਜੇਕਰ ਜਹਾਜ਼ ਵਿੱਚ ਕੋਈ ਵੀ 'ਅਸੁਰੱਖਿਅਤ' ਚੀਜ਼ਾਂ ਹਨ ਜਿਵੇਂ ਸੀਟ ਬੈਲਟ ਸਹੀ ਢੰਗ ਨਾਲ ਨਹੀਂ ਬੰਨ੍ਹੀ ਹੋਈ, ਹੈਂਡਬੈਗ ਖੁੱਲ੍ਹੇ ਰੱਖੇ ਹੋਏ ਹਨ, ਉੱਪਰ ਸਟੋਰੇਜ ਠੀਕ ਤਰ੍ਹਾਂ ਬੰਦ ਨਹੀਂ ਹੈ ਤਾਂ ਚੀਜ਼ਾਂ ਇੱਧਰ-ਉੱਧਰ ਉਛਲ ਸਕਦੀਆਂ ਹਨ ਅਤੇ ਯਾਤਰੀਆਂ ਨੂੰ ਸੱਟ ਲੱਗ ਸਕਦੀ ਹੈ।
ਜਿਵੇਂ-ਜਿਵੇਂ ਜਹਾਜ਼ ਤੇਜ਼ੀ ਨਾਲ ਹੇਠਾਂ ਉਤਰਦਾ ਹੈ, ਉਸ ਦੇ ਅੰਦਰ ਹਵਾ ਦਾ ਦਬਾਅ ਅਚਾਨਕ ਬਦਲ ਜਾਂਦਾ ਹੈ, ਜਿਸ ਨਾਲ ਆਕਸੀਜਨ ਦੀ ਸਪਲਾਈ ਰੁਕ ਸਕਦੀ ਹੈ ਅਤੇ ਲੋਕਾਂ ਨੂੰ ਘੁਟਣ ਮਹਿਸੂਸ ਹੋ ਸਕਦੀ ਹੈ। ਉਨ੍ਹਾਂ ਨੂੰ ਚੱਕਰ ਆ ਸਕਦੇ ਹਨ ਜਾਂ ਉਹ ਡਰ ਮਹਿਸੂਸ ਕਰ ਸਕਦੇ ਹਨ।

ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਅਜਿਹੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਜਾਂਦੀ ਹੈ।
"ਪਰੇਸ਼ਾਨੀ ਤੋਂ ਬਚਾਅ ਅਤੇ ਉਸ ਵਿੱਚੋਂ ਉਭਰਨ ਦੀ ਸਿਖਲਾਈ (ਯੂਪੀਆਰਟੀ) ਦੌਰਾਨ ਅਜਿਹੀਆਂ ਘਟਨਾਵਾਂ ਦਾ ਅਭਿਆਸ ਕਰਵਾਇਆ ਜਾਂਦਾ ਹੈ। ਪਰ ਸਿਮੂਲੇਟਰ ਵਿੱਚ ਭਾਵੇਂ ਕਿੰਨੀ ਵੀ ਸਿਖਲਾਈ ਲੈ ਲਈ ਜਾਵੇ, ਕਿਸੇ ਸਮੇਂ ਵਿਅਕਤੀ ਉਲਝਣ ਵਿੱਚ ਜਾਂ ਪਰੇਸ਼ਾਨ ਹੋ ਸਕਦਾ ਹੈ। ਕਿਉਂਕਿ ਅਜਿਹੀਆਂ ਚੀਜ਼ਾਂ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਘੱਟ ਵਾਪਰਦੀਆਂ ਹਨ, ਇਸ ਲਈ ਤੁਸੀਂ ਇਸ ਦੇ ਆਦੀ ਨਹੀਂ ਹੁੰਦੇ।"
"ਜਦੋਂ ਹੋਰ ਘਟਨਾਵਾਂ ਵਿੱਚ ਜਹਾਜ਼ ਕਿਸੇ ਹੋਰ ਖ਼ਰਾਬੀ ਕਾਰਨ ਹਾਦਸਾਗ੍ਰਸਤ ਹੋਇਆ, ਉਦੋਂ ਵੀ ਪਾਇਲਟਾਂ ਨੂੰ ਜਹਾਜ਼ 'ਤੇ ਮੁੜ ਕੰਟਰੋਲ ਹਾਸਲ ਕਰਨ ਵਿੱਚ ਕਾਫ਼ੀ ਮੁਸ਼ਕਿਲ ਆਈ। ਮੇਰੇ ਵਿਚਾਰ ਵਿੱਚ, ਅਸਾਧਾਰਨ ਕਿਸਮਤ ਅਤੇ ਅਸਧਾਰਨ ਹੁਨਰ ਕਾਰਨ ਹੀ ਇਹ ਜਹਾਜ਼ ਬਚ ਗਿਆ।"
ਕੈਪਟਨ ਖੈਰਨਾਰ ਨੇ ਕਿਹਾ, "ਸਮਿਤ 'ਤੇ ਧਾਰਦਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ, ਪਰ ਉਹ ਮਾਨਸਿਕ ਤੌਰ 'ਤੇ ਸੁਚੇਤ ਸਨ। ਉਨ੍ਹਾਂ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ। ਅਸਲ ਵਿੱਚ ਕੀ ਹੋਇਆ, ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ। ਪਰ ਉਨ੍ਹਾਂ ਨੇ ਸਮੇਂ ਸਿਰ ਦਰਵਾਜ਼ਾ ਖੋਲ੍ਹਿਆ, ਤਾਂ ਜੋ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਕੁਝ ਕਰ ਸਕਣ। ਜੇਕਰ ਦੋਵੇਂ ਪਾਇਲਟ ਅੰਦਰ ਹੀ ਲੜਦੇ ਰਹਿੰਦੇ ਤਾਂ ਇਹ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਸੀ। ਪਰ ਪਾਇਲਟ ਸਮੇਤ ਸਾਰੇ ਲੋਕ ਸੁਰੱਖਿਅਤ ਉਤਰ ਗਏ।"
ਕਿਡਨੈਪਿੰਗ ਅਤੇ ਗੰਭੀਰ ਐਮਰਜੈਂਸੀ ਦੀ ਸਥਿਤੀ ਵਿੱਚ ਕੀ ਰਸਤੇ

ਤਸਵੀਰ ਸਰੋਤ, Getty Images
ਸਿਖਲਾਈ ਦਾ ਇੱਕ ਹਿੱਸਾ ਮੁੱਢਲੀ ਮੈਡੀਕਲ ਸਿਖਲਾਈ ਹੈ। ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਫਰਸਟ ਏਡ ਸਿਖਲਾਈ ਦਿੱਤੀ ਜਾਂਦੀ ਹੈ। ਜਹਾਜ਼ ਵਿੱਚ ਕੁਝ ਮੁੱਢਲੀ ਮੈਡੀਕਲ ਮਦਦ ਸਬੰਧੀ ਉਪਕਰਨ ਵੀ ਰੱਖੇ ਹੁੰਦੇ ਹਨ।"
ਜੇਕਰ ਕਿਸੇ ਨੇ ਤੁਹਾਨੂੰ ਚਾਕੂ ਮਾਰ ਦਿੱਤਾ ਹੈ ਤਾਂ ਇਹ ਮੁੱਢਲੇ ਇਲਾਜ ਤੋਂ ਕਿਤੇ ਵੱਧ ਗੰਭੀਰ ਸਥਿਤੀ ਹੈ। ਅਜਿਹੇ ਮਾਮਲਿਆਂ ਵਿੱਚ ਜਹਾਜ਼ ਵਿੱਚ ਮੌਜੂਦ ਯਾਤਰੀਆਂ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਕੋਈ ਡਾਕਟਰ ਜਾਂ ਮੈਡੀਕਲ ਮਾਹਰ ਮੌਜੂਦ ਹੈ। ਇਸ ਨੂੰ 'ਪੇਜਿੰਗ ਦਿ ਡਾਕਟਰ' ਦੀ ਪ੍ਰਕਿਰਿਆ ਕਹਿੰਦੇ ਹਨ। ਕਿਸਮਤ ਨਾਲ ਫਲਾਈਦੁਬਈ ਦੇ ਜਹਾਜ਼ ਵਿੱਚ ਇੱਕ ਡੈਂਟਿਸਟ ਮੌਜੂਦ ਸਨ ਜਿਨ੍ਹਾਂ ਨੂੰ ਇਸ ਖੇਤਰ ਵਿੱਚ ਕੁਝ ਸਿਖਲਾਈ ਮਿਲੀ ਹੋਈ ਸੀ।"
ਇਹ ਵੀ ਮਹੱਤਵਪੂਰਨ ਹੈ ਕਿ ਯਾਤਰੀ ਜ਼ਿਆਦਾ ਘਬਰਾਉਣ ਨਾ, ਸ਼ਾਂਤ ਰਹਿਣ ਅਤੇ ਜ਼ਿਆਦਾ ਰੌਲਾ ਨਾ ਪਾਉਣ।
"ਜੇਕਰ ਯਾਤਰੀ ਉੱਠ ਕੇ ਭੱਜਣ ਲੱਗਦੇ ਤਾਂ ਇਸ ਨਾਲ ਵੀ ਜਹਾਜ਼ ਦਾ ਸੰਤੁਲਨ ਵਿਗੜ ਸਕਦਾ ਸੀ। ਇਸ ਘਟਨਾ ਵਿੱਚ ਪਾਇਲਟ ਦੀ ਚੌਕਸੀ, ਕੈਬਿਨ ਕਰੂ ਅਤੇ ਯਾਤਰੀਆਂ ਦੀ ਤਤਪਰਤਾ ਨੇ ਹਾਦਸੇ ਨੂੰ ਟਾਲਣ ਵਿੱਚ ਮਦਦ ਕੀਤੀ।"
ਜਹਾਜ਼ ਵਿੱਚ ਕਿਸੇ ਤਰ੍ਹਾਂ ਦੀ ਐਮਰਜੈਂਸੀ ਆਉਣ 'ਤੇ ਕੁਝ ਖ਼ਾਸ ਐਮਰਜੈਂਸੀ ਕੋਡ ਹੁੰਦੇ ਹਨ। ਤੁਸੀਂ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨੂੰ ਇਸ ਦੀ ਜਾਣਕਾਰੀ ਦੇ ਸਕਦੇ ਹੋ।
ਉਦਾਹਰਨ ਵਜੋਂ ਕਿਡਨੈਪਿੰਗ ਦੀ ਸਥਿਤੀ ਵਿੱਚ 7500, ਸੰਚਾਰ ਪ੍ਰਣਾਲੀ ਵਿੱਚ ਖ਼ਰਾਬੀ ਹੋਣ ਉੱਤੇ 7600 ਅਤੇ ਕਿਸੇ ਗੰਭੀਰ ਐਮਰਜੈਂਸੀ ਸਥਿਤੀ ਵਿੱਚ 7700।
ਜੇ ਜਹਾਜ਼ ਕਿਸੇ ਕਾਰਨ ਅਚਾਨਕ ਹੇਠਾਂ ਵੱਲ ਡਿੱਗਣ ਲੱਗੇ, ਤਾਂ ਤੁਸੀਂ 7700 ਦੀ ਘੋਸ਼ਣਾ ਕਰ ਸਕਦੇ ਹੋ ਅਤੇ ਸਥਿਤੀ ਕਾਬੂ ਵਿੱਚ ਆਉਣ 'ਤੇ ਘੋਸ਼ਣਾ ਬੰਦ ਕਰ ਸਕਦੇ ਹੋ।
"ਫਲਾਈਦੁਬਈ ਦੇ ਜਹਾਜ਼ ਵਿੱਚ ਮਾਹਿਰ ਪਾਇਲਟ ਵੀ ਸਵਾਰ ਸਨ ਅਤੇ ਕੁਝ ਹੀ ਮਿੰਟਾਂ ਵਿੱਚ ਜਹਾਜ਼ ਨੂੰ ਉਤਾਰਨ ਦੀ ਸਹੂਲਤ ਮਿਲ ਜਾਣਾ ਵੀ ਇੱਕ ਹੋਰ ਖੁਸ਼ਕਿਸਮਤੀ ਦੀ ਗੱਲ ਸੀ। ਸੋਚੋ ਜੇ ਮੁੰਬਈ ਤੋਂ ਦੁਬਈ ਜਾਂਦੇ ਸਮੇਂ ਸਮੁੰਦਰ ਵਿੱਚ ਅਜਿਹੀ ਕੋਈ ਘਟਨਾ ਵਾਪਰ ਜਾਂਦੀ, ਤਾਂ ਉਨ੍ਹਾਂ ਨੂੰ ਇੱਕ ਘੰਟਾ ਹੋਰ ਸਮੁੰਦਰ ਦੇ ਉੱਪਰ ਉਡਾਣ ਭਰਨੀ ਪੈਂਦੀ। ਇਸ ਨਾਲ ਮੁਸ਼ਕਿਲਾਂ ਹੋਰ ਵਧ ਜਾਂਦੀਆਂ।"
ਕਾਕਪਿਟ ਦਾ ਦਰਵਾਜ਼ਾ ਕੌਣ ਖੋਲ੍ਹ ਸਕਦਾ ਹੈ?

ਤਸਵੀਰ ਸਰੋਤ, Getty Images
9/11 ਤੋਂ ਬਾਅਦ, ਹਵਾਈ ਜਹਾਜ਼ਾਂ ਦੇ ਕਾਕਪਿਟ ਦੇ ਦਰਵਾਜ਼ੇ ਇਸ ਤਰ੍ਹਾਂ ਬਣਾਏ ਗਏ ਕਿ ਉਨ੍ਹਾਂ ਨੂੰ ਬਾਹਰੋਂ ਆਸਾਨੀ ਨਾਲ ਖੋਲ੍ਹਿਆ ਨਾ ਜਾ ਸਕੇ। ਇੱਕ ਵਾਰ ਪਾਇਲਟ ਅੰਦਰ ਚਲੇ ਜਾਂਦੇ ਹਨ, ਤਾਂ ਉਹ ਕਾਕਪਿਟ ਨੂੰ ਲੌਕ ਕਰ ਸਕਦੇ ਹਨ। ਉਹ ਦਰਵਾਜ਼ਾ ਸਿਰਫ਼ ਅੰਦਰੋਂ ਹੀ ਖੋਲ੍ਹਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਜੇ ਤੁਸੀਂ ਉਸ 'ਤੇ ਗੋਲੀ ਵੀ ਚਲਾਓ, ਤਾਂ ਵੀ ਕੁਝ ਨਹੀਂ ਹੋਵੇਗਾ।
ਕੈਪਟਨ ਖੈਰਨਾਰ ਕਹਿੰਦੇ ਹਨ, "ਅਸੀਂ ਏਅਰ ਹੋਸਟੈਸ ਨੂੰ ਇੱਕ ਕੋਡਵਰਡ ਦਿੰਦੇ ਹਾਂ। ਜੇ ਉਹ ਦਰਵਾਜ਼ਾ ਖੋਲ੍ਹਣ ਲਈ ਕਹਿੰਦੀ ਹੈ, ਤਾਂ ਉਸ ਕੋਡ ਦਾ ਇਸਤੇਮਾਲ ਕੀਤਾ ਜਾਂਦਾ ਹੈ। ਨਾਲ ਹੀ, ਕੈਮਰੇ ਦੇ ਜ਼ਰੀਏ ਅਸੀਂ ਦੇਖ ਸਕਦੇ ਹਾਂ ਕਿ ਦਰਵਾਜ਼ੇ ਦੇ ਨੇੜੇ ਕੌਣ ਹੈ, ਕਾਕਪਿਟ ਤੱਕ ਦਾ ਰਸਤਾ ਸੁਰੱਖਿਅਤ ਹੈ ਜਾਂ ਨਹੀਂ ਅਤੇ ਕੀ ਉਹ ਏਰੀਆ ਯਾਤਰੀਆਂ ਲਈ ਬੰਦ ਹੈ। ਤਾਂ ਹੀ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।"
ਦੋਵੇਂ ਪਾਇਲਟ ਕਦੇ ਵੀ ਇੱਕੋ ਤਰ੍ਹਾਂ ਦਾ ਖਾਣਾ ਨਹੀਂ ਖਾਂਦੇ, ਕਿਉਂਕਿ ਜੇ ਇੱਕ ਨੂੰ ਫੂਡ ਪੁਆਇਜ਼ਨਿੰਗ ਹੋ ਜਾਂਦੀ ਹੈ, ਤਾਂ ਦੂਜਾ ਸੁਰੱਖਿਅਤ ਰਹੇਗਾ।
ਜੇ ਕੋਈ ਪਾਇਲਟ ਟਾਇਲਟ ਜਾਣ ਲਈ ਕਾਕਪਿਟ ਛੱਡਦਾ ਹੈ, ਤਾਂ ਉਸ ਦੇ ਵਾਪਸ ਆਉਣ ਤੱਕ ਇੱਕ ਸਿਖਲਾਈ ਪ੍ਰਾਪਤ ਕੈਬਿਨ ਕਰੂ ਮੈਂਬਰ ਕਾਕਪਿਟ ਵਿੱਚ ਹੀ ਰਹਿੰਦਾ ਹੈ।
"ਮੰਨ ਲਓ ਕਿਸੇ ਕਾਰਨ ਦੋਵੇਂ ਪਾਇਲਟ ਬੇਹੋਸ਼ ਹੋ ਜਾਂਦੇ ਹਨ ਜਾਂ ਕੰਮ ਕਰਨ ਦੇ ਅਸਮਰੱਥ ਹੋ ਜਾਂਦੇ ਹਨ, ਤਾਂ ਕੈਬਿਨ ਕਰੂ ਕੋਲ ਇੱਕ ਸੁਰੱਖਿਆ ਕੋਡ ਹੁੰਦਾ ਹੈ ਜੋ 45 ਸਕਿੰਟਾਂ ਬਾਅਦ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ। ਜੇ ਕੋਈ ਇਸ ਕੋਡ ਦੀ ਵਰਤੋਂ ਕਰਕੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਪਾਇਲਟ ਅੰਦਰੋਂ ਦਰਵਾਜ਼ਾ ਬੰਦ ਕਰ ਸਕਦਾ ਹੈ। ਪਰ ਜੇ ਪਾਇਲਟ ਕੋਈ ਪ੍ਰਤੀਕਿਰਿਆ ਨਹੀਂ ਦਿੰਦਾ, ਤਾਂ 45 ਸਕਿੰਟਾਂ ਬਾਅਦ ਦਰਵਾਜ਼ਾ ਆਪਣੇ ਆਪ ਖੁੱਲ੍ਹ ਜਾਂਦਾ ਹੈ ਅਤੇ ਕਰੂ ਅੰਦਰ ਦਾਖ਼ਲ ਹੋ ਸਕਦਾ ਹੈ।"
ਇਹ ਸਾਰੀਆਂ ਸਹੂਲਤਾਂ ਪਿਛਲੀਆਂ ਘਟਨਾਵਾਂ ਤੋਂ ਬਾਅਦ ਬਣਾਈਆਂ ਗਈਆਂ ਹਨ। ਸਥਿਤੀ ਬਦਲਣ ਦੇ ਨਾਲ-ਨਾਲ ਇਨ੍ਹਾਂ ਵਿੱਚ ਵੀ ਬਦਲਾਅ ਹੁੰਦਾ ਰਹਿੰਦਾ ਹੈ।
ਹੁਣ ਇੱਕ ਨਵਾਂ ਮੁੱਦਾ ਸਾਹਮਣੇ ਆਇਆ ਹੈ- ਹਮਲਾਵਰ ਪਾਇਲਟ ਨੂੰ ਧਾਰਦਾਰ ਹਥਿਆਰ ਕਿੱਥੋਂ ਮਿਲਿਆ?
ਕੈਪਟਨ ਖੈਰਨਾਰ ਕਹਿੰਦੇ ਹਨ, "ਕੁਝ ਏਅਰਲਾਈਨਜ਼ ਕਾਕਪਿਟ ਵਿੱਚ ਚਾਕੂ ਵਰਗੀਆਂ ਵਸਤੂਆਂ, ਕੱਚ ਤੋੜਨ ਅਤੇ ਬਾਹਰ ਨਿਕਲਣ ਲਈ ਇਸਤੇਮਾਲ ਹੋਣ ਵਾਲੇ ਹਥੌੜੇ ਆਦਿ ਰੱਖਦੀਆਂ ਹਨ। ਇਸ ਸਬੰਧ ਵਿੱਚ ਹਰ ਦੇਸ਼ ਦੀਆਂ ਵੱਖ-ਵੱਖ ਨੀਤੀਆਂ ਹਨ। ਹੁਣ ਇਸ 'ਤੇ ਵੀ ਵਿਚਾਰ ਕਰਨਾ ਪਵੇਗਾ।"
"ਇੱਕ ਗੱਲ ਤਾਂ ਤੈਅ ਹੈ। ਜਦੋਂ ਕੋਈ ਹਾਦਸਾ ਹੁੰਦਾ ਹੈ, ਤਾਂ ਪਾਇਲਟ ਨੂੰ ਦੋਸ਼ ਦੇਣਾ ਆਸਾਨ ਹੁੰਦਾ ਹੈ। ਜੇ ਜਹਾਜ਼ ਇੱਥੇ ਵੀ ਹਾਦਸਾਗ੍ਰਸਤ ਹੋ ਜਾਂਦਾ, ਤਾਂ ਕੋਈ ਵੀ ਕੈਪਟਨ ਸਮਿਤ ਦੀ ਇੰਨੀ ਪ੍ਰਸ਼ੰਸਾ ਨਾ ਕਰਦਾ।''
''ਪੈ ਅਜਿਹੇ ਵੀ ਉਦਾਹਰਣ ਸਾਹਮਣੇ ਆਏ ਹਨ ਜਿੱਥੇ ਪਾਇਲਟਾਂ ਨੇ ਅਸਾਧਾਰਣ ਹੌਂਸਲਾ ਦਿਖਾਇਆ ਹੈ। ਸਮਿਤ ਨੇ ਦਰਵਾਜ਼ਿਆਂ ਖੋਲ੍ਹ ਦਿੱਤਾ ਅਤੇ ਜਹਾਜ਼ 'ਚ ਸਵਾਰ ਹਰੇਕ ਵਿਅਕਤੀ ਨੂੰ ਆਪਣੀ ਜਾਨ ਬਚਾਉਣ ਦਾ ਮੌਕਾ ਮਿਲਿਆ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























